ਪੰਜਾਬੀ ਲੋਕਧਾਰਾ ਸਮੱਗਰੀ

ਪੰਜਾਬੀ ਲੋੋੋਕਧਾਰਾ ਸਮੱੱਗਰੀ-:

ਸੋਧੋ

ਲੋਕਧਾਰਾ (folklore) ਲੋਕ - ਸੰਸਕ੍ਰਿਤੀ ਦਾ ਭਾਵੁਕ ਤੇ ਬੌਧਿਕ ਪਾਸਾਰ ਅਤੇ ਲੋਕ ਮਨ ਦਾ ਸਹਿਜ ਪ੍ਰਗਟਾਵਾ ਹੋਣ ਦੇ ਨਾ ਤੇ ਕਿਸੇ ਜਾਤੀ ਦੇ ਜੀਵਨ ਚਰਿਤ੍ਰ ਅਤੇ ਵਿਹਾਰ ਦਾ ਮੂਲ ਸੱਚ ਹੈ।

'ਲੋਕ' ਦੀ ਪ੍ਰੀਭਾਸ਼ਾ ਤਾਂ ਲੋਕਧਾਰਾ ਸ਼ਾਸਤਰੀ ਇਸ ਪ੍ਰਕਾਰ ਕਰਦੇ ਹਨ। ਇਨ੍ਹਾਂ ਵਿੱਚ ਖਾਸ ਤੌਰ 'ਤੇ ਐਲਨ ਡੰਡਿਸ ਦੇ ਵਿਚਾਰ ਵਧੇਰੇ ਧਿਆਨ ਖਿੱਚਣ ਵਾਲੇ ਹਨ। ਉਨ੍ਹਾਂ ਦਾ ਕਥਨ ਹੈ ਕਿ ਅਸੀਂ ਕਿਸੇ ਉਸ ਜਨ ਸਮੂਹ ਨੂੰ ਲੋਕ ਦੀ ਸੰਗਿਆ ਦੇ ਸਕਦੇ ਹਾਂ, ਜਿਨ੍ਹਾਂ ਦਾ ਧਰਮ ਭਾਸ਼ਾ ਜਾਂ ਖਿੱਤੇ ਦੀ ਆਪਸੀ ਸਾਂਝ ਹੋਵੇ, ਉਹਨਾਂ ਦਾ ਸੱਭਿਆਚਾਰ ਸਾਝਾਂ ਹੋਵੇ, ਇਸੇ ਸਾਂਝ ਵਿਚੋਂ ਹੀ ਲੋਕਧਾਰਾ ਦੀ ਸਿਰਜਣਾ ਹੁੰਦੀ ਹੈ।[1]

ਲੋਕਧਾਰਾ ਸਮੂਹਿਕ ਸਿਰਜਣਾ ਹੁੰਦੀ ਹੈ, ਲੋਕਧਾਰਾ ਦੀ ਕਿਸੇ ਵੰਨਗੀ ਦੀ ਸਿਰਜਣਾ ਕਰ ਲੈਣਾ, ਇੰਜ ਨਹੀਂ ਹੁੰਦਾ ਲੋਕਧਾਰਾ ਦੀ ਸਿਰਜਣਾ ਪਿੱਛੇ ਵੀ ਕੋਈ ਇੱਕ ਵਿਲੱਖਣਤਾ ਤੇ ਤੇਜ ਦਿਮਾਗ ਹੁੰਦਾ ਹੈ।ਜੋ ਆਪਣੇ ਵਿਚਾਰ ਨੂੰ ਕਿਸੇ ਕਾਵਿ-ਰੂਪ, ਕਥਾ ਰੂੜੀ ਜਾਂ ਟੋਟਕੇ ਨੂੰ ਆਪਣੀ ਤੇਜ਼ ਕਥਾ ਕਹਾਣੀ ਬੁੱਧੀ ਦੁਆਰਾ ਸਿਰਜਦਾ ਹੈ। ਫਿਰ ਉਹ ਕਥਾ ਕਹਾਣੀ ਜਾਂ ਕਾਵਿ ਟੁੱਕੜਾ ਦੂਜੇ ਲੋਕਾਂ ਤੱਕ ਪਹੁੰਚਦਾ ਹੈ।  ਤਾਂ ਲੋਕ ਉਸ ਨੂੰ ਮਾਂਜ ਸੁਆਰ ਕੇ ਅੱਗੇ ਤੋਰਦੇ ਹਨ। ਇੰਜ ਮਾਂਜਣ ਤਰਾਂਸਣ ਨਾਲ ਉਹ ਇੱਕ ਸ਼ੁੱਧ ਰੂਪ ਧਾਰਨ ਕਰ ਲੈਂਦੀ ਹੈ। ਉਸ ਵਿੱਚ ਰਲਾ ਪਾਉਣ ਦੀ, ਜਾਂ ਵਧਾਉਣ ਘਟਾਉਣ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ। ਇਸ ਲਈ ਉਹ ਇੱਕ ਲੋਕ ਪਿਆਰੀ ਸਮੱਗਰੀ ਬਣ ਜਾਂਦੀ ਹੈ।[2]

ਘੜਾ -:

ਸੋਧੋ

ਘੜਾ ਸ਼ਬਦ 'ਘਟ' ਧਾਤੂ ਤੋਂ ਬਣਿਆਂ ਹੈ। ਜਿਸਦੇ ਅਰਥ ਹਨ -ਘੜਨਾ। ਘੜਾ ਅਜਿਹੀ ਵਸਤੂ ਹੈ, ਜੋ ਮਿੱਟੀ ਤੋਂ ਘੜੀ ਗਈ ਹੈ। ਘੜੇ ਲਈ ਕੁੰਭ, ਕਲਸ਼ ਅਤੇ ਪਿੱਚ (pitch) ਸ਼ਬਦ ਵਰਤੇ ਜਾਂਦੇ ਹਨ। ਇਸ ਲਈ ਗਾਗਰ, ਮਟਕਾ, ਕਲਸ਼ ਤੇ ਕੁੱਜਾ ਸ਼ਬਦ ਵੀ ਵਰਤੇ ਜਾਂਦੇ ਹਨ। ਪ੍ਰੰਤੂ ਇਹ ਸਾਰੇ ਰੂਪ ਆਕਾਰ ਅਤੇ ਵਸਤੂ ਪੱਖੋਂ ਥੋੜ੍ਹੀ ਜਿਹੀ ਵੱਖਰਤਾ ਹੀ ਰੱਖਦੇ ਹਨ।

ਧਾਤਾਂ ਦੇ ਜਮਾਨੇ ਵਿੱਚ ਘੜੇ ਦੇ ਰੂਪ ਬਦਲੇ ਹਨ। ਜਿਵੇਂ ਗਾਗਰ, ਗੜਵੀ, ਵਲਟੋਹੀ ਆਦਿ। ਘੜੀ, ਘੜੋਲੀ ਅਤੇ ਕੁੰਭੀ ਆਦਿ ਸ਼ਬਦ ਛੋਟੇ ਆਕਾਰ ਵਾਲੇ ਘੜੇ ਲਈ ਵਰਤੇ ਜਾਂਦੇ ਹਨ। ਘੜਾ ਮਿੱਟੀ ਦਾ ਬਣਾਇਆ ਅਜਿਹਾ ਬਰਤਨ ਹੈ, ਜਿਸ ਵਿੱਚ ਪਾਣੀ ਰੱਖਿਆ ਜਾਂਦਾ ਹੈ।

' ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭ ਨਾ  ਹੋਇ।।

ਘੜੇ ਦਾ ਇਤਿਹਾਸ ਬਹੁਤ ਪੁਰਾਣਾ ਹੈ, ਵੈਦਿਕ ਸੰਸਕ੍ਰਿਤੀ ਵਿੱਚ ਘੜੇ ਜਾ ਕਲਸ਼ ਵਿੱਚ ਪਾਣੀ ਜਿਸ ਨੂੰ ਲੋਕ ਕੁੰਭ ਆਖਦੇ ਹਨ। ਧਾਰਮਿਕ ਰਸਮਾਂ ਸਮੇਂ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ। ਅੱਜ ਵੀ ਹਰ ਸ਼ੁਭ ਕਾਰਜ ਕਰਨ ਸਮੇਂ ਘੜੇ ਵਿੱਚ ਪਾਣੀ ਭਰਕੇ, ਉੱਪਰ ਕੇਲੇ ਦੇ ਪੱਤੇ ਅਤੇ ਨਾਰੀਅਲ ਰੱਖਣਾ, ਕੁੰਭ ਦੇ ਕੁੱਜੇ ਤੇ ਮੋਲੀ ਵਲੇਟਣੀ ਪਵਿੱਤਰ ਮੰਨਿਆ ਜਾਂਦਾ ਹੈ। ਹਿੰਦੂ ਜੋਤਿਸ਼ ਦੀ ਗਿਆਰਵੀਂ ਰਾਸ਼ੀ ਦਾ ਚਿੰਨ੍ਹ ਵੀ ਕੁੰਭ ਹੀ ਹੈ।[3]

ਦੀਵਾ-:

ਸੋਧੋ

ਦੀਵੇ ਨੂੰ ਚਾਨਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਦੀਵਾ ਪੰਜਾਬੀ ਸੱਭਿਆਚਾਰ ਦਾ ਅਹਿਮ ਅੰਗ ਹੈ। ਪੰਜਾਬੀ ਸਮਾਜ ਦੀਆਂ ਬਹੁਤ ਸਾਰੀਆਂ ਰਸਮਾ ਵਿੱਚ ਦੀਵੇ ਦਾ ਹੋਣਾ ਲਾਜਮੀ ਹੈ।ਦੀਵਾ, ਜੋਤ, ਚਿਰਾਗ ਇਹ ਸਾਰੇ ਸ਼ਬਦ ਸਮਾਨ-ਅਰਥੀ ਹਨ। ਦੀਵਾ ਪੰਜਾਬੀ ਭਾਸ਼ਾ ਅਤੇ ਜੋਤ ਸੰਸਕ੍ਰਿਤ, ਦੀਪ ਹਿੰਦੀ, ਚਿਰਾਗ ਫ਼ਾਰਸੀ ਭਾਸ਼ਾ ਦੇ ਸ਼ਬਦ ਹਨ।  ਜਗਦਾ ਦੀਵਾ ਜੀਵਨ ਰੂਪੀ ਜੋਤ ਹੈ, ਅਤੇ ਬੁੱਝਿਆ ਦੀਵਾ ਅਜੀਵਨ ਦਾ ਪ੍ਰਤੀਕ ਹੈ। ਇਸ ਲਈ ਜਗਦੇ ਦੀਵੇ ਨੂੰ ਸ਼ੁਭ ਅਤੇ ਬੁੱਝੇ ਦੀਵੇ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ।

ਦੀਵਾ ਮਿੱਟੀ, ਆਟੇ ਅਤੇ ਧਾਤ ਦਾ ਬਣਿਆ ਹੁੰਦਾ ਹੈ। ਈਸਾਈ ਧਰਮ ਵਿੱਚ ਲੈਂਪ ਜਾ ਮੋਮਬੱਤੀ ਦੀ ਵਰਤੋਂ ਕੀਤੀ ਜਾਂਦੀ ਹੈ। ਲੈਂਪ ਦੀਵੇ ਦਾ ਹੀ ਪਰਿਵਰਤਿਤ ਰੂਪ ਹੈ।

ਹਿੰਦੂ ਧਰਮ ਵਿੱਚ ਇਸ਼ਟ / ਦੇਵਤੇ ਅੱਗੇ ਜੋਤ ਜਗਾਈ ਜਾਂਦੀ ਹੈ। ਇਸ ਜੋਤ ਵਿੱਚ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ। ਕਿਉਂਕਿ ਘਿਓ ਨੂੰ ਸਭ ਤੋਂ ਵੱਧ ਪਵਿੱਤਰ ਮੰਨਿਆ ਜਾਂਦਾ ਹੈ। ਸਿੱਖ ਧਰਮ ਭਾਰਤੀ ਧਰਮਾਂ ਵਿੱਚ ਵਿਕਸਿਤ ਹੋਇਆ ਧਰਮ ਹੈ, ਇਸ ਲਈ ਸਿੱਖਾਂ ਵਿੱਚ ਵੀ ਘਿਉ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਗੁਰਦੁਆਰਿਆਂ ਵਿੱਚ ਵੀ ਘਿਉ ਦੀ ਜੋਤ ਜਗਾਈ ਜਾਂਦੀ ਹੈ।

                  ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜ

                   ਸੋਹੈ।।

ਦੀਵੇ ਨਾਲ ਕਈ ਲੋਕ ਵਿਸ਼ਵਾਸ ਜੁੜੇ ਹੋਏ ਹਨ।ਦੀਵਾ ਫੂਕ ਮਾਰ ਕੇ ਨਹੀਂ ਬੁਝਾਇਆ ਜਾਂਦਾ, ਅਜਿਹਾ ਕਰਨ ਨਾਲ ਦੀਵਾ ਭਿੱਟ ਜਾਂਦਾ ਹੈ। ਦੀਵੇ ਨੂੰ ਬੁਝਾਉਣਾ ਕਹਿਣਾ ਅਪਸ਼ਗਨ ਸਮਝਿਆਂ ਜਾਂਦਾ ਹੈ।ਜਿਸ ਥਾਂ ਤੇ ਦੀਵਾ ਰੱਖਿਆ ਜਾਂਦਾ ਹੈ, ਉਸ ਨੂੰ ' ਦੀਵਟ' ਕਹਿੰਦੇ ਹਨ।ਜਦੋਂ ਸ਼ਾਮ ਨੂੰ ਘਰਾਂ ਵਿੱਚ ਦੀਵਾ ਜਗਾਇਆ ਜਾਂਦਾ ਹੈ ਤਾਂ ਵਡੇਰੀਆਂ ਔਰਤਾਂ ਉਸਨੂੰ ਮੱਥਾਂ ਟੇਕਦੀਆਂ ਹਨ ਤੇ ਇਹ ਤੁਕਾਂ ਉਚਾਰਦੀਆਂ ਹਨ-:

              ਆਈ ਸੰਝਕਾਰਨੀ

              ਸੱਭੇ ਦੁਖ ਨਿਵਾਰਨੀ

              ਦੀਵਟ ਦੀਵਾ ਬਲੇ

              ਸੱਤਰ ਸੌ ਬਲਾ ਟਲੇ

              ਦੀਵਟ ਘਿਉ ਦੀ ਬੱਤੀ

              ਘਰ ਆਵੇ ਬਹੁਤੀ ਖੱਟੀ

              ਦੀਵਟ ਦੀਵਾ ਬਾਲਿਆਂ

             ਬੱਤੀ ਦੋਸ਼ ਟਾਲਿਆ।

ਦੀਵੇ ਨੂੰ ਬੁਝਾਉਣ ਲੱਗਿਆ ਵੀ ਆਦਰ ਨਾਲ ਵਿਦਾ ਕੀਤਾ ਜਾਂਦਾ ਹੈ,ਜਿਵੇਂ-:

           ਜਾ ਦੀਵਿਆਂ ਘਰ ਆਪਣੇ

           ਤੇਰੀ ਮਾਂ ਉਡੀਕੇ ਵਾਰ।[4]

ਫੁੱਲਕਾਰੀ-:

ਸੋਧੋ

ਪੰਜਾਬੀ ਸੰਸਕ੍ਰਿਤੀ ਦੀ ਬਹੁ-ਰੰਗੀ ਫੁਲਕਾਰੀ ਲੋਕਧਾਰਾਈ ਰੂੜ੍ਹੀਆਂ ਦੇ ਤਾਣੇ ਬਾਣੇ ਨਾਲ ਜੀਵਨ ਦੀ ਖੱਡੀ ਉੱਤੇ ਬੁਣੀ ਗਈ ਹੈ। ਪੰਜਾਬੀ ਸੰਸਕ੍ਰਿਤੀ ਦੀ ਯੁਗਾਂ ਲੰਮੀ ਯਾਤਰਾ ਵਿੱਚ ਇਹ ਧਰਤੀ ਕਈ ਕਬੀਲਿਆਂ ਦਾ ਰੰਗ - ਮੰਚ ਰਹੀ ਹੈ।ਅਨੇਕਾਂ ਦਿਸ਼ਾਵਾਂ ਤੋਂ ਲੋਕ ਰੂੜ੍ਹੀਆਂ ਇਸ ਫੁਲਕਾਰੀ ਵਿੱਚ ਸੰਮਲਿਤ ਹੋ ਕੇ ਇਸ ਨੂੰ ਇੱਕ ਵਿਲੱਖਣ ਰੰਗ -ਰੂਪ ਤੋਂ ਜਲਾਲ ਬਖ਼ਸ਼ਦੀਆ ਰਹੀਆਂ ਹਨ। ਫੁਲਕਾਰੀ ਦਾ ਦੂਜਾ ਰੂਪ ਬਾਗ ਹੈ, ਜਿਸਦੀ ਵਰਤੋਂ ਸੁਹਾਗਣਾਂ ਕਰਦੀਆਂ ਹਨ। ਵਿਆਹ ਜਾ ਖੁਸ਼ੀ ਦੇ ਮੌਕੇ ਤੇ ਇਸਦੀ ਵਰਤੋਂ ਕੀਤੀ ਜਾਂਦੀ ਹੈ। ਇਸਨੂੰ ਹੱਥੀਂ ਕੱਢਿਆ ਜਾਂਦਾ ਹੈ। ਫੁਲਕਾਰੀ ਨੂੰ ਅੱਜਕਲ੍ਹ ਮਸ਼ੀਨ ਦੁਆਰਾ ਬਣਾਇਆ ਜਾਂਦਾ ਹੈ।[5]

ਮੌਲੀ-:

ਸੋਧੋ

ਮੌਲੀ ਨੂੰ ਮੰਗਲਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪੰਜਾਬੀ ਸੱਭਿਆਚਾਰ ਦਾ ਇਤਿਹਾਸ ਬਹੁਤ ਪੁਰਾਣਾ ਹੈ।ਇਸ ਦੀਆਂ ਜੜ੍ਹਾਂ ਪੂਰਵ ਆਰੀਆ ਕਾਲ ਤੱਕ ਫੈਲੀਆਂ ਹੋਈਆਂ ਹਨ। ਇਸ ਧਰਤੀ 'ਤੇ ਬਾਹਰੀ ਸੱਭਿਆਚਾਰ ਨੇ ਕਈ ਪੁਰਾਤਨ ਕਦਰਾਂ-ਕੀਮਤਾਂ, ਬਾਹਰੀ ਕਰਮ ਕਾਡਾਂ ਨੂੰ ਨਕਾਰ ਕੇ ਇੱਕ ਨਵੀਂ ਚੇਤਨਾ ਪੈਦਾ ਕੀਤੀ ਹੈ।

ਮੌਲੀ ਜਿਸ ਦੀ ਸਿੱਖ ਸੱਭਿਆਚਾਰ ਵਿੱਚ ਕੋਈ ਮਹੱਤਤਾ ਨਹੀਂ, ਪਰ ਵੈਦਿਕ ਸੰਸਕ੍ਰਿਤੀ ਨਾਲ ਇਸਦਾ ਗੂੜ੍ਹਾ ਸੰਬੰਧ ਹੋਣ ਕਰਕੇ ਪੰਜਾਬੀ ਲੋਕ-ਮਾਨਸਿਕਤਾ ਨੇ ਇਸਦੀ ਸਦੀਵੀ ਹੋਂਦ ਨੂੰ ਕਾਇਮ ਰੱਖਿਆ ਹੈ। ਪੰਜਾਬੀ ਲੋਕ ਸੱਭਿਆਚਾਰ ਦਾ ਕੋਈ ਵੀ ਮਹੱਤਵਪੂਰਨ ਤੇ ਸ਼ੁਭ ਕਾਰਜ ਮੌਲੀ ਤੋਂ ਬਿਨਾਂ ਅਧੂਰਾ ਸਮਝਿਆਂ ਜਾਂਦਾ ਹੈ।

ਮੌਲੀ ਜਿਸਨੂੰ ਖੰਮਣੀ ਜਾਂ ਮੰਗਲ- ਸੂਤਰ ਵੀ ਕਹਿੰਦੇ ਹਨ। ਇਹ ਇੱਕ ਅਜਿਹਾ ਪਵਿੱਤਰ ਧਾਗਾ ਹੈ, ਜੋ ਚੰਗੀ ਭਾਵਨਾ ਨਾ ਬੰਨ੍ਹਿਆ ਜਾਂਦਾ ਹੈ। ਲੋਕ ਵਿਸ਼ਵਾਸ ਹੈ ਕਿ ਇਹ ਪਵਿੱਤਰ ਧਾਗਾ ਹੈ, ਜਿੱਥੇ ਮਨੁੱਖ ਨੂੰ ਚੰਗੇ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ, ਉੱਥੇ ਇਹ ਧਾਗਾ ਬਦਰੂਹਾਂ ਤੋਂ ਵੀ ਰੱਖਿਆ ਕਰਦਾ ਹੈ।ਮੌਲੀ ਦਾ ਸ਼ਾਬਦਿਕ ਅਰਥ ਸਿਖਰ, ਚੋਟੀ, ਜੂੜਾ ਵੀ ਹੈ।

ਜਨੇਊ ਦਾ ਮੂਲ ਨਾਂ ਯੱਗੋਪਵੀਤ ਹੈ। ਇਸ ਤੋਂ ਭਾਵ ਹੈ ਯੱਗ ਦੇ ਅਵਸਰ 'ਤੇ ਉਪਰੋਂ ਲਪੇਟਿਆ ਹੋਇਆ ਵਸਤਰ। ਇਸਨੂੰ ਧਾਰਨ ਕਰਨ ਨਾਲ ਯੋਗਤਾ ਦਾ ਅਧਿਕਾਰ ਪ੍ਰਾਪਤ ਹੁੰਦਾ ਹੈ। ਇਸ ਲਈ ਗੁਰੂ ਨਾਨਕ ਸਾਹਿਬ ਨੇ ਇਸ ਰੂੜੀ ਦਾ ਤਿਆਗ ਕਰਕੇ ਇਸਦੀ ਵਾਸਤਵਿਕ ਭਾਵਨਾ ਨੂੰ ਸਮਝਣ ਦਾ ਉਪਦੇਸ਼ ਦਿੱਤਾ।ਜਿਵੇਂ -:

                  ਦਇਆ ਕਪਾਹ ਸੰਤੋਖ ਸੂਤ

                   ਜਤੁ ਗੰਢੀ ਸਤੁ ਵਟੁ।।

       ਏਹੋ ਜਨੇਊ ਜੀ ਕਾ

                   ਹਈ ਤਾਂ ਪਾਂਡੇ ਘਤੁ।।

ਕਲੀਰੇ-:

ਸੋਧੋ

ਵਿਆਹ ਮਨੁੱਖੀ ਸਮਾਜ ਦੀ ਮਹੱਤਵਪੂਰਨ ਇਕਾਈ ਹੈ। ਇਹ ਇਕਾਈ ਸਮਾਜਿਕ ਵਿਕਾਸ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਜਿਸ ਕਾਰਨ ਮਨੁੱਖੀ ਜਿੰਦਗੀ ਵਿੱਚ ਵਿਆਹ ਨਾਲ ਸੰਬੰਧਿਤ ਸਾਰੇ ਵਰਗਾਂ, ਕਬੀਲਿਆਂ, ਨਸਲਾਂ ਵਿੱਚ ਵੱਖਰੇ-ਵੱਖਰੇ ਰਸਮਾਂ-ਰਿਵਾਜ ਵੇਖਣ ਨੂੰ ਮਿਲਦੇ ਹਨ। ਇਹ ਰਸਮ - ਰਿਵਾਜ ਜਿੱਥੇ ਖੁਸ਼ੀ ਵਿੱਚ ਵਾਧਾ ਕਰਦੇ ਹਨ ਉੱਥੇ ਇਹਨਾਂ ਦਾ ਸਮਾਜਿਕ ਸੱਭਿਆਚਾਰਕ ਮਹੱਤਵ ਵੀ ਹੈ।

ਮੌਲੀ ਦੇ ਤੰਦ ਨਾਲ ਲੋਹੇ ਦਾ ਛੱਲਾ ਅਤੇ ਕੌਡੀਆਂ ਵੀ ਬੰਨ੍ਹੀਆਂ ਜਾਂਦੀਆਂ ਹਨ। ਜਿਸਨੂੰ ਗਾਨਾ ਕਿਹਾ ਜਾਂਦਾ ਹੈ। ਪੰਜਾਬ ਵਿੱਚ ਵਿਆਂਹਦੜ ਕੁੜੀ ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਕਲੀਰੇ ਬੰਨੇ ਜਾਂਦੇ ਹਨ।

ਕਲੀਰਾ ਇੱਕ ਅਜਿਹਾ ਗਹਿਣਾ ਹੈ, ਜੋ ਵਿਆਹ ਦੇ ਸਮੇਂ ਕੰਨਿਆ ਆਪਣੇ ਦੋਹਾਂ ਹੱਥਾਂ ਦੀਆਂ ਵੀਣੀਆ ਤੇ ਬੰਨਦੀ ਹੈ। ਇਹ ਕਲੀਰਾ ਮੌਲੀ ਦੇ ਤੰਦ ਵਿੱਚ ਜੁੱਟ/ਠੂਠੀ ਅਤੇ ਕੌਡੀਆਂ ਪਰੋ ਕੇ ਬਣਾਇਆ ਜਾਂਦਾ ਹੈ। ਆਧੁਨਿਕ ਸਮੇਂ ਵਿੱਚ ਸੋਨੇ ਅਤੇ ਚਾਂਦੀ ਦੇ ਕਲੀਰੇ ਵੀ ਵੇਖਣ ਨੂੰ ਮਿਲਦੇ ਹਨ।

ਕਲੀਰਾ ਬੰਨਣ ਦੀ ਰਸਮ ਪੰਜਾਬੀ ਸੱਭਿਆਚਾਰ ਵਿੱਚ ਹੀ ਮਿਲਦੀ ਹੈ। ਇਹ ਕਲੀਰਾ ਕੰਨਿਆ ਨੂੰ ਮੁੰਡੇ ਵਾਲਿਆਂ ਵੱਲੋਂ ਚੁੰਨੀ ਚੜਾਉਣ ਦੀ ਰਸਮ ਤੋਂ ਬਾਅਦ ਬੰਨਿਆਂ ਜਾਂਦਾ ਹੈ। ਚੂੜਾ ਚੜਾਉਣ ਸਮੇਂ ਕੰਨਿਆ ਦਾ ਮਾਮਾ ਚੂੜੇ ਦੇ ਨਾਲ ਕਲੀਰੇ ਵੀ ਉਸਦੀਆਂ ਵੀਣੀਆ ਨਾਲ ਬੰਨਦਾ ਹੈ। ਕਈ ਥਾਵਾਂ ਤੇ ਇਹ ਕਲੀਰਾ ਕੰਨਿਆ ਦੀਆਂ ਸਹੇਲੀਆਂ ਵਲੋਂ ਵੀ ਬੰਨਿਆਂ ਜਾਂਦਾ ਹੈ।[6]

ਹਵਾਲੇ-:

ਸੋਧੋ
  1. ਵਣਜਾਰਾ ਬੇਦੀ, ਸੋਹਿੰਦਰ ਸਿੰਘ (1978). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ ਜਿਲਦ 1. ਦਿੱਲੀ: ਨੈਸਨਲ ਬੁਕ ਸ਼ਾਪ ਪਲੱਈਅਰ ਗਾਰਡਨ ਮਾਰਕਿਟ, ਚਾਂਦਨੀ ਚੌਂਕ ਦਿੱਲੀ -110006. p. 5.
  2. ਕੌਰ ਰੁਪਿੰਦਰ, ਡਾ. (2011). ਪੰਜਾਬੀ ਲੋਕਧਾਰਾ ਸਮੱਗਰੀ ਤੇ ਪੇਸ਼ਕਾਰੀ. ਅੰਮ੍ਰਿਤਸਰ: ਰਵੀ ਪ੍ਰਕਾਸ਼ਨ. p. 10.
  3. ਕੌਰ ਰੁਪਿੰਦਰ, ਡਾ. (2011). ਪੰਜਾਬੀ ਲੋਕਧਾਰਾ ਸਮੱਗਰੀ ਤੇ ਪੇਸ਼ਕਾਰੀ. ਅੰਮ੍ਰਿਤਸਰ: ਰਵੀ ਸਾਹਿਤ ਪ੍ਰਕਾਸ਼ਨ. p. 13.
  4. ਕੌਰ ਰੁਪਿੰਦਰ, ਡਾ. (2011). ਪੰਜਾਬੀ ਲੋਕਧਾਰਾ ਸਮੱਗਰੀ ਤੇ ਪੇਸ਼ਕਾਰੀ. ਅੰਮ੍ਰਿਤਸਰ: ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ -143002. p. 21.
  5. ਵਣਜਾਰਾ ਬੇਦੀ, ਸੋਹਿੰਦਰ ਸਿੰਘ (1978). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ ਜਿਲਦ 1ਤੇ 2. ਦਿੱਲੀ: ਨੈਸ਼ਨਲ ਬੁੱਕ ਸ਼ਾਪ ਪਲੱਈਅਰ ਗਾਰਡਨ ਮਾਰਕਿਟ, ਚਾਂਦਨੀ ਚੌਂਕ ਦਿੱਲੀ-110006. p. 5.
  6. ਕੌਰ ਰੁਪਿੰਦਰ, ਡਾ. (2011). ਪੰਜਾਬੀ ਲੋਕਧਾਰਾ ਸਮੱਗਰੀ ਤੇ ਪੇਸ਼ਕਾਰੀ. ਅੰਮ੍ਰਿਤਸਰ: ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ -143002. p. 37.