ਦਰੀਆਂ ਬੁਣਨ ਵਾਲਾ ਅੱਡਾ

ਥੋੜ੍ਹੇ ਸਮੇਂ ਲਈ ਕੰਮ ਕਰਨ ਲਈ ਲੱਕੜ ਦੇ ਆਰਜ਼ੀ ਬਣਾਏ ਜਿਸ ਫਰੇਮ 'ਤੇ ਦਰੀ ਬੁਣੀ ਜਾਂਦੀ ਸੀ (ਪਹਿਲੇ ਸਮਿਆਂ ਵਿਚ) ਉਸ ਨੂੰ ਦਰੀਆਂ ਬੁਣਨ ਵਾਲਾ ਅੱਡਾ ਕਹਿੰਦੇ ਹਨ। ਇਹ ਅੱਡਾ ਆਮ ਤੌਰ 'ਤੇ ਘਰ ਦੇ ਖੁੱਲ੍ਹੇ ਦਲਾਨ, ਵਰਾਂਡੇ ਵਿਚ ਬਣਾਇਆ ਜਾਂਦਾ ਸੀ ਤਾਂ ਜੋ ਦਰੀਆਂ ਬੁਣਨ ਵਾਲੀਆਂ ਇਸਤਰੀਆਂ ਨੂੰ ਹਵਾ ਲੱਗਦੀ ਰਹੇ ਕਿਉ ਜੋ ਦਰੀਆਂ ਆਮ ਤੌਰ 'ਤੇ ਗਰਮੀ ਦੇ ਮੌਸਮ ਵਿਚ ਬਣਾਈਆਂ ਜਾਂਦੀਆਂ ਸਨ। ਪਹਿਲੇ ਸਮਿਆਂ ਵਿਚ ਬਿਜਲੀ ਨਹੀਂ ਹੁੰਦੀ ਸੀ। ਹਵਾ ਹੱਥ ਨਾਲ ਚਲਾਉਣ ਵਾਲਿਆਂ ਪੱਖਿਆਂ ਤੋਂ ਹੀ ਲਈ ਜਾਂਦੀ ਸੀ।

ਅੱਡਾ ਬਣਾਉਣ ਲਈ ਧਰਤੀ ਵਿਚ ਦੋ ਲੱਕੜ ਦੇ ਕੀਲੇ ਆਪਸ ਵਿਚ ਛੇ ਕੁ ਫੁੱਟ ਦੀ ਦੂਰੀ 'ਤੇ ਗੱਡੇ ਜਾਂਦੇ ਸਨ। ਦੋ ਕੀਲੇ ਇਨ੍ਹਾਂ ਕੀਲਿਆਂ ਦੇ ਸਾਹਮਣੇ ਨੌ ਕੁ ਫੁੱਟ ਦੀ ਦੂਰੀ 'ਤੇ ਗੱਡੇ ਜਾਂਦੇ ਸਨ। ਛੇ ਫੁੱਟ ਦੀ ਦੂਰੀ ’ਤੇ ਗੱਡੇ ਕੀਲਿਆਂ ਨਾਲ ਦੋ ਲੱਕੜਾਂ ਰੱਸੀਆਂ ਨਾਲ ਬੰਨ੍ਹੀਆਂ ਜਾਂਦੀਆਂ ਸਨ। ਇਨ੍ਹਾਂ ਲੱਕੜਾਂ ਉਪਰ ਪੁਰਾਣਾ ਕੱਪੜਾ ਵਲ੍ਹੇਟਿਆ ਜਾਂਦਾ ਸੀ। ਕੱਪੜਾ ਇਸ ਕਰਕੇ ਵਲ੍ਹੇਟਦੇ ਹਨ ਤਾਂ ਜੋ ਤਾਣੇ ਦੇ ਧਾਗੇ ਘਸ ਘਸ ਕੇ ਨਾ ਟੁੱਟਣ। ਬਸ, ਇਹ ਹੀ ਦਰੀਆਂ ਬੁਣਨ ਦਾ ਅੱਡਾ ਹੁੰਦਾ ਸੀ। ਇਸ ਉਪਰ ਹੀ ਦਰੀ ਦਾ ਤਾਣਾ ਤਣ ਕੇ ਦਰੀ ਬੁਣੀ ਜਾਂਦੀ ਸੀ।

ਫੇਰ ਧਰਤੀ ਵਿਚ ਕੀਲੇ ਗੱਡ ਕੇ ਬਣਾਏ ਜਾਂਦੇ ਅੱਡੇ ਦੀ ਥਾਂ ਲੱਕੜ ਦੇ ਚੱਕਮੇ ਅੱਡੇ ਬਣਾਏ ਜਾਣ ਲੱਗੇ। ਚੱਕਮੇ ਅੱਡੇ ਇਕ ਕਿਸਮ ਦੇ ਮੰਜੇ ਦੇ ਬੜੇ ਫਰੇਮ ਹੀ ਹੁੰਦੇ ਸਨ। ਇਨ੍ਹਾਂ ਦੀ ਲੰਬਾਈ ਚੌੜਾਈ ਮੰਜੇ ਨਾਲੋਂ ਜ਼ਿਆਦਾ ਹੁੰਦੀ ਸੀ। ਹੁਣ ਤਾਂ ਚਕਮੇ ਅੱਡੇ ਲੋਹੇ ਦੀਆਂ ਪਾਈਪਾਂ ਦੇ ਬਣਨ ਲੱਗ ਪਏ ਹਨ। ਪਰ ਹੁਣ ਦਰੀਆਂ ਬੁਣਨ ਦਾ ਰਿਵਾਜ ਦਿਨੋਂ ਦਿਨ ਘੱਟ ਰਿਹਾ ਹੈ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.