ਲੋਕਧਾਰਾ (ਅੰਗਰੇਜ਼ੀ: 'folklore') ਕਿਸੇ ਲੋਕ ਭਾਈਚਾਰੇ ਵਿੱਚ ਪ੍ਰਵਾਹਮਾਨ ਲੋਕ ਗੀਤਾਂ, ਲੋਕ ਸੰਗੀਤ, ਲੋਕ ਨਾਚ, ਮਿਥਾਂ, ਲੋਕ ਕਹਾਣੀਆਂ, ਦੰਦ ਕਥਾਵਾਂ, ਜ਼ਬਾਨੀ ਇਤਿਹਾਸ, ਕਹਾਵਤਾਂ, ਵਿਅੰਗ, ਬੁਝਾਰਤਾਂ, ਲੋਕ ਧਰਮ, ਲੋਕ ਵਿਸ਼ਵਾਸ, ਜਾਦੂ-ਟੂਣੇ, ਵਹਿਮ-ਭਰਮ, ਲੋਕ ਸਾਜ਼, ਸੰਦ, ਬਰਤਨ ਭਾਂਡੇ ਅਤੇ ਲੋਕ ਹਥਿਆਰਾਂ ਆਦਿ ਦਾ ਇੱਕ ਜਟਿਲ ਤਾਣਾ ਬਾਣਾ ਹੁੰਦਾ ਹੈ। ਇਸ ਨੂੰ ਅਸੀਂ ਚਾਰ ਵੰਨਗੀਆਂ ਵਿੱਚ ਵੰਡਦੇ ਹਾਂ। [1]

ਜਾਦੂ ਦਾ ਕਾਲੀਨ ਇੱਕ ਦੰਦਕਥਾਈ ਕਾਲੀਨ ਹੈ, ਜਿਹੜਾ ਲੋਕਾਂ ਨੂੰ ਤੁਰਤ ਅਤੇ ਤੇਜ਼ੀ ਨਾਲ ਉਨ੍ਹਾਂ ਦੀ ਮੰਜ਼ਿਲ ਤੇ ਲਿਜਾਣ ਲਈ ਇਸਤੇਮਾਲ ਕੀਤਾ ਜਾ ਸਕਦਾ ਸੀ

ਲੋਕਧਾਰਾ ਦੀ ਪਰਿਭਾਸ਼ਾਸੋਧੋ

ਅੱਜ ਦੇ ਬਹੁਤ ਤੇਜ਼ੀ ਨਾਲ ਬਦਲ ਰਹੇ ਸਮੇਂ ਵਿੱਚ ਮਨੁੱਖ ਸੌਖ ਪਸੰਦੀ ਵਾਲੀ ਜੀਵਨ ਸ਼ੈਲੀ ਨੂੰ ਅਪਣਾ ਰਹੇ ਹਨ। ਇਸ ਅਪਣਾਉਣ ਦੇ ਵਿਚੋਂ ਉਨ੍ਹਾਂ ਦੀ ਪਰੰਪਰਾ ਦੇ ਨਾਲ ਜੁੜਿਆ ਬਹੁਤ ਕੁਝ ਛੁਟ ਰਿਹਾ ਹੈ। ਇਸ ਹੇਰਵੇ ਦੇ ਅਧੀਨ ਆਪਣੀ ਵਿਰਾਸਤ ਦੀ ਸੰਭਾਲ ਕਿਤਾਬਾਂ, ਕੈਸਟਾਂ ਅਤੇ ਸੀ.ਡੀ. ਆਦਿ ਦੀ ਵਰਤੋਂ ਰਾਹੀਂ ਸਾਂਭਣ ਦੀ ਕੋਸ਼ਿਸ਼ ਕਰਦੇ ਹਨ। ‘ਲੋਕਧਾਰਾ ਅਜਿਹਾ ਹੀ ਅਨੁਸ਼ਾਸ਼ਨ ਹੈ, ਜਿਸਦੀ ਕੋਈ ਇੱਕ ਪਰਿਭਾਸ਼ਾ ਨਿਸ਼ਚਿਤ ਨਹੀਂ ਕੀਤੀ ਜਾ ਸਕੀ ਹੈ।

ਲੋਕਧਾਰਾ ਅੰਗਰੇਜ਼ੀ ਦੇ ਸ਼ਬਦ "ਫੋਕਲੋਰ" ਦਾ ਸਮਾਨਾਰਥਕ ਹੈ। ‘ਫੋਕਲੋਰ` ਸ਼ਬਦ ਦੀ ਪਹਿਲੀ ਵਾਰ ਵਰਤੋਂ 1846 ਈ. ਵਿੱਚ ਇੱਕ ਅੰਗਰੇਜ਼ੀ ਵਿਦਵਾਨ 'ਵਿਲੀਅਮ ਜਾਨ ਥਾਮਸ' ਨੇ ਕੀਤੀ। ਇੱਕ ਗਿਆਨ ਦੇ ਨਵੇਂ ਖੇਤਰ ਦੇ ਰੂਪ ਵਿੱਚ ਲੋਕਧਾਰਾ ਦਾ ਉਦਗਮ ਜਰਮਨ ਭਰਾਵਾਂ "ਜੈਕੁਬ ਅਤੇ ਵਿਲੀਅਮ ਗਰਿਮ" ਦੁਆਰਾ ਮੌਖਿਕ ਬਿਰਤਾਂਤਾਂ ਦੇ ਇਕੱਤਰੀਕਰਨ, ਸੰਕਲਨ ਅਤੇ ਮਿਥਿਹਾਸ ਦੇ ਅਧਿਐਨ ਤੇ ਆਧਾਰਿਤ ਪ੍ਰਭਾਵਸ਼ਾਲੀ ਪੁਸਤਕਾਂ ਦੀ ਪ੍ਰਕਾਸ਼ਨਾਂ ਨਾਲ ਹੋਇਆ। ਉਨੀਵੀਂ ਸਦੀ ਵਿੱਚ ਪੱਛਮ ਵਿੱਚ ਲੋਕਧਾਰਾ ਅਧਿਐਨ ਲਈ ਵਿਭਿੰਨ ਅਧਿਐਨ ਪ੍ਰਣਾਲੀਆਂ ਦਾ ਵਿਕਾਸ ਹੋਣਾ ਆਰੰਭ ਹੋ ਗਿਆ।[2] ਪੰਜਾਬੀ ਵਿੱਚ ਫੋਕਲੋਰ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਬਾਵਾ ਬੁੱਧ ਸਿੰਘ ਨੇ ਕੀਤੀ। ਵਣਜਾਰਾ ਬੇਦੀ ਦੇ ਵਿਚਾਰ ਅਨੁਸਾਰ ਰਾਜਾ ਰਸਾਲੂ ਵਿੱਚ ਬਾਵਾ ਬੁੱਧ ਸਿੰਘ ਨੇ ‘ਫੋਕਲੋਰ` ਸ਼ਬਦ ਦੀ ਵਰਤੋਂ ਕੀਤੀ, ਇੱਕ ਵਾਰ ਤਾਂ ਫੋਕਲੋਰ ਨੂੰ ਤਤਸਮ ਰੂਪ ਵਿੱਚ ਹੀ ਵਰਤ ਕੇ ਕੰਮ ਸਾਰ ਲਿਆ ਹੈ। ਪਰ ਦੂਜੀ ਤੇ ਤੀਜੀ ਵਾਰ ਫੋਕਲੋਰ ਦਾ ਪੰਜਾਬੀ ਅਨੁਵਾਦ "ਕਹਾਣੀ" ਕੀਤਾ।[3]"ਇਨਸਾਈਕਲੋਪੀਡੀਆ ਬ੍ਰਿਟੇਨਕਾ" ਦੇ ਅਨੁਸਾਰ, ਫੋਕਲੋਰ ਆਮ ਲੋਕਾਂ ਦੇ ਉਹ ਪਰੰਪਰਾਗਤ ਵਿਸ਼ਵਾਸਾਂ, ਵਹਿਮਾਂ-ਭਰਮਾਂ, ਸ਼ਿਸ਼ਟਾਚਾਰਾਂ, ਰਸਮਾਂ-ਰੀਤਾਂ ਤੇੇ ਕਰਮ-ਕਾਂਡਾਂ ਦਾ ਸੋਮਾ ਹੈ। ਜਿਹੜੇ ਆਦਿ ਕਾਲ ਤੋਂ ਚਲੇ ਆ ਰਹੇ ਹਨ ਅਤੇ ਸਮਕਾਲੀ ਗਿਆਨ ਤੇ ਧਰਮ ਦੇ ਸਥਾਪਿਤ ਪੈਟਰਨਾਂ ਤੋਂ ਬਾਹਰ ਵੀ ਖੰਡਿਤ, ਸੁਧਰੇ ਪਰ ਨਿਸਬਤਨ ਬਦਲਦੇ ਰੂਪ ਵਿੱਚ ਆਧੁਨਿਕ ਯੁਗ ਤੀਕ ਵੀ ਹੋਂਦ ਕਾਇਮ ਕਰਦੇ ਹਨ। ਡਾ. ਭੁਪਿੰਦਰ ਸਿੰਘ ਖਹਿਰਾ ਅਨੁਸਾਰ, “ਸਮੇਂ ਸਥਾਨ ਤੇ ਸਨਮੁਖ ਪਰਿਸਥਿਤੀਆਂ ਦੇ ਪ੍ਰਸੰਗ ਵਿੱਚ ਲੋਕ ਸਮੂਹ ਦੀ ਸਭਿਆਚਾਰਕ ਸੋਚਣੀ ਦਾ ਵਿਅਕਤ ਰੂਪ ਹੀ ਲੋਕਧਾਰਾ ਹੈ। ਇਸ ਪ੍ਰਗਟਾਅ ਲਈ ਵਰਤੀ ਗਈ ਸਮੱਗਰੀ ਅਤੇ ਮਾਧਿਅਮ ਦੀ ਕਿਸਮ ਲੋਕਧਾਰਾ ਦੇ ਵਿਭਿੰਨ ਰੂਪਾਂ ਨੂੰ ਨਿਰਧਾਰਿਤ ਕਰਦੀ ਹੈ। ਜਿਵੇਂ ਉਚਾਰ ਤੇ ਸੰਗੀਤ ਦੇ ਮਾਧਿਅਮ ਦੇ ਸੁਮੇਲ ਤੋਂ ਲੋਕਗੀਤ ਬਣਦਾ ਉਚਾਰ ਤੇ ਬਿਰਤਾਂਤ ਤੋਂ ਕਥਾ, ਕਥ ਤੇ ਕਾਰਜ ਤੋਂ ਰੀਤ ਸਭਿਆਚਾਰਕ ਸਥਾਪਨਾਵਾਂ ਤੋਂ ਲੋਕ-ਵਿਸ਼ਵਾਸ ਅਤੇ ਭਾਸ਼ਾ ਦੀ ਵਰਤੋਂ ਨਾਲ ਲੋਕ-ਸਾਹਿਤ, ਧਾਗੇ ਦੀ ਵਰਤੋਂ ਨਾਲ ਕਸੀਦਾਕਾਰੀ ਆਦਿ ਬਣਦਾ ਹੈ।"[4]

ਲੱਛਣਸੋਧੋ

ਲੋਕਧਾਰਾ ਦੀਆਂ ਵੱਖ-ਵੱਖ ਪਰਿਭਾਸ਼ਾਵਾਂ ਦੀ ਤਰ੍ਹਾਂ ਹੀ ਇਸ ਦੇ ਲੱਛਣਾਂ ਨੂੰ ਨਿਸ਼ਚਿਤ ਕਰਨਾ ਆਸਾਨ ਨਹੀਂ ਹੈ। ਵਿਦਵਾਨਾਂ ਦੁਆਰਾ ਪ੍ਰਵਾਨ ਕੀਤੇ ਜਾਂਦੇ ਕੁਝ ਮੁੱਖ ਲੱਛਣ ਇਸ ਤਰ੍ਹਾਂ ਹਨ:

ਪਰੰਪਰਾਸੋਧੋ

ਪਰੰਪਰਾ ਭਾਵੇਂ ਲੋਕਧਾਰਾ ਨਹੀਂ ਹੁੰਦੀ ਪਰ ਇਸ ਦੇ ਮੇਲ ਤੋਂ ਬਿਨਾਂ ਲੋਕਧਾਰਾ ਜੀਵੰਤ ਨਹੀਂ ਰਹਿ ਸਕਦੀ। ਪਰੰਪਰਾ ਦੇ ਵਿੱਚ ਉਹ ਤੱਤ ਸ਼ਾਮਿਲ ਹੁੰਦੇ ਹਨ ਜਿਹੜੇ ਇੱਕ ਸਮੂਹ ਲੰਮੇ ਸਮੇਂ ਤੋਂ ਆਪਣੇ ਜੀਵਨ ਦੇ ਵਿੱਚ ਰੀਤਾਂ ਦੇ ਤੌਰ ਤੇ ਗ੍ਰਹਿਣ ਕਰਦਾ ਹੈ। ਲੋਕਧਾਰਾ ਨੂੰ ਪਰੰਪਰਾ ਦੀ ਸਾਇੰਸ ਸਵੀਕਾਰ ਕੀਤਾ ਜਾਂਦਾ ਹੈ। ਲੋਕਧਾਰਾ ਵਿੱਚ ਲੋਕ ਜੀਵਨ ਦੀਆਂ ਪਰੰਪਰਾਵਾਂ ਨੂੰ ਹੀ ਦੇਖਿਆ ਜਾ ਸਕਦਾ ਹੈ।

ਪ੍ਰਵਾਨਗੀਸੋਧੋ

ਲੋਕਧਾਰਾ ਆਪਣੇ ਸੰਗਠਿਤ ਰੂਪ ਵਿੱਚ ਉਦੋਂ ਹੀ ਪ੍ਰਵਾਨ ਹੋ ਸਕਦੀ ਹੈ ਜਦੋਂ ਉਸਨੂੰ ਲੋਕ-ਸਮੂਹ ਦੀ ਪ੍ਰਵਾਨਗੀ ਹਾਸਿਲ ਹੋਵੇ। ਸਮੇਂ ਦੇ ਨਾਲ ਲੋਕਧਾਰਾ ਦੇ ਵਿੱਚ ਬਹੁਤ ਕੁਝ ਸ਼ਾਮਿਲ ਅਤੇ ਨਿਖੜਦਾ ਰਹਿੰਦਾ ਹੈ। ਇਹ ਸਭ ਕੁਝ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਲੋਕ ਸਮੂਹ ਦੀ ਪ੍ਰਵਾਨਗੀ ਹਾਸਿਲ ਹੋਵੇ।

ਮਨੋਸਥਿਤੀਸੋਧੋ

ਲੋਕਧਾਰਾ ਦਾ ਧਰਾਤਲ ਲੋਕ ਸਮੂਹ ਦੀ ਮਨੋਸਥਿਤੀ ਹੈ। ਮਨੋ-ਸਥਿਤੀ, ਲੋਕਾਂ ਦੀ ਜੀਵਨ-ਜੁਗਤ ਤੇ ਜੀਵਨ-ਸਥਿਤੀ ਤੇ ਨਿਰਭਰ ਕਰਦੀ ਹੈ। ਜੀਵਨ ਸਥਿਤੀ ਅੱਗੋਂ ਪੈਦਾਵਾਰ ਦੇ ਸਾਧਨਾਂ, ਰਿਸ਼ਤਿਆਂ, ਸੰਦਾਂ ਤੇ ਸਮੱਗਰੀ ਵਿੱਚ ਪਰਿਵਰਤਨ ਆਉਣ ਸਦਕਾ, ਜੀਵਨ-ਸਥਿਤੀ ਵਿੱਚ ਪਰਿਵਰਤਨ ਆਉਂਦਾ ਹੈ। ਇਸ ਪਰਿਵਰਤਨ ਨੂੰ ਲੋਕਧਾਰਾ ਦੇ ਸਾਰੇ ਰੂਪ ਸਵੀਕਾਰ ਕਰਦੇ ਹਨ।

ਪਰਿਵਰਤਨਸੋਧੋ

ਬਦਲਾਵ ਤਾਂ ਸਮਾਜ ਦਾ ਨਿਯਮ ਹੈ। ਇਸ ਤਰ੍ਹਾਂ ਹੀ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਪਰਿਵਰਤਨ ਆਉਣ ਦੇ ਨਾਲ ਲੋਕਧਾਰਾ ਵਿੱਚ ਪਰਿਵਰਤਨ ਸਹਿਜੇ ਹੀ ਵਾਪਰ ਜਾਂਦਾ ਹੈ। ਲੋਕਧਾਰਾ ਦੇ ਵਿੱਚ ਨਵੇਂ ਤੱਤ ਸ਼ਾਮਿਲ ਹੋ ਜਾਂਦੇ ਹਨ ਅਤੇ ਪੁਰਾਣੇ ਜਿਹਨਾਂ ਦੀ ਸਾਰਥਕਤਾ ਨਹੀਂ ਹੁੰਦੀ ਤਿਆਗ ਦਿੱਤੇ ਜਾਂਦੇ ਹਨ।

ਪ੍ਰਤਿਭਾਸੋਧੋ

ਲੋਕਧਾਰਾ ਦੇ ਵਿਚੋਂ ਸਮੂਹ ਦੀ ਸੋਚ ਦਾ ਪ੍ਰਗਟਾਵਾ ਮਿਲਦਾ ਹੈ। ਲੋਕਧਾਰਾ ਸਮੂਹਿਕ ਸਿਰਜਣਾ ਹੁੰਦੀ ਹੈ। ਪਰ ਕੋਈ ਇੱਕ ਵਿਅਕਤੀ ਜਿਹੜਾ ਪਰੰਪਰਾ ਦੇ ਨਾਲ ਡੂੰਘੇ ਰੂਪ ਵਿੱਚ ਜੁੜਿਆ ਹੁੰਦਾ ਹੈ। ਅਜਿਹਾ ਵਿਅਕਤੀ ਆਪਣੇ ਨਿੱਜ ਤੱਕ ਸੀਮਤ ਨਾ ਹੋ ਕੇ ਸਮੂਹ ਦੀ ਪ੍ਰਤਿਨਿਧਤਾ ਹੀ ਕਰ ਰਿਹਾ ਹੁੰਦਾ ਹੈ। ਇਸ ਕੰਮ ਦੇ ਲਈ ਬਹੁਤ ਲੰਮੀ ਘਾਲਣਾ ਦੀ ਜ਼ਰੂਰਤ ਹੁੰਦੀ ਹੈ।

ਪ੍ਰਬੰਧਕਤਾਸੋਧੋ

ਲੋਕਧਾਰਾ ਦੀ ਇੱਕ ਖੂਬੀ ਇਹ ਵੀ ਹੈ ਕਿ ਇਹ ਪ੍ਰਸੰਗ ਦੇ ਅਧੀਨ ਹੀ ਵਿਚਰਦੀ ਹੈ। ਇਹ ਪ੍ਰਬੰਧ ਹੀ ਲੋਕਧਾਰਾ ਨੂੰ ਇੱਕ ਕਾਰਗਰ ਸੰਚਾਰ ਦਾ ਮਾਧਿਅਮ ਬਣਾਉਂਦਾ ਹੈ। ਲੋਕਧਾਰਾ ਦੇ ਸਾਰੇ ਤੱਤ ਵਿਉਂਤਬੱਧ ਤਰੀਕੇ ਦੇ ਨਾਲ ਪ੍ਰਗਟ ਹੁੰਦੇ ਹਨ। ਕੋਈ ਵੀ ਤੱਤ ਵਾਧੂ ਜਾਂ ਅਪ੍ਰਸੰਗਿਕ ਨਹੀਂ ਹੁੰਦਾ।

ਲੋਕਧਾਰਾ ਦੇ ਖੇਤਰਸੋਧੋ

ਲੋਕਧਾਰਾ ਸਮੂਹ ਦੀਆਂ ਭਾਵਨਾਵਾਂ, ਸਮੱਸਿਆਵਾਂ ਨੂੰ ਵਿਅਕਤ ਕਰਨ ਦਾ ਸਾਧਨ ਹੈ। ਲੋਕਧਾਰਾ ਦੀ ਭੂਮਿਕਾ ਨੂੰ ਮਨੁੱਖੀ ਸਮਾਜ ਕਦੇ ਵੀ ਅਣਗੌਲਿਆ ਨਹੀਂ ਕਰ ਸਕਦਾ। ਡਾ. ਵਣਜਾਰਾ ਬੇਦੀ ਦੇ ਅਨੁਸਾਰ, “ਲੋਕਧਾਰਾ ਇੱਕ ਚੂਲ ਹੈ। ਜਿਸ ਦੇ ਦੁਆਲੇ ਮਨੁੱਖੀ ਜੀਵਨ ਘੁੰਮਦਾ, ਰੇੜਕੇ ਵਿੱਚ ਪਿਆ, ਜ਼ਿੰਦਗੀ ਵਿਚੋਂ ਰਹੱਸ ਨਿਤਾਰਦਾ ਰਿਹਾ ਹੈ।"[5]

  • ਲੋਕ ਸਾਹਿਤ
  • ਲੋਕ ਮਨੋਵਿਗਿਆਨ
  • ਲੋਕ ਸਮੱਗਰੀ
  • ਲੋਕ ਕਲਾਵਾਂ

ਲੋਕਧਾਰਾ ਸਭਿਆਚਾਰ ਦਾ ਨਿਸ਼ਚਤ ਭਾਗ ਹੈ ਜਿਸ ਵਿੱਚ ਪਰੰਪਰਕ ਸਮੱਗਰੀ ਸ਼ਾਮਿਲ ਹੈ ਜੋ ਸਾਨੂੰ ਵਿਰਸੇ ਵਿਚੋਂ ਪ੍ਰਾਪਤ ਹੁੰਦੀ ਹੈ। ਇਸ ਵਿਚੋਂ ਲੋਕ ਮਾਨਸ ਦੀ ਅਭਿਵਿਅਕਤੀ ਹੁੰਦੀ ਹੈ ਅਤੇ ਇਸਨੂੰ ਜਨਸਮੂਹ ਦੀ ਪ੍ਰਵਾਨਗੀ ਪ੍ਰਾਪਤ ਹੁੰਦੀ ਹੈ ਅਤੇ ਇਸ ਦਾ ਸੰਚਾਰ "ਮੋਖਿਕ ਅਤੇ ਲਿਖਤੀ" ਦੋਵੇਂ ਤਰਾਂ ਨਾਲ ਹੁੰਦਾ ਹੈ। ਲੋਕਧਾਰਾ ਦਾ ਖੇਤਰ ਬਹੁਤ ਵਿਸ਼ਾਲ ਹੈ ਇਸ ਵਿੱਚ ਮਨੁੱਖੀ ਜੀਵਨ ਦੇ ਹਰ ਪੱਖ ਨਾਲ ਸੰਬੰਧਿਤ ਸਮੱਗਰੀ ਸ਼ਾਮਿਲ ਹੈ।

“ਲੋਕਧਾਰਾ ਦੀ ਸਮੱਗਰੀ ਵਿੱਚ ਵੰੰਨ-ਸੁਵੰਨੇ ਵਿਚਾਰ ਵਿਅਕਤ ਕਲਾਵਾਂ, ਲੋਕ ਵਿਸ਼ਵਾਸ, ਵਹਿਮ ਭਰਮ, ਜਾਦੂ ਟੂਣੇ ਅਤੇ ਮੰਤਰ ਵੀ ਆ ਜਾਂਦੇ ਹਨ।”[6] “ਲੋਕਧਾਰਾ ਵਿੱਚ ਮਨੁੱਖ ਦੀ ਸਾਰੀ ਸੋਚ, ਕਲਾ, ਸਾਹਿਤ ਤੇ ਦਰਸ਼ਨ ਆਦਿ ਦੀਆਂ ਰੂੜੀਆਂ ਸਮਾਈਆਂ ਹੋਈਆਂ ਹਨ। ਧਰਮ ਦੇ ਅਨੇਕਾਂ ਸਿਧਾਂਤ ਤੇ ਰੀਤਾਂ ਲੋਕਧਾਰਾ ਦੇ ਬੀਜਾਂ ਵਿਚੋਂ ਵਿਕਸੀਆਂ ਹਨ। ਕਲ ਦੇ ਮੁੱਢਲੇ ਪੈਟਰਨਾਂ ਦੀ ਜਨਮਦਾਤੀ ਲੋਕਧਾਰਾ ਹੈ: ਸਾਹਿਤ ਦੇ ਭਿੰਨ ਰੂਪ ਅਤੇ ਮੁਢਲੀਆਂ ਕਾਵਿ ਸ਼ੈਲੀਆਂ ਦੇ ਬੁਨਿਆਦੀ ਤੱਤਾਂ ਲੈ ਅ, ਤਾਲ, ਛੰਦ, ਅਲੰਕਾਰ ਆਦਿ ਦੀ ਲੋਕਧਾਰਾ ਦੇ ਗਰਭ ਵਿੱਚ ਪੈ ਕੇ ਨਿੰਮੇ ਹਨ। ਮੁੱਢਲੇ ਨ੍ਰਿਤ ਤੇ ਨਾਟ ਲੋਕਧਾਰਾ ਦੀਆਂ ਕੁਝ ਰਹੁ ਰੀਤਾਂ ਦਾ ਹੀ ਭਾਵੁਕ ਸਮੂਹਤੀਕਰਣ ਹਨ। ਅਜੋਕੀ ਕਥਾ ਕਹਾਣੀ ਦੀ ਵਡਿਕੀ, ਸਿਖਿਕ ਕਥਾ ਲੋਕਧਾਰਾ ਦੀ ਦਾਦੀ ਅੰਮਾ ਹੈ। ਸ਼ਿਲਪ ਕਲਾ, ਮੂਰਤੀਕਲਾ ਤੇ ਬੁੱਤਕਾਰੀ ਦਾ ਮੁੱਢ ਵੀ ਲੋਕਧਾਰਾ ਦੀ ਕੁੱਖੋਂ ਹੀ ਹੋਇਆ ਹੈ। ਚਕਿਤਸਾ ਤੇ ਵਿਗਿਆਨ ਦਾ ਸੱਚ ਵੀ ਲੋਕਧਾਰਾ ਵਿੱਚ ਵੇਖਿਆ ਜਾ ਸਕਦਾ।”[7] “ਲੋਕਧਾਰਾ ਦਾ ਘੇਰਾ ਬੜਾ ਵਿਸ਼ਾਲ ਤੇ ਸਮੁੰਦਰ ਵਾਂਗ ਡੂੰਘਾ ਹੈ। ਮੁੱਠੀ ਭਰ ਭਰਮਾਂ, ਵਹਿਮਾਂ,ਰੀਤਾਂ-ਮਨੋਤਾਂ ਤੇ ਰਿਵਾਇਤਾਂ ਨੂੰ ਹੀ ਲੋਕਧਾਰਾ ਮੰਨ ਲੈਣਾ ਇਸ ਅਖੁਟ ਕੋਸ਼ ਨਾਲ ਅਨਿਆਂ ਕਰਨਾ ਹੈ। ਇਸ ਦਾ ਕਿਧਰੇ ਹੱਦਬੰਨਾ ਨਹੀਂ ਇਹ ਅਥਾਹ ਭੰਡਾਰ ਹੈ।”[8]ਕਰਨੈਲ ਸਿੰਘ ਥਿੰਦ ਨੇ ਲੋਕਧਾਰਾ ਦੇ ਕੀਤੇ ਵਰਗੀਕਰਨ ਵਿੱਚ ਜੀਵਨ ਦੇ ਹਰ ਪੱਖ ਨੂੰ ਛੋਹਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹ ਵਰਗੀਕਰਨ ਵਧੇਰੇ ਵਿਗਿਆਨਕ ਹੈ। ਉਹਨਾਂ ਲੋਕਯਾਨਿਕ ਸਮੱਗਰੀ ਦਾ ਵਰਗੀਕਰਨ ਇਸ ਤਰਾਂ ਕੀਤਾ ਹੈ।

ਲੋਕ ਸਾਹਿਤਸੋਧੋ

ਲੋਕ ਗੀਤ, ਲੋਕ ਕਹਾਣੀਆਂ, ਲੋਕ ਸਾਹਿਤ ਦੇ ਵਿਵਧ ਰੂਪ

ਲੋਕ ਕਲਾਸੋਧੋ

ਲੋਕ ਸੰਗੀਤ, ਲੋਕ ਨਾਟ, ਲੋਕ ਨ੍ਰਿਤ, ਮੂਰਤੀ ਕਲਾ ਤੇ ਲੋਕ ਕਲਾ

ਅਨੁਸ਼ਠਾਨਸੋਧੋ

ਲੋਕ ਰੀਤੀ ਰਿਵਾਜ਼, ਮੇਲੇ ਤੇ ਤਿਉਹਾਰ, ਪੂਜਾ ਵਿਧੀਆਂ, ਲੋਕ ਲੋਕਯਾਨ ਦੇ ਖੇਤਰ ਵਿੱਚ ਅਨੁਸ਼ਠਾਨਾਂ ਦਾ ਮਹੱਤਵ ਬਹੁਤ ਜ਼ਿਆਦਾ ਹੈ। ਅਨੁਸ਼ਠਾਨ ਦਾ ਕੋਸੀ ਅਰਥ ਉਪਕਰਮ ਜਾਂ ਕਿਸੇ ਕਾਰਜ ਦਾ ਆਰੰਭਣਾ ਹੈ।ਨਿਯਮ ਕਿਸੇ ਕਾਰਜ ਦੇ ਕਰਨ ਜਾਂ ਕਿਸੀ ਉੱਤਮ ਫ਼ਲ ਦੀ ਪ੍ਰਾਪਤੀ ਲਈ ਕਿਸੇ ਦੇਵਤਾ ਦੀ ਅਰਾਧਨਾ ਨੂੰ ਵੀ ਅਨੁਸ਼ਠਾਨ ਕਿਹਾ ਜਾਂਦਾ ਹੈ।ਕਾਨ੍ ਸਿੰਘ ਨਾਭਾ ਦੇ ਸ਼ਬਦਾਂ ਵਿਚ ਤੰਤਰ ਸ਼ਾਸਤਰ ਅਨੁਸਾਰ ਮੰਤਰ ਦਾ ਵਿਧੀ ਪੂਰਵਕ ਜਾਪ ਜਾਂ ਧਾਰਮਿਕ ਕਰਮ ਅਨੁਸ਼ਠਾਨ ਹੈ। ਅਨੁਸ਼ਠਾਨਾਂ ਨਾਲ ਕੲੀ ਪ੍ਰਕਾਰ ਦੇ ਧਾਰਮਿਕ ਵਿਸ਼ਵਾਸ ਜੁੜੇ ਹੋਏ ਹੁੰਦੇ ਹਨ।ਇਸ ਦਿ੍ਸ਼ਟੀ ਤੋਂ ਅਨੁਸ਼ਠਾਨਾਂ ਨੂੰ ਵਿਸ਼ਵਾਸ ਖੇਤਰ ਦਾ ਇਕ ਵਿਸਤ੍ਰਿਤ ਰੂਪ ਵੀ ਮੰਨਿਆ ਜਾ ਸਕਦਾ ਹੈ।ਰਹੁ ਰੀਤਾਂ, ਤਿਉਹਾਰ, ਪੂਜਾ ਦੀਆਂ ਵੱਖ-ਵੱਖ ਵਿਧੀਆਂ ਅਤੇ ਵਰਤ ਆਦਿ ਲੋਕ ਮਾਨਸ ਦੀ ਧਾਰਮਿਕ ਭਾਵਨਾ ਦਾ ਪ੍ਰਤਿਫ਼ਲ ਹੁੰਦੇ ਹਨ।[9] ਅਨੁਸ਼ਠਾਨ ਜੀਵਨ ਦਾ ਅਨਿੱਖੜਵਾਂ ਅੰਗ ਹਨ ਅਤੇ ਸਾਹਿਤ ਜੀਵਨ ਦਾ ਦਰਪਣ ਹੈ।ਇਸ ਲਈ ਸਾਹਿਤਕਾਰ ਅਨੁਸ਼ਠਾਨਿਕ ਸਾਮੱਗਰੀ ਨੂੰ ਸਹਿਜੇ ਹੀ ਆਪਣੀਆਂ ਸਾਹਿਤਿਕ ਕ੍ਰਿਤੀਆਂ ਦਾ ਭਾਗ ਬਣਾਉਂਦੇ ਆਏ ਹਨ। ਉਹ ਆਪਣੀਆਂ ਰਚਨਾਵਾਂ ਵਿਚ ਲੋਕ ਜੀਵਨ ਵਿੱਚ ਪ੍ਰਚਲਿਤ ਰੀਤੀ ਰਿਵਾਜਾਂ, ਸੰਸਕਾਰਾਂ,ਪੂਜਾ ਦੇ ਢੰਗਾਂ,ਪੂਰਬਾਂ ਅਤੇ ਉਤਸਵਾਂ ਆਦਿ ਬਾਰੇ ਅਨੁਸ਼ਠਾਨਿਕ ਸਾਮੱਗਰੀ ਦੀ ਵਰਤੋਂ ਦੋ ਢੰਗਾਂ ਨਾ

ਲ ਕਰਦੇ :ਹਨ

(ੳ) ਅਨੁਸ਼ਠਾਨਿਕ ਸਾਮੱਗਰੀ ਦਾ ਸਾਧਾਰਨ ਰੂਪ ਵਿੱਚ ਰਚਨਾਵਾਂ ਦਾ ਭਾਗ ਬਣਨਾ।

(ਅ) ਅਨੁ਼ਸ਼ਠਾਨਿਕ ਸਾਮੱਗਰੀ ਨੂੰ ਰਚਨਾਵਾਂ ਵਿੱਚ ਸਮੋ ਕੇ ਇਸ ਨਾਲ ਜੁੜੀਆਂ ਭਾਵਨਾਵਾਂ ਦਾ ਖੰਡਨ ਕਰਨਾ।[10]

ਮੱਧਕਾਲੀਨ ਪੰਜਾਬੀ ਸਾਹਿਤ ਵਿੱਚ ਅਨੁਸ਼ਠਾਨਿਕ ਸਾਮੱਗਰੀ ਦੀ ਵਰਤੋਂ ਨੂੰ ਅੱਗੇ ਲਿਖੇ ਪੱਖਾਂ ਤੋਂ ਵਾਚਿਆ ਜਾ ਸਕਦਾ ਹੈ:

(੧) ਸੰਸਕਾਰ:

ਜਨਮ, ਵਿਆਹ ਤੇ ਮੌਤ ਨਾਲ ਸੰਬੰਧਤ,ਸਤੀ ਦੀ ਪ੍ਰਥਾ ਆਦਿ।

(੨) ਪੂਜਾ ਵਿਧੀਆਂ:

ਆਰਤੀ, ਮੂਰਤੀ ਪੂਜਾ,ਚੰਦ,ਸੂਰਜ ਅਤੇ ਗ੍ਰਹਿ ਪੂਜਾ,ਸੀਤਲਾ ਅਤੇ ਦੁਆਦਸ ਸਿਲਾ ਆਦਿ।

(੩) ਕਰਮ ਕਾਂਡ:

ਹੋਮ,ਤੀਰਥ,ਜਾਤਿ ਵਰਣ,ਗਮਣ,ਪੂਰਵ,ਉਤਸਵ,ਦਾਨ,ਸੂਤਕ,ਪਾਤਕ,ਜੂਠ,ਭਿੱਟ, ਚੌਂਕਾ,ਕਾਰਵ੍ਹ ਆਦਿ।

(੪) ਵਰਤ:


ਇਕਾਦਸ਼ੀ਼ੀ,ਅਹੋਈ,ਚੰਦ੍ਰਾਇਣ,ਮੌਨ,ਵਰਤ ਆਦਿ।

(੫) ਵੇਸ਼ ਭੂਸ਼ਾ:

ਤਿਲਕ ਜਾਂ ਟਿੱਕਾ,ਮਾਲਾ, ਭਗਵਾਂ ਵੇਸ਼,ਨਾਂਗੇ, ਜਟਾਂ ਵਧਾਉਣੀਆਂ,ਭਸਮ ਲਗਾਉਣੀ,ਅਗਨਿ ਤਪ ਆਦਿ। ਪ੍ਰਥਾਵਾਂ ਅਤੇ ਪਰੰਪਰਾਵਾਂ ਆਦਿ ਇਹਨਾਂ ਵਰਗਾਂ ਦੇ ਅੰਤਰਗਤ ਹੀ ਆ ਜਾਂਦੇ ਹਨ।

(1)ਸੰਸਕਾਰ:

ਜਦ ਕੋਈ ਵਿਅਕਤੀ ਕਿਸੇ ਕੰਮ ਨੂੰ ਬਾਰ-ਬਾਰ ਕਰਦਾ ਹੈ ਤਾਂ ਇਹ ਉਸਦੀ ਆਦਤ ਬਣ ਜਾਂਦੀ ਹੈ, ਪਰੰਤੂ ਜਦ ਸਾਰਾ ਭਾਈਚਾਰਾ ਹੀ ਉਸ ਨੂੰ ਦੁਹਰਾਉਣ ਲੱਗ ਜਾਂਦਾ ਹੈ ਤਾਂ ਉਹ ਰੀਤੀ ਦਾ ਰੂਪ ਧਾਰਣ ਕਰ ਜਾਂਦੀ ਹੈ। ਸੰਸਕਾਰ ਲੋਕ ਮਾਨਸ ਦਾ ਸੂਖਮ ਰੂਪ ਹਨ ਅਤੇ ਰੀਤੀ ਸੰਸਕਾਰਾਂ ਦਾ ਸਥੂਲ ਅਥਵਾ ਵਿਵਹਾਰਿਕ ਰੂਪ।[11]

(੧) ਜਨਮ ਸੰਸਕਾਰ:

ਜਨਮ ਸੰਬੰਧੀ ਰਸਮਾਂ ਭਾਵੇਂ ਬੱਚੇ ਦੇ ਜਨਮ ਲੈਣ ਤੋਂ ਪਹਿਲਾਂ ਸ਼ੁਰੂ ਹੋ ਜਾਂਦੀਆਂ ਹਨ, ਪਰੰਤੂ ਬੱਚੇ ਦੇ ਪ੍ਰਵੇਸ਼ ਨਾਲ ਗੁੜ੍ਹਤੀ, ਕੜੀਆਂ ਦਾ ਗਿਣਨਾ,ਦੁਧੀਆ ਧੁਆਈ, ਬਾਹਰ ਵਧਾਉਣਾ, ਪੰਜੀਰੀ ਵੰਡਣੀ, ਕੱਪੜੇ ਭੇਜਣੇ, ਤੇਰ੍ਹਵਾਂ, ਨਾਮਕਰਨ ਆਦਿ ਰੀਤਾਂ ਦੀ ਲੜੀ ਬੱਝ ਜਾਂਦੀ ਹੈ।

(੨) ਵਿਆਹ ਸੰਸਕਾਰ:

ਵਿਆਹ ਸੰਸਕਾਰ ਨਾਲ ਚੋਖੀਆਂ ਰਸਮਾਂ ਜੁੜੀਆਂ ਹੋਈਆਂ ਹਨ। ਸੂਫੀ ਅਤੇ ਕਿੱਸਾ ਕਵੀਆਂ ਨੇ ਸੰਕੇਤਕ ਅਤੇ ਵਿਸਤ੍ਰਿਤ ਰੂਪ ਵਿਚ ਕਈ ਰਸਮਾਂ ਦੇ ਹਵਾਲੇ ਦੇ ਕੇ ਆਪਣੇ ਹਾਵਾਂ ਭਾਵਾਂ ਨੂੰ ਨਿਰੂਪਣ ਕੀਤਾ ਹੈ। ਆਪਣੇ ਅਨੁਭਵ ਨੂੰ ਪ੍ਰਗਟਾਉਣ ਲਈ ਮਹਿੰਦੀ ਲਾਉਣੀ,ਖਾਰੇ ਬਿਠਾਉਣਾ,ਤੇਲ ਚੋਣਾ, ਵੱਟਣਾ ਮਲਣਾ, ਚੂੜਾ ਚੜ੍ਹਾਉਣਾ,ਨੱਥ ਪਹਿਣਨੀ,ਹਾਰ ਸ਼ਿੰਗਾਰ ਕਰਨਾ,ਜੰਝ ਚੜ੍ਹਨੀ, ਸਿੱਠਣੀਆਂ, ਡੋਲੀ,ਦਾਜ,ਖਟ ਆਦਿ ਰਹੁ ਰੀਤਾਂ ਦਾ ਜ਼ਿਕਰ ਸੂਫ਼ੀਆਂ ਦੀਆਂ ਰਚਨਾਵਾਂ ਵਿਚ ਮਿਲ ਜਾਂਦਾ ਹੈ।[12]

(੩)ਮਿਤ੍ਰਕ ਸੰਸਕਾਰ:

ਮਿਤ੍ਰ ਨਾਲ ਵੀ ਅਨੇਕਾਂ ਰਸਮਾਂ ਜੁੜੀਆਂ ਹੋਈਆਂ ਹਨ ਮਰ ਗੲੇ ਵਿਅਕਤੀ ਨੂੰ ਮੰਜੇ ਤੋਂ ਲਾਹੁਣਾ, ਸ਼ਮਸ਼ਾਨ ਭੂਮੀ ਲਿਜਾ ਕੇ ਕੲੀ ਰੀਤਾਂ ਕਰਨੀਆਂ, ਘਿਓ ਤੇ ਖੁਸ਼ਬੂਦਾਰ ਵਸਤਾਂ ਮ੍ਰਿਤਕ ਦੀ ਭੇਟਾ ਕਰਨੀਆਂ,ਚੰਦਨ ਦੀ ਲੱਕੜ ਵਿਚ ਜਲਾਉਣਾ,ਸਮਾਧੀ ਬਣਾਉਣੀ, ਅਸਥੀਆਂ ਨੂੰ ਕਿਸੇ ਤੀਰਥ ਤੇ ਭੇਜਣਾ ਅਤੇ ਹਰ ਸਾਲ ਉਸ ਦੀ ਯਾਦ ਵਿੱਚ ਸ਼ਰਾਧ ਕਰਨੇ, ਕੁੱਝ ਇੱਕ ਵਰਰੀਤਾਂ

[13] •ਦੀਵਾ ਵੱਟੀ

•ਪਿੰਡ ਦਾਨ

• ਸ਼ਰਾਧ

• ਮੜ੍ਹੀ ਮਸਾਣ ਦੀ ਪੂਜਾ

(2) ਪੂਜਾ ਵਿਧੀਆਂ:

ਭਾਰਤ ਵਿੱਚ ਅਣਗਿਣਤ ਦੇਵਤੇ ਮੰਨੇ ਜਾਂਦੇ ਹਨ ਅਤੇ ਪ੍ਰਾਚੀਨ ਕਾਲ ਤੋਂ ਇਨ੍ਹਾਂ ਦੀ ਪੂਜਾ ਹੁੰਦੀ ਆਈ ਹੈ। ਵੱਖ-ਵੱਖ ਧਾਰਮਿਕ ਸਥਾਨਾਂ ਨਾਲ ਨਾਨਾ ਪ੍ਰਕਾਰ ਦੀਆਂ ਪੂਜਾ ਵਿਧੀਆਂ ਦੇਖਣ ਵਿੱਚ ਆਉਂਦੀਆਂ ਹਨ। ਲੋਕ ਜੀਵਨ ਵਿੱਚ ਪ੍ਰਚਲਿਤ ਇਹ ਪਰੰਪਰਾਗਤ ਪੂਜਾ ਵਿਧੀਆਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਚੁੱਕੀਆਂ ਹਨ। ਲੋਕ ਮਾਨਸ ਨੇ ਇਨ੍ਹਾਂ ਢੰਗਾਂ ਨੂੰ ਵਿਸ਼ਵਾਸਾਂ ਦੀ ਅਜਿਹੀ ਧਾਰਣਾ ਨਾਲ ਜੋੜ ਦਿੱਤਾ ਹੈ ਕਿ ਅਸਭਿਅ ਨੂੰ ਸਭਿਅ ਸਮਝ ਕੇ ਸਵੀਕਾਰ ਕੀਤਾ ਜਾਂਦਾ ਹੈ। ਆਦਿ ਗ੍ਰੰਥ ਵਿੱਚ ਵਿਸ਼ੇਸ਼ ਅਸਥਾਨਾਂ ਉੱਪਰ ਨਾਨਾ ਪ੍ਰਕਾਰ ਦੀ ਖ਼ਾਸ ਸਮੱਗਰੀ ਰਾਹੀਂ ਦੇਵ ਪੂਜਾ ਤੇ ਮੂਰਤੀ ਪੂਜਾ ਆਦਿ ਦਾ ਖੰਡਣ ਕੀਤਾ ਗਿਆ ਹੈ।[14]

•ਮੂਰਤੀ ਪੂਜਾ

•ਆਰਤੀ

•ਚੰਦ ਸੂਰਜ ਤੇ ਗ੍ਰਹਿਆਂ ਦੀ ਪੂਜਾ

•ਸੀਤਲਾ

•ਦੁਆਦਸ ਸਿਲਾ[15]


3)ਕਰਮ ਕਾਂਡ:

ਕਰਮ ਕਾਂਡ ਵੇਦ ਆਦਿ ਗ੍ਰੰਥਾਂ ਦਾ ਅਜਿਹਾ ਪ੍ਰਕਰਣ ਹੈ ਜਿਸ ਵਿਚ ਹੋਮ ਯੋਗਰ, ਸ਼ਰਾਧ,ਤਰਪਣ ਅਤੇ ਵਰਤ ਆਦਿ ਕਰਮਾਂ ਦੇ ਕਰਨ ਦੀ ਵਿਧੀ ਦੱਸੀ ਗਈ ਹੋਵੇ। ਲੋਕ ਜੀਵਨ ਵਿੱਚ ਵਿਖਾਵੇ ਅਤੇ ਪਾਖੰਡ ਦੇ ਕਰਮਾਂ ਦਾ ਇਕ ਅਜਿਹਾ ਜਾਲ ਵਿੱਛਿਆ ਹੋਇਆ ਹੈ ਕਿ ਕਰਮਾਂ ਦੀ ਮੂਲ ਭਾਵਨਾ ਲੋਪ ਹੋ ਗੲੀ ਹੈ। ਯੱਗ ਕਰਵਾਉਣਾ,ਦਾਨ ਦੇਣਾ ਅਤੇ ਲੈਣਾ,ਵੇਦ ਪੜ੍ਹਨਾ ਆਦਿ ਛੇ ਕਰਮ ਆਮ ਪ੍ਰਸਿੱਧ ਹਨ।[16]

• ਹੋਮ ਯੋਗ

• ਤੀਰਥ ਗਮਨ

• ਪੂਰਬ

• ਤਿਉਹਾਰ ਦਾਨ

• ਚੁਲੀ

(4) ਵਰਤ:

ਅਨੁਸ਼ਠਾਨਿਕ ਖੇਤਰ ਦੀ ਬਹੁਤ ਸਾਰੀ ਸਮੱਗਰੀ ਅਜਿਹੀ ਹੈ ਜਿਸ ਨੂੰ ਵੇਸ ਭੂਸ਼ਾ ਦੀ ਸੰਗਿਆ ਦਿੱਤੀ ਜਾ ਸਕਦੀ ਹੈ। ਇਸ ਵਿੱਚ ਟਿੱਕਾ ਜਾ ਤਿਲਕ ਲਗਾਉਣਾ,ਮਾਲਾ ਪਾਉਣੀ, ਨੰਗਿਆਂ ਫਿਰਨਾ, ਭਗਵਾਂ ਵੇਸ ਧਾਰਣ ਕਰਨਾ, ਜਟਾਂ ਵਧਾਉਣੀਆਂ ਅਤੇ ਭਸਮ ਲਗਾਉਣੀ ਆਦਿ ਕਰਮ ਸ਼ਾਮਿਲ ਕੀਤੇ ਜਾ ਸਕਦੇ ਹਨ। ਸਾਧਾਰਨ ਰਹਿਣੀ ਬਹਿਣੀ ਦੇ ਵਿਪਰੀਤ ਦਿਖਾਵੇ ਮਾਤਰ ਕਰਮ ਕਰਨ ਵਾਲੇ ਵਿਅਕਤੀ ਵਹਿਮਾਂ ਭਰਮਾਂ ਵਿੱਚ ਫਾਥੇ ਸਾਧਾਰਨ ਲੋਕਾਂ ਨੂੰ ਵੀ ਆਪਣੇ ਪਿੱਛੇ ਲਾ ਲੈਂਦੇ ਹਨ।[17]

• ਤਿਲਕ ਜਾਂ ਟਿੱਕਾ

• ਮਾਲਾ

ਲੋਕ ਵਿਸ਼ਵਾਸ਼ਸੋਧੋ

ਜਾਦੂ ਟੂਣੇਸੋਧੋ

ਆਦਿ ਕਾਲ ਤੋਂ ਹੀ ਮਨੁੱਖ ਵਿੱਚ ਪ੍ਰਾਕਿਤਕ ਸ਼ਕਤੀਆਂ ਉੱਤੇ ਕਾਬੂ ਪਾਉਣ ਤੇ ਜੀਵਨ ਵਿਚ ਵਾਪਰਦੀਆਂ ਘਟਨਾਵਾਂ ਦੀ ਚਾਲ ਨੂੰ ਆਪਣੀ ਮਰਜ਼ੀ ਅਨੁਕੂਲ ਕਰਨ ਦੀ ਇੱਛਾ ਬੜੀ ਪ੍ਰਬਲ ਰਹੀ ਹੈ।ਆਦਿਮ ਮਨੁੱਖ ਕੁਦਰਤ ਨੂੰ ਸਮਝਣੋਂ ਤਾਂ ਅਸਮਰਥ ਰਿਹਾ ਪਰ ਲੰਮੇ ਤਜਰਬੇ ਪਿੱਛੋਂ ਉਸ ਦਾ ਇਹ ਵਿਸ਼ਵਾਸ ਬਣ ਗਿਆ ਕਿ ਉਹ ਟੂਣਿਆਂ, ਮੰਤਰਾ ਤੇ ਰੀਤਾਂ ਨਾਲ ਪ੍ਰਕਿਰਤੀ ਤੇ ਜੀਵਨ ਗਤੀ ਉਤੇ ਕਾਬੂ ਪਾ ਸਕਦਾ ਹੈ। ਇਸੇ ਵਿਸ਼ਵਾਸ ਤੋਂ ਜਾਦੂ ਤੇ ਟੂਣੇ ਨੇ ਜਨਮ ਲਿਆ।


ਜਾਦੂ ਇਕ ਕਲਾ ਹੈ ਜੋ ਦੋ ਗਲਾਂ ਮਿੱਥ ਕੇ ਤੁਰਦੀ ਹੈ ਇਕ ਇਹ ਕਿ ਪ੍ਰਾਕਿਰਤੀ ਵਿੱਚ ਹਰੇਕ ਕਾਰਨ ਕਿਸੇ ਕਾਰਜ ਨੂੰ ਜਨਮ ਦਿੰਦਾ ਹੈ।ਤੇ ਇਕ ਘਟਨਾ ਪਿੱਛੋਂ ਦੂਜੀ ਘਟਨਾ ਬਿਨਾਂ ਕਿਸੇ ਦੈਵੀ ਜਾਂ ਅਧਿਆਤਮਕ ਸ਼ਕਤੀ ਦੇ ਦਖਲ ਦੇ ਆਪਣੇ ਆਪ  ਸਹਿਜ ਰੂਪ ਵਿਚ ਹੀ ਵਾਪਰਦੀ ਹੈ। ਇਸ ਲਈ ਕੇ ਮੰਤਰਾਂ, ਕਰਮ ਕਾਂਡ ਤੇ ਰੀਤਾਂ ਨਾਲ ਕਾਰਨ ਪੈਦਾ ਕੀਤੇ ਜਾਣ ਤਾਂ ਕਾਰਜ ਆਪੇ ਸਿੱਧ ਹੋ ਜਾਂਦਾ ਹੈ। ਦੂਜਾ, ਕਿਸੇ ਵਸਤੂ ਜਾਂ ਸਥਿਤੀ ਉੱਤੇ ਕਾਬੂ ਪਾ ਲੈਣ ਦਾ ਭਰਮ ਪੈਦਾ ਕਰਨ ਨਾਲ ਉਹ ਵਸਤੂ ਜਾਂ ਸਥਿਤੀ ਸੱਚ ਮੁੱਚ ਹੀ ਵਸ ਵਿੱਚ ਹੋ ਜਾਂਦੀ ਹੈ।

ਜੇਕਰ ਮੀਹ ਚਾਹੀਦਾ ਹੋਵੇ ਤਾਂ ਬਦਲਾਂ ਦਾ ਸਵਾਂਗ ਭਰੋ,ਘਨਘੋਰ ਬਦਲਾਂ ਜਿਹੀ ਗੜਗੜਾਹਟ ਪੈਦਾ ਕਰੋ,ਵਰਸਦੀਆ ਬੂੰਦਾਂ ਨਾਲ ਮਿਲਦੀ ਜੁਲਦੀ ਅਵਾਜ਼ ਕਢੋ ਤੇ ਇਕ ਦੂਜੇ ਉਤੇ ਪਾਣੀ ਉਛਾਲੋ , ਇਸ ਤਰਾਂ ਨਕਲ ਉੱਤੇ ਅਧਾਰਤ ਟੂਣੇ ਨੂੰ ਭੁਲਾਵਾਂ ਜਾਦੂ ਕਹਿੰਦੇ ਹਨ।

ਜਾਦੂ ਦੀਆਂ ਕਈ ਕਿਸਮਾਂ ਹਨ।

ਲਾਗਵਾਂ ਜਾਦੂ

ਭਾਵਾਤਮਕ ਜਾਦੂ

ਚਿੱਟਾ ਜਾਦੂ

ਕਾਲਾ ਜਾਦੂ

ਟੂਣਾ- ਟਪਾਸੋਧੋ

ਜਿੱਥੇ ਕੋਈ ਰੀਤ ਇਸ ਨਿਸਚੇ ਨਾਲ ਕੀਤੀ ਜਾਵੇ ਕਿ ਇਸ ਨੂੰ ਪੂਰਨ ਵਿਦੀ ਅਨੁਸਾਰ ਕਰਨ ਨਾਲ, ਕਿਸੇ ਇੱਛਾ ਦੀ ਸੁਤੇ ਸਿੱਧ ਹੀ  ਪੂਰਤੀ ਹੋ ਜਾਵੇਗੀ ਉਥੇ ਜਾਦੂ ਦੀ ਭਾਵਨਾ ਕੰਮ ਕਰਦੀ ਹੈ ਅਤੇ ਜਿਥੇ ਕੋਈ ਰੀਤ ਆਪਣੇ ਇਸ਼ਟ ਦੀ ਬਖਸ਼ਸ ਨੂੰ ਪ੍ਰਾਪਤ ਕਰਨ ਲਈ ਕੀਤੀ ਜਾਵੇ, ਉਥੇ ਧਰਮ ਦੀ ਭਾਵਨਾ ਹੁੰਦੀ ਹੈ।ਜਾਦੂ ਦੀਆਂ ਰੀਤਾਂ ਨੂੰ ਟੂਣਾ- ਟਪਾ

ਕਿਹਾ ਜਾਂਦਾ ਹੈ।

ਸਥਾਨਕ ਦੇਵੀ  ਦਿਉਤੇਸੋਧੋ

ਪੁਰਾਣਿਕ ਦੇਵੀ ਦੇਵਤਿਆਂ ਤੋਂ ਬਿਨਾਂ ਕੁਝ ਦਿਉਤੇ ਅਜਿਹੇ ਵੀ ਪੂਜੇ ਜਾਂਦੇ ਹਨ ਜਿਨ੍ਹਾਂ ਨੂੰ ਨਿਰੋਲ ਸਥਾਨਕ ਕਿਹਾ ਜਾਂਦਾ ਹੈ। ਇਹ ਪਿੰਡਾਂ ਦੇ ਨਿੱਕੇ ਨਿੱਕੇ ਰੱਬ ਹਨ ਜਿਹਨਾਂ ਉਤੇ ਲੋਕਾਂ ਦਾ ਪਕਾ ਨਿਸਚਾ ਹੈ ਅਤੇ ਦੁੱਖ ,ਕਲੇਸ਼ ਜਾਂ ਭੀੜਾਂ ਸਮੇਂ ਉਹ ਵਧੇਰੇ ਕਰਕੇ ਇਹਨਾਂ ਦੀ ਹੀ ਸ਼ਰਨ ਲੈਂਦੇ ਹਨ। ਫਿਰ ਲੋਕਾਂ ਦਾ ਪੱਕਾ ਨਿਸ਼ਚਾ ਹੈ ਕਿ ਭੀੜਾਂ ਵੇਲੇ ਪਤੀਆਂਣ ਨਾਲ ਇਹ ਦਿਉਤੇ ਉਹਨਾਂ ਨੂੰ ਇੰਜ ਬਹੁੜਦੇ ਹਨ ਜਿਵੇਂ ਰੁੱਤ ਨਾਲ ਬੇਰੀਆਂ ਨੂੰ ਬੂਰ ਅਾ ਪੈਂਦੇ ਹੈ। ਸਥਾਨਕ ਦੇਵਤਿਆਂ ਦੀਆਂ ਮੜੀਆਂ, ਮਟਿਲੇ, ਭੋਣ ਹਰ ਪਿੰਡ ਵਿਚ ਦੇਖੇ ਜਾ ਸਕਦੇ ਹਨ। ਇਹ ਮੜੀਆਂ ਦੋ ਕੂ ਉੱਚੀਆਂ ਇਟਾਂ ਦੀਆਂ ਬਣਿਆ ਹੁੰਦੀਆ ਹਨ। ਜਿਹਨਾਂ ਉਤੇ ਚੂਨਾ ਹੁੰਦਾ ਹੈ। ਉਪਰ ਅੰਡੇਦਾਰ ਗੁਲਈ ਹੁੰਦੀ ਹੈ। ਇਹਨਾਂ ਵਿੱਚ ਕੋਈ ਬੁਤ ਨਹੀਂ ਰਖਿਆ ਹੂੰਦਾ ਸਿਰਫ ਦੀਵਾ ਬਾਲ ਕੇ ਰੱਖਣ ਦੀ ਖਾਓ ਹੁੰਦੀ ਹੈ।

ਸਥਾਨਕ ਦੇਵੀ ਦੇਵਤੇ:

ਧਰਨੀ ਦੇਵੀ

ਖੇਤਰਪਾਲ

ਭੂਮੀਆ ਜਾਂ ਖੇੜਾ

ਜਠੇਰਾ

ਦਰਿਆ ਪੀਰ ਜਾਂ ਖਵਾਜਾ - ਖਿਜਰ

ਭੇਦਾਇਕ ਦੇਵੀ ਸੀਤਲਾ ਮਾਈ

ਠੰਡੀ ਮਾਤਾ[18]

ਜੰਤਰ, ਮੰਤਰ,ਤੰਤਰਸੋਧੋ

ਲੋਕਯਾਨ ਦੇ ਵਿਸ਼ਵਾਸ ਖੇਤਰ ਵਿਚ ਇਹਨਾਂ ਤਿੰਨਾਂ ਸ਼ਬਦਾਂ ਦੀ ਬਹੁਤ ਮਹਤਵ ਹੈ। ਜਾਦੂ ਟੂਣੇ ਦੀ ਸ਼ਕਤੀ ਦੇ ਵਿਵਰਣ ਨਾਲ ਭਰਪੂਰ ਗ੍ਰੰਥਾ  ਨੂੰ ਤੰਤਰ ਸ਼ਾਸਤਰ ਕਿਹਾ ਜਾਂਦਾ ਹੈ। ਇਸ ਲਈ ਤੰਤਰ ਸ਼ਬਦ ਦਾ ਪ੍ਰਯੋਗ ਟੂਣੇ ਦੇ ਅਰਥ ਵਿਚ ਲਿਆ ਜਾਵੇਗਾ। ਜੰਤਰ ਵਿਚ ਤਿੰਨ ਪ੍ਰਕਾਰ ਦੇ ਟੂਣੇ ਸ਼ਾਮਲ ਹਨ: ਚਾਰ ਜਾਂ ਅੱਠ ਨੁਕਰਾਂ ਦੇ ਲੀਕਾਂ ਖਿੱਚ ਕੇ ਬਨਾਏ ਪੂਜਾ ਜੰਤਰ, ਭੋਜ ਪਤਰ ਜਾਂ ਧਾਤੂ ਪਤਰ ਦੇ ਟੁਕੜੇ ਤੇ ਲਿਖ ਕੇ ਲਿਖੇ ਭੋਜਨ ਜੰਤਰ , ਜੌ ਧੋ ਕੇ ਪੀਤੇ ਜਾਂਦੇ ਹਨ ਅਤੇ ਲਿਖਤ ਜਾਂ ਉਕਰੇ ਰੂਪ ਵਿਚ ਤਾਵੀਜ਼ ਦੇ ਰੂਪ ਵਿਚ ਧਾਰਨ ਕਿਤੇ ਗਏ ਜੰਤਰ।

ਤੰਤਰ ਸ਼ਾਸਤਰ ਅਨੁਸਾਰ ਕਿਸੇ ਦੇਵਤੇ ਨੂੰ ਰਿਝਾਉਣ ਲਈ ਆਪਣੇ ਕਾਰਜ ਦੀ ਸਿੱਧੀ ਵਾਸਤੇ ਜਪਣਯੋਗ ਸ਼ਬਦ ਨੂੰ ਮੰਤਰ ਦੀ ਸੰਗਿਆ ਦਿੱਤੀ ਜਾਵੇਗੀ।

ਮੱਧਕਾਲੀਨ ਪੰਜਾਬੀ ਸਾਹਿਤ ਵਿਚ ਮੰਤਰਾਂ ਜੰਤਰਾ ਸਬੰਧੀ ਬਹੁਤ ਉਦਾਹਰਣ ਮਿਲਦੇ ਹਨ। ਤਾਵੀਜ਼ , ਝਾੜ, ਆਦਿ ਵੀ ਜੰਤਰਾਂ ਮੰਤਰਾਂ ਦੇ ਦੇਸੀ ਰੂਪ ਹਨ

ਓ) ਗੰਢੇ ਲੱਖ ਤਾਵੀਜ਼ ਤੇ ਧੁੱਪ ਧੂਣੀ

     ਸੁਤ ਆਂਦੇ ਨੀ ਕੰਜ ਕਵਾਰੀਆ ਦੇ।[19]

ਲੋਕ ਧੰਦੇ ਜਾਂ ਕਿੱਤੇਸੋਧੋ

ਸਿਲਾਈ, ਕਢਾਈ, ਕਸ਼ੀਦਾਕਾਰੀ, ਕਪੜਾ ਬੁਣਨਾ, ਤਰਖਾਣ, ਕੁਸਿਹਾਰ ਆਦਿ।

ਲੋਕ ਮਨੋਰੰਜਨਸੋਧੋ

ਲੋਕ ਖੇਡਾਂ, ਤਮਾਸ਼ੇ

ਫੁਟਕਲਸੋਧੋ

ਇਸ਼ਾਰੇ ਅਤੇ ਚਿੰਨ੍ਹ ਆਦਿ।”[20]

ਸਹਿਯੋਗੀ ਖੇਤਰਸੋਧੋ

ਲੋਕਧਾਰਾ, ਸਭਿਆਚਾਰ, ਭਾਸ਼ਾ, ਸਾਹਿਤ, ਭੂਗੋਲ, ਇਤਿਹਾਸ, ਮਨੁੱਖੀ ਜੀਵਨ ਨਾਲ ਸੰਬੰਧਿਤ ਵਿਸ਼ੇਸ਼ ਅਤੇ ਮਹੱਤਵਪੂਰਨ ਗਿਆਨ ਖੇਤਰ ਹਨ , ਜਿਨ੍ਹਾਂ ਦਾ ਆਪਸ ਵਿੱਚ ਅਟੁੱਟ ਰਿਸ਼ਤਾ ਹੈ। ਇਹ ਗਿਆਨ ਖੇਤਰ ਕਿਸੇ ਖਿੱਤੇ ਦੇ ਲੋਕਾਂ ਦੇ ਸਮੁੱਚੇ ਜੀਵਨ ਸਫ਼ਰ ਨਾਲ ਅਤੇ ਸਬੰਧਿਤ ਸਮਾਜ ਦੇ ਵਿਲੱਖਣ ਲੱਛਣਾਂ ਨੂੰ ਨਿਰਧਾਰਤ ਕਰਨ ਵਿੱਚ ਵੀ ਸਹਿਯੋਗੀ ਬਣਦੇ ਹਨ। ਲੋਕਧਾਰਾ ਨਾਲ ਸਬੰਧਤ ਗਿਆਨ ਖੇਤਰ ਇਸ ਤਰ੍ਹਾਂ ਹਨ :

  1. ਭੂਗੋਲ
  2. ਇਤਿਹਾਸ
  3. ਸਭਿਆਚਾਰ
  4. ਸਭਿਆਚਾਰ
  5. ਭਾਸ਼ਾ
  6. ਸਾਹਿਤ

ਲੋਕਧਾਰਾ ਅਤੇ ਭੂਗੋਲਸੋਧੋ

ਕਿਸੇ ਵਿਸ਼ੇਸ਼ ਖਿੱਤੇ ਦੀ ਧਰਤੀ ਜਾਂ ਪ੍ਰਕਿਰਤਕ ਵਾਤਾਵਰਨ ਦੇ ਵਿਗਿਆਨਕ ਅਧਿਐਨ ਨੂੰ ਭੂਗੋਲ ਕਿਹਾ ਜਾਂਦਾ ਹੈ ।ਭੂਗੋਲ ਅਤੇ ਲੋਕਧਾਰਾ ਦੋਵੇਂ ਵਰਤਾਰੇ ਕਿਸੇ ਵਿਸ਼ੇਸ਼ ਇਲਾਕੇ ਨਾਲ ਸਬੰਧ ਰਖਦੇ ਹਨ । ਜਿਹੋ-ਜਿਹਾ ਕਿਸੇ ਇਲਾਕੇ ਦਾ ਭੂਗੋਲਿਕ ਵਾਤਾਵਰਨ ਹੋਵੇਗਾ ਉਥੋਂ ਦੀ ਲੋਕਧਾਰਾ ਉੱਤੇ ਵੀ ਉਹੋ ਜਿਹਾ ਪ੍ਰਭਾਵ ਪੈਂਦਾ ਹੈ । ਜੇਕਰ ਕਿਸੇ ਇਲਾਕੇ ਵਿੱਚ ਕਿੱਕਰਾਂ ਤੇ ਟਾਹਲੀਆਂ ਵਧੇਰੇ ਹਨ ਤਾਂ ਉਥੋਂ ਦੀਆਂ ਲੋਕ- ਕਹਾਣੀਆਂ ਅਤੇ ਲੋਕਗੀਤਾਂ ਵਿੱਚ ਇਨ੍ਹਾਂ ਦਰੱਖਤਾਂ ਦਾ ਜ਼ਿਕਰ ਵਧੇਰੇ ਹੋਵੇਗਾ । ਜੇਕਰ ਕੋਈ ਵਧੇਰੇ ਉਪਜਾਊ ਤੇ ਖੇਤੀ ਪ੍ਰਧਾਨ ਖਿੱਤਾ ਹੈ ਤਾਂ ਉਥੋਂ ਦੀ ਲੋਕਧਾਰਾ ਵਿੱਚ ਕਿਸਾਨੀ ਜੀਵਨ ਦਾ ਜ਼ਿਕਰ ਵਧੇਰੇ ਮਿਲੇਗਾ ਕਿਉਂਕਿ ਕਿਸੇ ਇਲਾਕੇ ਦਾ ਜਿਹੋ ਜਿਹਾ ਭੂਗੋਲਿਕ ਵਾਤਾਵਰਨ ਹੁੰਦਾ ਹੈ,ਉਥੋਂ ਦਾ ਰਹਿਣ-ਸਹਿਣ ਵੀ ਉਹੋ ਜਿਹਾ ਹੀ ਬਣ ਜਾਂਦਾ ਹੈ ਅਤੇ ਉਥੋਂ ਦੀ ਲੋਕਧਾਰਾ ਵੀ ਉਹੋ ਜਿਹਾ ਹੀ ਰੂਪ ਧਾਰਨ ਕਰ ਲੈਂਦੀ ਹੈ। ਜਿਵੇਂ ਹਿੰਦੁਸਤਾਨ ਦੇ ਬਾਕੀ ਪ੍ਰਾਤਾਂ ਦੇ ਮੁਕਾਬਲਤਨ ਪੰਜਾਬ ਨੂੰ ਖੇਤੀ ਪ੍ਰਧਾਨ ਪ੍ਰਾਂਤ ਹੋਣ ਸਦਕਾ ਖੁਸ਼ਹਾਲ ਮੰਨਿਆ ਜਾਂਦਾ ਹੈ ਅਤੇ ਇਥੋਂ ਦੇ ਲੋਕ- ਕਾਵਿ ਵਿੱਚ ਵੀ ਕਿਸਾਨੀ ਜੀਵਨ ਦਾ ਚਿਤਰਣ ਸਭ ਤੋਂ ਵੱਧ ਮੂਰਤੀਮਾਨ ਹੋਇਆ ਹੈ:

       * ਮੋਢੇ ਹਲੜਾ ਤੇ ਹੱਥ ਪਰਾਣੀ / ਅੱਗੇ ਜੋਗ ਢੱਗਿਆਂ ਦੀ ।
     * ਜੱਟੀ ਪੰਦਰਾਂ ਮੁਰਬਿਆਂ ਵਾਲੀ / ਭੱਤਾ ਲੈ ਕੇ ਖੇਤ ਨੂੰ ਚੱਲੀ ।

ਲੋਕਧਾਰਾ ਅਤੇ ਇਤਿਹਾਸਸੋਧੋ

ਇਤਿਹਾਸ ਭੂਤਕਾਲੀ ਸਮੇਂ ਵਿੱਚ ਲਿਖਿਆ ਅਜਿਹਾ ਗਿਆਨ ਹੈ ਜੋ ਮਨੁੱਖੀ ਜੀਵਨ ਦੀਆਂ ਪ੍ਰਾਪਤੀਆਂ ਅਤੇ ਅਸਫਲਤਾਵਾਂ ਦਾ ਬਿਓਰਾ ਹੈ ।ਪ੍ਰਾਚੀਨ ਕਾਲ ਵਿੱਚ ਮਨੁੱਖੀ ਜੀਵਨ ਜਿਨ੍ਹਾਂ ਸਮਾਜਕ , ਸਭਿਆਚਾਰਕ , ਆਰਥਿਕ ਪ੍ਰਸਥਿਤੀਆਂ ਵਿਚੋਂ ਲੰਘਿਆਂ , ਇਸ ਦੀ ਸਾਰੀ ਜਾਣਕਾਰੀ ਸਾਨੂੰ ਇਤਿਹਾਸ ਤੋਂ ਹਾਸਿਲ ਹੁੰਦੀ ਹੈ । ਇਤਿਹਾਸ ਅਸਲ ਵਿੱਚ ਮਨੁੱਖੀ ਸਮਾਜ ਨਾਲ ਹੀ ਜੁੜਿਆ ਹੋਇਆ ਹੈ । ਸਮਾਜਕ ਮਨੁੱਖ ਅੰਤਿਮ ਰੂਪ ਵਿੱਚ ਇੱਕ ਆਪਣੀ ਪਛਾਣ ਇਤਿਹਾਸ ਰਾਹੀਂ ਹੀ ਪ੍ਰਾਪਤ ਕਰਦਾ ਹੈ । ਅਤੀਤ ਦੀਆਂ ਘਟਨਾਵਾਂ ਦੀ ਰੌਸ਼ਨੀ ਵਿੱਚ ਉਹ ਆਪਣੇ ਵਰਤਮਾਨ ਦੀ ਸਿਰਜਣਾ ਕਰਦਾ ਹੈ । ਲੋਕਧਾਰਾ ਇਤਿਹਾਸ ਕੋਲੋਂ ਸਮੱਗਰੀ ਲੈ ਕੇ ਉਸਦੀ ਪੇਸ਼ਕਾਰੀ ਆਪਣੇ ਢੰਗ ਨਾਲ ਕਰਦੀ ਹੈ । ਜਿਵੇਂ ਕਿ ਪੰਜਾਬੀ ਲੋਕਧਾਰਾ ਵਿੱਚ ਬਹੁਤ ਸਾਰੀਆਂ ਲੋਕੋਕਤੀਆਂ ਇਹੋ ਜਿਹੀਆਂ ਮਿਲਦੀਆਂ ਹਨ ਜਿਹੜੀਆਂ ਉਸ ਸਮੇਂ ਦੇ ਸਮਾਜ ਦੇ ਇਤਿਹਾਸ ਅਤੇ ਰਾਜਨੀਤਿਕ ਹਾਲਾਤਾਂ ਦੀ ਤਰਜਮਾਨੀ ਕਰਦੀਆਂ ਹਨ ।

        * ਪੰਜਾਬ ਦੇ ਜਾਇਆ ਨੂੰ ਨਿੱਤ ਮੁਹਿੰਮਾਂ ।
        * ਖਾਧਾ ਪੀਤਾ ਲਾਹੇ ਦਾ , ਰਹਿੰਦਾ ਅਹਿਮਦ ਸ਼ਾਹੇ ਦਾ

ਕਿਸੇ ਵੀ ਸਮਾਜ ਨਾਲ ਸਬੰਧਿਤ ਲੋਕਾਂ ਦਾ ਇਤਿਹਾਸ ਭਾਵੇਂ ਕਿੰਨਾ ਵੀ ਵਿਗਿਆਨਕ ਕਿਉਂ ਨਾ ਹੋਵੇ , ਪੂਰਨ ਰੂਪ ਵਿੱਚ ਲੋਕਧਾਰਕ ਲੱਛਣਾਂ ਤੋਂ ਮੁਕਤ ਨਹੀਂ ਹੁੰਦਾ ।

ਲੋਕਧਾਰਾ ਅਤੇ ਸਭਿਆਚਾਰਸੋਧੋ

ਲੋਕਧਾਰਾ ਅਤੇ ਸੱਭਿਆਚਾਰ ਮਨੁੱਖੀ ਜੀਵਨ ਨਾਲ ਸਬੰਧਿਤ ਵਿਸ਼ੇਸ਼ ਤੇ ਮਹੱਤਵਪੂਰਨ ਵਰਤਾਰੇ ਹਨ , ਜਿਨ੍ਹਾਂ ਦਾ ਆਪਸ ਵਿੱਚ ਅਟੁੱਟ ਰਿਸ਼ਤਾ ਹੈ । ਇਹ ਦੋਵੇਂ ਵਰਤਾਰੇ ਕਿਸੇ ਖਿੱਤੇ ਦੇ ਲੋਕਾਂ ਨਾਲ , ਉਨ੍ਹਾਂ ਦੇ ਸਮੁੱਚੇ ਜੀਵਨ ਸਫ਼ਰ ਨਾਲ , ਲੋਕ ਵਿਸ਼ਵਾਸਾਂ ਨਾਲ , ਲੋਕ ਮਨ ਤੇ ਪਰੰਪਰਾ ਨਾਲ ਨਿਰੰਤਰ ਗਤੀਸ਼ੀਲ ਰਹਿੰਦੇ ਹਨ ਅਤੇ ਸਬੰਧਿਤ ਸਮਾਜ ਦੇ ਵਿਲੱਖਣ ਲੱਛਣਾਂ ਨੂੰ ਨਿਰਧਾਰਤ ਕਰਨ ਵਿੱਚ ਵੀ ਸਹਿਯੋਗੀ ਬਣਦੇ ਹਨ । ਸਭਿਆਚਾਰ ਆਪਣੇ ਆਪ ਵਿੱਚ ਸਮੁੱਚੇ ਮਨੁੱਖੀ ਜੀਵਨ ਵਾਂਗ ਹੀ ਸਰਵ ਵਿਆਪਕ ਅਤੇ ਵਿਸ਼ਾਲ ਅਰਥ ਖੇਤਰ ਵਾਲਾ ਵਰਤਾਰਾ ਹੈ , ਜਿਸ ਵਿੱਚ ਮਨੁੱਖੀ ਜੀਵਨ ਦੇ ਬਹੁ ਪੱਖੀ ਪਹਿਲੂ ਸਮਾਏ ਹੋਏ ਹਨ ਅਤੇ ਲੋਕਧਾਰਾ ਸੱਭਿਆਚਾਰ ਨੂੰ ਪੇਸ਼ ਕਰਨ ਦਾ ਮਹੱਤਵਪੂਰਨ ਮਾਧਿਅਮ ਹੈ ।

ਲੋਕਧਾਰਾ ਸੱਭਿਆਚਾਰ ਦਾ ਇੱਕ ਭਾਗ ਵੀ ਹੈ ਅਤੇ ਪ੍ਰਗਟਾਅ ਮਾਧਿਅਮ ਵੀ । ਇਸ ਲਈ ਕਿਸੇ ਵੀ ਸਮਾਜ ਨੂੰ ਉਸਦੀ ਸਮਾਜਿਕਤਾ ਨੂੰ ਜਾਂ ਸੱਭਿਆਚਾਰ ਅਸਲੀਅਤ ਨੂੰ ਉਸਦੀ ਲੋਕਧਾਰਾ ਰਾਹੀਂ ਹੀ ਸਮਝਿਆ ਜਾ ਸਕਦਾ ਹੈ । ਡਾ. ਵਣਜਾਰਾ ਬੇਦੀ ਨੇ ਆਪਣੀ ਸੰਪਾਦਕ ਕੀਤੀ ਪੁਸਤਕ ਲੋਕ ਪਰੰਪਰਾ ਅਤੇ ਸਾਹਿਤ ਵਿੱਚ ਲੋਕਧਾਰਾ ਅਤੇ ਸੱਭਿਆਚਾਰ ਦੇ ਅੰਤਰ-ਸਬੰਧਾਂ ਬਾਰੇ ਚਰਚਾ ਕੀਤੀ ਹੈ :

ਲੋਕ ਵਿਅਕਤੀ ਪਰੰਪਰਾ ਨਾਲ ਬਝਿਆ , ਲੋਕਧਾਰਾ ਦੀਆਂ ਰੂੜ੍ਹੀਆਂ ਦਾ ਉਹ ਪੁਨਰ ਸਿਰਜਕ ਹੈ ਜਿਸ ਦੇ ਬਹੁਤੇ ਸੰਸਕ੍ਰਿਤਕ ਕਰਮ ਲੋਕ ਮਨ ਦੀ ਹੀ ਅਭਿਵਿਅਕਤੀ ਹਨ ਅਤੇ ਜਿਸ ਦੇ ਜੀਵਨ ਦਾ ਸਾਰਾ ਪ੍ਰਵਾਹ ਲੋਕ ਸੰਸਕਿਤੀ ਵਿਚੋਂ ਦੀ ਫੁੱਟਦਾ ਹੋਇਆ ਉਸੇ ਵਿੱਚ ਜਾ ਸਮਾਂਦਾ ਹੈ ।[21]

ਲੋਕਧਾਰਾ ਅਤੇ ਸੱਭਿਆਚਾਰ ਦੋਵੇਂ ਵਰਤਾਰੇ ਕਿਸੇ ਵੀ ਖਿੱਤੇ ਦੇ ਲੋਕਾਂ ਦੇ ਜੀਵਨ ਦੀ ਮੂੰਹ ਬੋਲਦੀ ਤਸਵੀਰ ਹੁੰਦੇ ਹਨ । ਜਿਸ ਤਰ੍ਹਾਂ ਪੰਜਾਬੀ ਸਭਿਆਚਾਰ ਸਦੀਆਂ ਬੱਧੀ ਪਿੰਡ ਕੇਂਦਰਿਤ ਤੇ ਕਿਸਾਨੀ ਮਾਨਸਿਕਤਾ ਵਾਲਾ ਰਿਹਾ ਹੈ ਤਾਂ ਇੱਥੋਂ ਦੀ ਲੋਕਧਾਰਾ ਵਿੱਚ ਵੀ ਖੇਤੀਬਾੜੀ ਦਾ ਜ਼ਿਕਰ ਵਧੇਰੇ ਹੈ । ਲੋਕਧਾਰਾ ਦੇ ਬਾਕੀ ਪੱਖਾਂ ਨਾਲੋਂ ਪੰਜਾਬੀ ਲੋਕ ਗੀਤਾਂ ਵਿੱਚ ਸਭਿਆਚਾਰ ਦਾ ਪ੍ਰਗਟਾਵਾ ਸਭ ਤੋਂ ਜ਼ਿਆਦਾ ਹੋਇਆ ਹੈ । ਡਾ. ਵਣਜਾਰਾ ਬੇਦੀ ਨੇ ਡਾ. ਨਾਹਰ ਸਿੰਘ ਰਚਿਤ ਪੁਸਤਕ ' ਲੋਕ ਕਾਵਿ ਦੀ ਸਿਰਜਨ ਪ੍ਰਕਿਰਿਆ ' ਦੀ ਭੂਮਿਕਾ ਵਿਚ ਲਿਖਿਆ ਹੈ :

ਲੋਕਗੀਤ ਕਿਸੇ ਸਭਿਆਚਾਰ ਦੀ ਮੂਲ ਨੁਹਾਰ ਦੀ ਪਛਾਣ ਹੁੰਦੇ ਹਨ । ਕਿਸੇ ਜਾਤੀ ਦੇ ਸਭਿਆਚਾਰ ਦੇ ਨੈਣ-ਨਕਸ਼ , ਉਸਦੀ ਰਹਿਤ-ਬਹਿਤ , ਸੋਚ , ਮਨੌਤਾਂ ਅਤੇ ਵਿਵਹਾਰ ਆਪਣੇ ਸੁੱਚੇ-ਸੁੱਚੇ ਰੂਪ ਵਿੱਚ ਲੋਕਗੀਤਾਂ ਵਿੱਚ ਹੀ ਸੁਰੱਖਿਅਤ ਹੁੰਦੇ ਹਨ । ਇਸ ਪੱਖੋਂ , ਕਿਸੇ ਸਭਿਆਚਾਰ ਵਿਚ ਬਿਖਰੇ ਹਰ ਤਰ੍ਹਾਂ ਦੇ ਲੋਕਗੀਤ ਭਾਵੇਂ ਉਨ੍ਹਾਂ ਵਿੱਚ ਸਾਹਿਤਕ ਰੰਗ ਪੇਤਲਾ ਹੋਵੇ ਜਾਂ ਸੰਘਣਾ ਮਹੱਵਪੂਰਨ ਭੂਮਿਕਾ ਨਿਭਾ ਰਹੇ ਹੁੰਦੇ ਹਨ । ਇਹ ਕਿਸੇ ਸਭਿਆਚਾਰ ਦੀ ਰੂੜ੍ਹੀ ਨੂੰ ਆਪਣੇ ਅੰਦਰ ਸਮੋਈ ਰੱਖਦੇ ਹਨ [22]

ਲੋਕਧਾਰਾ ਸਭਿਆਚਾਰ ਦਾ ਅਜਿਹਾ ਪ੍ਰਗਟਾ ਮਾਧਿਅਮ ਹੈ , ਜਿਸ ਦੇ ਗਹਿਰੇ ਅਧਿਐਨ ਬਗੈਰ ਸਭਿਆਚਾਰ ਦੀ ਪਹਿਚਾਣ ਕਰਨੀ ਔਖੀ ਹੋ ਜਾਂਦੀ ਹੈ । ਇਹ ਇੱਕ ਪ੍ਰਵਾਹ ਵਾਂਗ ਪਰੰਪਰਾ ਤੋਂ ਚਲਦਾ , ਯੁੱਗਾਂ ਨਾਲ ਕਦਮ ਮੇਚ ਕੇ ਤੁਰਦਾ , ਹਰੇਕ ਸਭਿਆਚਾਰਕ ਵਰਤਾਰੇ ਅਤੇ ਮਨੁੱਖੀ ਸੋਚ ਵਿੱਚ ਆਪਣੀ ਅਹਿਮੀਅਤ ਦਰਸਾਉਂਦਾ ਹੈ । ਲੋਕਧਾਰਾ ਵਾਂਗ ਹੀ ਸਭਿਆਚਾਰ ਦਾ ਮਹੱਵਪੂਰਨ ਪ੍ਰਗਟਾ ਮਾਧਿਅਮ ਭਾਸ਼ਾ ਵੀ ਹੈ । ਭਾਸ਼ਾ ਨੂੰ ਲੋਕਧਾਰਾ ਅਤੇ ਸਭਿਆਚਾਰ ਵਿਚਕਾਰ ਸਬੰਧਾਂ ਦੀ ਕੜੀ ਮੰਨਦੇ ਹੋਏ ਡਾ. ਨਾਹਰ ਸਿੰਘ ਨੇ ਵਿਚਾਰ ਪ੍ਰਗਟਾਏ ਹਨ :

ਸਭਿਆਚਾਰ ਨੂੰ ਮਨੁੱਖੀ ਸਮੂਹ ਵਲੋਂ ਪ੍ਰਕ੍ਰਿਤੀ ਉੱਤੇ ਮਾਨਵੀ ਅਮਲ ਰਾਹੀਂ ਕੀਤੀਆਂ ਗਈਆਂ ਸਮੂਹਕ ਸਿਰਜਨਾਵਾਂ ਦੇ ਸਮੁੱਚੇ ਪ੍ਰਬੰਧ ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ । ਲੋਕਧਾਰਾ ਅਤੇ ਭਾਸ਼ਾ ਇਸੇ ਅਮਲ ਵਿਚੋਂ ਸਹਿਜ ਰੂਪ ਵਿੱਚ ਉਪਜ ਕੇ ਇਸ ਸਮੁੱਚੇ ਅਮਲ ਦੇ ਪ੍ਰਗਟਾ ਮਾਧਿਅਮ ਵਜੋਂ ਕਾਰਜਸ਼ੀਲ ਰਹਿੰਦੇ ਹਨ । [23]

ਇਸ ਤਰ੍ਹਾਂ ਸਭਿਆਚਾਰ ਇੱਕ ਤਰ੍ਹਾਂ ਨਾਲ ਸਮੂਹਿਕ ਮਨੁੱਖੀ ਸਿਰਜਨਾ ਦਾ ਸਮੁੱਚ ਹੁੰਦਾ ਹੈ ਅਤੇ ਲੋਕਧਾਰਾ ਇਸ ਨੂੰ ਭਾਸ਼ਾ ਰਾਹੀਂ ਪ੍ਰਗਟਾਉਣ ਦਾ ਕਾਰਜ ਕਰਦੀ ਹੈ । ਸਭਿਆਚਾਰ ਨੂੰ ਜ਼ੁਬਾਨ ਲੋਕਧਾਰਾ ਦੁਆਰਾ ਪ੍ਰਾਪਤ ਹੁੰਦੀ ਹੈ ਪਰ ਇਸ ਦਾ ਮਾਧਿਅਮ ਭਾਸ਼ਾ ਬਣਦੀ ਹੈ ।

ਲੋਕਧਾਰਾ ਅਤੇ ਭਾਸ਼ਾਸੋਧੋ

ਮਨੁੱਖੀ ਦੀ ਬਾਕੀ ਪ੍ਰਕਿਰਤਕ ਜੀਵਾਂ ਨਾਲੋਂ ਵੱਖਰਤਾ ਅਤੇ ਵਿਸ਼ੇਸ਼ਤਾ ਭਾਸ਼ਾ ਕਰਕੇ ਹੀ ਹੈ । ਭਾਸ਼ਾ ਹੀ ਉਹ ਸੰਚਾਰ ਮਾਧਿਅਮ ਹੈ ਜਿਸ ਰਾਹੀਂ ਮਨੁੱਖੀ ਮਨ ਦੀਆਂ ਸੋਚਾਂ , ਕਲਪਨਾਵਾਂ , ਵਿਚਾਰਧਾਰਾਵਾਂ ਅਤੇ ਭਾਵਨਾਵਾਂ ਦਾ ਸ਼ਾਬਦਿਕ ਪ੍ਰਗਟਾਓ ਹੁੰਦਾ ਹੈ । ਮਨੁੱਖ ਦੇ ਸਮਾਜਿਕ ਪ੍ਰਾਣੀ ਹੋਣ ਵਿੱਚ ਵੀ ਭਾਸ਼ਾ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ , ਕਿਉਂਕਿ ਭਾਸ਼ਾ ਹੀ ਮਨੁੱਖ ਨੂੰ ਮਨੁੱਖ ਅਤੇ ਸਮਾਜਿਕ ਮਰਿਆਦਾਵਾਂ ਦਾ ਸੰਚਾਰ ਕਰਨ ਦੇ ਵੀ ਸਮਰੱਥ ਹੈ । ਇਸ ਸੰਬੰਧੀ ਚਰਚਾ ਕਰਦੇ ਹੋਏ ਡਾ. ਸੁਰਜੀਤ ਸਿੰਘ ਭੱਟੀ ਨੇ ਆਪਣੀ ਪੁਸਤਕ ' ਪ੍ਰੰਪਰਾ : ਪੁਨਰ ਚਿੰਤਨ ' ਵਿੱਚ ਲਿਖਿਆ ਹੈ :

ਮਨੁੱਖ ਨੂੰ ਪਸ਼ੂ ਜਗਤ ਨਾਲੋਂ ਨਿਖੇੜਨ ਵਾਲੀਆਂ ਦੋ ਵਸਤਾਂ ਹਨ ਭਾਸ਼ਾ ਅਤੇ ਮਨੁੱਖ ਦੀ ਸੰਦ ਬਣਾਉਣ ਦੀ ਸਮਰੱਥਾ । ਭਾਸ਼ਾ ਇੱਕ ਸਮਾਜਿਕ ਵਰਤਾਰਾ ਹੈ । ਭਾਸ਼ਾ ਦਾ ਪ੍ਰਯੋਗ ਭਾਵੇਂ ਵਿਅਕਤੀ ਪੱਧਰ ਤੇ ਹੀ ਹੁੰਦਾ ਹੈ ਪਰੰਤੂ ਭਾਸ਼ਾ ਅਸਲ ਵਿੱਚ ਸਮਾਜਕ ਆਦਾਨ ਪ੍ਰਦਾਨ ਅਤੇ ਮਨੁੱਖੀ ਮਨ ਦੀਆਂ ਆਂਤਰਿਕ ਭਾਵਨਾਵਾਂ ਦੇ ਸੰਚਾਰ ਦਾ ਇੱਕੋ ਇੱਕ ਸਮਾਜਿਕ ਮਾਧਿਅਮ ਹੈ । [24]

ਭਾਸ਼ਾ ਅਤੇ ਲੋਕਧਾਰਾ ਦੋਵੇਂ ਹੀ ਮਨੁੱਖੀ ਸਮਾਜ ਨਾਲ ਗਹਿਰਾ ਸੰਬੰਧ ਰੱਖਦੇ ਹਨ ਕਿਉਂਕਿ ਸਮਾਜ ਹੀ ਲੋਕਧਾਰਾ ਅਤੇ ਭਾਸ਼ਾ ਨੂੰ ਅਰਥ ਪ੍ਰਦਾਨ ਕਰਦਾ ਹੈ । ਇਸ ਤੋਂ ਇਲਾਵਾ ਲੋਕਧਾਰਾ ਅਤੇ ਭਾਸ਼ਾ ਵਿੱਚ ਸਾਂਝ ਇਨ੍ਹਾਂ ਦੋਵਾਂ ਵਿੱਚ ਹੀ ਸੰਚਾਰ ਦਾ ਗੁਣ ਮੌਜੂਦ ਹੋਣ ਕਾਰਨ ਹੈ । ਇਸ ਨੂੰ ਵਧੇਰੇ ਸਪੱਸ਼ਟ ਕਰਦਿਆਂ ਅਤੇ ਭਾਸ਼ਾ ਦੇ ਸਮਾਨ ਲੋਕਧਾਰਾ ਨੂੰ ਸੰਚਾਰ ਪ੍ਰਬੰਧ ਮੰਨਦਿਆਂ ਡਾ. ਗੁਰਮੀਤ ਸਿੰਘ ਨੇ ਆਪਣੀ ਪੁਸਤਕ ' ਲੋਕਧਾਰਾ ਪਰੰਪਰਾ ਤੇ ਆਧੁਨਿਕਤਾ ' ਵਿੱਚ ਵਿਚਾਰ ਚਰਚਾ ਕੀਤੀ ਹੈ :

' ਭਾਸ਼ਾ ' ਦੇ ਸਮਾਨਾਂਤਰ ਲੋਕਧਾਰਾ ਵੀ ਇੱਕ ਸੰਚਾਰ ਪ੍ਰਬੰਧ ਹੈ । ਭਾਸ਼ਾ ਵਾਂਗ ' ਲੋਕਧਾਰਾ ' ਵੀ ਸਮਾਜ ਵਿਚੋਂ ਅਚੇਤ ਤੌਰ 'ਤੇ ਗ੍ਰਹਿਣ ਕੀਤੀ ਜਾਂਦੀ ਹੈ । ਇਸੇ ਲਈ ਇਹ ਭਾਸ਼ਾ ਸਮੂਹ ਦੇ ਮੈਂਬਰਾਂ ਕੋਲ ਭਾਸ਼ਾਈ ਸਮਰੱਥਾ ਦੇ ਨਾਲ ਨਾਲ ਲੋਕਧਾਰਾਈ ਸਮਰੱਥਾ ਵੀ ਹੁੰਦੀ ਹੈ । ਉਹ ਇਸ ਨਾਲ ਭਾਸ਼ਾਈ ਤੇ ਲੋਕਧਾਰਾਈ ਨਿਭਾਓ ਨੂੰ ਸਮਝਦੇ ਹਨ ਅਤੇ ਇਸ ਦੀ ਮੱਦਦ ਨਾਲ ਸਮੂਹਕਤਾ ਸਵੈ ਦੀਆਂ ਭਾਵਨਾਵਾਂ ਨੂੰ ਸੰਚਾਰਦੇ ਹਨ । [25]

ਭਾਸ਼ਾ ਅਤੇ ਲੋਕਧਾਰਾ ਦੋਵੇਂ ਗਿਆਨ ਖੇਤਰ ਸਭਿਆਚਾਰ ਦੇ ਪ੍ਰਗਟਾਅ ਮਾਧਿਅਮ ਵਜੋਂ ਕਾਰਜ ਕਰਦੇ ਹਨ । ਮਨੁੱਖੀ ਜੀਵਨ ਦੇ ਸਾਰੇ ਲੋਕਧਾਰਕ ਪਾਸਾਰ ਭਾਵੇਂ ਕੇਵਲ ਭਾਸ਼ਾ ਰਾਹੀਂ ਉੱਘੜਨੇ ਸੰਭਵ ਨਾ ਹੋਣ ਕਿਉਂਕਿ ਲੋਕ ਜੀਵਨ ਦੇ ਕਈ ਲੋਕਧਾਰਕ ਆਧਾਰ ਕਿਤੇ ਚਿਤਰਾਂ ਰਾਹੀਂ , ਕਿਤੇ ਲੋਕ ਕਿੱਤਿਆਂ ਰਾਹੀਂ ਵੀ ਸਾਕਾਰ ਹੁੰਦੇ ਹਨ ਪਰ ਸਾਹਿਤਕ ਪੱਖੋਂ ਇਨ੍ਹਾਂ ਦੇ ਮਾਧਿਅਮ ਨਿਸ਼ਚਿਤ ਰੂਪ ਵਿੱਚ ਭਾਸ਼ਾ ਹੀ ਬਣਦੀ ਹੈ । ਜਿਵੇਂ ਕਿਸੇ ਦਰੀ ਉੱਤੇ ਪਾਏ ਡਿਜ਼ਾਇਨ ਨੂੰ ਪ੍ਰਗਟਾਉਣਾ ਤਾਂ ਦਰੀ ਪੇਸ਼ ਕਰਨ ਦੀ ਲੋੜ ਨਹੀਂ ਸਗੋਂ ਦਰੀ ਉੱਤੇ ਪਾਏ ਡਿਜ਼ਾਇਨ ਦੀ ਕਲਾਤਮਕਤਾ ਭਾਸ਼ਾਈ ਅਤੇ ਸੰਚਾਰ-ਜੁਗਤਾਂ ਰਾਹੀਂ ਵੀ ਭਲੀ- ਭਾਂਤ ਪ੍ਰਗਟ ਕੀਤੀ ਜਾ ਸਕਦੀ ਹੈ । ਡਾ. ਨਾਹਰ ਸਿੰਘ ਨੇ ਭਾਸ਼ਾ ਅਤੇ ਲੋਕਧਾਰਾ ਨੂੰ ਸਭਿਆਚਾਰ ਦਾ ਪ੍ਰਗਟਾ ਮਾਧਿਅਮ ਮੰਨਦੇ ਹੋਏ ਚਰਚਾ ਕੀਤੀ ਹੈ :

ਸਭਿਆਚਾਰ ਨੂੰ ਮਨੁੱਖੀ ਸਮੂਹ ਵਲੋਂ ਪ੍ਰਕਿਰਤੀ ਉੱਤੇ ਮਾਨਵੀ ਅਮਲ ਰਾਹੀਂ ਕੀਤੀਆਂ ਗਈਆਂ ਸਮੂਹਕ ਸਿਰਜਨਾਵਾਂ ਦੇ ਸਮੁੱਚੇ ਪ੍ਰਬੰਧ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ । ਲੋਕਧਾਰਾ ਅਤੇ ਭਾਸ਼ਾ ਇਸੇ ਅਮਲ ਦੇ ਪ੍ਰਗਟਾ-ਮਾਧਿਅਮ ਵਜੋਂ ਕਾਰਜਸ਼ੀਲ ਰਹਿੰਦੇ ਹਨ । ....ਜਿੱਥੇ ਭਾਸ਼ਾਈ ਸੰਚਾਰ ਆਪ ਹੁਦਰੇ ਚਿਹਨਾਂ ਦੇ ਨਿਸ਼ਚਿਤ ਪ੍ਰਬੰਧ ਰਾਹੀਂ ਹੁੰਦਾ ਹੈ ਉੱਥੇ ਲੋਕਧਾਰਾ ਦੇ ਅਰਥ-ਸੰਚਾਰ ਲਈ ਭਾਸ਼ਾਈ ਤੇ ਗੈਰ-ਭਾਸ਼ਾਈ ਦੋਵੇਂ ਪ੍ਰਕਾਰ ਦੇ ਚਿਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ । [26]

ਇਸ ਤਰ੍ਹਾਂ ਸਭਿਆਚਾਰ ਇਕ ਵਿਸ਼ਾਲ ਵਰਤਾਰਾ ਹੈ ਜਦ ਕਿ ਭਾਸ਼ਾ ਅਤੇ ਲੋਕਧਾਰਾ ਸਭਿਆਚਾਰ ਪ੍ਰਬੰਧ ਵਜੋਂ ਕਾਰਜਸ਼ੀਲ ਹੁੰਦੇ ਹਨ । ਲੋਕਧਾਰਾ ਸਭਿਆਚਾਰ ਨੂੰ ਪ੍ਰਗਟਾਉਣ ਲਈ ਭਾਸ਼ਾਈ ਅਤੇ ਗੈਰ-ਭਾਸ਼ਾਈ ਦੋਵੇਂ ਤਰ੍ਹਾਂ ਦੇ ਮਾਧਿਅਮ ਵਰਤਦੀ ਹੈ ।

ਭਾਸ਼ਾ ਅਤੇ ਲੋਕਧਾਰਾ ਦਾ ਆਪਸ ਵਿੱਚ ਡੂੰਘਾ ਸੰਬੰਧ ਹੈ । ਜਦੋਂ ਭਾਸ਼ਾ ਲੋਕ ਕਾਵਿ ਭਾਸ਼ਾ ਵਿੱਚ ਤਬਦੀਲ ਹੁੰਦੀ ਹੈ ਤਾਂ ਇਸ ਨੂੰ ਸਮਝਣ ਲਈ ਧੜਕਦੇ ਦਿਲ , ਜਜ਼ਬੇ ਭਰਪੂਰ ਮਨ ਅਤੇ ਚੇਤੰਨ ਦਿਮਾਗ ਦਾ ਹੋਣਾ ਲਾਜ਼ਮੀ ਹੈ । ਇਹੀ ਤੱਤ ਭਾਸ਼ਾ ਦਾ ਲੋਕਧਾਰਕ ਆਧਾਰ ਬਣਦਾ ਹੈ । ਭਾਸ਼ਾ ਅਤੇ ਲੋਕਧਾਰਾ ਦੋਵੇਂ ਗਿਆਨਾਤਮਕ ਵਰਤਾਰੇ ਲੋਕ ਮਨਾਂ ਦੇ ਨੇੜੇ ਹੋਣ ਦੇ ਨਾਲ ਨਾਲ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦੇ ਹੋਏ ਆਦਿਮ ਮਨੁੱਖ ਤੋਂ ਲੈ ਕੇ ਅਜੋਕੇ ਮਨੁੱਖ ਦੇ ਮਨ ਤੱਕ ਸਦੀਵੀ ਤੌਰ ਤੇ ਵਸੇ ਹੋਏ ਹਨ । ਜਿੱਥੇ ਭਾਸ਼ਾ ਸੰਚਾਰ ਦਾ ਮਾਧਿਅਮ ਹੈ ਉੱਥੇ ਲੋਕਧਾਰਾ ਵੀ ਲੋਕਾਂ ਦੀਆਂ ਭਾਵਨਾਵਾਂ ਦਾ ਭਾਸ਼ਾਈ ਸੰਚਾਰ ਕਰਦੀ ਹੈ ।

ਲੋਕਧਾਰਾ ਅਤੇ ਸਾਹਿਤਸੋਧੋ

ਸਾਹਿਤ ਅਤੇ ਲੋਕਧਾਰਾ ਦੋਵੇਂ ਮਨੁੱਖੀ ਮਨ ਦੀ ਅਭਿਵਿਅਕਤੀ ਹਨ । ਕਈ ਵਿਦਵਾਨਾਂ ਨੇ ਲੋਕਧਾਰਾ ਨੂੰ ਮੌਖਿਕ ਤੇ ਸਮੂਹਿਕ ਗਤੀਸ਼ੀਲ ਪ੍ਰਵਾਹ ਅਤੇ ਸਾਹਿਤ ਨੂੰ ਲਿਖਤੀ ਤੇ ਵਿਅਕਤੀਗਤ ਮੰਨਿਆ ਹੈ । ਅਸਲ ਵਿਚ ਲੋਕਧਾਰਾ ਭਾਵੇਂ ਲੋਕ ਸਮੂਹ ਦੀ ਪ੍ਰਵਾਨਗੀ ਅਧੀਨ ਮੌਖਿਕ ਰੂਪ ਵਿੱਚ ਹੀ ਪੀੜ੍ਹਿਓ- ਪੀੜ੍ਹੀ ਅੱਗੇ ਤੋਂ ਅੱਗੇ ਸੰਚਾਰਿਤ ਹੁੰਦੀ ਹੈ ।

ਲੋਕਧਾਰਾ ਅਤੇ ਸਾਹਿਤ ਦੇ ਸੰਬੰਧਾਂ ਦੀ ਪ੍ਰਮੁੱਖ ਕੜੀ ਲੋਕ-ਰੂੜੀਆਂ ਹਨ । ਜਿੱਥੇ ਇਹ ਰੂੜ੍ਹੀਆਂ ਲੋਕਧਾਰਾ ਦਾ ਅਨਿੱਖੜਵ ਅੰਗ ਹਨ , ਉੱਥੇ ਸਾਹਿਤ ਦੀ ਰਚਨਾਤਮਕ ਕਲਾ ਦਾ ਨਿਗਰ ਆਧਾਰ ਵੀ ਬਣਦੀਆਂ ਹਨ । ਡਾ. ਵਣਜਾਰਾ ਬੇਦੀ ਆਪਣੀ ਸੰਪਾਦਿਤ ਕੀਤੀ ਪੁਸਤਕ ' ਲੋਕ ਪਰੰਪਰਾ ਅਤੇ ਸਾਹਿਤ ' ਦੀ ਭੂਮਿਕਾ ਵਿੱਚ ਲੋਕਧਾਰਾ ਤੇ ਸਾਹਿਤ ਦੇ ਅੰਤਰ-ਸਬੰਧਾਂ ਬਾਰੇ ਵਿਚਾਰ ਕਰਦਿਆਂ ਲਿਖਦੇ ਹਨ :

ਪੰਜਾਬੀ ਸਾਹਿਤ ਤਾਂ ਮੌਲਿਆਂ ਅਤੇ ਵਿਗਸਿਆ ਹੀ ਲੋਕਧਾਰਾ ਦੇ ਤੱਤਾਂ ਅਤੇ ਰੂੜ੍ਹੀਆਂ ਉੱਤੇ ਹੈ । [27]

ਇਉਂ ਸਾਰਾ ਸਾਹਿਤ ਲੋਕਧਾਰਾ ਦੀਆਂ ਪਰੰਪਰਿਕ ਪ੍ਰਵਿਰਤੀਆਂ ਲੋਕ ਤੱਤਾਂ ਤੇ ਲੋਕ ਰੂੜ੍ਹੀਆਂ ਉੱਤੇ ਆਧਾਰਿਤ ਹੈ । ਮੱਧਕਾਲੀ ਸਾਹਿਤ ਨੇ ਤਾਂ ਲੋਕ ਰੂੜ੍ਹੀਆਂ ਤੇ ਤੱਤਾਂ ਨੂੰ ਵੱਡੀ ਮਾਤਰਾ ਵਿੱਚ ਅਪਣਾਇਆ ਹੈ । ਗੁਰਬਾਣੀ ਵਿੱਚ ਬੌਧਿਕ ਤੱਤ ਵਧੇਰੇ ਹੈ , ਪਰ ਬਾਕੀ ਸਿਰਜਨਾ ਜ਼ਿਆਦਾਤਰ ਭਾਵਾਂ ਦੀ ਪੱਧਰ 'ਤੇ ਹੋਣ ਕਰਕੇ ਇਸ ਵਿੱਚ ਸਮਕਾਲੀ ਮਾਨਸਿਕਤਾ ਦੇ ਅਨੁਕੂਲ ਲੋਕ-ਤੱਤਾਂ ਦਾ ਆ ਜਾਣਾ ਸੁਭਾਵਿਕ ਸੀ । ਇਸ ਸੰਬੰਧੀ ਡਾ. ਵਣਜਾਰਾ ਬੇਦੀ ਨੇ ਆਪਣੀ ਪੁਸਤਕ ਲੋਕਧਾਰਾ ਅਤੇ ਸਾਹਿਤ ਵਿਚ ਲਿਖਿਆ ਹੈ :

' ਗਗਨ ਮੈਂ ਥਾਲ ' ਸ਼ਬਦ ਦੀਆਂ ਮੁਢਲੀਆਂ ਪੰਗਤੀਆਂ ਵਿੱਚ ਗੁਰੂ ਨਾਨਕ ਇੱਕ ਨਵੀਂ ਮਿੱਥ ਸਿਰਜ ਕੇ ਲੋਕ-ਭਾਵਨਾ ਨੂੰ ਟੁੰਬ ਰਹੇ ਹਨ । ਮਿਥ ਸਿਰਜਨਾ ਲੋਕਧਾਰਾ ਦੀ ਹੀ ਪ੍ਰਕਿਰਤੀ ਹੈ । [28]

ਬੇਸ਼ਕ ਲੋਕਧਾਰਾ ਅਤੇ ਸਾਹਿਤ ਵੱਖੋ-ਵੱਖਰੇ ਅਨੁਸ਼ਾਸਨ ਹਨ , ਦੋਹਾਂ ਵਿਚ ਸੰਸਾਰ ਪ੍ਰਬੰਧ ਅਤੇ ਸੰਚਾਰ ਪ੍ਰਕਿਰਿਆ ਪੱਖੋਂ ਅੰਤਰ ਹਨ। ਪਰ ਫਿਰ ਵੀ ਕੋਈ ਸਾਹਿਤਕਾਰ ਆਪਣੀ ਰਚਨਾ ਨੂੰ ਲੋਕਧਾਰਕ ਸਮੱਗਰੀ ਤੋਂ ਬਗੈਰ ਸੰਪੂਰਨ ਅਤੇ ਅਤੇ ਪ੍ਰਭਾਵਸ਼ਾਲੀ ਨਹੀਂ ਬਣਾ ਸਕਦਾ।

ਲੋਕਧਾਰਾ ਅਤੇ ਇਸਦੇ ਸਹਿਯੋਗੀ ਖੇਤਰਾਂ ਬਾਰੇ ਚਰਚਾ ਕਰਨ ਤੋਂ ਬਾਅਦ ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਲੋਕਧਾਰਾ , ਭੂਗੋਲ , ਇਤਿਹਾਸ , ਸਭਿਆਚਾਰ , ਭਾਸ਼ਾ ਅਤੇ ਸਾਹਿਤ ਆਪਸ ਵਿਚ ਸੰਬੰਧਿਤ ਮਹੱਤਵਪੂਰਨ ਗਿਆਨਾਤਮਕ ਵਰਤਾਰੇ ਹਨ । ਇਹ ਵਰਤਾਰੇ ਨਾ ਕੇਵਲ ਮਨੁੱਖ ਦੁਆਰਾ ਉਸ ਦੀ ਸਮਾਜਕ ਹੋਂਦ ਸਦਕਾ ਸਿਰਜੇ ਜਾਂਦੇ ਹਨ , ਸਗੋਂ ਸਿਰਜੇ ਜਾਣ ਉਪਰੰਤ ਇਹ ਸੰਬੰਧਿਤ ਸਮਾਜ ਦੇ ਵਿਲੱਖਣ ਲੱਛਣਾਂ ਨੂੰ ਨਿਰਧਾਰਤ ਕਰਨ ਵਿਚ ਵੀ ਸਹਿਯੋਗੀ ਬਣਦੇ ਹਨ। ਇਹ ਸਾਰੇ ਖੇਤਰ ਵਿਸ਼ੇਸ਼ ਕਰਕੇ ਲੋਕਧਾਰਾ, ਸਭਿਆਚਾਰ , ਭਾਸ਼ਾ ਤੇ ਸਾਹਿਤ ਆਪਸ ਵਿਚ ਇੱਕ ਦੂਜੇ ਨੂੰ ਇੰਨੇ ਰਚੇ - ਮਿਚੇ ਹੋਏ ਹਨ ।

ਹਵਾਲੇਸੋਧੋ

  1. ਦੋ ਸ਼ਬਦ, ਜੋਗਿੰਦਰ ਸਿੰਘ ਕੈਰੋਂ /ਪੰਜਾਬੀ ਲੋਕਧਾਰਾ:ਸਮੱਗਰੀ ਤੇ ਪੇਸ਼ਕਾਰੀ-ਡਾ. ਰੁਪਿੰਦਰ ਕੌਰ, ਪੰਨਾ-12
  2. ਬਲਬੀਰ ਸਿੰਘ ਪੂਨੀ, ਲੋਕਧਾਰਾ, ਵਾਰਿਸ ਸ਼ਾਹ, ਫਾਉਂਡੇਸ਼ਨ, ਅੰਮ੍ਰਿਤਸਰ, 1993, ਪੰਨਾ 9.
  3. ਡਾ. ਸੋਹਿੰਦਰ ਸਿੰਘ ਬੇਦੀ,ਲੋਕਧਾਰਾ ਤੇ ਸਾਹਿਤ,ਲਾਹੌਰ ਬੁੱਕ ਸ਼ਾਪ, ਲੁਧਿਆਣਾ, 1986, ਪੰਨਾ 28-29.
  4. ਡਾ. ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਤੇ ਸਭਿਆਚਾਰ, ਪੰਨਾ 5.
  5. ਡਾ. ਸੋਹਿੰਦਰ ਸਿੰਘ ਬੇਦੀ, ਉਹੀ, ਪੰਨਾ 14.
  6. 6 ਭੂਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਅਤੇ ਸਭਿਆਚਾਰ, ਪੈਪਸੂ ਬੁੱਕ ਡਿਪੂ ਪਟਿਆਲਾ, 1989, ਪੰਨਾ. 24
  7. 7. ਸੁਹਿੰਦਰ ਸਿੰਘ ਬੇਦੀ ਲੋਕਧਾਰਾ ਦਾ ਮਹੱਤਵ, ਲੋਕਯਾਨ ਅਧਿਐਨ (ਸੰਪਾਦਕ) ਕਰਨੈਲ ਸਿੰਘ ਥਿੰਦ, ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਵਿਭਾਗ: ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਨਾ ਨੰ. 23
  8. 8. ਉਹੀ, ਪੰਨਾ 24<br /
  9. <page no. 192>
  10. <page no.193>
  11. <page no.194>
  12. <page no.195>
  13. <page no. 197>
  14. <page no.201>
  15. <page no.203>
  16. <page no.204>
  17. <page no.210>
  18. ਬੇਦੀ, ਸੋਹਿੰਦਰ ਸਿੰਘ (1973). ਪੰਜਾਬ ਦੀ ਲੋਕ- ਧਾਰਾ. ਦਿੱਲੀ: ਨਵਯੁੱਗ ਪਬਲਿਸ਼ਰਜ਼, ਚਾਂਦਨੀ ਚੌਂਕ. pp. 40–50. 
  19. ਥਿੰਦ, ਕਰਨੈਲ ਸਿੰਘ (1973). ਲੋਕਯਾਨ ਅਤੇ ਮੱਧਕਾਲੀਨ ਪੰਜਾਬੀ ਸਾਹਿਤ. ਅੰਮ੍ਰਿਤਸਰ: ਰਵੀ ਸਾਹਿਤ ਪ੍ਰਕਾਸ਼ਨ. pp. 225–226. ISBN 978-81-7143-555-5. 
  20. 9. ਕਰਨੈਲ ਸਿੰਘ ਥਿੰਦ, ਪੰਜਾਬ ਦਾ ਲੋਕ ਵਿਰਸਾ ਭਾਗ ਪਹਿਲਾ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ 91,92,93
  21. ਡਾ. ਵਣਜਾਰਾ ਬੇਦੀ , (ਸੰਪਾਦਕ) ਲੋਕ ਪਰੰਪਰਾ ਅਤੇ ਸਾਹਿਤ , ਪਰੰਪਰਾ ਪ੍ਰਕਾਸ਼ਨ , ਨਵੀਂ ਦਿੱਲੀ , 1978 , ਪੰਨਾ-5
  22. ਡਾ. ਨਾਹਰ ਸਿੰਘ ਲੋਕ ਕਾਵਿ ਦੀ ਸਿਰਜਨ ਪ੍ਰਕਿਰਿਆ , ਲੋਕਗੀਤ ਪ੍ਰਕਾਸ਼ਨ , ਚੰਡੀਗੜ੍ਹ 2006 , ਪੰਨਾ 11
  23. ਡਾ. ਨਾਹਰ ਸਿੰਘ ਪੰਜਾਬੀ ਲੋਕਧਾਰਾ ਅਧਿਐਨ ਨੂੰ ਵਣਜਾਰਾ ਬੇਦੀ ਦੀ ਦੇਣ , ਲੋਕ ਵੇਦੀ ਡਾ. ਵਣਜਾਰਾ ਬੇਦੀ ਸੰਪਾਦਕ ਡਾ. ਦੇਵਿੰਦਰ ਕੌਰ ਤੇ ਹੋਰ , ਪੰਜਾਬੀ ਅਕਾਦਮੀ ਦਿੱਲੀ , 1986 ,ਪੰਨਾ 88
  24. ਡਾ. ਸੁਰਜੀਤ ਸਿੰਘ ਭੱਟੀ , ਪਰੰਪਰਾ : ਪੁਨਰ ਚਿੰਤਨ , ਚੇਤਨਾ ਪ੍ਰਕਾਸ਼ਨ , ਲੁਧਿਆਣਾ , 2003 , ਪੰਨਾ 145
  25. ਡਾ. ਗੁਰਮੀਤ ਸਿੰਘ , ਲੋਕਧਾਰਾ ਪਰੰਪਰਾ ਤੇ ਆਧੁਨਿਕਤਾ , ਨਾਨਕ ਸਿੰਘ ਪੁਸਤਕਮਾਲਾ , ਅੰਮ੍ਰਿਤਸਰ , 2006 ,ਪੰਨਾ 7
  26. ਨਾਹਰ ਸਿੰਘ, ਨਾਹਰ ਸਿੰਘ (ਡਾ.) (1986). ਪੰਜਾਬੀ ਲੋਕਧਾਰਾ ਅਧਿਐਨ ਨੂੰ ਵਣਜਾਰਾ ਬੇਦੀ ਦੀ ਦੇਣ. ਦਿੱਲੀ: ਪੰਜਾਬੀ ਅਕਾਦਮੀ. p. 88. 
  27. ਡਾ. ਵਣਜਾਰਾ ਬੇਦੀ (ਸੰਪਾਦਕ) ਲੋਕ ਪਰੰਪਰਾ ਅਤੇ ਸਾਹਿਤ , ਪਰੰਪਰਾ ਪ੍ਰਕਾਸ਼ਨ , ਨਵੀਂ ਦਿੱਲੀ , 1978 , ਪੰਨਾ 1
  28. ਡਾ. ਵਣਜਾਰਾ ਬੇਦੀ , ਲੋਕਧਾਰਾ ਅਤੇ ਸਾਹਿਤ , ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ , ਨਵੀਂ ਦਿੱਲੀ , 1977 , ਪੰਨਾ 11