ਪਿਆਰ ਤੇ ਪ੍ਰਾਹੁਣਚਾਰੀ
ਕਿਸੇ ਸਮੇਂ ਪਿਆਰ ਤੇ ਪ੍ਰਾਹੁਣਚਾਰੀ ਪੰਜਾਬ ਦੇ ਸਭਿਆਚਾਰ ਦੀ ਵਿਸ਼ੇਸ਼ਤਾ ਮੰਨੀ ਜਾਂਦੀ ਸੀ। ਉਨ੍ਹਾਂ ਸਮਿਆਂ ਵਿਚ ਥੋੜ੍ਹੀ ਜਿਹੀ ਆਬਾਦੀ ਹੁੰਦੀ ਸੀ। ਕੁੜੀਆਂ ਨੂੰ ਜੰਮਦਿਆਂ ਮਾਰਨ ਦਾ ਰਿਵਾਜ ਸੀ। ਮੁੰਡੇ ਜ਼ਿਆਦਾ ਹੁੰਦੇ ਸਨ। ਏਸ ਕਰਕੇ ਹਰ ਪਰਿਵਾਰ ਵਿਚੋਂ ਇਕ ਦੋ ਹੀ ਵਿਆਹੇ ਜਾਂਦੇ ਸਨ, ਬਾਕੀ ਛੜੇ ਹਿ ਜਾਂਦੇ ਸਨ। ਉਨ੍ਹਾਂ ਸਮਿਆਂ ਵਿਚ ਸਿਹਤ ਸਹੂਲਤਾਂ ਵੀ ਨਹੀਂ ਹੁੰਦੀਆਂ ਸਨ। ਇਸ ਲਈ ਮੌਤ ਦਰ ਬਹੁਤ ਹੁੰਦੀ ਸੀ। ਪਲੇਗ ਵਰਗੀਆਂ ਬੀਮਾਰੀਆਂ ਪੈ ਜਾਂਦੀਆਂ ਸਨ। ਥੌੜ੍ਹੀ ਆਬਾਦੀ ਹੋਣ ਕਰਕੇ ਲੋਕਾਂ ਦਾ ਆਪਸ ਵਿਚ ਪਿਆਰ ਬਹੁਤ ਹੁੰਦਾ ਸੀ। ਲਾਲਚ ਨਾਂ ਦੀ ਬਲਾ ਉਸ ਸਮੇਂ ਹੁੰਦੀ ਹੀ ਨਹੀਂ ਸੀ। ਲੋਕਾਂ ਕੋਲ ਖੁਲ੍ਹੀਆਂ ਜ਼ਮੀਨਾ ਹੁੰਦੀਆਂ ਸਨ। ਬਹੁਤੀਆਂ ਬੇਆਬਾਦ ਹੁੰਦੀਆਂ ਸਨ। ਖੇਤੀ ਬਾਰਸ਼ਾਂ ਤੇ ਨਿਰਭਰ ਸੀ। ਖਾਣ ਜੋਗੇ ਹੀ ਦਾਣੇ ਹੁੰਦੇ ਸਨ। ਲੋਕ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਕੋਲ ਬੁਲਾ ਕੇ ਵਸਾਉਂਦੇ ਹੁੰਦੇ ਸਨ। ਆਪਣੇ ਕੋਲੋਂ ਜ਼ਮੀਨਾਂ ਵੀ ਦਿੰਦੇ ਸਨ।
ਜਿਥੇ ਕੋਈ ਚੀਜ਼, ਵਸਤ, ਬੱਚਾ, ਬੱਚੀ ਲੋੜੋਂ ਘੱਟ ਹੋਵੇ ਜਾਂ ਲੋੜ ਜੋਗੀ ਹੋਵੇ, ਉਸ ਦੀ ਬਹੁਤ ਕਦਰ ਕੀਤੀ ਜਾਂਦੀ ਹੈ। ਉਸ ਨਾਲ ਪਿਆਰ ਕੀਤਾ ਜਾਂਦਾ ਹੈ। ਏਸ ਕਰਕੇ ਉਨ੍ਹਾਂ ਸਮਿਆਂ ਵਿਚ ਪਰਿਵਾਰਾਂ ਤੇ ਰਿਸ਼ਤੇਦਾਰਾਂ ਵਿਚ ਪਿਆਰ ਤਾਂ ਹੁੰਦਾ ਹੀ ਸੀ, ਆਮ ਲੋਕਾਂ ਨਾਲ ਵੀ ਬਹੁਤ ਪਿਆਰ ਹੁੰਦਾ ਸੀ। ਇਕ ਪਰਿਵਾਰ ਦੀ ਧੀ ਨੂੰ ਸਾਰੇ ਪਿੰਡ ਦੀ ਧੀ ਸਮਝਿਆ ਜਾਂਦਾ ਸੀ। ਉਨ੍ਹਾਂ ਸਮਿਆਂ ਵਿਚ ਦਰਵਾਜ਼ਿਆਂ ਰਾਹੀਂ ਹੀ ਪਿੰਡਾਂ ਅੰਦਰ ਆਇਆ ਜਾ ਸਕਦਾ ਸੀ। ਪਿੰਡਾਂ ਅੰਦਰ ਜਾਣ ਲਈ ਹੋਰ ਕੋਈ ਰਾਹ ਨਹੀਂ ਹੁੰਦਾ ਸੀ। ਇਸ ਲਈ ਜਦ ਕੋਈ ਵਿਆਹੀ ਕੁੜੀ ਸਹੁਰਿਆਂ ਨੂੰ ਜਾਂਦੀ ਸੀ ਜਾਂ ਸਹੁਰਿਆਂ ਤੋਂ ਆਉਂਦੀ ਸੀ ਤਾਂ ਦਰਵਾਜ਼ੇ ਵਿਚ ਜਿੰਨੇ ਵੀ ਆਦਮੀ ਬੈਠੇ ਹੁੰਦੇ ਸਨ, ਉਹ ਸਾਰੇ ਕੁੜੀ ਦਾ ਸਿਰ ਪਲੋਸਦੇ ਸਨ, ਪਿਆਰ ਦਿੰਦੇ ਸਨ, ਸੁਖ ਸਾਂਦ ਪੁੱਛਦੇ ਸਨ। ਏਸੇ ਤਰ੍ਹਾਂ ਪ੍ਰਾਹੁਣੇ ਦਾ ਆਦਰ ਮਾਣ ਕਰਦੇ ਹੁੰਦੇ ਸਨ। ਦਰਵਾਜ਼ਿਆ ਰਾਹੀਂ ਅੰਦਰ ਆਉਣ ਕਰਕੇ ਸਾਰੇ ਪਿੰਡ ਨੂੰ ਪਤਾ ਲੱਗ ਜਾਂਦਾ ਸੀ ਕਿ ਫਲਾਣੇ ਪਰਿਵਾਰ ਦੀ ਕੁੜੀ ਸਹੁਰਿਆਂ ਤੋਂ ਆਈ ਹੈ। ਫਲਾਣੇ ਪਰਿਵਾਰ ਦਾ ਜੁਆਈ ਆਇਆ ਹੈ। ਪ੍ਰਾਹੁਣੇ ਵੀ ਕਈ ਕਈ ਦਿਨ ਸਹੁਰੀਂ ਰਹਿੰਦੇ ਸਨ। ਸਾਰੇ ਪਿੰਡ ਦੀ ਇੱਜ਼ਤ ਸਾਂਝੀ ਹੁੰਦੀ ਸੀ।
ਲੋਕਾਂ ਕੋਲ ਵਿਹਲ ਦਾ ਸਮਾਂ ਵੀ ਬਹੁਤ ਹੁੰਦਾ ਸੀ। ਲੋਕ ਹਫ਼ਤਾ ਹਫ਼ਤਾ ਰਿਸ਼ਤੇਦਾਰੀਆਂ ਵਿਚ ਬੈਠੇ ਰਹਿੰਦੇ ਸਨ। ਸੰਯੁਕਤ ਪਰਿਵਾਰ ਹੁੰਦੇ ਸਨ। ਦਾਦੇ ਤੋਂ ਪੋਤੇ ਤੱਕ ਇਕ ਹੀ ਛੱਤ ਥੱਲੇ ਰਹਿੰਦੇ ਸਨ। ਹਰ ਪਰਿਵਾਰ ਵਿਚ ਆਮ ਤੌਰ ਤੇ 14-15 ਜੀਅ ਹੁੰਦੇ ਸਨ। ਬੜਾ ਪਰਿਵਾਰ ਹੋਣ ਕਰਕੇ ਸਾਰਿਆਂ ਦੀ ਰਲ ਮਿਲ ਕੇ ਰਹਿਣ ਦੀ ਆਦਤ ਬਣੀ ਹੁੰਦੀ ਸੀ। ਇਕ ਦੂਜੇ ਨੂੰ ਪਿਆਰ ਕਰਨ ਦੀ ਗੁੜ੍ਹਤੀ ਉਨ੍ਹਾਂ ਨੂੰ ਪਰਿਵਾਰ ਵਿਚੋਂ ਹੀ ਮਿਲ ਜਾਂਦੀ ਸੀ। ਵੈਸੇ ਵੀ ਸਿਆਣਿਆਂ ਨੇ ਕਿਹ ਹੈ, ਬੱਚਾ ਸਭ ਕੁਝ ਆਪਣੇ ਪਰਿਵਾਰ ਵਿਚੋਂ ਹੀ ਸਿੱਖਦਾ ਹੈ।
ਹੁਣ ਲੋਕਾਂ ਕੋਲ ਨਾ ਸਮਾਂ ਹੈ ਅਤੇ ਨਾ ਵਿਹਲ ਹੈ। ਲੋਕਾਂ ਦੀ ਇਕ ਨਾ ਖ਼ਤਮ ਹੋਣ ਵਾਲੀ ਦੌੜ ਲੱਗੀ ਹੋਈ ਹੈ। ਲੋੜ ਤੋਂ ਬਗੈਰ ਨਾ ਕੋਈ ਰਿਸ਼ਤੇਦਾਰ ਕਿਸੇ ਕੋਲ ਜਾਂਦਾ ਹੈ ਅਤੇ ਨਾ ਹੀ ਆਉਂਦਾ ਹੈ। ਬਹੁਤ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਛੱਡ ਕੇ ਹੁਣ ਪਰਿਵਾਰ ਦੀ ਇੱਛਾ ਹੁੰਦੀ ਹੈ ਕਿ ਰਿਸ਼ਤੇਦਾਰ ਛੇਤੀ ਤੋਂ ਛੇਤੀ ਘਰੋਂ ਨਿਕਲਣ। ਹੁਣ ਬਹੁਤੇ ਰਿਸ਼ਤੇਦਾਰਾਂ ਦੀ ਸੇਵਾ ਮਨੋ ਨਹੀਂ ਕੀਤੀ ਜਾਂਦੀ, ਸਗੋਂ ਗਲ ਪਿਆ ਢੋਲ ਵਜਾਉਂਦੇ ਹਨ। ਹੁਣ ਇਕਹਿਰੇ ਪਰਿਵਾਰ ਹੋਣ ਕਰਕੇ ਰਲ ਮਿਲ ਕੇ ਰਹਿਣ ਦੀ ਭਾਵਨਾ ਹੀ ਬੱਚਿਆਂ ਵਿਚ ਪੈਦਾ ਨਹੀਂ ਹੁੰਦੀ। ਲੋਕਾਂ ਦੀਆਂ ਇਛਾਵਾਂ ਉਨ੍ਹਾਂ ਦੀਆਂ ਸਮਰਥਾਵਾਂ ਨਾਲੋਂ ਬਹੁਤ ਵਧੀਆਂ ਹੋਈਆਂ ਹਨ, ਜਿਸ ਨੂੰ ਪੂਰੀਆਂ ਕਰਨ ਲਈ ਸਾਰਾ ਪਰਿਵਾਰ ਸਾਰੇ ਦਿਨ ਗਧੀ ਗੇੜ ਵਿਚ ਪਿਆ ਰਹਿੰਦਾ ਹੈ। ਇਛਾਂਵਾਂ ਪੂਰੀਆਂ ਨਾ ਹੋਣ ਕਰਕੇ ਲੋਕਾਂ ਵਿਚ ਮਾਨਸਿਕ ਤਣਾਓ (ਟੈਨਸ਼ਨ) ਵਧਿਆ ਹੋਇਆ ਹੈ. ਏਸ ਮਾਨਸਿਕ ਤਣਾਉ ਨੇ ਪਿਆਰ ਤੇ ਪ੍ਰਾਹੁਣਚਾਰੀ ਨੂੰ ਸਭ ਤੋਂ ਵੱਧ ਢਾਹ ਲਾਈ ਹੈ।[1]
ਹਵਾਲੇ
ਸੋਧੋ- ↑ "10th ਵਾਰਤਕ-ਭਾਗ 2. ਘਰ ਦਾ ਪਿਆਰ (ਪ੍ਰਿੰ ਤੇਜਾ ਸਿੰਘ) - PSEB Notes". https://psebnotes.com/ (in ਅੰਗਰੇਜ਼ੀ (ਅਮਰੀਕੀ)). 2024-04-14. Retrieved 2024-12-21.
{{cite web}}
: External link in
(help)|website=