ਛੱਤ ਦੇ ਹੇਠ ਬਣੀ ਛੋਟੀ ਛੱਤ ਨੂੰ, ਜਿਸ ਉਪਰ ਸਾਮਾਨ ਰੱਖਿਆ ਜਾਂਦਾ ਹੈ, ਪਰਛੱਤੀ ਕਹਿੰਦੇ ਹਨ। ਕਈ ਇਲਾਕਿਆਂ ਵਿਚ ਪੜਛੱਤੀ ਕਹਿੰਦੇ ਹਨ। ਪੜਛੱਤੀ ਉਪਰ ਘਰ ਦਾ ਉਹ ਸਾਮਾਨ ਰੱਖਿਆ ਜਾਂਦਾ ਸੀ/ਹੈ ਜਿਸ ਸਾਮਾਨ ਦੀ ਵਰਤੋਂ ਜਾਂ ਤਾਂ ਕਦੇ ਕਦੇ ਕਰਨੀ ਹੁੰਦੀ ਸੀ ਜਾਂ ਵਾਧੂ ਹੁੰਦਾ ਸੀ। ਪਰਛੱਤੀ ਇਕ ਕਿਸਮ ਦੀ ਘਰ ਦੀ ਛੱਤ ਦਾ ਵੱਧ ਤੋਂ ਵੱਧ ਲਾਭ ਲੈਣ ਦੇ ਮੰਤਵ ਨਾਲ ਬਣਾਈ ਜਾਂਦੀ ਸੀ। ਹੈ। ਪਹਿਲੇ ਸਮਿਆਂ ਵਿਚ ਲੋਕਾਂ ਦੀ ਆਮਦਨ ਘੱਟ ਹੁੰਦੀ ਸੀ ਜਿਸ ਕਰਕੇ ਘਰ ਵੀ ਛੋਟੇ-ਛੋਟੇ ਬਣੇ ਹੁੰਦੇਂ ਸਨ।ਛੋਟੇ ਘਰਾਂ ਵਿਚ ਕਈ ਵਾਰ ਇਕ ਤੋਂ ਵੱਧ ਵੀ ਪਰਛੱਤੀਆਂ ਬਣਾਈਆਂ ਜਾਂਦੀਆਂ ਸਨ। ਪਰਛੱਤੀ ਇਕ ਖਣ ਦੀ ਵੀ ਬਣਾਈ ਜਾਂਦੀ ਸੀ, ਦੋ ਖਣਾਂ ਦੀ ਵੀ ਬਣਾਈ ਜਾਂਦੀ ਸੀ। ਖਣ ਛੱਤ ਦੇ ਦੋ ਸ਼ਤੀਰਾਂ ਦੇ ਵਿਚਾਲੇ ਦੀ ਥਾਂ ਨੂੰ ਕਿਹਾ ਜਾਂਦਾ ਹੈ।

ਪਰਛੱਤੀ ਘਰ ਦੇ ਉਸ ਹਿੱਸੇ ਵਿਚ ਬਣਾਈ ਜਾਂਦੀ ਸੀ ਜਿਸ ਹਿੱਸੇ ਵਿਚ ਆਮ ਤੌਰ 'ਤੇ ਘਰ ਦੀਆਂ ਤਿੰਨ ਕੰਧਾਂ ਹੁੰਦੀਆਂ ਸਨ। ਜਾਂ ਇਕ ਪਾਸੇ ਕੰਧ ਹੁੰਦੀ ਸੀ ਤੇ ਦੋ ਪਾਸੇ ਕੌਲੇ ਹੁੰਦੇ ਸਨ। ਜਾਂ ਕੌਲੇ ਬਣਾਏ ਜਾਂਦੇ ਸਨ। ਕੌਲਾ ਛੋਟੀ ਕੰਧ ਨੂੰ ਕਹਿੰਦੇ ਹਨ। ਦੋ ਕੰਧਾਂ/ਕੌਲਿਆਂ ਉਪਰ ਛੱਤ ਦੇ ਅੰਦਾਜ਼ਨ ਸਾਢੇ ਕੁ ਤਿੰਨ ਫੁੱਟ ਹੇਠਾਂ ਕਰਕੇ ਇਕ ਪਤਲਾ ਜਿਹਾ ਛਤੀਰ ਰੱਖਿਆ ਜਾਂਦਾ ਸੀ। ਛਤੀਰ ਉਪਰ ਪਤਲੀਆਂ ਕੁੜੀਆਂ/ ਬਾਲਿਆਂ ਦਾ ਇਕ ਸਿਰਾ ਰੱਖਿਆ ਜਾਂਦਾ ਸੀ ਤੇ ਕੁੜੀਆਂ/ਬਾਲਿਆਂ ਦਾ ਦੂਜਾ ਸਿਰਾ ਕੰਧ ਵਿਚ ਦਿੱਤਾ ਜਾਂਦਾ ਸੀ। ਉਪਰ ਛੱਤ ਪਾ ਦਿੱਤੀ ਜਾਂਦੀ ਸੀ। ਬਸ ਬਣ ਗਈ ਪਰਛੱਤੀ। ਪਤਲੇ ਛਤੀਰ, ਕੜੀਆਂ/ਬਾਲੇ ਇਸ ਕਰਕੇ ਪਾਏ ਜਾਂਦੇ ਸਨ ਕਿਉਂ ਜੋ ਪਰਛੱਤੀ ਉਪਰ ਬਹੁਤਾ ਭਾਰ ਤਾਂ ਰੱਖਣਾ ਨਹੀਂ ਹੁੰਦਾ ਸੀ। ਪਰਛੱਤੀ ਦਾ ਲੰਬਾਈ ਵਾਲਾ ਸਾਰਾ ਹਿੱਸਾ ਖੁੱਲ੍ਹਾ ਹੁੰਦਾ ਸੀ। ਪੌੜੀ ਲਾ ਕੇ ਪਰਛੱਤੀ ਉਪਰ ਚੜ੍ਹਿਆ ਜਾਂਦਾ ਸੀ।

ਹੁਣ ਤਕਰੀਬਨ ਸਾਰੇ ਘਰ ਪੱਕੇ ਹਨ ਜੋ ਜਾਂ ਤਾਂ ਲੈਂਟਰ ਲਾ ਕੇ ਬਣਾਏ ਜਾਂਦੇ ਹਨ ਜਾਂ ਗਾਡਰ ਤੇ ਇੱਟ ਬਾਲਾ ਪਾ ਕੇ ਬਣਾਏ ਜਾਂਦੇ ਹਨ। ਇਸ ਲਈ ਹੁਣ ਪਰਛੱਤੀਆਂ ਜਾਂ ਤਾਂ ਸੈਂਟਰ ਵਾਲੀਆਂ ਬਣਦੀਆਂ ਹਨ ਜਾਂ ਗਾਡਰ ਤੇ ਇੱਟ ਬਾਲੇ ਵਾਲੀਆਂ। ਪਰ ਪਰਛੱਤੀਆਂ ਹੁਣ ਪਹਿਲਾਂ ਦੇ ਮੁਕਾਬਲੇ ਘੱਟ ਬਣਾਈਆਂ ਜਾਂਦੀਆਂ ਹਨ।[1]

ਹਵਾਲੇ ਸੋਧੋ

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.