ਪੀਚੋ, ਅੱਡਾ ਖੱਡਾ, ਅੱਡੀ ਟੱਪਾ ਜਾਂ ਛਟਾਪੂ ਬੱਚੀਆਂ ਦੀ ਇੱਕ ਲੋਕ ਖੇਡ ਹੈ। ਇਸ ਦੇ ਹੋਰ ਨਾਂ ਅੱਡਾ ਖੱਡਾ, ਅੱਡੀ ਟੱਪਾ ਜਾਂ ਛਟਾਪੂ ਵੀ ਹਨ। ਇਹ ਧਰਤੀ ਤੇ ਅੱਠ ਜਾਂ ਦਸ ਖਾਨੇ ਵਾਹ ਕੇ ਖੇਡੀ ਜਾਂਦੀ ਹੈ। ਖੇਡਣ ਲਈ ਡੀਟੀ ਦੀ ਜ਼ਰੂਰਤ ਹੁੰਦੀ ਹੈ। ਡੀਟੀ ਨੂੰ ਠੋਕਰ ਮਾਰ ਕੇ ਅੱਗੇ ਸੁੱਟਿਆ ਜਾਂਦਾ ਹੈ। ਡੀਟੀ ਕਿਸੇ ਵੀ ਲੀਕ ਨਾਲ ਛੂਹ ਜਾਣ ਤੇ ਵਾਰੀ ਕੱਟੀ ਜਾਂਦੀ ਹੈ।

ਕਿਊਬਾ ਦੇ ਇੱਕ ਸਕੂਲ ਦੇ ਬੱਚੇ ਪੀਚੋ ਖੇਡ ਦੇ ਹੋਏ, ਜਿਥੇ ਇਸਨੂੰ 'ਪੌਨ' ਕਿਹਾ ਜਾਂਦਾ ਹੈ

ਪੀਚੋ ਛੋਟੀਆਂ ਕੁੜੀਆਂ ਦੀ ਘਰ ਦੇ ਵਿਹੜੇ, ਗਲ਼ੀਆਂ ਜਾਂ ਸਕੂਲ ਦੇ ਮੈਦਾਨ ਵਿੱਚ ਖੇਡੀ ਜਾਣ ਵਾਲੀ ਬਹੁਤ ਹਰਮਨ ਪਿਆਰੀ ਖੇਡ ਰਹੀ ਹੈ। ਕੋਈ ਸਮਾਂ ਸੀ ਜਦੋਂ ਪੀਚੋ ਖੇਡਣ ਵਿੱਚ ਮਸਤ ਸਕੂਲੀ ਕੁੜੀਆਂ ਖਾਣਾ-ਪੀਣਾ ਅਤੇ ਕੰਮ-ਧੰਦੇ ਵੀ ਭੁੱਲ ਜਾਇਆ ਕਰਦੀਆਂ ਸਨ। ਪੀਚੋ ਬਾਰੇ ਸਰਸਰੀ ਗੱਲ ਕਰਦਿਆਂ ਅਸੀਂ ਆਮ ਤੌਰ ਤੇ ਇਸਨੂੰ ਧਰਤੀ ਉੱਪਰ ਲਕੀਰਾਂ ਮਾਰ ਕੇ ਕਿਸੇ ਡੀਕਰੀ ਜਾਂ ਠੀਕ੍ਹਰ ਦੇ ਦੋ ਢਾਈ ਇੰਚ ਦੇ ਟੁਕੜੇ ਨਾਲ ਖੇਡੀ ਜਾਣ ਵਾਲੀ ਸਧਾਰਨ ਖੇਡ ਤੱਕ ਸੀਮਤ ਕਰਕੇ ਦੇਖਦੇ ਹਾਂ ਪਰ ਜਦੋਂ ਅਸੀਂ ਇਸ ਬਾਰੇ ਡੁੰਘਾਈ ਵਿੱਚ ਪੜਤਾਲ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਇਹ ਜਿੰਨੀ ਸਾਦੀ ਤੇ ਸੁਖਾਲ਼ੀ ਹੈ ਓਨੀ ਸਧਾਰਨ ਨਹੀਂ, ਸਗੋਂ ਇਹ ਤਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਲੋੜੀਂਦੇ ਮੁਹਾਰਤੀ ਗੁਣਾਂ ਦਾ ਖਜ਼ਾਨਾ ਹੈ। ਆਮ ਜਿਹੀ ਸਮਝੀ ਜਾਂਦੀ ਇਸ ਖੇਡ ਦੇ ਇਤਿਹਾਸ ਨੂੰ ਫਰੋਲੀਏ ਤਾਂ ਅਸੀਂ ਦੇਖਦੇ ਹਾਂ ਕਿ ਜਿੱਥੇ ਇਸਦਾ ਪਿਛੋਕੜ ਬੜਾ ਪ੍ਰਾਚੀਨ ਅਤੇ ਦਿਲਚਸਪ ਹੈ ਉੱਥੇ ਇਸਦੇ ਖੇਡੇ ਜਾਣ ਦਾ ਵਿਸ਼ਾਲ ਬਹੁ-ਮੁਲਕੀ ਦਾਇਰਾ ਵੀ ਹੈਰਾਨ ਕਰਨ ਵਾਲਾ ਹੈ।

ਸੰਸਾਰ ਭਰ ਦੇ ਵੱਡੀ ਗਿਣਤੀ ਦੇਸ਼ਾਂ ਦੀਆਂ ਪੇਂਡੂ ਗਲ਼ੀਆਂ ਦੀਆਂ ਪੁਰਾਤਨ ਅਤੇ ਪ੍ਰਚੱਲਿਤ ਮਨੋਰੰਜਕ ਖੇਡਾਂ ਵਿੱਚੋਂ ਇਕ, ਇਸ ਖੇਡ ਪੀਚੋ ਦਾ ਇਤਿਹਾਸ ਲਗਭਗ ਤਿੰਨ ਹਜਾਰ ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਭਾਵੇਂ ਕਿ ਇਸ ਬਾਰੇ ਕੋਈ ਜਿਕਰਯੋਗ ਤੱਥ ਮੌਜੂਦ ਨਹੀਂ ਹੈ, ਪਰ ਪਹਿਲੀ ਵਾਰ ਇਸ ਦਾ ਉਪਯੋਗ ਪੁਰਾਤਨ ਰੋਮਨ ਸਾਮਰਾਜ ਦੇ ਸਮੇਂ ਸੈਨਿਕਾਂ ਦੇ ਸਰੀਰਕ ਅਭਿਆਸ ਲਈ ਕੀਤਾ ਗਿਆ ਸੀ। ਚੀਨ ਅਤੇ ਬਰਤਾਨੀਆਂ ਦੇ ਪੈਦਲ ਸੈਨਿਕਾਂ ਵਿੱਚ ਸਰੀਰਕ ਕੁਸ਼ਲਤਾ ਵਧਾਉਣ ਦੇ ਮਕਸਦ ਨਾਲ ਸਿਖਲਾਈ ਦੌਰਾਨ ਆਪਣੇ ਪੂਰੇ ਅਸਲ੍ਹੇ ਅਤੇ ਹੋਰ ਸਮਾਨ ਸਮੇਤ ਸੈਂਕੜੇ ਫੁੱਟ ਲੰਬੇ ਪੀਚੋ ਦੇ ਖਾਕੇ ਵਿੱਚ ਅਭਿਆਸ ਕਰਵਾਇਆ ਜਾਂਦਾ ਸੀ। ਇਸ ਤਰ੍ਹਾਂ ਸੈਨਿਕਾਂ ਦੀ ਨਿਪੁੰਨਤਾ ਦਾ ਪੈਮਾਨਾ ਰਹੀ ਇਹ ਖੇਡ ਹੌਲੀ-ਹੌਲੀ ਫੌਜੀ ਕੈਂਪਾਂ ਵਿੱਚੋਂ ਨਿੱਕਲ ਕੇ ਇੱਕ ਨਵਾਂ ਆਸਾਨ ਅਤੇ ਮਨੋਰੰਜਕ ਰੂਪ ਲੈ ਕੇ ਪਿੰਡਾਂ ਦੀਆਂ ਗਲ਼ੀਆਂ ਤੋਂ ਅੱਗੇ ਵਧਕੇ ਸਕੂਲਾਂ ਦੇ ਮੈਦਾਨਾਂ ਦੀ ਦਿਲਚਸਪ ਖੇਡ ਬਣ ਗਈ। ਫੌਜੀ ਸਿਖਲਾਈ ਦੇ ਪਿੜਾਂ ਵਿੱਚੋਂ ਨਿੱਕਲੀ ਹੋਣ ਸਦਕਾ ਭਾਵੇਂ ਇਹ ਮੁੰਡਿਆਂ ਦੁਆਰਾ ਵੀ ਖੇਡ ਲਈ ਜਾਂਦੀ ਸੀ ਪਰ ਬਹੁਤੀ ਪ੍ਰਚੱਲਿਤ ਅਤੇ ਹਰਮਨ ਪਿਆਰੀ ਕੁੜੀਆਂ ਵਿੱਚ ਹੀ ਰਹੀ ਹੈ, ਕਿਉਂਕਿ ਇਸ ਵਾਸਤੇ ਬਹੁਤੇ ਸਰੀਰਕ ਬਲ ਦੀ ਲੋੜ ਨਹੀਂ ਪੈਂਦੀ ਬਲਕਿ ਇਸ ਦੀ ਖੋਜ ਹੀ ਮੁਹਾਰਤ, ਨਿਪੁੰਨਤਾ, ਪਕੜ ਅਤੇ ਸੰਤੁਲਨ ਦੀ ਕਸਰਤ ਵਜੋਂ ਹੋਈ ਸੀ। ਯੂਰਪ ਵਿੱਚ ਸਤਾਰ੍ਹਵੀਂ ਸਦੀ ਦੌਰਾਨ ਇਸ ਖੇਡ ਦੇ ਮੁਕਾਬਲੇ ਕਰਵਾਏ ਜਾਣ ਦਾ ਜਿਕਰ ਵੀ ਮਿਲਦਾ ਹੈ। ਔਕਸਫੋਰਡ ਅੰਗਰੇਜ਼ੀ ਡਿਕਸ਼ਨਰੀ ਵਲੋਂ ਇਸਦੇ ਮੂਲ ਆਧਾਰ hop (ਛੜੱਪਾ) ਅਤੇ Scotch (ਝਰੀਟ ਨਾਲ ਬਣਿਆ ਆਕਾਰ) ਤੋਂ ਦਿੱਤੇ ਨਾਮ ਹੌਪਸਕੌਚ (hopscotch) ਨਾਲ ਜਾਣੀ ਜਾਂਦੀ ਇਸ ਖੇਡ ਦਾ ਲਿਖਤੀ ਜਿਕਰ ਵੀ 1677 ਵਿੱਚ ਛਪੀ ਪੂਅਰ ਰਾਬਿਨ ਦੀ ਤਿੱਥ-ਪੱਤਿ੍ਰਕਾ ਵਿੱਚ ਅਤੇ ਫਰਾਂਸਿਸ ਵਿਲੰਗਬੀ ਦੁਆਰਾ 1635 ਤੋਂ 1672 ਵਿਚਕਾਰ ਖੇਡਾਂ ਬਾਰੇ ਸੰਕਲਿਤ ਪਾਂਡੂਲਿਪੀ ਵਿੱਚ ਸਕੌਚ ਹੌਪਰਜ਼ ਦੇ ਤੌਰ ਤੇ ਦਰਜ ਹੈ। ਭਾਰਤ ਅੰਦਰ ਹੀ ਅਨੇਕ ਤਰ੍ਹਾਂ ਨਾਲ ਖੇਡੀ ਜਾਂਦੀ ਇਸ ਖੇਡ ਦੇ ਦੁਨੀਆਂ ਭਰ ਵਿੱਚ ਵੱਡੀ ਗਿਣਤੀ ਮੁਲਕਾਂ ਵਿੱਚ ਵੱਖ-ਵੱਖ ਵਿਧੀਆਂ ਅਤੇ ਨਿਯਮਾਂ ਹੇਠ ਖੇਡੇ ਜਾਣ ਦੀ ਜਾਣਕਾਰੀ ਮਿਲਦੀ ਹੈ ਜਿਹਨਾਂ ਵਿੱਚ ਮੁੱਖ ਤੌਰ ਤੇ ਬਰਤਾਨੀਆਂ, ਫਰਾਂਸ, ਲਾਤੀਨੀ ਅਮਰੀਕਾ, ਸਵਿਟਜਰਲੈਂਡ, ਬਰਾਜ਼ੀਲ, ਸਪੇਨ, ਟਰਕੀ, ਰੂਸ, ਪੋਲੈਂਡ, ਸਵੀਡਨ, ਨਾਰਵੇ, ਇਟਲੀ, ਬੋਸਨੀਆ, ਮੈਕਸੀਕੋ, ਜਰਮਨੀ, ਆਸਟ੍ਰੀਆ, ਆਸਟ੍ਰੇਲੀਆ, ਅਰਜਨਟੀਨਾ, ਘਾਨਾ, ਕੋਸਟਾ ਰੀਕਾ, ਨਿਕਾਰਾਗੂਆ, ਹੌਂਡੂਰਸ, ਉਰੂਗੁਏ, ਗੁਆਟੇਮਾਲਾ, ਅਲਬਾਨੀਆ, ਫਿਲਪੀਨਸ, ਸਰਬੀਆ, ਕ੍ਰੋਏਸ਼ੀਆ, ਮਲੇਸ਼ੀਆ ਆਦਿ ਸ਼ਾਮਿਲ ਹਨ। ਇਸ ਤਰ੍ਹਾਂ ਸੈਨਿਕਾਂ ਦੇ ਅਭਿਆਸ ਵਿੱਚੋਂ ਉਪਜੀ ਇਸ ਖੇਡ ਤੋਂ ਪ੍ਰੇਰਿਤ ਹੋ ਕੇ ਪਹਿਲਾਂ ਯੂਰਪ ਅਤੇ ਫਿਰ ਦੁਨੀਆਂ ਭਰ ਦੇ ਬੱਚਿਆਂ ਨੇ ਇਸ ਨੂੰ ਸੌਖਿਆਂ ਕਰਕੇ ਅਤੇ ਨੰਬਰਾਂ ਵਾਲੇ ਪੜਾਵਾਂ ਵਿੱਚ ਪਰੋ ਕੇ ਨਵਾਂ ਰੂਪ ਦੇ ਕੇ ਮਨੋਰੰਜਨ ਲਈ ਅਪਣਾ ਲਿਆ। ਹਰ ਮੁਲਕ ਵਿੱਚ ਇਹ ਖੇਡ ਵੱਖੋ-ਵੱਖਰੇ ਨਾਵਾਂ ਨਾਲ ਪੁਕਾਰੀ ਜਾਂਦੀ ਹੈ। ਭਾਰਤ ਵਿੱਚ ਵੀ ਹਰ ਰਾਜ ਵਿੱਚ ਇਸ ਦਾ ਨਾਂ ਵੱਖਰਾ ਹੈ। ਭਾਰਤ ਵਿੱਚ ਇਹ ਖੇਡ ਬਰਤਾਨੀਆਂ ਰਾਹੀਂ ਪਹੁੰਚੀ ਮੰਨੀ ਜਾ ਸਕਦੀ ਹੈ ਕਿਉਂਕਿ ਇਸ ਨਾਲ ਸਬੰਧਤ ਕੁੱਝ ਸ਼ਬਦਾਵਲੀ ਅੰਗਰੇਜ਼ੀ ਦੀ ਵੀ ਵਰਤੀ ਜਾਂਦੀ ਹੈ ਅਤੇ ਕੁੱਝ ਵਾਕ ਅੰਗਰੇਜ਼ੀ ਤੋਂ ਵਿਗੜੇ ਹੋਏ ਵੀ ਹਨ ਜਿਵੇਂ ਕਿ ਸਾਰੇ ਖਾਨੇ ਸਰ ਕਰ ਲੈਣ ਤੋਂ ਬਾਅਦ ਜਦੋਂ ਅੱਖਾਂ ਬੰਦ ਕਰਕੇ ਖਾਨਿਆਂ ਨੂੰ ਪਾਰ ਕਰਨਾ ਹੁੰਦਾ ਹੈ ਤਾਂ ਮਾਲਵੇ ਦੇ ਕੁੱਝ ਖੇਤਰ ਵਿੱਚ ਖਾਕਾ ਪਾਰ ਕਰਨ ਵਾਲਾ ਬੱਚਾ ਹਰ ਖਾਨੇ ਵਿੱਚ ਰੁਕ ਕੇ ਪੁੱਛਦਾ ਹੈ ‘ਐੜ ਬੈੜ’ ਤਾਂ ਸਹੀ ਹੋਣ ਤੇ ਦੂਸਰਾ ਬੱਚਾ ‘ਯੈੱਸ’ ਬੋਲਦਾ ਹੈ। ਇਹ ‘ਐੜ ਬੈੜ’ ਅੰਗਰੇਜ਼ੀ ਦੇ ਵਾਕ ‘ਐਮ ਆਈ ਰਾਈਟ?’ ਭਾਵ ‘ਕੀ ਮੈਂ ਸਹੀ ਹਾਂ?’ ਦਾ ਹੀ ਜੁਬਲੀ ਤੋਂ ਜੁਗਨੀ ਵਾਂਗ ਵਿਗੜਿਆ ਰੂਪ ਹੋ ਸਕਦਾ ਹੈ।

ਵਿਸ਼ਵ ਭਰ ਦੇ ਦੇਸ਼ਾਂ ਵਿੱਚ ਪੌਟਸੀ, ਰੂਏਲਾ, ਲੇ-ਲੇ, ਟੁਮਾਟੂ, ਕਿਥ-ਕਿਥ, ਹਿਮਲ-ਹੋਲੇ, ਮਾਰੇਲੇ, ਪੀਵਰ, ਸੈਕ-ਸੈਕ, ਕਲਾਸੀ, ਪਿਕੋ, ਰਸਾਵੀ, ਪਾਡਾ, ਸਕੋਲਿਕਾ, ਆਦਿ ਨਾਵਾਂ ਨਾਲ ਖੇਡੀ ਜਾਂਦੀ ਇਸ ਖੇਡ ਦੇ ਨਾਮ, ਨਿਯਮ, ਆਕਾਰ ਜਾਂ ਬਣਤਰ ਤਾਂ ਵੱਖਰੀ-ਵੱਖਰੀ ਹੈ ਪਰ ਇਸ ਦਾ ਮੁੱਢ ਅਤੇ ਵਿਧੀ ਇੱਕ ਹੀ ਹੈ। ਭਾਰਤ ਵਿੱਚ ਵੀ ਰਾਜਾਂ ਅਤੇ ਇਲਾਕਿਆਂ ਅਨੁਸਾਰ ਇਸਨੂੰ ਪਾਂਡੀ, ਕੁੰਟੇ-ਬਿੱਲੇ, ਲੰਗੜੀਪਨੀ, ਠੀਕਰੀਆਂ ਆਦਿ ਦੇ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ। ਪੰਜਾਬ ਵਿੱਚ ਇਸਨੂੰ ਪੀਚੋ, ਪੀਚੋ ਬੱਕਰੀ, ਸਮੁੰਦਰ ਪਟੜਾ, ਅੱਡਾ-ਖੱਡਾ ਜਾਂ ਅੱਡੀ-ਟੱਪਾ ਕਹਿ ਲਿਆ ਜਾਂਦਾ ਹੈ। ਪੀਚੋ ਖੇਡਣ ਲਈ ਧਰਤੀ ਉੱਪਰ ਕਿਸੇ ਨੁਕੀਲੀ ਚੀਜ ਨਾਲ ਅਤੇ ਪੱਕੀ ਥਾਂ ਉੱਪਰ ਕਿਸੇ ਚਾਕ ਜਾਂ ਰੰਗ ਛੱਡਣ ਵਾਲੀ ਚੀਜ (ਦੋਹਾਂ ਹਾਲਾਤਾਂ ਵਿੱਚ ਘੜੇ ਦੀ ਠੀਕ੍ਹਰੀ ਫਿੱਟ ਬੈਠਦੀ ਹੈ) ਨਾਲ ਦਸ ਜਾਂ ਅੱਠ ਖਾਨੇ ਬਣਾਏ ਜਾਂਦੇ ਹਨ। ਇਹ ਖਾਨੇ ਪੰਜ ਜਾਂ ਚਾਰ ਕਰਕੇ ਵਿਚਕਾਰਲੀ ਲਾਈਨ ਸਾਂਝੀ ਰੱਖ ਕੇ ਬਣਾਏ ਜਾਂਦੇ ਹਨ ਅਤੇ ਸਿਖਰਲਾ ਖਾਨਾ ਵੱਡਾ ਭਾਵ ਦੋਹਾਂ ਲਾਈਨਾਂ ਦੇ ਨਾਪ ਦਾ ਇਹ ਇੱਕੋ ਖਾਨਾ ਹੁੰਦਾ ਹੈ ਇਸ ਸਾਂਝੇ ਖਾਨੇ ਨੂੰ ਅਸਮਾਨ, ਸਮੁੰਦਰ, ਸਾਂਝਾ ਘਰ ਜਾਂ ਲੰਡਨ ਆਦਿ ਕਈ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ, ਇਹ ਅਰਧ ਗੋਲਾਕਾਰ ਵੀ ਹੋ ਸਕਦਾ ਹੈ। ਕਈ ਥਾਈਂ ਨੰਬਰਾਂ ਅਨੁਸਾਰ ਪਹਿਲੇ ਖਾਨੇ ਨੂੰ ਧਰਤੀ, ਆਖਰੀ ਤੋਂ ਪਹਿਲੇ ਖਾਨੇ ਨੂੰ ਨਰਕ ਅਤੇ ਆਖਰੀ ਖਾਨੇ ਨੂੰ ਸਵਰਗ ਵੀ ਕਹਿ ਲਿਆ ਜਾਂਦਾ ਹੈ। ਇਹ ਖਾਨੇ ਆਮ ਕਰਕੇ ਆਇਤਾਕਾਰ ਹੁੰਦੇ ਹਨ ਪਰ ਇਹ ਵਰਗਾਕਾਰ ਵੀ ਹੋ ਸਕਦੇ ਹਨ ਅਤੇ ਕਈ ਵੰਨਗੀਆਂ ਵਿੱਚ ਇਹ ਗੋਲ਼ਾਕਾਰ ਜਾਂ ਘੋਗੇ ਦੀ ਸ਼ਕਲ ਦੇ ਘੁਮਾਓਦਾਰ ਵੀ ਬਣਾਏ ਜਾਂਦੇ ਹਨ। ਇੱਥੇ ਇਹ ਦੱਸ ਦੇਣਾ ਜਰੂਰੀ ਹੈ ਕਿ ਇਸ ਖਾਕੇ ਦੀ ਰਚਨਾ ਵਿੱਚ ਬਹੁਤ ਵੰਨ-ਸੁਵੰਨਤਾ ਪਾਈ ਜਾਂਦੀ ਹੈ। ਪੀਚੋ ਦੇ ਖਾਕੇ ਦੀ ਬਣਤਰ ਅਤੇ ਇਸਦੇ ਖਾਨਿਆਂ ਦੀ ਤਰਤੀਬ ਇਲਾਕਿਆਂ, ਰਾਜਾਂ ਅਤੇ ਦੇਸ਼ਾਂ ਅਨੁਸਾਰ ਬਹੁਤ ਵੱਖੋ-ਵੱਖਰੀ ਦੇਖਣ ਨੂੰ ਮਿਲਦੀ ਹੈ। ਭਾਰਤ ਜਾਂ ਪੰਜਾਬ ਵਿੱਚ ਇਹ ਸਰਲ ਅਤੇ ਗੁੰਝਲਦਾਰ ਦੋ ਤਰ੍ਹਾਂ ਨਾਲ ਖੇਡੀ ਜਾਂਦੀ ਹੈ। ਸਰਲ ਖੇਡ ਦੇ ਖਾਨੇ ਇਕਹਿਰੇ ਹੁੰਦੇ ਹਨ ਅਤੇ ਗੁੰਝਲਦਾਰ ਦੇ ਕਈ ਰੂਪ ਪ੍ਰਚੱਲਿਤ ਹਨ। ਗੁੰਝਲਦਾਰ ਖਾਕੇ ਦੇ ਖਾਨੇ ਦੋਹਰੇ ਹੋਣ ਦੇ ਨਾਲ ਤਿਕੋਣੇ ਵੀ ਹੋ ਸਕਦੇ ਹਨ। ਪੀਚੋ ਦੇ ਪੂਰੇ ਖਾਕੇ ਨੂੰ ਪਾੜਾ ਜਾਂ ਪਿੜ ਵੀ ਕਹਿ ਲਿਆ ਜਾਂਦਾ ਹੈ। ਇਸ ਖੇਡ ਨੂੰ ਖੇਡਣ ਲਈ ਦੂਸਰੀ ਜਰੂਰੀ ਚੀਜ ਹੈ ਡੀਟ੍ਹੀ ਜੋ ਕਿਸੇ ਘੜੇ ਵਰਗੇ ਪਕਾਈ ਮਿੱਟੀ ਦੇ ਬਰਤਨ ਦਾ ਠੀਕ੍ਹਰ, ਕੋਈ ਦੋ ਪਾਸਿਓਂ ਸਮਤਲ ਪੱਥਰ ਦਾ ਟੁਕੜਾ, ਥੋਥੀ ਵਸਤੂ ਨਾਲ ਭਰੀ ਥੈਲੀ (beans bag), ਲੀਰਾਂ ਦੀ ਖਿੱਦੋ ਜਾਂ ਟਾਈਟ ਢੱਕਣ ਬੰਦ ਕੀਤੀ ਖਾਲੀ ਪਾਲਿਸ਼ ਦੀ ਡੱਬੀ, ਜਿਸ ਨੂੰ ਇੱਕ ਲੱਤ ਭਾਰ ਟੱਪਦਿਆਂ ਉਸੇ ਪੈਰ ਨਾਲ ਠੋਕਰ ਜਾਂ ਠੁੱਡ ਮਾਰ ਕੇ ਅਗਲੇ ਖਾਨੇ ਵਿੱਚ ਪਾਰ ਕੀਤਾ ਜਾਂਦਾ ਹੈ। ਨੰਬਰਾਂ ਤੇ ਖਾਨਿਆਂ ਉੱਪਰ ਅਧਾਰਿਤ ਹੋਣ ਅਤੇ ਇੱਕ ਪੈਰ ਤੇ ਟੱਪਦਿਆਂ ਖੇਡੇ ਜਾਣ ਕਰਕੇ ਇਸਨੂੰ ਖੱਡਾ-ਡੀਟ੍ਹੀ, ਇੱਕਾ-ਦੁੱਕਾ ਜਾਂ ਛਟਾਪੂ ਵੀ ਕਹਿ ਲਿਆ ਜਾਂਦਾ ਹੈ। ਇਸਨੂੰ ਖੇਡਣ ਦੇ ਨਿਯਮ ਵੀ ਖਾਕੇ ਦੀ ਬਣਤਰ ਵਾਂਗ ਇਲਾਕੇ ਅਤੇ ਮੁਲਕ ਅਨੁਸਾਰ ਵੱਖਰੇ ਪਾਏ ਜਾਂਦੇ ਹਨ। ਪਰ ਪੰਜਾਬ ਵਿੱਚ ਆਮ ਕਰਕੇ ਇੱਕ ਸਾਂਝੀ ਲਾਈਨ ਦੇ ਦੋਵੇਂ ਪਾਸੇ ਪੰਜ ਖਾਨੇ ਬਣਾ ਕੇ ਖੇਡੀ ਜਾਂਦੀ ਹੈ ਜਿਸ ਵਿੱਚ ਦੋ ਖਿਡਾਰੀ ਆਪੋ ਆਪਣੇ ਪਾਸੇ ਤੋਂ ਖਾਨੇ ਪ੍ਰਤੀ ਡੀਟ੍ਹੀ ਸੁੱਟ ਕੇ ਇੱਕ ਲੱਤ ਤੇ ਛੜੱਪੇ ਮਾਰ ਕੇ ਟੱਪਦਿਆਂ ਪੈਰ ਨਾਲ ਠੁੱਡ ਜਾਂ ਠੋਕਰ ਮਾਰ ਕੇ ਅੱਗੇ ਵਧਦਿਆਂ ਇੱਕ ਇੱਕ ਕਰਕੇ ਕਰਮਵਾਰ ਸਾਰੇ ਖਾਨੇ ਸਰ ਕਰਦੇ ਹਨ। ਇਸ ਵਰਤਾਰੇ ਦੌਰਾਨ ਖਿਡਾਰੀ ਦਾ ਸੰਤੁਲਨ ਵਿਗੜਨ ਜਾਂ ਕਿਸੇ ਹੋਰ ਕਾਰਨ ਦੂਜਾ ਪੈਰ ਹੇਠਾਂ ਨਹੀਂ ਲੱਗਣਾ ਚਾਹੀਦਾ, ਡੀਟ੍ਹੀ ਸੁੱਟਣ ਵੇਲੇ ਉਹ ਗਲ੍ਹਤ ਖਾਨੇ ਵਿੱਚ ਜਾਂ ਲਾਈਨ ਤੇ ਨਹੀਂ ਡਿੱਗਣੀ ਚਾਹੀਦੀ, ਉਸ ਦਾ ਪੈਰ ਲਾਈਨ ਦੇ ਉੱਪਰ ਨਹੀਂ ਆਉਣਾ ਚਾਹੀਦਾ ਅਤੇ ਨਾ ਹੀ ਠੋਕਰ ਮਾਰਿਆਂ ਡੀਟ੍ਹੀ ਲਾਈਨ ਤੇ ਆਉਣੀ ਚਾਹੀਦੀ ਹੈ ਅਜਿਹਾ ਹੋਣ ਤੇ ਉਹ ਆਪਣੀ ਮੀਤੀ ਗੁਆ ਬੈਠਦਾ ਹੈ ਅਤੇ ਦੂਸਰੇ ਖਿਡਾਰੀ ਨੂੰ ਵਾਰੀ ਦੇ ਦਿੰਦਾ ਹੈ। ਸਾਰੇ ਖਾਨੇ ਸਰ ਕਰ ਲੈਣ ਤੋਂ ਬਾਅਦ ਖਿਡਾਰੀ ਸਿਖਰਲੇ ਸਾਂਝੇ ਖਾਨੇ ਵਿੱਚ ਡੀਟ੍ਹੀ ਸੁੱਟ ਕੇ ਅੱਖਾਂ ਬੰਦ ਕਰਕੇ ਅਤੇ ਮੂੰਹ ਉੱਪਰ ਵੱਲ ਕਰਕੇ ਸਾਂਝੀ ਲਾਈਨ ਦੇ ਦੋਵੇਂ ਪਾਸੇ ਬਰਾਬਰ ਦੇ ਖਾਨਿਆਂ ਵਿੱਚ ਇੱਕ-ਇੱਕ ਪੈਰ ਰੱਖ ਕੇ ਕਦਮ ਪੁੱਟਦਿਆਂ ਸਿਖਰਲੇ ਵੱਡੇ ਖਾਨੇ ਵਿੱਚ ਪਹੁੰਚ ਕੇ ਬਾਹਰ ਵੱਲ ਮੂੰਹ ਰੱਖ ਕੇ ਪਿੱਠ ਵੱਲ ਡੀਟ੍ਹੀ ਸੁੱਟਦਾ ਹੈ, ਜਿਸ ਖਾਨੇ ਵਿੱਚ ਡੀਟ੍ਹੀ ਡਿੱਗਦੀ ਹੈ ਉਹ ਖਾਨਾ ਉਸ ਦਾ ਘਰ ਬਣ ਜਾਂਦਾ ਹੈ, ਇਸ ਖਾਨੇ ਨੂੰ ਉਸ ਖਿਡਾਰੀ ਨੂੰ ਦੁਬਾਰਾ ਸਰ ਨਹੀਂ ਕਰਨਾ ਪੈਂਦਾ ਅਤੇ ਇਸ ਖਾਨੇ ਵਿੱਚ ਉਹ ਦੋਵੇਂ ਪੈਰ ਲਗਾ ਸਕਦਾ ਹੈ ਪਰ ਦੂਸਰੇ ਖਿਡਾਰੀ ਨੂੰ ਇਹ ਖਾਨਾ ਟੱਪ ਕੇ ਪਾਰ ਕਰਨਾ ਪੈਂਦਾ ਹੈ। ਖਾਨੇ ਸਰ ਕਰਨ, ਘਰ ਬਣਾਉਣ, ਮੀਤੀ ਗੁਆਉਣ ਅਤੇ ਫਿਰ ਮੀਤੀ ਲੈਣ ਦਾ ਇਹ ਸਿਲਸਿਲਾ ਲਗਾਤਾਰ ਚੱਲਦਾ ਰਹਿੰਦਾ ਹੈ।

ਇਸ ਖੇਡ ਦੀ ਦੁਨਿਆਵੀ ਲੋਕਪਿ੍ਰਅਤਾ ਇਸ ਗੱਲ ਤੋਂ ਵੀ ਸਾਬਤ ਹੁੰਦੀ ਹੈ ਕਿ ਇਸ ਸਬੰਧੀ ਕੁੱਝ ਵਿਸ਼ਵ ਰਿਕਾਰਡ ਵੀ ਮੌਜੂਦ ਹਨ। ਇਸ ਖੇਡ ਨੂੰ ਤੇਜੀ ਨਾਲ ਪੂਰੀ ਕਰਨ ਦਾ ਗਿੰਨੀਜ਼ ਬੁੱਕ ਵਿਸ਼ਵ ਰਿਕਾਰਡ ਅਸ਼ਰਿਤਾ ਫਰਮਨ ਨਾਂ ਦੇ ਅਮਰੀਕਨ ਨੇ 2010 ਵਿੱਚ ਇੱਕ ਮਿੰਟ ਦੋ ਸੈਕਿੰਡ ਤੋਂ ਵੀ ਘੱਟ ਦਾ ਸਮਾਂ ਲੈ ਕੇ ਬਣਾਇਆ, ਇਸ ਤੋਂ ਪਹਿਲਾਂ ਇਹ ਡੈਨ’ਓ ਬ੍ਰਾਇਨ ਦੇ ਨਾਂ ਸੀ। ਇਸ ਦੇ ਨਾਲ ਹੀ ਅਸ਼ਰਿਤਾ ਫਰਮਨ ਇੱਕ ਘੰਟੇ ਵਿੱਚ 33 ਅਤੇ ਚੌਵੀ ਘੰਟੇ ਵਿੱਚ 434 ਖੇਡ ਦੀਆਂ ਬਾਜੀਆਂ ਪੂਰੀਆਂ ਕਰਕੇ ਗਿੰਨੀਜ਼ ਬੁੱਕ ਦੇ ਦੋ ਹੋਰ ਰਿਕਾਰਡਾਂ ਤੇ ਕਾਬਜ਼ ਹੈ। ਇਸੇ ਤਰ੍ਹਾਂ ਚੀਨ ਦੇ ਸ਼ਹਿਰ ਗੁਆਂਗਜ਼ੂ ਵਿੱਚ 2016 ਵਿੱਚ ਇੱਕ ਬੱਚਿਆਂ ਦੇ ਮੇਲੇ ਦੌਰਾਨ 20145 ਫੁੱਟ ਲੰਬਾ ਖਾਕਾ ਬਣਾਇਆ ਗਿਆ। ਇਸ ਤੋਂ ਇਲਾਵਾ 2019 ਵਿੱਚ ਅਮਰੀਕਾ ਦੇ ਸ਼ਹਿਰ ਨਿਊ ਜਰਸੀ ਵਿਚ ਫੇਫ਼ੜਿਆਂ ਵਾਸਤੇ ਲੱਤਾਂ ਦੀ ਕਸਰਤ ਦੇ ਮਕਸਦ ਨਾਲ ਪੀਚੋ ਦਾ 21125 ਫੁੱਟ ਦਾ ਖਾਕਾ ਬਣਾ ਕੇ ਇਸ ਖੇਡ ਦੇ ਮਹੱਤਵ ਨੂੰ ਪ੍ਰਚਾਰਿਆ ਗਿਆ। ਇਸ ਦੇ ਕਸਰਤੀ ਗੁਣਾਂ ਨੂੰ ਉਭਾਰਨ ਲਈ 20 ਮਈ 2019 ਨੂੰ ਬਰਤਾਨੀਆਂ ਦੇ ਸ਼ੈਫੀਲਡ ਵਿੱਚ 664 ਲੋਕਾਂ ਨੇ ਇੱਕੋ ਸਮੇਂ ਪੀਚੋ ਖੇਡੀ। ਵਿਸ਼ਵ ਰਿਕਾਰਡਾਂ ਤੋਂ ਇਲਾਵਾ ਇਸ ਖੇਡ ਸਬੰਧੀ ਹੋਰ ਵੀ ਦਿਲਚਸਪ ਜਾਣਕਾਰੀਆਂ ਅਤੇ ਘਟਨਾਵਾਂ ਦਾ ਜਿਕਰ ਮਿਲਦਾ ਹੈ।

ਇਸ ਖੇਡ ਅਤੇ ਇਸ ਨੂੰ ਖੇਡਣ ਦੀ ਪ੍ਰਕਿਰਿਆ ਨੂੰ ਡੁੰਘਾਈ ਵਿੱਚ ਵਾਚਣ ਤੇ ਘੋਖਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਇਸ ਨੂੰ ਖੇਡਦੇ ਰਹਿਣ ਨਾਲ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਨਿਪੁੰਨਤਾ ਦੇ ਨਾਲ ਹੋਰ ਬਹੁਤ ਸਾਰੇ ਗੁਣਾਂ ਵਿੱਚ ਵਾਧਾ ਹੁੰਦਾ ਹੈ। ਇਹ ਕੇਵਲ ਮਨੋਰੰਜਕ ਹੀ ਨਹੀਂ ਬਲਕਿ ਸਿੱਖਿਆਦਾਇਕ ਵੀ ਹੈ। ਇਸਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇਹ ਮਨੋਰੰਜਨ ਦਾ ਚੰਗਾ ਸਾਧਨ ਹੈ ਅਤੇ ਵਿਹਲੇ ਸਮੇਂ ਦੀ ਚੰਗੀ ਸਰੀਰਕ ਕਸਰਤ ਹੈ। ਇਹ ਸਰੀਰ ਉੱਪਰ ਕਾਬੂ ਤੇ ਸੰਤੁਲਨ ਬਣਾਉਣ ਦੀ ਕਲਾ ਹੈ। ਇਸ ਨਾਲ ਅੱਖਾਂ, ਹੱਥਾਂ, ਲੱਤਾਂ ਅਤੇ ਪੈਰਾਂ ਦਾ ਤਾਲਮੇਲ ਬਿਠਾ ਕੇ ਰੱਖਣ ਦੀ ਜਾਂਚ ਆਉਂਦੀ ਹੈ। ਬੱਚਿਆਂ ਵਿੱਚ ਮਿਲਵਰਤਨ, ਕੋਸ਼ਿਸ਼ ਵਿੱਚ ਲਗਾਤਾਰਤਾ, ਸੰਜਮ ਅਤੇ ਮੁਕਾਬਲੇ ਦੀ ਭਾਵਨਾ ਉਪਜਦੀ ਹੈ। ਛੋਟੇ ਬੱਚਿਆਂ ਦੀ ਅੰਕਾਂ ਅਤੇ ਗਿਣਤੀ ਤੇ ਪਕੜ ਬਣਦੀ ਹੈ। ਰੋਜ਼ਾਨਾ ਖੇਡਦੇ ਰਹਿਣ ਨਾਲ ਬੱਚਿਆਂ ਨੂੰ ਨਿਯਮਾਂ, ਸੀਮਾਵਾਂ ਅਤੇ ਖੁਦ ਦੇ ਬਣਾਏ ਬੰਧਨਾਂ ਦੇ ਪਾਲਣ ਦੀ ਆਦਤ ਪੈਂਦੀ ਹੈ। ਮਸਤੀ ਦੀ ਧੁਨ ਵਿੱਚ ਲੰਬੇ ਸਮੇਂ ਤੱਕ ਨਿੱਠ ਕੇ ਖੇਡਦਿਆਂ ਜਿੱਥੇ ਬੱਚੇ ਦਾ ਦਮ ਪੱਕਦਾ ਹੈ ਉੱਥੇ ਅਣਜਾਣੇ ਵਿੱਚ ਹੀ ਇਕਾਗਰਤਾ ਦਾ ਅਭਿਆਸ ਵੀ ਹੋ ਜਾਂਦਾ ਹੈ। ਹਰ ਵਾਰ ਨਵੀਂ ਤੈਅ ਥਾਂ ਉੱਪਰ ਡੀਟ੍ਹੀ ਸੁੱਟਣ ਅਤੇ ਨਿਰਧਾਰਤ ਅੰਤਰਾਲ ਅੰਦਰ ਰਹਿ ਕੇ ਛੜੱਪੇ ਮਾਰਨ ਦੇ ਅਭਿਆਸ ਨਾਲ ਬੱਚਿਆਂ ਨੂੰ ਵਜ਼ਨ ਤੇ ਦੂਰੀ ਦਾ ਨਿਸ਼ਾਨੇ ਤੇ ਅੰਦਾਜੇ ਨਾਲ ਅਨੁਪਾਤਕ ਸਬੰਧ ਪਤਾ ਲੱਗਦਾ ਹੈ। ਬਣਾਏ ਗਏ ਨਿਯਮਾਂ ਨੂੰ ਯਾਦ ਰੱਖਣਾ, ਹਰ ਮੀਤੀ ਤੋਂ ਬਾਅਦ ਆਪਣੇ ਅਤੇ ਸਾਥੀ ਖਿਡਾਰੀ ਦੇ ਚਲਦੇ ਖਾਨੇ ਦਾ ਨੰਬਰ ਯਾਦ ਰੱਖਣਾ, ਖਾਕੇ ਦਾ ਆਕਾਰ ਜਾਂ ਘੇਰਾ ਧਿਆਨ ਵਿੱਚ ਰੱਖਣਾ ਆਦਿ ਯਾਦਦਾਸ਼ਤ ਨੂੰ ਤੇਜ ਕਰਦਾ ਹੈ। ਇਸ ਨਾਲ ਬੱਚਿਆਂ ਵਿੱਚ ਸਰੀਰ ਅਤੇ ਵਸਤੂ ਦੇ ਗਤੀ ਬੋਧ ਦੀ ਮੁਹਾਰਤ ਵੀ ਹਾਸਲ ਹੁੰਦੀ ਹੈ। ਇਹ ਖੇਡ ਭਾਵੇਂ ਬੱਚਿਆਂ ਦੀ ਹੈ ਪਰ ਚੀਨੀ ਲੋਕਾਂ ਨੇ ਇਸਨੂੰ ਜੀਵਨ ਅਨੁਸਾਸ਼ਨ ਅਤੇ ਧਾਰਮਿਕ ਅਕੀਦਿਆਂ ਨਾਲ ਵੀ ਜੋੜ ਕੇ ਦੇਖਿਆ ਹੈ, ਉਹ ਮੰਨਦੇ ਹਨ ਕਿ ਡੀਟ੍ਹੀ ਮਨੁੱਖੀ ਰੂਹ ਹੈ, ਲਾਈਨਾਂ ਧਰਮ ਤੇ ਅਕੀਦੇ ਦੀਆਂ ਸੀਮਾਵਾਂ ਦੇ ਬੰਧਨ ਹਨ ਅਤੇ ਮਕਸਦ ਕਮੀਆਂ ਦੂਰ ਕਰ ਨਰਕ ਤੋਂ ਬਚ ਕੇ ਗੁਣਾਂ ਨਾਲ ਸਵਰਗ ਦੀ ਪ੍ਰਾਪਤੀ ਕਰਨਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪੁਰਾਣੇ ਸਮਿਆਂ ਤੋਂ ਹੀ ਬਚਪਨ ਨੂੰ ਤੰਦਰੁਸਤ ਜਵਾਨੀ ਵੱਲ ਲਿਜਾਣ ਵਿੱਚ ਪੇਂਡੂ ਖੇਡਾਂ ਦਾ ਬਹੁਤ ਯੋਗਦਾਨ ਰਿਹਾ ਹੈ ਇਸ ਲਈ ਸਾਨੂੰ ਵਿਰਾਸਤੀ ਅਤੇ ਰਵਾਇਤੀ ਖੇਡਾਂ ਨੂੰ ਉਸੇ ਰੂਪ ਵਿੱਚ ਸਾਂਭਣ ਅਤੇ ਜਾਰੀ ਰੱਖਣ ਲਈ ਯਤਨ ਕਰਨੇ ਚਾਹੀਦੇ ਹਨ।

ਖੱਡਾ ਅਤੇ ਨਿਯਮ

ਸੋਧੋ
 
Modern schoolyard court (designs vary)
ਪੀਚੋ ਬੱਕਰੀ ਖੱਡੇ, c. 1900 [1]
ਅੰਗਰੇਜ਼ੀ
ਅੰਗਰੇਜ਼ੀ (ਸਰਲ)
ਅਮਰੀਕੀ

ਹਵਾਲੇ

ਸੋਧੋ
  1. Beard, D.C. (1907). The Outdoor Handy Book: For the Playground, Field, and Forest. New York: Charles Scribner's Sons. pp. 356–357.