ਦੀਪਕ ਜੈਤੋਈ

ਪੰਜਾਬੀ ਕਵੀ

ਦੀਪਕ ਜੈਤੋਈ (18 ਅਪਰੈਲ 1925 - 12 ਫ਼ਰਵਰੀ 2005) ਪੰਜਾਬੀ ਦੇ ਉਸਤਾਦ ਗਜ਼ਲਗੋ ਹੋਏ ਹਨ।

ਦੀਪਕ ਜੈਤੋਈ

ਜ਼ਿੰਦਗੀ

ਸੋਧੋ

ਦੀਪਕ ਜੈਤੋਈ ਦਾ ਜਨਮ ਗੰਗਸਰ ਜੈਤੋ, ਜ਼ਿਲਾ ਫ਼ਰੀਦਕੋਟ ਵਿਖੇ ਮਾਤਾ ਵੀਰ ਕੌਰ ਦੀ ਕੁੱਖੋਂ ਪਿਤਾ ਇੰਦਰ ਸਿੰਘ ਦੇ ਘਰ ਹੋਇਆ। ਉਹਨਾਂ ਦਾ ਅਸਲ ਨਾਮ 'ਸ : ਗੁਰਚਰਨ ਸਿੰਘ' ਸੀ, ਦੀਪਕ ਜੈਤੋਈ ਆਪ ਜੀ ਦਾ ਸਾਹਿਤਕ ਨਾਮ ਸੀ। "ਜੈਤੋਈ" ਤਖੱਲਸ ਉਹ ਜੈਤੋ ਸ਼ਹ‌ਿਰ ਕਾਰਨ ਲਾਉਂਦੇ ਸੀ। ਉਹਨਾਂ ਦੀ ਕਵਿਤਾਵਾਂ ਨਾਲ ਸਾਂਝ ਵੈਸੇ ਤਾਂ ਨਿੱਕੇ ਹੁੰਦੇ ਤੋ ਹੀ ਪੈ ਗਈ ਸੀ ਪਰ ਸ਼ਾਇਰੀ ਦੀਆਂ ਬਾਰੀਕੀਆਂ ਸਮਝਣ ਲਈ ' ਮੁਜਰਮ ਦਸੂਹੀ ' ਨੂੰ ਆਪਣਾ ਉਸਤਾਦ ਧਾਰਿਆ।

ਜਨਾਬ ਦੀਪਕ ਜੈਤੋਈ ਨੇ ਜਦੋਂ ਗ਼ਜ਼ਲ ਖੇਤਰ ਵਿਚ ਪੈਰ ਧਰਿਆ ਤਾਂ ਉਸ ਸਮੇਂ ਉਰਦੂ ਵਿਦਵਾਨ ਪੰਜਾਬੀ ਨੂੰ ਗੰਵਾਰਾਂ ਦੀ ਭਾਸ਼ਾ ਕਹਿ ਕੇ ਆਖਦੇ ਸਨ ਕਿ ਪੰਜਾਬੀ ਵਿਚ ਗ਼ਜ਼ਲ ਲਿਖੀ ਹੀ ਨਹੀਂ ਜਾ ਸਕਦੀ। ਉਰਦੂ ਵਿਦਵਾਨਾਂ ਤੋਂ ਇਲਾਵਾ ਪੰਜਾਬੀ ਵਿਦਵਾਨਾਂ ਦਾ ਵੀ ਵਿਚਾਰ ਸੀ ਕਿ ਗ਼ਜ਼ਲ ਉਰਦੂ ਭਾਸ਼ਾ ਦੀ ਸਿਨਫ਼ ਹੈ, ਅਰਬੀ ਚੋਂ ਆਈ ਹੈ ਅਤੇ ਇਹ ਪੰਜਾਬੀ ਭਾਸ਼ਾ ਨਾਲ ਮੇਲ ਨਹੀਂ ਖਾ ਸਕਦੀ। ਅਜਿਹੇ ਮਾਹੌਲ ਵਿਚ ਦੀਪਕ ਜੈਤੋਈ ਪੰਜਾਬੀ ਵਿਚ ਗ਼ਜ਼ਲ ਦੀ ਰਚਨਾ ਕਰਨ ਦੇ ਕਾਰਜ ਨੂੰ ਇੱਕ ਚੈਲਿੰਜ ਵਜੋਂ ਕਬੂਲ ਕਰਕੇ ਇਸ ਖੇਤਰ ਵਿਚ ਲਗਨ, ਮਿਹਨਤ ਅਤੇ ਦ੍ਰਿੜਤਾ ਨਾਲ ਉਤਰੇ। ਨਿਰਸੰਦੇਹ ਉਹਨਾਂ ਦੀ ਅਥਾਹ ਘਾਲਣਾ ਸਦਕਾ ਹੀ ਪੰਜਾਬੀ ਗ਼ਜ਼ਲ ਸਟੇਜਾਂ ਦੀ ਰਾਣੀ ਅਤੇ ਕਵੀ ਦਰਬਾਰਾਂ ਦਾ ਸ਼ਿੰਗਾਰ ਬਣੀ। ਉਹਨਾਂ ਦੇ ਹਮਸਫ਼ਰ ਉਸਤਾਦ ਸ਼ਾਇਰ ਡਾ. ਸਾਧੂ ਸਿੰਘ ਹਮਦਰਦ, ਪ੍ਰਿੰਸੀਪਲ ਤਖਤ ਸਿੰਘ ਅਤੇ ਠਾਕੁਰ ਭਾਰਤੀ ਨਾਲੋਂ ਉਹਨਾਂ ਦੀ ਵਿਲੱਖਣਤਾ ਇਹ ਸੀ ਕਿ ਉਹਨਾਂ ਗ਼ਜ਼ਲ ਦੇ ਪਾਸਾਰ ਲਈ ਬਕਾਇਦਾ ਤੌਰ 'ਤੇ 'ਦੀਪਕ ਗ਼ਜ਼ਲ ਸਕੂਲ' ਦੀ ਸਥਾਪਨਾ ਕੀਤੀ ਅਤੇ ਇਸ ਸੰਸਥਾ ਰਾਹੀਂ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਚੋਂ ਲਗਾਤਾਰ ਕਈ ਘੰਟੇ ਸਿਖਾਂਦਰੂ ਅਤੇ ਪੁੰਗਰਦੇ ਸ਼ਾਇਰਾਂ ਨੂੰ ਗ਼ਜ਼ਲ ਦੀ ਸੂਖਮਤਾ, ਰੂਪਕ ਪੱਖ, ਜ਼ੁਬਾਨ ਦੀ ਸੁਹਜਤਾ, ਕਵਿਤਾ ਵਿਚਲੀ ਸੰਗੀਤਾਮਿਕਤਾ ਅਤੇ ਭਾਸ਼ਾ ਦਾ ਗਿਆਨ ਵੰਡਣ ਲਈ ਲਾਉਂਦੇ ਰਹੇ। ਉਹਨਾਂ ਹਮੇਸ਼ਾ ਇਹ ਗੱਲ ਤੇ ਪਹਿਰਾ ਦਿੱਤਾ ਕਿ ਸੰਗੀਤਾਮਿਕਤਾ ਤੋਂ ਵਿਹੂਣੀ ਕੋਈ ਵੀ ਸਾਹਿਤਕ ਰਚਨਾ ਕਵਿਤਾ ਜਾਂ ਗ਼ਜ਼ਲ ਨਹੀਂ ਹੋ ਸਕਦੀ।

ਇਹ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਸਤਾਦ ਦੀਪਕ ਜੈਤੋਈ ਬਹੁਤ ਹੀ ਉਚਕੋਟੀ ਦੇ ਗੀਤਕਾਰ ਵੀ ਸਨ ਅਤੇ ਉਹਨਾਂ ਦੇ ਅਨੇਕਾਂ ਗੀਤ ਪ੍ਰਸਿੱਧ ਗਾਇਕਾ ਮਰਹੂਮ ਨਰਿੰਦਰ ਬੀਬਾ ਦੀ ਸੁਰੀਲੀ ਆਵਾਜ਼ ਵਿਚ ਰਿਕਾਰਡ ਹੋਏ ਅਤੇ 'ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ', ' ਗੱਲ ਸੋਚ ਕੇ ਕਰਂ ਤੂੰ ਜ਼ੈਲਦਾਰਾ ਵੇ ਅਸਾਂ ਨੀਂ ਕਨੌੜ ਝੱਲਣੀ', 'ਜੁੱਤੀ ਲਗਦੀ ਹਾਣੀਆਂ ਮੇਰੇ ਵੇ ਪੁੱਟ ਨਾ ਪੁਲਾਂਘਾਂ ਲੰਮੀਆਂ' ਆਦਿ ਕਈ ਗੀਤ ਪੰਜਾਬੀਆਂ ਦੀ ਜ਼ੁਬਾਨ ਤੇ ਅਜਿਹੇ ਚੜ੍ਹੇ ਕਿ ਲੋਕ ਗੀਤਾਂ ਦਾ ਦਰਜਾ ਹਾਸਲ ਕਰ ਗਏ। ਉਹਨਾਂ ਧਾਰਮਿਕ ਗੀਤਾਂ ਦੀ ਰਚਨਾ ਵੀ ਕੀਤੀ ਜਿਹਨਾਂ ਵਿਚ 'ਸਾਕਾ ਚਾਂਦਨੀ ਚੌਕ' ਅਤੇ 'ਗੁਰੂ ਨਾਨਕ ਦੇਵ ਦੀਆਂ ਸਾਖੀਆਂ' (ਦੋਵੇਂ ਐਲ.ਪੀ.) ਪ੍ਰਸਿੱਧ ਕੰਪਨੀ ਐਚ.ਐਮ.ਵੀ. ਵਿਚ ਰਿਕਾਰਡ ਹੋਏ ਅਤੇ ਇਨ੍ਹਾਂ ਨੇ ਵਿਕਰੀ ਦਾ ਵੀ ਇੱਕ ਰਿਕਾਰਡ ਕਾਇਮ ਕੀਤਾ। ਗੀਤਕਾਰ ਦੀਪਕ ਜੈਤੋਈ ਦਾ ਇਸ ਖੇਤਰ ਵਿਚੋਂ ਮਨ ਉਦੋਂ ਉਚਾਟ ਹੋ ਗਿਆ ਜਦੋਂ ਜ਼ਿਅਦਾਤਰ ਗੀਤਕਾਰਾਂ ਤੇ ਗਾਇਕਾਂ ਨੇ ਗੀਤਕਾਰੀ ਅਤੇ ਗਾਇਕੀ ਨੂੰ ਪੈਸੇ ਕਮਾਉਣ ਦੇ ਧੰਦੇ ਤੱਕ ਸੀਮਤ ਕਰ ਲਿਆ।

ਪੰਜਾਬੀ ਸ਼ਾਇਰੀ ਨੂੰ ਬੁਲੰਦੀਆਂ ਪ੍ਰਦਾਨ ਕਰਨ ਵਾਲੇ ਇਸ ਮਹਾਨ ਸ਼ਾਇਰ ਨੇ ਆਪਣੀ ਸਾਰੀ ਜ਼ਿੰਦਗੀ ਫੱਕਰਾਂ ਵਾਂਗ ਬਿਤਾਈ ਪਰ ਆਪਣੇ ਉਚੇਰੇ ਸ਼ੌਕ ਬਰਕਰਾਰ ਰੱਖੇ। ਤੰਗੀਆਂ ਤੁਰਸ਼ੀਆਂ ਉਹਨਾਂ ਦੀ ਜ਼ਿੰਦਗੀ ਦਾ ਅਹਿਮ ਅੰਗ ਬਣ ਕੇ ਰਹੀਆਂ, ਕਈ ਵਾਰ ਫਾਕੇ ਕੱਟਣ ਤੱਕ ਵੀ ਨੌਬਤ ਆਈ ਪਰ ਸਦਕੇ ਜਾਈਏ ਉਸ ਮਹਾਨ ਪੰਜਾਬੀ ਸਪੂਤ ਦੇ ਜਿਸ ਨੇ ਅਜਿਹੇ ਹਾਲਾਤ ਵਿਚ ਵੀ ਆਪਣੀ ਅਣਖ, ਗ਼ੈਰਤ ਅਤੇ ਸਵੈਮਾਣ ਨੂੰ ਠੇਸ ਨਹੀਂ ਲੱਗਣ ਦਿੱਤੀ। ਇਸ ਦੀ ਮਿਸਾਲ ਇਨ੍ਹਾਂ ਤੱਥਾਂ ਤੋਂ ਵੀ ਹੁੰਦੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਰਹੇ ਸ੍ਰੀ ਅਟੱਲ ਬਿਹਾਰੀ ਵਾਜਪਾਈ ਉਹਨਾਂ ਦੇ ਗੂੜ੍ਹੇ ਮਿੱਤਰ ਸਨ ਅਤੇ ਅਕਸਰ ਹੀ ਕਵੀ ਦਰਬਾਰਾਂ ਵਿਚ ਉਹ ਇਕੱਠਿਆਂ ਸ਼ਾਮਲ ਹੁੰਦੇ ਸਨ ਪਰ ਦੀਪਕ ਜੈਤੋਈ ਨੇ ਆਪਣੇ ਨਾਸਾਜ਼ਗਾਰ ਹਾਲਾਤ ਵਿਚ ਵੀ ਸ੍ਰੀ ਵਾਜਪਾਈ ਤੱਕ ਆਪਣੀ ਆਰਥਿਕ ਮੰਦਹਾਲੀ ਦੀ ਭਿਣਕ ਨਹੀਂ ਪੈਣ ਦਿੱਤੀ। ਇਸ ਸੱਚਾਈ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਜੋ ਮਕਬੂਲੀਅਤ, ਸ਼ੁਹਰਤ ਅਤੇ ਸਨਮਾਨ ਦਰਵੇਸ਼ ਸ਼ਾਇਰ ਦੀਪਕ ਜੈਤੋਈ ਨੂੰ ਮਿਲਿਆ, ਉਹ ਸ਼ਾਇਦ ਹੀ ਕਿਸੇ ਪੰਜਾਬੀ ਸ਼ਾਇਰ ਦੇ ਹਿੱਸੇ ਆਇਆ ਹੋਵੇ। ਅੰਤ 12 ਫਰਵਰੀ 2005 ਨੂੰ ਪੰਜਾਬੀ ਗ਼ਜ਼ਲ ਦਾ ਇਹ ਸੂਰਜ ਹਮੇਸ਼ਾ ਲਈ ਅਸਤ ਹੋ ਗਿਆ ਅਤੇ ਉਹਨਾਂ ਦੀ ਮੌਤ ਨਾਲ ਪੰਜਾਬੀ ਸ਼ਾਇਰੀ ਦੇ ਇੱਕ ਫ਼ਖ਼ਰਯੋਗ ਅਤੇ ਸੁਨਹਿਰੇ ਅਧਿਆਇ ਦਾ ਅੰਤ ਹੋ ਗਿਆ। ਉਨ੍ਹਾਂ ਗਜ਼ਲ ਸਿਖਾਉਣ ਲਈ ਬਕਾਇਦਾ "ਦੀਪਕ ਗ਼ਜ਼ਲ ਸਕੂਲ" ਦੀ ਸਥਾਪਨਾ ਕੀਤੀ ਜਿਸ ਨੂੰ ਅਜ ਕਲ੍ਹ ਉਨ੍ਹਾਂ ਦੇ ਜਾਨਸ਼ੀਨ ਗੁਰਦਿਆਲ ਰੌਸ਼ਨ ਚਲਾ ਰਹੇ ਹਨ।

ਦੀਪਕ ਜੈਤੋਈ ਦੁਆਰਾ ਰਚਿਤ ਗੀਤ ਜੋ ਲੋਕ ਗੀਤ ਵਾਂਗ ਲੋਕਾਂ ਦੀ ਜ਼ੁਬਾਨ ਤੇ ਚੜ੍ਹ ਗਿਆ-

ਆਹ ਲੈ ਮਾਏ ਸਾਂਭ ਕੁੰਜੀਆਂ...
ਚਾਰ ਦਿਨ ਮੌਜਾਂ ਮਾਣ ਕੇ ਲਾ ਕੇ ਸੁੱਖਾਂ ਦੇ ਸਮੁੰਦਰਾਂ 'ਚ ਤਾਰੀ।
ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ।
ਡਾਰ ਵਿੱਚੋਂ ਕੂੰਜ ਨਿਖੜੀ ਉੱਡੀ ਜਾਂਦੀ ਵੀ ਵਿਚਾਰੀ ਕੁਰਲਾਵੇ।
ਧੀਆਂ, ਗਊਆਂ, ਕਾਮਿਆਂ ਦੀ ਕੋਈ ਪੇਸ਼ ਨਾ ਅੰਬੜੀਏ ਜਾਵੇ।
ਕੱਲ੍ਹ ਤੱਕ ਰਾਜ ਕਰਿਆ ਅੱਜ ਖੁਸ ਗਈ ਹਕੂਮਤ ਸਾਰੀ।
ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ।…
ਅੱਛਾ ਸੁਖੀ ਵੱਸੇ ਅੰਮੀਏਂ ਮੇਰੇ ਰਾਜੇ ਬਾਬਲ ਦਾ ਖੇੜਾ।
ਅਸੀਂ ਕਿਹੜਾ ਨਿੱਤ ਆਵਣਾ ਸਾਡਾ ਵੱਜਣਾ ਸਬੱਬ ਨਾਲ ਗੇੜਾ।
ਧੀਆਂ ਪਰਦੇਸਣਾਂ ਦੀ ਹੁੰਦੀ ਚਿੜੀਆਂ ਦੇ ਵਾਂਗ ਉਡਾਰੀ।
ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ।…
ਬਾਪੂ ਤੇਰੇ ਪਿਆਰ ਸਦਕਾ ਅਸਾਂ ਰੱਜ ਰੱਜ ਪਹਿਨਿਆ ਹੰਢਾਇਆ।
ਪੱਗ ਤੇਰੀ ਰੱਖੀ ਸਾਂਭ ਕੇ ਇਹਨੂੰ ਦਾਗ਼ ਨਾ ਹਵਾ ਜਿੰਨਾਂ ਲਾਇਆ।
ਇੱਕ ਰਾਤ ਹੋਰ ਰੱਖ ਲੈ ਜਾਵਾਂ ਬਾਬਲਾ ਤੇਰੇ ਬਲਿਹਾਰੀ।
ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ।…
ਵੀਰਾ ਵੇ ਮੁਰੱਬੇ ਵਾਲਿਆ ਤੈਨੂੰ ਭਾਗ ਪਰਮੇਸ਼ਵਰ ਲਾਵੇ।
ਭਾਬੀ ਸਾਨੂੰ ਮੁਆਫ਼ ਕਰ ਦਈਂ ਸਾਡੇ ਐਵੇਂ ਸੀ ਕੂੜ ਦੇ ਦਾਅਵੇ।
ਅੱਗੇ ਤਾਂ ਤੂੰ ਰਹੀ ਹਾਰਦੀ ਅੱਜ ਤੂੰ ਜਿੱਤ ਗਈ ਮੈਂ ਹਾਰੀ।
ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ।…
ਆਉ ਸਈਉ ਆਉ ਮਿਲ ਲਉ ਮੁੜ ਕੱਠੀਆਂ ਸਬੱਬ ਨਾਲ ਬਹਿਣਾ।
ਤੁਸੀਂ ਵੀ ਤਾਂ ਮੇਰੇ ਵਾਂਗਰਾਂ ਸਦਾ ਬੈਠ ਨਾ 'ਜੈਤੋ' ਵਿੱਚ ਰਹਿਣਾ।
ਵੱਡੀਆਂ ਮਜਾਜਾਂ ਵਾਲੀਉ ਤੁਹਾਡੀ ਚਾਰ ਦਿਨ ਦੀ ਮੁਖਤਿਆਰੀ।
ਚਾਰ ਦਿਨ ਮੌਜਾਂ ਮਾਣ ਕੇ ਲਾ ਕੇ ਸੁੱਖਾਂ ਦੇ ਸਮੁੰਦਰਾਂ 'ਚ ਤਾਰੀ।
ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ।…

ਇਕ ਨਜ਼ਮ, ਜੋ ਦੀਪਕ ਸਾਹਿਬ ਅਕਸਰ ਸਟੇਜਾਂ ਤੇ ਸੁਣਾਇਆ ਕਰਦੇ ਸਨ-

ਰਾਹੀਆ ਤੂੰ ਰੁਕ ਨਾ...
ਰਾਹੀਆ ਤੂੰ ਰੁਕ ਨਾ, ਕਿ ਨਿੱਤ ਦੇ ਮੁਸਾਫ਼ਿਰ ਨਿਰਾਸ਼ਾ ਦੇ ਨਜ਼ਦੀਕ ਢੁਕਦੇ ਨੀ ਹੁੰਦੇ,
ਇਹ ਸੂਰਜ, ਇਹ ਚੰਦਾ, ਹਵਾ ਤੇ ਸਿਤਾਰੇ ਸਦਾ ਚਲਦੇ ਰਹਿੰਦੇ ਨੇ ਰੁਕਦੇ ਨਹੀਂ ਹੁੰਦੇ।
ਪਹਾੜਾਂ ਦੀ ਛਾਤੀ ਨੂੰ ਛਾਣਨੀ ਬਣਾ ਕੇ ਜੋ ਸੋਮੇ ਨਿਕਲਦੇ ਨੇ ਸੁਕਦੇ ਨੀ ਹੁੰਦੇ,
ਜਿਹਨਾਂ ਨੇ ਹਥੇਲੀ ਤੇ ਰੱਖੀ ਹੋਈ ਏ, ਉਹ ਦੁਨੀਆਂ ਝੁਕਾਉਂਦੇ ਨੇ ਝੁਕਦੇ ਨੀ ਹੁੰਦੇ।
ਤੇ ਤੂੰ, ਤੂੰ ਤੇ ਹੈ ਜਾਣਾ ਬੜੀ ਦੂਰ ਹਾਲੇ, ਹਜੇ ਕਿਉਂ ਹੈ ਸੂਰਤ ਤੂੰ ਰੋਣੀ ਬਣਾਈ,
ਓਹੀ ਗਲ ਕੀਤੀ ਨਾ ਕਹਿੰਦੇ ਨੇ ਜਿੱਦਾਂ ਕਿ ਕੋਹ ਨਾ ਚੱਲੀ ਤੇ ਬਾਬਾ ਜੀ ਹਾਈ।
ਮੈਂ ਮੰਨਦਾਂ ਹਾਂ ਮੰਜ਼ਿਲ ਹੈ ਤੇਰੀ ਦੁਰਾਡੇ ਥਕੇਵਾਂ ਇਹ ਟੰਗਾਂ ਨੂੰ ਚੜ੍ਹਿਆ ਵੀ ਹੋਣਾ,
ਤੇਰੇ ਮਨ ਦਾ ਅੜੀਅਲ ਤੇ ਬੇ-ਬਾਕ ਘੋੜਾ ਕਈ ਵਾਰ ਰਸਤੇ 'ਚ ਅੜਿਆ ਵੀ ਹੋਣਾ।
ਔਰ ਤੇਰੀ ਆਜਮਾਇਸ਼ ਨੂੰ ਸਾਹਵੇਂ ਵਿਧਾਤਾ ਤੇਰੇ ਅੜਚਨਾਂ ਲੈ ਲੈ ਖੜਿਆ ਵੀ ਹੋਣਾ,
ਕਈ ਵਾਰ ਤੇਰੀ ਬਗ਼ਾਵਤ ਦਾ ਸ਼ੋਲਾ ਮੁਖ਼ਾਲਿਫ਼ ਦੇ ਵਿਹੜੇ 'ਚ ਲੜਿਆ ਵੀ ਹੋਣਾ।
ਤਾਂ ਕੀ ਹੋਇਆ ਚੰਨਿਆਂ ਇਹ ਹੋਇਆ ਈ ਕਰਦੈ, ਰੁਕਾਵਟ ਨਾ ਟੱਪੇ ਰਵਾਨੀ ਨਹੀਂ ਹੁੰਦੀ,
ਕਦਮ ਮੁਸ਼ਕਿਲਾਂ ਦੇ ਜੇ ਸੀਨੇ ਤੇ ਧਰ ਧਰ ਕੇ ਵਧਿਆ ਨਾ ਜਾਵੇ ਜਵਾਨੀ ਨਹੀਂ ਹੁੰਦੀ।
ਜੇ ਸੂਲਾਂ ਤੇ ਤੁਰਿਐਂ ਤਾਂ ਦਸ ਖਾਂ ਜਾਵਾਂ ਅਜੇਹੇ ਜਹੇ ਭਖੜੇ ਤੋਂ ਡਰਨਾ ਕੀ ਹੋਇਆ,
ਜੇ ਅੰਗਾਰਾਂ ਤੇ ਤੁਰਨ ਦਾ ਤੂੰ ਪਰਨ ਕੀਤਾ ਤਾਂ ਫਿਰ ਬੋਚ ਕੇ ਪੈਰ ਧਰਨਾ ਕੀ ਹੋਇਆ।
ਔਰ ਜੇ ਹੱਸ ਹੱਸ ਕੇ ਪਿੱਤਾ ਸੁਕਾਉਣਾ ਹੈ ਸਿੱਖਿਆ ਤਾਂ ਠੰਡੇ ਜਹੇ ਹੌਕੇ ਭਰਨਾ ਕੀ ਹੋਇਆ,
ਸਦਾ ਸ਼ੇਰ ਤਰਦਾ ਹੈ ਪਾਣੀ ਨੂੰ ਸਿੱਧਾ, ਵਹਾ ਨਾਲ ਵਹਿ ਜਾਣਾ ਤਰਨਾ ਕੀ ਹੋਇਆ।
ਕਦਮ ਜੇ ਵਧਾਇਐ ਤਾਂ ਮੁੜ ਮੁੜ ਕੀ ਵਿਹਨੈਂ, ਤੇਰੇ ਸਿਰ ਤੇ ਫ਼ਰਜ਼ਾਂ ਦਾ ਥੱਬਾ ਹੈ ਚੰਨਿਆਂ,
ਇਹ ਰੁਕ ਰੁਕ ਕੇ ਵਧਣਾ, ਜਾਂ ਵਧ ਵਧ ਕੇ ਰੁਕਣਾ, ਤੇਰੀ ਵੀਰਤਾ ਉੱਤੇ ਧੱਬਾ ਹੈ ਚੰਨਿਆਂ।
ਕਿ ਜ਼ਮਾਨੇ ਦੇ ਚੱਕਰ ਨੂੰ ਲਲਕਰ ਕੇ ਕਹਿਦੇ, ਚੱਕਰ ਮੈਂ ਤੇਰੇ ਭੂਆਂ ਕੇ ਹਟਾਂਗਾ,
ਸੁਨੇਹਾ ਦੇ ਹੋਣੀ ਨੂੰ ਹਿੰਮਤ ਦੇ ਹੱਥੀਂ ਕਿ ਆਖਿਰ ਮੈਂ ਤੈਨੂੰ ਨਿਵਾ ਕੇ ਹਟਾਂਗਾ।
ਤੂੰ ਲਾ ਹੌਸਲੇ ਨਾਲ ਪੱਟਾਂ ਤੇ ਥਾਪੀ, ਮੁਸੀਬਤ ਨੂੰ ਕਹਿ ਤੈਨੂੰ ਢਾ ਕੇ ਹਟਾਂਗਾ,
ਤੂਫ਼ਾਨਾਂ ਨੂੰ ਕਹਿਦੇ ਕਿ ਵਧ ਵਧ ਕੇ ਆਓ, ਮੈਂ ਕਸ਼ਤੀ ਕਿਨਾਰੇ ਤੇ ਲਾ ਕੇ ਹਟਾਂਗਾ।
ਔਰ ਜਦੋਂ ਵੇਖੀ ਤੇਰੇ ਇਰਾਦੇ ਚ ਸਖ਼ਤੀ, ਤਾਂ ਸ਼ਕਤੀ ਉਦਾਲੇ ਆਪ ਘੁਮੂੰਗੀ ਤੇਰੇ,
ਇਹ ਸਾਰੀ ਦੀ ਸਾਰੀ ਖ਼ੁਦਾਈ ਦੀ ਤਾਕਤ ਤੂੰ ਵੇਖੇਂਗਾ ਪੈਰਾਂ ਨੂੰ ਚੁਮੂੰਗੀ ਤੇਰੇ।
ਤੂੰ ਵੇਂਹਦਾ ਨਹੀਂ ਕੁਦਰਤ ਦੀ ਬਾਂਹ ਲੰਬੀ ਲੰਬੀ, ਕਿਵੇਂ ਤੇਰੀ ਮਦਦ ਨੂ ਆਂਦੀ ਪਈ ਏ,
ਕੁਰਾਹੇ ਨਾ ਪੈ ਜਏਂ ਤਦੇ ਤਾਂ ਇਹ ਬਿਜਲੀ ਲਿਸ਼ਕ ਨਾਲ ਰਸਤਾ ਵਿਖਾਉਂਦੀ ਪਈ ਏ।
ਉਹ ਬੀਬਾ ਇਹ ਬਾਰਿਸ਼ ਤੇ ਮਿਲ ਕੇ ਹਨੇਰੀ, ਤੇਰੀ ਰਾਹ ਨੂੰ ਪਧਰ ਬਣਾਉਂਦੀ ਪਈ ਏ,
ਇਹ ਬਦਲ ਨਹੀਂ ਗਜਦੇ, ਕੁਦਰਤ ਦੀ ਵੀਣਾ ਤੇਰੇ ਸੁਆਗਤੀ ਗੀਤ ਗਾਉਂਦੀ ਪਈ ਏ।
ਔਰ ਹਿਫ਼ਾਜ਼ਤ ਲਈ ਤੇਰੀ ਖ਼ੂਨੀ ਦਰਿੰਦੇ ਤੇਰੇ ਅੱਗੇ ਪਿੱਛੇ ਚਲੇ ਆ ਰਹੇ ਨੇ,
ਤੇ ਰਫ਼ਤਾਰ ਤੇਰੀ 'ਚ ਸੁਸਤੀ ਨਾ ਆ ਜਏ, ਤਾਂ ਪੈਰਾਂ 'ਚ ਕੰਡੇ ਖੁਭੇ ਜਾ ਰਹੇ ਨੇ।
ਔਹ ਵੇਖ ਹੁਣ ਤਾਂ ਉਜਾਲਾ ਵੀ ਦਿੱਸਿਐ, ਤੇ ਮੰਜ਼ਿਲ ਵੀ ਬਾਹਾਂ ਉੱਲਾਰੀ ਖੜੀ ਹੈ,
ਤੂੰ ਨੱਠੀਂ ਜਾ ਜਾ ਕੇ ਬਗ਼ਲਗੀਰ ਹੋ ਜਾ ਉਡੀਕਾਂ 'ਚ ਕਰਦੀ ਇੰਤਜ਼ਾਰੀ ਖੜੀ ਹੈ।
ਤੇਰੇ ਦਮ ਕਦਮ ਦੇ ਭਰੋਸੇ ਤੇ ਝੱਲੀ ਉਮੀਦਾਂ ਦੇ ਮੰਜ਼ਰ ਉਸਾਰੀ ਖੜੀ ਹੈ,
ਤੂੰ ਪਹੁੰਚਿਆ ਤਾਂ ਦੇਖੀਂ ਤੇਰੀ ਜੈ ਦੇ ਨਾਹਰੇ ਇਹ ਰਲ ਮਿਲ ਕੇ ਦੁਨੀਆਂ ਪੁਕਾਰੀ ਖੜੀ ਹੈ।
ਔਰ ਤੇਰੇ ਏਸ ਜੀਵਨ ਦੇ 'ਦੀਪਕ' ਦੀ ਲੌ ਨੇ, ਨਸਲ ਆਉਣ ਵਾਲੀ ਨੂੰ ਰਸਤਾ ਦਿਖਾਉਣੈਂ,
ਪਵਿੱਤਰ ਸਮਝਕੇ ਤੇਰੇ ਪੈਰਾਂ ਦਾ ਰੇਤਾ ਇਹਨਾਂ ਲੋਕਾਂ ਨੇ ਚੁੰਮ ਚੁੰਮ ਕੇ ਮੱਥੇ ਨੂੰ ਲਾਉਣੈਂ।

ਕਿਤਾਬਾਂ

ਸੋਧੋ

ਦੀਪਕ ਜੈਤੋਈ ਜੀ ਦੀਆਂ ਕਈ ਕਿਤਾਬਾਂ ਤੇ ਅਨੇਕਾਂ ਗ਼ਜ਼ਲਾਂ ਪ੍ਰਕਾਸ਼ਿਤ ਹੋਈਆਂ ਜਿਵੇਂ-

  1. ਦੀਪਕ ਦੀ ਲੌ (ਗਜ਼ਲ ਸੰਗ੍ਰਹਿ)[1]
  2. ਗਜ਼ਲ ਦੀ ਅਦਾ (ਗਜ਼ਲ ਸੰਗ੍ਰਹਿ)
  3. ਗਜ਼ਲ ਦੀ ਖੁਸ਼ਬੂ (ਗਜ਼ਲ ਸੰਗ੍ਰਹਿ)
  4. ਗਜ਼ਲ ਕੀ ਹੈ
  5. ਗ਼ਜ਼ਲ ਦਾ ਬਾਂਕਪਨ
  6. ਮਾਡਰਨ ਗ਼ਜ਼ਲ ਸੰਗ੍ਰਹਿ,
  7. ਮੇਰੀਆਂ ਚੋਣਵੀਆਂ ਗ਼ਜ਼ਲਾਂ (ਗਜ਼ਲ ਸੰਗ੍ਰਹਿ)
  8. ਦੀਵਾਨੇ-ਦੀਪਕ (ਗਜ਼ਲ ਸੰਗ੍ਰਹਿ)
  9. ਆਹ ਲੈ ਮਾਏ ਸਾਂਭ ਕੁੰਜੀਆਂ (ਗੀਤ ਸੰਗ੍ਰਹਿ) )
  10. ਸਾਡਾ ਵਿਰਸਾ,ਸਾਡਾ ਦੇਸ਼
  11. ਮਾਲਾ ਕਿਉਂ ਤਲਵਾਰ ਬਣੀ’ (ਮਹਾਂਕਾਵਿ ਬੰਦਾ ਸਿੰਘ ਬਹਾਦਰ )
  12. ਭਰਥਰੀ ਹਰੀ (ਕਾਵਿ ਨਾਟ),
  13. ਭੁਲੇਖਾ ਪੈ ਗਿਆ (ਕਹਾਣੀ ਸੰਗ੍ਰਹਿ ),
  14. ਸਮਾਂ ਜ਼ਰੂਰ ਆਵੇਗਾ (ਨਾਟਕ ਸੰਗ੍ਰਹਿ),
  15. ਸਿਕੰਦ ਗੁਪਤ (ਸੰਸਕ੍ਰਿਤ ਤੋਂ ਅਨੁਵਾਦਿਤ)
  16. ਇਬਾਦਤ ( ਗ਼ਜ਼ਲ-ਸੰਗ੍ਰਹਿ)
  17. ਪੱਖੀ ਘੁੰਗਰੂਆਂ ਵਾਲ਼ੀ (ਗੀਤ-ਸੰਗ੍ਰਹਿ)

ਦੀਪਕ ਜੀ ਨੇ ਗ਼ਜ਼ਲਾਂ ਦੇ ਨਾਲ-ਨਾਲ ਕਾਫ਼ੀ ਗੀਤ ਵੀ ਲਿਖੇ। ਉਹਨਾਂ ਦੇ ਮਸ਼ਹੂਰ ਗੀਤਾਂ ਦੇ ਬੋਲ ਹਨ ਆਹ ਲੈ ਮਾਏ ਸਾਂਭ ਕੁੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ ਅਤੇ ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ, ਅਸਾਂ ਨੀ ਕਨੌੜ ਝੱਲਣੀ,"ਜੁੱਤੀ ਲਗਦੀ ਹਾਣੀਆਂ ਮੇਰੇ ਵੇ ਪੁੱਟ ਨਾ ਪੁਲਾਂਘਾਂ ਲੰਮੀਆਂ "[2] ਇਸ ਦੇ ਨਾਲ ਹੀ ਉਹਨਾਂ ਦੇ ਧਾਰਮਿਕ ਗੀਤਾਂ ਦੇ ਐਲ. ਪੀ. ਰਿਕਾਰਡ( ਐਚ. ਐਮ. ਵੀ. ਕੰਪਨੀ) ‘ਸਾਕਾ ਚਾਂਦਨੀ ਚੌਕ’ ਅਤੇ ‘ਗੁਰੂ ਨਾਨਕ ਦੇਵ ਦੀਆਂ ਸਾਖੀਆਂ’ ਵੀ ਆਏ |

ਸਾਹਿਤਕ ਪੁਰਸਕਾਰ

ਸੋਧੋ

ਦੀਪਕ ਜੀ ਕਈ ਪੁਰਸਕਾਰਾਂ ਨਾਲ ਵੀ ਸਨਮਾਨਿਤ ਹੋਏ,ਆਪ ਜੀ ਨੂੰ ਸ਼੍ਰੋਮਣੀ ਪੰਜਾਬੀ ਕਵੀ ਸਨਮਾਨ,ਸਾਹਿਤ ਅਕਾਦਮੀ ਪੁਰਸਕਾਰ, ਡਾ. ਸਾਧੂ ਸਿੰਘ ਹਮਦਰਦ ਐਵਾਰਡ, ਕਰਤਾਰ ਸਿੰਘ ਧਾਲੀਵਾਲ ਐਵਾਰਡ, ਬਾਬਾ-ਏ- ਗ਼ਜ਼ਲ ਐਵਾਰਡ, ਮੀਰ ਤਕੀ ਮੀਰ ਐਵਾਰਡ ਅਤੇ ਹੋਰ ਅਨੇਕਾਂ ਸਾਹਿਤਕ ਐਵਾਰਡਾਂ ਨਾਲ ਨਿਵਾਜਿਆ ਗਿਆ |

‘ਦੀਪਕ ਗ਼ਜ਼ਲ ਸਕੂਲ’

ਸੋਧੋ

ਦੀਪਕ ਜੈਤੋਈ ਨੇ ਜਿੱਥੇ ਆਪ ਪੰਜਾਬੀ ਗ਼ਜ਼ਲ ਦਾ ਮਾਣ ਵਧਾਇਆ ਉਥੇ ਆਪਣੀ ਲੋਅ ਸਦਕਾ ਹੋਰ ਅਨੇਕਾਂ ਚਿਰਾਗ਼ ਬਾਲੇ, ਜਿਹੜੇ ਹੁਣ ਮਿਆਰੀ ਗ਼ਜ਼ਲ ਦੀ ਰਚਨਾ ਕਰਕੇ ਆਪਣਾ ਯੋਗਦਾਨ ਪਾ ਰਹੇ ਹਨ। ਉਹ ਆਪਣੇ ਸ਼ਾਗਿਰਦਾਂ ਨੂੰ ਤਰਾਸ਼ਣ ਵਿੱਚ ਵੀ ਬੜੀ ਮਿਹਨਤ ਕਰਦੇ ਸਨ। ਡਾਕ ਰਾਹੀਂ ਆਈਆਂ ਰਚਨਾਵਾਂ ਇਸਲਾਹ ਦੇ ਕੇ, ਗ਼ਜ਼ਲ ਦੇ ਨੁਕਤਿਆਂ ਬਾਰੇ ਆਪਣੇ ਸ਼ਾਗਿਰਦਾਂ ਨੂੰ ਚਿੱਠੀਆਂ ਰਾਹੀਂ ਸਮਝਾਉਂਦੇ ਵੀ। ਉਹਨਾਂ ਦੇ ਸ਼ਾਗਿਰਦਾਂ ਦਾ ਘੇਰਾ ਵਸੀਹ ਹੈ। ਉਹ ਅਕਸਰ ਕਿਹਾ ਕਰਦੇ ਸੀ:

ਜਿਸ ਨੂੰ ਵੀ ਕੋਈ ਸ਼ੱਕ ਹੈ ਪੜਤਾਲ ਕਰ ਲਵੇ,
ਵੱਡਾ ਜਨਾਬੇ ਦਾਗ਼ ਤੋਂ ਦੀਪਕ ਸਕੂਲ ਹੈ।

ਗ਼ਜ਼ਲ ਦੇ ਵਿਸਥਾਰ ਲਈ ‘ਦੀਪਕ ਗ਼ਜ਼ਲ ਸਕੂਲ’ ਦੀ ਸਥਾਪਨਾ ਕੀਤੀ | ਉਹਨਾਂ ਦੇ ਲਗਭਗ 350 ਦੇ ਕਰੀਬ ਸ਼ਾਗਿਰਦ ਰਹੇ(ਜਿਨਾਂ ਵਿੱਚੋਂ ਅਮਰਜੀਤ ਸੰਧੂ, ਡੀ. ਆਰ.ਧਵਨ, ਗੁਰਦਿਆਲ ਰੋਸ਼ਨ,ਲਾਲ ਫਿਰੋਜ਼ਪੁਰੀ(ਡਾ.ਹਰਜਿੰਦਰ ਸਿੰਘ ਲਾਲ ਫਿਰੋਜ਼ਪੁਰੀ, ਪ੍ਰਮੁੱਖ ਪੱਤਰਕਾਰ) ਸੁਲਖਣ ਸਰਹੱਦੀ, ਸੁਰਿੰਦਰਪ੍ਰੀਤ ਘਣੀਆਂ, ਦੇਵ ਰਾਊਕੇ, ਮੰਗਲ ਮਦਾਨ, ਗੁਰਮੀਤ ਮੀਤ, ਹਰਦਮ ਸਿੰਘ ਮਾਨ, ਜਗਜੀਤ ਜੱਗਾ, ਦਰਸ਼ਨ ਸਿੰਘ ਦਰਸ਼ਨ, ਤਿਰਲੋਕ ਵਰਮਾ,ਗੋਬਿੰਦ ਰਾਮ ਲਹਿਰੀ, ਜਗਰੂਪ ਮਾਨ ਆਦਿ ਮੁੱਖ ਸ਼ਾਗਿਰਦ ਰਹਿ ਹਨ|

ਦੀਪਕ ਜੀ ਨੂੰ ਕਾਫ਼ੀ ਆਰਥਿਕ ਤੰਗੀ ਦਾ ਵੀ ਸਾਹਮਣਾ ਕਰਨਾ ਪਿਆ,ਜਿਸਨੂੰ ਚਾਨਣ ਗੋਬਿੰਦਪੂਰੀ ਜੀ ਦਾ ਦੀਪਕ ਜੀ ਬਾਰੇ ਹੇਠਲਾ ਸ਼ੇਅਰ ਦਰਸਾਉਂਦਾ ਹੈ |

ਦੀਪਕ ਦਾ ਨਾਮ ਫੇਰ ਮੈਂ ਉਸ ਨੂੰ ਚਿਤਾਰਿਆ,
ਉਸ ਆਖਿਆ ਕਿ ਉਹ ਨੂੰ ਗਰੀਬੀ ਨੇ ਮਾਰਿਆ।

ਆਖਰੀ ਸਮਾਂ

ਸੋਧੋ

ਪੰਜਾਬੀ ਜ਼ੁਬਾਨ ਨੂੰ ਐਨੀਆਂ ਆਹਲਾ ਖ਼ਿਦਮਾਤ ਦੇਣ ਵਾਲਾ ਇਹ ਮਹਾਨ ਸ਼ਾਇਰ ਜ਼ਿੰਦਗੀ ਭਰ ਤੰਗਦਸਤੀ ਦਾ ਸ਼ਿਕਾਰ ਰਿਹਾ। ਆਪਣਾ ਸੁਨਿਆਰਪੁਣੇ ਦਾ ਜੱਦੀ ਪੁਸ਼ਤੀ ਕਿੱਤਾ ਛੱਡ ਕੇ ਪੰਜਾਬੀ ਗ਼ਜ਼ਲ ਨੂੰ ਮਕਬੂਲ ਬਣਾਉਣ ਵਿੱਚ ਜੁਟੇ ਰਹੇ ਦੀਪਕ ਜੈਤੋਈ ਨੇ ਸਾਰੀ ਉਮਰ ਦੋ ਕਮਰਿਆਂ ਵਾਲੇ ਘਰ ਵਿੱਚ ਗੁਜ਼ਾਰ ਦਿੱਤੀ ਜਿਹੜੇ ਅੰਤਲੇ ਸਮੇਂ ਤਾਂ ਬਿਲਕੁਲ ਖੋਲਾ ਹੀ ਬਣ ਗਿਆ ਸੀ। ਤੰਗਦਸਤੀ ਦਾ ਆਲਮ ਇਹ ਸੀ ਕਿ ਕਈ ਕਈ ਦਿਨ ਘਰ ਚੁੱਲ੍ਹਾ ਨਾ ਬਲਣਾ ਤੇ ਫਾਕਾਕਸ਼ੀ ਦੀ ਨੌਬਤ ਆ ਜਾਣੀ। ਬਿਜਲੀ ਦਾ ਬਿੱਲ ਨਾ ਭਰਿਆ ਜਾਂਦਾ ਤਾਂ ਕੁਨੈਕਸ਼ਨ ਕੱਟਿਆ ਜਾਂਦਾ। ਪਰ ਉਹਨਾਂ ਆਪਣੀ ਖੁਦਦਾਰੀ ‘ਤੇ ਆਂਚ ਨਹੀਂ ਆਉਣ ਦਿੱਤੀ। ਆਰਐਸਐਸ ਦੇ ਕਾਰਜਕਰਤਾ ਦੇ ਰੂਪ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਨਾਲ ਇੱਕੋ ਮੰਚ ਤੋਂ ਕਵਿਤਾਵਾਂ ਪੜ੍ਹਦੇ ਰਹੇ ਦੀਪਕ ਜੈਤੋਈ ਨੇ ਉਹਨਾਂ ਅੱਗੇ ਵੀ ਕਦੇ ਹੱਥ ਨਾ ਫੈਲਾਇਆ: ਕਦੇ ਜ਼ਿਕਰ ਚੱਲਣਾ ਤਾਂ ਨਿਹੋਰਾ ਮਾਰਦੇ,’ਉਹਨੂੰ ਕਿਹੜਾ ਦਿਸਦਾ ਨਹੀਂ ਜੇ ਕੁਝ ਸਹਾਇਤਾ ਕਰਨੀ ਹੁੰਦੀ ਤਾਂ ਕਰ ਦਿੰਦਾ।’ ਉਹ ਅਕਸਰ ਇਹ ਵੀ ਆਖਦੇ:

ਛਿੱਥਾ ਪਈਦੈ ਅਕਸਰ ਯਾਰਾਂ ਦੇ ਕੋਲ ਰੋ ਕੇ,
ਹਰ ਦਰਦ ਆਪਣੇ ਦਿਲ ਦਾ ਰੱਖਦੈਂ ਮੈਂ ਤਾਂ ਲਕੋ ਕੇ।

ਸਰਕਾਰ ਨੇ ਅੰਤਲੇ ਸਮੇਂ ਉਹਨਾਂ ਦੀ ਇੱਕ ਲੱਖ ਰੁਪਏ ਨਾਲ ਮਦਦ ਕੀਤੀ। ਸਰਕਾਰੀ ਰਵੱਈਏ ਬਾਰੇ ਉਹ ਇੱਕ ਸ਼ੇਅਰ ਕਹਿੰਦੇ ਸਨ :

ਇਨਾਮ ਓਸੇ ਨੂੰ ਹੈ ਸਰਕਾਰ ਦਿੰਦੀ,
ਜੋ ਸ਼ਾਇਰ ਝੋਲੀ ਚੁੱਕ ਸਰਕਾਰ ਦਾ ਹੈ।

ਦੀਪਕ ਦਾ ਅਦਬੀ ਜਗਤ ਵਿੱਚ ਵੱਡਾ ਮੁਕਾਮ ਸੀ ਜੋ ਉਹਨਾਂ ਦੇ ਜਾਣ ਮਗਰੋਂ ਵੀ ਕਾਇਮ ਹੈ। ਉਹਨਾਂ ਨੂੰ ਆਪਣੀ ਫ਼ਨੀ ਕਾਬਲੀਅਤ ‘ਤੇ ਮਾਣ ਸੀ, ਪਰ ਹੰਕਾਰ ਨਹੀਂ ਸੀ। ਉਹਨਾਂ ਦੇ ਸ਼ੇਅਰ ਇਸ ਗੱਲ ਦੀ ਗਵਾਹੀ ਭਰਦੇ ਹਨ :

‘ਦੀਪਕ’ ਦੇ ਬਾਰੇ ਪੁੱਛਿਐ? ਤਾਂ ਮੈਂ ਕਹਾਂਗਾ ਸਾਫ਼
ਸ਼ਾਇਰ ਬੁਰਾ ਜ਼ਰੂਰ ਹੈ; ਬੰਦਾ ਬੁਰਾ ਨਹੀਂ।

ਜਾਂ

ਤੇਰੇ ਸ਼ਾਇਰਾਨਾ ਫ਼ਨ ਦੀ ਹੈ ਜ਼ਰੂਰ ਦੁਨੀਆਂ ਕਾਇਲ,
ਤੈਨੂੰ ਦੀਪਕਾ ਮੁਹਾਰਤ ਨਾ ਤਾਂ ਸੀ- ਨਾ ਹੈ- ਨਾ ਹੋਊ।

ਸ਼ਾਇਰੀ ਦਾ ਲਟ ਲਟ ਬਲਦਾ ਇਹ ਦੀਪਕ 12 ਫਰਵਰੀ 2005 ਨੂੰ ਜਿਸਮਾਨੀ ਤੌਰ ‘ਤੇ ਭਾਵੇਂ ਬੁਝ ਗਿਆ।ਉਸ ਵਕਤ ਉਹ 85 ਵਰ੍ਹਿਆਂ ਦੇ ਸਨ[3] |ਉਹਨਾਂ ਦੇ ਜੀਵਨ ਅਤੇ ਲੇਖਨ ਤੇ 'ਦੀਪਕ ਦੀ ਦੀਪਮਾਲਾ' 'ਭੁਪਿੰਦਰ ਜੈਤੋ' ਨੇ ਲਿਖੀ ਹੈ, ਜਿਸਨੂੰ ਜੈਤੋ ਵਿਖੇ 20 ਜਨਵਰੀ,2008 ਨੂੰ ਸੁਰਜੀਤ ਪਾਤਰ ਜੀ ਅਤੇ ਗਿਆਨਪੀਠ ਅਵਾਰਡੀ ਗੁਰਦਿਆਲ ਸਿੰਘਜੀ ਦੀ ਅਗਵਾਈ ਹੇਠ ਰਿਲੀਜ਼ ਕੀਤਾ ਗਿਆ| ਉਹਨਾਂ ਦੀ ਮਹਾਨ ਸ਼ਾਇਰੀ ਅੱਜ ਵੀ ਸ਼ਾਇਰੀ ਦੇ ਸ਼ੌਕੀਨਾਂ ਲਈ ਕਿਸੇ ਅੰਮ੍ਰਿਤਜਲ ਵਰਗੀ ਹੈ ਅਤੇ ਪੰਜ਼ਾਬੀ ਗਜ਼ਲਗੋ ਅਤੇ ਸ਼ਾਇਰਾਂ ਨੂੰ ਸੇਧ ਦੇ ਰਹੀ ਹੈ |

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 2016-03-05. Retrieved 2012-09-07.
  2. http://harmeetsinghsidhu.wordpress.com/2010/06/13/dil-ik-hai-deepak-jatoi/
  3. ਹਰਮੇਲ ਪਰੀਤ "ਉਸਤਾਦ ਸ਼ਾਇਰ ਸੀ ਦੀਪਕ ਜੈਤੋਈ"