ਨਿਰਵਾਣ (ਨਾਵਲ)

ਮਨਮੋਹਨ ਦਾ ਪੰਜਾਬੀ ਨਾਵਲ

ਨਿਰਵਾਣ ਡਾ. ਮਨਮੋਹਨ ਦੁਆਰਾ ਲਿਖਿਆ ਗਿਆ ਪਹਿਲਾ ਨਾਵਲ ਹੈ, ਜਿਸ ਨੂੰ 2013 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ। ਇਸ ਨਾਵਲ ਵਿੱਚ ਲੇਖਕ "ਪਿਛਲੇ ਕੁਝ ਵਰ੍ਹਿਆਂ ’ਚ ਜੋ ਜੀਵਿਆ, ਪੜ੍ਹਿਆ ਤੇ ਹੰਢਾਇਆ ਓਹੀ ਯਥਾਰਥ, ਗਲਪੀ ਬਿਰਤਾਂਤ ਰਾਹੀਂ ‘ਨਿਰਵਾਣ’ ਦੇ ਪਾਠ ਰੂਪ ’ਚ ਪਾਠਕਾਂ ਦੇ ਸਾਹਮਣੇ ਲਿਆਇਆ ਹੈ।"[2] ਲੇਖਕ ਦੇ ਆਪਣੇ ਸ਼ਬਦਾਂ ਵਿਚ, "ਮੇਰੇ ਅੰਦਰ ਇੱਕ ਜਿਗਿਆਸਾ ਸੀ ਜਿਸਦੇ ਜੁਆਬ ਮੈਨੂੰ ਨਹੀਂ ਮਿਲ ਰਹੇ ਸਨ, ਜੋ ਮੈਂ ਇਸ ਨਾਵਲ ਦੇ ਬਿਰਤਾਂਤ ਰਾਹੀਂ ਪਾਠਕਾਂ ਨਾਲ ਸਾਂਝੇ ਕੀਤੇ ਹਨ।...ਸੰਘਰਸ਼ ਵਿੱਚੋਂ ਜਿਗਿਆਸਾਵਾਂ ਪੈਦਾ ਹੁੰਦੀਆਂ ਹਨ। ਉਹਨਾਂ ਕਿਹਾ ਕਿ ਲੇਖਕ ਨੂੰ ਜੋ ਪਤਾ ਹੁੰਦਾ ਹੈ, ਉਹ ਬਿਰਤਾਂਤ ਵਿੱਚ ਲਿਖ ਦਿੰਦਾ ਹੈ।"[3]

ਨਿਰਵਾਣ
ਲੇਖਕਡਾ. ਮਨਮੋਹਨ
ਮੂਲ ਸਿਰਲੇਖਨਿਰਵਾਣ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਧਾਨਾਵਲ
ਪ੍ਰਕਾਸ਼ਕਚੇਤਨਾ ਪ੍ਰਕਾਸ਼ਨ, ਲੁਧਿਆਣਾ[1]
ਸਫ਼ੇ373
ਤੋਂ ਪਹਿਲਾਂਨੀਲ ਕੰਠ ਅਤੇ ਸੁਰ ਸੰਕੇਤ 

ਕਥਾਨਕ

ਸੋਧੋ

ਇਹ ਪੁਸਤਕ ਵੈਸੇ ਤਾਂ ਇੱਕ ਨਾਵਲ ਹੈ ਪਰ ਅਸਲ ਵਿੱਚ ਇਹ ਇੱਕ ਦਾਰਸ਼ਨਿਕ ਸੰਵਾਦ ਹੈ। ਇਸ ਵਿੱਚ ਵੱਖ ਵੱਖ ਪਾਤਰਾਂ ਵਿਚਕਾਰ ਪੁਰਾਤਨ ਭਾਰਤੀ ਫਿਲਾਸਫੀਆਂ ਅਤੇ ਮੌਜੂਦਾ ਰਾਜਨੀਤਕ ਸਿਸਟਮ ਉੱਪਰ ਸੰਵਾਦ ਰਚਾਇਆ ਗਿਆ ਹੈ। ਬਿਲਕੁਲ ਉਵੇਂ ਜਿਵੇਂ ਪਲੈਟੋ ਦੀ ਕਿਤਾਬ the Republic ਵਿੱਚ ਸੁਕਰਾਤ ਅਤੇ ਹੋਰ ਪਾਤਰਾਂ ਵਿੱਚ ਰਾਜਨੀਤੀ ਉੱਪਰ ਸੰਵਾਦ ਰਚਾਇਆ ਗਿਆ ਹੈ। ਇਸ ਵਿੱਚ ਦੋ ਕਹਾਣੀਆਂ ਸਮਾਂਤਰ ਚਲਦੀਆਂ ਹਨ। ਇੱਕ ਮੌਜੂਦਾ ਸਮੇਂ ਦੇ ਪਾਤਰ ਕਾਮਰੇਡ ਆਨੰਦ ਦੀ ਅਤੇ ਦੂਜੀ ਹਜ਼ਾਰ ਸਾਲ ਪੁਰਾਣੇ ਭਾਰਤ ਦੇ ਨਾਲੰਦਾ ਵਿਸ਼ਵ ਵਿਦਿਆਲੇ ਵਿੱਚ ਪੜਦੇ ਬੋਧੀ ਭਿਖਸ਼ੂ ਵਿਦਿਆਰਥੀ ਮਿਲਿੰਦ ਅਤੇ ਚੀਨੀ ਬੋਧੀ ਭਿਖਸ਼ੂ ਯਾਤਰੀ ਹੂਆ ਦੀ ਹੈ। ਕਾਮਰੇਡ ਆਨੰਦ ਮਾਓਵਾਦੀ ਪਾਰਟੀ ਦਾ ਕੁਲਵਕਤੀ ਕਾਰਕੁੰਨ ਅਤੇ ਮਾਓਵਾਦੀ ਵਿਚਾਰਧਾਰਾ ਦਾ ਮਾਹਿਰ ਹੈ। ਉਸ ਦੀ ਪਾਰਟੀ ਦੇ ਦੋ ਹੋਰ ਆਗੂ ਕਾਮਰੇਡ ਮਿਸ਼ਰਾ ਅਤੇ ਕਾਮਰੇਡ ਅਖਿਲੇਸ਼ ਯਾਦਵ ਨਾਲ ਵੱਖ ਵੱਖ ਰਾਜਨੀਤਕ ਮੁੱਦਿਆਂ ਉੱਪਰ ਅਤੇ ਮਾਓ ਦੀ ਵਿਚਾਰਧਾਰਾ ਉੱਪਰ ਸਿਹਤਮੰਦ ਸੰਵਾਦ ਕਰਦਾ ਹੈ। ਉਸਦੀ ਮੁਲਾਕਾਤ ਬੀਬੀਸੀ ਦੀ ਅਮੈਰਿਕਨ ਪੱਤਰਕਾਰ ਸਟੈਫਿਨੀ ਕ੍ਰਿਸ ਨਾਲ ਵੀ ਹੁੰਦੀ ਹੈ ਜਿਸ ਨੇ ਗੁਜਰਾਤ ਦੰਗਿਆਂ ਦੇ ਵਿੱਚ ਰਹਿ ਕੇ ਕਵਰੇਜ ਕੀਤੀ ਹੁੰਦੀ ਹੈ ਉਹ ਆਨੰਦ ਨੂੰ ਦੰਗਿਆਂ ਬਾਰੇ ਹੈਰਾਨੀਜਨਕ ਤੱਥਾਂ ਤੋਂ ਜਾਣੂ ਕਰਾਉਂਦੀ ਹੈ। ਨਾਲ ਹੀ ਆਨੰਦ ਪੰਕਜਾ ਨਾਮ ਦੀ ਇੱਕ ਕੁੜੀ ਨੂੰ ਮੁਹੱਬਤ ਕਰਦਾ ਹੈ ਜਿਸਦਾ ਪਤੀ ਉਸ ਉੱਪਰ ਬਹੁਤ ਜੁਲਮ ਕਰਦਾ ਹੈ। ਦੇਸ਼ ਵਿੱਚ ਇਨਕਲਾਬ ਕਰਨ ਘਰ ਬਾਰ ਛੱਡ ਕੇ ਨਿੱਕਲੇ ਆਨੰਦ ਨੂੰ ਜਦੋਂ ਇਹ ਪਤਾ ਲੱਗਦਾ ਹੈ ਕਿ ਉਸਦੀ ਪਾਰਟੀ ਦੇ ਦੋ ਵੱਡੇ ਨੇਤਾ ਤੇ ਉਸਦੇ ਦੋਸਤ ਕਾਮਰੇਡ ਮਿਸ਼ਰਾ ਤੇ ਅਖਿਲੇਸ਼ ਆਪਣੇ ਜਮਾਤੀ ਦੁਸ਼ਮਣਾ ਨਾਲ ਹੀ ਮਿਲ ਕੇ ਉਹਨਾਂ ਦੀ ਵੋਟਾਂ ਵਿੱਚ ਸਹਾਇਤਾ ਕਰਦੇ ਹਨ ਜਦਕਿ ਇਹਨਾਂ ਵੋਟਾਂ ਦੇ ਬਾਈਕਾਟ ਵਿੱਚ ਹੀ ਪਾਰਟੀ ਦੇ ਹੇਠਲੇ ਕਈ ਵਰਕਰਾਂ ਦੀ ਜਾਨ ਚਲੀ ਜਾਂਦੀ ਹੈ ਤਾਂ ਉਸ ਨੂੰ ਬਹੁਤ ਵੱਡਾ ਧੱਕਾ ਲਗਦਾ ਹੈ ਤੇ ਉਸਨੂੰ ਆਪਣੇ ਸਾਰੇ ਆਦਰਸ਼ ਇੱਕਦਮ ਝੂਠੇ ਪੈ ਗਏ ਜਾਪਦੇ ਹਨ। ਪਰ ਉਹ ਸੰਭਲਦਾ ਹੈ ਤੇ ਆਪਣੇ ਪਿਆਰ ਪੰਕਜਾ ਨੂੰ ਨਾਲ ਲੈ ਕੇ ਆਪਣੇ ਪ੍ਰਦੇਸ਼ ਵਾਪਸ ਚਲਾ ਜਾਂਦਾ ਹੈ। ਉਹ ਕਹਿੰਦਾ ਹੈ ਕਿ ਅਸਲੀ ਦੁਸ਼ਮਣ ਅਗਿਆਨਤਾ ਹੈ ਜਿੰਨਾ ਚਿਰ ਮੇਰੇ ਦੇਸ਼ ਦੇ ਨੌਜਵਾਨ ਖੁਦ ਪੜਦੇ ਵਿਚਾਰਦੇ ਨਹੀਂ ਇਹ ਮਿਸ਼ਰਾ ਤੇ ਅਖਿਲੇਸ਼ ਵਰਗੇ ਅਖੌਤੀ ਲੀਡਰਾਂ ਦੇ ਨਕਲੀ ਸਬਜਬਾਗਾਂ ਵਿੱਚ ਜੀਵਨ ਬਰਬਾਦ ਕਰਦੇ ਰਹਿਣਗੇ। ਸੋ ਉਹ ਤੇ ਪੰਕਜਾ ਪਿੰਡ ਜਾ ਕੇ ਬੱਚਿਆਂ ਲਈ ਸੁਚਾਰੂ ਸਿੱਖਿਆ ਦੇਣ ਵਾਲਾ ਸਕੂਲ ਖੋਲਦੇ ਹਨ।

ਦੂਜੀ ਕਹਾਣੀ ਬੋਧੀ ਭਿਖਸ਼ੂ ਮਿਲਿੰਦ ਦੀ ਹੈ ਜੋ ਨਾਲੰਦਾ ਯੂਨੀਵਰਸਿਟੀ ਪੜਦਾ ਹੈ। ਉੱਥੇ ਇੱਕ ਚੀਨੀ ਬੋਧੀ ਭਿਖਸ਼ੂ ਬੁੱਧ ਤੇ ਭਾਰਤੀ ਦਰਸ਼ਨ ਦਾ ਅਧਿਐਨ ਕਰਨ ਭਾਰਤ ਆਉਂਦਾ ਹੈ। ਮਿਲਿੰਦ ਦੀ ਡਿਊਟੀ ਉਸ ਨਾਲ ਸਹਾਇਕ ਵਜੋਂ ਲੱਗ ਜਾਂਦੀ ਹੈ। ਫਿਰ ਮਿਲਿੰਦ ਤੇ ਹੂਆ ਭਾਰਤ ਦੀ ਸੈਰ ਤੇ ਨਿੱਕਲਦੇ ਹਨ ਅਤੇ ਵੱਖ ਵੱਖ ਵਿਦਵਾਨਾਂ ਨਾਲ ਮਿਲ ਕੇ ਉਹਨਾਂ ਨਾਲ ਵੱਖ ਵੱਖ ਭਾਰਤੀ ਦਰਸ਼ਨਾਂ ਉੱਪਰ ਸੰਵਾਦ ਰਚਾਉਂਦੇ ਹਨ। ਜਿਹਨਾਂ ਵਿੱਚ ਬੁੱਧ ਦਰਸ਼ਨ, ਨਯਾਏ, ਵੇਦਾਂਤਾ, ਮੀਮਾਂਸਾ, ਸਾਂਖ, ਯੋਗ, ਸ਼ੈਵ ਆਦਿ ਦਰਸ਼ਨਾਂ ਉੱਪਰ ਵਿਚਾਰ ਚਰਚਾ ਹੁੰਦੀ ਹੈ। ਭਿਖਸ਼ੂ ਹੂਆ ਨੂੰ ਇਹ ਦੇਖ ਕੇ ਦੁੱਖ ਵੀ ਹੁੰਦਾ ਹੈ ਕਿ ਬੁੱਧ ਦੀ ਹੀ ਧਰਤੀ ਉੱਪਰ ਬੁੱਧ ਦੇ ਵਿਚਾਰਾਂ ਨੂੰ ਵਿਸਾਰਿਆ ਜਾ ਰਿਹਾ ਹੈ ਪਰ ਫਿਰ ਵੀ ਉਹ ਬਹੁਤ ਸਾਰਾ ਗਿਆਨ ਪ੍ਰਾਪਤ ਕਰਕੇ ਤਸੱਲੀ ਮਹਿਸੂਸ ਕਰਦਾ ਹੈ ਤੇ ਬੁੱਧ ਦਾ ਪ੍ਰਚਾਰ ਚੀਨ ਵਿੱਚ ਕਰਨ ਦਾ ਪ੍ਰਣ ਲੈਂਦਾ ਹੈ। ਏਧਰ ਮਿਲਿੰਦ ਦਾ ਕਮਲਾ ਨਾਮੀ ਵਿਆਹੁਤਾ ਨਾਲ ਪਿਆਰ ਪੈ ਜਾਂਦਾ ਹੈ ਜੋ ਆਪਣੇ ਜੀਵਨ ਤੋਂ ਦੁਖੀ ਹੁੰਦੀ ਹੈ।

ਮਿਲਿੰਦ ਅਤੇ ਆਨੰਦ ਅੰਤ ਨੂੰ ਨਿਰਵਾਣ ਖੋਜ ਹੀ ਲੈਂਦੇ ਹਨ। ਮਿਲਿੰਦ ਨਿਰਵਾਣ ਪ੍ਰਾਪਤ ਕਰਨ ਲਈ ਬਹੁਤ ਤਪ ਸਾਧਨਾ ਕਰਨ ਦੀ ਵੀ ਕੋਸ਼ਿਸ਼ ਕਰਦਾ ਹੈ ਪਰ ਉਸਦਾ ਉਸ ਵਿੱਚ ਮਨ ਨਹੀਂ ਲੱਗਦਾ ਫਿਰ ਜਦ ਅੰਤ ਉਸਨੂੰ ਸਮਝ ਆਉਂਦੀ ਹੈ ਕਿ ਹਰੇਕ ਦਾ ਜੀਵਨ ਅਲੱਗ ਹੁੰਦਾ ਹੈ ਤੇ ਨਿਰਵਾਣ ਵੀ ਹਰੇਕ ਲਈ ਅਲੱਗ ਹੁੰਦਾ ਹੈ। ਉਸਨੂੰ ਆਪਣਾ ਨਿਰਵਾਣ ਕਮਲਾ ਦੇ ਪਿਆਰ ਚੋਂ ਲੱਭਦਾ ਹੈ ਤੇ ਉਹ ਦੋਵੇਂ ਆਪਣੇ ਦੇਸ਼ ਮੁੜ ਜਾਂਦੇ ਹਨ ਤੇ ਬੁੱਧ ਦੀ ਅਸਲ ਫਿਲਾਸਫੀ ਦਾ ਪ੍ਰਚਾਰ ਕਰਦੇ ਹਨ।

ਮੁੱਖ ਪਾਤਰ

ਸੋਧੋ
  • ਮਿਲਿੰਦ
  • ਆਨੰਦ

ਹਵਾਲੇ

ਸੋਧੋ
  1. http://www.dkagencies.com/doc/from/1063/to/1123/bkId/DKB351716276321746126612099981371/details.html
  2. "ਨਿਰਵਾਣ: ਮੇਰੀ ਨਾਵਲ ਸਿਰਜਣ ਪ੍ਰਕਿਰਿਆ। [[ਪੰਜਾਬੀ ਟ੍ਰੀਬਿਊਨ]] - 11 ਮਈ 2013. ਮਨਮੋਹਨ". Archived from the original on 2013-12-18. Retrieved 2015-02-13. {{cite web}}: Unknown parameter |dead-url= ignored (|url-status= suggested) (help)
  3. ਡਾ. ਮਨਮੋਹਨ ਦੇ ਪਲੇਠੇ ਨਾਵਲ ‘ਨਿਰਵਾਣ’ ’ਤੇ ਵਿਚਾਰ ਗੋਸ਼ਟੀ, ਪੰਜਾਬੀ ਟ੍ਰੀਬਿਊਨ, 20 ਅਕਤੂਬਰ 2012