ਪੇਂਝੂ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਕਰੀਰ ਦੀ ਝਾੜੀ ਦੇ ਪੱਕੇ ਫਲ ਨੂੰ ਪੇਂਝੂ ਕਹਿੰਦੇ ਹਨ। ਪੇਂਝੂ ਦਾ ਅਕਾਰ ਦੇਸੀ ਬੇਰੀਆਂ ਦੇ ਬੇਰ ਜਿੰਨ੍ਹਾ ਕੁ ਹੁੰਦਾ ਹੈ। ਰੰਗ ਲਾਲ ਹੁੰਦਾ ਹੈ ਅਤੇ ਬਹੁਤ ਮਿੱਠਾ ਹੁੰਦਾ ਹੈ। ਡੇਲੇ ਪੱਕ ਕੇ ਹੀ ਪੇਂਝੂ ਬਣਦੇ ਹਨ। ਹੁਣ ਪੰਜਾਬ ਵਿਚ ਕਿਤੇ-ਕਿਤੇ ਹੀ ਨਹਿਰਾਂ ਦੀਆਂ ਪਟੜੀਆਂ ਦੁਆਲੇ ਜਾਂ ਪੁਰਾਣੇ ਜੰਗਲਾਂ ਵਿਚ ਹੀ ਕਰੀਰ ਮਿਲਦਾ ਹੈ। ਪੇਂਝੂ ਤਾਂ ਅੱਜ ਦੀ ਪੀੜ੍ਹੀ ਨੇ ਵੇਖੇ ਹੀ ਨਹੀਂ ਹਨ।[1]ਕਈ ਇਲਾਕਿਆਂ ਵਿਚ ਇਸਨੂੰ ਹੋਰਨਾਂ ਨਾਵਾਂ ਨਾਲ ਜਾਣਿਆ ਜਾਂਦਾ ਹੈ।ਕਰੀਰ (Karir) ਰੁੱਖ ਦੇ ਫੁੱਲ, ਟਾਹਣੀਆਂ, ਅਤੇ ਫਲ ਦੀ ਝਲਕ (ਪੰਜਾਬ ਦਾ ਵਿਰਾਸਤੀ ਰੁੱਖ)
ਹੋਰ ਪ੍ਰਚੱਲਿਤ ਨਾਂ: ਡੇਲਾ, ਕੈਰ
- ਕਰੀਰ ਇੱਕ ਛੋਟਾ ਰੁੱਖ ਜਾਂ ਵੱਡੀ ਝਾੜੀ ਹੈ।
- ਇਹ ਰੁੱਖ ਸੋਕਾ, ਤੱਪਦੀ ਗਰਮੀ, ਅੱਗ, ਖਾਰੀਆਂ ਜ਼ਮੀਨਾਂ ਨੂੰ ਸਹਿਣ ਕਰ ਸਕਦਾ ਹੈ ਇਸ ਲਈ ਇਹ ਰੁੱਖ ਰਾਜਸਥਾਨ, ਪੰਜਾਬ, ਹਰਿਆਣਾ, ਅਤੇ ਗੁਜਰਾਤ ਦੇ ਖੁਸ਼ਕ ਇਲਾਕਿਆਂ ਵਿੱਚ ਪਾਇਆ ਜਾਂਦਾ ਹੈ। ਪੰਜਾਬ ਵਿੱਚ ਇਸ ਰੁੱਖ ਦੀ ਤਦਾਦ ਬਹੁਤ ਘੱਟ ਗਈ ਹੈ।
- ਪੁਰਾਣੇ ਸਮੇਂ ਵਿੱਚ ਲੋਕ ਸੇਵੀਆਂ ਹੱਥ ਨਾਲ ਵੱਟਦੇ ਸਨ ਅਤੇ ਉਹਨਾਂ ਨੂੰ ਸਕਾਉਣ ਲਈ ਕਰੀਰ ਦੀਆਂ ਟਾਹਣੀਆਂ ਦੀ ਵਰਤੋਂ ਕਰਦੇ ਸਨ।
- ਮੁਟਿਆਰ ਦੇ ਨੱਕ/ਕੰਨ ਵਿੰਨਣ ਲਈ ਮਸ਼ੀਨਾਂ ਦੀ ਬਜਾਏ ਕਰੀਰ ਦੇ ਬਰੀਕ ਡੱਕੇ ਦੀ ਵਰਤੋਂ ਕੀਤੀ ਜਾਂਦੀ ਸੀ।
- ਪੰਜਾਬ ਅਤੇ ਰਾਜਸਥਾਨ ਵਿੱਚ ਕਰੀਰ ਦੇ ਕੱਚੇ ਫਲਾਂ (ਡੇਲਿਆਂ) ਦਾ ਆਚਾਰ ਪਾਇਆ ਜਾਂਦਾ ਹੈ ਜੋ ਜੋੜਾਂ ਦੇ ਦਰਦ, ਗਠੀਏ ਨੂੰ ਠੀਕ ਕਰਨ ਲਈ ਲਾਭਕਾਰੀ ਮੰਨਿਆ ਜਾਂਦਾ ਹੈ।
- ਡੇਲਿਆਂ ਤੋਂ ਸਬਜ਼ੀ ਵੀ ਬਣਾਈ ਜਾਂਦੀ ਹੈ। ਇਸ ਵਿੱਚ ਕੈਲਸ਼ੀਅਮ, ਪੋਟਾਸ਼ੀਅਮ, ਜ਼ਿੰਕ, ਆਇਰਨ, ਪ੍ਰੋਟੀਨ, ਆਦਿ ਪਾਏ ਜਾਂਦੇ ਹਨ।
- ਕਰੀਰ ਦੇ ਪੱਕੇ ਹੋਏ ਲਾਲ ਫਲਾਂ ਨੂੰ ਪੇਂਝੂ ਕਹਿੰਦੇ ਸਨ ਜਿਸ ਨੂੰ ਬੱਚੇ ਅਤੇ ਪੰਛੀ ਬਹੁਤ ਖੁਸ਼ ਹੋ ਕੇ ਖਾਂਦੇ ਸਨ।
- ਕਰੀਰ ਦੀ ਲੱਕੜ ਘਰੇਲੂ ਵਸਤਾਂ ਬਣਾਉਣ ਲਈ ਵਰਤੀ ਜਾਂਦੀ ਸੀ ਜਿਵੇਂ - ਚਰਖੇ ਦੀ ਲੱਠ, ਵੇਲਣੇ, ਘੋਟਣੇ, ਖੇਤੀ ਦੇ ਸੰਦਾਂ ਦੇ ਹੱਥੇ/ਪਹੀਏ।
- ਇਸ ਰੁੱਖ ਨੂੰ ਬੀਜਾਂ ਰਾਹੀਂ ਜਾਂ ਜੜਾਂ (ਸੱਕਰਜ) ਰਾਹੀਂ ਤਿਆਰ ਕੀਤਾ ਜਾਂਦਾ ਜਾ ਸਕਦਾ ਹੈ।ਖੁਸ਼ਕ ਤੇ ਰੇਤਲੇ ਖੇਤਰਾਂ ਵਿੱਚ ਮਿਲਣ ਵਾਲੇ ਰੁੱਖਾਂ ਵਿੱਚੋਂ ਇੱਕ ਰੁੱਖ ਹੈ ਕਰੀਰ। ਕਰੀਰ ਏਸ਼ੀਆ, ਅਫ਼ਰੀਕਾ ਮਹਾਂਦੀਪ ਦੇ ਕੁੱਝ ਹਿੱਸਿਆਂ ਵਿੱਚ ਪਾਇਆ ਜਾਂਦਾ ਹੈ। ਕਰੀਰ ਇੱਕ ਝਾੜੀਦਾਰ ਅਤੇ ਛੋਟੇ ਕੱਦ ਵਾਲਾ ਕੰਡਿਆਲਾ ਰੁੱਖ ਹੈ। ਇਹ ਰੁੱਖ ਆਮ ਕਰਕੇ ਰੋੜਾਂ ਪਾਂਡੂ ਵਾਲੀ ਮਿੱਟੀ, ਪਥਰੀਲੀ ਜ਼ਮੀਨ ਤੇ ਰੇਤਲੇ ਅਤੇ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਵਧੇਰੇ ਪਣਪਦਾ ਹੈ। ਇਸ ਰੁੱਖ ਵਿੱਚ ਖੁਸ਼ਕੀ ਸਹਿਣ ਦੀ ਕਾਫ਼ੀ ਸਮਰੱਥਾ ਹੁੰਦੀ ਹੈ। ਲੰਬਾ ਸਮਾਂ ਬਰਸਾਤ ਨਾ ਪੈਣ ’ਤੇ ਵੀ ਇਹ ਰੁੱਖ ਹਰਾ ਭਰਾ ਰਹਿਣ ਦੀ ਸਮਰੱਥਾ ਰੱਖਦਾ ਹੈ। ਭਾਰਤ ਵਿੱਚ ਇਹ ਰੁੱਖ ਮੁੱਖ ਰੂਪ ਵਿੱਚ ਰਾਜਸਥਾਨ, ਹਰਿਆਣਾ, ਪੰਜਾਬ ਆਦਿ ਵਿੱਚ ਪਾਇਆ ਜਾਂਦਾ ਹੈ। ਪੰਜਾਬ ਵਿੱਚ ਇਹ ਜ਼ਿਆਦਾਤਰ ਝਿੜੀਆਂ, ਥੇਹਾਂ ਅਤੇ ਛੱਪੜਾਂ ਕੰਢੇ ਅਤੇ ਦੂਸਰੀਆਂ ਵਿਹਲੀਆਂ ਥਾਵਾਂ ਉੱਤੇ ਮਿਲਦਾ ਹੈ।
ਦੂਸਰੇ ਪੱਖਾਂ ਦੇ ਨਾਲ ਨਾਲ ਕਰੀਰ ਦੇ ਰੁੱਖ ਦਾ ਪੰਜਾਬੀ ਜਨ ਜੀਵਨ ਅਤੇ ਸੱਭਿਆਚਾਰ ਵਿੱਚ ਖਾਸ ਮਹੱਤਵ ਰਿਹਾ ਹੈ। ਅਜਿਹਾ ਹੋਣ ਕਾਰਨ ਪੰਜਾਬੀ ਲੋਕਗੀਤਾਂ ਤੇ ਲੋਕ ਸਾਹਿਤ ਆਦਿ ਵਿੱਚ ਕਰੀਰ ਦਾ ਵਰਣਨ ਮਿਲਦਾ ਹੈ। ਇਸ ਦਾ ਵਰਣਨ ਗੁਰਬਾਣੀ ਵਿੱਚ ਵੀ ਮਿਲਦਾ ਹੈ।
ਇਸ ਰੁੱਖ ਦੀ ਖਾਸੀਅਤ ਇਸ ਦੇ ਪੱਤੇ ਨਾ ਹੋਣਾ ਹੈ। ਕਰੀਰ ਪੱਤਿਆਂ ਵਾਲੇ ਕੰਮ ਆਪਣੇ ਕੰਡਿਆਂ ਅਤੇ ਟਾਹਣੀਆਂ ਤੋਂ ਲੈਂਦਾ ਹੈ। ਅਜਿਹਾ ਹੋਣ ਕਾਰਨ ਇਸ ਦੇ ਪੱਤਿਆਂ ਸਬੰਧੀ ਗੀਤਾਂ ਵਿੱਚ ਜ਼ਿਕਰ ਮਿਲਦਾ ਹੈ। ਬੁਝਾਰਤਾਂ ਵਿੱਚ ਇਸ ਦੇ ਪੱਤਿਆਂ ਸਬੰਧੀ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ:
ਹਰੀ ਡੰਡੀ ਫੁੱਲ ਕੇਸਰੀ
ਬਿਨ ਪੱਤਿਆਂ ਤੋਂ ਛਾਂ।
ਜ਼ਰਾ ਸੋਚ ਕੇ ਦੱਸਿਓ,
ਕੀ ਹੈ ਇਸ ਰੁੱਖ ਦਾ ਨਾਂ?
ਕਰੀਰ ਦੇ ਪੱਤੇ ਨਾ ਹੋਣ ਕਾਰਨ ਛਾਂ ਦੇ ਪੱਖ ਤੋਂ ਭਾਵੇਂ ਇਹ ਰੁੱਖ ਖ਼ਾਸ ਮਹੱਤਵ ਨਹੀਂ ਰੱਖਦਾ। ਪਰ ਇਸ ਨੂੰ ਲੱਗਣ ਵਾਲਾ ਫ਼ਲ ਜਿਸ ਨੂੰ ਡੇਲੇ ਕਿਹਾ ਜਾਂਦਾ ਹੈ, ਕਾਰਨ ਇਹ ਰੁੱਖ ਵਿਸ਼ੇਸ਼ ਪਛਾਣ ਤੇ ਮਹੱਤਵ ਰੱਖਦਾ ਹੈ। ਕਰੀਰ ਨੂੰ ਡੇਲੇ ਲੱਗਣ ਤੋਂ ਪਹਿਲਾਂ ਸੁੰਦਰ ਲਾਲ ਕੇਸਰੀ ਫੁੱਲ ਲੱਗਦੇ ਹਨ। ਕਰੀਰ ਦੇ ਰੁੱਖ ਨੂੰ ਆਮ ਕਰਕੇ ਸਾਲ ਵਿੱਚ ਦੋ ਵਾਰ ਫਰਵਰੀ-ਮਾਰਚ ਅਤੇ ਸਤੰਬਰ-ਅਕਤੂਬਰ ਵਿੱਚ ਅਨਾਰ ਦੇ ਫੁੱਲਾਂ ਵਰਗੇ ਫੁੱਲ ਲੱਗ ਕੇ ਇਸ ਤੋਂ ਬਾਅਦ ਡੇਲੇ ਦਾ ਫ਼ਲ ਲੱਗਦਾ ਹੈ। ਡੇਲੇ ਮੁੱਖ ਰੂਪ ਵਿੱਚ ਅਚਾਰ ਬਣਾਉਣ ਲਈ ਵਰਤੇ ਜਾਂਦੇ ਹਨ। ਅਚਾਰ ਦੇ ਨਾਲ ਨਾਲ ਰਾਜਸਥਾਨੀ ਲੋਕ ਡੇਲਿਆਂ ਦੀ ਸਬਜ਼ੀ ਵੀ ਸ਼ੌਕ ਨਾਲ ਬਣਾਉਂਦੇ ਅਤੇ ਖਾਂਦੇ ਹਨ। ਡੇਲਿਆਂ ਵਿੱਚ ਚਰਬੀ, ਕਾਰਬੋਹਾਈਡ੍ਰੇਟ ਅਤੇ ਦੂਸਰੇ ਕਈ ਸੂਖਮ ਖੁਰਾਕੀ ਅਤੇ ਸਿਹਤ ਲਈ ਗੁਣਕਾਰੀ ਤੱਤ ਮੌਜੂਦ ਹੁੰਦੇ ਹਨ। ਡੇਲੇ ਆਪਣੇ ਖੁਰਾਕੀ ਮਹੱਤਵ ਦੇ ਨਾਲ ਨਾਲ ਔਸਧੀ ਗੁਣਾਂ ਕਾਰਨ ਵੀ ਉਪਯੋਗੀ ਹਨ। ਸੁਕਾਏ ਹੋਏ ਡੇਲੇ ਮਨੁੱਖ ਅਤੇ ਪਸ਼ੂਆਂ ਲਈ ਚੂਰਨ ਆਦਿ ਬਣਾਉਣ ਦੇ ਕੰਮ ਵੀ ਆਉਂਦੇ ਸਨ। ਡੇਲਿਆਂ ਦੇ ਅਜਿਹੇ ਮਹੱਤਵ ਕਾਰਨ ਇਸ ਫ਼ਲ ਦਾ ਜ਼ਿਕਰ ਲੋਕ ਗੀਤਾਂ, ਬੁਝਾਰਤਾਂ ਵਿੱਚ ਆਮ ਮਿਲਦਾ ਹੈ:
ਬਾਤ ਪਾਵਾਂ ਬਤੋਲੀ ਪਾਵਾਂ,
ਬਾਤ ਨੂੰ ਲਾਵਾਂ ਵਰਕੇ।
ਇੱਕ ਰੁੱਖ ਬਿਨ ਪੱਤਿਆਂ ਵੇਖਿਆ,
ਫ਼ਲ ਇਸ ਦੇ ਘਰ ਘਰ ਚਰਚੇ।
ਅਚਾਰ ਪਾਉਣ ਲਈ ਸ਼ੌਕ ਨਾਲ ਡੇਲੇ ਤੋੜ ਕੇ ਲਿਆਂਦੇ ਜਾਂਦੇ ਜਾਂ ਕਿਸੇ ਤੋਂ ਮੰਗਵਾਏ ਜਾਂਦੇ ਰਹੇ ਹਨ। ਡੇਲੇ ਤੋੜਣ ਤੜਵਾਉਣ ਸਬੰਧੀ ਲੋਕ ਗੀਤਾਂ ਤੇ ਬੋਲੀਆਂ ਵਿੱਚ ਜ਼ਿਕਰ ਮਿਲਦਾ ਹੈ। ਵਿਆਹ ਵਿੱਚ ਗਾਈਆਂ ਜਾਂਦੀਆਂ ਸਿੱਠਣੀਆਂ ਵਿੱਚ ਕੁੜਮ ਨੂੰ ਕੁਝ ਇਸ ਤਰ੍ਹਾਂ ਵੀ ਕਿਹਾ ਜਾਂਦਾ :
ਵੇ ਜ਼ੋਰੂ ਕੁੜਮਾਂ ਤੇਰੀ
ਕਰਦੀ ਡੇਲੇ ਡੇਲੇ
ਕੌਣ ਦਾਰੀ ਦਾ ਰਸੀਆ
ਉਹਨੂੰ ਤੋੜ ਲਿਆਵੇ ਡੇਲੇ
ਵੇ ਕਰੀਰ ਸੁੱਕਗੇ ਕੁੜਮਾ
ਵੇ ਕੋਈ ਕਿੱਥੋਂ ਤੋੜ ਲਿਆਵੇ ਵੇ, ਡੇਲੇ।
ਪਹਿਲਾਂ ਕਰੀਰਾਂ ਦੇ ਰੁੱਖ ਆਮ ਮਿਲਦੇ ਹੋਣ ਕਾਰਨ ਅਚਾਰ ਲਈ ਬਹੁਤ ਸਾਰੇ ਡੇਲੇ ਮਿਲ ਜਾਂਦੇ ਸਨ। ਅਜਿਹਾ ਹੋਣ ਕਾਰਨ ਡੇਲਿਆਂ ਤੋਂ ਬਣਿਆ ਅਚਾਰ ਵੀ ਲੋਕਾਂ ਲਈ ਆਮ ਜਿਹੀ ਚੀਜ਼ ਸੀ। ਇਸ ਸਬੰਧੀ ਲੋਕ ਗੀਤਾਂ ਵਿੱਚ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ:
ਆਮ ਖਾਸ ਨੂੰ ਡੇਲੇ
ਮਿੱਤਰਾਂ ਨੂੰ ਖੰਡ ਦਾ ਕੜਾਹ।
ਡੇਲਿਆਂ ਦੇ ਗੋਲਾਈਦਾਰ ਹੋਣ ਕਾਰਨ ‘ਟੁੱਕ ਤੇ ਡੇਲਾ’ ਸਮਝਣਾ ਮੁਹਾਵਰਾ ਵੀ ਪ੍ਰਸਿੱਧ ਹੈ। ਪੱਕ ਕੇ ਲਾਲ ਹੋਏ ਡੇਲਿਆਂ ਨੂੰ ‘ਪੇਂਝੂ’ ਕਿਹਾ ਜਾਂਦਾ ਹੈ। ਪੇਂਝੂ ਖਾਣ ਦੇ ਪੱਖ ਤੋਂ ਸੁਆਦੀ ਫ਼ਲ ਹੈ ਤੇ ਇਸ ਨੂੰ ਲੋਕਾਂ ਵੱਲੋਂ ਪੂਰਾ ਆਨੰਦ ਲੈ ਕੇ ਖਾਧਾ ਜਾਂਦਾ:
ਪੇਂਝੂ ਤੇ ਪੀਲ੍ਹਾਂ ਸੀ ਹੁੰਦੀਆਂ ਖਾਣ ਨੂੰ,
ਮਲ੍ਹਿਆਂ ਤੇ ਬੇਰ ਬੇਸ਼ੁਮਾਰ ਹੁੰਦੇ ਸੀ।
ਕਰੀਰਾਂ ਤੋਂ ਸੀ ਡੇਲੇ ਮਿਲਦੇ,
ਬਣਾਏ ਡੇਲਿਆਂ ਤੋਂ ਅਚਾਰ ਹੁੰਦੇ ਸੀ।
ਕਰੀਰ ਦੇ ਰੁੱਖ ਦਾ ਤਣਾ ਭਾਵੇਂ ਵਿੰਗਾ ਟੇਢਾ ਅਤੇ ਮੋਟਾਈ ਦੇ ਪੱਖ ਤੋਂ ਵੀ ਜ਼ਿਆਦਾ ਮੋਟਾ ਨਹੀਂ ਹੁੰਦਾ, ਪਰ ਫਿਰ ਵੀ ਇਸ ਦੀ ਲੱਕੜੀ ਕਾਫ਼ੀ ਹੰਢਣਸਾਰ ਹੁੰਦੀ ਹੈ ਅਤੇ ਇਸ ਦੀ ਵਰਤੋਂ ਵੱਖ ਵੱਖ ਉਦੇਸ਼ਾਂ ਲਈ ਕੀਤੀ ਜਾਂਦੀ ਰਹੀ ਹੈ। ਇਸ ਦੀਆਂ ਪਤਲੀਆਂ ਟਾਹਣੀਆਂ ਨੂੰ ਕਮਰਿਆਂ ਦੀਆਂ ਛੱਤਾਂ ਦੀਆਂ ਕੜੀਆਂ ਦੇ ਰੂਪ ਵਿੱਚ ਉਪਯੋਗ ਕੀਤਾ ਜਾਂਦਾ ਸੀ। ਇਸ ਦੇ ਨਾਲ ਨਾਲ ਘਰ ਦੀਆਂ ਕੁਝ ਦੂਸਰੀਆਂ ਜ਼ਰੂਰਤਾਂ ਲਈ ਇਸ ਦੀ ਲੱਕੜ ਵਰਤੀ ਜਾਂਦੀ ਸੀ। ਇਸ ਕਰਕੇ ਗੀਤਾਂ ਵਿੱਚ ਇਸ ਦਾ ਵਰਣਨ ਮਿਲਦਾ ਹੈ :
ਚੰਦਨ ਚੌਂਕੀ ਡਾਹੀ ਭਾਬੀ
ਕੋਈ ਚਾਰੇ ਪਾਵੇ ਕਰੀਰ
ਚੌਂਕੀ ਤੇ ਤੂੰ ਐਂ ਸਜੇਂ
ਜਿਮੇਂ ਰਾਜੇ ਦੇ ਨਾਲ
ਨੀਂ ਭਾਬੋ ਮੇਰੀਏ ਨੀਂ-ਵਜ਼ੀਰ।
ਚੱਕੀ ਦੇ ਹੱਥੇ ਆਦਿ ਬਣਾਉਣ ਲਈ ਵੀ ਕਰੀਰ ਦੀ ਲੱਕੜ ਵਰਤੀ ਜਾਂਦੀ ਸੀ। ਇਸੇ ਤਰ੍ਹਾਂ ਵਿਆਹ ਨਾਲ ਸਬੰਧਤ ਰਹੀ ਰਸਮ ਗਲ਼ਾ ਪਾਉਣਾ ਦੇ ਸਮੇਂ ਗਾਏ ਜਾਂਦੇ ਗੀਤਾਂ ਵਿੱਚ ਇਸ ਸਬੰਧੀ ਜ਼ਿਕਰ ਕੁਝ ਇਸ ਤਰ੍ਹਾਂ ਆਉਂਦਾ:
ਕਿੱਥੋਂ ਲਿਆਂਦੇ ਚੱਕ ਵੇ, ਕਿੱਥੋਂ ਲਿਆਂਦਾ ਹੱਥਾ
ਧੁਰ ਲਾਹੌਰੋਂ ਲਿਆਂਦਾ ਚੱਕ, ਵਣ ਕਰੀਰੋਂ ਹੱਥਾ।
ਇਸੇ ਤਰ੍ਹਾਂ ਪਹਿਲਾਂ ਰੂੰ ਪਿੰਜਣ ਲਈ ਵੇਲਣਾ ਕਰੀਰ ਦੀ ਲੱਕੜ ਤੋਂ ਤਿਆਰ ਕੀਤਾ ਜਾਂਦਾ ਸੀ, ਜਿਸ ਨਾਲ ਕੱਤਣ ਆਦਿ ਲਈ ਰੂੰ ਤਿਆਰ ਕੀਤੀ ਜਾਂਦੀ ਸੀ ਤੇ ਵੜੇਂਵੇਂ ਵੱਖ ਕੀਤੇ ਜਾਂਦੇ ਸਨ। ਅਜਿਹਾ ਕਰਨ ਵਾਲਾ ਕੰਮ ਕਾਫ਼ੀ ਮਿਹਨਤ ਵਾਲਾ ਹੁੰਦਾ ਸੀ। ਇਸੇ ਕਰਕੇ ਲੋਕ ਗੀਤ ਵਿੱਚ ਜ਼ਿਕਰ ਮਿਲਦਾ ਸੀ:
ਕਰੀਰ ਦਾ ਵੇਲਣਾ
ਮੈਂ ਵੇਲ ਵੇਲ ਥੱਕੀ।
ਪਹਿਲਾਂ ਵੱਟੀਆਂ ਸੇਵੀਆਂ ਸਕਾਉਣ ਲਈ ਵੀ ਕਰੀਰ ਦੀਆਂ ਟਾਹਣੀਆਂ ਦੀ ਵਰਤੋਂ ਕੀਤੀ ਜਾਂਦੀ ਸੀ। ਵੱਖ ਵੱਖ ਮੌਕਿਆਂ ’ਤੇ ਇਸ ਦੀ ਲੱਕੜ ਨੂੰ ਬਾਲਣ ਦੇ ਰੂਪ ਵਿੱਚ ਉਪਯੋਗ ਕੀਤਾ ਜਾਂਦਾ ਸੀ। ਰਾਜਸਥਾਨੀ ਜੀਵਨ ਵਿੱਚ ਕਰੀਰ ਦਾ ਹੋਰ ਵੀ ਮਹੱਤਵ ਹੈ। ਉੱਥੇ ਇਸ ਦੇ ਫ਼ਲ ਨੂੰ ਵੱਖ ਵੱਖ ਤਰੀਕਿਆਂ ਨਾਲ ਉਪਯੋਗ ਕੀਤਾ ਜਾਂਦਾ ਹੈ। ਇਸ ਨੂੰ ਸੁਕਾ ਕੇ ਲੰਬਾ ਸਮਾਂ ਵਰਤੋਂ ਕੀਤੇ ਜਾਣ ਲਈ ਸੰਭਾਲਿਆ ਜਾਂਦਾ ਹੈ। ਰਾਜਸਥਾਨ ਵਰਗੇ ਕਰੀਰਾਂ ਦੀ ਬਹੁਤਾਤ ਵਾਲੇ ਖੇਤਰ ਵਿੱਚ ਇਹ ਰੁੱਖ ਆਰਥਿਕ ਪੱਖ ਤੋਂ ਵੀ ਮਹੱਤਵ ਰੱਖਣ ਵਾਲਾ ਹੈ। ਇਹ ਰੁੱਖ ਅਜਿਹੇ ਥਾਵਾਂ ’ਤੇ ਪਣਪਦਾ ਹੈ, ਜਿਹੜੀਆਂ ਆਮ ਕਰਕੇ ਗ਼ੈਰ ਵਾਹੀਯੋਗ ਹੁੰਦੀਆਂ ਹਨ। ਕਰੀਰ ਦੇ ਰੁੱਖਾਂ ਤੋਂ ਡੇਲੇ ਤੋੜ ਕੇ ਲੋਕ ਆਰਥਿਕ ਲਾਭ ਉਠਾਉਂਦੇ ਹਨ। ਕਰੀਰਾਂ ਨੂੰ ਡੇਲੇ ਲੱਗਣ ਦੇ ਦਿਨੀਂ ਰਾਜਸਥਾਨ ਦੇ ਸ਼ਹਿਰਾਂ ਵਿੱਚ ਵਿਕਣ ਲਈ ਡੇਲਿਆਂ ਦੇ ਢੇਰ ਹੁੰਦੇ ਹਨ। ਅਜਿਹੇ ਖੇਤਰਾਂ ਵਿੱਚੋਂ ਡੇਲੇ ਦੇਸ਼ ਵਿਦੇਸ਼ ਵਿੱਚ ਪਹੁੰਚਦੇ ਹਨ। ਰਾਜਸਥਾਨੀ ਜੀਵਨ ਵਿੱਚ ਇਸ ਦੇ ਬਹੁਪੱਖੀ ਮਹੱਤਵ ਕਾਰਨ ਰਾਜਸਥਾਨੀ ਸਾਹਿਤ, ਲੋਕ ਸਾਹਿਤ ਵਿੱਚ ਇਸ ਸਬੰਧੀ ਵਰਣਨ ਕੁਝ ਇਸ ਤਰ੍ਹਾਂ ਮਿਲਦਾ ਹੈ :
ਸਟ ਰਸ ਭੋਜਨ ਸੀਤ ਮੇਂ,
ਪਾਚਣ ਰਾਖੈ ਖੈਰ।
ਪਾਤ ਨਹੀਂ ਪਰ ਕਲਪਤਰੁ,
ਕਿਣ ਵਿਧ ਭੂਲਾਂ ਕੈਰ।
ਕਰੀਰ ਰੁੱਖ ਪ੍ਰਤੀ ਕੁਝ ਲੋਕ ਵਿਸ਼ਵਾਸ ਵੀ ਹਨ। ਰਾਜਸਥਾਨ ਵਿੱਚ ਜਿਸ ਸਮੇਂ ਕਰੀਰਾਂ ਨੂੰ ਚੰਗਾ ਫ਼ਲ ਲੱਗਦਾ ਹੈ ਤਾਂ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਵਾਰ ਵਰਖਾ ਘੱਟ ਪਵੇਗੀ। ਮਾਲਵੇ ਵਿੱਚ ਗੂਗੇ ਦੀ ਪੂਜਾ ਸਮੇਂ ਆਟੇ ਦੀਆਂ ਬਣੀਆਂ ਸੇਵੀਆਂ ਜਿਹੀਆਂ ਕਰੀਰ ਦੀਆਂ ਟਾਹਣੀਆਂ ਉੱਪਰ ਪਾਈਆਂ ਜਾਂਦੀਆਂ ਹਨ। ਸਿੱਖ ਇਤਿਹਾਸ ਨਾਲ ਵੀ ਕਰੀਰ ਦੇ ਰੁੱਖ ਦਾ ਸਬੰਧ ਰਿਹਾ ਹੈ। ਰਾਏਕੋਟ ਦੇ ਨਜ਼ਦੀਕ ਲਿੱਤਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ‘ਕਰੀਰ ਸਾਹਿਬ’ ਸਥਿਤ ਹੈ। ਇਸੇ ਤਰ੍ਹਾਂ ਦਮਦਮਾ ਸਾਹਿਬ ਵਿਖੇ ਵੀ ਗੁਰੂ ਗੋਬਿੰਦ ਸਿੰਘ ਨਾਲ ਸਬੰਧਤ ਕਰੀਰ ਦੇ ਰੁੱਖ ਮੌਜੂਦ ਹਨ। ਇਸ ਤਰ੍ਹਾਂ ਕੁਝ ਪਿੰਡਾਂ ਦੇ ਨਾਵਾਂ ਵਿੱਚ ਵੀ ‘ਕਰੀਰ’ ਬੋਲਦਾ ਹੈ, ਪਰ ਮੌਜੂਦਾ ਪੰਜਾਬ ਦੇ ਇਸ ਵਿਰਾਸਤੀ ਰੁੱਖ ਦੀ ਹੋਂਦ ਹੌਲੀ ਹੌਲੀ ਖਾਤਮੇ ਵੱਲ ਜਾ ਰਹੀ ਹੈ।(ਹਵਾਲਾ-ਜੱਗਾ ਸਿੰਘ ਆਦਮਕੇ)[2]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
- ↑ ਜੱਗਾ ਸਿੰਘ ਆਦਮਕੇ (2023). "ਪੇਂਝੂ". Punjabi Tribune Online. Retrieved 2023.
{{cite web}}
: Check date values in:|access-date=
(help)[permanent dead link]