ਤ੍ਰਿਪਿਟਕ
ਇਹ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਤ੍ਰਿਪਿਟਕ, ਬੁੱਧ ਧਰਮ ਦੇ ਤਿੰਨ ਪ੍ਰਮੁੱਖ ਗ੍ਰੰਥ ਹਨ।[1] ਇਨ੍ਹਾਂ ਵਿਚਾਰਧਾਰਾਵਾਂ ਵਿੱਚ ਹੀ ਸ਼ਾਮਿਲ ਹੈ ਏਸ਼ੀਆ ਦਾ ਚਾਨਣ ਕਰ ਕੇ ਜਾਣੇ ਜਾਂਦੇ ਮਹਾਤਮਾ ਬੁੱਧ ਦੀ ਵਿਚਾਰਧਾਰਾ। ਇਹ ਵਿਚਾਰਧਾਰਾ ਬੁੱਧ ਮਤ ਦੇ ਨਾਮ ਨਾਲ ਪਿਛਲੇ 2500 ਸਾਲ ਤੋਂ ਪ੍ਰਚਲਿਤ ਚਲੀ ਆ ਰਹੀ ਹੈ ਜੋ ਵੱਖ-ਵੱਖ ਬੋਧੀ ਗ੍ਰੰਥਾਂ ਵਿੱਚ ਪੜ੍ਹਨ ਨੂੰ ਮਿਲਦੀ। ਇਸ ਵਿੱਚ ਹੇਠ ਲਿਖੇ ਤਿੰਨ ਬੋਧੀ ਗ੍ਰੰਥ ਸ਼ਾਮਿਲ ਕੀਤੇ ਗਏ ਹਨ
- ਸੁਤ ਪਿਟਕ, ਇਹ ਬੁੱਧ ਧਰਮ ਦਾ ਪਲੇਠਾ ਗ੍ਰੰਥ ਹੈ। ਪਲੇਠਾ ਹੋਣ ਕਰ ਕੇ ਬੋਧੀ ਭਾਈਚਾਰੇ ਵਿੱਚ ਇਸ ਗ੍ਰੰਥ ਦਾ ਬੜਾ ਅਹਿਮ ਸਥਾਨ ਹੈ। ਪਾਲੀ ਭਾਸ਼ਾ ਵਿੱਚ ਲਿਖਿਆ ਗਿਆ ਸੁਤ ਪਿਟਕ ਗ੍ਰੰਥ ਭਿਖਸ਼ੂਆਂ ਦੇ ਰੋਜ਼ਾਨਾ ਜੀਵਨ ਅਤੇ ਸੰਘ ਦੀ ਮਾਣ-ਮਰਯਾਦਾ ਦੀ ਵਿਆਖਿਆ ਕਰਦਾ ਹੈ। ਇਸ ਗ੍ਰੰਥ ਨੂੰ ਪੰਜ ਨਿਕਾਯਾਂ ਹੇਠ ਲਿਖੇ ਹਨ।
- ਦਿਘ ਨਿਕਾਯ
- ਮੱਝਿਮ ਨਿਕਾਯ
- ਸੰਯੁਤ ਨਿਕਾਯ
- ਅੰਗੁਤਰ ਨਿਕਾਯ
- ਖੁੱਦਕ ਨਿਕਾਯ, ਇਸ ਵਿੱਚ ਸਵਾ ਦਰਜਨ ਦੇ ਕਰੀਬ ਕਿਤਾਬਾਂ ਸ਼ਾਮਲ ਹਨ ਜਿਹਨਾਂ ਵਿੱਚ ਬੇਰ ਗਾਥਾ,ਧਮਪਦ ਅਤੇ ਜਾਤਕ ਕਹਾਣੀਆਂ ਵਾਲੀਆਂ ਚਰਚਿਤ ਕਿਤਾਬਾਂ ਵੀ ਹਨ।
- ਬੋਧੀ ਗੀਤਾ ਕਰ ਕੇ ਜਾਣੀ ਜਾਂਦੀ ਧਮਪਦ ਬੁੱਧ ਧਰਮ ਦੀ ਇੱਕ ਅਜਿਹੀ ਮਹੱਤਵਪੂਰਨ ਅਤੇ ਪਵਿੱਤਰ ਪੁਸਤਕ ਹੈ ਜਿਸ ਵਿੱਚ ਬੋਧੀਆਂ ਲਈ ਧਾਰਮਿਕ ਤੇ ਸਦਾਚਾਰਕ ਨਿਯਮਾਂ ਦਾ ਵਿਖਿਆਨ ਕੀਤਾ ਗਿਆ ਹੈ। ਇਸ ਪੁਸਤਕ ਦੇ 26 ਅਧਿਆਏ ਹਨ ਜਿਹਨਾਂ ਵਿੱਚ 423 ਗਥਾਵਾਂ ਦਰਜ ਕੀਤੀਆਂ ਗਈਆਂ ਹਨ।
- ਬੇਰ ਗਾਥਾ ਵਿੱਚ ਭਿਖਸ਼ੂਆਂ ਦੇ ਰੂਹਾਨੀ ਜੀਵਨ ਦੀਆਂ ਕਥਾਵਾਂ ਅੰਕਿਤ ਕੀਤੀਆਂ ਗਈਆਂ ਹਨ, ਜਿਹਨਾਂ ਦੀ ਸਿਰਜਣਾ ਬੁੱਧ ਦੇ ਸ਼ਗਿਰਦਾਂ ਦੁਆਰਾ ਕੀਤੀ ਮੰਨੀ ਜਾਂਦੀ ਹੈ।
- ਜਾਤਕ ਬੁੱਧ ਧਰਮ ਦੇ ਪੂਰਵ ਜਨਮ ਨਾਲ ਸਬੰਧਤ ਕਹਾਣੀਆਂ ਦਾ ਸੰਗ੍ਰਹਿ ਹੈ। ਇਸ ਵਿੱਚ ਕੁੱਲ 547 ਕਥਾਵਾਂ ਹਨ ਜਿਹਨਾਂ ਵਿੱਚ ਚੰਗੇ ਗੁਣਾਂ ਨੂੰ ਸਲਾਹਿਆ ਗਿਆ ਹੈ।
- ਵਿਨੈ ਪਿਟਕ, ਇਹ ਬੁੱਧ ਧਰਮ ਦੀ ਵਿਚਾਰਧਾਰਾ ਦਾ ਦੂਸਰਾ ਵੱਡਾ ਗ੍ਰੰਥ ਹੈ ਜਿਸ ਵਿੱਚ ਪਹਿਲੀਆਂ ਦੋ ਸੰਗੀਤੀਆਂ (ਮਹਾਂਸਭਾਵਾਂ) ਬਾਰੇ ਇਤਿਹਾਸਕ ਵਾਕਫੀਅਤ ਹਾਸਲ ਹੋਣ ਦੇ ਨਾਲ-ਨਾਲ ਸੰਘ ਦੇ ਨਿਯਮਾਂ ਦੀ ਵੀ ਭਰਪੂਰ ਜਾਣਕਾਰੀ ਮਿਲਦੀ ਹੈ। ਪਾਲੀ ਭਾਸ਼ਾ ਵਿੱਚ ਲਿਖੇ ਗਏ ਇਸ ਗ੍ਰੰਥ ਵਿੱਚ ਨਿਯਮਾਂ ਦੀ ਵਿਆਖਿਆ ਦਾ ਆਧਾਰ ਮਹਾਤਮਾ ਬੁੱਧ ਦੇ ਉਪਦੇਸ਼ਾਂ ਅਤੇ ਆਦਰਸ਼ਾਂ ਨੂੰ ਬਣਾਇਆ ਗਿਆ ਹੈ। ਇਸ ਗ੍ਰੰਥ ਵਿੱਚ ਚਾਰ ਪੁਸਤਕਾਂ ਸ਼ਾਮਿਲ ਹਨ। ਜੋ ਕਿ ਹੇਠ ਲਿਖੇ ਅਨੁਸਾਰ ਹਨ।
- ਪਾਤੀਮੋਖ, ਇਸ ਪੁਸਤਕ ਨੂੰ ਵਿਨੈ ਪਿਟਕ ਦਾ ਸਾਰ ਮੰਨਿਆ ਜਾਂਦਾ ਹੈ। ਇਸ ਵਿੱਚ ਅਜਿਹੇ ਪਵਿੱਤਰ ਬਚਨ ਅਤੇ ਸਦਾਚਾਰਕ ਨਿਯਮ ਹਨ ਜੋ ਸਾਧਕ ਦੀ ਮੁਕਤੀ ਦਾ ਸਬੱਬ ਬਣ ਸਕਦੇ ਹਨ। ਇਸ ਪੁਸਤਕ ਦੇ ਦੋ ਭਾਗ ਕੀਤੇ ਗਏ ਹਨ ਜਿਹਨਾਂ ਨੂੰ ਭਿਖਸ਼ੂ ਵਿਭੰਗ ਅਤੇ ਭਿਖਸ਼ੁਣੀ ਵਿਭੰਗ ਦਾ ਨਾਮ ਦਿੱਤਾ ਗਿਆ ਹੈ। ਇਨ੍ਹਾਂ ਭਾਗਾਂ ਵਿੱਚ ਭਿਖਸ਼ੂਆਂ ਦੇ ਪਹਿਰਾਵੇ, ਦਵਾਈਆਂ ਅਤੇ ਸਦਾਚਾਰਕ ਨਿਯਮ ਦਰਜ ਕੀਤੇ ਗਏ ਹਨ।
- ਮਹਾਵਗ, ਇਸ ਕਿਤਾਬ ਦੇ ਦਸ ਸਕੰਧ ਹਨ ਜਿਹਨਾਂ ਵਿੱਚ ਭਿਖਸ਼ੂਆਂ ਦੁਆਰਾ ਅਪਨਾਈ ਜਾਣ ਵਾਲੀ ਨਿੱਤ-ਮਰ੍ਹਾ ਦੀ ਜੀਵਨ-ਜਾਚ ਬਾਬਤ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ ਹੈ। ਬਰਸਾਤ ਦੇ ਮੌਸਮ ਦੌਰਾਨ ਉਹਨਾਂ ਨੇ ਕਿਸ ਤਰ੍ਹਾਂ ਰਹਿਣਾ ਹੈ,ਕਿਹੜੀਆਂ ਦਵਾਈਆਂ ਦੀ ਵਰਤੋਂ ਕਰਨੀ ਹੈ ਅਤੇ ਕਿਧਰੇ ਆਉਣ-ਜਾਣ ਸਮੇਂ ਕਿਸ ਤਰ੍ਹਾਂ ਦਾ ਪਹਿਰਾਵਾ ਪਹਿਨਣਾ ਹੈ।
- ਚੁਲਵਗ, ਇਹ ਪੁਸਤਕ ਵੀ ਵਿਨੈ ਪਿਟਕ ਦਾ ਹੀ ਭਾਗ ਹੈ ਜਿਸ ਦੇ 12 ਸਕੰਧ ਹਨ। ਇਸ ਪੁਸਤਕ ਵਿੱਚ ਮਹਾਤਮਾ ਬੁੱਧ ਦੇ ਔਰਤਾਂ ਨੂੰ ਸੰਘ ਵਿੱਚ ਸ਼ਾਮਲ ਕਰਨ ਦੇ ਫੈਸਲੇ ਦੀ ਪ੍ਰੋੜਤਾ ਕੀਤੀ ਗਈ ਹੈ।
- ਅਭਿਧਮ ਪਿਟਕ, ਪਾਲੀ ਭਾਸ਼ਾ ਵਿੱਚ ‘ਅਭਿਧਮ’ ਦਾ ਅਰਥ ਅਭਿਧਰਮ ਬਣਦਾ ਹੈ ਜਿਸ ਤੋਂ ਭਾਵ ਹੈ ਉੱਚ ਪਾਏ ਦੀਆਂ ਸਿੱਖਿਆਵਾਂ। ਇਨ੍ਹਾਂ ਸਿੱਖਿਆਵਾਂ ਲਈ ਇਸ ਗ੍ਰੰਥ ਵਿੱਚ ਸੱਤ ਪੁਸਤਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਹਨਾਂ ਦੇ ਨਾਮ ਹਨ-
- ਧਮਸੰਗਨੀ, ਇਸ ਪੁਸਤਕ ਦਾ ਸਬੰਧ ਮਨੋਵਿਗਿਆਨਕ ਵਿਸ਼ੇ ਨਾਲ ਹੈ ਜਿਸ ਵਿੱਚ ਹਰੇਕ ਪਦਾਰਥ ਨੂੰ ਉਸ ਦੇ ਸੁਭਾਅ ਮੁਤਾਬਕ ਸਮਝਣ ਦਾ ਯਤਨ ਕੀਤਾ ਗਿਆ ਹੈ। ਇਸ ਵਿੱਚ ਮਨ ਦੀਆਂ ਅਵਸਥਾਵਾਂ ਬਾਰੇ ਬੜੀ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ।
- ਵਿਭੰਗ
- ਧਾਤੂਕਥਾ
- ਪੁਗਲ-ਪਣਤਿ
- ਕਥਾਵਥੂ, ਬੁੱਧ ਦੀ ਵਿਚਾਰਧਾਰਾ ਨੂੰ ਵਿਵਸਥਿਤ ਰੂਪ ਦੇਣ ਲਈ ਚਾਰ ਮਹਾਂਸਭਾਵਾਂ ਦਾ ਜ਼ਿਕਰ ਆਉਂਦਾ ਹੈ। ਤੀਜੀ ਮਹਾਂਸਭਾ ਵਿੱਚ ਜੋ ਵਿਚਾਰ ਹੋਈ ਉਸ ਨੂੰ ਕਥਾਵਥੂ ਪੁਸਤਕ ਦੇ ਪੰਨਿਆਂ ਦਾ ਸ਼ਿੰਗਾਰ ਬਣਾਇਆ ਗਿਆ ਹੈ। ਇਸ ਪੁਸਤਕ ਦੇ 22 ਚੈਪਟਰ ਹਨ ਜਿਹੜੇ ਬੁੱਧ ਧਰਮ ਦੀ ਵਿਚਾਰਧਾਰਾ ਤੋਂ ਭਲੀ-ਭਾਂਤ ਜਾਣੂ ਕਰਵਾਉਂਦੇ ਹਨ। ਇਨ੍ਹਾਂ ਦੋ ਪੁਸਤਕਾਂ ਤੋਂ ਇਲਾਵਾ ਇਸ ਗ੍ਰੰਥ ਵਿਚਲੀਆਂ ਬਾਕੀ ਦੀਆਂ ਪੰਜ ਪੁਸਤਕਾਂ ਵੀ ਬੁੱਧ ਧਰਮ ਦੇ ਬੇਸ਼ਕੀਮਤੀ ਵਿਚਾਰਾਂ ਦੀ ਹੀ ਪ੍ਰਤੀਨਿਧਤਾ ਕਰਦੀਆਂ ਆ ਰਹੀਆਂ ਹਨ।
- ਯਮਕ
- ਪਠਾਨ।
ਹੋਰ ਦੇਖੋ
ਸੋਧੋਹਵਾਲੇ
ਸੋਧੋ- ↑ "Buddhist Books and Texts: Canon and Canonization." Lewis Lancaster, Encyclopedia of Religion, 2nd edition, pg 1252