ਦ ਪ੍ਰੈਸਟੀਜ (ਫ਼ਿਲਮ)

ਦ ਪ੍ਰੈਸਟੀਜ 2006 ਵਿੱਚ ਬਣੀ ਇੱਕ ਬ੍ਰਿਟਿਸ਼-ਅਮਰੀਕੀ ਰਹੱਸਮਈ ਰੁਮਾਂਚਕ ਫ਼ਿਲਮ ਹੈ ਜਿਸਦਾ ਨਿਰਦੇਸ਼ਨ ਕ੍ਰਿਸਟੋਫ਼ਰ ਨੋਲਨ ਨੇ ਕੀਤਾ ਹੈ ਅਤੇ ਇਸਦੀ ਸਕ੍ਰੀਨਪਲੇ ਉਸਦੇ ਭਰਾ ਜੋਨਾਥਨ ਨੋਲਨ ਨੇ ਕ੍ਰਿਸਟੋਫ਼ਰ ਪ੍ਰੀਸਟ ਦੇ 1995 ਦੇ ਨਾਵਲ ਦ ਪ੍ਰੈਸਟੀਜ ਤੋਂ ਲਈ ਸੀ। ਇਸ ਫ਼ਿਲਮ ਦੀ ਕਹਾਣੀ ਰੌਬਰਟ ਐਂਗੀਅਰ ਅਤੇ ਐਲਫ਼ਰੈਡ ਬੌਰਡਨ ਦੇ ਦੁਆਲੇ ਘੁੰਮਦੀ ਹੈ ਜਿਹੜੇ ਇੱਕ-ਦੂਜੇ ਦੇ ਵਿਰੋਧੀ ਜਾਦੂਗਰ ਹਨ। ਇਹ ਦੋਵੇਂ ਜਾਦੂਗਰ 19ਵੀਂ ਸ਼ਤਾਬਦੀ ਦੇ ਅੰਤ ਦੇ ਸਾਲਾਂ ਵਿੱਚ ਲੰਡਨ ਵਿੱਚ ਰਹਿ ਰਹੇ ਹਨ। ਸਭ ਤੋਂ ਜ਼ਿਆਦਾ ਭਰਮਾਉਣ ਵਾਲੇ ਜਾਦੂ ਕਰਨ ਅਤੇ ਇੱਕ-ਦੂਜੇ ਨੂੰ ਹਰਾਉਣ ਲਈ ਬਹੁਤ ਹੀ ਦਰਦਨਾਕ ਨਤੀਜਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਦ ਪ੍ਰੈਸਟੀਜ
ਫ਼ਿਲਮ ਦਾ ਪੋਸਟਰ
ਨਿਰਦੇਸ਼ਕਕ੍ਰਿਸਟੋਫ਼ਰ ਨੋਲਨ
ਸਕਰੀਨਪਲੇਅ
ਨਿਰਮਾਤਾ
ਸਿਤਾਰੇ
ਸਿਨੇਮਾਕਾਰਵਾਲੀ ਫ਼ਿਸਟਰ
ਸੰਪਾਦਕਲੀ ਸਮਿੱਥ
ਸੰਗੀਤਕਾਰਡੇਵਿਡ ਜੂਲੀਆਨ
ਡਿਸਟ੍ਰੀਬਿਊਟਰ
ਰਿਲੀਜ਼ ਮਿਤੀਆਂ
  • ਅਕਤੂਬਰ 17, 2006 (2006-10-17) (ਏਲ ਕਪੀਤਾਨ ਥੀਏਟਰ)
  • ਅਕਤੂਬਰ 20, 2006 (2006-10-20) (ਸੰਯੁਕਤ ਰਾਜ ਅਮਰੀਕਾ)
  • ਨਵੰਬਰ 10, 2006 (2006-11-10) (ਇੰਗਲੈਂਡ)
ਮਿਆਦ
130 ਮਿੰਟ
ਦੇਸ਼
  • ਇੰਗਲੈਂਡ[1]
  • ਸੰਯੁਕਤ ਰਾਜ ਅਮਰੀਕਾ[1]
ਭਾਸ਼ਾਅੰਗਰੇਜ਼ੀ
ਬਜ਼ਟ$40 ਮਿਲੀਅਨ[2]
ਬਾਕਸ ਆਫ਼ਿਸ$109 ਮਿਲੀਅਨ[2]

ਇਸ ਫ਼ਿਲਮ ਵਿੱਚ ਹੀਊ ਜੈਕਮੈਨ ਨੇ ਰੌਬਰਟ ਐਂਗੀਅਰ, ਕ੍ਰਿਸਟੀਅਨ ਬੇਲ ਨੇ ਐਲਫ਼ਰੈਡ ਬੌਰਡਨ ਅਤੇ ਡੇਵਿਡ ਬੋਵੀ ਨੇ ਨਿਕੋਲਾ ਟੈਸਲਾ ਦੀ ਭੂਮਿਕਾ ਅਦਾ ਕੀਤੀ ਹੈ। ਇਸ ਤੋਂ ਇਲਾਵਾ ਇਸ ਫ਼ਿਲਮ ਵਿੱਚ ਸਕਾਰਲੈਟ ਜੋਹਾਨਸਨ, ਮਾਈਕਲ ਕੇਨ, ਪਾਈਪਰ ਪੇਰਾਬੋ, ਐਂਡੀ ਸੇਰਕਿਸ ਅਤੇ ਰੇਬੈਕਾ ਹਾਲ ਨੇ ਵੀ ਅਦਾਕਾਰੀ ਕੀਤੀ ਹੈ। ਇਸ ਫ਼ਿਲਮ ਵਿੱਚ ਨੋਲਨ ਨੇ ਅਦਾਕਾਰ ਬੇਲ ਅਤੇ ਕੇਨ ਨਾਲ ਇੱਕ ਵਾਰ ਫਿਰ ਤੋਂ ਕੰਮ ਕੀਤਾ ਅਤੇ ਇਸ ਤੋਂ ਪਹਿਲਾਂ ਇਹ ਬੈਟਮੈਨ ਬਿਗਿਨਜ਼ ਵਿੱਚ ਵੀ ਇਕੱਠੇ ਕੰਮ ਕਰ ਚੁੱਕੇ ਸਨ।

ਇਹ ਫ਼ਿਲਮ 20 ਅਕਤੂਬਰ, 2006 ਨੂੰ ਰਿਲੀਜ਼ ਹੋਈ ਸੀ ਅਤੇ ਇਸਨੂੰ ਬਹੁਤ ਵਧੀਆ ਆਲੋਚਨਾਵਾਂ ਮਿਲੀਆਂ। ਬਾਕਸ ਆਫ਼ਿਸ ਤੇ ਇਸਦੇ ਨਤੀਜੇ ਸ਼ਾਨਦਾਰ ਸਨ। ਇਹ ਫ਼ਿਲਮ ਸਭ ਤੋਂ ਵਧੀਆ ਸਿਨੇਮਾਟੋਗ੍ਰਾਫੀ ਅਤੇ ਸਭ ਤੋਂ ਵਧੀਆ ਆਰਟ ਨਿਰਦੇਸ਼ਨ ਲਈ ਅਕਾਦਮੀ ਅਵਾਰਡ ਲਈ ਵੀ ਨਾਮਜ਼ਦ ਹੋਈ। ਸਕੂਪ ਅਤੇ ਦ ਇਲਿਊਜ਼ਨਿਸਟ ਤੋਂ ਇਲਾਵਾ ਇਹ ਸਾਲ 2006 ਵਿੱਚ ਰਿਲੀਜ਼ ਹੋਣ ਵਾਲੀ ਸਟੇਜ ਜਾਦੂਗਰਾਂ ਦੀ ਦੁਨੀਆ ਤੇ ਅਧਾਰਿਤ ਤੀਜੀ ਫ਼ਿਲਮ ਸੀ।

ਕਹਾਣੀ ਸੋਧੋ

ਸੰਨ 1890 ਵਿੱਚ ਜਾਦੂਗਰ ਐਂਗੀਅਰ ਇੱਕ ਭਰੇ ਹੋਏ ਥੀਏਟਰ ਵਿੱਚ ਇੱਕ ਆਦਮੀ ਨੂੰ ਇੱਕਦਮ ਦੂਜੀ ਥਾਂ ਭੇਜਣ ਦਾ ਜਾਦੂ ਵਿਖਾਉਂਦਾ ਹੈ। ਉਸਦਾ ਸ਼ਰੀਕ ਜਾਦੂਗਰ ਐਲਫ਼ਰੈਡ ਬੌਰਡਨ ਸਟੇਜ ਹੇਠਾਂ ਘਿਸੜਦਾ ਜਾ ਰਿਹਾ ਹੈ। ਟਰਿਕ ਦੇ ਅੰਤ ਵਿੱਚ ਐਂਗੀਅਰ ਇੱਕ ਲੁਕਵੀਂ ਬਾਰੀ ਦੁਆਰਾ ਸਟੇਜ ਦੇ ਹੇਠਾਂ ਪਈ ਇੱਕ ਪਾਣੀ ਨਾਲ ਭਰੀ ਪਾਰਦਰਸ਼ੀ ਟੈਂਕੀ ਵਿੱਚ ਡਿੱਗਦਾ ਹੈ ਅਤੇ ਬੌਰਡਨ ਉਸਨੂੰ ਡੁੱਬਦੇ ਹੋਏ ਵੇਖਦਾ ਹੈ।

ਬੌਰਡਨ ਦੇ ਉੱਪਰ ਕਤਲ ਦੇ ਮਕੱਦਮੇ ਵਿੱਚ ਐਂਗੀਅਰ ਦਾ ਇੰਜੀਨੀਅਰ ਜੌਨ ਕਟਰ ਬਿਆਨ ਦਿੰਦਾ ਹੈ ਕਿ ਬੌਰਡਨ ਨੇ ਪਾਣੀ ਦੀ ਭਰੀ ਟੈਂਕੀ ਨੂੰ ਲੁਕਵੀਂ ਬਾਰੀ ਦੇ ਹੇਠਾਂ ਖਿਸਕਾ ਦਿੱਤਾ ਸੀ ਤਾਂ ਕਿ ਉਹ ਐਂਗੀਅਰ ਨੂੰ ਉਸਨੂੰ ਉਸਦੇ ਜਾਦੂ ਦੇ ਸ਼ੋਅ ਦੌਰਾਨ ਕਤਲ ਕਰ ਸਕੇ। ਬੌਰੀਅਨ ਨੂੰ ਜੇਲ ਵਿੱਚ ਇੱਕ ਏਜੰਟ ਲੌਰਡ ਕਾਲਡਲੋ ਮਿਲਣ ਲਈ ਆਉਂਦਾ ਹੈ ਜਿਹੜਾ ਕਿ ਬੌਰਡਨ ਦੀਆਂ ਸਾਰੀਆਂ ਜਾਦੂ ਦੀਆਂ ਕਰਾਮਾਤਾਂ ਬਦਲੇ ਉਸਦੀ ਧੀ ਜੈਸ ਦੀ ਦੇਖਭਾਲ ਕਰਨ ਦੀ ਪੇਸ਼ਕਸ਼ ਰੱਖਦਾ ਹੈ। ਇਸ ਦੌਰਾਨ ਕਾਲਡਲੋ ਬੌਰਡਨ ਨੂੰ ਐਂਗੀਅਰ ਦੀ ਡਾਇਰੀ ਦੀ ਇੱਕ ਕਾਪੀ ਦਿੰਦਾ ਹੈ ਜਿਸਨੂੰ ਜਿਸਨੂੰ ਬੌਰਡਨ ਪੜ੍ਹਨ ਲੱਗਦਾ ਹੈ।

ਕਾਫ਼ੀ ਸਾਲ ਪਹਿਲਾਂ ਐਂਗੀਅਰ ਅਤੇ ਬੌਰਡਨ ਜਿਹੜੇ ਇੱਕ ਜਾਦੂਗਰ ਮਿਲਟਨ ਦੇ ਲਈ ਸ਼ਿੱਲ (ਜਿਹੜੇ ਆਦਮੀ ਲੁਕਵੇਂ ਤਰੀਕੇ ਨਾਲ ਆਪਣੇ-ਆਪ ਨੂੰ ਗੁਪਤ ਰੱਖ ਕੇ ਕਿਸੇ ਜਾਦੂਗਰ ਦਾ ਕੰਮ ਕਰਦੇ ਹਨ) ਦਾ ਕੰਮ ਕਰਦੇ ਸਨ ਜਿਸ ਵਿੱਚ ਕਟਰ ਅਤੇ ਜੂਲੀਆ ਵੀ ਸ਼ਾਮਿਲ ਸਨ, ਜਿਹੜੀ ਕਿ ਐਂਗੀਅਰ ਦੀ ਪਤਨੀ ਸੀ। ਮਿਲਟਨ ਦਾ ਮਸ਼ਹੂਰ ਟਰਿੱਕ ਪਾਣੀ ਨਾਲ ਭਰੀ ਟੈਂਕੀ ਵਾਲੀ ਟਰਿੱਕ ਸੀ, ਜਿੱਥੇ ਕਿ ਜੂਲੀਆ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ ਜਾਂਦਾ ਸੀ ਅਤੇ ਇੱਕ ਪਾਣੀ ਨਾਲ ਭਰੀ ਟੈਂਕੀ ਵਿੱਚ ਸੁੱਟ ਦਿੱਤਾ ਜਾਂਦਾ ਸੀ ਜਿੱਥੇ ਕਿ ਉਹ ਖੁਦ ਨੂੂੰ ਆਜ਼ਾਦ ਕਰਦੀ ਹੈ। ਇੱਕ ਵਾਰ ਬੌਰਡਨ ਉਸਨੂੰ ਇੱਕ ਫ਼ਿਸਲਵੀਂ ਗੰਢ (Slip Knot) ਵਿੱਚ ਬੰਨ੍ਹ ਦਿੰਦਾ ਹੈ ਤਾਂ ਜੂਲੀਆ ਉਸ ਗੰਢ ਨੂੰ ਖਿੱਚ ਕੇ ਆਜ਼ਾਦ ਨਹੀਂ ਹੋ ਪਾਉਂਦੀ ਅਤੇ ਉਹ ਪਾਣੀ ਵਿੱਚ ਡੁੱਬ ਕੇ ਮਰ ਜਾਂਦੀ ਹੈ। ਇਹ ਹੋਣ ਨਾਲ ਐਂਗੀਅਰ ਦੇ ਮਨ ਨੂੰ ਬਹੁਤ ਡੂੰਘੀ ਸੱਟ ਲੱਗਦੀ ਹੈ ਅਤੇ ਅੰਦਰੋ-ਅੰਦਰ ਉਸਦਾ ਮਨ ਬੌਰਡਨ ਦੇ ਖ਼ਿਲਾਫ਼ ਗੁੱਸੇ ਨਾਲ ਭਰ ਜਾਂਦਾ ਹੈ।

ਬੌਰਡਨ ਆਪਣਾ ਜਾਦੂ ਦਾ ਪੇਸ਼ਾ ਇਕੱਲਾ ਸ਼ੁਰੂ ਕਰ ਦਿੰਦਾ ਹੈ ਅਤੇ ਉਹ ਹਮੇਸ਼ਾ ਚੁੱਪ ਰਹਿਣ ਵਾਲੇ ਰਹੱਸਮਈ ਇਨਸਾਨ ਫ਼ੈਲਨ ਨੂੰ ਇੰਜੀਨੀਅਰ ਦੇ ਤੌਰ 'ਤੇ ਆਪਣੇ ਨਾਲ ਰੱਖਦਾ ਹੈ। ਬੌਰਡਨ ਦਾ ਵਿਆਹ ਸਾਰਾਹ ਨਾਲ ਹੋ ਜਾਂਦਾ ਹੈ ਅਤੇ ਉਸਦੇ ਘਰ ਇੱਕ ਕੁੜੀ ਦਾ ਜਨਮ ਹੁੰਦਾ ਹੈ ਜਿਸਦਾ ਨਾਮ ਜੈਸ ਹੈ। ਪਰ ਉਹਨਾਂ ਦਾ ਰਿਸ਼ਤੇ ਵਿੱਚ ਤੇੜ ਆ ਜਾਂਦੀ ਹੈ ਕਿਉਂਕਿ ਸਾਰਾਹ ਨੂੰ ਲੱਗਦਾ ਹੈ ਕਿ ਉਹ ਉਸ ਤੋਂ ਕੁਝ ਰਾਜ਼ ਛੁਪਾ ਕੇ ਰੱਖਦਾ ਹੈ ਅਤੇ ਉਹ ਉਸ ਨਾਲ ਝੂਠ ਬੋਲਦਾ ਹੈ। ਬੌਰਡਨ ਦੇ ਪਹਿਲੇ ਸ਼ੋਅ ਤੇ ਉਸਦੀ ਗੋਲੀ ਫ਼ੜਨ ਵਾਲੀ ਟਰਿੱਕ ਨੂੰ ਐਂਗੀਅਰ ਦੁਆਰਾ ਜਾਣ-ਬੁੱਝ ਕੇ ਵਿਗਾੜ ਦਿੱਤਾ ਜਾਂਦਾ ਹੈ ਜਿਸ ਨਾਲ ਬੌਰਡਨ ਆਪਣੀਆਂ ਦੋ ਉਂਗਲਾਂ ਗਵਾ ਦਿੰਦਾ ਹੈ। ਐਂਗੀਅਰ ਵੀ ਆਪਣਾ ਜਾਦੂ ਦਾ ਪੇਸ਼ਾ ਕਰਦਾ ਹੈ ਜਿਸ ਵਿੱਚ ਉਹ ਓਲੀਵੀਆ ਵੈਂਸਕੌਂਬ ਨੂੰ ਆਪਣੀ ਸਹਾਇਕ ਦੇ ਤੌਰ 'ਤੇ ਰੱਖਦਾ ਹੈ ਅਤੇ ਕਟਰ ਨੂੰ ਆਪਣੇ ਇੰਜੀਨੀਅਰ ਦੇ ਤੌਰ 'ਤੇ ਰੱਖਦਾ ਹੈ। ਐਂਗੀਅਰ ਦੇ ਇੱਕ ਫ਼ਾਈਨਲ ਸ਼ੋਅ ਦੇ ਦੌਰਾਨ ਬੌਰਡਨ ਉਸਦੀ ਟਰਿੱਕ (ਪੰਛੀ ਗਾਇਬ ਕਰਨ ਵਾਲਾ ਜਾਦੂ) ਨੂੰ ਲੋਕਾਂ ਦੇ ਸਾਹਮਣੇ ਜ਼ਾਹਿਰ ਕਰ ਦਿੰਦਾ ਹੈ ਜਿਸ ਨਾਲ ਐਂਗੀਅਰ ਦੀ ਸਾਖ਼ ਨੂੰ ਬਹੁਤ ਸੱਟ ਲੱਗਦੀ ਹੈ।

ਐਂਗੀਅਰ ਨੂੰ ਬੌਰਡਨ ਦੀ ਨਵੀਂ ਸ਼ਾਨਦਾਰ ਟਰਿੱਕ ਦ ਟਰਾਂਸਪੋਰਟਿਡ ਮੈਨ (ਜਿਸ ਵਿੱਚ ਇੱਕ ਆਦਮੀ ਨੂੰ ਪਲਕ ਝਪਕਦੇ ਹੀ ਦੂਜੀ ਥਾਂ ਭੇਜਿਆ ਜਾ ਸਕਦਾ ਹੈ) ਦਾ ਪਤਾ ਲੱਗਦਾ ਹੈ ਅਤੇ ਉਹ ਇਸਨੂੰ ਚੋਰੀ ਕਰ ਲੈਂਦਾ ਹੈ। ਕਟਰ ਅਤੇ ਓਲੀਵੀਆ, ਰੂਟ ਨੂੰ ਲੱਭਦੇ ਹਨ ਜਿਹੜਾ ਕਿ ਇੱਕ ਵਿਹਲਾ ਐਕਟਰ ਹੈ ਅਤੇ ਵੇਖਣ ਵਿੱਚ ਬਿਲਕੁਲ ਐਂਗੀਅਰ ਵਰਗਾ ਹੈ। ਦ ਨਿਊ ਟਰਾਂਸਪੋਰਟਿਡ ਮੈਨ ਨੂੰ ਬਹੁਤ ਸਫ਼ਲਤਾ ਮਿਲਦੀ ਹੈ ਪਰ ਐਂਗੀਅਰ ਇਸ ਤੋਂ ਕੋਈ ਬਹੁਤਾ ਖ਼ੁਸ਼ ਨਹੀਂ ਹੈ ਕਿਉਂਕਿ ਟਰਿੱਕ ਦੇ ਅੰਤ ਵਿੱਚ ਉਸਨੂੰ ਸਟੇਜ ਦੇ ਹੇਠਾਂ ਜਾਣਾ ਪੈਂਦਾ ਹੈ ਅਤੇ ਉਸਦੇ ਹਮਸ਼ਕਲ ਰੂਟ ਦੇ ਸਾਹਮਣੇ ਲੋਕ ਤਾੜੀਆਂ ਵਜਾਉਂਦੇ ਹਨ। ਬੌਰਡਨ ਦੀ ਟਰਿੱਕ ਦਾ ਅਸਲ ਭੇਦ ਜਾਣਨ ਲਈ ਉਹ ਓਲੀਵੀਆ ਨੂੰ ਉਸਦੇ ਪਿੱਛੇ ਲਾ ਦਿੰਦਾ ਹੈ। ਪਰ ਉਹ ਬੌਰਡਨ ਦੀ ਇਸ ਟਰਿੱਕ ਵਿੱਚ ਹੋਰ ਸੁਧਾਰ ਕਰ ਦਿੰਦੀ ਹੈ ਜਿਸ ਨਾਲ ਉਸਦੀ ਟਰਿੱਕ ਹੋਰ ਮਸ਼ਹੂਰ ਹੋ ਜਾਂਦੀ ਹੈ। ਇਸ ਪਿੱਛੋਂ ਬੌਰਡਨ ਐਂਗੀਅਰ ਦੇ ਸ਼ੋਅ ਨੂੰ ਖ਼ਰਾਬ ਕਰਦਾ ਹੈ, ਉਸਦੀ ਬੇਇੱਜ਼ਤੀ ਕਰਦਾ ਹੈ ਅਤੇ ਟਰਿੱਕ ਦੌਰਾਨ ਸਟੇਜ ਹੇਠਾਂ ਗੜਬੜ ਕਰਕੇ ਉਹ ਐਂਗੀਅਰ ਨੂੰ ਜ਼ਖ਼ਮੀ ਵੀ ਕਰ ਦਿੰਦਾ ਹੈ, ਜਿਸ ਨਾਲ ਐਂਗੀਅਰ ਹਮੇਸ਼ਾ ਲਈ ਲੰਗੜਾ ਹੋ ਜਾਂਦਾ ਹੈ। ਐਂਗੀਅਰ ਓਲੀਵੀਆ ਨਾਲ ਝਗੜਦਾ ਹੈ ਜਿਹੜੀ ਜਵਾਬ ਵਿੱਚ ਕਹਿੰਦੀ ਹੈ ਕਿ ਉਹ ਬੌਰਡਨ ਨੂੰ ਪਿਆਰ ਕਰਦੀ ਹੈ ਅਤੇ ਐਂਗੀਅਰ ਨੂੰ ਬੌਰਡਨ ਦੀ ਡਾਇਰੀ ਦੀ ਇੱਕ ਕਾਪੀ ਦਿੰਦੀ ਹੈ। ਇਹ ਡਾਇਰੀ ਪੂਰੀ ਤਰ੍ਹਾਂ ਕੋਡਾਂ ਨਾਲ ਲਿਖੀ ਹੋਈ ਸੀ। ਐਂਗੀਅਰ ਅਤੇ ਕਟਰ ਮਿਲ ਕੇ ਫ਼ੈਲਨ ਨੂੰ ਅਗਵਾਹ ਕਰ ਲੈਂਦੇ ਹਨ ਅਤੇ ਉਸ ਦੁਆਰਾ ਦੱਸੇ ਕੋਡਵਰਡ ਟੈਸਲਾ ਦਾ ਆਪਣੇ ਮੁਤਾਬਿਕ ਸਿੱਟਾ ਕੱਢਦੇ ਹਨ। ਐਂਗੀਅਰ, ਟੈਸਲਾ ਨੂੰ ਲੱਭਣ ਲਈ ਅਮਰੀਕਾ ਜਾਂਦਾ ਹੈ, ਅਤੇ ਬੌਰਡਨ ਦਾ ਓਲੀਵੀਆ ਨਾਲ ਪਿਆਰ ਜਾਰੀ ਰਹਿੰਦਾ ਹੈ। ਸਾਰਾਹ ਬੌਰਡਨ ਦੀਆਂ ਹਰਕਤਾਂ ਤੋਂ ਬਹੁਤ ਪਰੇਸ਼ਾਨ ਹੋ ਜਾਂਦੀ ਹੈ ਅਤੇ ਪੂਰੀ ਤਰ੍ਹਾਂ ਨਿਰਾਸ਼ ਹੋ ਕੇ ਖ਼ੁਦਕੁਸ਼ੀ ਕਰ ਲੈਂਦੀ ਹੈ।

ਅਮਰੀਕਾ ਜਾ ਕੇ ਐਂਗੀਅਰ ਵਿਗਿਆਨੀ ਨਿਕੋਲਾ ਟੈਸਲਾ ਨੂੰ ਮਿਲਦਾ ਹੈ ਅਤੇ ਉਸਨੂੰ ਕਹਿੰਦਾ ਹੈ ਕਿ ਉਹ ਉਸਨੂੰ ਉਹੀ ਮਸ਼ੀਨ ਬਣਾ ਕੇ ਦੇਵੇ ਜਿਹੜੀ ਉਸਨੇ ਬੌਰਡਨ ਲਈ ਬਣਾਈ ਹੈ। ਟੈਸਲਾ ਦੇ ਕੰਮ ਕਰਨ ਦੇ ਦੌਰਾਨ ਐਂਗੀਅਰ, ਬੌਰਡਨ ਦੀ ਕੋਡਾਂ ਨਾਲ ਲਿਖੀ ਡਾਇਰੀ ਦੇ ਮਤਲਬ ਜਾਣਨ ਦੀ ਕੋਸ਼ਿਸ਼ ਕਰਦਾ ਹੈ ਅਤੇ ਉਸਨੂੰ ਪਤਾ ਲੱਗਦਾ ਹੈ ਕਿ ਇਹ ਸਿਰਫ਼ ਇੱਕ ਫ਼ਰੇਬ ਹੈ। ਬੌਰਡਨ ਮੰਨ ਲੈਂਦਾ ਹੈ ਕਿ ਟੈਸਲਾ ਦਾ ਉਸਦੀ ਟਰਿੱਕ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਬੌਰਡਨ ਨੇ ਉਹ ਡਾਇਰੀ ਓਲੀਵੀਆ ਦੇ ਹੱਥੋਂ ਇਸ ਲਈ ਭਿਜਵਾਈ ਸੀ ਤਾਂ ਕਿ ਉਹ ਦੂਰ ਜਾ ਸਕੇ। ਐਂਗੀਅਰ ਟੈਸਲਾ ਨੂੰ ਇਸਦੇ ਬਾਰੇ ਸਵਾਲ ਕਰਦਾ ਹੈ ਅਤੇ ਟੈਸਲਾ ਮੰਨ ਲੈਂਦਾ ਹੈ ਕਿ ਉਸਨੇ ਬੌਰਡਨ ਦੇ ਕੋਈ ਅਜਿਹੀ ਮਸ਼ੀਨ ਨਹੀਂ ਬਣਾਈ ਸੀ ਜਿਹੜੀ ਕਿਸੇ ਆਦਮੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਭੇਜ ਸਕੇ। ਪਰ ਟੈਸਲਾ ਉਸਨੂੰ ਇਹ ਵੀ ਕਹਿੰਦਾ ਹੈ ਕਿ ਉਸਨੇ ਉਸਦੇ ਲਈ ਇੱਕ ਅਜਿਹੀ ਮਸ਼ੀਨੀ ਤਿਆਰ ਕਰ ਲਈ ਹੈ ਜਿਸ ਨਾਲ ਇੱਕ ਆਦਮੀ ਦਾ ਅਕਸ ਦੂਜੀ ਥਾਂ ਤੇ ਕੁਝ ਦੂਰੀ ਨਾਲ ਵੇਖਿਆ ਜਾ ਸਕਦਾ ਹੈ। ਜਦੋਂ ਟੈਸਲਾ ਜਾਂਦਾ ਹੈ ਤਾਂ ਉਹ ਐਂਗੀਅਰ ਨੂੰ ਸਲਾਹ ਦਿੰਦਾ ਹੈ ਕਿ ਉਹ ਉਸ ਮਸ਼ੀਨ ਨੂੰ ਤਬਾਹ ਕਰ ਦੇਵੇ।

ਲੰਡਨ ਵਾਪਿਸ ਆ ਕੇ ਐਂਗੀਅਰ ਦ ਰੀਅਲ ਟਰਾਂਸਪੋਰਟਿਡ ਮੈਨ ਦੀ ਸ਼ੁਰੂਆਤ ਕਰਦਾ ਹੈ ਜਿਸ ਵਿੱਚ ਉਹ ਮਸ਼ੀਨ ਦੀ ਇਲੈਕਟ੍ਰੀਕਲ ਫ਼ੀਲਡ ਵਿੱਚ ਗਾਇਬ ਹੋ ਜਾਂਦਾ ਹੈ ਅਤੇ ਹਾਲ ਦੇ ਉੱਪਰ ਵਾਲੀ ਬਾਲਕੋਨੀ ਵਿੱਚ ਇੱਕਦਮ ਪਰਗਟ ਹੋ ਜਾਂਦਾ ਹੈ। ਇਸ ਟਰਿੱਕ ਦੀ ਸਫ਼ਲਤਾ ਤੋਂ ਪਰੇਸ਼ਾਨ ਬੌਰਡਨ ਸਟੇਜ ਦੇ ਪਿੱਛੇ ਹੋਣ ਵਾਲੀ ਕਾਰਵਾਈ ਦੀ ਜਾਂਚ ਕਰਨ ਲਈ ਜਾਂਦਾ ਹੈ ਅਤੇ ਉਹ ਵੇਖਦਾ ਹੈ ਕਿ ਐਂਗੀਅਰ ਇੱਕ ਲੁਕਵੀਂ ਬਾਰੀ ਰਾਹੀਂ ਇੱਕ ਪਾਣੀ ਨਾਲ ਭਰੇ ਟੈਂਕ ਵਿੱਚ ਡਿੱਗਦਾ ਹੈ ਅਤੇ ਮਰ ਜਾਂਦਾ ਹੈ। ਕਟਰ ਉਸਨੂੰ ਮੌਕੇ ਤੇ ਵੇਖ ਲੈਂਦਾ ਹੈ ਅਤੇ ਬੌਰਡਨ ਨੂੰ ਗਿਰਫ਼ਤਾਰ ਕਰ ਲਿਆ ਜਾਂਦਾ ਹੈ।

ਹੁਣ ਬੌਰਡਨ ਨੂੰ ਦੋਸ਼ੀ ਕਰਾਰ ਦੇ ਦਿੱਤਾ ਜਾਂਦਾ ਅਤੇ ਉਸਨੂੰ ਮੌਤ ਦਾ ਹੁਕਮ ਹੁੰਦਾ ਹੈ। ਉਹ ਲੌੌਰਡ ਕਾਲਡਲੋਵ ਦੀਆਂ ਸਾਰੀਆਂ ਸ਼ਰਤਾਂ ਮੰਨ ਲੈਂਦਾ ਅਤੇ ਆਪਣੇ ਸਾਰੇ ਭੇਦ ਉਸਨੂੰ ਦੱਸ ਦਿੰਦਾ ਹੈ। ਜਦੋਂ ਕਾਲਡਲੋਵ ਆਉਂਦਾ ਹੈ ਤਾਂ ਉਹ ਉਸਨੂੰ ਐਂਗੀਅਰ ਦੇ ਰੂਪ ਵਿੱਚ ਪਛਾਣ ਲੈਂਦਾ ਹੈ। ਐਂਗੀਅਰ ਦੀ ਵਾਪਸੀ ਤੋਂ ਪਰੇਸ਼ਾਨ ਬੌਰਗਨ ਆਪਣੀ ਜਾਨ ਬਚਾਉਣ ਲਈ ਉਸਦੀ ਮਿੰਨਤ ਕਰਦਾ ਹੈ ਪਰ ਐਂਗੀਅਰ ਉਸ ਉੱਤੇ ਤਰਸ ਨਹੀਂ ਕਰਦਾ। ਬੌਰਡਨ ਨੂੰ ਫ਼ਾਂਸੀ ਦੇ ਦਿੱਤੀ ਜਾਂਦੀ ਹੈ ਅਤੇ ਉਸਦੇ ਆਖ਼ਰੀ ਸ਼ਬਦ ਸਨ: ਆਬਰਾ ਕਾ ਡਾਬਰਾ। ਕਟਰ ਨੂੰ ਪਤਾ ਲੱਗਦਾ ਹੈ ਕਿ ਕਾਲਡਲੋਵ ਐਂਗੀਅਰ ਦੀ ਮਸੀਨ ਲੈ ਆਇਆ ਹੈ। ਜਦੋਂ ਉਹ ਉਸਨੂੰ ਮਸ਼ੀਨ ਨੂੰ ਤਬਾਹ ਕਰਨ ਦੇ ਲਈ ਮਿਲਦਾ ਹੈ ਤਾਂ ਉਸਨੂੰ ਪਤਾ ਲੱਗਦਾ ਹੈ ਕਿ ਕਾਲਡਲੋਵ ਹੀ ਐਂਗੀਅਰ ਹੈ ਅਤੇ ਉਸਦੀ ਮੌਤ ਇੱਕ ਧੋਖਾ ਸੀ। ਕਟਰ ਐਂਗੀਅਰ ਤੋਂ ਨਿਰਾਸ਼ ਹੋ ਜਾਂਦਾ ਹੈ ਪਰ ਉਹ ਉਸ ਮਸ਼ੀਨ ਨੂੰ ਆਪਣੇ ਨਿੱਜੀ ਥੀਏਟਰ ਵਿੱਚ ਲੁਕਾਉਣ ਲਈ ਮੰਨ ਜਾਂਦਾ ਹੈ।

ਜਦੋਂ ਕਟਰ ਦਾ ਕੰਮ ਖ਼ਤਮ ਹੋ ਜਾਂਦਾ ਹੈ ਤਾਂ ਉਹ ਥੀਏਟਰ ਤੋਂ ਬਾਹਰ ਨਿਕਲਦਾ ਹੈ ਅਤੇ ਇੱਕ ਅਜਨਬੀ ਦੇ ਨਾਲੋਂ ਲੰਘਦਾ ਹੈ ਜਿਹੜਾ ਕਿ ਥੀਏਟਰ ਵਿੱਚ ਦਾਖਲ ਹੋ ਰਿਹਾ ਹੁੰਦਾ ਹੈ। ਉਹ ਅਜਨਬੀ ਐਂਗੀਅਰ ਨੂੰ ਗੋਲੀ ਮਾਰਦਾ ਹੈ ਅਤੇ ਬੌਰਡਨ ਦੇ ਰੂਪ ਵਿੱਚ ਖੁਦ ਨੂੰ ਸਾਬਿਤ ਕਰਦਾ ਹੈ। ਐਂਗੀਅਰ ਨੂੰ ਇੱਕਦਮ ਅਹਿਸਾਸ ਹੁੰਦਾ ਹੈ ਕਿ ਉਹ ਐਲਫ਼ਰੈਡ ਬੌਰਡਨ ਹੈ ਅਤੇ ਫ਼ਾਂਸੀ ਤੇ ਚੜ੍ਹਨ ਵਾਲਾ ਆਦਮੀ ਉਸਦਾ ਜੁੜਵਾ ਭਰਾ ਸੀ। ਉਹਨਾਂ ਵਿੱਚੋਂ ਇੱਕ ਭਰਾ ਦਾ ਵਿਆਹ ਸਾਰਾਹ ਨਾਲ ਹੋਇਆ ਸੀ ਅਤੇ ਦੂਜਾ ਉਸਦੀ ਸਹਾਇਕ ਓਲੀਵੀਆ ਨੂੰ ਪਿਆਰ ਕਰਦਾ ਸੀ। ਬੌਰਡਨ, ਐਂਗੀਅਰ ਨੂੰ ਕਹਿੰਦਾ ਹੈ ਕਿ ਉਹ ਆਪਣੀ ਸਫ਼ਲਤਾ ਦੇ ਲਈ ਬਹੁਤ ਦੂਰ ਪਹੁੰਚ ਗਿਆ ਸੀ। ਐਂਗੀਅਰ ਜਵਾਬ ਦਿੰਦਾ ਹੈ ਕਿ ਉਸਨੇ ਉਹ ਸਭ ਲੋਕਾਂ ਦਾ ਦਿਲ ਜਿੱਤਣ ਲਈ ਅਤੇ ਆਪਣੀ ਮਨੋਕਾਮਨਾ ਪੂਰਾ ਕਰਨ ਲਈ ਹੀ ਕੀਤਾ ਸੀ। ਐਂਗੀਅਰ ਮਰ ਜਾਂਦਾ ਹੈ ਅਤੇ ਉਸਦੀ ਲਾਲਟੈਣ ਨਾਲ ਥਿਏਟਰ ਨੂੰ ਅੱਗ ਲੱਗ ਜਾਂਦੀ ਹੈ। ਬੌਰਡਨ, ਕਟਰ ਦੀ ਵਰਕਸ਼ਾਪ ਤੋਂ ਆਪਣੀ ਧੀ ਜੈਸ ਨੂੰ ਚੁੱਕਦਾ ਹੈ। ਸੜ ਰਹੇ ਥਿਏਟਰ ਵਿੱਚ ਬਹੁਤ ਸਾਰੇ ਪਾਣੀ ਦੇ ਪਾਰਦਰਸ਼ੀ ਟੈਂਕ ਪਏ ਹੁੰਦੇ ਹਨ ਅਤੇ ਜਿਹਨਾਂ ਵਿੱਚ ਐਂਗੀਅਰ ਦੇ ਜਾਅਲੀ ਸਰੀਰ ਸੜ ਰਹੇ ਹੁੰਦੇ ਹਨ। ਹਰੇਕ ਸ਼ੋਅ ਵਿੱਚ ਐਂਗੀਅਰ ਮਸ਼ੀਨ ਨੂੰ ਆਪਣਾ ਕਲੋਨ ਬਣਾਉਣ ਲਈ ਇਸਤੇਮਾਲ ਕਰਦਾ ਸੀ ਅਤੇ ਆਪ ਬਾਲਕੋਨੀ ਵਿੱਚ ਲੁਕ ਕੇ ਖੜ੍ਹਾ ਰਹਿੰਦਾ ਸੀ। ਇਸੇ ਟਰਿੱਕ ਦੇ ਕਾਰਨ ਉਸਦਾ ਕਲੋਨ ਪਾਣੀ ਦੀ ਡਿੱਗਿਆ ਸੀ, ਜਿੱਥੇ ਉਸ ਟੈਂਕੀ ਦੇ ਕੋਲ ਬੌਰਡਨ ਮੌਜੂਦ ਸੀ।

ਪਾਤਰ ਸੋਧੋ

ਬਾਹਰਲੇ ਲਿੰਕ ਸੋਧੋ

ਹਵਾਲੇ ਸੋਧੋ

  1. 1.0 1.1 "The Prestige (2006)". British Film Institute. Archived from the original on ਨਵੰਬਰ 23, 2014. Retrieved June 13, 2014. {{cite web}}: Unknown parameter |dead-url= ignored (|url-status= suggested) (help)
  2. 2.0 2.1 "The Prestige (2006)". Box Office Mojo. Retrieved March 3, 2007.