ਪਾਰਾ ਬੈਟਰੀ
ਪਾਰਾ ਬੈਟਰੀ (Mercury Battery) (ਜਿਸਨੂੰ ਮਰਕਰੀ ਆਕਸਾਈਡ, ਜਾਂ ਮਰਕਰੀ ਸੈੱਲ ਵੀ ਕਿਹਾ ਜਾਂਦਾ ਹੈ), ਇੱਕ ਦੋਬਾਰਾ ਨਾ ਚਾਰਜ ਹੋ ਸਕਣ ਵਾਲੀ ਇੱਕ ਬੈਟਰੀ ਹੈ ਅਤੇ ਇਹ ਇੱਕ ਪ੍ਰਾਇਮਰੀ ਸੈੱਲ ਹੈ। ਪਾਰਾ ਬੈਟਰੀਆਂ ਅਲਕਲਾਈਨ ਇਲੈੱਕਟ੍ਰੋਲਾਈਟ ਦੇ ਵਿੱਚ ਮਰਕਰਿਕ ਆਕਸਾਈਡ ਅਤੇ ਜ਼ਿੰਕ ਇਲੈੱਕਟ੍ਰੋਡ ਦੇ ਵਿੱਚ ਹੋਣ ਵਾਲੀ ਕਿਰਿਆ ਨਾਲ ਬਿਜਲਈ ਊਰਜਾ ਪੈਦਾ ਕਰਦੀਆਂ ਹਨ। ਡਿਸਚਾਰਜ ਦੇ ਦੌਰਾਨ ਇਸਦੀ ਵੋਲਟੇਜ ਲਗਭਗ ਇੱਕੋ ਜਿਹੀ 1.35 ਵੋਲਟ ਦੇ ਕਰੀਬ ਰਹਿੰਦੀ ਹੈ ਅਤੇ ਇਸਦੀ ਸਮਰੱਥਾ ਇਸਦੇ ਬਰਾਬਰ ਆਕਾਰ ਵਾਲੀ ਜ਼ਿੰਕ ਕਾਰਬਨ ਬੈਟਰੀ ਨਾਲੋਂ ਕਾਫ਼ੀ ਜ਼ਿਆਦਾ ਹੁੰਦੀ ਹੈ। ਪਾਰਾ ਬੈਟਰੀਆਂ ਬਟਨ ਸੈੱਲਾਂ ਦੇ ਆਕਾਰ ਵਿੱਚ ਘੜੀਆਂ, ਸੁਣਨ ਵਾਲੀਆਂ ਮਸ਼ੀਨਾਂ, ਕੈਮਰਿਆਂ ਅਤੇ ਕੈਲਕੂਲੇਟਰਾਂ ਆਦਿ ਵਿੱਚ ਵਰਤੀਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਇਹ ਹੋਰ ਵਰਤੋਂ ਲਈ ਵੱਡਿਆਂ ਆਕਾਰਾਂ ਵਿੱਚ ਵੀ ਬਣਾਈਆਂ ਜਾਂਦੀਆਂ ਹਨ।
ਰਸਾਇਣਿਕ ਕਿਰਿਆਵਾਂ
ਸੋਧੋਪਾਰਾ ਬੈਟਰੀਆਂ ਵਿੱਚ ਜਾਂ ਤਾਂ ਸ਼ੁੱਧ ਮਰਕਰੀ (II) ਆਕਸਾਈਡ (HgO)- ਜਿਸਨੂੰ ਮਰਕਰਿਕ ਆਕਸਾਈਡ ਵੀ ਕਿਹਾ ਜਾਂਦਾ ਹੈ- ਅਤੇ ਜਾਂ ਮਰਕਰਿਕ ਆਕਸਾਈਡ ਅਤੇ ਮੈਂਗਨੀਜ਼ ਡਾਈਆਕਸਾਈਡ (MnO2) ਦੇ ਮਿਸ਼ਰਣ ਨੂੰ ਕੈਥੋਡ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਮਰਕਰੀ ਆਕਸਾਈਡ ਇੱਕ ਕੁਚਾਲਕ ਹੈ, ਜਿਸ ਕਰਕੇ ਇਸ ਵਿੱਚ ਥੋੜ੍ਹਾ ਜਿਹਾ ਗਰੇਫ਼ਾਈਟ ਮਿਲਾ ਲਿਆ ਜਾਂਦਾ ਹੈ। ਗਰੇਫ਼ਾਈਟ ਪਾਰੇ ਦੀਆਂ ਬਹੁਤ ਸਾਰੀਆਂ ਬੂੰਦਾਂ ਬਣਨ ਤੋਂ ਵੀ ਰੋਕਦਾ ਹੈ। ਕੈਥੋਡ ਉੱਪਰ ਅੱਧੀ-ਕਿਰਿਆ ਇਸ ਤਰ੍ਹਾਂ ਹੁੰਦੀ ਹੈ:
- HgO + H2O + 2e− → Hg + 2OH−[1]
ਜਿਸਦਾ ਮਿਆਰੀ ਪੋਟੈਂਸ਼ਲ +0.0977 ਬਨਾਮ ਮਿਆਰੀ ਹਾਈਡ੍ਰੋਜਨ ਇਲੈੱਕਟ੍ਰੋਡ ਹੁੰਦਾ ਹੈ।
ਐਨੋਡ ਜ਼ਿੰਕ (Zn) ਦਾ ਬਣਿਆ ਹੁੰਦਾ ਹੈ ਅਤੇ ਇੱਕ ਕਾਗਜ਼ ਦੀ ਤਹਿ ਜਾਂ ਕਿਸੇ ਹੋਰ ਮੁਸਾਮਦਾਰ ਪਦਾਰਥ ਜਿਹੜਾ ਕਿ ਇਲੈਕਟ੍ਰੋਲਾਈਟ ਵਿੱਚ ਭਿੱਜਿਆ ਹੁੰਦਾ ਹੈ, ਨਾਲ ਕੈਥੋਡ ਤੋਂ ਅਲੱਗ ਕੀਤਾ ਹੋਇਆ ਹੁੰਦਾ ਹੈ। ਇਸਨੂੰ ਸਾਲਟ-ਬਰਿੱਜ ਕਿਹਾ ਜਾਂਦਾ ਹੈ। ਦੋ ਅੱਧੀਆਂ ਕਿਰਿਆਵਾਂ ਐਨੋਡ ਉੱਪਰ ਵਾਪਰਦੀਆਂ ਹਨ। ਪਹਿਲੀ ਕਿਰਿਆ ਇੱਕ ਇਲੈੱਕਟ੍ਰੋਕੈਮੀਕਲ ਕਿਰਿਆ ਹੁੰਦੀ ਹੈ:
- Zn + 4OH− → Zn(OH)4−2 + 2e−[1]
ਅਤੇ ਉਸ ਪਿੱਛੋਂ ਰਸਾਇਣਿਕ ਕਿਰਿਆ ਵਾਪਰਦੀ ਹੈ:
- Zn(OH)4−2 → ZnO + 2OH− + H2O[1]
ਜਿਸ ਤੋਂ ਐਨੋਡ ਉੱਪਰ ਇੱਕ ਅੱਧੀ ਕਿਰਿਆ ਵਾਪਰਦੀ ਹੈ:
- Zn + 2OH− → ZnO + H2O + 2e−[1]
ਸਮੁੱਚੇ ਤੌਰ 'ਤੇ ਬੈਟਰੀ ਦੀ ਕਿਰਿਆ ਇਹ ਹੁੰਦੀ ਹੈ:
- Zn + HgO → ZnO + Hg
ਥੋੜ੍ਹੇ ਸ਼ਬਦਾਂ ਵਿੱਚ, ਡਿਸਚਾਰਜ ਦੇ ਦੌਰਾਨ ਜ਼ਿੰਕ ਜ਼ਿੰਕ ਆਕਸਾਈਡ (ZnO) ਵਿੱਚ ਤਬਦੀਲ ਹੋਣ ਲਈ ਆਕਸੀਡਾਈ (ਇਲੈੱਕਟੌਨ ਗੁਆਉਂਦਾ ਹੈ) ਹੁੰਦਾ ਹੈ। ਜਦਕਿ ਮਰਕਰਿਕ ਆਕਸਾਈਡ ਪਦਾਰਥਕ ਪਾਰਾ ਬਣਨ ਲਈ ਇਲੈੱਕਟ੍ਰੋਨ ਲੈਂਦਾ ਹੈ।[1]
ਇਲੈਕਟ੍ਰੋਲਾਈਟ
ਸੋਧੋਪਾਰਾ ਬੈਟਰੀ ਵਿੱਚ ਸੋਡੀਅਮ ਹਾਈਡ੍ਰੋਕਸਾਈਡ ਜਾਂ ਪੋਟਾਸ਼ੀਅਮ ਹਾਈਡ੍ਰੋਕਸਾਈਡ ਨੂੰ ਇਲੈਕਟ੍ਰੋਲਾਈਟ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਸੋਡੀਅਮ ਹਾਈਡ੍ਰੋਕਸਾਈਡ ਸੈੱਲਾਂ ਦੀ ਵੋਲਟੇਜ ਘੱਟ ਡਿਸਚਾਰਜ ਕਰੰਟ ਤੇ ਲਗਭਗ ਇੱਕੋ ਜਿਹੀ ਰਹਿੰਦੀ ਹੈ, ਜਿਸ ਕਰਕੇ ਇਹ ਸੁਣਨ ਵਾਲੀਆਂ ਮਸ਼ੀਨਾਂ, ਕੈਲਕੂਲੇਟਰਾਂ ਅਤੇ ਇਲੈਕਟ੍ਰਾਨਿਕ ਘੜੀਆਂ ਲਈ ਬਹੁਤ ਢੁੱਕਵਾਂ ਹੈ। ਇਸ ਤੋਂ ਇਲਾਵਾ ਪੋਟਾਸ਼ੀਅਮ ਹਾਈਡ੍ਰੋਕਸਾਈਡ ਵੱਧ ਕਰੰਟ ਤੇ ਲਗਭਗ ਇੱਕੋ ਜਿਹੀ ਵੋਲਟੇਜ ਦਿੰਦਾ ਹੈ ਜਿਸ ਕਰਕੇ ਇਹ ਵੱਧ ਕਰੰਟ ਲੋੜੀਂਦੀਆਂ ਚੀਜ਼ਾਂ ਲਈ ਬਹੁਤ ਢੁੱਕਵਾਂ ਹੈ, ਜਿਵੇਂ ਕਿ ਫ਼ਲੈਸ਼ ਵਾਲੇ ਕੈਮਰੇ ਅਤੇ ਬੱਤੀ ਵਾਲੀਆਂ ਘੜੀਆਂ ਆਦਿ। ਘੱਟ ਤਾਪਮਾਨਾਂ ਤੇ ਪੋਟਾਸ਼ੀਅਮ ਹਾਈਡ੍ਰੋਕਸਾਈਡ ਸੈੱਲਾਂ ਦਾ ਪ੍ਰਦਰਸ਼ਨ ਬਹੁਤ ਵਧੀਆ ਹੁੰਦਾ ਹੈ। ਪਾਰਾ ਬੈਟਰੀਆਂ ਦੀ ਜ਼ਿੰਦਗੀ ਬਹੁਤ ਲੰਮੀ ਹੁੰਦੀ ਹੈ ਅਤੇ ਇਹ ਲਗਭਗ 10 ਸਾਲ ਤੱਕ ਚਲਦੀਆਂ ਹਨ।[1]