ਪੰਜਾਬੀ ਨਾਵਲ ਦਾ ਇਤਿਹਾਸ

ਪੰਜਾਬੀ ਨਾਵਲ ਦਾ ਇਤਿਹਾਸ ਗੁਰਪਾਲ ਸਿੰਘ ਸੰਧੂ ਦੁਆਰਾ ਲਿਖਿਆ ਹੈ। ਇਸ ਦੇ ਸੱਤ ਹਿੱਸੇ ਬਣਾਏ ਹਨ। ਸਭ ਤੋਂ ਪਹਿਲਾ ਨਾਵਲ ਦੀਆਂ ਵਿਸ਼ੇਸ਼ਤਾਵਾਂ ਅਤੇ ਪੰਜਾਬੀ ਨਾਵਲ ਦੇ ਮੁੱਢ ਬੱਝਣ ਤੇ ਪ੍ਰੇਰਨਾ ਸਰੋਤਾਂ ਬਾਰੇ ਵਿਚਾਰ ਕੀਤਾ ਗਿਆ ਹੈ। ਦੂਜੇ ਹਿੱਸੇ ਵਿੱਚ ਨਾਵਲ ਦੇ ਮੁੱਢਲੇ ਸਰੂਪ ਅਤੇ ਪੰਜਾਬੀ ਨਾਵਲਾਂ ਤੇ ਨਾਵਲਕਾਰਾਂ ਬਾਰੇ ਚਰਚਾ ਕੀਤੀ ਗਈ ਹੈ। ਤੀਜੇ-ਚੌਥੇ ਹਿੱਸੇ ਵਿੱਚ ਪੰਜਾਬੀ ਨਾਵਲ ਦੀ ਪ੍ਰਮੁੱਖ ਰਚਨਾਤਮਕ ਪ੍ਰਵਿਰਤੀਆਂ ਨਾਲ ਸੰਬੰਧਿਤ ਨਾਵਲਾਂ ਤੇ ਨਾਵਲਕਾਰਾਂ ਬਾਰੇ ਚਰਚਾ ਕੀਤੀ ਗਈ ਹੈ। ਪੰਜਵੇਂ ਹਿੱਸੇ ਵਿੱਚ ਉਤਰ-ਯਥਾਰਥਵਾਦੀ ਨਾਵਲ ਦੇ ਸਿਰਲੇਖ ਹੇਠ ਸਮਕਾਲੀ ਪੰਜਾਬੀ ਨਾਵਲ ਦੀ ਚਰਚਾ ਕੀਤੀ ਗਈ ਹੈ। ਨਾਵਲ ਦੇ ਸੱਤਵੇਂ ਹਿੱਸੇ ਵਿੱਚ ਪਰਵਾਸੀ ਪੰਜਾਬੀ ਨਾਵਲ ਤੇ ਪਾਕਿਸਤਾਨੀ ਪੰਜਾਬੀ ਨਾਵਲ ਦੀ ਚਰਚਾ ਕੀਤੀ ਗਈ ਹੈ।[1]

ਪੰਜਾਬੀ ਨਾਵਲ ਦਾ ਇਤਿਹਾਸ
ਲੇਖਕਗੁਰਪਾਲ ਸਿੰਘ ਸੰਧੂ
ਦੇਸ਼ਭਾਰਤ
ਭਾਸ਼ਾਪੰਜਾਬੀ
ਪ੍ਰਕਾਸ਼ਕਸਾਹਿਤ ਅਕਾਦਮੀ ਦਿੱਲੀ

ਪੰਜਾਬੀ ਨਾਵਲ ਦਾ ਆਰੰਭ ਸੋਧੋ

ਪੰਜਾਬੀ ਨਾਵਲ ਦੇ ਆਰੰਭ ਬਾਰੇ ਦੋ ਰਾਵਾਂ ਪ੍ਰਚਲਤ ਹਨ। ਪਹਿਲੀ ਰਾਏ ਅਨੁਸਾਰ ਪੰਜਾਬੀ ਨਾਵਲ ਪੰਜਾਬੀ ਦੇ ਬਾਕੀ ਆਧੁਨਿਕ ਰੂਪਾਕਾਰਾਂ ਵਾਂਗ ਪੱਛਮੀ ਸਾਹਿਤ ਦੇ ਪ੍ਰਭਾਵ ਅਧੀਨ ਪੈਦਾ ਹੋਇਆ। ਦੂਜੀ ਰਾਏ ਇਹ ਹੈ ਕਿ ਪੰਜਾਬੀ ਨਾਵਲ ਮੱਧਕਾਲੀਨ ਬਿਰਤਾਂਤ ਰੂਪਾਂ ਭਾਵ ਕਿੱਸਾ-ਕਾਵਿ, ਵਾਰ-ਕਾਵਿ ਤੇ ਜੰਗਨਾਮਾ ਤੇ ਸਾਖੀਆਂ ਆਦਿ ਤੋਂ ਪੈਦਾ ਹੋਇਆ ਹੈ। ਪੰਜਾਬੀ ਨਾਵਲ ਵਰਗਾ ਕੋਈ ਸਾਹਿਤਕ ਰੂਪਾਕਾਰ ਮੱਧਕਾਲੀਨ ਸਾਹਿਤ ਵਿੱਚ ਪ੍ਰਾਪਤ ਨਹੀਂ ਸੀ ਪਰ ਪੰਜਾਬੀ ਨਾਵਲ ਨੇ ਮੱਧਕਾਲੀਨ ਕਥਾ-ਸਾਹਿਤ ਤੋਂ ਆਪਣੀ ਬਣਤਰ ਵਿੱਚ ਬਹੁਤ ਸਾਰੇ ਅੰਸ਼ਾਂ ਨੂੰ ਸਮੋਇਆ ਹੈ।[2]

ਗੁਰਪਾਲ ਸਿੰਘ ਸੰਧੂ ਨੇ ਪੰਜਾਬੀ ਨਾਵਲ ਦੇ ਇਤਿਹਾਸ ਦੇ ਸੱਤ ਹਿੱਸੇ ਬਣਾਏ ਹਨ। ਸਭ ਤੋਂ ਪਹਿਲਾ ਨਾਵਲ ਦੀਆਂ ਵਿਸ਼ੇਸ਼ਤਾਵਾਂ ਅਤੇ ਪੰਜਾਬੀ ਨਾਵਲ ਦੇ ਮੁੱਢ ਬੱਝਣ ਤੇ ਪ੍ਰੇਰਨਾ ਸਰੋਤਾਂ ਬਾਰੇ ਵਿਚਾਰ ਕੀਤਾ ਗਿਆ ਹੈ। ਦੂਜੇ ਹਿੱਸੇ ਵਿੱਚ ਨਾਵਲ ਦੇ ਮੁੱਢਲੇ ਸਰੂਪ ਅਤੇ ਪੰਜਾਬੀ ਨਾਵਲਾਂ ਤੇ ਨਾਵਲਕਾਰਾਂ ਬਾਰੇ ਚਰਚਾ ਕੀਤੀ ਗਈ ਹੈ। ਤੀਜੇ-ਚੌਥੇ ਹਿੱਸੇ ਵਿੱਚ ਪੰਜਾਬੀ ਨਾਵਲ ਦੀ ਪ੍ਰਮੁੱਖ ਰਚਨਾਤਮਕ ਪ੍ਰਵਿਤਰੀਆਂ ਨਾਲ ਸੰਬੰਧਿਤ ਨਾਵਲਾਂ ਤੇ ਨਾਵਲਕਾਰਾਂ ਬਾਰੇ ਚਰਚਾ ਕੀਤੀ ਗਈ ਹੈ। ਪੰਜਵੇਂ ਹਿੱਸੇ ਵਿੱਚ ਉਤਰ-ਯਥਾਰਥਵਾਦੀ ਨਾਵਲ ਦੇ ਸਿਰਲੇਖ ਹੇਠ ਸਮਕਾਲੀ ਪੰਜਾਬੀ ਨਾਵਲ ਦੀ ਚਰਚਾ ਕੀਤੀ ਗਈ ਹੈ। ਨਾਵਲ ਦੇ ਸੱਤਵੇਂ ਹਿੱਸੇ ਵਿੱਚ ਪਰਵਾਸੀ ਨਾਵਲ ਤੇ ਪਾਕਿਸਤਾਨੀ ਪੰਜਾਬੀ ਨਾਵਲ ਦੀ ਚਰਚਾ ਕੀਤੀ ਗਈ ਹੈ।

ਨਾਵਲ ਤੇ ਪੰਜਾਬੀ ਨਾਵਲ ਦੀ ਵਿਕਾਸ ਰੇਖਾ ਸੋਧੋ

ਨਾਵਲ ਇੱਕ ਲੰਮੀ ਬਿਰਤਾਂਤਕ ਅਤੇ ਗਲਪਮਈ ਰਚਨਾ ਹੈ। ਜਿਸ ਵਿੱਚ ਜ਼ਿੰਦਗੀ ਦੀ ਵਿਆਪਕ ਪੇਸ਼ਕਾਰੀ ਅਤੇ ਵਿਸ਼ਲੇਸ਼ਣ ਪਾਤਰਾਂ, ਘਟਨਾਵਾਂ, ਸਥਾਨਕ ਵੇਰਵਿਆਂ, ਵਾਰਤਾਲਾਪ ਅਤੇ ਭਾਸ਼ਾ ਦੁਆਰਾ ਵਿਲੱਖਣ ਵਿਸ਼ਵ ਦ੍ਰਿਸ਼ਟੀ ਰਾਹੀਂ ਕਥਾ ਸਿਰਜਣ ਦੀ ਵਿਧੀ ਦੇ ਰੂਪ ਵਿੱਚੋਂ ਕੀਤਾ ਜਾਂਦਾ ਹੈ। ਇਹ ਅਜਿਹਾ ਗਲਪੀ ਸੰਸਾਰ ਸਿਰਜਦਾ ਹੈ ਜੋ ਸੱਚਾ ਸੰਸਾਰ ਨਾ ਹੁੰਦਿਆ ਵੀ ਅਸਲੀ ਪ੍ਰਤੀਤ ਹੁੰਦਾ ਹੈ। ਇੱਕ ਪਾਸੇ ਇਸ ਦਾ ਸੰਬੰਧ ਸਮਕਾਲੀ ਜੀਵਨ ਦੇ ਯਥਾਰਥ ਨਾਲ ਜੁੜਦਾ ਹੈ ਅਤੇ ਦੂਜੇ ਪਾਸੇ ਕਾਲਪਨਿਕ ਗਲਪ ਸੰਸਾਰ ਵਿੱਚ ਪੇਸ਼ ਹੋਏ ਕਲਾ ਦੇ ਯਥਾਰਥ ਨਾਲ ਬਣਿਆ ਰਹਿੰਦਾ ਹੈ।[3]

ਪੰਜਾਬੀ ਨਾਵਲ ਦਾ ਮੁੱਢ ਅਤੇ ਮੁੱਢਲਤ ਸਰੂਪ ਸੋਧੋ

ਜੋਗਿੰਦਰ ਸਿੰਘ ਰਾਹੀ, ਡਾ, ਹਰਦਰਸ਼ਨ ਸਿੰਘ ਅਤੇ ਡਾ. ਅਤਰ ਸਿੰਘ ਵਰਗੇ ਵਿਦਵਾਨ ਪੰਜਾਬੀ ਨਾਵਲ ਦੇ ਮੁੱਢ ਬੱਝਣ ਵਿੱਚ ਕਿੱਸਾ ਕਾਵਿ, ਵਾਰ-ਕਾਵਿ, ਜਨਮ ਸਾਖੀਆਂ ਅਤੇ ਗੁਰੂ ਲਿਬਾਸ ਦਾ ਮੁੱਖ ਯੋਗਦਾਨ ਮਹਿਸੂਸ ਕਰਦੇ ਹਨ। ਪੰਜਾਬੀ ਨਾਵਲ ਦੇ ਮੁੱਢ ਬਾਰੇ ਪ੍ਰਚਲਿਤ ਦੂਜਾ ਸਿਧਾਂਤ ਪੰਜਾਬੀ ਨਾਵਲ ਨੂੰ ਅੰਗਰੇਜ਼ੀ ਸ਼ਾਸਨ ਦੌਰਾਨ ਪੈਦਾ ਹੋਏ ਨਿਜ਼ਾਮ ਅਤੇ ਯੂਰਪੀ ਨਾਵਲ ਦੇ ਪ੍ਰਭਾਵ ਵਿੱਚ ਪੈਦਾ ਹੋਇਆ ਮੰਨਦਾ ਹੈ। ਇਸ ਕਰਕੇ ਇਸ ਦਾ ਸਿੱਧਾ ਰਿਸ਼ਤਾ ਅੰਗਰੇਜ਼ੀ ਰਾਜ ਪ੍ਰਬੰਧ ਦੇ ਕਾਇਮ ਹੋਣ ਦੇ ਫਲਸਰੂਪ ਪੈਦਾ ਹੋਏ ਸਮਾਜਿਕ ਹਾਲਾਤਾਂ ਨਾਲ ਜੁੜਿਆ ਹੋਇਆ ਦਿਖਾਈ ਦਿੰਦਾ ਹੈ। ਪੰਜਾਬੀ ਦੇ ਮੌਲਿਕ ਨਾਵਲਾਂ ਦੇ ਮੁੱਢ ਅਤੇ ਵਿਕਾਸ ਪ੍ਰਕਿਰਿਆ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਸਕਦਾ ਹੈ[4]

1. ਭਾਈ ਵੀਰ ਸਿੰਘ, ਭਾਈ ਮੋਹਨ ਸਿੰਘ ਵੈਦ, ਸ. ਚਰਨ ਸਿੰਘ ਸ਼ਹੀਦ ਤੋਂ ਇਲਾਵਾ ਹੋਰ ਵੀ ਅਜਿਹੇ ਨਾਵਲਕਾਰ ਹਨ ਜਿੰਨ੍ਹਾਂ ਨੇ ਆਪਣੀ ਇੱਕਾ-ਦੁੱਕਾ ਰਚਨਾਵਾਂ ਨਾਲ ਪੰਜਾਬੀ ਨਾਵਲ ਦੀ ਪਰੰਪਰਾ ਨੂੰ ਵਿਕਸਿਤ ਕਰਨ ਵਿੱਚ ਯੋਗਦਾਨ ਪਾਇਆ ਜਿਵੇਂ-: ਅਮਰ ਸਿੰਘ ਛਾਪੇਵਾਲਾ, ਪ੍ਰਿੰ. ਨਿਰੰਜਨ ਸਿੰਘ, ਹਕੀਮ ਸੁੰਦਰ ਸਿੰਘ, ਗਿਆਨੀ ਹਜ਼ੂਰਾ ਸਿੰਘ, ਹਰਬਖਸ਼ ਸਿੰਘ

ਵਿਅਕਤੀਵਾਦੀ ਆਦਰਸ਼ਵਾਦੀ ਦੌਰ ਸੋਧੋ

ਇਹ ਨਾਵਲ ਪੰਜਾਬੀ ਵਿੱਚ ਬਿਰਤਾਂਤ ਸਿਰਜਣ ਦੇ ਪੱਖ ਤੋ ਵੀਂ ਅਤੇ ਵਿਸ਼ੇਗਤ ਸੰਦਰਭਾਂ ਅਤੇ ਸਰੋਕਾਰਾਂ ਦੇ ਪੇਸ਼ਕਾਰੀ ਦੇ ਨਜ਼ਰੀਏ ਤੋਂ ਵੀ ਬੁਨਿਆਦੀ ਤਬਦੀਲੀ ਲੈ ਕੇ ਆਉਂਦਾ ਹੈ। ਇਸ ਕਰਕੇ ਵਿਅਕਤੀਵਾਦੀ ਆਦਰਸ਼ਵਾਦੀ ਦੌਰ ਦੇ ਪੰਜਾਬੀ ਨਾਵਲ ਵਿੱਚ ਚਾਰ ਮੁੱਖ ਵੱਖਰਤਾਵਾਂ ਪੇਸ਼ ਹੁੰਦੀਆਂ ਹਨ। ਪਹਿਲੀ ਇਸ ਨਾਵਲ ਦੀ ਰਚਨਾ ਦ੍ਰਿਸ਼ਟੀ ਵਿੱਚ ਧਾਰਮਿਕ ਮਾਹੌਲ ਅਤੇ ਮਾਰਕਸਵਾਦ ਦੇ ਨਿਭਾਅ ਦੀ ਰਵਾਇਤ ਖ਼ਤਮ ਹੁੰਦੀ ਹੈ। ਦੂਜਾ ਪੰਜਾਬੀ ਨਾਵਲ ਦਾ ਧੁਰਾ ਧਾਰਮਿਕ ਅਤੇ ਸੰਪ੍ਰਦਾਇਕ ਸੰਦਰਭਾਂ ਦੀ ਥਾਂ ਸਾਡੀਆਂ ਸਮਾਜਿਕ ਸਮੱਸਿਆਵਾਂ ਬਣਦੀਆਂ ਹਨ। ਤੀਜਾ ਅਜਿਹੇ ਨਾਇਕ ਦੀ ਸਿਰਜਣਾ ਹੁੰਦੀ ਹੈ ਜੋ ਅਚਾਨਕ ਵਾਪਰਨ ਵਾਲੀ ਅਣਹੋਣੀ ਨਾ ਮੁਸੀਬਤਾਂ ਵਿੱਚ ਘਿਰ ਜਾਂਦਾ ਹੈ। ਚੌਥਾ ਇਸ ਦੌਰ ਦਾ ਨਾਵਲ ਪਹਿਲੇ ਨਾਵਲ ਵਿੱਚ ਪ੍ਰਚਲਿਤ ਬਿਰਤਾਂਤਕ ਹਵਾਲਿਆਂ ਦਾ ਤਿਆਗ ਕਰਕੇ ਸਮਕਾਲੀ ਯੁੱਗ ਦੇ ਬਿਰਤਾਂਤਕ ਹਵਾਲਿਆਂ ਦੀ ਵਰਤੋਂ ਕਰਕੇ ਆਪਣੀ ਵੱਖਰੀ ਕਿਸਮ ਦੀ ਨਾਵਲੀ ਕਥਾ ਦੀ ਉਸਾਰੀ ਕਰਦਾ ਹੈ। ਇਸ ਦੌਰ ਵਿੱਚ ਨਾਨਕ ਸਿੰਘ, ਸੰਤ ਸਿੰਘ ਸੇਖੋਂ, ਸੁਰਿੰਦਰ ਸਿੰਘ ਨੁਰੂਲਾ, ਕਰਨਲ ਨਰਿੰਦਰਪਾਲ ਸਿੰਘ, ਜਸਵੰਤ ਸਿੰਘ ਕੰਵਲ, ਗੁਰਚਰਨ ਸਿੰਘ ਆਦਿ ਹਨ।

ਪ੍ਰਗਤੀਵਾਦੀ ਯਥਾਰਥਵਾਦੀ ਦੌਰ ਦਾ ਨਾਵਲ ਸੋਧੋ

ਯਥਾਰਥਵਾਦੀ ਸਾਹਿਤ ਸਿਰਜਣ ਪ੍ਰਕਿਰਿਆ ਦੀ ਬੁਨਿਆਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਵਿਅਕਤੀ ਤੇ ਸਮਾਜ ਦੇ ਆਪਸੀ ਰਿਸ਼ਤੇ ਦੀਆਂ ਸਾਰੀਆਂ ਸਰਗਰਮੀਆਂ ਨੂੰ ਵਾਸਤਵਿਕ ਚਿੱਤਰ ਪੇਸ਼ ਕਰਨ ਦੇ ਨਜ਼ਰੀਏ ਤੋਂ ਚਿਤਰਿਆਂ ਜਾਂਦਾ ਹੈ। ਪੰਜਾਬੀ ਸਾਹਿਤ ਵਿੱਚ ਯਥਾਰਥਵਾਦੀ ਧਾਰਾ ਦੇ ਉਪਜਣ ਅਤੇ ਵਿਗਸਣ ਵਿੱਚ ਪ੍ਰਗਤੀਵਾਦੀ ਸਾਹਿਤ ਧਾਰਾ ਦੀ ਬੁਨਿਆਦੀ ਭੂਮਿਕਾ ਹੈ। ਇਸ ਦੌਰ ਦਾ ਪੰਜਾਬੀ ਨਾਵਲ ਵੀ ਪ੍ਰਗਤੀਵਾਦ/ ਯਥਾਰਥਵਾਦ ਨਾਲ ਰਚਨਾਤਮਕ ਅਤੇ ਬਿਰਤਾਂਤਕ ਸਰੋਕਾਰ ਅਤੇ ਸੰਦਰਭ ਰੱਖਦਾ ਹੈ। ਇਹ ਨਾਵਲ ਪ੍ਰਗਤੀਬਾਦੀ ਗਲਪ ਸ਼ੈਲੀ ਦਾ ਪ੍ਰਯੋਗ, ਯਥਾਰਥਕ ਕਥਾਨਕ ਉਸਾਰੀ ਅਤੇ ਪਾਤਰਾਂ ਦੀ ਆਪੋ ਆਪਣੇ ਸੱਭਿਆਚਾਰਕ ਪਿਛੋਕੜ ਵਾਲੀ ਬੋਲੀ ਆਦਿ ਵਰਤੋਂ ਕਰਕੇ ਉਸ ਦੀਆਂ ਪ੍ਰਮੁੱਖ ਬਿਰਤਾਂਤਕ ਖੂਬੀਆਂ ਨੂੰ ਉਸਾਰਦੀ ਹੈ। ਇਸ ਦੌਰ ਵਿੱਚ ਸੋਹਣ ਸਿੰਘ ਸੀਤਲ, ਕਰਤਾਰ ਸਿੰਘ ਦੁੱਗਲ, ਗੁਰਦਿਆਲ ਸਿੰਘ, ਸੁਰਜੀਤ ਸਿੰਘ ਸੇਠੀ, ਸੁਖਬੀਰ, ਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਿਵਾਣਾ, ਅਜੀਤ ਕੌਰ ਅਤੇ ਇਹਨਾਂ ਤੋਂ ਇਲਾਵਾ ਕੁੱਝ ਅਣਗੌਲੇ ਨਾਵਲਕਾਰ ਵੀ ਆਉਂਦੇ ਹਨ।[5]

ਉਤਰ ਯਥਾਰਥਵਾਦੀ ਕਾਲ ਸੋਧੋ

ਉੱਤਰ ਯਥਾਰਥਵਾਦੀ ਕਾਲ ਦੇ ਨਾਵਲ ਵਿੱਚ ਦੋ ਮੁੱਖ ਸਿਰਜਣਾਤਮਕ ਰੁਚੀਆਂ ਪ੍ਰਚਲਿਤ ਹੁੰਦੀਆਂ ਹਨ। ਪਹਿਲੀ ਰੁਚੀ ਮੁਤਾਬਕ ਇਸ ਦੌਰ ਦਾ ਨਾਵਲ ਵਿਸ਼ੇਗਤ ਅਤੇ ਰਚਨਾ- ਦ੍ਰਿਸ਼ਟੀ ਦੀ ਵੰਨ-ਸੁਵੰਨਤਾ ਨੂੰ ਰਚਣ ਦੀ ਕੋਸ਼ਿਸ਼ ਕਰਦਾ ਹੈ। ਇਸ ਦੌਰ ਦੀ ਦੂਜੀ ਰੁਚੀ ਯਥਾਰਥ ਦੀਆਂ ਭ੍ਰਾਂਤੀਆਂ ਨੂੰ ਸਿਮਰਨ ਅਤੇ ਉਹਨਾਂ ਦਾ ਆਦਰਸ਼ ਪ੍ਰੇਰਨਾ ਰਾਹੀਂ ਹੱਥ ਲੱਭਣ ਜਾਂ ਯਥਾਰਥ ਦੇ ਦਿਸਣਤਾਰ ਸਰੂਪ ਦਾ ਸਪਾਟ ਚਿਤਰਨ ਕਰਨ ਦੀ ਥਾਂ, ਉਹਨਾਂ ਦੇ ਹਕੀਕੀ ਵਿਰੋਧਾਂ ਦੀ ਤਲਾਸ਼ ਕਰਨਾ ਹੈ। ਇਸ ਦੌਰ ਦਾ ਨਾਵਲ ਵਿਸ਼ਿਆਂ ਦੀ ਵੰਨ-ਸੁਵੰਨਤਾ ਦੇ ਨਾਲ-ਨਾਲ ਰਚਨਾ-ਦ੍ਰਿਸ਼ਟੀ ਦੀ ਵੰਨ-ਸੁਵੰਨਤਾ ਨੂੰ ਧਾਰਨ ਕਰ ਲੈਂਦਾ ਹੈ। ਉਤਰ-ਯਥਾਰਥਵਾਦੀ ਦੌਰ ਦਾ ਪੰਜਾਬੀ ਨਾਵਲ ਬਿਰਤਾਂਤਕ ਜੁਗਤਾਂ ਦੇ ਲਿਹਾਜ਼ ਨਾਲ ਵੀ ਪੂਰੀ ਤਰ੍ਹਾਂ ਵੱਖਰਤਾ ਕਾਇਮ ਕਰਦਾ ਦੇਖਿਆ ਜਾ ਸਕਦਾ ਹੈ। ਇਸ ਦੌਰ ਦੇ ਪ੍ਰਮੁੱਖ ਨਾਵਲਕਾਰ ਇੰਦਰ ਸਿੰਘ ਖਾਮੋਸ਼, ਮਿੱਤਰ ਸੈਨ ਮੀਤ, ਗੁਰਮੁੱਖ ਸਿੰਘ ਸਹਿਰਾਲ, ਬਲਦੇਵ ਸਿੰਘ, ਜੋਗਿੰਦਰ ਸਿੰਘ ਕੈਰੋਂ, ਹਰਭਜਨ ਸਿੰਘ, ਬਲਵੰਤ ਸਿੰਘ ਆਦਿ ਹਨ।[6]

ਪਰਵਾਸੀ ਪੰਜਾਬੀ ਨਾਵਲ ਸੋਧੋ

ਵੀਹਵੀਂ ਸਦੀ ਦੇ ਪੰਜਵੇਂ ਦਹਾਕੇ ਤੋਂ ਬਾਅਦ ਪੰਜਾਬੀਆਂ ਦਾ ਵੱਡੇ ਪੱਧਰ ਤੇ ਹੋਇਆ ਪਰਵਾਸ ਇੱਕ ਪਾਸੇ ਤਾਂ ਇਤਿਹਾਸਿਕ ਤੌਰ 'ਤੇ ਸਥਿਤੀਆਂ ਵਿੱਚ ਹੋਈ ਤਬਦੀਲੀ ਦੇ ਰੂਪ ਵਿੱਚ ਮਹੱਤਵ ਗ੍ਰਹਿਣ ਕਰ ਲੈਂਦਾ ਹੈ ਅਤੇ ਦੂਸਰੇ ਪਾਸੇ ਅਜੋਕੀ ਪੰਜਾਬੀ ਸਿਰਜਣਾਤਮਕਤਾ ਦੀ ਸਥਿਤੀ ਨੂੰ ਸਮਝਣ ਲਈ ਵਿਸ਼ੇਸ਼ ਸਾਰਥਿਕਤਾ ਰੱਖਦਾ ਹੈ। ਇਸ ਕਰਕੇ ਇਹਨਾਂ ਨਾਵਲਾਂ ਵਿੱਚ ਪੰਜਾਬੀ ਮਨੁੱਖ ਅਤੇ ਸੱਭਿਆਚਾਰ ਦੀ ਓਪਰੇ ਸਮਾਜ ਵਿਚਲੀ ਸਥਿਤੀ ਨੂੰ ਬੜੀ ਗੰਭੀਰਤਾ ਅਤੇ ਜਟਿਲਤਾ ਨਾਲ ਪੇਸ਼ ਕੀਤਾ ਗਿਆ ਹੈ। ਮੁੱਢਲੇ ਪਰਵਾਸੀ ਪੰਜਾਬੀ ਨਾਵਲ ਵਿੱਚ ਸਤੱਈ ਦ੍ਰਿਸ਼ਾਂ ਦੇ ਚਿਤਰਨ ਦੇ ਨਾਲ-ਨਾਲ ਕੁੱਝ ਨਾਵਲਕਾਰਾਂ ਦੇ ਨਾਵਲ ਗੰਭੀਰ ਸੁਭਾਅ ਦਾ ਨਾਵਲੀ-ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਵੀ ਕਰਦੇ ਹਨ। ਇਸ ਦੌਰ ਦੇ ਪ੍ਰਮੁੱਖ ਨਾਵਲਕਾਰ ਕੈਲਾਸ਼ਪੁਰੀ, ਰਘਬੀਰ ਢੰਡ, ਦਰਸ਼ਨ ਸਿੰਘ ਧੀਰ, ਸਵਰਨ ਚੰਦਨ, ਸੁਸ਼ੀਲ ਕੌਰ, ਹਰਜੀਤ ਅਟਵਾਲ, ਨਦੀਮ ਪਰਮਾਰ ਆਦਿ ਹਨ।[7]

ਪਾਕਿਸਤਾਨੀ ਪੰਜਾਬ ਦਾ ਪੰਜਾਬੀ ਨਾਵਲ ਸੋਧੋ

1947 ਦਾ ਸਾਲ ਪਾਕਿਸਤਾਨੀ ਲੇਖਕਾਂ ਲਈ ਨਵੇਂ ਅਤੇ ਆਜ਼ਾਦ ਮੁਲਕ ਨੂੰ ਕਾਇਮ ਕਰਨ ਵਾਲਾ ਹੈ ਅਤੇ ਨਾਲ ਹੀ ਨਾਲ ਇਹ ਅਜਿਹੇ ਕੌਮੀ ਦੁਖਾਂਤ ਦਾ ਮੰਜਰ ਪੇਸ਼ ਕਰਦਾ ਹੈ ਜਿਸ ਵਿੱਚ ਸਦੀਆਂ ਦੀ ਪੁਰਾਣੀ ਸਾਂਝ ਤੇ ਭਾਈਚਾਰਾ ਖਿੰਡ-ਪੁੰਡ ਜਾਂਦਾ ਹੈ। ਪਾਕਿਸਤਾਨੀ ਪੰਜਾਬੀ ਨਾਵਲ ਦੀ ਵਿੱਲਖਣਤਾ ਇਸਦੇ ਵਿਸ਼ੇਸ਼ ਬਿਰਤਾਂਤ ਸਿਰਜਣ ਵਿਧੀ ਵਿੱਚ ਹੈ। ਇਸ ਕਰਕੇ ਇਹਨਾਂ ਨਾਵਲਾਂ ਵਿੱਚ ਪ੍ਰਤੀਕਾਤਮਕ ਵਿਧੀ ਦਾ ਪ੍ਰਯੋਗ ਬਹੁਤ ਜ਼ਿਆਦਾ ਹੋਇਆ ਹੈ। ਪਾਕਿਸਤਾਨੀ ਪੰਜਾਬ ਦੇ ਪੰਜਾਬੀ ਨਾਵਲ ਦੇ ਵਿਕਾਸ ਨੂੰ ਅਸੀਂ ਵਿਭਿੰਨ ਨਾਵਲਕਾਰਾਂ ਦੁਆਰਾ ਪਾਏ ਯੋਗਦਾਨ ਆਸਾਨੀ ਨਾਲ ਵੇਖ ਸਕਦੇ ਹਾਂ। ਇਹਨਾਂ ਨਾਵਲਕਾਰਾਂ ਦੁਆਰਾ ਕੀਤੇ ਭਿੰਨ-ਭਿੰਨ ਨਾਵਲੀ ਤਜ਼ਰਬਿਆਂ ਤੇ ਵਰਤੀਆਂ ਗਈਆਂ ਵੱਖ-ਵੱਖ ਬਿਰਤਾਂਤਕ ਵਿਧੀਆਂ ਨਾਲ ਪੰਜਾਬੀ ਨਾਵਲ ਵਿੱਚ ਇੱਕ ਗੌਲਣਯੋਗ ਅਧਿਆਇ ਜੁੜਦਾ ਪ੍ਰਤੀਤ ਹੁੰਦਾ ਹੈ। ਇਸ ਦੌਰ ਵਿੱਚ ਅਫ਼ਜਲ ਅਹਿਸਨ ਰੰਧਾਵਾ, ਫਖ਼ਰ ਜੁਮਾਨ, ਸਲੀਮ ਖਾਨ ਗਿੰਮੀ, ਅਹਿਸਨ ਬਟਾਲਵੀ, ਕਹਿਕਸ਼ਾ ਮਲਿਕ, ਰਜ਼ੀਆ ਨੂਰ ਮੁਹੰਮਦ ਆਦਿ ਹਨ।[8]

ਹਵਾਲੇ ਸੋਧੋ

  1. ਗੁਰਪਾਲ ਸਿੰਘ ਸੰਧੂ,ਪੰਜਾਬੀ ਨਾਵਲ ਦਾ ਇਤਿਹਾਸ,ਪੰਜਾਬੀ ਅਕਾਦਮੀ ਦਿੱਲੀ,2005,ਪੰਨਾ 12
  2. ਗੁਰਪਾਲ ਸਿੰਘ ਸੰਧੂ,ਪੰਜਾਬੀ ਨਾਵਲ ਦਾ ਇਤਿਹਾਸ,ਪੰਜਾਬੀ ਅਕਾਦਮੀ ਦਿੱਲੀ,2005,ਪੰਨਾ 42
  3. ਗੁਰਪਾਲ ਸਿੰਘ ਸੰਧੂ,ਪੰਜਾਬੀ ਨਾਵਲ ਦਾ ਇਤਿਹਾਸ,ਪੰਜਾਬੀ ਅਕਾਦਮੀ ਦਿੱਲੀ,2005,ਪੰਨਾ 51
  4. ਗੁਰਪਾਲ ਸਿੰਘ ਸੰਧੂ,ਪੰਜਾਬੀ ਨਾਵਲ ਦਾ ਇਤਿਹਾਸ,ਪੰਜਾਬੀ ਅਕਾਦਮੀ ਦਿੱਲੀ,2005,ਪੰਨਾ 67
  5. ਗੁਰਪਾਲ ਸਿੰਘ ਸੰਧੂ,ਪੰਜਾਬੀ ਨਾਵਲ ਦਾ ਇਤਿਹਾਸ,ਪੰਜਾਬੀ ਅਕਾਦਮੀ ਦਿੱਲੀ,2005,ਪੰਨਾ 70
  6. ਗੁਰਪਾਲ ਸਿੰਘ ਸੰਧੂ,ਪੰਜਾਬੀ ਨਾਵਲ ਦਾ ਇਤਿਹਾਸ,ਪੰਜਾਬੀ ਅਕਾਦਮੀ ਦਿੱਲੀ,2005,ਪੰਨਾ 97
  7. ਗੁਰਪਾਲ ਸਿੰਘ ਸੰਧੂ,ਪੰਜਾਬੀ ਨਾਵਲ ਦਾ ਇਤਿਹਾਸ,ਪੰਜਾਬੀ ਅਕਾਦਮੀ ਦਿੱਲੀ,2005,ਪੰਨਾ 113
  8. ਗੁਰਪਾਲ ਸਿੰਘ ਸੰਧੂ,ਪੰਜਾਬੀ ਨਾਵਲ ਦਾ ਇਤਿਹਾਸ,ਪੰਜਾਬੀ ਅਕਾਦਮੀ ਦਿੱਲੀ,2005,ਪੰਨਾ 124