ਨੂਰਦੀਨ (ਗੁਰਮੁਖੀ ਪ੍ਰਿੰਟਿੰਗ ਸ਼ਿਲਪਕਾਰ )
ਨੂਰਦੀਨ ਗੁਰਮੁਖੀ ਲਿੱਪੀ ਦਾ ਛਾਪਾ (ਪ੍ਰਿੰਟਿੰਗ ) ਤਿਆਰ ਕਰਨ ਵਾਲੇ ਮੋਢੀ ਸ਼ਿਲਪਕਾਰਾਂ ਵਿਚੋਂ ਸੀ ਜਿਸਨੇ ਗੁਰਮੁਖੀ ਛਾਪੇਖਾਨੇ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ।ਇਹ ਵੀ ਕਿਹਾ ਜਾਂਦਾ ਹੈ ਕਿ ਉਸਨੇ ਗੁਰਮੁਖੀ ਲਿੱਪੀ ਨੂੰ ਲੋਹੇ ਦੇ ਮਸ਼ੀਨੀ ਛਾਪੇ ਵਾਲੇ ਰੂਪ ਵਿੱਚ ਆਉਣ ਤੋਂ ਪਹਿਲਾਂ ਇਸਦਾ ਲੱਕੜੀ ਦਾ ਛਾਪਾ ਤਿਆਰ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਸੀ। ਲਾਲਾ ਧਨੀ ਰਾਮ ਚਾਤ੍ਰਿਕ , ਜੋ ਕਿ ਖੁਦ ਵੀ ਗੁਰਮੁਖੀ ਛਾਪੇਖਾਨੇ ਦੇ ਵਿਕਾਸ ਵਿੱਚ ਦੇ ਮੋਢੀਆਂ ਵਿਚੋਂ ਸਨ , ਆਪਣੇ ਸਵੈਜੀਵਨੀ ਨੋਟ ਵਿੱਚ ਲਿਖਦੇ ਹਨ ਕਿ ਬੇਸ਼ੱਕ ਇੰਗਲੈਂਡ ਤੋਂ ਲਿਆ ਕੇ 1875 ਵਿੱਚ ਗੁਰਮੁਖੀ ਦਾ ਛਾਪਖਾਨਾ ਮਿਸ਼ਨ ਪ੍ਰੈੱਸ ਲੁਧਿਆਣਾ ਵਿਖੇ ਸਥਾਪਤ ਕਰ ਦਿੱਤਾ ਗਿਆ ਸੀ , ਜਿਸਦਾ ਮਕਸਦ ਬਾਈਬਲ ਨੂੰ ਗੁਰਮੁਖੀ ਵਿੱਚ ਛਾਪ ਕੇ ਲੋਕਾਂ ਵਿੱਚ ਪ੍ਰਚਾਰ ਕਰਨਾ ਸੀ । ਪਰ ਇਸ ਵਿੱਚ ਉਸ ਸਮੇਂ ਬਹੁਤ ਖ਼ਾਮੀਆਂ ਸਨ ।ਇਸ ਦੇ ਮੱਦੇਨਜ਼ਰ ਮੁਨਸ਼ੀ ਗੁਲਾਬ ਸਿੰਘ ਐਂਡ ਸਨਜ਼ ਲਾਹੌਰ ਨੇ ਮੁਸਲਿਮ ਕਾਰੀਗਰ ਨੂਰਦੀਨ ਦੀ ਮਦਦ ਨਾਲ ਇੱਕ ਹੋਰ ਟਾਈਪ ਛਾਪਾ ਤਿਆਰ ਕੀਤਾ ਸੀ । ਇਸ ਤੋਂ ਬਾਅਦ ਨੂਰਦੀਨ ਨੂੰ ਵਜ਼ੀਰ ਹਿੰਦ ਪ੍ਰੈਸ ਅਦਾਰੇ ਵੱਲੋਂ ਨਿਯੁਕਤ ਕਰ ਲਿਆ ਗਿਆ ਜਿਥੇ ਉਸਨੇ ਹੋਰ ਬਹੁਤ ਸਾਰੀਆਂ ਗੁਰਮੁਖੀ ਛਾਪੇ ਦੀਆਂ ਵੰਨਗੀਆਂ ਤਿਆਰ ਕੀਤੀਆਂ । 2 ਦਸੰਬਰ 2004 ਦੇ ਅੰਗਰੇਜ਼ੀ ਟ੍ਰਿਬਿਊਨ ਵਿੱਚ ਪ੍ਰਕਾਸ਼ਤ 'ਅੰਮ੍ਰਿਤਸਰ ਪਲੱਸ ' ਸਪਲੀਮੈਂਟ ਰਿਪੋਰਟ ਵਿੱਚ ਇਹ ਵੇਰਵੇ ਦਰਜ ਹਨ । [1]
ਨੂਰਦੀਨ | |
---|---|
ਜਨਮ | |
ਪੇਸ਼ਾ | ਲਕੜੀ ਕਾਰੀਗਰ ਮਿਸਤਰੀ ,ਲਕੜ ਦੇ ਗੁਰਮੁਖੀ ਛਾਪੇ ਦਾ ਮੋਢੀ |
ਲਈ ਪ੍ਰਸਿੱਧ | ਲਕੜ ਦੇ ਗੁਰਮੁਖੀ ਛਾਪੇ ਦਾ ਮੋਢੀ |
ਨੂਰਦੀਨ ਦੇ ਯੋਗਦਾਨ ਨੂੰ ਸਮਰਪਿਤ ਗੁਰਭਜਨ ਗਿੱਲ ਦੀ ਨਜ਼ਮ
ਸੋਧੋਅੱਖਰ ਸ਼ਿਲਪੀ
ਉੱਨੀਵੀਂ ਸਦੀ ਦੇ ਅੰਤ ਸਮੇਂ ਦੀ ਬਾਤ ਸੁਣਾਵਾਂ।
ਮਿਹਨਤ ਅਤੇ ਮੁਸ਼ੱਕਤ ਕਰਕੇ ਰੋਟੀ ਖਾਂਦੇ,
ਮਿਸਤਰੀਆਂ ਦੇ ਇੱਕ ਮੁੰਡੇ ਦਾ,
ਨਾਂ ਤਾਂ ਭਾਵੇਂ ਨੂਰਦੀਨ* ਸੀ।
ਪਰ ਅੱਜ ਉਸ ਦਾ ਪਤਾ ਟਿਕਾਣਾ,
ਨੇਰ੍ਹੇ ਵਿਚ ਗੁਆਚ ਗਿਆ ਹੈ।
ਅੰਮ੍ਰਿਤਸਰ ਦਾ ਜੰਮਿਆ ਜਾਇਆ,
ਜਾਂ ਫਿਰ ਲਾਗੇ ਕੋਈ ਪਿੰਡ ਸੀ,
ਇਸ ਦਾ ਮੈਨੂੰ ਇਲਮ ਨਹੀਂ ਹੈ।
ਲੋਕੀਂ ਆਖਣ ਸ਼ਹਿਰ ਕਮਾਈਆਂ,
ਕਰਨ ਦੀ ਖ਼ਾਤਰ ਆਇਆ ਹੋਣੈਂ।
ਰਹੇ ਠੋਕਦਾ ਮੰਜੀਆਂ ਪੀੜ੍ਹੇ,
ਜਾਂ ਫਿਰ ਘੜਦਾ ਗੱਡ ਗਡੀਰੇ।
ਰੰਗ ਬਰੰਗੀਆਂ ਚਰਖ਼ੜੀਆਂ ਤੇ ਪੀਲ ਪੰਘੂੜੇ।
ਲੱਕੜੀ ਦੇ ਵਿਚ ਜਿੰਦ ਧੜਕਾਉਂਦਾ।
ਚਿੱਤਰਕਾਰ ਤੋਂ ਕਿਤੇ ਚੰਗੇਰਾ।
ਰੱਬ ਦੇ ਜਿੱਡਾ ਉੱਚ ਉਚੇਰਾ।
ਰੰਗਾਂ ਤੋਂ ਬਿਨ ਲੱਕੜੀ ਉੱਤੇ,
ਵੇਲਾਂ, ਪੱਤੇ, ਬੂਟੀਆ ਪਾਉਂਦਾ।
ਉਸ ਦੀ ਹਸਤ ਕਲਾ ਨੂੰ ਸਿਜਦਾ ਹਰ ਕੋਈ ਕਰਦਾ,
ਜੋ ਵੀ ਉਸ ਦੇ ਨੇੜੇ ਆਉਂਦਾ।
ਨੂਰਦੀਨ ਨੂੰ ਉਸ ਵੇਲੇ ਦੇ ਦਾਨਿਸ਼ਮੰਦਾਂ ਹਿੱਕ ਨਾਲ ਲਾਇਆ।
ਇਹ ਸਮਝਾਇਆ।
ਗੱਡ ਗਡੀਰੇ ਚਰਖ਼ੜੀਆਂ ਤੇ ਪੀਲ ਪੰਘੂੜੇ,
ਘੜਨੇ ਛੱਡ ਦੇ।
ਇਹ ਕੰਮ ਤੇਰੀ ਥਾਂ ਤੇ ਕੋਈ ਵੀ ਕਰ ਸਕਦਾ ਹੈ।
ਤੇਰੇ ਕਰਨ ਦੀ ਖ਼ਾਤਰ ਕਾਰਜ ਵੱਡੇ ਵੱਡੇ।
ਕਹਿਣ ਸਿਆਣੇ ਓਦੋਂ ਤੀਕ ਮੋਤੀਆਂ ਵਰਗੇ,
ਲਿਸ਼ ਲਿਸ਼ਕੰਦੜੇ ਬੋਲ ਗੁਰਮੁਖੀ,
ਕੇਵਲ ਪੱਥਰ ਛਾਪੇ ਵਿਚ ਸਨ।
ਵਜ਼ੀਰ ਸਿੰਘ ਦੇ ਛਾਪੇਖ਼ਾਨੇ,
ਨੂਰਦੀਨ ਨੇ ਡੇਰਾ ਲਾਇਆ।
ਲੱਕੜੀ ਦੇ ਵਿਚ ਆਪਣੀ ਸੁਹਜ ਸਿਰਜਣਾ ਭਰ ਕੇ,
ਊੜੇ ਐੜੇ ਕੋਲੋਂ ਤੁਰ ਕੇ,
ਸੱਸੇ ਪੈਰੀਂ ਬਿੰਦੀ ਤੀਕਰ ਜਿੰਦ ਧੜਕਾਈ।
ਸਾਰੀ ਖ਼ਲਕਤ ਵੇਖਣ ਆਈ।
ਨੂਰਦੀਨ ਨੂੰ ਇਸ ਗੱਲ ਦਾ ਵੀ ਇਲਮ ਨਹੀਂ ਸੀ।
ਮੈਂ ਤਾਂ ਇਸ ਪੰਜਾਬ ਵਿਚ ਵੱਸਦੇ ਲੋਕਾਂ ਖ਼ਾਤਰ,
ਵਰਕਾ ਇੱਕ ਇਤਿਹਾਸ ਦਾ ਲਿਖਿਆ।
ਨੂਰਦੀਨ ਦਾ ਨੂਰ ਜਦੋਂ ਸ਼ਬਦਾਂ ਵਿਚ ਢਲਿਆ,
ਹਰ ਪੰਜਾਬੀ ਦੇ ਮੱਥੇ ਵਿਚ ਸੂਰਜ ਬਲਿਆ।
ਸਾਰੇ ਅੱਖਰ ਲੱਕੜੀ ਤੋਂ ਸਿੱਕੇ ਵਿਚ ਢਲ ਗਏ।
ਪਾਠ ਪੁਸਤਕਾਂ ਧਰਮ ਗ੍ਰੰਥਾਂ ਤੇ ਹਰ ਥਾਵੇਂ,
ਇੱਕ ਨਹੀਂ ਕਈ ਲੱਖ ਕਰੋੜਾਂ
ਇਕਦਮ ਸੂਹੇ ਸੂਰਜ ਬਲ ਗਏ ।
ਨੂਰਦੀਨ ਦਾ ਅਤਾ ਪਤਾ ਜਾਂ ਥਾਂ ਸਿਰਨਾਵਾਂ।
ਜਾਂ ਉਸ ਦੇ ਪਿੰਡ ਦਾ ਕੋਈ ਮੱਧਮ ਪਰਛਾਵਾਂ,
ਸਾਨੂੰ ਅੱਜ ਕੁਝ ਯਾਦ ਨਹੀਂ ਹੈ।
ਉਸਦੀ ਘਾਲ ਕਮਾਈ ਚਿੱਤ ਨਾ ਚੇਤੇ ਕੋਈ।
ਪਰ ਇਹ ਪਹਿਲੀ ਵਾਰ ਨਾ ਹੋਈ।
ਨੀਂਹ ਵਿਚ ਪਈਆਂ ਇੱਟਾਂ ਦੱਸੋ ਕੌਣ ਫੋਲਦੈ ।
ਨੂਰਦੀਨ ਤਾਂ ਵੱਡੇ ਘਰ ਦੇ ਵੱਡੇ ਛਾਪੇਖਾਨੇ ਅੰਦਰ,
ਇਕ ਅਦਨਾ ਜਿਹਾ ਨਿੱਕਾ ਨੌਕਰ।
ਜਿਵੇਂ ਕਿਸੇ ਘਰ ਅੰਦਰ ਸਾਰਾ ਕੂੜਾ ਹੂੰਝੇ,
ਮਗਰੋਂ ਨੁੱਕਰੇ ਟਿਕ ਜਾਂਦੀ ਹੈ ਤੀਲ ਦੀ ਬੌਕਰ।
ਜਿੰਨ੍ਹਾਂ ਦਿਨਾਂ 'ਚ ਨੂਰਦੀਨ ਨੇ,
ਅੱਖਰਾਂ ਦੇ ਵਿਚ ਜਿੰਦ ਧੜਕਾਈ।
ਓਦੋਂ ਹਾਲੇ ਬੰਦਾ ਕੇਵਲ ਬੰਦਾ ਹੀ ਸੀ,
ਨਹੀਂ ਸੀ ਬਣਿਆ ਜ਼ਹਿਰੀ ਕੀੜਾ,
ਹਿੰਦੂ ਮੁਸਲਿਮ ਸਿੱਖ ਈਸਾਈ।
ਧਰਮ ਨਸਲ ਦੀ ਦੁਰਵਰਤੋਂ ਦਾ,
ਹਾਲੇ ਤੇਜ਼ ਬੁਖ਼ਾਰ ਨਹੀਂ ਸੀ।
ਕਈ ਵਾਰੀ ਤਾਂ ਇਉਂ ਲੱਗਦਾ ਹੈ,
ਮੀਆਂ ਮੀਰ ਫ਼ਕੀਰ ਦੇ ਵਾਂਗੂੰ,
ਨੂਰਦੀਨ ਨੇ ਆਪਣਾ ਸੂਹਾ ਖੂਨ ਬਾਲ ਕੇ,
ਸਾਡਾ ਘਰ ਵਿਹੜਾ ਰੁਸ਼ਨਾਇਆ।
ਕੁੱਲ ਧਰਤੀ ਦੀ ਦਾਨਿਸ਼ ਨੂੰ ਜਾਮਾ ਪਹਿਨਾਇਆ।
ਨੂਰਦੀਨ ਨੂੰ ਅੱਜ ਤੋਂ ਪਹਿਲਾਂ,
ਨਾ ਮੈਂ ਜਾਣਾਂ ਨਾ ਪਹਿਚਾਣਾਂ।
ਪਰ ਅੱਜ ਮੇਰੀ ਹਾਲਤ ਵੇਖੋ,
ਜਿਹੜਾ ਅੱਖਰ ਵੀ ਪੜ੍ਹਦਾ ਹਾਂ।
ਹਰ ਅੱਖਰ ਦੇ ਹਰ ਹਿੱਸੇ ਚੋਂ,
ਨੂਰੀ ਮੱਥੇ ਵਾਲਾ ਸੂਰਜ,
ਨੂਰਦੀਨ ਹੀ ਨੂਰਦੀਨ ਬੱਸ ਚਮਕ ਰਿਹਾ ਹੈ।
ਭਾਵੇਂ ਬੁਝਿਆ ਨਿੱਕੀ ਉਮਰੇ,
ਅੱਜ ਤੀਕਣ ਵੀ ਸਰਬ ਕਿਤਾਬਾਂ ਦੇ ਵਿਚ ਢਲ ਕੇ,
ਚੰਦਰਮਾ ਜਿਓਂ ਦਮਕ ਰਿਹਾ ਹੈ।