ਪਗ, ਕਦਮ/ਡਿੰਘ ਨੂੰ ਕਹਿੰਦੇ ਹਨ। ਡਿੰਘ ਇਕ ਪੈਰ ਤੋਂ ਦੂਜੇ ਪੈਰ ਤੱਕ ਚੱਲਣ ਦੀ ਦੂਰੀ ਨੂੰ ਕਹਿੰਦੇ ਹਨ। ਖੇਤ ਵਿਚੋਂ ਦੀ, ਫਸਲ ਵਿਚੋਂ ਦੀ ਲੋਕਾਂ ਦੇ ਲੰਘਣ ਦੇ ਬਣਾਏ ਘੱਟ ਚੌੜੇ ਰਾਹ ਨੂੰ ਡੰਡੀ ਕਹਿੰਦੇ ਹਨ। ਡੰਡੀ ਪ੍ਰਵਾਨਤ ਰਾਹ ਨਹੀਂ ਹੁੰਦੀ। ਅਣ ਅਧਿਕਾਰਤ ਰਾਹ ਹੁੰਦੀ ਹੈ। ਡੰਡੀ ਤੰਗ ਹੁੰਦੀ ਹੈ। ਇਸ ’ਤੇ ਪੈਦਲ ਹੀ ਤੁਰਿਆ ਜਾ ਸਕਦਾ ਹੈ। ਇਸ ਲਈ ਪਗ-ਡੰਡੀ/ਡੰਡੀ ਉਹ ਤੰਗ ਰਾਹ ਹੁੰਦੀ ਹੈ, ਜੋ ਅਣਅਧਿਕਾਰਤ ਹੁੰਦਾ ਹੈ ਤੇ ਜਿਸ ’ਤੇ ਪੈਦਲ ਹੀ ਤੁਰਿਆ ਜਾ ਸਕਦਾ ਹੈ।[1]

ਪਹਿਲੇ ਸਮਿਆਂ ਵਿਚ ਲੋਕਾਂ ਕੋਲ ਜ਼ਮੀਨਾਂ ਬਹੁਤੀਆਂ ਸਨ। ਸਾਰੀਆਂ ਜ਼ਮੀਨਾਂ ਆਬਾਦ ਨਹੀਂ ਸਨ। ਆਬਾਦੀ ਘੱਟ ਸੀ। ਕਈ ਵੇਰ ਇਕ ਪਿੰਡ ਤੋਂ ਦੂਜੇ ਪਿੰਡਾਂ ਨੂੰ ਜਾਣ ਵਾਲੇ ਰਾਹਾਂ ਦੀ ਦੂਰੀ ਜ਼ਿਆਦਾ ਹੁੰਦੀ ਸੀ। ਇਸ ਲਈ ਲੋਕ ਲੰਮੇ/ਦੂਰ ਵਾਲੇ ਰਾਹ ਜਾਣ ਦੀ ਥਾਂ ਖੇਤਾਂ ਵਿਚ ਦੀ ਸਿੱਧੀਆਂ ਡੰਡੀਆਂ ਪਾ ਕੇ ਇਕ ਪਿੰਡ ਤੋਂ ਦੂਜੇ ਪਿੰਡ ਚਲੇ ਜਾਂਦੇ ਸਨ। ਏਸੇ ਤਰ੍ਹਾਂ ਹੀ ਕਈ ਖੇਤਾਂ ਨੂੰ ਜਾਂਦੇ ਰਾਹਾਂ ਦੀ ਦੂਰੀ ਵੀ ਜ਼ਿਆਦਾ ਹੁੰਦੀ ਸੀ, ਉਹ ਲੋਕ ਵੀ ਖੇਤਾਂ ਨੂੰ ਸਿੱਧੀਆਂ ਡੰਡੀਆਂ ਪਾ ਲੈਂਦੇ ਸਨ। ਉਨ੍ਹਾਂ ਸਮਿਆਂ ਵਿਚ ਲੋਕਾਂ ਵਿਚ ਪਿਆਰ ਬਹੁਤ ਸੀ। ਇਸ ਲਈ ਖੇਤਾਂ ਵਾਲੇ ਪਾਈਆਂ ਪਗ-ਡੰਡੀਆਂ ਦਾ ਬੁਰਾ ਨਹੀਂ ਮਨਾਉਂਦੇ ਸਨ। ਬਹੁਤੀ ਪ੍ਰਵਾਹ ਨਹੀਂ ਕਰਦੇ ਸਨ। ਇਹ ਉਹ ਸਮਾਂ ਸੀ ਜਦ ਖੇਤੀ ਸਾਰੀ ਮੀਹਾਂ ’ਤੇ ਨਿਰਭਰ ਸੀ ਤੇ ਬਹੁਤ ਸਾਰੀਆਂ ਜ਼ਮੀਨਾਂ ਅਜੇ ਆਬਾਦ ਵੀ ਨਹੀਂ ਹੋਈਆਂ ਸਨ।

ਹੁਣ ਪੰਜਾਬ ਦੀ ਸਾਰੀ ਦੀ ਸਾਰੀ ਧਰਤੀ ਆਬਾਦ ਹੈ। ਹੁਣ ਜਿਮੀਂਦਾਰ ਤਾਂ ਆਪਣੀ ਜ਼ਮੀਨ/ਖੇਤ ਦਾ ਇਕ ਇੰਚ ਹਿੱਸਾ ਵੀ ਏਧਰ-ਓਧਰ ਨਹੀਂ ਹੋਣ ਦਿੰਦੇ। ਕਈ ਵੇਰ ਤਾਂ ਖੇਤਾਂ ਦੀਆਂ ਵੱਟਾਂ ਦੇ ਰੌਲਿਆਂ ’ਤੇ ਕਤਲ ਵੀ ਹੋ ਜਾਂਦੇ ਹਨ। ਇਸ ਲਈ ਹੁਣ ਤੁਹਾਨੂੰ ਕਿਸੇ ਦੇ ਖੇਤ ਵਿਚ ਵੀ ਕਿਸੇ ਦੀ ਪਾਈ ਪਗ-ਡੰਡੀ/ਡੰਡੀ ਨਹੀਂ ਮਿਲੇਗੀ।[2]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.