ਪੰਜਾਬੀ ਆਲੋਚਨਾ
ਆਧੁਨਿਕ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਪੱਛਮੀ ਸਿਧਾਂਤਾਂ ਦੇ ਪ੍ਰਭਾਵ ਸਦਕਾ ਵੱਖ-ਵੱਖ ਨਵੀਨ ਆਲੋਚਨਾ ਪ੍ਰਣਾਲੀਆਂ ਦਾ ਆਗ਼ਾਜ਼ ਹੁੰਦਾ ਹੈ। ਇਹਨਾਂ ਆਲੋਚਨਾ ਪ੍ਰਣਾਲੀਆਂ ਵਿੱਚ ਮਨੋਵਿਸ਼ਲੇਸ਼ਣਾਤਮਕ ਆਲੋਚਨਾ, ਚਿਹਨ ਵਿਗਿਆਨ ਆਲੋਚਨਾ, ਸੰਰਚਨਾਵਾਦੀ ਆਲੋਚਨਾ, ਸ਼ੈਲੀ ਵਿਗਿਆਨ ਆਲੋਚਨਾ, ਥੀਮ ਵਿਗਿਆਨ ਆਲੋਚਨਾ ਆਦਿ ਆਲੋਚਨਾ ਪ੍ਰਣਾਲੀਆਂ ਸ਼ਾਮਿਲ ਹਨ। ਥੀਮ ਵਿਗਿਆਨਕ ਆਲੋਚਨਾ ਪ੍ਰਣਾਲੀ ਇੱਕ ਅਜਿਹੀ ਵਿਲੱਖਣ ਤੇ ਨਿਵੇਕਲੀ ਕਿਸਮ ਦੀ ਆਲੋਚਨਾ ਪ੍ਰਣਾਲੀ ਹੈ ਜੋ ਰਚਨਾ ਦੇ ਥੀਮਕ ਅਧਿਐਨ ਦੁਆਰਾ ਰਚਨਾ ਦੇ ਆਂਤਰਿਕ ਸੰਗਠਨ ਵਿੱਚ ਕਾਰਜਸ਼ੀਲ ਅਰਥਾਂ ਨੂੰ ਵਿਗਿਆਨਕ ਢੰਗ ਨਾਲ ਉਜਾਗਰ ਕਰਦੀ ਹੈ।
‘ਥੀਮ ਵਿਗਿਆਨ’ ਤੋਂ ਭਾਵ ਥੀਮਕ ਅਧਿਐਨ ਮੰਨਿਆ ਜਾਂਦਾ ਹੈ। ਇਹ ਥੀਮਾਂ ਦੇ ਅਧਿਐਨ ਦੁਆਰਾ ਸਾਹਿਤ ਚਿੰਤਨ ਤੱਕ ਪਹੁੰਚਣ ਦੀ ਵਿਧੀ ਹੈ। ਥੀਮ ਰਚਨਾ ਦਾ ਉਹ ਕੇਂਦਰੀ ਤੱਤ ਹੈ ਜੋ ਉਸ ਨੂੰ ਰੂਪ ਪ੍ਰਦਾਨ ਕਰਦਾ ਹੈ। ਪੱਛਮੀ ਚਿੰਤਕਾਂ ਵਿੱਚ ਦੋ ਤਰ੍ਹਾਂ ਦੇ ਵਿਚਾਰ ਪ੍ਰਚਲਿਤ ਰਹੇ ਹਨ। ਪਹਿਲੇ ਵਿਚਾਰ ਅਧੀਨ ਥੀਮ ਕਿਸੇ ਵੀ ਸਾਹਿਤਕ ਕਿਰਤ ਦੇ ਅਪ੍ਰਸੰਗਿਕ ਸਾਹਿਤ ਬਾਹਰੇ ਵੇਰਵਿਆਂ ਵੱਲ ਉਲਾਰ ਹੋ ਜਾਂਦਾ ਹੈ। ਸਾਹਿਤਕ ਕਿਰਤ ਦੇ ਥੀਮ ਨੂੰ ਪਕੜਨ ਲਈ ਚਿੰਤਕ ਸਾਹਿਤ ਬਾਹਰੇ ਅਨੁਸ਼ਾਸਨਾ ਦੀ ਮਦਦ ਲੈਂਦੇ ਹਨ। ਦੂਜੇ ਵਿਚਾਰ ਅਧੀਨ ਸਾਹਿਤ ਨੂੰ ਇੱਕ ਜੁਜ਼ ਵਜੋਂ ਗ੍ਰਹਿਣ ਕੀਤਾ ਜਾਂਦਾ ਹੈ। ਇਸ ਵਿਚਾਰ ਤੋਂ ਪ੍ਰਭਾਵਿਤ ਚਿੰਤਕ ਸਾਹਿਤ ਬਾਹਰੇ ਵੇਰਵਿਆਂ ਨੂੰ ਵੀ ਸਾਹਿਤ ਦੀ ਸੰਰਚਨਾ ਵਿੱਚ ਕਾਰਜਸ਼ੀਲ ਹੋਰ ਤੱਤਾਂ ਦੇ ਨਾਲ ਹੀ ਵਿਚਾਰਦੇ ਹਨ। ਇਸ ਵਿਚਾਰ ਤੋਂ ਪ੍ਰਭਾਵਿਤ ਰੂਸੀ ਰੂਪਵਾਦੀ ਤੋਮਾਸ਼ੇਵਸਕੀ ਥੀਮ ਨੂੰ ਰਚਨਾ ਦੇ ਆਰ-ਪਾਰ ਫੈਲਣ ਵਾਲਾ ਅਤੇ ਰਚਨਾ ਨੂੰ ਏਕਤਾ ਪ੍ਰਦਾਨ ਕਰਨ ਵਾਲਾ ਤੱਤ ਮੰਨਦਾ ਹੈ।1 ਡਾ.ਹਰਿਭਜਨ ਸਿੰਘ ਦੇ ਵਿਚਾਰ ਅਨੁਸਾਰ: ਥੀਮ ਨਾ ਵਾਸਤਵਿਕ ਤੱਤ ਹੈ ਨਾ ਭਾਸ਼ਕ ਬਣਤਰ,ਥੀਮ ਸਾਹਿਤਕ ਹੋਂਦ ਹੈ।2
ਇਸ ਤਰ੍ਹਾਂ ਕਿਹਾ ਜਾ ਸਕਦਾ ਕਿ ਥੀਮ ਵਿਗਿਆਨ ਅਧਿਐਨ ਅਧੀਨ ਅਜਿਹੇ ਥੀਮ ਨੂੰ ਵਿਚਾਰਿਆ ਜਾਂਦਾ ਹੈ ਜੋ ਰਚਨਾ ਦੀ ਸੰਰਚਨਾਤਮਕ ਬਣਤਰ ਵਿੱਚ ਕਾਰਜਸ਼ੀਲ ਹੈ ਅਤੇ ਰਚਨਾ ਨੂੰ ਏਕਤਾ ਪ੍ਰਦਾਨ ਕਰਦਾ ਹੈ।ਇਹ ਰਚਨਾ ਦੇ ਆਦਿ ਤੋਂ ਅੰਤ ਤੱਕ ਆਰ-ਪਾਰ ਫੈਲਿਆ ਹੁੰਦਾ ਹੈ। ਥੀਮ ਨੂੰ ਸੰਗਠਨ ਕਰਨ ਲਈ ਭਿੰਨ-ਭਿੰਨ ਜੁਗਤਾਂ ਤੇ ਵਿਧੀਆਂ ਵਰਤੀਆਂ ਜਾਂਦੀਆਂ ਹਨ। ਥੀਮਕ ਸੰਗਠਨ ਦਾ ਜਿਸ ਵਿਧੀ ਰਾਹੀਂ ਵਿਗਿਆਨਕ ਅਧਿਐਨ ਕੀਤਾ ਜਾਂਦਾ ਹੈ ਉਸ ਵਿਧੀ ਨੂੰ ਹੀ ਥੀਮ-ਵਿਗਿਆਨ ਦਾ ਨਾਂ ਦਿੱਤਾ ਗਿਆ ਹੈ। ਥੀਮ-ਵਿਗਿਆਨ ਦੇ ਇਤਿਹਾਸਕ ਪਰਪੇਖ ਵਲ ਨਜ਼ਰ ਮਾਰਿਆਂ ਤਿੰਨ ਚਿੰਤਨ ਪੱਧਤੀਆਂ ਸਾਹਮਣੇ ਆਈਆਂ ਹਨ:
1. ਰੂਸੀ ਥੀਮਵਾਦੀ ਆਲੋਚਨਾ ਪ੍ਰਣਾਲੀ 2. ਅਮਰੀਕੀ ਥੀਮਵਾਦੀ ਆਲੋਚਨਾ ਪ੍ਰਣਾਲੀ 3. ਫਰਾਂਸੀਸੀ ਥੀਮਵਾਦੀ ਆਲੋਚਨਾ ਪ੍ਰਣਾਲੀ
ਰੂਸੀ ਸਾਹਿਤ ਆਲੋਚਨਾ ਦੇ ਇਤਿਹਾਸ ਵਿੱਚ ਥੀਮ ਵਿਗਿਆਨਕ ਆਲੋਚਨਾ ਪ੍ਰਣਾਲੀ ਵੀਹਵੀਂ ਸਦੀ ਦੇ ਦੂਸਰੇ ਦਹਾਕੇ ਵਿੱਚ ਸਾਹਮਣੇ ਆਈ ਹੈ ਇਸ ਵਿਧੀ ਦੇ ਪ੍ਰਮੁੱਖ ਸਿਧਾਂਤਕਾਰ ਵਿਕਟਰ ਸ਼ਕਲੋਵਸਕੀ, ਬੋਰਿਸ ਤੋਮਾਸ਼ੇਵਸਕੀ, ਬੋਰਿਸ ਈਖਨਬਾਮ ਆਦਿ ਹਨ।
ਅਮਰੀਕੀ ਥੀਮ ਵਿਗਿਆਨ ਨੂੰ ਰੂਸੀ ਥੀਮ ਵਿਗਿਆਨ ਦਾ ਹੀ ਵਿਸਥਾਰ ਮੰਨਿਆ ਜਾਂਦਾ ਹੈ। ਥੀਮ ਵਿਗਿਆਨਕ ਆਲੋਚਨਾ ਪ੍ਰਣਾਲੀ ਵਿੱਚ ਅਮਰੀਕੀ ਥੀਮ ਵਿਗਿਆਨੀ ਯੂਜੀਨ ਫ਼ਾਕ ਨੇ ਆਪਣੀ ਪੁਸਤਕ Types of Thematic Structure ਵਿਚ ਥੀਮ-ਵਿਗਿਆਨ ਸੰਬੰਧੀ ਮਹੱਤਵਪੂਰਨ ਸੰਕਲਪ ਪੇਸ਼ ਕੀਤੇ ਹਨ। ਫ਼ਾਕ ਦੇ ਅਧਿਐਨ ਦਾ ਕੇਂਦਰੀ-ਬਿੰਦੂ ਰਚਨਾ ਪਾਠ ਹੈ। ਫ਼ਾਕ ਰਚਨਾ ਦੇ ਪਾਠਗਤ ਅਧਿਐਨ ਰਾਹੀਂ ਰਚਨਾ ਦੇ ਕੇਂਦਰ-ਬਿੰਦੂ ਦੀ ਤਲਾਸ਼ ਕਰਦਾ ਹੈ। ਉਹ ਇਸ ਤੋਂ ਵੀ ਅੱਗੋਂ ਕੇਂਦਰ ਦਾ ਵੀ ਕੇਂਦਰ ਬਿੰਦੂ ਖੋਜਦਾ ਹੈ।
ਫਰਾਂਸੀਸੀ ਥੀਮ ਵਿਗਿਆਨੀਆਂ ਨੇ ਥੀਮ ਵਿਗਿਆਨ ਨੂੰ ਵੱਖਰੇ ਦ੍ਰਿਸ਼ਟੀਕੋਣ ਤੋਂ ਵਾਚਣ ਦਾ ਯਤਨ ਕੀਤਾ ਹੈ। ਫਰਾਂਸੀਸੀ ਥੀਮ ਵਿਗਿਆਨਕ ਆਲੋਚਨਾ ਪ੍ਰਣਾਲੀ ਦੇ ਪ੍ਰਮੁੱਖ ਸਿਧਾਂਤਕਾਰ ਜਾਰਜ ਪੂਲੇ ਤੇ ਯਾਂ ਪੀਰੇ ਰਿਚਰਡਜ਼ ਹਨ। ਜਾਰਜ ਪੂਲੇ ਨੇ ਥੀਮ ਵਿਗਿਆਨ ਨੂੰ ਵਿਸ਼ਵ ਵਿਆਪਕ ਦਾਰਸ਼ਨਿਕ ਮਹੱਤਵ ਨਾਲ ਜੋਯਨ ਦਾ ਯਤਨ ਕੀਤਾ ਅਤੇ ਯਾਂ ਪੀਰੇ ਰਿਚਰਡਜ਼ ਭਾਸ਼ਾ-ਵਿਗਿਆਨ ਅਤੇ ਮਨੋਵਿਗਿਆਨ ਦ੍ਰਿਸ਼ਟੀ ਨੂੰ ਆਪਣੀ ਪਹੁੰਚ ਵਿਧੀ ਦਾ ਆਧਾਰ ਬਣਾਉਂਦਾ ਹੈ। ਇਸ ਪ੍ਰਕਾਰ ਫਰਾਂਸੀਸੀ ਥੀਮ ਵਿਗਿਆਨ ਕੇਂਦਰ ਤੋਂ ਭਾਂਜ ਦਾ ਰਸਤਾ ਅਪਣਾਉਂਦਾ ਹੈ।
ਉਪਰੋਕਤ ਤਿੰਨਾਂ ਚਿੰਤਨ ਪੱਧਤੀਆਂ ਦੇ ਚਿੰਤਕਾਂ ਨੇ ਥੀਮ ਵਿਗਿਆਨਕ ਅਧਿਐਨ ਲਈ ਸਿਧਾਂਤਕ ਆਧਾਰ ਪ੍ਰਦਾਨ ਕੀਤੇ। ਇਹਨਾਂ ਚਿੰਤਕਾਂ ਨੇ ਆਪਣੇ ਤੋਂ ਪੂਰਬਲੇ ਚਿੰਤਨ ਦਾ ਪ੍ਰਭਾਵ ਗ੍ਰਹਿਣ ਕੀਤਾ ਅਤੇ ਪਿਛਲੇਰੇ ਚਿੰਤਨ ਨੂੰ ਪ੍ਰਭਾਵਿਤ ਕੀਤਾ। ਇਹਨਾਂ ਦੁਆਰਾ ਪ੍ਰਸਤੁਤ ਹੋਏ ਪ੍ਰਮੱਖ ਸਿਧਾਂਤ ਹੇਠ ਲਿਖੇ ਹਨ:
ਮੋਟਿਫ਼
ਥੀਮ ਦੀ ਛੋਟੀ ਤੋਂ ਛੋਟੀ ਇਕਾਈ ਨੂੰ ਮੋਟਿਫ਼ ਦਾ ਨਾਮ ਦਿੱਤਾ ਜਾਂਦਾ ਹੈ।ਸਾਹਿਤ ਚਿੰਤਨ ਵਿੱਚ ਮੋਟਿਫ਼ ਦੀ ਵਰਤੋਂ ਕਈ ਅਰਥਾਂ ਵਿੱਚ ਹੁੰਦੀ ਰਹੀ ਹੈ।ਸਾਹਿਤ ਚਿੰਤਨ ਵਿੱਚ ਮੋਟਿਫ਼ ਨੂੰ ਇੱਕ ਅਜਿਹਾ ਤੱਤ ਮੰਨਿਆ ਜਾਂਦਾ ਰਿਹਾ ਹੈ ਜੋ ਇੱਕ ਤੋਂ ਵੱਧ ਸਾਹਿਤਕ ਕਿਰਤਾਂ ਵਿੱਚ ਦੁਹਰਾਇਆ ਜਾਂਦਾ ਹੈ। ਉਦਾਹਰਨ ਵਜੋਂ ਪੰਜਾਬੀ ਕਿੱਸਾ-ਕਾਵਿ ਵਿੱਚ ਬਾਰਾਂ ਸਾਲਾਂ ਦਾ ਵਕਫ਼ਾ (ਪੂਰਨ ਦਾ ਬਾਰਾਂ ਸਾਲ ਭੋਰੇ ਵਿੱਚ ਰਹਿਣਾ, ਰਾਂਝੇ ਦਾ ਬਾਰਾਂ ਸਾਲ ਮੱਝਾ ਚਾਰਨੀਆਂ ਆਦਿ), ਨਾਇਕ-ਨਾਇਕਾ ਦੀ ਦੈਵੀ-ਸ਼ਕਤੀਆਂ ਵਲੋਂ ਮਦਦ ਆਦਿ ਮੋਟਿਫ਼ ਕਾਰਜਸ਼ੀਲ ਹਨ। ਪਰ ਥੀਮ ਵਿਗਿਆਨੀਆਂ ਅਨੁਸਾਰ ਮੋਟਿਫ਼ ਇੱਕ ਅਜਿਹੀ ਇਕਾਈ ਹੈ ਜੋ ਕਿਸੇ ਇੱਕ ਰਚਨਾ ਵਿੱਚ ਪਈ ਹੁੰਦੀ ਹੈ ਤੇ ਇਸ ਦੀ ਸਾਰਥਕਤਾ ਉਸੇ ਰਚਨਾ ਵਿੱਚ ਹੈ ਜਿਸ ਨੂੰ ਕਿਸੇ ਹੋਰ ਰਚਨਾ ਵਿੱਚ ਪ੍ਰਵੇਸ਼ ਕਰਨ ਦੀ ਮਜ਼ਬੂਰੀ ਨਹੀਂ। 3 ਰੂਸੀ ਰੂਪਵਾਦੀਆਂ ਨੇ ਰਚਨਾ ਦੇ ਥੀਮਕ ਅਧਿਐਨ ਲਈ ਮੋਟਿਫ਼ ਨੂੰ ਆਧਾਰ ਬਣਾਇਆ ਹੈ ਅਤੇ ਫ਼ਾਕ ਨੇ ਮੋਟਿਫ਼ ਦੇ ਸੰਗਠਨ ਤੋਂ ਥੀਮ ਦੇ ਕੇਂਦਰੀ ਤੱਤ ਦੀ ਭਾਲ ਕੀਤੀ ਹੈ।
ਮੋਟਿਫ਼ ਨੂੰ ਰਚਨਾ ਦੀ ਮੁੱਢਲੀ ਇਕਾਈ ਵਜੋਂ ਪਛਾਣਿਆ ਜਾ ਸਕਦਾ ਹੈ। ਮੋਟਿਫ਼ ਅਜਿਹੀ ਥੀਮਕ ਇਕਾਈ ਹੈ ਜੋ ਆਪਣੇ ਆਪ ਵਿੱਚ ਪੂਰਨ ਵੀ ਹੈ ਤੇ ਦੂਜੇ ਰਚਨਾਤਮਕ ਮੋਟਿਫ਼ਾਂ ਨਾਲ ਅੰਤਰ ਸੰਬੰਧਿਤ ਵੀ। ਮੋਟਿਫ਼ ਇੱਕ ਰਚਨਾਤਮਕ ਇਕਾਈ ਹੈ ਜੋ ਰਚਨਾ ਦੇ ਇੱਕ ਵਾਕ ਵਿੱਚ ਵੀ ਹੋ ਸਕਦੀ ਹੈ। ਉਦਾਹਰਨ ਦੇ ਤੌਰ ’ਤੇ ਇੱਕ ਆਦਮੀ ਦੂਜੇ ਆਦਮੀ ਨੂੰ ਕਹਿੰਦਾ ਹੈ, “ਮੈਂ ਆਪਣੇ ਪਿੰਡ ਜਾ ਰਿਹਾ ਹਾਂ।” ਇਸ ਵਾਕ ਵਿੱਚ ‘ਵਿਅਕਤੀ ਦੁਆਰਾ ਆਪਣੇ ਪਿੰਡ ਜਾਣ’ ਦਾ ਮੋਟਿਫ਼ ਪਿਆ ਹੋਇਆ ਹੈ।
ਹਰ ਇੱਕ ਮੋਟਿਫ਼ ਵੱਖ-ਵੱਖ ਤੱਤਾਂ ਦੇ ਮੇਲ ਨਾਲ ਹੋਂਦ ਵਿੱਚ ਆਉਂਦਾ ਹੈ। ਡਾ. ਹਰਿਭਜਨ ਸਿੰਘ ਅਨੁਸਾਰ ਮੋਟਿਫ਼ ਤਿੰਨ ਤੱਤਾਂ ਦੀ ਰਚਨਾ ਹੈ, ਉਹ ਤਿੰਨ ਤੱਤ ਹਨ: ਸਮੱਗਰੀ, ਜੁਗਤ ਤੇ ਪ੍ਰੇਰਕ। 4 ਮੋਟਿਫ਼ ਵਿਚਲੀ ਸਥਿਤੀ ਹੀ ਮੋਟਿਫ਼ ਦੀ ਸਮੱਗਰੀ ਹੁੰਦੀ ਹੈ। ਰਚਨਾ ਵਿਚਲੀ ਸਥਿਤੀ ਨੂੰ ਸਾਹਿਤਕਾਰ ਜਿਸ ਢੰਗ ਨਾਲ ਪੇਸ਼ ਕਰਦਾ ਹੈ ਉਸ ਨੂੰ ਜੁਗਤ ਕਿਹਾ ਜਾਂਦਾ ਹੈ ਅਤੇ ਪ੍ਰੇਰਕ ਮੋਟਿਫ਼ਾਂ ਵਿੱਚ ਕਾਰਜਾਂ ਨੂੰ ਸੇਧ ਦਿੰਦੇ ਹਨ। ਉਦਾਹਰਨ ਵਜੋਂ: ‘ਨਾਇਕ ਦਾ ਘਰ ਛੱਡਣਾ’ ਮੋਟਿਫ਼ ਪਿੱਛੇ ‘ਨਾਇਕਾ ਦੀ ਭਾਲ’, ‘ਰੋਜ਼ਗਾਰ ਦੀ ਭਾਲ’ ਆਦਿ ਪ੍ਰੇਰਕ ਕੰਮ ਕਰ ਰਹੇ ਹੁੰਦੇ ਹਨ।
ਰਚਨਾਤਮਕ ਲੋੜ ਦੀ ਪੂਰਤੀ ਲਈ ਵਰਤੇ ਗਏ ਮੋਟਿਫ਼ਾਂ ਨੂੰ ਰਚਨਾ ਪ੍ਰੇਰਕ ਕਿਹਾ ਜਾਂਦਾ ਹੈ। ਰਚਨਾ ਵਿੱਚ ਕੁਝ ਮੋਟਿਫ਼ਾਂ ਦੀ ਵਰਤੋਂ ਯਥਾਰਥ ਦਾ ਭਰਮ ਪੈਦਾ ਕਰਨ ਲਈ ਕੀਤੀ ਜਾਂਦੀ ਹੈ। ਅਜਿਹੇ ਮੋਟਿਫ਼ਾਂ ਨੂੰ ਯਥਾਰਥ ਪ੍ਰੇਰਕ ਜਾਂ ਵਸਤੂ ਪ੍ਰੇਰਕ ਕਿਹਾ ਜਾਂਦਾ ਹੈ। ਇਹ ਮੋਟਿਫ਼ ਯਥਾਰਥ ਦਾ ਭਰਮ ਪੈਦਾ ਕਰਨ ਦੀ ਲੋੜ ਤੋਂ ਪ੍ਰੇਰਿਤ ਹੁੰਦੇ ਹਨ ਇਸ ਲਈ ਇਹਨਾਂ ਵਿੱਚ ਯਥਾਰਥ (ਵਸਤੂ) ਪ੍ਰੇਰਕ ਮੌਜੂਦ ਹੁੰਦੇ ਹਨ। ਤੀਜੀ ਪ੍ਰਕਾਰ ਦੇ ਪ੍ਰੇਰਕ ਕਲਾ-ਪ੍ਰੇਰਕ ਹੁੰਦੇ ਹਨ। ਕਲਾ-ਪ੍ਰੇਰਕ ਲੇਖਕ ਯਥਾਰਥਕ ਸਥਾਨਾਂ/ਘਟਨਾਵਾਂ/ਵਿਅਕਤੀਆਂ ਨੂੰ ਅਜਨਬੀਕਰਨ ਦੀ ਵਿਧੀ ਨਾਲ ਪੇਸ਼ ਕਰਨ ਲਈ ਵਰਤੇ ਜਾਂਦੇ ਹਨ।
ਮੋਟਿਫ਼ਾਂ ਦਾ ਵਰਗੀਕਰਨ:
ਮੋਟਿਫ਼ਾਂ ਦੀ ਵੰਨਗੀ ਵਿੱਚ ਖੁਲ੍ਹੇ ਮੋਟਿਫ਼, ਬੰਦ ਮੋਟਿਫ਼, ਗਤੀਸ਼ੀਲ ਮੋਟਿਫ਼, ਗਤੀਹੀਨ ਮੋਟਿਫ਼ ਵਿਸ਼ੇਸ਼ ਮਹੱਤਵ ਰੱਖਦੇ ਹਨ। ਖੁਲ੍ਹੇ ਮੋਟਿਫ਼ ਅਜਿਹੇ ਮੋਟਿਫ਼ ਹੁੰਦੇ ਹਨ ਜਿਹਨਾਂ ਨੂੰ ਰਚਨਾ ਵਿਚੋਂ ਖਾਰਜ ਕਰਨ ’ਤੇ ਰਚਨਾ ਸੰਗਠਨ ਉੱਤੇ ਕੋਈ ਵਿਸ਼ੇਸ਼ ਪ੍ਰਭਾਵ ਨਹੀਂ ਪੈਂਦਾ। ਖੁੱਲ੍ਹੇ ਮੋਟਿਫ਼ ਦੇ ਉਲਟਨ ਬੰਦ ਮੋਟਿਫ਼ ਨੂੰ ਰਚਨਾ ਵਿਚੋਂ ਖਾਰਜ ਕਰਨ ਦੀ ਸਥਿਤੀ ਵਿੱਚ ਇਹ ਰਚਨਾ ਦੇ ਸੰਗਠਨ ਉੱਪਰ ਪ੍ਰਭਾਵ ਪਾਵੇਗਾ। ਬੰਦ ਮੋਟਿਫ਼ ਰਚਨਾ ਦੇ ਸੰਗਠਨ ਦਾ ਹਿੱਸਾ ਹੁੰਦੇ ਹਨ। ਗਤੀਸ਼ੀਲ ਮੋਟਿਫ਼ ਰਚਨਾ ਵਿਚਲੇ ਕਥਾਨਕ ਨੂੰ ਗਤੀ ਪ੍ਰਦਾਨ ਕਰਦੇ ਹਨ। ਸਾਹਿਤਕ ਕਿਰਤ ਵਿੱਚ ਕੁਝ ਅਜਿਹੇ ਮੋਟਿਫ਼ ਵੀ ਹੁੰਦੇ ਹਨ ਜੋ ਰਚਨਾ ਦੇ ਕਥਾਨਕ ਨੂੰ ਗਤੀ ਪ੍ਰਦਾਨ ਨਹੀਂ ਕਰਦੇ, ਅਜਿਹੇ ਮੋਟਿਫ਼ਾਂ ਨੂੰ ਗਤੀਹੀਨ ਮੋਟਿਫ਼ ਦਾ ਨਾਂ ਦਿੱਤਾ ਗਿਆ ਹੈ।
ਉਪਰੋਕਤ ਮੋਟਿਫ਼ਾਂ ਤੋਂ ਇਲਾਵਾ ਥੀਮ ਵਿਗਿਆਨਕ ਆਲੋਚਨਾ ਪ੍ਰਣਾਲੀ ਵਿੱਚ ਲੀਤ ਮੋਟਿਫ਼ ਤੇ ਰੀਮ ਮੋਟਿਫ਼ ਵਿਸ਼ੇਸ਼ ਮਹੱਤਵ ਦੇ ਲਖਾਇਕ ਹਨ। ਥੀਮ ਵਿੱਚ ਇਕਸਾਰਤਾ ਕਾਇਮ ਕਰਨ ਵਾਲੇ ਮੋਟਿਫ਼ਾਂ ਨੂੰ ਫ਼ਾਕ ਨੇ ਲੀਤ ਮੋਟਿਫ਼ ਦਾ ਨਾਂ ਦਿੱਤਾ ਹੈ। ਫ਼ਾਕ ਅਨੁਸਾਰ ਮੋਟਿਫ਼ਾਂ ਵਿੱਚ ਊਦੈ ਹੋਏ ਥੀਮ ਦੀ ਸੰਰਚਨਾਤਮਕ ਇਕਸਾਰਤਾ ਪਾਠਕ ਦੇ ਆਨੰਦ ਵਿੱਚ ਵਾਧਾ ਕਰਦੀ ਹੈ। ਫ਼ਾਕ ਸੰਰਚਨਾਤਮਕ ਇਕਸਾਰਤਾ ਬਾਰੇ ਗੱਲ ਕਰਦਾ ਹੋਇਆ ਪ੍ਰਸਿਧ ਨਾਵਲਕਾਰ ਥਾਮਸ ਮਨ ਦਾ ਹਵਾਲਾ ਦਿੰਦਾ ਹੈ ਜੋ ਪਾਠਕਾਂ ਨੂੰ ਆਪਣੀ ਪੁਸਤਕ ਵਾਰ-ਵਾਰ ਪੜ੍ਹਨ ਲਈ ਕਹਿੰਦਾ ਹੈ। ਉਸ ਅਨੁਸਾਰ ਪਹਿਲੀ ਵਾਰ ਪਾਠਕ ਥੀਮਕ ਸਮੱਗਰੀ ਪ੍ਰਾਪਤ ਕਰਦਾ ਹੈ। ਦੂਸਰੀ ਵਾਰ ਰਚਨਾ ਵਿਚਲੇ ਪ੍ਰਤੀਕਾਤਮਕ ਅਤੇ ਸੰਕੇਤਾਤਮਕ ਅਰਥ ਗ੍ਰਹਿਣ ਕਰਦਾ ਹੈ।5 ਫ਼ਾਕ ਅਨੁਸਾਰ ਲੀਤ ਮੋਟਿਫ਼ ਹੀ ਕਿਸੇ ਬਿਰਤਾਂਤਕ ਰਚਨਾ ਵਿੱਚ ਵਿਭਿੰਨ ਥੀਮਾਂ/ਮੋਟਿਫ਼ਾਂ ਨੂੰ ਅੰਤਰ ਸੰਬੰਧਿਤ ਕਰਦਾ ਹੈ। ਇਸ ਤਰ੍ਹਾਂ ਲੀਤ ਮੋਟਿਫ਼ ਰਚਨਾ ਵਿੱਚ ਵਾਰ-ਵਾਰ ਵਾਪਰ ਕੇ ਰਚਨਾ ਵਿੱਚ ਖਿਲਰੇ ਹੋਏ ਥੀਮਾਂ ਵਿਚਕਾਰ ਇਕਸਾਰਤਾ ਕਾਇਮ ਕਰਦੇ ਹਨ।
ਰੀਮ ਮੋਟਿਫ਼, ਮੋਟਿਫ਼ਾਂ ਵਿਚੋਂ ਮੋਟਿਫ਼ ਨਿਕਲਣ ਦੀ ਪਰਕਿਰਿਆ ਹੈ। ਮੋਟਿਫ਼ ਇੱਕ ਸੰਪੂਰਨ ਤੇ ਛੋਟੀ ਤੋਂ ਛੋਟੀ ਇਕਾਈ ਹੈ ਪਰ ਇਸ ਵਿਚੋਂ ਅੱਗੋਂ ਕਈ ਰੀਮਾਂ ਨਿਕਲਣ ਦੀਆਂ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ। ਇਹਨਾਂ ਸੰਭਾਵਿਤ ਰੀਮਾਂ ਵਿਚੋਂ ਕਿਸੇ ਇੱਕ ਰੀਮ ਨੂੰ ਚੁਣ ਲਿਆ ਜਾਂਦਾ ਹੈ। ਮੋਟਿਫ਼ ਵਿਚੋਂ ਰੀਮਾਂ ਨਿਕਲਣ ਦੀ ਪਰਕਿਰਿਆ ਰਚਨਾ ਦੇ ਸ਼ੁਰੂ ਤੋਂ ਲੈ ਕੇ ਅੰਤ ਤਕ ਜਾਰੀ ਰਹਿੰਦੀ ਹੈ।
ਅਜਨਬੀਕਰਨ: ਅਜਨਬੀਕਰਨ ਦਾ ਸਿਧਾਂਤ ਰੂਸੀ ਥੀਮ ਵਿਗਿਆਨੀਆਂ ਦੀ ਮਹੱਤਵਪੂਰਨ ਦੇਣ ਹੈ। ਥੀਮ ਨੂੰ ਰਚਨਾ ਵਿੱਚ ਕਲਾਤਮਕ ਢੰਗ ਰਾਹੀਂ ਪੇਸ਼ ਕੀਤਾ ਜਾਂਦਾ ਹੈ। ਕਲਾਤਮਕ ਸਿਰਜਨ ਦੀ ਇਸ ਪਰਕਿਰਿਆ ਨੂੰ ਸ਼ਕਲੋਵਸਕੀ ਨੇ ਅਜਨਬੀਕਰਨ ਦਾ ਨਾਮ ਦਿੱਤਾ ਹੈ। ਦੂਸਰੇ ਸ਼ਬਦਾਂ ਵਿੱਚ ਜਾਣੀਆਂ-ਪਛਾਣੀਆਂ ਵਸਤੂਆਂ ਨੂੰ ਅਜਨਬੀ ਢੰਗ ਰਾਹੀਂ ਪੇਸ਼ ਕਰਨਾ ਹੀ ਅਜਨਬੀਕਰਨ ਹੈ।
ਥੀਮ ਦੀ ਚੋਣ ਤੇ ਪੇਸ਼ਕਾਰੀ:
ਥੀਮ ਵਿਗਿਆਨ ਥੀਮ ਵਾਂਗ ਥੀਮ ਦੀ ਚੋਣ ਤੇ ਥੀਮ ਦੀ ਪੇਸ਼ਕਾਰੀ ਨੂੰ ਵੀ ਆਪਣੇ ਵਿਚਾਰ ਦਾ ਕੇਂਦਰ ਬਣਾਉਂਦਾ ਹੈ। ਥੀਮ ਵਿਗਿਆਨੀਆਂ ਅਨੁਸਾਰ ਸਮਕਾਲੀ ਅਤੇ ਸਰਬਕਾਲੀ ਥੀਮਾਂ ਦਾ ਸੁਮੇਲ ਹੀ ਰਚਨਾ ਨੂੰ ਦਿਲਚਸਪੀ ਅਤੇ ਸਦੀਵਤਾ ਪ੍ਰਦਾਨ ਕਰਦਾ ਹੈ।
ਰੂਸੀ ਥੀਮ ਵਿਗਿਆਨੀਆ ਨੇ ਥੀਮ ਦੀ ਪੇਸ਼ਕਾਰੀ ਨਾਲ ਸੰਬੰਧਿਤ ਵਿਗੋਪਨ (exposition) ਦਾ ਮਹੱਤਵਪੂਰਨ ਸੰਕਲਪ ਪੇਸ਼ ਕੀਤਾ ਹੈ। ਕਿਸੇ ਰਚਨਾ ਨੂੰ ਆਰੰਭ ਕਰਨ ਸਮੇਂ ਭੂਮਿਕਾ ਬੰਨ੍ਹਣੀ ਪੈਂਦੀ ਹੈ। ਇਸੇ ਆਰੰਭਿਕ ਭੂਮਿਕਾ ਜਾਂ ਬਿਰਤਾਂਤ ਵਿੱਚ ਪਾਤਰਾਂ ਦੇ ਅੰਤਰ-ਸੰਬੰਧਾਂ ਤੇ ਪਰਸਥਿਤੀਆਂ ਦੇ ਮੁੱਢਲੇ ਵੇਰਵੇ ਦਿੱਤੇ ਜਾਂਦੇ ਹਨ।ਇਸੇ ਨੂੰ ਹੀ ਵਿਗੋਪਨ ਕਿਹਾ ਜਾਂਦਾ ਹੈ। ਜਿਸ ਵਿਗੋਪਨ ਵਿੱਚ ਕਾਰਜ ਵਾਪਰਨ ਤੋਂ ਪਹਿਲਾਂ ਹੀ ਪਾਤਰਾਂ ਦੇ ਆਪਸੀ ਸੰਬੰਧਾਂ ਅਤੇ ਪਰਸਥਿਤੀਆਂ ਬਾਰੇ ਤੁਰੰਤ ਜਾਣਕਾਰੀ ਦੇ ਦਿੱਤੀ ਜਾਂਦੀ ਹੈ, ਉਸ ਵਿਗੋਪਨ ਨੂੰ ਫੌਰੀ ਵਿਗੋਪਨ ਕਿਹਾ ਜਾਂਦਾ ਹੈ। ਜਿਸ ਵਿਗੋਪਨ ਵਿੱਚ ਪਾਤਰਾਂ/ਪਰਸਥਿਤੀਆਂ ਬਾਰੇ ਪ੍ਰਸੰਗਿਕ ਜਾਣਕਾਰੀ ਬਿਰਤਾਂਤ ਵਿੱਚ ਖਿੰਡੀ ਹੁੰਦੀ ਹੈ, ਉਸ ਨੂੰ ਵਿਲੰਬਿਤ ਵਿਗੋਪਨ ਕਿਹਾ ਜਾਂਦਾ ਹੈ। ਸਥਾਨਾਂਤਰਿਤ ਵਿਗੋਪਨ ਵਿੱਚ ਪਾਤਰਾਂ/ਪਰਸਥਿਤੀਆਂ ਬਾਰੇ ਕੁਝ ਜਾਣਕਾਰੀ ਰਚਨਾ ਦੇ ਆਰੰਭ ਵਿੱਚ ਦਿੱਤੀ ਜਾਂਦੀ ਹੈ ਅਤੇ ਕੁਝ ਜਾਣਕਾਰੀ ਘਟਨਾ ਵਾਪਰਨ ਸਮੇਂ ਦਿੱਤੀ ਜਾਂਦੀ ਹੈ।
ਥੀਮ ਵਿਗਿਆਨਕ ਅਧਿਐਨ ਵਿਧੀ ਪੰਜਾਬੀ ਸਾਹਿਤ ਚਿੰਤਕਾਂ ਵੱਲੋਂ ਅਣਗ਼ੌਲੀ ਨਹੀਂ ਰਹੀ। ਡਾ.ਹਰਿਭਜਨ ਸਿੰਘ, ਮਨਜੀਤ ਕੌਰ, ਹਰਚਨ ਕੌਰ, ਗੁਰਚਰਨ ਸਿੰਘ ਅਰਸ਼ੀ, ਡਾ.ਕੁਲਦੀਪ ਸਿੰਘ ਧੀਰ ਆਦਿ ਨੇ ਥੀਮ ਵਿਗਿਆਨ ਸੰਬੰਧੀ ਅਤਿ ਮਹੱਤਵਪੂਰਨ ਸੰਕਲਪਾਂ ਨੂੰ ਉਭਾਰਿਆ।
ਉਪਰੋਕਤ ਵਿਚਾਰ ਚਰਚਾ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਥੀਮ ਵਿਗਿਆਨ ਪ੍ਰਣਾਲੀ ਸਿੱਧੇ ਤੌਰ ’ਤੇ ਪੱਛਮ ਵਿੱਚ ਪ੍ਰਚਲਿਤ ਰੂਸੀ ਰੂਪਵਾਦੀ ਸਿਧਾਂਤ ਵਿਚੋਂ ਵਿਕਸਿਤ ਆਲੋਚਨਾ ਪ੍ਰਣਾਲੀ ਹੈ। ਇਸ ਦੇ ਸਮਾਂਨਾਤਰ ਹੀ ਇਸ ਨੇ ਫਰਾਂਸੀਸੀ ਅਤੇ ਅਮਰੀਕੀ ਚਿੰਤਕਾਂ ਦੇ ਪ੍ਰਭਾਵ ਨੂੰ ਵੀ ਗ੍ਰਹਿਣ ਕੀਤਾ। ਥੀਮ ਵਿਗਿਆਨ ਅਧਿਐਨ ਰਾਹੀਂ ਕਿਸੇ ਵੀ ਸਾਹਿਤਕ ਕਿਰਤ ਦੇ ਆਂਤਰਿਕ ਸੰਗਠਨ ਵਿੱਚ ਕਾਰਜਸ਼ੀਲ ਜੁਜ਼ਾਂ ਨੂੰ ਪਛਾਣਿਆ ਜਾ ਸਕਦਾ ਹੈ।
ਅਰਥ
ਸੋਧੋਆਲੋਚਨਾ ਸ਼ਬਦ ਦੀ ਉਤਪੱਤੀ ‘ਲੋਚ’ ਧਾਤੂ ਤੋਂ ਹੋਈ ਹੈ। ‘ਲੋਚ’ ਦਾ ਅਰਥ ਵੇਖਣਾ ਹੈ ਤੇ ਆਲੋਚਨਾ ਦਾ ਅਰਥ ਕਿਸੇ ਵਸਤੂ ਜਾਂ ਰਚਨਾ ਉੱਪਰ ਸਰਵਪੱਖੀ ਝਾਤ ਮਾਰਨਾ ਅਤੇ ਉਸ ਦੀ ਵਿਆਖਿਆ ਜਾਂ ਮੁਲਾਂਕਣ ਕਰਨਾ ਹੈ। ਆਲੋਚਨਾ ਕਰਨ ਵਾਲਾ ਆਲੋਚਕ ਕਿਸੇ ਸਾਹਿੱਤ-ਰਚਨਾ ਦੀ ਪਰਖ ਤੇ ਪੜਚੋਲ ਕਰਦਾ ਹੈ। ਆਲੋਚਕ ਇੱਕ ਤਰ੍ਹਾਂ ਨਾਲ ਪਾਠਕ ਤੇ ਲੇਖਕ ਜਾਂ ਕਲਾਕਾਰ ਦੇ ਵਿਚਕਾਰ ਇੱਕ ਪੁਲ ਦੀ ਤਰ੍ਹਾਂ ਹੈ। ਆਲੋਚਕ ਦੁਆਰਾ ਪਾਠਕ ਨੂੰ ਕਿਸੇ ਸਾਹਿਤ ਰਚਨਾ ਜਾਂ ਕਲਾ ਕਿਰਤ ਦੇ ਉੱਤਮ ਜਾਂ ਨਿਖਿਧ ਹੋਣ ਦਾ ਪਤਾ ਲਗਦਾ ਹੈ। ਆਲੋਚਨਾ ਨੂੰ ਸਮਾਲੋਚਨਾ ਸਮੀਖਿਆ, ਪਰਖ ਅਤੇ ਪੜਚੋਲ ਵੀ ਆਖਦੇ ਹਨ। ਉਰਦੂ ਵਾਲੇ ਇਸ ਨੂੰ ਤਨਕੀਦ ਕਹਿੰਦੇ ਹਨ। ਜੇਕਰ ਅਸੀਂ ਆਲੋਚਨਾ ਸ਼ਬਦ ਦੇ ਸੰਕਲਪ ਨੂੰ ਮੱਧਕਾਲੀ ਸਾਹਿਤ ਉੱਪਰ ਉਪਯੋਗ ਕਰਕੇ ਵੇਖਦਾ ਹਾਂ ਤਾਂ ਇਸ ਨਾਲ ਮੱਧਕਾਲੀ ਸਾਹਿਤ ਆਲੋਚਨਾ ਦੇ ਸਿਧਾਂਤਾਂ ਉੱਪਰ ਸਹੀ ਨਹੀਂ ਜਾਪਦਾ। ਇਸ ਲਈ ਅਸੀਂ ਪੰਜਾਬੀ ਸਾਹਿਤ ਆਲੋਚਨਾ ਨੂੰ ਮੱਧਕਾਲ ਵਿੱਚ ਸ਼ੁਰੂ ਹੋਈ ਨਹੀਂ ਮੰਨ ਸਕਦੇ ਪਰ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬੀ ਸਾਹਿਤ ਆਲੋਚਨਾ ਦੇ ਬੀਜ ਮੱਧਕਾਲ ਵਿੱਚ ਮੌਜੂਦ ਹਨ। ਮੱਧਕਾਲੀ ਬੀਜ ਰੂਪ ਵਿੱਚ ਆਲੋਚਨਾ ਬਾਰੇ ਪ੍ਰਾਪਤ ਜਨਮਸਾਖੀਆਂ, ਟੀਕੇ, ਗੋਸ਼ਟਾਂ ਆਦਿ ਬਾਰੇ ਹਰਿਭਜਨ ਸਿੰਘ ਭਾਟੀਆ ਲਿਖਦਾ ਹੈ: “ਭੇਤ ਜਾਂ ਰਹੱਸ ਦਾ ਮੂਰਤੀਮੰਤ ਰੂਪ ਹੀ ਆਲੋਚਨਾ ਦਾ ਪ੍ਰਥਮ ਉਪਰਾਲਾ ਹੈ।”2
ਇਸ ਤਰ੍ਹਾਂ ਪੰਜਾਬੀ ਸਾਹਿਤ ਆਲੋਚਨਾ ਦੀ ਸ਼ੁਰੂਆਤ ਸਹੀ ਅਰਥਾਂ ਵਿੱਚ ਅਸੀਂ 20ਵੀਂ ਸਦੀ ਤੋਂ ਮੰਨ ਸਕਦੇ ਹਾਂ। ਇਸ ਸੰਦਰਭ ਵਿੱਚ ਸੰਤ ਸਿੰਘ ਸੇਖੋਂ ਦੀ ਧਾਰਨਾ ਵੇਖੀ ਜਾ ਸਕਦੀ ਹੈ: “ਵੀਹਵੀਂ ਸਦੀ ਤੋਂ ਪਹਿਲਾਂ ਪੰਜਾਬੀ ਸਾਹਿਤ ਆਲੋਚਨਾ ਵਿੱਚ ਕੋਈ ਪਿਰਤ ਨਹੀਂ ਸੀ। ਇਹ ਨਹੀਂ ਕਿ ਪੰਜਾਬੀ ਵਿੱਚ ਪਦ ਜਾਂ ਗਦ ਲਿਖਣ ਵਾਲੇ ਸਾਹਿਤਕ ਚੇਤਨਾ ਤੋਂ ਕੋਰੇ ਸਨ, ਪਰ ਜਿਹੜੇ ਵੀ ਪ੍ਰਮਾਣ ਉਨ੍ਹਾਂ ਦੀ ਚੇਤਨਾ ਵਿੱਚ ਸਨ ਉਹ ਸੰਸਕ੍ਰਿਤ ਜਾਂ ਫਾਰਸੀ ਸਾਹਿਤ ਵਿੱਚੋਂ ਸੁੱਤੇ ਸਿੱਧ ਤੇ ਵਿਵਹਾਰਕ ਰੂਪ ਵਿੱਚ ਲਏ ਹੋਏ ਸਨ।”3
ਵੀਹਵੀਂ ਸਦੀ ਦੇ ਸ਼ੁਰੂਆਤੀ ਸਮੇਂ ਦੌਰਾਨ ਸਾਹਿਤਕ ਚਿੰਤਕਾਂ ਨੇ ਪੰਜਾਬੀ ਸਾਹਿਤ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਅਤੇ ਨਾਲੋ-ਨਾਲ ਸਾਹਿਤ ਰੂਪਾਂ ਸੰਬੰਧੀ ਪਰਿਭਾਸ਼ਾਵਾਂ ਉਲੀਕਣ ਦਾ ਵੀ ਯਤਨ ਕੀਤਾ। ਇਨ੍ਹਾਂ ਵਿੱਚ ਪ੍ਰਮੁੱਖ ਆਲੋਚਕ ਬਾਵਾ ਬੁੱਧ ਸਿੰਘ, ਮੌਲਾ ਬਖ਼ਸ਼ ਕੁਸ਼ਤਾ, ਪ੍ਰੋ. ਪੂਰਨ ਸਿੰਘ, ਪ੍ਰਿੰ. ਤੇਜਾ ਸਿੰਘ, ਡਾ. ਮੋਹਨ ਸਿੰਘ ਦੀਵਾਨਾ, ਗੋਪਾਲ ਸਿੰਘ ਦਰਦੀ ਆਦਿ ਹਨ। ਪੰਜਾਬੀ ਆਲੋਚਨਾ ਦੇ ਆਰੰਭ ਅਤੇ ਕ੍ਰਮਵਾਰ ਇਤਿਹਾਸ ਨੂੰ ਜਾਨਣ ਲਈ ਅਸੀਂ ਇਸ ਨੂੰ ਚਾਰ ਭਾਗਾਂ ਵਿੱਚ ਵੰਡ ਸਕਦੇ ਹਾਂ।
- ਮੱਧਕਾਲ ਵਿੱਚ ਪੰਜਾਬੀ ਆਲੋਚਨਾ ਦੇ ਅੰਸ਼।
- ਆਧੁਨਿਕ ਪੰਜਾਬੀ ਆਲੋਚਨਾ ਦਾ ਪਹਿਲਾ ਪੜਾਅ (1913-1956)
- ਦੂਜਾ ਪੜਾਅ (1957-1970)
- ਤੀਸਰਾ ਪੜਾਅ (1971 ਤੋਂ ਸਮਕਾਲ ਤੱਕ)
ਮੱਧਕਾਲ ਵਿੱਚ ਪੰਜਾਬੀ ਆਲੋਚਨਾ ਦੇ ਅੰਸ਼
ਸੋਧੋਕੋਈ ਵੀ ਸਾਹਿਤ ਸਿਧਾਂਤ ਕਿਸੇ ਖਿਲਾਰੇ ਵਿੱਚੋਂ ਪੈਦਾ ਨਹੀਂ ਹੁੰਦਾ ਸਗੋਂ ਇੱਕ ਇਤਿਹਾਸਕ ਪ੍ਰਕਿਰਿਆ ਵਿੱਚੋਂ ਵਿਕਾਸ ਕਰਦਾ ਹੈ। ਮੱਧਕਾਲ ਵਿੱਚੋਂ ਪ੍ਰਾਪਤ ਹੋਣ ਵਾਲੇ ਟੀਕੇ, ਜਨਮਸਾਖੀਆਂ ਅਤੇ ਗੋਸ਼ਟਾਂ ਆਦਿ ਤੋਂ ਸਾਨੂੰ ਸਾਹਿਤਕਾਰਾਂ ਸੰਬੰਧੀ ਵਿਖਿਆਨ ਮਿਲਦੇ ਹਨ। ਮਿਸਾਲ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫ਼ਰੀਦ ਦੇ 112 ਸ਼ਲੋਕ ਸ਼ਾਮਿਲ ਕੀਤੇ ਗਏ ਹਨ ਅਤੇ ਇਨ੍ਹਾਂ ਸ਼ਲੋਕਾਂ ਸੰਬੰਧੀ ਵੱਖ-ਵੱਖ ਗੁਰੂ ਸਾਹਿਬਾਨਾਂ ਨੇ ਆਪਣੇ 18 ਸ਼ਲੋਕ ਰਾਹੀਂ ਬਾਬਾ ਫਰੀਦ ਦੇ ਸ਼ਲੋਕਾਂ ਉੱਪਰ ਟਿੱਪਣੀ ਕੀਤੀ ਹੈ। ਇਸ ਤੋਂ ਬਿਨ੍ਹਾਂ ਵੀ ਕਿੱਸਾ ਕਾਵਿ, ਵਾਰ ਕਾਵਿ ਰੂਪ ਅਤੇ ਮੱਧਕਾਲੀ ਵਾਰਤਕ ਦੇ ਵਿੱਚ ਵੀ ਪੰਜਾਬੀ ਆਲੋਚਨਾ ਦੇ ਅੰਸ਼ ਮਿਲਦੇ ਹਨ। ਮਿਸਾਲ ਲਈ ਅਸੀਂ ਅਹਿਮਯਾਰ ਦੁਆਰਾ ਰਚਿਤ ਕਿੱਸਾ ਯੂਸਫ਼ ਜੂਲੈਖਾਂ ਵਿੱਚੋਂ ਸਤਰ੍ਹਾਂ ਦੇਖ ਸਕਦੇ ਹਾਂ ਜਿੰਨ੍ਹਾਂ ਵਿੱਚ ਉਹ ‘ਹਾਫ਼ਿਜ਼ ਬਰਖ਼ੁਰਦਾਰ’ ਦੀ ਪ੍ਰਸ਼ੰਸ਼ਾ ਕਰਦਾ ਹੈ। ‘ਸੁਥਰਾ ਸ਼ਾਇਰ ਨ ‘ਹਾਫ਼ਿਜ਼’ ਜੇਹਾ, ਤੋਲ ਪੂਰਾ ਉਸ ਹੱਟੀ, ਪਰ ਅਗਲਿਆਂ ਪਿਛਲਿਆਂ ਸ਼ਾਇਰਾਂ ਦੀ, ਮੈਂ ਇਸ ਵੇਲੇ ਕਸਵੱਟੀ। (ਅਹਿਮਦਯਾਰ, ਕਿੱਸਾ ਯੂਸਫ਼ ਜ਼ਲੈਖਾਂ) ਕੁਝ ਪੰਜਾਬੀ ਵਿਦਵਾਨ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ ਨੂੰ ਪ੍ਰਥਮ ਆਲੋਚਕ ਮੰਨਦੇ ਹਨ। ਉਨ੍ਹਾਂ ਅਨੁਸਾਰ ਗੁਰੂ ਅਰਜਨ ਦੇਵ ਜੀ ਦੁਆਰਾ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਦੇ ਸੰਕਲਨ ਦਾ ਕੰਮ ਵੀ ਆਲੋਚਨਾ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ। ਪਰ ਇਹ ਸਾਰੀ ਗੱਲ ਨਿਰਵਿਵਾਦ ਹੈ ਕਿਉਂਕਿ ਮੱਧਕਾਲ ਵਿੱਚ ਪੰਜਾਬੀ ਆਲੋਚਨਾ ਦੇ ਅੰਸ਼ ਮਿਲਦੇ ਹਨ ਅਤੇ ਇਹ ਪੰਜਾਬੀ ਆਲੋਚਨਾ ਦਾ ਸ਼ੁਰੂਆਤੀ ਪੜਾਅ ਹੈ।
ਆਧੁਨਿਕ ਪੰਜਾਬੀ ਆਲੋਚਨਾ ਪਹਿਲਾ ਪੜਾਅ(1913-1956)
ਸੋਧੋਪੰਜਾਬੀ ਸਾਹਿਤ ਆਲੋਚਨਾ ਦੇ ਇਸ ਪੜਾਅ ਵਿੱਚ ਸਾਹਿਤ ਚਿੰਤਨ ਨਵੇਂ ਸਾਹਿਤ ਰੂਪਾਂ ਦੀ ਪਰਿਭਾਸ਼ਾ ਉਲੀਕਣ ਅਤੇ ਮੱਧਕਾਲੀ ਸਾਹਿਤ ਨੂੰ ਸੰਭਾਲਨ ਦੀ ਜਰੂਰਤ ਵਿੱਚੋਂ ਪੈਦਾ ਹੁੰਦਾ ਹੈ। ਬ੍ਰਿਟਿਸ਼ ਸਾਮਰਾਜ ਦੇ ਆਉਣ ਨਾਲ ਪੰਜਾਬੀ ਸਾਹਿਤ ਰੂਪਾਂ ਵਿੱਚ ਵੀ ਪਰਿਵਰਤਨ ਆਉਂਦੇ ਹਨ। ਨਵੇਂ ਸਾਹਿਤ ਰੂਪ ਜਿਵੇਂ ਨਾਵਲ, ਕਹਾਣੀ, ਨਾਟਕ, ਖੁੱਲੀ ਕਵਿਤਾ ਆਦਿ ਪੰਜਾਬੀ ਸਾਹਿਤ ਵਿੱਚ ਆਉਂਦੇ ਹਨ। ਜਿਨ੍ਹਾਂ ਦੀ ਪਰਿਭਾਸ਼ਾ ਅਤੇ ਤੱਤਾਂ ਬਾਰੇ ਸਾਹਿਤ ਚੇਤਨਾ ਸ਼ੁਰੂ ਹੁੰਦੀ ਹੈ। ਇਸ ਪੜਾਅ ਦੇ ਪ੍ਰਮੁੱਖ ਆਲੋਚਕ ਇਸ ਤਰ੍ਹਾਂ ਹਨ:
ਮੌਲਾ ਬਖ਼ਸ਼ ਕੁਸ਼ਤਾ (1876-1955 ਈ.) (ਚਸ਼ਮਾਂ-ਏ-ਹਯਾਤ (1913), ਪੰਜਾਬ ਦੇ ਹੀਰੇ (1932), ਪੰਜਾਬੀ ਸ਼ਾਇਰਾਂ ਦਾ ਤਜ਼ਕਰਾ (1960)
ਬਾਵਾ ਬੁੱਧ ਸਿੰਘ (1878-1931) (ਹੰਸ ਚੋਗ (1913), ਕੋਇਲ ਕੂ (1915), ਬੰਬੀਹਾ ਬੋਲ (1925)
ਪ੍ਰੋ. ਪੂਰਨ ਸਿੰਘ (1881-1931) (ਖੁੱਲ੍ਹੇ ਲੇਖ (1929)
ਪ੍ਰਿੰਸੀਪਲ ਤੇਜਾ ਸਿੰਘ (1894-1958) (ਸਾਹਿਤ ਦਰਸ਼ਨ (1951), ਪੰਜਾਬੀ ਕਿਵੇਂ ਲਿਖੀਏ (1957)
ਡਾ. ਮੋਹਨ ਸਿੰਘ ਦੀਵਾਨਾ (1899-1984) (ਪੰਜਾਬੀ ਭਾਖਾ ਤੇ ਛੰਦਾਬੰਧੀ (1937), ਬੁੱਲ੍ਹੇ ਸ਼ਾਹ (1939), ਆਧੁਨਿਕ ਪੰਜਾਬੀ, ਕਵਿਤਾ (1941), ਸੂਫੀਆਂ ਦਾ ਕਲਾਮ (1941), ਪੰਜਾਬੀ ਅਦਬ ਦੀ ਮੁਖ਼ਤਾਰ ਤਾਰੀਖ (1948), ਪੰਜਾਬੀ ਸਾਹਿਤ ਦੀ ਇਤਿਹਾਸ ਰੇਖਾ (1958), A History of Punjab Literature, An Introduction to Punjabi Literature.
ਬਨਾਰਸੀ ਦਾਸ ਜੈਨ (1889-1954) (ਪੰਜਾਬੀ ਜਬਾਨ ਅਤੇ ਉਸਦਾ ਲਿਟਰੇਚਰ (1941)
ਪੰਜਾਬੀ ਸਾਹਿਤ ਆਲੋਚਨਾਂ ਦੇ ਇਸ ਪੜਾਅ ਨੂੰ ਅਸੀਂ ਆਧੁਨਿਕ ਕਾਲ ਦੇ ਪਹਿਲੇ ਪੜਾਅ ਵਿੱਚ ਰੱਖਦੇ ਹਾਂ। ਇਸ ਪੜਾਅ ਇਸ ਵਿੱਚ ਆਲੋਚਕਾਂ ਦੁਆਰਾ ਸਾਹਿਤਕ ਕਿਰਤਾਂ ਬਾਰੇ ਰਹੱਸਵਾਦੀ, ਪ੍ਰਸੰਸਾਵਾਦੀ ਅਤੇ ਪ੍ਰਭਾਵਵਾਦੀ, ਆਲੋਚਨਾ ਕੀਤੀ ਗਈ ਮਿਲਦੀ ਹੈ। ਇਹ ਸਾਰੀ ਦੀ ਸਾਰੀ ਆਲੋਚਨਾ ਇਕਹਿਰੇ ਪੱਧਰ ਉੱਪਰ ਵਿਚਰਦੀ ਹੈ। ਇਸ ਕਾਲ ਦੇ ਆਲੋਚਕਾਂ ਨੇ ਮੱਧਕਾਲੀ ਪੰਜਾਬੀ ਸਾਹਿਤ ਨੂੰ ਸੰਭਾਲਨ ਤੇ ਜ਼ੋਰ ਦਿੱਤਾ। ਬ੍ਰਿਟਿਸ਼ ਸਾਮਰਾਜ ਦੇ ਹੋਏ ਪੰਜਾਬੀ ਸਾਹਿਤ ਉੱਪਰ ਹੋਏ ਹਮਲੇ ਤੋਂ ਨਿਜ਼ਾਤ ਪਾਉਣ ਲਈ ਪ੍ਰਸੰਸਾਵਾਦੀ ਆਲੋਚਨਾ ਰਾਹੀਂ ਨੌਜਵਾਨ ਲੇਖਕਾਂ ਨੂੰ ਪ੍ਰੇਰਿਆ।
ਦੂਜਾ ਪੜਾਅ(1957-1970)
ਸੋਧੋਪੰਜਾਬੀ ਚਿੰਤਨ ਦਾ ਇਹ ਅਗਲਾ ਪੜਾਅ ਆਲੋਚਨਾ ਦੇ ਪੱਖ ਤੋਂ ਕਾਫ਼ੀ ਮਹੱਤਵਪੂਰਨ ਹੈ। ਇਹ ਪੜਾਅ ਜਿੱਥੇ ਪੂਰਵ ਆਲੋਚਨਾ ਨਾਲ ਨਿਰੰਤਰਤਾ ਦਾ ਰਿਸ਼ਤਾ ਰੱਖਦਾ ਹੈ। ਉੱਥੇ ਹੀ ਆਪਣੀ ਵਿਲੱਖਣ ਪਹਿਚਾਣ ਵੀ ਰੱਖਦਾ ਹੈ। ਦਰਅਸਲ ਪੰਜਾਬੀ ਸਾਹਿਤ ਦੀ ਸਿਧਾਂਤਕ ਆਲੋਚਨਾ ਇਸ ਪੜਾਅ ਦੇ ਸਮੇਂ ਤੋਂ ਹੀ ਸ਼ੁਰੂ ਹੁੰਦੀ ਹੈ ਜਿਸ ਵਿੱਚ ਸੰਤ ਸਿੰਘ ਸੇਖੋਂ ਦੀ ਸਾਹਿਤਿਆਰਥ ਇੱਕ ਮੀਲ ਪੱਥਰ ਸਾਬਿਤ ਹੁੰਦੀ ਹੈ। ਇਸ ਪੁਸਤਕ ਵਿੱਚ ਕਾਵਿ ਦੇ ਵੱਖ-ਵੱਖ ਤੱਤਾਂ ਬਾਰੇ ਸੰਤ ਸਿੰਘ ਸੇਖੋਂ ਨੇ ਆਪਣੇ ਸਿਧਾਂਤਕ ਵਿਚਾਰ ਪ੍ਰਗਟਾਏ ਹਨ। ਇਸ ਪੜਾਅ ਦੀ ਆਲੋਚਨਾਂ ਦੀ ਮੁੱਖ ਵਿਚਾਰਧਾਰਾ ਪ੍ਰਗਤੀਵਾਦੀ ਤੇ ਮਾਰਕਸਵਾਦੀ ਹੈ। ਵਿਸ਼ਵ ਪੱਧਰ ਉੱਪਰ ਹੋਏ ਰੂਸੀ ਇਨਕਲਾਬ ਦੇ ਪ੍ਰਭਾਵ ਪੰਜਾਬੀ ਸਾਹਿਤ ਚਿੰਤਨ ਵਿੱਚ ਵੀ ਵੇਖੇ ਜਾ ਸਕਦੇ ਹਨ। ਆਲੋਚਨਾ ਦੇ ਇਸ ਪੜਾਅ ਵਿੱਚ ਸਾਨੂੰ ਇੱਕੋ ਵਿਚਾਰਧਾਰਕ ਆਲੋਚਕਾਂ ਦਾ ਦੋਹਰਾ ਕਿਰਦਾਰ ਦੇਖਣ ਨੂੰ ਮਿਲਦਾ ਹੈ। ਭਾਵ ਇੱਕੋ ਵਿਚਾਰਧਾਰਾ ਨਾਲ ਸੰਬੰਧਿਤ ਦੋ ਆਲੋਚਕ ਸਾਹਿਤਕ ਕਿਰਤਾਂ ਸੰਬੰਧੀ ਵਿਲੱਖਣ ਵਿਆਖਿਆ ਕਰਦੇ ਹਨ। ਸੰਤ ਸਿੰਘ ਸੇਖੋਂ(1908-1997), ਪ੍ਰੋ. ਕਿਸ਼ਨ ਸਿੰਘ (1911-1993), ਡਾ. ਅਤਰ ਸਿੰਘ(1932-1994) ਇਸ ਆਲੋਚਨਾ ਪੜਾਅ ਦੇ ਪ੍ਰਮੁੱਖ ਆਲੋਚਕ ਹਨ| ਸੰਖੇਪ ਵਿੱਚ ਪੰਜਾਬੀ ਸਾਹਿਤ ਚਿੰਤਨ ਦੇ ਇਸ ਪੜਾਅ ਉੱਪਰ ਪੰਜਾਬੀ ਚਿੰਤਨ ਇੱਕ ਨਵੇਂ ਦੌਰ ਵਿੱਚ ਪ੍ਰਵੇਸ਼ ਹੁੰਦਾ ਹੈ। ਪ੍ਰਗਤੀ ਅਤੇ ਮਾਰਕਸਵਾਦੀ ਫਲਸਫ਼ਾ ਇਸ ਪੜਾਅ ਦੇ ਚਿੰਤਨ ਵਿੱਚ ਆ ਟਿੱਕਦੇ ਹਨ। ਪੰਜਾਬੀ ਸਾਹਿਤ ਨੂੰ ਇੱਕ ਇਕਾਈ ਵਜੋਂ ਗ੍ਰਹਿਣ ਕਰਕੇ ਇਸਦੇ ਮੁਲਾਂਕਣ ਦਾ ਕਾਰਜ ਜਾਰੀ ਹੁੰਦਾ ਹੈ। ਇਹ ਦੌਰ ਪ੍ਰਗਤੀਵਾਦੀ ਆਲੋਚਨਾ ਨਾਲ ਸੰਵਾਦ ਕਰਕੇ ਪ੍ਰਯੋਗਵਾਦੀ/ਆਧੁਨਿਕਤਾਵਾਦੀ/ਨਵੀਂ ਆਲੋਚਨਾ ਆਪਣੇ ਪਹਿਚਾਣ ਚਿੰਨ੍ਹ ਸਥਾਪਿਤ ਕਰਦੀ ਅਤੇ ਸੀਮਾਵਾਂ ਨੂੰ ਸਿਰਜਦੀ ਹੈ। ਇਸ ਪੜਾਅ ਉੱਪਰ ਪਾਠਾਂ ਦੇ ਮਹੀਨ ਅਧਿਐਨ ਦੀ ਨੀਂਹ ਵੀ ਰੱਖੀ ਜਾਂਦੀ ਹੈ।
ਤੀਸਰਾ ਪੜਾਅ(1971 ਤੋਂ ਸਮਕਾਲ ਤੱਕ)
ਸੋਧੋਵੀਹਵੀਂ ਸਦੀ ਦੇ ਛੇਵੇਂ ਦਹਾਕੇ ਵਿੱਚ ਪੱਛਮੀ ਮੁਲਕਾਂ ਵਿੱਚ ਸਾਹਿਤ ਚਿੰਤਨ ਦੀਆਂ ਪਾਠਗਤ ਅਧਿਐਨ ਆਲੋਚਨਾ ਪ੍ਰਣਾਲੀਆਂ ਸ਼ੁਰੂ ਹੁੰਦੀਆਂ ਹਨ ਜਿਸ ਵਿੱਚ ਰੂਸੀ ਰੂਪਵਾਦੀ ਅਤੇ ਸੰਰਚਨਾਵਾਦੀ ਆਲੋਚਨਾ ਸ਼ੁਰੂ ਹੁੰਦੀ ਹੈ। ਵਿਸ਼ਵਵਿਆਪੀ ਸੰਕਲਪ ਕਾਰਨ ਜਲਦੀ ਹੀ ਇਹ ਆਲੋਚਨਾ ਪੰਜਾਬੀ ਸਾਹਿਤ ਚਿੰਤਨ ਵਿੱਚ ਪ੍ਰਵੇਸ਼ ਕਰਦੀ ਹੈ, ਜਿਸ ਦਾ ਮੁੱਢ ਪ੍ਰਸਿੱਧ ਪੰਜਾਬੀ ਰੂਪਵਾਦੀ ਆਲੋਚਕ ਡਾ. ਹਰਿਭਜਨ ਸਿੰਘ ਦੀ ਕਿਤਾਬ ਅਧਿਐਨ ਤੇ ਅਧਿਆਪਨ(1970) ਬੰਨਦੀ ਹੈ। ਇਸ ਆਲੋਚਨਾ ਵਿੱਚ ਨਵੇਂ ਸੰਕਲਪ ਜਿਵੇਂ ਅਜਨਬੀਕਰਨ, ਅਸਤਿਤਵ, ਲੇਖਕ ਦੀ ਮੌਤ, ਪਾਠਗਤ ਅਰਥ, ਰਚਨਾ ਦੀ ਭਾਸ਼ਾ ਸੰਬੰਧੀ ਚਿੰਤਨ, ਲੈਂਗ ਤੇ ਪੈਰੋਲ ਆਉਂਦੇ ਹਨ ਜਿਸ ਨਾਲ ਆਲੋਚਨਾ ਦਾ ਮੰਤਵ ਬਾਹਰਮੁਖੀ ਜਗਤ ਦੀ ਬਜਾਏ ਪਾਠ ਉੱਪਰ ਕੇਂਦਰਿਤ ਹੋ ਜਾਂਦਾ ਹੈ। ਰੂਸੀ ਰੂਪਵਾਦ, ਅਮਰੀਕੀ ਨਵ ਆਲੋਚਨਾ ਤੋਂ ਇਲਾਵਾ ਫਰਾਂਸੀਸੀ ਸੰਰਚਨਾਵਾਦ, ਥੀਮ ਵਿਗਿਆਨ ਅਤੇ ਸ਼ੈਲੀ ਸ਼ਾਸਤਰ ਦੇ ਕੁਝ ਸੰਕਲਪ ਇਸ ਪੜਾਅ ਦੀ ਆਲੋਚਨਾ ਵਿੱਚ ਮਿਲਦੇ ਹਨ। ਇਸ ਦੌਰ ਵਿੱਚ ਆਲੋਚਨਾ ਆਪਣੇ ਪੂਰਵ ਨਾਲ ਨਿਰੰਤਰਤਾ ਦਾ ਰਿਸ਼ਤਾ ਵੀ ਰੱਖਦੀ ਹੈ ਅਤੇ ਨਵੀਂ ਚੇਤਨਾ ਵੀ ਇਸ ਸਮੇਂ ਸਾਡੇ ਵਿਚਕਾਰ ਆਉਂਦੀ ਹੈ। ਦੂਜੇ ਪੜਾਅ ਦੀ ਮਾਰਕਸਵਾਦੀ ਆਲੋਚਨਾ, ਉਤਰ ਮਾਰਕਸਵਾਦੀ ਆਲੋਚਨਾ ਵਿੱਚ ਸੇਧ ਕੀਤੀ ਗਈ ਹੈ ਅਤੇ ਇਸ ਤਰ੍ਹਾਂ ਹੀ ਹੋਰ ਪੂਰਵ ਆਲੋਚਨਾ ਸੇਧ ਹੋ ਇਸ ਵਿੱਚ ਸ਼ਾਮਿਲ ਹੋ ਜਾਂਦੀ ਹੈ। ਡਾ. ਹਰਿਭਜਨ ਸਿੰਘ (1920-2002), ਤਰਲੋਕ ਸਿੰਘ ਕੰਵਰ(1931-1994), ਡਾ. ਗੁਰਸ਼ਰਨ ਸਿੰਘ ਅਰਸ਼ੀ, ਟੀ ਆਰ ਵਿਨੋਦ(1935), ਡਾ. ਰਵਿੰਦਰ ਸਿੰਘ ਰਵੀ, ਗੁਰਬਖ਼ਸ਼ ਸਿੰਘ ਫ਼ਰੈਂਕ(1935), ਡਾ. ਕੇਸਰ ਸਿੰਘ (1940), ਡਾ. ਜੋਗਿੰਦਰ ਸਿੰਘ ਰਾਹੀ(1937) ਇਸ ਪੜਾਅ ਦੇ ਪ੍ਰਮੁੱਖ ਆਲੋਚਕ ਹਨ|
ਇਨ੍ਹਾਂ ਤੋਂ ਬਿਨਾਂ ਇਸ ਪੜਾਅ ਵਿੱਚ ਰਘਬੀਰ ਸਿੰਘ ਸਿਰਜਣਾ, ਕਰਨਜੀਤ ਸਿੰਘ, ਡਾ. ਸੁਰਜੀਤ ਸਿੰਘ ਭੱਟੀ, ਡਾ. ਸੁਰਜੀਤ ਸਿੰਘ, ਕੁਲਬੀਰ ਸਿੰਘ ਕਾਂਗ ਮੁੱਖ ਆਲੋਚਕ ਹਨ। ਇਸ ਆਲੋਚਨਾ ਪ੍ਰਣਾਲੀ ਨੂੰ ਇਕਹਰੀ ਬਣਤਰ ਵਿੱਚ ਬੰਨਣਾ ਕਾਫੀ ਮੁਸ਼ਕਿਲ ਕਾਰਜ ਹੈ। ਇਸ ਦੌਰ ਦੀ ਆਲੋਚਨਾ ਵਿਸ਼ਵ ਪੱਧਰ ਉੱਪਰ ਉਤਪੰਨ ਹੋ ਰਹੀਆਂ ਨਵੀਆਂ ਸਾਹਿਤਕ ਚਿੰਤਨ ਪ੍ਰਣਾਲੀਆਂ ਨੂੰ ਅਪਣਾਉਂਦੀ ਹੈ ਅਤੇ ਪੂਰਣ ਆਲੋਚਨਾ ਦੀ ਨਿਖੇਧ ਕਰਕੇ ਅੱਗੇ ਸੁਧਾਰ ਕਰਦੀ ਹੈ।
ਪੰਜਾਬੀ ਆਲੋਚਨਾ ਦੀਆਂ ਪ੍ਰਾਪਤੀਆਂ
ਸੋਧੋ- ਪੰਜਾਬੀ ਸਾਹਿਤ ਆਲੋਚਨਾ ਦੀ ਪਹਿਲੀ ਪ੍ਰਾਪਤੀ ਇਸ ਵਿੱਚ ਤੱਥ ਦੇਖੀ ਜਾ ਸਕਦੀ ਹੈ। ਕਿ ਇਸ ਕੋਲ ਨਿਰੋਲ ਪੰਜਾਬੀ ਕਾਵਿ-ਸ਼ਾਸ਼ਤਰ ਦੀ ਕਿਸੇ ਪ੍ਰੰਪਰਾ ਦੇ ਨਾ ਹੋਣ ਦੇ ਬਾਵਜੂਦ ਇਸਨੇ ਭਾਰਤੀ ਕਾਵਿ-ਸ਼ਾਸ਼ਤਰ ਅਤੇ ਪੱਛਮੀ ਕਾਵਿ-ਸ਼ਾਸ਼ਤਰ ਤੋਂ ਸਿਧਾਂਤਕ ਸੇਧ ਪ੍ਰਾਪਤ ਕਰਦਿਆਂ, ਅੱਜ ਪੰਜਾਬੀ ਸਾਹਿਤ ਦੇ ਆਪਣੇ ਕਾਵਿ-ਸ਼ਾਸ਼ਤਰ ਦੀ ਉਸਾਰੀ ਦੀ ਚੇਤਨਾਂ ਨੂੰ ਨਾ ਕੇਵਲ ਪ੍ਰਚੰਡ ਕੀਤਾ ਹੈ ਸਗੋਂ ਪੰਜਾਬੀ ਦੇ ਮੱਧ ਕਾਲੀਨ ਸਾਹਿਤ ਦੀਆਂ ਪ੍ਰਮੁੱਖ ਕਾਵਿ-ਧਾਰਾਵਾਂ (ਸੂਫ਼ੀ-ਕਾਵਿ, ਗੁਰਬਾਣੀ, ਕਿੱਸਾ-ਕਾਵਿ ਅਤੇ ਬੀਰ-ਕਾਵਿ) ਦੇ ਕਾਵਿ ਸ਼ਾਸ਼ਤਰ ਦੀ ਉਸਾਰੀ ਵਿੱਚ ਆਪਣਾ ਮੌਲਿਕ ਕਾਵਿ-ਸ਼ਾਸ਼ਤਰ ਉਸਾਰਨ ਹਿਤ ਕਾਫ਼ੀ ਵਿਲੱਖਣ ਮੌਲਿਕ ਅਤੇ ਮੁੱਲਵਾਨ ਪ੍ਰਾਪਤੀਆਂ ਕੀਤੀਆਂ ਹਨ। ਇਸੇ ਤਰ੍ਹਾਂ ਆਧੂਨਿਕ ਕਾਲ ਦੇ ਸਾਹਿਤ ਰੂਪਾਂ ਜਿਵੇਂ ਆਧੁਨਿਕ ਕਵਿਤਾ, ਵਾਰਤਕ, ਨਾਵਲ, ਨਾਟਕ, ਨਿੱਕੀ ਕਹਾਣੀ, ਆਦਿ ਸਾਹਿਤ ਰੂਪਾਂ ਦੇ ਪੰਜਾਬੀ ਕਾਵਿ-ਸ਼ਾਸ਼ਤਰ ਦੀ ਉਸਾਰੀ ਵਿੱਚ ਕਾਫ਼ੀ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਇੱਕ ਸਦੀ ਦੇ ਵਕਫ਼ੇ ਵਿੱਚ ਨਿਰੋਲ ਪੰਜਾਬੀ ਕਾਵਿ-ਸ਼ਾਸ਼ਾਤਰੀ ਸੰਕਲਪਾਂ, ਆਲੋਚਨਾ ਸਿਧਾਂਤਾਂ ਅਤੇ ਸੰਦਾ ਦੀ ਅਣਹੋਂਦ ਦੇ ਬਾਵਜੂਦ ਭਾਰਤੀ ਅਤੇ ਪੱਛਮੀ ਚਿੰਤਨ ਤੋਂ ਅਗਵਾਹੀ ਲੈਂਦਿਆਂ ਮੁੱਢੋਂ-ਮੁੱਢ ਆਪਣੇ ਸਾਹਿਤ ਦੇ ਇੱਕ ਹਜ਼ਾਰ ਸਾਲ ਵਿੱਚ ਫ਼ੈਲੇ ਸਾਹਿਤ ਦੇ ਵੱਖ-ਵੱਖ ਰੂਪਾਂ ਧਾਰਵਾਂ ਅਤੇ ਕਾਲਾਂ ਦਾ ਜਿਸ ਗੰਭੀਰਤਾ, ਮੌਲਿਕਤਾ, ਵਿਸ਼ਾਲਤਾ ਨਾਲ ਕਾਵਿ-ਸ਼ਾਸ਼ਤਰੀ ਅਧਿਐਨ ਕੀਤਾ ਗਿਆ ਹੈ, ਸਾਡੀ ਨਜ਼ਰ ਵਿੱਚ ਇਹ ਪੰਜਾਬੀ ਅਤਲੋਚਨਾ ਦੀ ਪੰਜਾਬੀ ਕਾਵਿ-ਸ਼ਾਸ਼ਤਰ ਦੀ ਉਸਾਰੀ ਦੇ ਖੇਤਰ ਵਿੱਚ ਮੁੱਲਵਾਨ ਇਤਿਹਾਸਕ ਪ੍ਰਾਪਤੀ ਹੈ।
- ਪੰਜਾਬੀ ਆਲੋਚਨਾ ਦੀ ਦੂਸਰੀ ਪ੍ਰਾਪਤੀ ਇਸ ਵੱਲੋਂ ਸਾਹਿਤ ਸਿਧਾਂਤ ਦੀ ਸਥਪਤੀ ਦੇ ਖੇਤਰ ਵਿੱਚ ਦੇਖੀ ਜਾ ਸਕਦੀ ਹੈ। ਜਿੱਥੇ 1970 ਤੀਕ ਪੰਜਾਬੀ ਆਲੋਚਨਾ ਸਾਹਿਤ ਨੂੰ ਨਿਰੋਲ ਸਮਾਜਿਕ ਯਥਾਰਥ ਦੇ ਅਨੁਕਰਣ ਨੂੰ ਆਧਾਂਰ ਬਣਾਉਂਦਿਆਂ ਸਾਹਿਤ ਵਿੱਚਪੇਸ਼ ਯਥਾਰਥ ਅਤੇ ਸਮਾਜਿਕ ਪ੍ਰਗਤੀ ਨੂੰ ਸਾਹਿਤ ਰਚਨਾ ਦੇ ਵਿਸ਼ਲੇਸ਼ਣ ਅਤੇ ਮੁਲਾਂਕਣ ਦਾ ਆਧਾਰ ਬਣਾਉਂਦੀ ਸੀ, ਉਥੇ 1970 ਤੋਂ ਬਾਅਦ ਸਾਹਿਤ ਅਤੇ ਸਮਾਜ ਦੇ ਵਖਰੇਵੇਂ ਉਪਰ ਵਧੇਰੇ ਜ਼ੋਰ ਦਿੰਦਿਆਂ ਸਾਹਿਤ ਦੀ ਖ਼ੁਦਮੁਖ਼ਤਰ ਹੋਂਦ ਨੂੰ ਸਥਾਪਿਤ ਕਰਨ ਦੇ ਸਿਧਾਂਤਕ ਯਤਨਾ ਨਾਲ ਸਾਹਿਤ ਦੀ ਸਾਹਿਤ ਦੀ ਸਾਹਿਤਕਤਾ ਦੀ ਪਛਾਣ ਨੂੰ ਕੇਂਦਰੀ ਮਹੱਤਵ ਪ੍ਰਵਾਣ ਕਰਦਿਆਂ, ਪੱਛਮੀ ਚਿੰਤਨ ਦੀਆਂ ਨਵੀਨਤਮ ਅੰਤਰ ਦਿਰਸ਼ਟੀਆਂ ਅਤੇ ਭਾਸ਼ਾ-ਵਿਗਿਆਨਕ ਮਾਡਲਾਂ ਵਿੱਚ ਨਵੀਆਂ ਵਿਧੀਆਂ ਰਾਹੀਂ ਸਾਹਿਤ ਸਿਧਾਂਤ, ਸਾਹਿਤ ਇਤਿਹਾਸ, ਸਾਹਿਤ ਸਮਾਜ, ਸਾਹਿਤ ਦਰਸ਼ਨ ਅਤੇ ਨਿਰੋਲ ਸਾਹਿਤ ਸੋਹਜ ਦੇ ਆਪਸੀ ਸਬੰਧਾਂ ਅਤੇ ਵਖ਼ਰੇਵਿਆਂ ਰਾਹੀਂ ਸੰਤ ਸਿੰਘ ਸੇਖੋਂ ਵੱਲੋ ਸਥਾਪਿਤ ਸਿਧਾਂਥ ਚਿੰਤਨੀ ਜਾਂ ਸਾਹਿਤ ਸਿਧਾਂਤ ਦੀ ਚੇਤਨਾਂ ਨੂੰ ਵਧੇਰੇ ਠੋਸ ਰੂਪ ਵਿੱਚ ਅਤੇ ਨਿਖੇੜਾ ਮੂਲਕ ਵਿਧੀ ਨਾਲ ਘੋਖਿਆ ਅਤੇ ਸਥਾਪਿਤ ਕੀਤਾ ਗਿਆ। ਇਸ ਨਾਲ ਪਹਿਲੀ ਵਾਰ ਸਾਹਿਤ ਅਤੇ ਸਮਾਜ ਦੀ ਰਲਗੱਡਤਾ ਦਾ ਨਿਖੇੜਾ ਕਰਦਿਆਂ ਪਹਿਲੀ ਵਾਰ ਸਾਹਿਤਕਤਾ ਦਾ ਵਿਸ਼ੇਸ਼ ਗਿਆਨ ਹਾਸਲ ਕਰਦਿਆਂ ਸਾਹਿਤ ਸਿਧਾਂਤ ਦੇ ਖੇਤਰ ਵਿੱਚ ਨਵੀਆਂ ਦਿਸ਼ਾਵਾਂ ਅਤੇ ਮੁੱਦਿਆਂ ਨੂੰ ਵਿਚਾਰ ਅਧੀਨ ਲਿਆਂਦਾ ਗਿਆ।
- ਇਸ ਦੀ ਤੀਜੀ ਪ੍ਰਾਪਤੀ ਪੰਜਾਬੀ ਸਾਹਿਤ ਦੇ ਭਿੰਨ- ਭਿੰਨ ਸਾਹਿਤ ਕਾਲਾਂ ਵਿੱਚ ਹੋਂਦ ਵਿੱਚ ਆਈਆਂ ਭਿੰਨ-ਭਿੰਨ ਵਿਧਾਵਾ ਨੂੰ ਨਿਰੋਲ ਸਾਹਿਤ ਦੇ ਸਾਂਝੇ ਸੰਕਲਪ ਅਧੀਨ ਵਿਚਾਰਣ ਦੀ ਥਾਂ, ਇਨ੍ਹਾਂ ਵਿਧਾਵਾਂ ਦੀ ਆਪਸੀ ਸਾਂਝ ਅਤੇ ਵਖਰੇਵੇਂ ਨੂੰ ਨਿਰਧਾਰਿਤ ਕੀਤਾ ਗਿਆ ਹੈ। ਨਤੀਜੇ ਵਜੋਂ ਵਿਧਾਗਤ ਆਲੋਚਨਾਂ ਦੇ ਖੇਤਰ ਵਿੱਚ ਮੱਧਕਾਲੀਨ ਅਤੇ ਆਧੁਨਿਕ ਸਾਹਿਤ ਰੂਪਾਂ ਦੀ ਵਿਧਾਗਤ ਆਲੋਚਨਾ ਨੇ ਬਹੁਤ ਵਿਕਾਸ ਕੀਤਾ। ਅੱਜ ਵਿਧਾਗਤ ਆਲੋਚਨਾ ਦੇ ਖੇਤਰ ਵਿੱਚ ਪੰਜਾਬੀ ਦੀਆਂ ਸਮੁੱਚੀਆਂ ਸਾਹਿਤ ਵਿਧਾਵਾਂ ਦੇ ਅਧਿਐਨ ਵਿੱਚ ਜ਼ਿਕਰਯੋਗ ਪ੍ਰਗਤੀ ਹੋਈ ਹੈ। ਇਹ ਵਿਕਾਸ ਗਿਣਾਤਮਿਕ ਅਤੇ ਗੁਣਾਤਮਿਕ ਦੋਹਾਂ ਪੱਖਾਂ ਤੋਂ ਸੰਤੁਸ਼ਟੀ ਜਨਕ ਹੈ। ਪੰਜਾਬੀ ਦੀ ਆਧੁਨਿਕ ਗਲਪ ਆਲੋਚਨਾ ਦੇ ਨਾਲ-ਨਾਲ ਪੰਜਾਬੀ ਦੀ ਆਧੁਨਿਕ ਕਵਿਤਾ, ਨਾਟਕ ਅਤੇ ਹੋਰ ਵਿਧਾਵਾਂ ਦੇ ਖੇਤਰ ਵਿੱਚ ਵਿਧਾਗਤ ਆਲੋਚਨਾ ਨੇ ਬਿਲਕੁਲ ਮੁੱਢੋਂ-ਮੁੱਢੋਂ ਆਰੰਭ ਕਰਕੇ ਆਪਣੀ ਵਿਧਾਗਤ ਆਲੋਚਨਾ ਨੂੰ ਸੰਸਾਰ ਪੱਧਰ ਦੀ ਆਲੋਚਨਾ ਖੇਤਰ ਵਿੱਚ ਹੋ ਰਹੇ ਸਿਧਾਂਤਕ ਕੰਮ ਤੋਂ ਅੰਤਰ ਦ੍ਰਿਸ਼ਟੀਆਂ ਲੈ ਕੇ ਪੰਜਾਬੀ ਦੀ ਵਿਧਾਗਤ ਆਲੋਚਨਾ ਨੂੰ ਕਾਫੀ ਸਮਰਿਧ ਅਤੇ ਸਮਰੱਥ ਕਰਨ ਦੇ ਨਵੇਂ-ਨਵੇਂ ਉਪਰਾਲੇ ਦ੍ਰਿਸ਼ਟੀਗੋਚਰ ਕੀਤੇ ਹਨ।
- ਸਾਡੀ ਆਲੋਚਨਾ ਦੀ ਚੌਥੀ ਅਤੇ ਅਹਮ ਪ੍ਰਾਪਤੀ ਇਸ ਤੱਥ ਵਿੱਚ ਵੇਖੀ ਜਾ ਸਕਦੀ ਹੈ ਕਿ ਇਸਨੇ ਸਾਹਿਤ ਅਤੇ ਵਿਚਾਰਧਾਰਾ ਦੇ ਮਸਲੇ ਨੂੰ ਜਿਸ ਮਕਾਨਕੀ ਅਤੇ ਸਿੱਧੜ ਪਦਾਰਥਵਾਦੀ ਦ੍ਰਿਸ਼ਟੀ ਤੋਂ ਇਸ ਦਾ ਅਧਿਐਨ ਆਰੰਭ ਕੀਤਾ ਸੀ ਅੱਜ ਇਸ ਜਟਿਲ ਵਰਤਾਰੇ ਦੀ ਸਾਗਿਤ ਲਈ ਗੰਭੀਰਤਾ ਅਤੇ ਸਾਰਥਕਤਾ ਨੂੰ ਪ੍ਰਵਾਨ ਕਰਦਿਆਂ ਸਾਹਿਤ ਆਲੋਚਨਾ ਦੇ ਖੇਤਰ ਵਿੱਚ ਹੋ ਰਹੇ ਸੰਸਾਰ ਪੱਧਰ ਦੇ ਸਾਹਿਤ ਚਿੰਤਨ ਨੂੰ ਆਤਮਸ਼ਾਤ ਕਰਦਿਆਂ ਇਸ ਮਸਲੇ ਵਿੱਚ ਪੇਸ਼ ਸਮੱਸਿਆਵਾਂ, ਜਟਿਲਤਾਵਾਂ ਅਤੇ ਬਾਰੀਕੀਆਂ ਨੂੰ ਵਧੇਰੇ ਧਿਆਨਪੂਰਵਕ ਗ੍ਰਿਹਣ ਕਰਦਿਆਂ ਇਸ ਮਸਲੇ ਸਬੰਧੀ ਨਵੇਂ ਸਿਧਾਂਤਾਂ ਅਤੇ ਵਿਹਾਰਕ ਪੱਧਰ ਉੱਪਰ ਨਵੀਆਂ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ।
- ਪੰਜਾਬੀ ਆਲੋਚਨਾ ਦੀ ਪੰਜਵੀ ਪ੍ਰਾਪਤੀ ਭਾਰਤੀ ਅਤੇ ਪੱਛਮੀ ਕਾਵਿ-ਸ਼ਾਸ਼ਤਰ ਅਤੇ ਸਾਹਿਤ-ਸਿਧਾਂਤ ਦੇ ਖੇਤਰ ਵਿੱਚੋਂ ਪ੍ਰਾਪਤ ਹੋਣ ਵਾਲੀਆਂ ਨਵੀਨਤਮ ਅਧਿਐਨ ਪ੍ਰਣਾਲੀਆਂ ਤੋਂ ਅੰਤਰ ਦ੍ਰਿਸ਼ਟੀਆਂ ਪ੍ਰਾਪਤ ਕਰਦਿਆਂ ਪੰਜਾਬੀ ਸਾਹਿਤ ਨੂੰ ਸੰਸਾਰ ਪੱਧਰ ਦੀਆਂ ਆਲੋਚਨਾ ਪ੍ਰਣਾਲੀਆਂ ਦੇ ਪ੍ਰਸੰਗ ਵਿੱਚ ਇਸ ਦੀ ਵਿਆਖਿਆ ਕਰਨ ਦੇ ਲਈ ਆਲੋਚਕਾਂ ਵੱਲੋਂ ਕੀਤੇ ਗਏ ਵੱਖ-ਵੱਖ ਯਤਨ, ਪੰਜਾਬੀ ਆਲੋਚਨਾ ਦੇ ਘੇਰੇ ਨੂੰ ਵਿਸ਼ਾਲ ਕਰਨ ਵਿੱਚ ਬਹੁਤ ਹੀ ਮਹੱਤਵਪੂਰਨ ਅਤੇ ਮੁੱਲਵਾਨ ਸਿੱਧ ਹੋਇ ਹਨ। ਅੱਜ ਪੰਜਾਬੀ ਵਿੱਚ ਸੰਸਾਰ ਪੱਧਰ ਉੱਪਰ ਸਿਧਾਂਤ ਚਿੰਤਨ ਦੇ ਖੇਤਰ ਵਿੱਚ ਕਿਸੇ ਵੀ ਸਥਾਂਪਿਤ ਪ੍ਰਣਾਲੀ ਨੂੰ ਆਧਾਰ ਬਣਾ ਕੇ ਸਾਹਿਤ ਰੂਪਾਂ – ਪ੍ਰਵਿਰਤੀਆਂ ਅਤੇ ਧਾਰਾਵਾਂ ਦਿ ਵਿਸ਼ਲੇਸ਼ਣ ਕੀਤੇ ਜਾਣ ਦੇ ਗੰਭੀਰ ਯਤਨ ਸਾਡੀ ਆਲੋਚਨਾ –ਪਰੰਪਰਾ ਨੂੰ ਵਿਸ਼ਾਲ ਕਰਨ ਵਿੱਚ ਅਹਿਮ ਯੋਗਦਾਨ ਦੇ ਰਹੇ ਹਨ। ਇਸ ਸਬੰਧ ਵਿੱਚ ਪੱਛਮੀ ਚਿੰਤਨ ਵਿੱਚ W.H.Hudson, Freud, Marx, Locan Derrida, Jameson, Terry Egleton, Julia Kristeva ਆਦਿ ਦੇ ਦਰਸ਼ਨ ਅਤੇ ਸਾਹਿਤ-ਸਿਧਾਂਤ ਦੇ ਖੇਤਰ ਵਿੱਚ ਦਿੱਤੇ ਯੋਗਦਾਨ ਨੂੰ ਆਤਮਸਾਤ ਕਰਦਿਆਂ, ਪੰਜਾਬੀ ਦੇ ਸਾਹਿਤ-ਆਲੋਚਕਾਂ ਨੇ, ਰੂਪਵਾਦੀ, ਸੰਰਚਨਾਵਾਦੀ, ਮਾਰਕਸਵਾਦੀ, ਭਾਸ਼ਾ ਵਿਗਿਆਨਿਕ, ਸਮਾਜ-ਵਿਗਿਆਨਕ, ਮਨੋਵਿਸ਼ਲੇਸ਼ਣਵਾਦੀ, ਮਿੱਥ ਵਿਗਿਆਨਕ, ਮਾਨਵ-ਵਿਗਿਆਨਕ, ਬਸਤੀਵਾਦੀ, ਨਾਰੀਵਾਦੀ, ਉੱਤਰ ਸੰਰਚਨਾਵਾਦੀ, ਉੱਤਰ ਆਧੁਨਿਕਤਾਵਾਦੀ, ਵਿਰਚਨਾਵਾਦੀ ਅਤੇ ਉੱਤਰ ਬਸਤੀਵਾਦੀ ਵਰਗੀਆਂ ਪ੍ਰਣਾਲੀਆਂ ਅਤੇ ਅੰਤਰ ਦ੍ਰਿਸ਼ਟੀਆਂ ਨੂੰ ਆਧਾਰ ਬਣਾਉਂਦੀਆਂ ਪੰਜਾਬੀ ਵਿੱਚ ਸਾਹਿਤ-ਆਲੋਚਨਾ ਦੇ ਘੇਰੇ ਨੂੰ ਵਿਸ਼ਾਲਤਾ ਅਤੇ ਡੂੰਘਾਈ ਦੋਵੇਂ ਪ੍ਰਦਾਨ ਕੀਤੀਆਂ ਹਨ। ਭਾਵੇਂ ਪ੍ਰਮੁੱਖ ਰੂਪ ਵਿੱਚ ਪੰਜਾਬੀ ਆਲੋਚਨਾ ਖੇਤਰ ਵਿੱਚ ਸੰਵਾਦ ਮਾਰਕਸਵਾਦੀ। ਪ੍ਰਗਤੀਵਾਦੀ ਆਲੋਚਨਾ ਅਤੇ ਰੂਪਵਾਦੀ/ਸੰਰਚਨਾਵਾਦੀ ਆਲੋਚਨਾ ਵਿਚਕਾਰ ਹੀ ਰਿਹਾ ਹੈ ਪਰੰਤੂ ਸੁਖਾਵੀਂ ਅਤੇ ਤਸੱਲੀਬਖਸ਼ ਪ੍ਰਾਪਤੀ ਇਹ ਹੈ ਕਿ ਹੁਣ ਦੋਵੇਂ ਧਿਰਾਂ ਇੱਕ ਦੂਜੇ ਨੂੰ ਤ੍ਰਿਸਕਾਰਨ ਅਤੇ ਫਿਟਕਾਰਨ ਦੀ ਥਾਂ ਇੱਕ ਦੂਜੇ ਦੀਆਂ ਪ੍ਰਾਪਤੀਆਂ ਅਤੇ ਸੀਮਾਵਾਂ ਦੀ ਤਰਕਸ਼ੀਲ ਅਤੇ ਬਾਹਰਮੁਖੀ ਢੰਗ ਨਾਲ ਪਛਾਣ ਕਰਨ ਅਤੇ ਚੰਗੇ ਵਿਚਾਰਾਂ ਨੂੰ ਅਪਣਾਉਣ ਦੇ ਰਾਹ ਵੀ ਪੈ ਗਈਆਂ ਹਨ।
- ਪੰਜਾਬੀ ਆਲੋਚਨਾ ਦੀ ਛੇਵੀਂ ਪ੍ਰਾਪਤੀ ਅੰਤਰੰਗ ਅਤੇ ਬਹਿਰੰਗ ਦੋਹਾਂ ਵਿਧੀਆਂ ਵਿੱਚ ਪੇਸ਼ ਅਤਿਤਾਈਆਂ ਦਾ ਆਲੋਚਨਾਤਮਿਕ ਅਤੇ ਸਿਰਜਣਾਤਮਿਕ ਸੰਯੋਗ ਕਰਦਿਆਂ ਅੱਜ ਕੱਲ੍ਹ ਤਕਰੀਬਨ ਸਾਰੇ ਆਲੋਚਕ ਪਾਠ ਅਤੇ ਪ੍ਰਸੰਗ ਦੋਹਾਂ ਦੀ ਬਰਾਬਰ ਦੀ ਸਮਝ, ਅੰਤਰਕ੍ਰਿਆ, ਮਹੱਤਵ ਅਤੇ ਦੋਹਾਂ ਦੇ ਦਵੰਦਾਤਮਿਕ ਸੰਬੰਧ ਨੂੰ ਸਵੀਕਾਰਨ ਲੱਗ ਪਏ ਹਨ। ਇਹ ਸਿਰਜਣਾਤਮਿਕ ਅਤੇ ਹਾਂ-ਪੱਖੀ ਰਵੱਈਆ ਹਰਿਭਜਨ ਸਿੰਘ ਦੇ ਉਸ ਉਲਾਂਭੇ ਨੇ ਵੀ ਸਾਂਤ ਕਰ ਦਿੰਦਾ ਹੈ ਜਿਸ ਵਿੱਚ ਉਨ੍ਹਾਂ ਸਾਡੀ ਨਿੰਦਿਆ ਅਤੇ ਪ੍ਰਸੰਸਾਂ ਦੋਹਾਂ ਉੱਪਰ ‘ਕਠੋਰ’ ਹੋਣ ਦਾ ਗਿਲ੍ਹਾ ਕੀਤਾ ਸੀ। ਦੋਹਾਂ ਵਿਧੀਆਂ ਦੇ ਸਮਰਥਕ ਇੱਕ ਦੂਸਰੇ ਦੇ ਦ੍ਰਿਸ਼ਟੀਕੋਣ ਦਾ ਨਿਰਾਧਾਰ ਵਿਰੋਧ ਕਰਨ ਦੀ ਥਾਂ ਕਿਸੇ ਸਾਹਿਤ-ਰਚਨਾ ਦਾ ਵਿਸ਼ਲੇਸ਼ਣ ਵਿਆਖਿਆ ਅਤੇ ਮੁਲਾਂਕਣ, ਦੋਹਾਂ ਵਿਧੀਆਂ ਦੇ ਸਮਨਵੈ ਰਾਹੀਂ ਕਰਨ ਦੇ ਲਈ ਯਤਨਸ਼ੀਲ ਹੋਏ ਹਨ।
ਸਾਹਿਤ-ਸਿਧਾਂਤ, ਸਾਹਿਤ-ਇਤਿਹਾਸ, ਸਾਹਿਤ-ਮੁੱਲ, ਸਾਹਿਤ-ਵਿਗਿਆਨ ਆਦਿ ਦੇ ਵਿੱਚ ਪ੍ਰਚਲਿੱਤ ਰਲਗੱਡਤਾ ਨੂੰ ਗੰਭੀਰਤਾ ਨਾਲ ਮਹਿਸੂਸ ਕਰਦਿਆਂ ਪੰਜਾਬੀ ਆਲੋਚਕ ਇਨ੍ਹਾਂ ਦੀ ਵਿਲੱਖਣਤਾ ਅਤੇ ਨਿਖੇੜੇ ਵਲੋਂ ਵਧੇਰੇ ਸੁਚੇਤ ਹੋਏ ਹਨ ਅਤੇ ਸਾਹਿਤ-ਆਲੋਚਨਾ ਨੂੰ ਇੱਕ ਸੁਤੰਤਰ ਗਿਆਨ-ਅਨੁਸ਼ਾਸਨ ਵਜੋਂ ਸਥਾਪਿਤ ਕਰਨ ਅਤੇ ਇਸ ਨੂੰ ਵਿਸਤਾਰਨ ਵਿੱਚ ਸ਼ਲਾਘਾਯੋਗ ਵਿਕਾਸ ਕੀਤਾ ਹੈ। ਅੱਜ ਆਲੋਚਨਾ ਸਾਹਿਤ ਸਿਰਜਣਾ ਦੇ ਬਰਾਬਰ ਦਾ ਰੁਤਬਾ ਰੱਖਦੀ ਹੈ।
- ਪੰਜਾਬੀ ਆਲੋਚਨਾ ਦੀ ਅਗਲੀ ਪ੍ਰਾਪਤੀ ਇਸਦੇ ਇੱਕ ਸੁਤੰਤਰ ਅਤੇ ਵਿਸ਼ੇਸ਼ਕ੍ਰਿਤ ਗਿਆਨ ਹੋਣ ਦੇ ਨਾਲ-ਨਾਲ ਇਸ ਦੀ ਪਹੁੰਚ ਦੇ ਅੰਤਰ-ਅਨੁਸ਼ਾਸਨੀ ਹੋਣ ਵਿੱਚ ਨਿਹਤ ਹੈ। ਪੰਜਾਬੀ ਦੇ ਸਮਕਾਲੀ ਆਲੋਚਨਾ ਖੇਤਰ ਵਿੱਚ ਸਥਾਪਿਤ ਵਿਦਵਾਨਾਂ ਵਿੱਚੋਂ ਸ਼ਾਇਦ ਇੱਕ ਵੀ ਵਿਦਵਾਨ ਅਜਿਹਾ ਨਾ ਹੋਵੇ ਜਿਸ ਨੂੰ ਸਾਹਿਤ ਦੇ ਸਿਧਾਂਤਾਂ ਦੇ ਨਾਲ-ਨਾਲ ਸੱਭਿਆਚਾਰ, ਲੋਕਧਾਰਾ, ਮਾਨਵ-ਵਿਗਿਆਨ, ਸੁਹਜ-ਸ਼ਾਸਤਰ, ਦਰਸ਼ਨ, ਰਾਜਨੀਤੀ, ਇਤਿਹਾਸ ਅਤੇ ਸੰਸਾਰ ਪੱਧਰ ਉੱਪਰ ਫੈਲੇ ਵਿਗਿਆਨ ਅਤੇ ਟੈਕਲਾਲੋਜੀ ਦੇ ਖੇਤਰ ਵਿੱਚ ਹੋ ਰਹੇ ਨਵੇਂ ਤਜ਼ਰਬਿਆਂ ਅਤੇ ਨਵੀਆਂ ਪ੍ਰਾਪਤੀਆਂ ਦਾ ਭਰੋਸੇਯੋਗ ਗਿਆਨ ਨਾ ਹੋਵੇ। ਇਸ ਤਰ੍ਹਾਂ ਦੀ ਅੰਤਰ-ਅਨੁਸ਼ਾਸਨੀ ਪਹੁੰਚ ਨੇ ਜਿੱਥੇ ਸਾਹਿਤ ਆਲੋਚਨਾ ਦੇ ਘੇਰੇ ਅਤੇ ਅਧਿਐਨ ਖੇਤਰ ਨੂੰ ਵਿਸ਼ਾਲ ਕੀਤਾ ਹੈ। ਉੱਥੇ ਨਾਲ ਹੀ ਇੱਕ ਤੋਂ ਵੱਧ ਅਨੁਸ਼ਾਸਨਾ ਦੀ ਸਹਾਇਤਾ ਨਾਲ ਸਾਹਿਤ ਆਲੋਚਨਾ ਨੂੰ ਜੋੜ ਕੇ ਇਸ ਦੀ ਪ੍ਰਮਾਣਕਿਤਾ ਅਤੇ ਸਮਾਜ ਪ੍ਰਤੀ ਸਾਰਥਕਤਾ ਨੂੰ ਨਵਾਂ ਪਰਿਪੇਖ ਪ੍ਰਦਾਨ ਕੀਤਾ ਹੈ। ਵਿਸ਼ਵੀਕਰਣ, ਉਦਾਰੀਕਰਣ ਅਤੇ ਨਿੱਜੀਕਰਣ ਦੇ ਵਿਸ਼ਵਵਿਆਪੀ ਵਰਤਾਰਿਆਂ ਕਾਰਨ ਹੁਣ ਨਿਰੋਲ ਪੰਜਾਬੀ ਸਾਹਿਤ, ਭਾਸ਼ਾ, ਸੱਭਿਆਚਾਰ ਅਤੇ ਸਾਹਿਤ-ਆਲੋਚਨਾ ਦੇ ਸੀਮਿਤ ਦਾਇਰੇ ਵਿੱਚ ਘਿਰੇ ਰਹਿਣਾ ਸਮੇਂ ਦੇ ਸੰਸਾਰ ਪੱਧਰ ਦੇ ਵਿਕਾਸ ਨੇ ਸੰਭਵ ਹੀ ਨਹੀਂ ਰਹਿਣ ਦਿੱਤਾ।
- ਪੰਜਾਬੀ ਆਲੋਚਨਾ ਦੀ ਅੱਠਵੀਂ ਪ੍ਰਾਪਤੀ ਇਸ ਤੱਥ ਵਿੱਚ ਵੇਖੀ ਜਾ ਸਕਦੀ ਹੈ ਕਿ ਇਹ ਨਿਰੋਲ ਅੰਤਰਮੁਖੀ, ਪ੍ਰਭਾਵਵਾਦੀ ਅਤੇ ਰੁਮਾਂਸਵਾਦੀ ਰੁਝਾਨਾਂ ਤੋਂ ਆਰੰਭ ਹੋ ਕੇ ਸਾਹਿਤ-ਰਚਨਾਵਾਂ ਦੇ ਮੁੱਲਾਂਕਣ ਲਈ ਬਾਹਰਮੁਖੀ ਅਤੇ ਵਿਗਿਆਨਕ ਪ੍ਰਤਿਮਾਨ ਸਿਰਜਣ ਅਤੇ ਸਥਾਪਿਤ ਕਰਨ ਵਿੱਚ ਕਾਫ਼ੀ ਪ੍ਰਗਤੀ ਕਰ ਚੁੱਕੀ ਹੈ। ਇਸ ਵਿੱਚ ‘ਕਲਾ ਕਲਾ ਲਈ’ ਦੇ ਸਿਧਾਂਤ ਦੇ ਨਾਲ-ਨਾਲ ‘ਕਲਾ ਸਮਾਜ ਲਈ’ ਦਾ ਵਾਦ-ਵਿਵਾਦ ਵੀ ਇਸ ਜਟਿਲ ਮੁੱਦੇ ਨੂੰ ਵਿਗਿਆਨਿਕ ਢੰਗ ਨਾਲ ਹੱਲ ਕੀਤੇ ਜਾਣ ਦੇ ਰਾਹ ਪਿਆ ਹੈ। ਇਹ ਇਸੇ ਪ੍ਰਸੰਗ ਵਿੱਚ ਹੀ ਹੈ ਕਿ ਦਸਵੇਂ ਦਹਾਕੇ ਵਿੱਚ ਦੋਹਾਂ ਧਿਰਾਂ ਦੇ ਵਾਦ ਅਤੇ ਪ੍ਰਤਿਵਾਦ ਦਾ ਅਤਿਕਰਸਣ ਕਰਦਿਆਂ ਇਨ੍ਹਾਂ ਦੇ ਸੰਬਾਦ ਅਤੇ ਸਮਨਵੈ ਲਈ ਵੀ ਕੁਝ ਚਿੰਤਕਾਂ ਨੇ ਗੰਭੀਰ ਯਤਨ ਕੀਤੇ ਹਨ। ਇਉਂ ਬਾਹਰਮੁਖੀ ਅਤੇ ਵਿਗਿਆਨਕ ਢੰਗ ਨਾਲ ਸਨਾਤਨੀ ਮਾਰਕਸਵਾਦ ਅਤੇ ਪੇਤਲੇ ਰੂਸੀ ਰੂਪਵਾਦ/ਸੰਰਚਨਾਵਾਦ, ਦੋਹਾਂ ਦਾ ਆਲੋਚਨਾਤਮਿਕ ਨਿਖੇਧ ਕਰਦਿਆਂ ਇੱਕ ਨਵੀਂ ਵਿਧੀ ਦੀ ਤਲਾਸ਼ ਆਰੰਭ ਕੀਤੀ ਹੈ।
- ਪੰਜਾਬੀ ਆਲੋਚਨਾ ਦੀ ਨੌਵੀਂ ਪ੍ਰਾਪਤੀ ਅਤੇ ਨਵੀਨ ਪ੍ਰਾਪਤੀ ਇਸਦਾ ਪਰਾ-ਆਲੋਚਨਾ ਦੇ ਖੇਤਰ ਵਿੱਚ ਪ੍ਰਵੇਸ਼ ਹੈ। ਇਸ ਪ੍ਰਸੰਗ ਵਿੱਚ ਸਾਡੇ ਪ੍ਰਮੁੱਖ ਸਾਹਿਤ ਆਲੋਚਕਾਂ ਜਿਵੇਂ ਸੰਤ ਸਿੰਘ ਸੇਖੋਂ, ਕਿਸ਼ਨ ਸਿੰਘ, ਨਜਮ ਹੁਸੈਨ ਸੱਯਦ, ਅਤਰ ਸਿੰਘ, ਹਰਿਭਜਨ ਸਿੰਘ, ਰਵਿੰਦਰ ਸਿੰਘ ਰਵੀ, ਤੇਜਵੰਤ ਸਿੰਘ ਗਿੱਲ ਅਤੇ ਜਸਬੀਰ ਸਿੰਘ ਆਹਲੂਵਾਲੀਆ ਆਦਿ ਚਿੰਤਕਾਂ ਦੀ ਆਲੋਚਨਾ ਬਾਰੇ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਕਾਫੀ ਜ਼ਿਕਰਯੋਗ ਕਾਰਜ ਹੋ ਚੁੱਕਾ ਹੈ। ਇਹ ਖੇਤਰ ਮੁਕਾਬਲਤਨ ਨਵਾਂ ਹੋਣ ਦੇ ਬਾਵਜੂਦ ਇਸ ਵਿੱਚ ਵੀ ਪੰਜਾਬੀ ਆਲੋਚਨਾ ਦੀਆਂ ਪ੍ਰਾਪਤੀਆਂ ਕਾਫ਼ੀ ਸੰਤੋਖਜਨਕ ਹਨ।
- ਪੰਜਾਬੀ ਆਲੋਚਨਾ ਦੀ ਦਸਵੀਂ ਪ੍ਰਾਪਤੀ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਲਈ ਨਵੀਆਂ ਅੰਤਰ ਦ੍ਰਿਸ਼ਟੀਆਂ ਲੈ ਕੇ ਪੰਜਾਬੀ ਸਾਹਿਤ ਦੇ ਵਿਭਿੰਨ ਕਾਲਾਂ, ਵਿਧਾਵਾਂ ਅਤੇ ਸਾਹਿਤ ਦੇ ਵੱਖ-ਵੱਖ ਇਤਿਹਾਸਕਾਰਾਂ ਦੀ ਵਿਧੀ, ਦ੍ਰਿਸ਼ਟੀਕੋਣ, ਪ੍ਰਾਪਤੀਆਂ ਅਤੇ ਸੀਮਾਵਾਂ ਦਾ ਆਲੋਚਨਾਤਮਿਕ ਮੁੱਲਾਂਕਣ ਕਰਨ ਦਾ ਵੀ ਯਤਨ ਕੀਤਾ ਗਿਆ ਵੀ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਸਾਹਿਤ ਦੀ ਵਿਗਿਆਨਿਕ ਇਤਿਹਾਸਕਾਰੀ ਦੇ ਖੇਤਰ ਵਿੱਚ ਪੰਜਾਬੀ ਆਲੋਚਨਾ ਦੀ ਪ੍ਰਾਪਤੀ ਵੀ ਕਾਫੀ ਸੰਤੋਖਜਨਕ ਪ੍ਰਾਪਤੀ ਹੈ। ਭਾਵੇਂ ਅੰਤਰ ਅਨੁਸ਼ਾਸਨੀ ਅਤੇ ਬਹੁਤ ਹੀ ਜਟਿਲ ਹੋਣ ਕਾਰਨ ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਇੱਕ ਨਿਵੇਕਲੇ ਗਿਆਨ-ਅਨੁਸ਼ਾਸਨ ਦੇ ਆਧਾਰ ਉੱਪਰ ਲਿਖੇ ਜਾਣ ਦੀ ਸੰਭਾਵਨਾ ਅਜੇ ਸੰਪੂਰਣ ਰੂਪ ਵਿੱਚ ਸਾਕਾਰ ਨਹੀਂ ਹੋਈ।
ਪ੍ਰਾਪਤੀਆਂ ਅਤੇ ਚੁਨੌਤੀਆਂ ਇੱਕ ਪ੍ਰਕਾਰ ਨਾਲ ਕਿਸੇ ਵਰਤਾਰੇ ਦੇ ਵਰਤਮਾਨ ਅਤੇ ਇਸਦੇ ਭਵਿੱਖਮੁਖੀ ਵਿਕਾਸ ਦੀਆਂ ਸੰਭਾਵਨਾਵਾਂ ਦੀ ਹੀ ਨਿਸ਼ਾਨਦੇਹੀ ਹੁੰਦੀਆਂ ਹਨ ਕਿਉਂਕਿ ਕੋਈ ਵੀ ਪ੍ਰਾਪਤੀ ਆਪਣੇ ਆਪ ਵਿੱਚ ਨਿਰਪੇਖ ਅਤੇ ਸੰਪੂਰਣ ਨਹੀਂ ਹੁੰਦੀ ਸਗੋਂ ਹਰ ਪ੍ਰਾਪਤੀ ਦੇ ਡੂੰਘੇ ਵਿਸ਼ਲੇਸ਼ਣ ਬਾਅਦ ਇਸ ਪ੍ਰਾਪਤੀ ਦੀ ਸਮੁੱਚਤਾ ਵਿੱਚ ਰਹਿ ਗਈਆਂ ਘਾਟਾਂ ਵੀ ਦ੍ਰਿਸ਼ਟੀਗੋਚਰ ਹੋ ਜਾਂਦੀਆਂ ਹਨ। ਉਪਰੋਕਤ ਪ੍ਰਾਪਤੀਆਂ ਦੇ ਆਸ਼ਾਜਨਕ ਹੋਣ ਦੇ ਬਾਵਜੂਦ ਪੰਜਾਬੀ ਆਲੋਚਨਾ ਨੂੰ ਅੱਜ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਥਿਤੀ ਦੇ ਸਮਾਜਕ-ਇਤਿਹਾਸਕ ਪ੍ਰਸੰਗ ਵਿੱਚ ਕੁਝ ਗੰਭੀਰ ਚੁਨੌਤੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਪੰਜਾਬੀ ਸਾਹਿਤ-ਸਮੀਖਿਆ ਦੀਆਂ ਸੀਮਾਵਾਂ
ਸੋਧੋਪੰਜਾਬੀ ਸਾਹਿਤ-ਸਮੀਖਿਆ ਦੀਆਂ ਸਭ ਤੋਂ ਵੱਧ ਪ੍ਰਚਲਿਤ ਪੱਧਤੀਆਂ ਦਾ ਸੰਬੰਧ ਸਾਹਿਤ-ਬਾਹਰੇ ਕਾਰਣਾਂ ਨਾਲ ਹੈ। ਬਾਹਰੀ-ਹੇਤੂਮੁਖ ਆਲੋਚਨਾ ਸਾਹਿਤ ਦਾ ਅਰਥ ਆਮ ਤੌਰ 'ਤੇ ਸਮਾਜ ਜਾਂ ਜੀਵਨੀ ਦੇ ਸੰਦਰਭ ਵਿੱਚ ਕਰਨ ਦਾ ਯਤਨ ਕਰਦੀ ਹੈ ਪਰ, ਬਹੁਤੀ ਵਾਰੀ ਇਸ ਪ੍ਰਕਾਰ ਦੀ ਸਮੀਖਿਆ, ਕਾਰਜ-ਕਾਰਣ ਬਧ ਵਿਆਖਿਆ ਹੀ ਬਣ ਕੇ ਰਹਿ ਜਾਂਦੀ ਹੈ। ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਰਸਥਿਤੀਆਂ ਦਾ ਗਿਆਨ ਸਾਹਿਤ ਉੱਪਰ ਕਾਫੀ ਪ੍ਰਭਾਵ ਪਾ ਸਕਦਾ ਹੈ। ਇਸ ਨਾਲ ਵੀ ਕਾਵਿ-ਰਚਨਾ ਦੇ ਵਰਣਨ ਕਾਰਣ ਅਤੇ ਕਾਰਜ ਸਦਾ ਅਨੁਰੂਪ ਨਹੀਂ ਹੁੰਦੇ। ਕਾਵਿ-ਰਚਨਾ ਉੱਪਰ ਬਾਹਰੀ ਹੇਤੂਆਂ ਦੇ ਪਰਿਣਾਮ ਵਲੋਂ ਨਿਸ਼ਚਿਤ ਰੂਪ ਵਿੱਚ ਕੁਝ ਕਹਿ ਸਕਣਾ ਸੰਭਵ ਨਹੀਂ। ਤਰਕ ਦਿੱਤਾ ਜਾ ਸਕਦਾ ਹੈ ਕਿ ਕਾਵਿ-ਰਚਨਾ ਦਾ ਰੂਪ, ਇਤਿਹਾਸ ਅਤੇ ਸਮਕਾਲੀਨ ਪਰਿਸਥਿਤੀਆਂ ਨਿਸ਼ਚਿਤ ਕਰਦੀਆਂ ਹਨ। ਸੰਭਵ ਹੈ, ਇਨ੍ਹਾਂ ਦੇ ਅਧਿਐਨ ਨਾਲ ਸਾਹਿਤ ਦੇ ਕੁਝ ਅੰਸ਼ ਜੋ ਧੁੰਧਲੇ ਹਨ ਸਾਫ਼ ਹੋ ਜਾਣ। ਬਾਹਰੀ ਹੇਤੂਆਂ ਦੇ ਆਧਾਰ ਉੱਪਰ ਸਾਹਿਤ-ਅਧਿਐਨ ਕਰਨ ਵਾਲਿਆਂ ਨੂੰ ਕਈ ਵਰਗਾਂ ਵਿੱਚ ਰੱਖਿਆ ਜਾ ਸਕਦਾ ਹੈ। ਇੱਕ ਆਲੋਚਨਾ ਵਰਗ ਕਾਵਿ ਨੂੰ ਕਵੀ ਦੇ ਵਿਅਕਤੀਗਤ ਜੀਵਨ-ਅਨੁਭਵ ਨਾਲ ਸੰਬੰਧਤ ਕਰਦਾ ਹੈ। ਦੂਸਰਾ ਵਰਗ ਸਾਹਿਤ-ਸਿਰਜਣਾ ਦੇ ਨਿਰਧਾਰਿਤ ਤੱਤਾਂ ਦੀ ਖੋਜ ਮਨੁੱਖ ਦੇ ਸਮਾਜਕ ਜੀਵਨ ਵਿਚੋਂ ਕਰਦਾ ਹੈ। ਪਹਿਲੀ ਪ੍ਰਕਾਰ ਦੇ ਆਲੋਚਕ ਸਾਹਿਤ-ਵਿਸ਼ਲੇਸ਼ਣ ਕਵੀ ਦੀ ਜੀਵਨੀ ਅਤੇ ਮਨੋਵਿਗਿਆਨ ਦੇ ਅਧਿਐਨ ਰਾਹੀਂ ਕਰਨ ਦੀ ਸਲਾਹ ਦਿੰਦੇ ਹਨ ਅਤੇ ਦੂਸਰੀ ਪ੍ਰਕਾਰ ਦੇ ਆਰਥਿਕ, ਸਮਾਜਕ ਅਤੇ ਰਾਜਨੀਤਿਕ ਪ੍ਰਸਥਿਤੀਆਂ ਦੇ ਪ੍ਰਸੰਗ ਵਿੱਚ। ਸਾਹਿਤ-ਬਾਹਰੀ ਪੱਧਤੀਆਂ ਦਾ ਅਨੁਸਰਣ ਕਰਨ ਵਾਲੇ ਆਲੋਚਕਾਂ ਦੇ ਦੋ ਹੋਰ ਵਰਗ ਵੀ ਹੋ ਸਕਦੇ ਹਨ। ਇੱਕ ਵਰਗ ਕਾਵਿ ਦੀ ਵਿਆਖਿਆ ਮਨੁੱਖੀ ਮਨ ਦੀ ਸਾਮੂਹਿਕ ਸਿਰਜਣਾ ਦੇ ਆਧਾਰ ਤੇ ਕਰਦਾ ਹੈ। ਇਹ ਵਰਗ ਸਾਹਿਤ-ਅਧਿਐਨ ਲਈ ਵਿਚਾਰਾਂ ਦੇ ਇਤਿਹਾਸ, ਧਰਮ ਸ਼ਾਸਤਰ ਅਤੇ ਲਲਿਤ ਕਲਾਵਾਂ ਦੇ ਇਤਿਹਾਸ ਦੇ ਅਧਿਐਨ ਦੀ ਸਲਾਹ ਦੇਂਦਾ ਹੈ। ਸਾਹਿਤ-ਸਮਾਲੋਚਕਾਂ ਦਾ ਇੱਕ ਵਰਗ ਐਸਾ ਵੀ ਹੈ ਜਿਹੜਾ ਕਾਵਿ ਅਧਿਐਨ ਲਈ ਸਮੇਂ ਦੀ ਆਤਮਾ, ਬੌਧਿਕ ਵਾਤਾਵਰਨ ਜਾਂ ਵਿਚਾਰਾਂ ਦੇ ਮਾਹੌਲ, ਅਤੇ ਦੂਸਰੀਆਂ ਕਲਾਵਾਂ ਦੀਆਂ ਵਿਸ਼ੇਸ਼ਤਾਵਾਂ ਤੋਂ ਪ੍ਰਾਪਤ ਸਹਾਇਤਾ ਨਾਲ ਕਰਨਾ ਚਾਹੁੰਦਾ ਹੈ। ਉਂਝ ਤੇ ਪੰਜਾਬੀ ਸਾਹਿਤ-ਸਮੀਖਿਆ ਕੋਲ ਕੋਈ ਨਿਸ਼ਚਿਤ ਸਮੀਖਿਆ ਪੱਧਤੀ ਨਹੀਂ ਪਰ ਉਪਰੋਕਤ ਬਾਹਰੀ ਹੇਤੂਮੁਖ ਆਲੋਚਨਾ ਵਿਧੀਆਂ ਦਾ ਰੋਲ ਘਚੋਲ ਹਰ ਪੰਜਾਬੀ ਸਮੀਖਿਆ ਵਿਚੋਂ ਪ੍ਰਾਪਤ ਹੋ ਜਾਵੇਗਾ। ਪੰਜਾਬੀ ਸਮੀਖਿਆ ਹੀ ਨਹੀਂ ਵਿਸ਼ਵ-ਸਾਹਿਤ-ਸਮੀਖਿਆ ਵਿੱਚ ਸਭ ਤੋਂ ਪੁਰਾਣੀ ਅਤੇ ਸਥਾਪਿਤ ਅਧਿਐਨ ਪੱਧਤੀ ਸਾਹਿਤ ਨੂੰ ਸਾਹਿਤਕਾਰ ਦੇ ਜੀਵਨ ਅਤੇ ਵਿਅਕਤੀਤਵ ਦੇ ਪ੍ਰਕਾਸ਼ ਵਿੱਚ ਅਧਿਐਨ ਕਰਨ ਦੀ ਰਹੀ ਹੈ। ਪੱਛਮੀ ਸਮੀਖਿਆ ਵਿੱਚ ਇਹ ਪੱਧਤੀ ਹੁਣ ਆਪਣਾ ਮਹੱਤਵ ਲਗਭਗ ਗੁਆ ਚੁੱਕੀ ਹੈ ਪਰ ਪੰਜਾਬੀ ਸਾਹਿਤ ਸਮੀਖਿਆ ਵਿੱਚ ਅਜੇ ਤੱਕ ਵੀ ਜੀਵਨੀ ਦੀ ਗੱਲ ਕਿਤੇ ਬਗੈਰ ਕਵੀ ਦੀ ਕਵਿਤਾ ਦਾ ਅਧਿਨ ਪੇਸ਼ ਕਰਨ ਦੀ ਰੀਤ ਚਾਲੂ ਨਹੀਂ ਹੋਈ। ਇਹੋ ਕਾਰਣ ਹੈ ਕਿ ਅਜੇ ਵੀ ਕਿਸੇ ਵੀ ਕਵਿਤਾ ਉੱਪਰ ਸਮੀਖਿਆ ਤੋਂ ਪਹਿਲਾਂ ਉਸ ਕਵੀ ਦੀ ਜੀਵਨੀ ਦਿੱਤੀ ਜਾਂਦੀ ਹੈ। ਪਰ ਸਮੁੱਚੇ ਪੰਜਾਬੀ ਸਾਹਿਤ ਦੇ ਅਧਿਐਨ ਬਾਰੇ ਇਹ ਸੰਭਵ ਨਹੀਂ। ਮੱਧਕਾਲੀਨ ਪੰਜਾਬੀ ਸਾਹਿਤ ਦੇ ਬਹੁਤੇ ਸਾਹਿਤਕਾਰਾਂ ਦੇ ਜੀਵਨ ਬਾਰੇ ਸਾਨੂੰ ਭਰੋਸੇਯੋਗ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਇਹ ਹੀ ਨਹੀਂ, ਮੱਧਕਾਲੀਨ ਪੰਜਾਬੀ ਸਾਹਿਤ ਦੀਆਂ ਕੁਝ ਰਚਨਾਵਾਂ ਦੇ ਰਚਨਹਾਰਾਂ ਸੰਬੰਧੀ ਵੀ ਨਿਰਣੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਇਸ ਸਥਿਤੀ ਤੋਂ ਇਹ ਗੱਲ ਸਪਸ਼ਟ ਹੈ ਕਿ ਜੀਵਨੀ-ਪਰਕ ਸਮੀਖਿਆ ਸਮੁੱਚੇ ਸਾਹਿਤ ਦੇ ਅਧਿਐਨ ਲਈ ਸਹੀ ਅਧਿਐਨ ਵਿਧੀ ਨਹੀਂ ਕਹੀ ਜਾ ਸਕਦੀ ਪਰ, ਵੇਖਣਾ ਇਹ ਹੈ ਕਿ ਜਿੱਥੇ ਜੀਵਨੀ ਪ੍ਰਾਪਤ ਹੈ, ਉੱਥੇ ਉਹ ਕਾਵਿ-ਰਚਨਾ ਦੇ ਅਧਿਐਨ ਵਿੱਚ ਕਿੱਥੋਂ ਤੱਕ ਸਹਾਈ ਹੋ ਸਕਦੀ ਹੈ? ਕੀ ਕਾਵਿ ਅਤੇ ਜੀਵਨੀ ਦਾ ਸੰਬੰਧ ਸਪਸ਼ਟ ਕਾਰਜ-ਕਾਰਣ ਸੰਬੰਧ ਹੈ? ਜਿੱਥੇ ਅਸੀਂ ਲੇਖਕ ਦੇ ਵਿਅਕਤਿਤਵ ਅਤੇ ਉਸਦੇ ਵਿਚਾਰਾਂ ਬਾਰੇ ਬਹੁਤ ਜਾਣਦੇ ਹੁੰਦੇ ਹਾਂ, ਉੱਥੇ ਵੀ ਅਸੀਂ ਕਵਿਤਾ ਬਾਰੇ, ਜਿੰਨ੍ਹਾਂ ਕਵਿਤਾ ਆਪਣੇ ਆਪ ਬਾਰੇ ਕਹਿੰਦੀ ਹੈ, ਉਸ ਤੋਂ ਵੱਧ ਨਹੀਂ ਜਾਣਦੇ ਹੁੰਦੇ ਕਿਉਂਕਿ ਕਵਿਤਾ ਵਿਅਕਤੀ ਦਾ ਵਿਅਕਤਿਤਵ ਨਹੀ਼ ਪਰ ਕਾਵਿ-ਕਿਰਤ ਦਾ ਆਪਣਾ ਇੱਕ ਵਿਅਕਤਿਤਵ ਹੁੰਦਾ ਹੈ। ਉਹ ਵਿਅਕਤਿਤਵ ਕਵੀ-ਵਿਅਕਤਿਤਵ ਤੋਂ ਵੱਖਰੀ ਹੋਂਦ ਹੈ। ਇਹ ਕਾਵਿ-ਵਿਅਕਤਿਤਵ ਕਾਵਿ ਦੀ ਅਖੰਡਤਾ ਹੈ। ਇਸ ਵਿੱਚਜ ਰੂਪ ਅਤੇ ਵਸਤੂ ਦੇ ਭੇਂਟ ਮਿੱਟ ਜਾਂਦੇ ਹਨ। ਇਸੇ ਲਈ ਕਿਹਾ ਜਾਂਦਾ ਹੈ ਕਿ ਅਰਥ ਕਾਵਿ ਵਿੱਚ ਮੂਰਤੀਮਾਨ ਹੁੰਦੇ ਹਨ। ਕਾਵਿ-ਮੂਰਤੀ ਜੀਵੰਤ ਵਿਅਕਤਿਤਵ ਵਾਂਗ ਹੀ ਜਿਊਂਦੀ ਹੈ। ਇਸਦਾ ਅਰਥ ਇੱਕ ਸਜੀਵ ਹੁੰਦਾ ਹੈ ਜੋ ਸਰੀਰ ਹੀ ਜੀਉ ਸਕਦੀ ਹੈ। ਸਰੀਰ ਜਾਂ ਮੂਰਤੀ ਤੋ਼ ਹੀ ਕਾਵਿ-ਕਿਰਤ ਦੀ ਵਿਲੱਖਣ ਵਿਸ਼ੇਸਤਾ ਦਾ ਸਪਸ਼ਟ ਪਰਿਚਯ ਮਿਲਦਾ ਹੈ। ਇਸ ਪ੍ਰਕਾਰ ਕਲਾ-ਕਿਰਤ ਇੱਕ ਵੱਖਰੇ ਯਥਾਰਥ ਨਾਲ ਸੰਬੰਧਿਤ ਹੁੰਦੀ ਹੈ। ਜਦੋਂ ਉਸ ਦੇ ਕੁਝ ਤੱਤ ਜੀਵਨੀ ਦੇ ਸਮਰੂਪ ਵੀ ਦਿਖਾਈ ਦੇਣ ਤਾਂ ਵੀ ਕਲਾਕਿਰਤ ਵਿੱਚ ਉਨ੍ਹਾਂ ਤੱਤਾਂ ਦਾ ਰੂਪਾਂਤਰਣ ਇਸ ਪ੍ਰਕਾਰ ਹੋਇਆ ਹੁੰਦਾ ਹੈ ਕਿ ਉਹ ਵਿਸ਼ੇਸ਼ ਨਿੱਜੀ ਅਰਥ ਗੁਆ ਬੈਠਦੇ ਹਨ ਅਤੇ ਕਲਾਕਿਰਤ ਦੇ ਅਨਿੱਖੜ ਅੰਗ ਬਣ ਜਾਂਦੇ ਹਨ। ਸਮੀਖਿਕ ਕਲਾ ਨੂੰ ਜੀਵਨ ਦਾ ਪ੍ਰਤੀਬਿੰਬ ਮੰਨਦੇ ਹੋਏ ਇਹ ਭੁੱਲ ਜਾਂਦੇ ਹਨ ਕਿ ਕਲਾਕਿਰਤ ਸਿਰਫ ਭਾਵਾਂ ਦਾ ਮੂਰਤ ਰੂਪ ਹੀ ਨਹੀਂ ਹੁੰਦੀ। ਕਲਾਕਿਰਤ ਦਾ ਸੰਬੰਧ ਵਾਸਤਵਿਕ ਜੀਵਨ ਦੀ ਥਾਂ ਸੁਪਨੇ ਨਾਲ ਵੀ ਹੋ ਸਕਦੀ ਹੈ। ਕਲਾਕਿਰਤ ‘ਮੁਖੌਟਾ’ ਅਤੇ ਸਵੈ ਵਿਰੋਧੀ ਵੀ ਹੋ ਸਕਦੀ ਹੈ। ਇਹ ਜੀਵਨ ਦੀ ਐਸੀ ਮੂਰਤੀ ਵੀ ਹੋ ਸਕਦੀ ਹੈ ਜਿਸ ਤੋਂ ਲੇਖਕ ਪਲਾਇਨ ਕਰਨਾ ਚਾਹ ਰਿਹਾ ਹੋਵੇ। ਇਹ ਹੀ ਨਹੀਂ ਕਲਾਕਿਰਤ ਅਤੇ ਲੇਖਕ ਦੇ ਜੀਵਨ ਅਨੁਭਵ ਵਿੱਚ ਅੰਤਰ ਆ ਜਾਣਾ ਸੁਭਾਵਿਕ ਹੀ ਹੈ, ਕਿਉਂਕਿ ਜੀਵਨ ਦਾ ਅਨੁਭਵ ਵੀ ਕਲਾ ਵਿੱਚ ਪ੍ਰਵੇਸ਼ ਸਮੇਂ ਉਸ ਦੀਆਂ ਰੂਪਗਤ ਮਜ਼ਬੂਰੀਆਂ ਕਾਰਣ ਪਰਿਵਰਤਿਤ ਹੋ ਜਾਂਦਾ ਹੈ। ਸਪਸ਼ਟ ਗੱਲ ਤਾਂ ਇਹ ਹੈ ਕਿ ਜੀਵਨੀ ਨੂੰ ਕਵਿਤਾ ਦੇ ਦਸਤਾਵੇਜ਼ ਦੇ ਰੂਪ ਵਿੱਚ ਗ੍ਰਹਿਣ ਨਹੀਂ ਕੀਤਾ ਜਾ ਸਕਦਾ। ਉਪਰੋਕਤ ਜੀਵਨੀ-ਮੁੱਖ ਸਮਾਲੋਚਨਾ ਵਿਧੀ ਨਾਲ ਮਿਲਦੀ ਜੁਲਦੀ ਪੰਜਾਬੀ ਸਮਾਲੋਚਨਾ ਦੀ ਇੱਕ ਹੋਰ ਵਿਧੀ ਵੀ ਹੈ। ਇਸ ਵਿਧੀ ਦਾ ਖੰਡਨ ਪੱਛਮੀ ਨਵ-ਆਲੋਚਕ ਪ੍ਰਭਾਵ-ਤਰਕਦੋਸ਼ ਕਹਿ ਕੇ ਕਰਦੇ ਹਨ। ਇਹ ਸਮਾਲੋਚਨਾ ਰਚਨਾ-ਅਧਿਐਨ ਪਾਠਕ ਉੱਪਰ ਪਏ ਪ੍ਰਭਾਵ ਦੇ ਆਧਾਰ ਤੇ ਪੇਸ਼ ਕਰਦੀ ਹੈ (ਇਹ ਕੀ ਹੈ ਅਤੇ ਇਹ ਕੀ ਕਰਦੀ ਹੈ)। ਇਹ ਪ੍ਰਮਾਣ ਸੰਬੰਧੀ ਸ਼ੰਕਾਵਾਦ ਦੀ ਗੱਲ ਹੈ। ਇਸ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਜਿਵੇਂ ਇਸ ਦਾ ਅਧਿਕਾਰ ਸਾਰੇ ਸ਼ੰਕਾਵਾਦੀ ਰੂਪਾਂ ਤੋਂ ਵਧੇਰੇ ਹੋਵੇ। ਪੰਜਾਬੀ ਆਲੋਚਨਾ ਦੇ ਅਧਿਐਨ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਪੰਜਾਬੀ ਸਮੀਖਿਆ ਦਾ ਬਹੁਤਾ ਬਲ ਕਾਵਿ ਦੇ ਵਿਸ਼ੇ ਉੱਪਰ ਰਿਹਾ ਹੈ ਪਰ ਮਹੱਤਵਪੂਰਨ ਗੱਲ ਤੇ ਇਹ ਹੈ ਕਿ ਇਹ ਸਮੀਖਿਆ ਕਾਵਿ ਦੇ ਅਖੰਡ ਚਰਿਤਰ ਨੂੰ ਨਹੀਂ ਪਹਿਚਾਣਦੀ। ਇਸ ਸਮੀਖਿਆ ਲਈ ਕਵੀ-ਰਚਨਾ ਪ੍ਰਾਣਾਧਾਰੀ ਇਕਾਈ ਨਹੀਂ, ਟੋਟਿਆਂ ਦਾ ਸਮੂਹ ਹੈ। ਅਸੀਂ ਕਾਵਿ ਦੀ ਇਸ ਮਜ਼ਬੂਰੀ ਤੋਂ ਭਲੀ ਭਾਂਤ ਪਰਿਚਤ ਹਾਂ ਕਿ ਵਿਸ਼ਲੇਸ਼ਨ ਸਮੇਂ ਉਸ ਦੀਆਂ ਵੰਡੀਆਂ ਪੈ ਹੀ ਜਾਂਦੀਆਂ ਹਨ ਪਰ ਪੰਜਾਬੀ ਸਮੀਖਿਆ ਦੀ ਤ੍ਰਾਸਦੀ ਇਹ ਰਹੀ ਹੈ ਕਿ ਇਹ ਅੰਸ਼ ਨੂੰ ਹੀ ਪੂਰਨ ਸਵੀਕਾਰ ਕਰਦੀ ਰਹੀ ਹੈ। ਜਦੋਂ ਇਹ ਵਿਸ਼ੇ ਬਾਰੇ ਗੱਲ ਕਰਦੀ ਹੈ ਤਾਂ ਉਸ ਸਮੇਂ ਰੂਪ ਦੀਆਂ ਮਜ਼ਬੂਰੀਆਂ ਦੇ ਸੰਦਰਭ ਵਿੱਚ ਗੱਲ ਨਹੀਂ ਕਰਦੀ। ਰੂਪ ਦੀ ਇਹ ਅਵਹੇਲਨਾ ਕਾਵਿ ਦੇ ਅਖੰਡ ਚਰਿਤਰ ਦੀ ਅਵਹੇਲਨਾ ਹੈ। ਇੱਥੇ ਨਾਲ ਹੀ ਇਹ ਵੀ ਸਪਸ਼ਟ ਕਰ ਦੇਣ ਦੀ ਲੋੜ ਮਹਿਸੂਸ ਹੁੰਦੀ ਹੈ ਕਿ ਅਸੀਂ ਕਾਵਿ-ਅਰਥ ਜਾਂ ਕਾਵਿ ਵਿੱਚ ਵਿਸ਼ੇ ਦੇ ਵਿਰੋਧੀ ਨਹੀਂ ਜਿਹੜਾ ਆਲੋਚਕ ਕਵੀ ਦੀ ਰਾਜਨੀਤੀ, ਨੈਤਿਕ ਦਾਵਿਆਂ ਅਤੇ ਜੀਵਨ ਮਾਨਵ ਦੀ ਇੱਛਾ ਜਾਂ ਅਨਿੱਛਾ ਵਲ ਰੁਚਿਤ ਹੋਣ ਉਹਨਾਂ ਨੂੰ ਕਾਵਿ ਰੂਪ ਦਾ ਵਿਚਾਰ ਨਿਸ਼ਚੇ ਹੀ ਬਿਰਖਾ ਪ੍ਰਤੀਤ ਹੋਵੇਗਾ। ਆਧੁਨਿਕ ਪੱਛਮੀ ਆਲੋਚਕ ਕਾਵਿ ਨੂੰ ਇੱਕ ਵਿਲੱਖਣ ਪ੍ਰਕਾਰ ਦਾ ਗਿਆਨ ਮੰਨਦੇ ਹਨ। ਇਹ ਤਰਕਸ਼ੀਲ ਗਿਆਨ ਤੋਂ ਵੱਖਰੀ ਪ੍ਰਕਾਰ ਦਾ ਗਿਆਨ ਹੈ। ਇਹ ਕਾਵਿ-ਵਿਲੱਖਣਤਾ ਕਾਵਿ ਦਾ ਕੇਂਦਰੀ ਮਹੱਤਤਾ ਵਾਲਾ ਗੁਣ ਹੈ। ਇਹ ਕਾਵਿ ਵਿਲੱਖਣਤਾ ਕਾਵਿ ਦਾ ਕੇਂਦਰੀ ਮਹੱਤਤਾ ਵਾਲਾ ਗੁਣ ਹੈ। ਅਸੀਂ ਸਾਹਿਤ ਅਧਿਐਨ ਅਤੇ ਸਾਹਿਤ ਮੁਲੰਕਣ ਰਾਹੀਂ ਕਿਸੇ ਸਾਰਥਕ ਅਤੇ ਪ੍ਰਮਾਣਿਕ ਸਿੱਟੇ ਤੇ ਪਹੁੰਚਣਾ ਹੈ ਤਾਂ ਸਾਹਿਤ ਦੀ ਵਿਲੱਖਣ ਹੋਂਦ ਨੂੰ ਆਪਣੇ ਅਧਿਐਨ ਦਾ ਆਰੰਭ-ਬਿੰਦੂ ਸਥਾਪਿਤ ਕਰਨਾ ਪਵੇਗਾ। ਯਥਾਰਥ ਦੇ ਕੁੱਝ ਪੱਖ ਕਲਾ-ਮਾਧਿਅਮ ਰਾਹੀ ਹੀ ਗ੍ਰਹਿਣ ਕੀਤੇ ਅਤੇ ਪ੍ਰਗਟਾਏ ਜਾ ਸਕਦੇ ਹਨ। ਕਾਵਿ, ਯਥਾਰਥ ਦੇ ਉਨ੍ਹਾਂ ਪੱਖਾਂ ਨਾਲ ਸੰਬੰਧਿਤ ਹੈ ਜੋ ਤਾਰਕਿਕ ਅਤੇ ਅਮੂਰਤ ਸੰਕਲਪਾਂ ਦੀ ਪਕੜ ਵਿੱਚ ਨਹੀਂ ਆਉਂਦੇ ਉਹ ਪੱਖ ਅਤਾਰਕਿਕ ਪਰ ਸਮੂਰਤ ਪ੍ਰਤੀਕਾਂ ਰਾਹੀਂ ਸਹਿਜੇ ਹੀ ਪ੍ਰਾਪਤ ਹੋ ਜਾਂਦੇ ਹਨ। ਸੰਖੇਪ ਵਿੱਚ ਕਾਵਿ-ਕਿਰਤ ਵੀ ਇੱਕ ਪ੍ਰਕਾਰ ਦਾ ਵਿਵੇਕ ਹੀ ਹੈ ਪਰ ਵਿਸ਼ੇਸ਼ ਪ੍ਰਕਾਰ ਦਾ ਵਿਵੇਕ, ਸੁਹਜਾਤਮਕ ਵਿਵੇਕ। ਇਹੀ ਕਾਵਿ ਦੀ ਵਿਲੱਖਣਤਾ ਹੈ। ਇਸ ਨੂੰ ਪਹਿਚਾਨਣ ਨਾਲ ਹੀ ਕਾਵਿ ਨਾਲ ਨਿਆਂ ਹੋ ਸਕਦਾ ਹੈ। ਇਹ ਨਵੀਂ ਸਮੀਖਿਆ ਪ੍ਰਣਾਲੀ ਪੰਜਾਬੀ ਸਮੀਖਿਆ ਦੇ ਬਹੁਤ ਸਾਰੇ ਦੋਸ਼ਾਂ ਤੋਂ ਮੁਕਤ ਹੈ। ਪਰ, ਇਸ ਦੀਆਂ ਵੀ ਆਪਣੀਆਂ ਸੀਮਾਵਾਂ ਹਨ। ਸਾਹਿਤ-ਚਿੰਤਨ ਕਿਸੇ ਵੀ ਹੋਰ ਚਿਵਾਂਗ ਅਗਰ ਪ੍ਰਵਾਹੀ ਪ੍ਰਕਿਰਿਆ ਹੈ ਅਤੇ ਇਸ ਪ੍ਰਕਿਰਿਆ ਰਾਹੀਂ ਚਿੰਤਨ ਆਪਣੇ ਪੁਰਾਣੇ ਦੋਸ਼ਾਂ ਤੋਂ ਮੁਕਤ ਹੋਣ ਦਾ ਅਤੇ ਆਪਣੀਆਂ ਪੁਰਾਣੀਆਂ ਸੀਮਾਵਾਂ ਤੋਂ ਪਾਰ ਜਾਣ ਦਾ ਯਤਨ ਕਰਦਾ ਹੈ ਪਰ ਇਸ ਯਤਨ ਵਿੱਚ ਉਹ ਸਫਲ ਹੋ ਕੇ ਪੂਰੀ ਤਰ੍ਹਾਂ ਸਫਲ ਨਹੀਂ ਹੁੰਦਾ। ਇਹ ਅਧੂਰੀ ਸਫਲਤਾ ਹੀ ਗਤੀਸ਼ੀਲ ਚਿੰਤਨ ਦੀ ਹੋਣੀ ਹੈ।
ਪੰਜਾਬੀ ਆਲੋਚਨਾ ਦੀਆਂ ਸਮੱਸਿਆਵਾਂ
1. ਪੰਜਾਬੀ ਆਲੋਚਨਾ ਦੀ ਮੁੱਖ ਸੱਮਸਿਆ ਬਾਹਰਮੁਖੀ ਦ੍ਰਿਸ਼ਟੀਕੋਣ ਦੀ ਘਾਟ ਹੈ । ਪੰਜਾਬੀ ਸਾਹਿਤ ਦੇ ਆਧੁਨਿਕ ਗਿਆਨ-ਵਿਗਿਆਨ ਦੇ ਪ੍ਰਸੰਗ ਵਿਚ ਪੰਜਾਬੀ ਸਾਹਿਤ ਦੇ ਅਧਿਐਨ ਦੀ ਪਰੰਪਰਾ ਨੂੰ ਸ਼ੁਰੂ ਹੋਇਆਂ ਅਜੇ ਥੋੜ੍ਹਾ ਸਮਾਂ ਹੋਇਆ ਸੀ ਅਤੇ ਆਲੋਚਨਾ ਦੀ ਪਰੰਪਰਾ ਵੀ ਅਜੇ ਥੋੜੀ ਉਮਰ ਦੀ ਧਾਰਨੀ ਹੀ ਕਹੀ ਜਾ ਸਕਦੀ ਹੈ ਕਿਉਂਕਿ ਸਾਡੇ ਕੋਲ ਆਲੋਚਨਾ ਦੀ ਚਲੀ ਆ ਰਹੀ ਕੋਈ ਪਰੰਪਰਾ ਨਹੀਂ ਸੀ । ਨਤੀਜੇ ਵਜੋਂ ਪੰਜਾਬੀ ਆਲੋਚਨਾ ਆਪਣੇ ਵਿਕਾਸ ਦੇ ਮੁੱਢਲੇ ਪੜਾਵਾਂ ਵਿਚ ਹੀ ਕਹੀ ਜਾ ਸਕਦੀ ਹੈ । 1930 ਤਕ ਤਾਂ ਲਗਭਗ ਪ੍ਰਭਾਵਾਂ ਦੀ ਜਾਂ ਪ੍ਰਸ਼ੰਸਾਤਮਕ ਆਲੋਚਨਾ ਦੀ ਹੀ ਪ੍ਰਧਾਨਤਾ ਸੀ ਕੇਵਲ ਪ੍ਰਗਤੀਵਾਦੀ ਆਲੋਚਨਾ ਦੇ ਪ੍ਰਵੇਸ਼ ਕਰਨ ਨਾਲ ਹੀ ਕੁਝ ਇਕ ਬਾਹਰਮੁਖੀ ਦ੍ਰਿਸ਼ਟੀਕੋਣ ਦੀ ਅਣਹੋਂਦ ਅੱਜ ਵੀ ਹੈ। ਆਮ ਤੋਰ ਤੇ ਆਲੋਚਕ ਆਪਣੇ ਨਿਜੀ ਉਲਾਰਾਂ ਅਨੁਸਾਰ ਹੀ ਆਲੋਚਨਾ ਕਰਦੇ ਹਨ। ਨਤੀਜੇ ਵਜੋਂ ਰਚਨਾ ਨਾਲ ਸੰਬੰਧਤ ਬਾਹਰਮੁਖੀ ਜਾਂ ਵਿਗਿਆਨਕ ਦ੍ਰਿਸ਼ਟੀਕੋਣ ਪੇਸ਼ ਕਰ ਸਕਣ ਤੋਂ ਆਖ਼ਰੀ ਰੂਪ ਵਿਚ ਅਸਮਰਥ ਰਹਿ ਜਾਂਦਾ ਹੈ। ਬਹੁਤੀ ਵਾਰੀ ਮਾਰਕਸਵਾਦੀ ਆਲੋਚਕ ਵੀ ਮਾਰਕਸਵਾਦੀ ਸ਼ਬਦਾਂ ਦੀ ਹੀ ਵਰਤੋਂ ਕਰਦੇ ਹਨ । ਜੇ ਗੰਭੀਰਤਾ ਨਾਲ ਉਨ੍ਹਾਂ ਦੀਆਂ ਰਚਨਾਵਾਂ ਦਾ ਵਰਣਨ ਕੀਤਾ ਜਾਵੇ ਤਾਂ ਪਤਾ ਲਗਦਾ ਹੈ ਕਿ ਉਹ ਬਹੁਤੀ ਦੇਰ ਅਧਿਆਪਕੀ ਕਿਸਮ ਦੀ ਆਲੋਚਨਾ ਵਿਚ ਤਾਂ ਇਹ ਅੰਤਰਮੁਖਤਾਅਤਿ ਅਧਿਕ ਦੇਖੀ ਜਾ ਸਕਦੀ ਹੈ। ਕਿਸੇ ਸਿੱਧਾਂਤ ਜਾਂ ਆਲੋਚਨਾਪ੍ਰਣਾਲੀ ਦੇ ਡੂੰਘੇ ਗੰਭੀਰ ਅਧਿਐਨ ਤੋਂ ਬਾਅਦ ਉਸ ਸਿੱਧਾਂਤ ਜਾਂ ਪ੍ਰਣਾਲੀ ਅਨੁਕੂਲ ਬਾਹਰਮੁਖੀ ਆਲੋਚਨਾ ਕਰ ਸਕਣ ਦੀ ਸਮਰੱਥਾ ਕੁਝ ਹਦ ਤਕ ਮਾਰਕਸਵਾਦੀ ਆਲੋਚਕਾਂ ਕੋਲ ਤਾਂ ਹੈ, ਪਰ ਸਮੁੱਚੇ ਤੌਰ ਤੇ ਇਹ ਸਮੱਸਿਆ ਮਾਰਕਸਵਾਦੀ ਤੇ ਗੈਰ ਮਾਰਕਸਵਾਦੀ ਆਲੋਚਕਾਂ ਵਿਚ ਸਹਿਜੇ ਹੀ ਦੇਖੀ ਜਾ ਸਕਦੀ ਹੈ।
2. ਪੰਜਾਬੀ ਆਲੋਚਨਾ ਦੀ ਦੂਜੀ ਸਮੱਸਿਆ ਸਿੱਧਾਂਤਬੱਧ ਸੂਤਰਾਤਮਕ ਆਲੋਚਨਾ ਦੀ ਅਣਹੋਂਦ ਹੈ। ਪ੍ਰਗਤੀਵਾਦੀ ਆਲੋਚਨਾ ਤੋਂ ਪਹਿਲਾਂ ਅਤੇ ਬਾਅਦ ਵੀ ਕੋਈ ਆਲੋਚਨਾਪੱਧਤੀ ਨਹੀਂ ਜਿਸ ਦਾ ਕੋਈ ਆਧਾਰ, ਸਿੱਧਾਂਤ, ਦਰਸ਼ਨ ਹੋਵੇ ਇਸ ਦਾ ਕਾਰਨ ਤਾਂ ਆਲੋਚਨਾ ਪ੍ਰਤੀ ਵਿਸ਼ਵ ਚੇਤਨਾ ਦੇ ਨਾਲ ਨਾਲ ਬਾਹਰਮੁਖੀ ਦ੍ਰਿਸ਼ਟੀਕੋਣ ਦੀ ਘਾਟ ਹੈ। ਸਿਰਜਨਾਤਮਕ ਸਾਹਿਤ ਦਾ ਵਿਸ਼ਲੇਸ਼ਣ ਕਿਸੇ ਅਜਿਹੇ ਮਾਪਦੰਡਾਂ ਦੀ ਮੰਗ ਕਰਦਾ ਹੈ, ਜੋ ਬਾਹਰਮੁਖੀ ਹੋਣ ਅਤੇ ਆਧੁਨਿਕ ਯੁਗ ਦੇ ਅਨੁਕੂਲ ਮੁਹਾਵਰੇ ਵਰਤਕੇ ਸਾਹਿਤਕ ਆਲੋਚਨਾ ਕਰ ਸਕਣ | ਪਰ ਪੰਜਾਬੀ ਆਲੋਚਨਾ ਪਾਸ ਮਾਰਕਸਵਾਦੀ, ਪ੍ਰਗਤੀਵਾਦੀ, ਦਾਰਸ਼ਨਿਕ ਆਧਾਰ ਤੋਂ ਬਿਨਾਂ ਕੋਈ ਦ੍ਰਿਸ਼ਟੀਕੋਣ ਨਹੀਂ ਜਿਸ ਨਾਲ ਪੰਜਾਬੀ ਸਾਹਿਤ ਨੂੰ ਪਰਖਿਆ ਜਾ ਸਕਦੇ | ਪਰ ਪ੍ਰਗਤੀਵਾਦੀ ਆਲੋਚਨਾਂ ਵਿਚ ਵੀ ਨਿਜੀ ਪ੍ਰਤੀਕਰਮਾਂ, ਮਾਨਸਿਕ ਉਲਾਰਾਂ ਨੂੰ ਮੁੱਖ ਰੱਖ ਕੇ ਆਲੋਚਨਾ ਕੀਤੀ ਗਈ ਹੈ, ਜਿੱਥੇ ਪੱਛਮ ਵਿਚ ਹਰ 10 ਸਾਲਾਂ ਬਾਅਦ ਕਿਸੇ ਨਵੇਂ ਸਿੱਧਾਂਤ ਦਾ ਆਗਮਨ ਵੇਖਿਆ ਜਾ ਰਿਹਾ ਹੈ । ਮਨੋਵਿਗਿਆਨ, ਸਮਾਜਸ਼ਾਸਤਰ, ਭਾਸ਼ਾ ਵਿਗਿਆਨ ਆਦਿ ਕੁਝ ਅਜਿਹੇ ਦਾਰਸ਼ਨਿਕ ਸਿੱਧਾਂਤਕ ਆਧਾਰ ਹਨ, ਜਿਨ੍ਹਾਂ ਨੂੰ ਮੁੱਖ ਰੱਖ ਕੇ ਪੱਛਮੀ ਸਾਹਿਤ ਦਾ ਵਿਸ਼ਲੇਸ਼ਣ ਕੀਤਾ ਜਾ ਚੁਕਿਆ ਹੈ। ਪਰੰਤੂ ਪੰਜਾਬੀ ਵਿਚ ਤਾਂ ਅਜੇ ਤਕ ਇਹਨਾਂ ਵਿਚੋਂ ਕਿਸੇ ਇਕ ਦਾਰਸ਼ਨਿਕ ਜਾਂ ਸਿੱਧਾਂਤਕ ਸੰਕਲਪਾਂ ਨੂੰ ਪੂਰੀ ਤਰ੍ਹਾਂ ਸਮਝਿਆ ਤੇ ਲਾਗੂ ਨਹੀਂ ਕੀਤਾ ਜਾ ਸਕਿਆ । ਇਸੇ ਲਈ ਪੰਜਾਬੀ ਆਲੋਚਨਾ ਦਾ ਸੁਭਾਅ ਇਕਪੱਖੀ, ਇਕ ਦਿਸ਼ਾਵੀ ਤੇ ਉਲਾਰ ਹੈ। ਇਥੋਂ ਤਕ ਜੇ ਪੱਛਮੀ ਅਤੇ ਪੂਰਬੀ ਆਲੋਚਨਾ ਦਾ ਮੁਕਾਬਲਾ ਹੋਵੇ ਤਾਂ ਸਾਡੀ ਆਲੋਚਨਾ ਦੀ ਅਣਹੋਂਦ ਹੀ ਮੰਨੀ ਜਾਂਦੀ ਹੈ।
3. ਨਿੱਜੀ ਜਾਂ ਪ੍ਰਸ਼ੰਸਾਤਮਕ ਉਲਾਰਾਂ ਅਤੇ ਬਾਹਰਮੁਖੀ ਦ੍ਰਿਸ਼ਟੀਕੋਣ ਦੀ ਅਣਹੋਂਦ ਦੇ ਕਾਰਨ ਉਤਪੰਨ ਹੋਈ ਗੁੱਟਬੰਦੀ ਅਤੇ ਸਾਹਿਤਕ ਅਨਾਚਾਰ ਦੀ ਬਹੁਤਾਤ ਹੈ । ਸਾਹਿਤ ਇਕ ਅਜਿਹਾ ਵਿਸ਼ਾਲ ਅਤੇ ਗੁੰਝਲਦਾਰ ਵਿਸ਼ਾ ਹੈ ਜਿਸ ਸੰਬੰਧੀ ਗਿਆਨ, ਵਿਗਿਆਨ ਦੇ ਵੱਖਵੱਖ ਵਿਸ਼ਿਆਂ ਅਤੇ ਆਰਥਿਕ, ਸਮਾਜਿਕ, ਰਾਜਨੀਤਿਕ ਢਾਂਚੇ ਤੇ ਗਿਆਨ ਤੋਂ ਬਿਨਾਂ ਵਿਸ਼ਲੇਸ਼ਣ ਦਾ ਕੋਈ ਵੀ ਵਿਗਿਆਨਕ ਰੂਪ ਨਹੀਂ ਉਸਾਰਿਆ ਜਾ ਸਕਦਾ ਪਰੰਤੂ ਪੰਜਾਬੀ ਆਲੋਚਨਾ ਨੂੰ ਤਾਂ ਸਾਧਾਰਨ ਬੋਧਿਕ ਸਰਗਰਮੀ ਵੀ ਸਵੀਕਾਰਿਆ ਜਾਂਦਾ ਹੈ। ਨਤੀਜੇ ਵਜੋਂ ਆਮ ਸਾਧਾਰਨ ਪਾਠਕ ਦੇ ਨਿਜੀ ਪ੍ਰਤੀਕਰਮ ਅਤੇ ਆਲੋਚਕਾਂ ਦੇ ਸਾਧਾਰਨ ਪ੍ਰਤੀਕਰਮਾਂ ਨੂੰ ਹੀ ਆਲੋਚਨਾ ਦਾ ਨਾਮ ਦੇਣ ਦੀ ਪ੍ਰਵਿਰਤੀ ਹੀ ਭਾਰੂ ਪ੍ਰਤੀਤ ਹੁੰਦੀ ਹੈ । ਪੰਜਾਬੀ ਦੇ ਸੀਮਤ ਘੇਰੇ ਵਿਚ ਆਪਸੀ ਜਾਣ-ਪਹਿਚਾਣ ਜਾਂ ਆਪਸੀ ਵੈਰ-ਵਿਰੋਧ ਸਾਹਿਤਕ ਆਲੋਚਨਾ ਦਾ ਰੂਪ ਧਾਰਨ ਕਰ ਚੁੱਕੇ ਹਨ ਜਿਸ ਨੇ ਸਾਹਿਤਕ ਗੁੱਟਬੰਦੀ ਅਤੇ ਅਨਾਚਾਰ ਨੂੰ ਹੀ ਹਵਾ ਦਿੱਤੀ ਹੈ | ਸਵਾਲ ਰਚਨਾ ਦੇ ਮਹੱਤਵ ਦਾ ਨਹੀਂ ਹੁੰਦਾ ਸਗੋਂ ਆਲੋਚਨਾ ਵਿਅਕਤੀ ਦੀ ਹੀ ਹੁੰਦੀ ਹੈ ਅਤੇ ਉਹ ਜਿਹੜੇ ਮਿਆਰ ਇਸ ਲਈ ਵਰਤਦਾ ਹੈ, ਉਹ ਆਲੋਚਕ ਦੇ ਨਿਜੀ ਹੁੰਦੇ ਹਨ । ਗੁਟਬੰਦੀ ਦੇ ਇਸ ਮਾਹੌਲ ਵਿਚ ਚੰਗੇ ਤੇ ਮਾੜੇ ਸਾਹਿਤ ਦੀ ਪਹਿਚਾਣ ਬਿਲਕੁਲ ਖ਼ਤਮ ਹੋ ਚੁੱਕੀ ਹੈ ।
4. ਇਸ ਵਿਚ ਰਚਨਾ ਦੇ ਪਾਠ (Text) ਦੀ ਥਾਂ ਰਚਨਾਕਾਰ ਜਾਂ ਰਚਨਾ ਦੇ ਸਮਾਜਿਕ ਇਤਿਹਾਸਕ ਪ੍ਰਸੰਗ ਤੋਂ ਬਾਹਰ ਹੋਰ ਪ੍ਰਸੰਗਾਂ ਨੂੰ ਅਧਿਕ ਮਹੱਤਾ ਅਤੇ ਵਿਸਤਾਰ ਵਿਚ ਅਧਿਐਨ ਦਾ ਆਧਾਰ ਬਣਾਇਆ ਜਾਂਦਾ ਹੈ । ਇਹ ਪ੍ਰਵਿਰਤੀ ਪੰਜਾਬੀ ਆਲੋਚਨਾ ਵਿਚ ਅਤਿ ਅਧਿਕ ਭਾਰੂ ਹੈ । ਇਸ ਦੇ ਬਿਲਕੁਲ ਉਲਟ ਹਰਿਭਜਨ ਸਿੰਘ ਆਦਿ ਨੇ ਕੇਵਲ ਰਚਨਾ ਦੇ ਪਾਠ ਨੂੰ ਹੀ ਆਧਾਰ ਬਣਾ ਕੇ ਆਲੋਚਨਾ ਦੀ ਪਰਿਪਾਟੀ ਦਾ ਆਰੰਭ ਵੀ ਕੀਤਾ ਹੈ । ਪਰੰਤੂ ਅਜਿਹੀ ਆਲੋਚਨਾ ਪਹਿਲੀ ਖਾਮੀ ਦੇ ਉਲਟ ਦੂਸਰੀ ਹੋਰ ਖਾਮੀ ਦਾ ਸ਼ਿਕਾਰ ਹੋ ਜਾਂਦੀ ਹੈ । ਇਸ ਵਿਚ ਸਾਹਿਤਕ ਰਚਨਾ ਦੇ ਪਾਠ ਨੂੰ ਵੀ ਸਭ ਕੁਝ ਮੰਨ ਲਿਆ ਜਾਂਦਾ ਹੈ । ਕੇਵਲ ਪਾਠ ਆਧਾਰਿਤ ਆਲੋਚਨਾ ਦੀਆਂ ਗੰਭੀਰ ਅਤੇ ਅਧਿਕ ਸੀਮਾਵਾਂ ਹਨ । ਇਹ ਹੀ ਪਾਠ-ਬਾਹਰੀ ਪ੍ਰਸੰਗ ਦੀ ਆਲੋਚਨਾ ਵੀ ਸੰਪੂਰਨ ਆਲੋਚਨਾ ਵਿਚ ਸ਼ਾਮਲ ਨਹੀਂ ਕੀਤੀ ਜਾ ਸਕਦੀ । ਇਸੇ ਲਈ ਪੰਜਾਬੀ ਆਲੋਚਨਾ ਦੀ ਇਹ ਸਮੁੱਚੇ ਤੌਰ ਤੇ ਸਮੱਸਿਆ ਹੈ ਅਤੇ ਪਾਠ ਤੇ ਪ੍ਰਸੰਗ ਦੇ ਸੰਤੁਲਨ ਨੂੰ ਪੂਰੀ ਤਰ੍ਹਾਂ ਕਾਇਮ ਨਹੀਂ ਰਖਿਆ ਗਿਆ।
5. ਪੰਜਾਬੀ ਆਲੋਚਨਾ ਦੀ ਕਮਜ਼ੋਰੀ ਇਸ ਗੱਲ ਵਿਚ ਹੈ ਕਿ ਸਾਹਿਤਕ ਕਿਰਤ ਜਾਂ ਸਾਹਿਤਕ ਲਹਿਰ ਦੇ ਸਮਾਜਿਕ ਅਤੇ ਇਤਿਹਾਸਕ ਪਿਛੋਕੜ ਨੂੰ ਠੀਕ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਸਫਲਤਾ ਸਹਿਤ ਨਹੀਂ ਵੇਖ ਸਕੀ । ਸਾਹਿਤ ਦੇ ਇਤਿਹਾਸਾਂ ਜਾਂ ਅਜਿਹੀਆਂ ਹੋਰ ਰਚਨਾਵਾਂ ਜਿਨ੍ਹਾਂ ਵਿਚ ਸਾਹਿਤ ਨੂੰ ਵਿਕਾਸਸ਼ੀਲ ਪਰੰਪਰਾ ਵਜੋਂ ਅਧਿਐਨ ਕਰਨ ਦੇ ਕੁਝ ਯਤਨ ਹੋਏ ਵੀ ਹਨ ਪਰੰਤੂ ਸਮਾਜ-ਸ਼ਾਸਤਰ ਦੇ ਨਵੀਨ ਸਿੱਧਾਂਤਾਂ ਅਤੇ ਪ੍ਰਾਪਤੀਆਂ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਸਕਿਆ ਅਤੇ ਆਲੋਚਕ ਮੁੱਖ ਤੌਰ ਤੇ ਕਿਸੇ ਇਕ ਸਾਹਿਤਕ ਲਹਿਰ ਜਾਂ ਸਾਹਿਤਕ ਰਚਨਾ ਦੇ ਇਤਿਹਾਸਕ ਜਾਂ ਸਮਾਜਿਕ ਪਿਛੋਕੜ ਦੇ ਵਰਣਨ ਕਰਨ ਸਮੇਂ ਕੇਵਲ ਇਤਿਹਾਸਕ ਤੱਥਾਂ ਜਾਂ ਸਾਧਾਰਣ ਰੂਪ ਵਿੱਚ ਪ੍ਰਾਪਤ ਅਸਾਧਾਰਣ ਜੀਵਨ ਦੇ ਆਮ ਪੱਖਾਂ ਨੂੰ ਰਚਨਾ ਦਾ ਸਮਾਜਿਕ ਜਾਂ ਇਤਿਹਾਸਕ ਪਿਛੋਕੜ ਸਮਝ ਲੈਂਦਾ ਹੈ । ਸਮਾਜਿਕ ਯਥਾਰਥ ਅਤੇ ਸਾਹਿਤਕ ਯਥਾਰਥ ਦੇ ਆਪਸੀ ਦਵੰਦਆਤਮਕ ਰਿਸ਼ਤੇ ਦੀਆਂ ਤੈਹਾਂ ਤਕ ਪਹੁੰਚਣ ਦੀ ਸਮਰੱਥਾ ਅਤੇ ਪੰਜਾਬੀ ਆਲੋਚਨਾ ਵਿਚ ਨਹੀਂ ਆਈ ਭਾਵੇਂ ਅਜਿਹੇ ਯਤਨ ਕੁਝ ਨਾ ਕੁਝ ਆਰੰਭ ਜ਼ਰੂਰ ਹੋਏ ਹਨ।
6. ਪੰਜਾਬੀ ਆਲੋਚਨਾ ਦੀ ਇਕ ਹੋਰ ਸਮੱਸਿਆ ਇਸ ਗੱਲ ਵਿਚ ਹੈ ਕਿ ਪੰਜਾਬੀ ਆਲੋਚਨਾ ਵਿਚ ਰੂਪ ਅਧਿਐਨ ਨੂੰ ਅਧਿਕ ਸਹੀ ਵਿਗਿਆਨਿਕ ਤਰੀਕੇ ਨਾਲ ਮਹੱਤਾ ਨਹੀਂ ਦਿੱਤੀ ਗਈ।ਰੂਪਵਾਦੀ ਆਲੋਚਨਾ ਇਕਪੱਖੀ ਅਤੇ ਬੜੀ ਸੀਮਤ ਹੈ ਅਤੇ ਬਾਕੀ ਸਾਰੀ ਆਲੋਚਨਾ ਲਗਭਗ ਰੂਪ ਪੱਖ ਦੇ ਅਧਿਐਨ ਨੂੰ ਅਣਗੌਲਿਆ ਹੀ ਕਰ ਜਾਂਦੀ ਹੈ। ਇਸੇ ਲਈ ਆਲੋਚਨਾ ਇਕਪੱਖੀ ਹੈ । ਰੂਪ ਪੱਖੋਂ ਵੀ ਘਾਟ ਹੈ । ਰੂਪ ਅਤੇ ਦੇ ਆਪਣੇ ਦਵੰਦਆਤਮਕ ਰਿਸ਼ਤੇ ਅਤੇ ਰਚਨਾ ਦੀ ਵਿਸ਼ੇ ਵਸਤੂ ਲਈ ਰੂਪ ਦੇ ਸਿਰਨਾਤਮਕ ਰੋਲ ਨੂੰ ਤਾਂ ਸਾਡੇ ਆਲੋਚਕ ਲਗਭਗ ਛੱਡ ਹੀ ਚੁੱਕੇ ਹਨ ਇਸੇ ਲਈ ਬਹੁਤੀ ਆਲੋਚਨਾ ਨਾ ਤਾਂ ਸਾਹਿਤ ਦੇ ਇਤਿਹਾਸਕ, ਸਮਾਜਿਕ ਪ੍ਰਸੰਗ ਨੂੰ ਭਲੀ ਭਾਂਤ ਸਮਝ ਕੇ ਰਚਨਾ ਦੇ ਵਿਸ਼ੇ ਵਸਤੂ ਨੂੰ ਹੀ ਸਮਝ ਸਕੀ ਹੈ ਤੇ ਨਾ ਹੀ ਰੂਪ ਪੱਖ ਦਾ ਸਹੀ ਵਿਸ਼ਲੇਸ਼ਣ ਕਰਨ ਦੀ ਪ੍ਰਵਿਰਤੀ ਆਰੰਭ ਕਰ ਸਕੀ।
7. ਇਕ ਹੋਰ ਕਮਜ਼ੋਰੀ ਇਸ ਵਿਚ ਉੱਚ ਪੱਧਰ ਦੀ ਖੋਜ ਦੀ ਅਣਹੋਂਦ ਹੈ। ਕਿਸੇ ਵਿਕਾਸ ਕਰ ਰਹੇ ਸਮਾਜ ਦੇ ਪੁਰਾਣੇ ਸਾਹਿਤ ਅਤੇ ਤਤਕਾਲੀਨ ਸਾਹਿਤ ਦੀ ਸੰਭਾਲ, ਪੁਰਾਣੀਆਂ ਹੱਥ ਲਿਖਤਾਂ ਦੀ ਖੋਜ, ਪੀੜ੍ਹੀ ਦਰ ਪੀੜੀ ਜ਼ੁਬਾਨੀ ਚਲੇ ਆ ਰਹੇ ਲੋਕ ਸਾਹਿਤ ਬਹੁਤ ਸਾਰੀਆਂ ਅਣਜਾਣ ਸਾਹਿਤਕ ਕਿਰਤਾਂ ਅਤੇ ਲੇਖਕਾਂ ਨੂੰ ਖੋਜਣ ਅਤੇ ਸੰਭਾਲਣਾ ਹੀ · ਜ਼ਰੂਰੀ ਨਹੀਂ ਸਗੋਂ ਵਿਦਵਾਨਾਂ ਦੁਆਰਾ ਉਹਨਾਂ ਦੇ ਸਹੀ ਮੁੱਲਾਂਕਣ ਅਤੇ ਸਾਹਿਤ ਦੀ ਪਰੰਪਰਾ ਵਿਚ ਉਹਨਾਂ ਦੇ ਸਥਾਨਾਂ ਨੂੰ ਨਿਸ਼ਚਤ ਕਰਨਾ ਜ਼ਰੂਰੀ ਹੈ ਤਾਂ ਕਿ ਕਿਸੇ ਸਾਹਿਤ ਦੇ ਇਤਿਹਾਸ ਦਾ ਪੂਰਾ ਅਤੇ ਅਟੁੱਟ ਕੂਮ ਸਾਹਮਣੇ ਲਿਆਂਦਾ ਜਾ ਸਕੇ ਅਤੇ ਉਸ ਸਾਹਿਤ ਦੇ ਸੁਭਾਅ, ਉਸ ਜੁਬਾਨ ਦੀਆਂ ਸੰਭਾਵਨਾਵਾਂ, ਮੌਲਿਕਤਾ ਦੇ ਪ੍ਰਸੰਗ ਵਿਚ ਰਚੇ ਜਾ ਰਹੇ ਸਾਹਿਤ ਨੂੰ ਸਮਝਿਆ ਜਾ ਸਕੇ ਪੰਜਾਬ ਦੀਆਂ ਵਿਸ਼ੇਸ਼ ਰਾਜਨੀਤਿਕ, ਸਮਾਜਿਕ ਪਰਿਸਥਿਤੀਆਂ ਵਿਚ ਪੰਜਾਬ ਦੇ ਪੁਰਾਤਨ ਅਤੇ ਨੇੜੇ ਦੇ ਅਤੀਤ ਵਿਚ ਰਚੇ ਗਏ ਬਹੁਤ ਸਾਰੇ ਸਾਹਿਤ ਦੀ ਸੰਭਾਲ ਅਜੇ ਤਕ ਨਹੀਂ ਹੋ ਸਕੀ । ਆਧੁਨਿਕ ਯੁਗਾਂ ਦੀਆਂ ਪਰਿਸਥਿਤੀਆਂ ਅਨੁਕੂਲ ਪੰਜਾਬੀ ਸਾਹਿਤ-ਚੇਤਨਾ ਨੇ ਅਜੇ ਵਿਕਾਸ ਕਰਨਾ ਸ਼ੁਰੂ ਕੀਤਾ ਹੈ ਪੰਜਾਬੀ ਭਾਸ਼ਾ ਤੇ ਸਾਹਿਤ ਦਾ ਇਸੇ ਕਰਕੇ ਕੋਈ ਮੁਲਾਂਕਣੀ ਇਤਿਹਾਸ ਨਹੀਂ ਲਿਖਿਆ ਜਾ ਸਕਿਆ । ਇਸ ਦਿਸ਼ਾ ਵਿਚ ਭਾਵੇਂ ਕੁਝ ਕੰਮ ਹੋਇਆ ਵੀ ਹੈ ਪਰੰਤੂ ਫਿਰ ਵੀ ਇਸ ਦਾ ਘੇਰਾ ਤੇ ਪੱਧਰ ਦੋਵੇਂ ਹੀ ਬੜੇ ਸੀਮਤ ਅਤੇ ਮੁੱਢਲੇ ਹਨ। ਵੱਖ-ਵੱਖ ਸਾਹਿਤਕ ਅਤੇ ਜੀਵਨ ਦ੍ਰਿਸ਼ਟੀਕੋਣਾਂ, ਤੱਥਾਂ, ਦਾਰਸ਼ਨਿਕ ਸਿੱਧਾਂਤ ਅਨੁਸਾਰ ਪੰਜਾਬੀ ਸਾਹਿਤ ਦਾ ਅਧਿਐਨ ਅਤੇ ਮੁੱਲਾਂਕਣ ਸਮੁੱਚੀ ਆਲੋਚਨਾ ਦੀ ਵੱਡੀ ਘਾਟ ਹੈ।[1]
ਹਵਾਲੇ
ਸੋਧੋ1)ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ, ਪੰਨਾ ਨੰ.11(ਹਰਿਭਜਨ ਸਿੰਘ ਭਾਟੀਆ)
2)ਉਹੀ ਪੰਨਾ ਨੰ. 39 (ਹਰਿਭਜਨ ਸਿੰਘ ਭਾਟੀਆ)
3)ਸਮੀਖਿਆ ਪ੍ਰਣਾਲੀ ਪੰਨਾ ਨੰ. 106 (ਸੰਤ ਸਿੰਘ ਸੇਖੋਂ)
4ਪੰਜਾਬੀ ਆਲੋਚਨਾ ਸਰੂਪ ਅਤੇ ਸੰਭਾਵਨਾਵਾਂ, ਪੰਨਾ ਨੰ. 44(ਡਾ.ਸਤਿਨਾਮ ਸਿੰਘ ਸੰਧੂ)
==ਸਮੱਗਰੀ==
1)ਆਧੁਨਿਕ ਪੰਜਾਬੀ ਸਾਹਿਤ (ਆਲੋਚਨਾ) (ਦੀਵਾਨ ਸਿੰਘ)
2)ਪੰਜਾਬੀ ਆਲੋਚਨਾ ਦੇ ਸਰੂਪ (ਪ੍ਰੇਮ ਪ੍ਰਕਾਸ ਸਿੰਘ)
3)ਪੰਜਾਬੀ ਆਲੋਚਨਾ: ਦਸ਼ਾ ਅਤੇ ਦਿਸ਼ਾ (ਸੁਰਜੀਤ ਸਿੰਘ ਭੱਟੀ)
4)ਪੰਜਾਬੀ ਆਲੋਚਨਾ ਆਰੰਭ, ਵਿਕਾਸ ਅਤੇ ਪ੍ਰਣਾਲੀਆਂ (ਬ੍ਰਹਮ ਜਗਦੀਸ਼ ਸਿੰਘ)
5)ਸਾਹਿਤ ਕੋਸ਼ (ਡਾ. ਰਤਨ ਸਿੰਘ ਜੱਗੀ)
6)ਪੰਜਾਬੀ ਵਿਕੀਪੀਡੀਆ(ਇੱਕ ਆਜ਼ਾਦ ਵਿਸ਼ਵਕੋਸ਼)
7)ਚਿੰਤਨ ਪੁਨਰ ਚਿੰਤਨ (ਹਰਿਭਜਨ ਸਿੰਘ ਭਾਟੀਆ) ਹਵਾਲੇ:
8) ਪੰਜਾਬੀ ਸਾਹਿਤ ਦਾ ਇਤਿਹਾਸ (ਆਧੁਨਿਕ ਕਾਲ)
(ਡਾ. ਜਸਵਿੰਦਰ ਸਿੰਘ ਤੇ ਮਾਨ ਸਿੰਘ ਢੀਂਡਸਾ)
2. ਪੰਜਾਬੀ ਅਲੋਚਨਾ ਦਾ ਇਤਿਹਾਸ
(ਡਾ. ਹਰਿਭਜਨ ਸਿੰਘ ਭਾਟੀਆ)
- ↑ Akhara, Kulwinder. ਪੰਜਾਬੀ ਆਲੋਚਨਾ.