ਦਿ ਰਿਲਕਟੈਂਟ ਫੰਡਾਮੈਂਟਲਿਸਟ
ਦਿ ਰਿਲਕਟੈਂਟ ਫੰਡਾਮੈਂਟਲਿਸਟ (The Reluctant Fundamentalist) ਪਾਕਿਸਤਾਨੀ ਲੇਖਕ ਮੋਹਸਿਨ ਹਾਮਿਦ ਦਾ ਇੱਕ "ਮੈਟਾਫਿਕਸ਼ਨਲ" [1] ਨਾਵਲ ਹੈ, ਜੋ 2007 ਵਿੱਚ ਪ੍ਰਕਾਸ਼ਿਤ ਹੋਇਆ ਸੀ।
ਨਾਵਲ ਵਿੱਚ ਫਰੇਮ ਕਹਾਣੀ ਦੀ ਤਕਨੀਕ ਦੀ ਵਰਤੋਂ ਕੀਤੀ ਗਈ ਹੈ, ਜੋ ਇੱਕ ਲਾਹੌਰ ਕੈਫੇ ਵਿੱਚ ਇੱਕ ਦਿਨ ਸ਼ਾਮ ਵੇਲ਼ੇ ਵਾਪਰਦੀ ਹੈ, ਜਿੱਥੇ ਇੱਕ ਦਾੜ੍ਹੀ ਵਾਲਾ ਪਾਕਿਸਤਾਨੀ ਆਦਮੀ ਜਿਸਨੂੰ ਚੰਗੇਜ਼ ਕਿਹਾ ਜਾਂਦਾ ਹੈ, ਇੱਕ ਅਮਰੀਕੀ ਅਜਨਬੀ ਨੂੰ ਇੱਕ ਅਮਰੀਕੀ ਔਰਤ ਨਾਲ ਆਪਣੇ ਪ੍ਰੇਮ ਸੰਬੰਧਾਂ ਬਾਰੇ ਅਤੇ ਅੰਤ ਅਮਰੀਕਾ ਤਿਆਗ ਦੇਣ ਬਾਰੇ ਦੱਸਦਾ ਹੈ। ਨਾਵਲ ਦੇ ਅਧਾਰ ਤੇ ਲਿਖੀ ਗਈ ਇੱਕ ਛੋਟੀ ਕਹਾਣੀ, ਜਿਸਨੂੰ "ਫੋਕਸ ਆਨ ਦਾ ਫੰਡਾਮੈਂਟਲ" ਕਿਹਾ ਜਾਂਦਾ ਹੈ, 2006 ਦੇ ਪੈਰਿਸ ਰਿਵਿਊ ਦੇ ਪਤਝੜ ਦੇ ਅੰਕ ਵਿੱਚ ਛਪੀ ਸੀ। ਨਿਰਦੇਸ਼ਕ ਮੀਰਾ ਨਾਇਰ ਦਾ ਸਿਰਜਿਆ ਨਾਵਲ ਦਾ ਇੱਕ ਫਿਲਮ ਰੂਪਾਂਤਰ 2012 ਵੇਨਿਸ ਫਿਲਮ ਫੈਸਟੀਵਲ ਵਿੱਚ ਪ੍ਰੀਮੀਅਰ ਕੀਤਾ ਗਿਆ ਸੀ। [2]
ਸਾਰਾਂਸ਼
ਸੋਧੋਕਹਾਣੀ ਲਾਹੌਰ ਦੀਆਂ ਗਲੀਆਂ ਤੋਂ ਸ਼ੁਰੂ ਹੁੰਦੀ ਹੈ। ਇੱਕ ਪਾਕਿਸਤਾਨੀ ਵਿਅਕਤੀ, ਚੰਗੇਜ਼, ਇੱਕ ਅਮਰੀਕੀ ਮਹਿਮਾਨ ਨੂੰ ਦੱਸਦਾ ਹੈ ਕਿ ਉਸਨੂੰ ਚਾਹ ਦਾ ਚੰਗਾ ਕੱਪ ਕਿੱਥੇ ਮਿਲ ਸਕਦਾ ਹੈ। ਜਦੋਂ ਉਹ ਆਪਣੀ ਚਾਹ ਦਾ ਇੰਤਜ਼ਾਰ ਕਰਦੇ ਹਨ, ਚੰਗੇਜ਼ ਆਪਣੀ ਜ਼ਿੰਦਗੀ, ਖਾਸ ਤੌਰ 'ਤੇ ਸੰਯੁਕਤ ਰਾਜ ਵਿੱਚ ਰਹਿਣ ਦੇ ਵੇਲ਼ੇ ਦੀ ਇੱਕ ਲੰਮੀ ਕਹਾਣੀ ਦੱਸਣੀ ਸ਼ੁਰੂ ਕਰਦਾ ਹੈ - ਵਿੱਚ ਵਿੱਚ ਲਾਹੌਰ ਦੇ ਇਤਿਹਾਸ, ਸਥਾਨਾਂ ਅਤੇ ਸਮਾਜ ਬਾਰੇ ਟਿੱਪਣੀਆਂ ਕਰਦਾ ਜਾਂਦਾ ਹੈ, ਆਪਣੇ ਜੱਦੀ ਸ਼ਹਿਰ ਨੂੰ ਉਹ ਪਿਆਰ ਕਰਦਾ ਹੈ ਅਤੇ ਜਿਸ ਤੇ ਉਸਨੂੰ ਮਾਣ ਹੈ। ਬੇਨਾਮ ਅਮਰੀਕੀ ਬੇਚੈਨ ਹੈ ਪਰ ਸੁਣਦਾ ਰਹਿੰਦਾ ਹੈ.
ਚੰਗੇਜ਼ ਅਮਰੀਕੀ ਨੂੰ ਦੱਸਦਾ ਹੈ ਕਿ ਉਹ ਇੱਕ ਸ਼ਾਨਦਾਰ ਵਿਦਿਆਰਥੀ ਸੀ ਅਤੇ ਉਹ ਫਿਨਾਂਸ ਵਿੱਚ ਆਪਣੀ ਬੈਚਲਰ ਡਿਗਰੀ ਪੂਰੀ ਕਰਨ ਤੋਂ ਬਾਅਦ, ਅੰਡਰਵੁੱਡ ਸੈਮਸਨ ਨਾਮ ਦੀ ਇੱਕ ਸਲਾਹਕਾਰ ਫਰਮ ਵਿੱਚ ਇੱਕ ਵਿਸ਼ਲੇਸ਼ਕ ਵਜੋਂ ਸ਼ਾਮਲ ਹੋ ਗਿਆ। ਪ੍ਰਿੰਸਟਨ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ, ਉਸਨੇ ਆਪਣੇ ਸਾਥੀ ਪ੍ਰਿੰਸਟੋਨੀਅਨਾਂ ਨਾਲ ਗ੍ਰੀਸ ਵਿੱਚ ਛੁੱਟੀਆਂ ਮਨਾਈਆਂ, ਜਿੱਥੇ ਉਸਦੀ ਮੁਲਾਕਾਤ ਏਰਿਕਾ, ਨਾਮ ਦੀ ਇੱਕ ਅਭਿਲਾਸ਼ੀ ਲੇਖਕ ਨਾਲ ਹੋਈ। ਉਹ ਤੁਰੰਤ ਉਸਤੇ ਮੋਹਿਤ ਹੋ ਗਿਆ, ਪਰ ਉਸਦੀਆਂ ਭਾਵਨਾਵਾਂ ਲਗਭਗ ਇੱਕਪਾਸੜ ਹੀ ਰਹੀਆਂ ਕਿਉਂਕਿ ਉਹ ਅਜੇ ਵੀ ਆਪਣੇ ਬਚਪਨ ਦੇ ਪ੍ਰੇਮੀ ਕ੍ਰਿਸ ਦੀ ਮੌਤ 'ਤੇ ਸੋਗ ਕਰ ਰਹੀ ਸੀ, ਜੋ ਫੇਫੜਿਆਂ ਦੇ ਕੈਂਸਰ ਨਾਲ ਦਮ ਤੋੜ ਗਿਆ ਸੀ। ਡੇਟ ਤੋਂ ਬਾਅਦ, ਉਹ ਉਸਦੇ ਘਰ ਵਾਪਸ ਆ ਜਾਂਦੇ ਹਨ ਅਤੇ ਉਹ ਉਸਦੇ ਨਾਲ ਸੈਕਸ ਕਰਨ ਲਈ ਅੱਗੇ ਵਧਦਾ ਹੈ, ਪਰ ਰੁਕ ਜਾਂਦਾ ਹੈ ਕਿਉਂਕਿ ਕ੍ਰਿਸ ਨਾਲ ਉਸਦਾ ਭਾਵਨਾਤਮਕ ਲਗਾਓ ਉਸਦੀ ਕਾਮ-ਇੱਛਾ ਨੂੰ ਜਾਗਰਿਤ ਹੋਣ ਤੋਂ ਰੋਕਦਾ ਹੈ। ਇਸ ਘਟਨਾ ਤੋਂ ਬਾਅਦ ਇੱਕ ਅੰਤਰਾਲ ਹੈ ਜਿਸ ਦੌਰਾਨ ਉਹ ਇੱਕ ਦੂਜੇ ਨਾਲ ਸੰਪਰਕ ਨਹੀਂ ਕਰਦੇ। ਪਰ ਜਲਦੀ ਹੀ ਉਹ ਇੱਕ ਹੋਰ ਡੇਟ 'ਤੇ ਜਾਂਦੇ ਹਨ, ਜਿਸ ਤੋਂ ਬਾਅਦ ਉਹ ਸੈਕਸ ਕਰਦੇ ਹਨ ਜਦੋਂ ਚੰਗੇਜ਼ ਏਰਿਕਾ ਨੂੰ ਆਪਣੀਆਂ ਅੱਖਾਂ ਬੰਦ ਕਰਨ ਅਤੇ ਇਹ ਕਲਪਨਾ ਕਰਨ ਲਈ ਮਨਾ ਲੈਂਦਾ ਹੈ ਕਿ ਉਹ ਕ੍ਰਿਸ ਦੇ ਨਾਲ ਹੈ। ਭਾਵੇਂ ਚੰਗੇਜ਼ ਉਨ੍ਹਾਂ ਦੇ ਰਿਸ਼ਤੇ ਵਿੱਚ ਇਸ ਗੱਲ ਤੋਂ ਸੰਤੁਸ਼ਟ ਹੈ, ਪਰ ਇਹ ਉਨ੍ਹਾਂ ਦੇ ਰਿਸ਼ਤੇ ਨੂੰ ਅਮੋੜ ਨੁਕਸਾਨ ਕਰਦੀ ਹੈ। ਜਲਦੀ ਹੀ ਉਹ ਇੱਕ ਮਾਨਸਿਕ ਸੰਸਥਾ ਵਿੱਚ ਇਲਾਜ ਕਰਵਾਉਣਾ ਸ਼ੁਰੂ ਕਰਦੀ ਹੈ। ਉਹ ਦੇਖਦਾ ਹੈ ਕਿ ਉਹ ਸਰੀਰਕ ਤੌਰ 'ਤੇ ਕਮਜ਼ੋਰ ਹੈ ਅਤੇ ਹੁਣ ਪਹਿਲਾਂ ਵਾਲ਼ੀ ਨਹੀਂ ਹੈ। ਇਸ ਮੁਲਾਕਾਤ ਤੋਂ ਬਾਅਦ ਉਹ ਕਿਸੇ ਕੰਮ ਚਿਲੀ ਜਾਂਦਾ ਹੈ। ਜਦੋਂ ਉਹ ਉਸ ਨੂੰ ਮਿਲ਼ਣ ਵਾਪਸ ਆਉਂਦਾ ਹੈ, ਤਾਂ ਪਤਾ ਚਲਦਾ ਹੈ ਕਿ ਉਹ ਸੰਸਥਾ ਛੱਡ ਚੁੱਕੀ ਹੈ ਅਤੇ ਉਸ ਦੇ ਕੱਪੜੇ ਹਡਸਨ ਨਦੀ ਦੇ ਕੋਲ ਮਿਲੇ ਸਨ। ਉਸ ਨੂੰ ਲਾਪਤਾ ਵਿਅਕਤੀ ਦੱਸਿਆ ਗਿਆ ਹੈ, ਕਿਉਂਕਿ ਉਸ ਦੀ ਲਾਸ਼ ਨਹੀਂ ਮਿਲੀ।
ਆਪਣੇ ਪੇਸ਼ੇਵਰ ਜੀਵਨ ਵਿੱਚ, ਉਹ ਆਪਣੇ ਸਾਥੀਆਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਉੱਚ ਅਧਿਕਾਰੀ ਉਸਨੂੰ ਕੰਮ ਦਾ ਬੰਦਾ ਸਮਝਦੇ ਹਨ। ਖਾਸ ਤੌਰ 'ਤੇ ਜਿਮ, ਉਹ ਵਿਅਕਤੀ ਜਿਸਨੇ ਉਸਨੂੰ ਭਰਤੀ ਕੀਤਾ ਸੀ, ਉਸਦੇ ਨਾਲ ਚੰਗਾ ਰਾਬਤਾ ਕਾਇਮ ਕਰ ਲੈਂਦਾ ਹੈ, ਅਤੇ ਉਸਦਾ ਬੜਾ ਸਤਿਕਾਰ ਕਰਦਾ ਹੈ। ਫਰਮ ਉਸਨੂੰ ਫਿਲੀਪੀਨਜ਼ ਅਤੇ ਵਲਪਾਰਾਈਸੋ, ਚਿਲੀ ਵਿੱਚ ਆਫਸ਼ੋਰ ਅਸਾਈਨਮੈਂਟਾਂ ਲਈ ਭੇਜਣ ਲੱਗਦੀ ਹੈ। ਚਿਲੀ ਵਿੱਚ, ਉਹ ਸੰਸਾਰ ਵਿੱਚ ਵਾਪਰ ਰਹੀਆਂ ਘਟਨਾਵਾਂ ਕਾਰਨ ਬਹੁਤ ਭਟਕ ਜਾਂਦਾ ਹੈ ਅਤੇ ਉਸ ਪ੍ਰਕਾਸ਼ਕ ਦੇ ਸੁਝਾਅ ਦਾ ਹੁੰਗਾਰਾ ਭਰਦੇ ਹੋਏ, ਜਿਸਦਾ ਮੁਲਾਂਕਣ ਕਰਨ ਲਈ ਉਸਦੀ ਕੰਪਨੀ ਨੇ ਉਸ ਨੂੰ ਭੇਜਿਆ ਹੈ, ਉਹ ਨੇੜੇ ਹੀ ਮਰਹੂਮ ਕਮਿਊਨਿਸਟ ਕਵੀ ਪਾਬਲੋ ਨੇਰੂਦਾ ਦਾ ਸੁਰੱਖਿਅਤ ਘਰ ਦੇਖਣ ਚਲਾ ਜਾਂਦਾ ਹੈ ਅਤੇ ਆਪਣੇ ਆਪ ਨੂੰ ਅਮਰੀਕੀ ਸਾਮਰਾਜ ਦੇ ਇੱਕ ਨੌਕਰ ਦੇ ਰੂਪ ਵਿੱਚ ਦੇਖਣ ਲੱਗਦਾ ਹੈ ਜਿਸਨੇ ਲਗਾਤਾਰ ਉਸਦੇ ਆਪਣੇ ਦੇਸ਼ ਵਿੱਚ ਦਖਲਅੰਦਾਜ਼ੀ ਅਤੇ ਗੜਬੜੀ ਕੀਤੀ ਹੈ। ਉਹ ਅਸਾਈਨਮੈਂਟ ਨੂੰ ਪੂਰਾ ਕੀਤੇ ਬਿਨਾਂ ਚਿਲੀ ਤੋਂ ਨਿਊਯਾਰਕ ਵਾਪਸ ਆ ਜਾਂਦਾ ਹੈ ਅਤੇ ਆਪਣੀ ਨੌਕਰੀ ਤੋਂ ਹੱਥ ਧੋ ਬੈਠਦਾ ਹੈ।
ਰਾਜਨੀਤਿਕ ਤੌਰ 'ਤੇ, ਚੰਗੇਜ਼ 11 ਸਤੰਬਰ ਦੇ ਹਮਲਿਆਂ ਬਾਰੇ ਆਪਣੀ ਪ੍ਰਤੀਕਿਰਿਆ ਤੋਂ ਹੈਰਾਨ ਹੈ। "ਹਾਂ, ਜਿਵੇਂ ਕਿ ਇਹ ਘਿਣਾਉਣੀ ਲੱਗ ਸਕਦੀ ਹੈ, ਮੇਰੀ ਸ਼ੁਰੂਆਤੀ ਪ੍ਰਤੀਕ੍ਰਿਆ ਕਮਾਲ ਦੀ ਖੁਸ਼ੀ ਵਾਲੀ ਸੀ", ਉਸਨੇ ਅਮਰੀਕੀ ਨੂੰ ਕਿਹਾ। ਫਿਰ ਉਹ ਵੇਖਦਾ ਹੈ ਕਿ ਪਾਕਿਸਤਾਨੀਆਂ ਤੇ ਸ਼ੱਕ ਕੀਤੀ ਜਾਂਦੀ ਹੈ। ਚੰਗੇਜ਼, ਸਮਾਜ ਵਿੱਚ ਆਪਣੀ ਵਿਸ਼ੇਸ਼ ਅਧਿਕਾਰ ਵਾਲੀ ਸਥਿਤੀ ਦੇ ਕਾਰਨ, ਨਜ਼ਰਬੰਦ ਜਾਂ ਹੋਰ ਦੁਰਵਿਵਹਾਰ ਦੇ ਸ਼ਿਕਾਰ ਲੋਕਾਂ ਵਿੱਚ ਸ਼ਾਮਲ ਨਹੀਂ ਹੈ, ਪਰ ਉਹ ਜਨਤਕ ਤੌਰ 'ਤੇ ਆਪਣੇ ਨਾਲ਼ ਸਲੂਕ ਵਿੱਚ ਬਦਲਾਅ ਦੇਖਦਾ ਹੈ। ਚਿਲੀ ਦੀ ਯਾਤਰਾ ਤੋਂ ਬਾਅਦ ਆਪਣੇ ਦੇਸ਼ ਵਾਸੀਆਂ ਨਾਲ ਇਕਮੁੱਠਤਾ ਪ੍ਰਗਟ ਕਰਨ ਲਈ, ਉਹ ਦਾੜ੍ਹੀ ਵਧਾਉਣਾ ਸ਼ੁਰੂ ਕਰ ਦਿੰਦਾ ਹੈ। 2001 ਦੇ ਭਾਰਤੀ ਸੰਸਦ 'ਤੇ ਹਮਲੇ ਤੋਂ ਬਾਅਦ, ਭਾਰਤ ਅਤੇ ਪਾਕਿਸਤਾਨ ਇੱਕ ਦੂਜੇ ਨਾਲ਼ੋਂ ਵਕਫ਼ਾ ਵਧਾ ਲੈਂਦੇ ਹਨ। ਇਸ ਸਥਿਤੀ 'ਤੇ ਅਮਰੀਕਾ ਦੇ ਪ੍ਰਤੀਕਰਮ ਨੂੰ ਦੇਖਦੇ ਹੋਏ, ਉਸ ਨੂੰ ਇੱਕ ਅਹਿਸਾਸ ਹੁੰਦਾ ਹੈ ਕਿ ਉਸ ਦੇ ਦੇਸ਼ ਨੂੰ ਇੱਕ ਮੋਹਰੇ ਵਜੋਂ ਵਰਤਿਆ ਜਾ ਰਿਹਾ ਹੈ। ਬਿਨਾਂ ਨੌਕਰੀ, ਮਿਆਦ ਪੁੱਗਣ ਵਾਲਾ ਵੀਜ਼ਾ ਅਤੇ ਸੰਯੁਕਤ ਰਾਜ ਵਿੱਚ ਰਹਿਣ ਦਾ ਕੋਈ ਕਾਰਨ ਨਾ ਹੋਣ ਕਰਕੇ, ਉਹ ਵਾਪਸ ਲਾਹੌਰ ਚਲਾ ਜਾਂਦਾ ਹੈ।
ਲਾਹੌਰ ਪਰਤਣ ਤੋਂ ਬਾਅਦ, ਉਹ ਸਥਾਨਕ ਯੂਨੀਵਰਸਿਟੀ ਵਿਚ ਵਿੱਤ ਦਾ ਪ੍ਰੋਫੈਸਰ ਬਣ ਗਿਆ। ਵਿਸ਼ਵ ਮੁੱਦਿਆਂ ਵਿੱਚ ਉਸਦਾ ਅਨੁਭਵ ਅਤੇ ਸੂਝ ਕਾਰਨ ਵਿਦਿਆਰਥੀਆਂ ਵਿੱਚ ਉਸਦੀ ਚੰਗੀ ਭੱਲ ਬਣ ਜਾਂਦੀਹੈ। ਨਤੀਜੇ ਵਜੋਂ, ਉਹ ਵੱਖ-ਵੱਖ ਮੁੱਦਿਆਂ 'ਤੇ ਵਿਦਿਆਰਥੀਆਂ ਦੇ ਵੱਡੇ ਸਮੂਹਾਂ ਦਾ ਸਲਾਹਕਾਰ ਬਣ ਜਾਂਦਾ ਹੈ। ਉਹ ਅਤੇ ਉਸਦੇ ਵਿਦਿਆਰਥੀ ਪਾਕਿਸਤਾਨ ਦੀ ਪ੍ਰਭੂਸੱਤਾ ਲਈ ਨੁਕਸਾਨਦੇਹ ਨੀਤੀਆਂ ਦੇ ਵਿਰੁੱਧ ਪ੍ਰਦਰਸ਼ਨਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਹਨ। ਚੰਗੇਜ਼ ਅਹਿੰਸਾ ਦੀ ਵਕਾਲਤ ਕਰਦਾ ਹੈ, ਪਰ ਇੱਕ ਮੁਕਾਬਲਤਨ ਅਗਿਆਤ ਵਿਦਿਆਰਥੀ ਨੂੰ ਇੱਕ ਅਮਰੀਕੀ ਪ੍ਰਤੀਨਿਧੀ 'ਤੇ ਹੱਤਿਆ ਦੀ ਕੋਸ਼ਿਸ਼ ਕਰਦਾ ਫੜਿਆ ਜਾਂਦਾ ਹੈ, ਜਿਸ ਨਾਲ਼ ਚੰਗੇਜ਼ ਨਿਗਾਹ ਵਿੱਚ ਆ ਜਾਂਦਾ ਹੈ। ਇੱਕ ਟੈਲੀਵਿਜ਼ਨ ਇੰਟਰਵਿਊ ਵਿੱਚ, ਉਹ ਅਮਰੀਕੀ ਵਿਦੇਸ਼ ਨੀਤੀ ਦੇ ਫੌਜੀਵਾਦ ਦੀ ਜ਼ੋਰਦਾਰ ਆਲੋਚਨਾ ਕਰਦਾ ਹੈ। ਇਹ ਕੰਮ ਉਸ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਕੋਈ ਉਸ ਨੂੰ ਡਰਾਉਣ ਲਈ ਭੇਜਿਆ ਜਾ ਸਕਦਾ ਹੈ ਜਾਂ ਇਸ ਤੋਂ ਵੀ ਮਾੜਾ ਕੁਝ ਹੋ ਸਕਦਾ ਹੈ।
ਜਿਵੇਂ ਹੀ ਉਹ ਕੈਫੇ ਵਿੱਚ ਬੈਠਦੇ ਹਨ, ਚੰਗੇਜ਼ ਇਹ ਨੋਟ ਕਰਦਾ ਰਹਿੰਦਾ ਹੈ ਕਿ ਅਮਰੀਕੀ ਅਜਨਬੀ ਆਪਣੇ ਆਲੇ ਦੁਆਲੇ ਦੇ ਮਾਹੌਲ ਤੋਂ ਬਹੁਤ ਡਰਦਾ ਹੈ, ਕਿ ਉਸਦੇ ਕੋਲ ਇੱਕ ਆਧੁਨਿਕ ਸੈਟੇਲਾਈਟ ਫੋਨ ਹੈ ਜਿਸ 'ਤੇ ਉਹ ਵਾਰ-ਵਾਰ ਮੈਸੇਜ ਕਰ ਰਿਹਾ ਹੈ, ਅਤੇ ਇਹ ਕਿ ਉਸਦੇ ਕੱਪੜਿਆਂ ਦੇ ਹੇਠਾਂ ਇੱਕ ਉਭਰ ਜਿਹਾ ਹੈ ਜੋ ਗੰਨ ਹੋ ਸਕਦੀ ਹੈ। ਚੰਗੇਜ਼ ਅਜਨਬੀ ਨਾਲ਼ ਆਪਣੇ ਹੋਟਲ ਵੱਲ ਤੁਰਦਾ ਹੈ। ਜਦੋਂ ਉਹ ਤੁਰਦੇ ਹਨ, ਅਮਰੀਕੀ, ਹੁਣ ਬਹੁਤ ਸ਼ੱਕੀ ਹੈ ਕਿ ਉਹ ਤੁਰੰਤ ਖ਼ਤਰੇ ਵਿੱਚ ਹੈ, ਆਪਣੀ ਜੇਬ ਵਿੱਚ ਬੰਦੂਕ ਲਈ ਹੱਥ ਪਾਉਂਦਾ ਹੈ। ਚੰਗੇਜ਼ ਦਾ ਕਹਿਣਾ ਹੈ ਕਿ ਉਸਨੂੰ ਯਕੀਨ ਹੈ ਕਿ ਇਹ ਸਿਰਫ਼ ਉਸਦਾ ਕਾਰੋਬਾਰੀ ਕਾਰਡ ਧਾਰਕ ਹੈ। ਪਰ ਨਾਵਲ ਇਹ ਦੱਸੇ ਬਿਨਾਂ ਖਤਮ ਹੁੰਦਾ ਹੈ ਕਿ ਉਸਦੀ ਜੇਬ ਵਿੱਚ ਕੀ ਸੀ, ਪਾਠਕ ਨੂੰ ਇਹ ਸੋਚਣ ਲਈ ਛੱਡ ਦਿੱਤਾ ਗਿਆ ਕਿ ਕੀ ਅਜਨਬੀ ਇੱਕ ਸੀਆਈਏ ਏਜੰਟ ਸੀ, ਸੰਭਵ ਤੌਰ 'ਤੇ ਚੰਗੇਜ਼ ਨੂੰ ਮਾਰਨਾ ਚਾਹੁੰਦਾ ਸੀ, ਜਾਂ ਚੰਗੇਜ਼ ਨੇ ਕੈਫੇ ਦੇ ਵੇਟਰ ਨਾਲ਼ ਮਿਲੀਭੁਗਤ ਕਰਕੇ ਅਮਰੀਕੀ ਨੂੰ ਨੁਕਸਾਨਣ ਦੀ ਯੋਜਨਾ ਬਣਾਈ ਸੀ।.
ਸ਼ੈਲੀ
ਸੋਧੋਰਿਲੈਕਟੈਂਟ ਫੰਡਾਮੈਂਟਲਿਸਟ ਇੱਕ ਨਾਟਕੀ ਮੋਨੋਲੋਗ [3] ਅਤੇ ਆਟੋਡਾਈਜੇਟਿਕ ਬਿਰਤਾਂਤ ਦੀ ਇੱਕ ਉਦਾਹਰਣ ਹੈ।
ਹਵਾਲੇ
ਸੋਧੋ- ↑ Madiou, Mohamed Salah Eddine. “Mohsin Hamid Engages the World in The Reluctant Fundamentalist: ‘An Island on an Island,’ Worlds in Miniature and ‘Fiction’ in the Making.” Arab Studies Quarterly, vol. 41, no. 4, 2019, pp. 271–297. JSTOR, www.jstor.org/stable/10.13169/arabstudquar.41.4.0271.
- ↑ "'The Reluctant Fundamentalist Opens Venice Film Festival'". Screen. 30 August 2012. Retrieved 3 October 2012.
- ↑ M. H. Abrams, gen. Ed. "Dramatic Monologue" A Glossary of Literary Terms. 8th ed. Boston: Thomson Wadsworth, 2005. pp. 70-71.