ਪੰਜਾਬੀ ਲੋਕ-ਕਥਾ: ਪਰਿਭਾਸ਼ਾ ਅਤੇ ਪ੍ਰਕਾਰਜ

2. ਅੱਸੂ ਦਾ ਕਾਜ ਰਚਾ ਲੋਕ ਗੀਤ ਸੁਹਾਗ ਹੈ ਜਾਂ ਘੋੜੀ ?

ਲੋਕ ਕਥਾਵਾਂ ਦੀ ਪਰਿਭਾਸ਼ਾ ਅਤੇ ਪ੍ਰਕਾਰਜ ਸੋਧੋ

ਲੋਕ ਸਾਹਿਤ ਕਿਸੇ ਵੀ ਸਮਾਜ ਜਾਂ ਕੌਮ ਦਾ ਸੱਭਿਆਚਾਰਕ ਦਰਪਣ ਹੁੰਦਾ ਹੈ। ਲੋਕ ਸਾਹਿਤ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ- ਲੋਕ-ਕਾਵਿ ਅਤੇ ਲੋਕ ਕਥਾਵਾਂ। ਲੋਕ-ਕਾਵਿ ਵਿੱਚ ਸੁਹਾਗ, ਸਿੱਠਣੀਆਂ, ਘੋੜੀਆਂ, ਟੱਪੇ, ਆਦਿ ਰੂਪ ਆ ਜਾਂਦੇ ਹਨ। ਜਦਕਿ ਲੋਕ ਕਥਾਵਾਂ ਵਿੱਚ ਮਿੱਥ ਕਥਾ, ਦੰਤ ਕਥਾ, ਨੀਤੀ ਕਥਾ, ਪਰੀ ਕਥਾ, ਪ੍ਰੇਤ ਕਥਾ, ਪਸ਼ੂ ਕਥਾ ਆਦਿ ਬਹੁਤ ਸਾਰੇ ਰੂਪਾਂ ਦਾ ਜ਼ਿਕਰ ਹੋਇਆ ਹੈ। ਮੋਟੇ ਤੌਰ 'ਤੇ ਇਹਨਾਂ ਸਭ ਰੂਪਾਂ ਨੂੰ ਵਿਦਵਾਨਾਂ ਨੇ ਤਿੰਨ ਭਾਗਾਂ ਵਿੱਚ ਵੰਡਿਆ ਹੈ-ਮਿੱਥ, ਦੰਤ ਕਥਾ ਅਤੇ ਲੋਕ ਕਹਾਣੀ। ਇੱਥੇ ਅਸੀਂ ਲੋਕ ਕਥਾਵਾਂ ਦੀ ਪਰਿਭਾਸ਼ਾ ਅਤੇ ਪ੍ਰਕਾਰਜ ਬਾਰੇ ਚਰਚਾ ਕਰਾਂਗੇ। ਡਾ. ਕਰਨੈਲ ਸਿੰਘ ਥਿੰਦ ਨੇ ਵੀ ਇਸੇ ਸ਼ਬਦ ਦੀ ਸਿਫ਼ਾਰਸ਼ ਕੀਤੀ ਹੈ। ਉਸਨੇ ਲੋਕ ਕਹਾਣੀ ਦੇ ਅੰਤਰਗਤ ਪੁਰਾਣ ਕਥਾ, ਵਿਦਾਨ, ਪਰੀ ਕਥਾ, ਪਸ਼ੂ ਕਥਾ ਅਤੇ ਨੀਤੀ ਕਥਾ ਆਦਿਕ ਸ਼੍ਰੇਣੀਾਆਂ ਦਾ ਵਰਗੀਕਰਣ ਕੀਤਾ ਹੈ। ਥਾਮਸਨ ਅਲੱੱਗ ਅਲੱਗ ਰੂਪਾਂ ਤੇ ਚਰਚਾ ਕਰਨ ਦੇ ਬਾਅਦ ਇਸ ਨਤੀਜੇ ਤੇ ਪਹੁੰਚਦਾ ਹੈ ਕਿ " ਲੋੋਕ ਕਹਾਣੀ ਨੂੰ ਬਹੁਤ ਸੰਮਲਿਤ ਰੂਪ ਵਿੱਚ ਵਰਤਿਆ ਜਾਂਦਾ ਹੈ ਤੇ ਇਸਨੂੰ ਠੋਸ ਸ਼ਬਦਾਂਵਿੱਚ ਪਰਿਭਾਸ਼ਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਇਸਨੂੰ ਇਕ ਆਮ ਸ਼ਬਦ ਜੋ ਹਰ ਪ੍ਰਕਾਰ ਦੇ ਪਰੰਪਰਕ ਬਿਰਤਾਂਤ ਨਾਲ ਸੰਬੰਧਤ ਹੈ ਲਈ ਵਰਤ ਲਿਆ ਜਾਂਦਾ ਹੈ। ਉਸ ਅਨੁਸਾਰ ਇਹ ਇਕ ਚੰਗੀ ਸਹੂਲਤ ਹੈ ਜੋ ਬਹਿਸ ਵਿੱਚ ਪੈਣ ਤੋਂ ਬਚਾਉਂਦੀ ਹੈ।" [1]

ਪੰਜਾਬੀ ਲੋਕ ਕਥਾਵਾਂ ਪੰਜਾਬੀ ਲੋਕ ਧਾਰਾ ਦਾ ਇੱਕ ਅਨਿੱਖੜਵਾਂ ਅੰਗ ਹੈ। ਲੋਕ ਸਾਹਿਤ ਦੇ ਵਿਭਿੰਨ ਪ੍ਰਕਾਰ ਦੇ ਲੱਛਣ ਲੋਕ ਕਾਵਿ ਰੂਪਾਂ ਵਾਂਗ ਲੋਕ ਕਥਾਵਾਂ ਦੇ ਵਿੱਚ ਵੀ ਮਿਲਦੇ ਹਨ। ਇਹ ਲੋਕ ਕਥਾਵਾਂ ਜਿੱਥੇ ਇੱਕ ਪਾਸੇ ਲੋਕ ਮਾਨਸਿਕਤਾ ਦੀ ਪ੍ਰਤੀਨਿਧਤਾ ਕਰਦੀਆਂ ਹਨ, ਉੱਥੇ ਦੂਜੇ ਪਾਸੇ ਇਹ ਲੋਕ ਸਮੂਹਿਕਤਾ ਦੇ ਗੁਣਾਂ ਦੀਆਂ ਧਾਰਨੀ ਵੀ ਹੁੰਦੀਆਂ ਹਨ। ਇਸ ਦੀ ਵਿਲੱਖਣਤਾ ਅਤੇ ਅਲੌਕਿਕਤਾ ਪਰੰਪਰਾ ਦੇ ਪੌਰਾਣਿਕ ਦੇ ਨਾਲ ਜੁੜੀ ਹੁੰਦੀ ਹੈ। ਇਸ ਵਿਸ਼ੇਸ਼ਤਾ ਦੇ ਕਾਰਨ ਹੀ ਆਧੁਨਿਕ ਪੰਜਾਬੀ ਕਥਾਵਾਂ ਦੇ ਵਿੱਚ ਵੀ ਹਰਮਨ ਪਿਆਰਤਾ ਦਾ ਗੁਣ ਵੇਖਣ ਨੂੰ ਮਿਲ ਜਾਂਦਾ ਹੈ। ਇਨ੍ਹਾਂ ਲੋਕ ਕਥਾਵਾਂ ਦਾ ਸਬੰਧ ਬਿਰਤਾਂਤ ਦੇ ਨਾਲ ਹੁੰਦਾ ਹੈ। ਬਿਰਤਾਂਤ ਕਿਸੇ ਲੋਕ ਕਥਾ ਦਾ ਉਹ ਹਿੱਸਾ ਹੁੰਦਾ ਹੈ ਜੋ ਕਿ ਵਿਚਾਰ ਦੀ ਪੇਸ਼ਕਾਰੀ ਵੱਲ ਕੇਂਦਰਤ ਕੀਤਾ ਗਿਆ ਹੁੰਦਾ ਹੈ। ਇਨ੍ਹਾਂ ਲੋਕ ਕਥਾਵਾਂ ਦਾ ਕੇਂਦਰ ਬਿੰਦੂ ਸਿੱਖਿਆ, ਉਦੇਸ਼ ਜਾਂ ਨਸੀਹਤ ਦੇਣਾ ਹੁੰਦਾ ਹੈ ਅਤੇ ਬਿਰਤਾਂਤ ਦੇ ਪੱਖ ਤੋਂ ਰੌਚਿਕਤਾ, ਉਤਸੁਕਤਾ ਅਤੇ ਨਾਟਕੀਅਤਾ ਵਰਗੇ ਗੁਣ ਲੋਕ ਕਥਾਵਾਂ ਵਿੱਚ ਮੌਜੂਦ ਹੁੰਦੇ ਹਨ। ਪੰਜਾਬੀ ਲੋਕ ਕਥਾਵਾਂ ਵਿੱਚ ਤਣਾਅ ਅਤੇ ਟਕਰਾਅ ਨਾਲੋਂ ਨਾਟਕੀ ਦ੍ਰਿਸ਼ ਵਧੇਰੇ ਮਹੱਤਵ ਰੱਖਦੇ ਹਨ। ਪੰਜਾਬੀ ਲੋਕ ਕਥਾਵਾਂ ਵਿੱਚ ਬਿਰਤਾਂਤ ਦੇ ਮੁੱਖ ਲੱਛਣ ਗਤੀ ਦਾ ਨਿਭਾਅ ਵਧੇਰੇ ਸੁਚੇਤ ਹੋ ਕੇ ਕੀਤਾ ਜਾਂਦਾ ਹੈ। ਇਸ ਦੇ ਨਾਲ ਲੋਕ ਮਨ ਵੀ ਉਨ੍ਹਾਂ ਦੀ ਇਸ ਗਤੀ ਨੂੰ ਸਵੀਕਾਰ ਕਰ ਲੈਂਦਾ ਹੈ।

ਪੰਜਾਬੀ ਲੋਕ ਕਥਾਵਾਂ ਦੇ ਅੰਤਰਗਤ ਬਿਰਤਾਂਤ ਜੁਗਤਾਂ ਦੀ ਆਪਣੀ ਵਿਲੱਖਣਤਾ ਹੈ। ਕਈ ਵਾਰ ਇਸ ਨੂੰ ਅਲੌਕਿਕ ਪਾਤਰਾਂ ਦੇ ਪਰਿਪੇਖ ਵਿੱਚ ਵਿਚਾਰਿਆ ਜਾਂਦਾ ਹੈ ਅਤੇ ਕਈ ਵਾਰ ਨਿਰਭੈ ਯੋਧਿਆਂ ਦੇ ਕਾਰਨਾਮਿਆਂ ਨਾਲ ਸੁਚੱਜਤਾ ਕਰਕੇ ਪੇਸ਼ ਕੀਤਾ ਜਾਂਦਾ ਹੈ। ਕਿਸੇ ਵੀ ਹਾਲਤ ਵਿੱਚ ਲੋਕ ਕਹਾਣੀ, ਲੋਕ ਮਨ ਜਾਂ ਲੋਕ ਚਿੱਤ ਦੀ ਪ੍ਰਤੀਨਿਧਤਾ ਕਰਦੀ ਹੈ ਅਤੇ ਨਾਲ-ਨਾਲ ਹੀ ਪਰੰਪਰਾ ਦੇ ਕਿਸੇ ਵਿਸ਼ੇਸ਼ ਅੰਸ਼ ਬਾਰੇ ਜਾਣਕਾਰੀ ਦਿੰਦੀ ਹੈ। ਇਨ੍ਹਾਂ ਲੋਕ ਕਹਾਣੀਆਂ ਦਾ ਸੁਭਾਅ ਵਿਆਖਿਐਆ ਮੂਲਕ ਹੁੰਦਾ ਹੈ। ਇਨ੍ਹਾਂ ਰਾਹੀਂ ਜੀਵਨ ਦੇ ਕਿਸੇ ਨਾ ਕਿਸੇ ਪਹਿਲੂ ਦਾ ਸਥਾਪਤ ਸਦੀਵੀ ਮੁੱਲਾਂ ਦੇ ਪ੍ਰਸੰਗ ਵਿੱਚ ਗਿਆਨ ਦਾ ਸੰਚਾਰ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਵਿਅੰਗ, ਚੋਟ ਅਤੇ ਕਟਾਖਸ਼ ਦੇ ਸਥਾਨ ’ਤੇ ਬੜੇ ਮੋਟੇ ਜਿਹੇ ਢੰਗ ਨਾਲ ਇਹ ਲੋਕ ਕਥਾਵਾਂ ਆਪਣੇ ਮੰਤਵ ਦੀ ਪੂਰਤੀ ਕਰਦੀਆਂ ਹਨ। ਪੰਜਾਬੀ ਲੋਕ ਕਥਾਵਾਂ ਦੇ ਸੱਭਿਆਚਾਰਕ ਪਰਿਪੇਖ ਨੂੰ ਸਮਝਣ ਲਈ ਇਸ ਦੀਆਂ ਵਿਭਿੰਨ ਵੰਨਗੀਆਂ ਦਾ ਉਲੇਖ ਕਰਨਾ ਉੱਚਿਤ ਹੋਵੇਗਾ।

ਲੋਕ ਕਹਾਣੀਆਂ ਦਾ ਮੂਲ ਆਧਾਰ ਮਾਨਵਤਾ ਤੇ ਲੋਕ ਜੀਵਨ ਦੇ ਵਰਤਾਰੇ ਹਨ। ਇਨ੍ਹਾਂ ਕਹਾਣੀਆਂ ਵਿਚ ਮਾਨਵੀ ਮੁੱਲਾਂ ਨੂੰ ਹਮੇਸ਼ਾ ਪਹਿਲੀ ਥਾਂ ਪ੍ਰਾਪਤ ਰਹੀ ਹੈ। ਲੋਕ ਕਹਾਣੀਆਂ ਦਾ ਸੰਸਾਰ ਵਿਲੱਖਣ ਤੇ ਅਦਭੁੱਤ ਹੋਣ ਕਰਕੇ ਟੁੰਬਦਾ ਹੈ। ਇਨ੍ਹਾਂ ਕਹਾਣੀਆਂ ਦੇ ਨਾਇਕ ਤੇ ਨਾਇਕਾਵਾਂ ਦਾ ਪ੍ਰਭਾਵ ਪਾਠਕਾਂ ਉਤੇ ਗਹਿਰਾ ਪੈਦਾ ਹੈ, ਕਿਉਂ ਜੋ ਇਨ੍ਹਾਂ ਕਥਾਵਾਂ ਦੇ ਨਾਇਕ ਨੇ ਉਹ ਕਈ ਤਰ੍ਹਾਂ ਦੇ ਸੰਕਟਾਂ ਵਿੱਚੋਂ ਲੰਘਦੇ, ਲੰਮੇ ਸਫ਼ਰ ਝਾਗਦੇ, ਦੋਖੀਆਂ ਦਾ ਮੁਕਾਬਲਾ ਕਰਦੇ ,ਆਪਣੀ ਮੰਜ਼ਿਲ ਵੱਲ ਵਧਦੇ ਜਾਂਦੇ ਹਨ ਤੇ ਅਖੀਰ ਸਫ਼ਲਤਾ ਉਨ੍ਹਾਂ ਦੇ ਕਦਮ ਚੁੰਮਦੀ ਹੈ। ਅਜਿਹੇ ਜੁਝਾਰੂ, ਅਸੰਭਵ ਨੂੰ ਸੰਭਵ ਕਰ ਸਕਣ ਵਾਲੇ ਨਾਇਕ ਪਾਠਕਾਂ ਦੇ ਆਦਰਸ਼ ਬਣਦੇ ਹਨ।

ਪੰਜਾਬ ਦੇ ਪਿੰਡਾਂ ਵਿੱਚ ਲੋਕ ਕਹਾਣੀ ਲਈ ਬਾਤ ਸ਼ਬਦ ਦੀ ਵਰਤੋਂ ਸੋਧੋ

‘ਪੰਜਾਬ ਦੇ ਪਿੰਡਾਂ ਵਿੱਚ ਲੋਕ ਕਹਾਣੀ ਲਈ ਬਾਤ ਸ਼ਬਦ ਵਰਤਿਆ ਜਾਂਦਾ ਹੈ ‘ਬਾਤ’ ਤੋਂ ਭਾਵ ਲੋਕ ਕਹਾਣੀ ਜਿਸ ਨੂੰ ਅੰਗਰੇਜ਼ੀ ਵਿੱਚ ‘ਫੋਕਟੇਲ’ ਹਿੰਦੀ ਵਿੱਚ ਕਥਾ ਸ਼ਬਦ ਵਰਤਿਆ ਜਾਂਦਾ ਹੈ।’“ਪੰਜਾਬੀ ਵਿੱਚ ਕਥਾ ਸ਼ਬਦ ਧਾਰਮਿਕ ਸਾਹਿਤ ਲਈ ਰੂੜ੍ਹ ਹੋ ਚੁੱਕਾ ਹੈ, ਜਿਵੇਂ ਸੂਰਜ ਪ੍ਰਕਾਸ਼ ਦੀ ਕਥਾ, ਰਮਾਇਣ ਦੀ ਕਥਾ ਆਦਿ। ਇਸ ਲਈ ਫੋਕਟੇਲ ਸ਼ਬਦ ਦੇ ਪਰਿਆਇ ਵਜੋਂ ‘ਲੋਕ ਕਥਾ’ ਸ਼ਬਦ ਦਾ ਪ੍ਰਯੋਗ ਵੀ ਉਚਿਤ ਪ੍ਰਤੀਤ ਨਹੀਂ ਹੁੰਦਾ। ਇਸ ਮੰਤਵ ਲਈ ‘ਲੋਕ ਕਹਾਣੀ’ ਸ਼ਬਦ ਵਧੇਰੇ ਉਚਿਤ ਪ੍ਰਤੀਤ ਹੁੰਦਾ ਹੈ। ਪੰਜਾਬੀ ਲੋਕਧਾਰਾ ਵਿਸ਼ਵਕੋਸ਼ ਵਿੱਚ ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਲੋਕ ਕਹਾਣੀ ਨੂੰ ਬਾਤ ਦਾ ਹੀ ਰੂਪ ਦਸਦੇ ਹੋਏ ਲਿਖਦੇ ਹਨ “ਬਾਤ ਲੋਕ ਮਨ ਦੀ ਬ੍ਰਿਤਾਂਤਕ ਅਭਿਵਿਅਕਤੀ ਹੈ। ਇਸ ਦਾ ਨਿਰਮਾਣ ਜਾਤੀ ਦੀ ਪਰੰਪਰਾਗਤ ਰੂੜ੍ਹੀਆਂ ਅਤੇ ਤੱਤਾਂ ਤੋਂ ਹੁੰਦਾ ਹੈ ਅਤੇ ਇਹ ਕਿਸੇ ਸੰਸਕ੍ਰਿਤੀ ਵਿੱਚ ਵਿਚਰਦੀ ਉਸ ਦੀ ਪਰੰਪਰਾ ਬਣ ਜਾਂਦੀ ਹੈ।” ਸਟੈਂਡਰਡ ਡਿਕਸ਼ਨਰੀ ਵਿੱਚ ਇਸ ਗੱਲ ਦੀ ਪ੍ਰੋਰੜਤਾ ਹੁੰਦੀ ਹੈ ਕਿ, “ਇਹ ਪਰੰਪਰਾਗਤ ਹੁੰਦੀ ਹੈ ਤੇ ਇਸ ਵਿੱਚ ਮੌਲਿਕਤਾ ਦਾ ਭਾਵ ਹੁੰਦਾ ਹੈ।”

ਡਾ. ਜੋਗਿੰਦਰ ਸਿੰਘ ਕੈਰੋਂ ਨੇ ਆਪਣੇ ਪੀ.ਐਚ.ਡੀ ਦੇ ਥੀਸਸ ਵਿੱਚ ਲੋਕ ਕਹਾਣੀ ਦੀ ਪਰਿਭਾਸ਼ਾ ਇਸ ਪ੍ਰਕਾਰ ਦਿੱਤੀ ਹੈ:- “ਲੋਕ ਕਹਾਣੀ ਇੱਕ ਪਰੰਪਰਕ ਬਿਰਤਾਂਤ ਹੈ ਜੋ ਪੀੜ੍ਹੀ ਦਰ ਪੀੜ੍ਹੀ ਘਟਦੀ ਵਧਦੀ ਮੌਖਿਕ ਜਾਂ ਲਿਖਤੀ ਰੂਪ ਵਿੱਚ ਵਿਕਾਸ ਕਰਦੀ ਅਦਭੂਤ ਪਾਤਰਾਂ ਦੇ ਪਰਾਭੌਤਿਕ ਘਟਨਾਵਾਂ ਨਾਲ ਭਰਪੂਰ ਸਮਾਜਿਕ ਤੇ ਸਥਾਨਕ ਰੰਗਾਂ ਵਿੱਚ ਰੰਗੀ ਹੋਈ ਮਾਨਵੀ ਕਲਪਨਾ ਦੇ ਸਹਾਰੇ ਪ੍ਰਾਕਿਰਤਕ ਪਿੰਡਾਂ ਨੂੰ ਵਿਆਖਿਆਤ ਕਰ ਕੇ ਸੱਭਿਆਚਾਰ ਵਿੱਚ ਪ੍ਰਵੇਸ਼ ਕਰਦੀ, ਕਿਸੇ ਵਰਜਣ ਦੀ ਵਿਆਖਿਆ ਤੇ ਕਦੇ ਕਿਸੇ ਮੰਨਣ ਦੀ ਵਕਾਲਤ ਕਰਦੀ ਹੋਈ ਨੈਤਿਕ ਕਦਰਾਂ-ਕੀਮਤਾਂ ਨੂੰ ਦਿੜ੍ਹਾਉਂਦੀ ਕਦੀ ਅਰਧ-ਇਤਿਹਾਸਿਕ ਨਾਇਕ ਦੀ ਬੀਰਤਾ ਨੂੰ ਵਡਿਆਉਂਦੀ ਕਦੇ ਪਸ਼ੂ ਪੰਛੀਆਂ ਦੇ ਸੁਭਾਅ ਅਤੇ ਗੁਣਾਂ ਨੂੰ ਦਰਸਾਉਂਦੀ ਕਲਪਨਾ ਜਗਤ ਵਿੱਚ ਪ੍ਰਵੇਸ਼ ਕਰ ਕੇ ਲੋਕਾਂ ਦੀ ਵਿਦਿਆ ਅਤੇ ਮਨੋਰੰਜਨ ਦਾ ਸਾਧਨ ਬਣਦੀ ਹੈ।”4 ਇਸ ਤਰ੍ਹਾਂ ਇਹਨਾਂ ਪਰਿਭਾਸ਼ਾਵਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਲੋਕਮਨ ਦੀ ਮੁੱਢਲੀ ਅਭਿਵਿਅਕਤੀ ਲੋਕ ਕਹਾਣੀ ਦੇ ਰੂਪ ਵਿੱਚ ਹੁੰਦੀ ਹੈ। ਡਾ. ਬੇਦੀ ਇਸ ਦਾ ਨਿਰਮਾਣ ਪਰੰਪਰਾਗਤ ਰੂੜ੍ਹੀਆਂ ਅਤੇ ਤੱਤਾਂ ਤੋਂ ਮੰਨਦਾ ਹੈ ਜੋ ਸਟੈਂਡਰਡ ਡਿਕਸ਼ਨਰੀ ਦੇ ਨਾਲ ਮਿਲਦੇ ਵਿਚਾਰ ਹਨ ਜਦਕਿ ਡਾ. ਕਰਨੈਲ ਸਿੰਘ ਥਿੰਦ ਲੋਕ ਸਮੂਹ ਦੀ ਉਹ ਪ੍ਰਵਾਨਗੀ ਜੋ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦੀ ਹੈ ਨੂੰ ਲੋਕ ਕਹਾਣੀ ਮੰਨਦਾ ਹੈ। ਡਾ. ਕੈਰੋਂ ਲੋਕ ਕਹਾਣੀ ਨੂੰ ਪਰੰਪਰਕ ਮੰਨਦਾ ਹੋਇਆ ਇਸਨੂੰ ਵਿਦਿਆ ਤੇ ਮਨੋਰੰਜਨ ਦਾ ਸਾਧਨ ਵੀ ਮੰਨਦਾ ਹੈ।

ਡਾ. ਕੈਰੋਂ ਲੋਕ ਕਹਾਣੀਆਂ ਬਾਰੇ ਦੱਸਦਾ ਹੈ- ਲੋਕ ਕਹਾਣੀਆਂ ਦਾ ਸੁਭਾਅ ਘਰੇਲੂ ਹੁੰਦਾ ਹੈ ਉਹ ਪਰਿਵਾਰਕ ਉਲਝਣਾਂ ਅਤੇ ਸਮੱਸਿਆਵਾਂ ਵਿਚੋਂ ਪੈਦਾ ਹੁੰਦੀਆ ਹਨ। ਇਹਨਾਂ ਦੇ ਵਿਸ਼ੇ ਆਮ ਤੌਰ ’ਤੇ ਸੱਭਿਆਚਾਰਕ ਰੂੜ੍ਹੀਆਂ ਅਤੇ ਪਰਿਵਾਰਕ ਪ੍ਰਬੰਧ ਵਿੱਚ ਆਇਆ ਤ੍ਰੇੜਾਂ ਉੱਪਰ ਆਧਾਰਿਤ ਹੁੰਦੇ ਹਨ ਇਹਨਾਂ ਕਹਾਣੀਆਂ ਦੇ ਪਾਤਰ ਭਾਵੇਂ ਕੋਈ ਵੀ ਹੋਣ, ਮਨੁੱਖ ਪਸ਼ੂ ਪੰਛੀ ਜਾਂ ਦੂਜੇ ਜੰਗਲੀ ਜਾਨਵਰ, ਇਹਨਾਂ ਦਾ ਮੁੱਖ ਕਾਰਜ ਮਨੁੱਖੀ ਹਾਵਾਂ-ਭਾਵਾਂ ਨੂੰ ਪ੍ਰਗਟਾਉਣਾ ਤੇ ਉਹਨਾਂ ਨੈਤਿਕ ਕਦਰਾਂ-ਕੀਮਤਾਂ ਨੂੰ ਦ੍ਰਿੜਾਉਣਾ ਹੁੰਦਾ ਹੈ ਜਿਹੜੀਆ ਸੰਬੰਧਿਤ ਸੱਭਿਆਚਾਰ ਵਿੱਚ ਸ੍ਵੀਕ੍ਰਿਤ ਹਨ।”6

ਉਪਰੋਕਤ ਸਾਰੀ ਵਿਚਾਰ-ਚਰਚਾ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਲੋਕ ਕਹਾਣੀਆਂ ਲੋਕ ਸਾਹਿਤ ਦਾ ਦੂਜਾ ਮਹੱਤਵਪੂਰਨ ਖੇਤਰ ਹੈ। ਇਸ ਦੀਆਂ ਅਨੇਕਾਂ ਵੰਨਗੀਆਂ ਹਨ। ਲੋਕ ਕਹਾਣੀ ਲੋਕਮਨ ਦੀ ਅਭਿਵਿਅਕਤੀ ਹੈ ਜੋ ਸਮੂਹ ਵਲੋਂ ਪ੍ਰਵਾਨ ਹੋ ਕੇ ਪੀੜ੍ਹੀ ਦਰ ਪੀੜ੍ਹੀ ਅੱਗੇ ਚਲਦੀ ਹੈ ਇਸ ਦੇ ਪ੍ਰਕਾਰਜ ਬਾਰੇ ਅਲੱਗ-ਅਲੱਗ ਵਿਦਵਾਨਾਂ ਨੇ ਅਲੱਗ-ਅਲੱਗ ਵਿਚਾਰ ਪੇਸ਼ ਕੀਤੇ ਹਨ। ਸਮੁੱਚੇ ਤੌਰ ’ਤੇ ਇਹ ਕਿਹਾ ਜਾ ਸਕਦਾ ਹੈ ਕਿ ਲੋਕ ਕਥਾਵਾਂ ਨਾ ਸਿਰਫ਼ ਮਨੋਰੰਜਨ ਦਾ ਸਾਧਨ ਹੀ ਹਨ ਸਗੋਂ ਇਹ ਜੀਵਨ ਨੂੰ ਸਹੀ ਸੇਧ ਦਿੰਦੀਆਂ ਹਨ ਅਤੇ ਮਨੁੱਖੀ ਮਨ ਨੂੰ ਸਹਿਜ-ਸੁਆਦ ਪ੍ਰਦਾਨ ਕਰਨ ਦੇ ਨਾਲ-ਨਾਲ ਸਵਾਲਾਂ ਦਾ ਹੱਲ ਕਰਦੇ ਹੋਏ ਉਸ ਦੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਉਜਾਗਰ ਕਰਦੀਆਂ ਹਨ।

ਮਿੱਥਕ ਕਥਾਵਾਂ ਸੋਧੋ

ਮਿੱਥਕ ਕਥਾਵਾਂ ਤੋਂ ਭਾਵ ਪੂਰਵ ਇਤਿਹਾਸਿਕ ਯੁੱਗ ਵਿੱਚ ਵਾਪਰੀਆਂ ਘਟਨਾਵਾਂ ਤੋਂ ਹੈ, ਜਿਹੜੀਆਂ ਲੋਕਾਂ ਦੀਆਂ ਅਲੌਕਿਕ ਪਰੰਪਰਾਵਾਂ ਨਾਲ ਜੁੜੀਆਂ ਹੋਣ ਅਤੇ ਉਹਨਾਂ ਦੇ ਦੇਵਤਿਆਂ, ਪ੍ਰਾਚੀਨ ਯੋਧਿਆਂ ਧਾਰਮਿਕ ਵਿਸ਼ਵਾਸਾ ਅਤੇ ਸੰਸਕ੍ਰਿਤਕ ਗੁਣਾਂ ਨਾਲ ਸੰਬੰਧਤ ਹੋਣ ਅੰਗਰੇਜ਼ੀ ਵਿੱਚ ਅਜਿਹੀਆਂ ਕਥਾਵਾਂ ਨੂੰ ਮਿਥਸ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਮਿਥਿਹਾਸਕ ਕਥਾਵਾਂ ਵੀ ਕਿਹਾ ਜਾ ਸਕਦਾ ਹੈ। ਜ਼ਿਆਦਾਤਰ ਲੋਕ ਕਹਾਣੀਆਂ ਵਿੱਚ ਮਿੱਥਕ ਤੱਤ ਮੌਜੂਦ ਹੁੰਦੇ ਹਨ ਜਾਂ ਇੰਝ ਵੀ ਕਿਹਾ ਜਾ ਸਕਦਾ ਹੈ, ਕਿ ਨਾ ਹੱਲ ਕਰਨ ਯੋਗ ਅੰਤਰ ਵਿਰੋਧਾਂ ਨੂੰ ਜਦੋਂ ਕਾਲਪਨਿਕ ਢੰਗ ਨਾਲ ਹੱਲ ਕਰਨ ਦੀ ਕੋਸ਼ਿਸ ਕਰਦੇ ਹਾਂ ਉਸ ਵਿਚੋਂ ਮਿੱਥ ਦਾ ਜਨਮ ਹੁੰਦਾ ਹੈ। ਮਿੱਥ ਵਿਚਲੇ ਪਾਤਰ ਸਧਾਰਨ ਮਨੁੱਖ ਨਾਲੋਂ ਵੱਖ ਹੁੰਦੇ ਹਨ। ਇਸ ਵਿੱਚ ਦੋ ਤਰ੍ਹਾਂ ਦੇ ਪਾਤਰ ਸ਼ਾਮਲ ਹੁੰਦੇ ਹਨ।

1)     ਇੱਕ ਉਹ ਜੋ ਮੂਲ ਰੂਪ ਵਿੱਚ ਦੇਵਤੇ ਹੁੰਦੇ ਹਨ।

2)     ਦੂਜੇ ਉਹ ਜੋ ਦੇਵਤਿਆਂ ਤੋਂ ਦੇਵੀ ਸ਼ਕਤੀ ਪ੍ਰਾਪਤ ਕਰਦੇ ਹਨ।

ਮਿੱਥ ਕਥਾਵਾਂ ਅਧਿਆਤਮਕ ਸਵਾਲਾਂ ਦੇ ਉੱਤਰ ਨਾ ਹੋਣ ਦੀਆਂ ਕਮੀਆਂ ਤੋਂ ਸ਼ੁਰੂ ਹੁੰਦੇ ਹਨ। ਇਹਨਾਂ ਦੀ ਸਿਰਜਣਾ ਹਰ ਇੱਕ ਬੰਦਾ ਨਹੀਂ ਕਰ ਸਕਦਾ ਅਤੇ ਨਾ ਹੀ ਹਰ ਬੰਦਾ ਇਸ ਨੂੰ ਸੁਣਾ ਸਕਦਾ ਹੈ। ਲੋਕਾਂ ਨੂੰ ਵੀ ਸੰਗਠਿਤ ਕਰਨ ਲਈ ਵੀ ਅਸੀਂ ਮਿੱਥ ਦੀ ਸਿਰਜਣਾ ਕਰ ਸਕਦੇ ਹਾਂ।

ਪਰਿਭਾਸ਼ਾ ਸੋਧੋ

ਸਟੈਂਡਰਡ ਡਿਕਸ਼ਨਰੀ ਆਫ਼ ਫੋਕਲੋਰ ਅਨੁਸਾਰ “ਮਿੱਥਕ ਕਥਾ ਇੱਕ ਕਹਾਣੀ ਹੈ, ਜਿਹੜੀ ਬੀਤੇ ਯੁੱਗ ਦੀ ਹਕੀਕਤ ਵਜੋਂ ਲੋਕਾਂ ਦੀ ਬ੍ਰਹਿਮੰਡੀ ਚੇਤਨਾ, ਉਹਨਾਂ ਦੇ ਦੇਵਤੇ, ਨਾਇਕ ਸੱਭਿਆਚਾਰ ਅਤੇ ਧਾਰਮਿਕ ਲੱਛਣ ਨੂੰ ਬਿਆਨ ਕਰਦੀ ਹੈ।”[2]

ਉਤਪੱਤੀ ਸੋਧੋ

ਮਿੱਥਕ ਕਥਾਵਾਂ ਦੀ ਉਤਪੱਤੀ ਅਤਿ ਪ੍ਰਾਚੀਨ ਸਮੇਂ ਤੋਂ ਆਰੰਭ ਹੋਈ ਮੰਨੀ ਜਾਂਦੀ ਹੈ ਅਤੇ ਇਹਨਾਂ ਦਾ ਨਿਕਾਸ ਇੱਕ ਨਿਰੰਤਰ ਅਮਲ ਹੈ। ਇਹਨਾਂ ਕਹਾਣੀਆਂ ਦੀ ਵਿਲੱਖਣਤਾ ਇਹ ਹੈ ਕਿ ਦੂਜੀਆਂ ਲੋਕ ਕਹਾਣੀਆਂ ਵਾਂਗ ਇਹਨਾਂ ਵਿੱਚ ਤਬਦੀਲੀ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਅਤੇ ਇਹਨਾਂ ਦਾ ਮੂਲ ਸਥਿਰ ਰਹਿੰਦਾ ਹੈ।

ਮਿੱਥਕ ਕਥਾਵਾਂ ਦੇ ਵਿਸ਼ੇ ਸੋਧੋ

ਇਹ ਕਥਾਵਾਂ ਲੋਕ ਮਾਨਸ ਦੀ ਅਭਿਵਿਅਕਤ ਹੁੰਦੀਆਂ ਹਨ ਤੇ ਇਸ ਦੇ ਵਿਸ਼ੇ ਚਮਤਕਾਰ ਨਾਲ ਸੰਬੰਧਤ ਹੁੰਦੇ ਹਨ।  ਜਿਵੇਂ: ਗਰੁੜ ਦੀ ਸਵਾਰੀ, ਧਰਤੀ ਦਾ ਬਲਦ ਦੇ ਸਿੰਗਾਂ ਤੇ ਖੜ੍ਹੇ ਹੋਣਾ, ਚੀਚੀ ਨਾਲ ਪਹਾੜ ਚੁੱਕ ਲੈਣਾ, ਸੂਰਜ ਨੂੰ ਨਿਗਲ ਜਾਣਾ, ਇੱਕ ਚੂਲੀ ਨਾਲ ਸਮੁੰਦਰ ਪੀ ਲੈਣਾ ਆਦਿ।

ਪੰਜਾਬੀ ਮਿੱਥਕ ਕਥਾਵਾਂ ਸੋਧੋ

1 ਪੌਰਾਣਿਕ ਭਗਤਾਂ, ਰਿਸ਼ੀਆਂ ਮੁਨੀਆਂ ਅਤੇ ਮਿੱਥਕ ਰਾਜਿਆਂ ਬਾਰੇ।

2 ਭਗਵਾਨ ਰਾਮਚੰਦਰ ਅਤੇ ਰਮਾਇਣ ਸਬੰਧੀ।

3 ਮਹਾਭਾਰਤ ਅਤੇ ਭਗਵਾਨ ਕ੍ਰਿਸ਼ਨ ਬਾਰੇ।

4 ਦੇਵਤਿਆਂ ਅਤੇ ਦੈਂਤਾਂ ਨਾਲ ਸਬੰਧਿਤ।

5 ਫੁੱਟਕਲ ਮਿੱਥਕ ਕਥਾਵਾਂ।

6 ਇਸਲਾਮੀ ਅਥਵਾ ਸਾਮੀ ਮਿੱਥਕ ਕਥਾਵਾਂ।[3]

ਪ੍ਰੇਤ ਕਥਾ ਸੋਧੋ

ਪ੍ਰੇਤ ਕਥਾ ਲੋਕ ਕਥਾਵਾਂ ਦੀ ਇੱਕ ਵੰਨਗੀ ਹੈ। “ ਮਨੁੱਖ ਦੇ ਆਪਣੇ ਨਾਲ਼ੋਂ ਵਧੇਰੇ ਬਲਵਾਨ ਵਿਕਰਾਲ ਤੇ ਰਹੱਸਮਈ ਸ਼ਕਤੀਆਂ ਨਾਲ਼ ਜੂਝਣ ਤੇ ਉਹਨਾਂ ਨੂੰ ਪ੍ਰਾਜਿਤ ਕਰਨ ਦੀ ਸਹਿਜ ਭਾਵਨਾ ਵਿਚੋਂ ਪ੍ਰੇਤ ਕਥਾ ਦਾ ਜਨਮ ਹੋਇਆ। ” “ ਰਹੱਸਵਾਦੀ ਜਗਤ ਦੀਆਂ ਚਮਤਕਾਰੀ ਘਟਨਾਵਾਂ ਜੋ ਵਧੇਰੇ ਕਰ ਕੇ ਅਮਾਨਵੀ ਪਾਤਰਾਂ: ਭੂਤ, ਪ੍ਰੇਤ, ਛਲੇਡੇ, ਬੌਣੇ, ਭੂਤਨੀਆਂ, ਡੈਣਾਂ ਅਤੇ ਚੁੜੇਲਾਂ ਆਦਿ ਨਾਲ਼ ਜੁੜੀਆਂ ਹੁੰਦੀਆਂ ਹਨ। ਇਹਨਾਂ ਨੂੰ ਪ੍ਰੇਤ ਕਥਾਵਾਂ ਦੀ ਲੜੀ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ। ” ਵਿਗਿਆਨੀ ਮਨ ਲਈ ਇਹ ਪਾਤਰ ਭਾਵੇਂ ਇੱਕ ਸੰਸਾ ਜਾਂ ਭਰਮ ਹਨ ਪਰ ਲੋਕ ਮਨ ਵਸਤੂ ਜਗਤ ਵਿੱਚ ਇਹਨਾਂ ਦੀ ਹੋਂਦ ਨੂੰ ਵਾਸਤਵਿਕਤਾ ਮੰਨਦਾ ਹੈ। “ ਅਜਿਹੇ ਪਾਤਰਾਂ ਨੂੰ ਅੰਗਰੇਜ਼ੀ ਵਿੱਚ ਫੇਅਰੀ (fairy) ਅਤੇ ਇਹਨਾਂ ਨਾਲ਼ ਜੁੜੀਆਂ ਕਹਾਣੀਆਂ ਨੂੰ ਫੇਅਰੀ ਟੇਲਜ਼ ਕਿਹਾ ਜਾਂਦਾ ਹੈ। ”

ਕਥਾ ਪਾਤਰ ਸੋਧੋ

ਲੋਕ ਕਹਾਣੀਆਂ ਵਿੱਚ ਭਾਵੇਂ ਮਾਨਵੀ ਪਾਤਰਾਂ ਦੀ ਅਣਹੋਂਦ ਨਹੀਂ ਹੁੰਦੀ, ਤਾਂ ਵੀ ਮਾਨਵੀ ਨਾਇਕਾਂ ਵਿੱਚ ਜਾਦੂ ਅਤੇ ਮੰਤਰਾਂ ਦੁਆਰਾ ਅਜਿਹੀ ਸ਼ਕਤੀ ਭਰ ਦਿੱਤੀ ਜਾਂਦੀ ਹੈ ਕਿ ਉਹਨਾਂ ਲਈ ਹਵਾ ਵਿੱਚ ਉੱਡਣਾ, ਪਾਣੀ ਉੱਪਰ ਤਰਨਾ, ਬਿਜਲੀ ਦੀ ਤਾਰ ਰਾਹੀਂ ਜਿੰਨਾਂ ਦਾ ਨਾਸ਼ ਕਰਨਾ, ਗੁੰਝਲ਼ਦਾਰ ਪ੍ਰਸ਼ਨਾਂ ਦੇ ਉੱਤਰ ਦੇਣੇ ਆਦਿ ਕੁੱਝ ਵੀ ਅਸੰਭਵ ਨਹੀਂ ਹੈ। “ ਇਸ ਵਿਚਲੇ ਪਾਤਰ ਇਸ ਸੰਸਾਰ ਵਿੱਚੋਂ ਜਾ ਚੁੱਕੀਆਂ ਰੂਹਾਂ ਦਾ ਮਾਨਵੀਕਰਨ ਹਨ, ਜੋ ਸੰਗਠਿਤ ਰੂਪ ਵਿੱਚ ਰਹਿੰਦੇ ਹਨ।” ਲੋਕ ਧਾਰਨਾ ਅਨੁਸਾਰ ਕਈ ਜੀਵ ਜਿਹਨਾਂ ਦੀਆਂ ਕਾਮਨਾਵਾਂ ਤੇ ਅਕਾਂਖਿਆਵਾਂ ਪੂਰੀਆਂ ਨਹੀਂ ਹੁੰਦੀਆਂ ; ਜਾਂ ਜਿਹੜੇ ਅਚਨਚੇਤ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਕੇ ਪ੍ਰਾਣ ਤਿਆਗ ਦਿੰਦੇ ਹਨ; ਜਾਂ ਫਿਰ ਜਣੇਪੇ ਦੇ ਦਿਨਾਂ ਵਿੱਚ ਪ੍ਰਾਣਾਂ ਤੋਂ ਵਾਂਝੀ ਗਈ ਤੀਵੀਂ, ਪ੍ਰੇਤ ਅਤੇ ਚੁੜੇਲ ਦਾ ਰੂਪ ਧਾਰ ਕੇ ਆਪਣੇ ਅੰਗਾਂ-ਸਾਕਾਂ ਅਤੇ ਹੋਰ ਲੋਕਾਂ ਨੂੰ ਦੁੱਖ ਤਸੀਹੇ ਦਿੰਦੇ ਹਨ। “ਇਹਨਾਂ ਪਾਤਰਾਂ ਵਿੱਚ ਇੱਕ ਤਾਂ ਮਾਨਵ ਦੀਆਂ ਕਰੂਰ ਸ਼ਕਤੀਆਂ ਵਧੇਰੇ ਬਲਵਾਨ ਹੋ ਜਾਂਦੀਆਂ ਹਨ। ਦੂਜਾ, ਇਹਨਾਂ ਵਿੱਚ ਕੁੱਝ ਪਰਾ-ਸਰੀਰਕ ਸ਼ਕਤੀਆਂ ਜਾਦੂ ਟੂਣੇ ਦੁਆਰਾ ਅਦ੍ਰਿਸ਼ਟ ਹੋਣ, ਰੂਪ-ਪ੍ਰੀਵਰਤਨ ਤੇ ਪਰ-ਕਾਇਆ ਪ੍ਰਵੇਸ਼ ਆਦਿ ਦੀਆਂ ਰਹੱਸਮਈ ਸ਼ਕਤੀਆਂ ਆ ਜਾਂਦੀਆਂ ਹਨ।”

ਪ੍ਰੇਤ ਕਥਾਵਾਂ ਨਾਲ਼ ਸੰਬੰਧਿਤ ਪ੍ਰੰਪਰਾਵਾਂ ਸੋਧੋ

“ਪ੍ਰੇਤ ਕਥਾਵਾਂ ਵਿੱਚ ਆਪ ਮੁਹਾਰੀ ਕਲਪਨਾ, ਅਥਾਹ ਰੁਮਾਂਸ, ਘਟਨਾਵਾਂ ਦੀ ਭਰਮਾਰ, ਗੁੰਝਲ਼ਦਾਰ ਪਲਾਟ, ਨਾਇਕ ਦਾ ਆਦਰਸ਼ਮਈ ਹੋਣਾ ਆਦਿ ਗੁਣ ਪ੍ਰਧਾਨ ਹੁੰਦੇ ਹਨ।” ਪ੍ਰੇਤ ਕਹਾਣੀ ਦੀ ਪ੍ਰੰਪਰਾ ਬੜੀ ਹੀ ਪ੍ਰਾਚੀਨ ਹੈ ਅਤੇ ਪੌਰਾਣਕ ਜਗਤ ਨਾਲ਼ ਜਾ ਜੜਦੀ ਹੈ। ਪੁਰਾਣਾਂ ਵਿੱਚ ਪਿਸ਼ਾਚ, ਜਖ, ਕਿੰਨਰ, ਬੀਰ ਅਤੇ ਜੋਗਣੀਆਂ ਦਾ ਉਲੇਖ ਹੈ। ਇਹ ਸਭ ਪ੍ਰਾਣੀ ਪਰਲੋਕ ਵਿੱਚ ਵਸਦੇ ਤੇ ਪਰਾ-ਸਰੀਰਕ ਸ਼ਕਤੀਆਂ ਦੇ ਮਾਲਕ ਹੋਣ ਕਰ ਕੇ ਅਦਭੁਤ ਹਨ। ਇਹ ਜੋ ਚਾਹੁਣ ਗ੍ਰਹਿਣ ਕਰ ਸਕਦੇ ਹਨ। ਪੰਜਾਬ ਦੇ ਲੋਕਾਂ ਵਿੱਚ ਭੂਤਾਂ, ਪ੍ਰੇਤਾਂ ਸੰਬੰਧੀ ਬਹੁਤ ਲੋਕ ਕਥਾਵਾਂ ਪ੍ਰਚੱਲਿਤ ਹਨ। ਲੋਕ ਕਹਾਣੀਆਂ ਦੇ ਸੰਪਾਦਤ ਸੰਗ੍ਰਿਹਾਂ ਵਿੱਚ ਵੀ ਕੁੱਝ ਕਹਾਣੀਆਂ ਸ਼ਾਮਿਲ ਹਨ। ਪ੍ਰੇਤ ਦਾ ਰੂਪ ਧਾਰਨ ਵਾਲੀਆਂ ਰੂਹਾਂ ਆਪਣੇ ਗੁਣਾਂ ਔਗੁਣਾਂ ਨੂੰ ਨਾਲ਼ ਹੀ ਲੈ ਜਾਂਦੀਆਂ ਹਨ।

ਨਿਵਾਸ ਸਥਾਨ ਸੋਧੋ

“ਜਿਵੇਂ ਦੇਵਤਿਆਂ ਦਾ ਵਾਸਾ ਦੇਵ ਲੋਕ ਵਿੱਚ ਹੈ, ਭੂਤ, ਪ੍ਰੇਤ ਪਰਲੋਕ ਵਿੱਚ ਵਸਦੇ ਹਨ। ਜੰਗਲ਼,ਪਹਾੜ, ਉਜਾੜ, ਮੜੀਆਂ (ਸਮਸ਼ਾਨ ਭੂਮੀਆਂ) ਇਹਨਾਂ ਦਾ ਨਿਵਾਸ ਸਥਾਨ ਮੰਨਿਆ ਜਾਂਦਾ ਹੈ। ” ਦੇਵਤਿਆਂ ਦੇ ਨਾਲ਼ ਹੀ ਦੈਂਤ, ਭੂਤ, ਪ੍ਰੇਤ, ਜੋਗਣੀਆਂ ਆਦਿ ਇਸ ਤਰ੍ਹਾਂ ਪੈਦਾ ਹੋ ਜਾਂਦੀਆਂ ਹਨ ਜਿਵੇਂ ਨੇਕੀ ਦੇ ਨਾਲ਼ ਬਦੀ। “ਪ੍ਰੇਤ ਕਥਾਵਾਂ ਦਾ ਸੰਸਾਰ, ਪਰੀ ਕਥਾਵਾਂ, ਜਨੌਰ ਕਥਾਵਾਂ ਅਤੇ ਨੀਤੀ ਕਥਾਵਾਂ ਜਾਂ ਤੰਤਰ ਕਥਾਵਾਂ ਤੋਂ ਵੱਖਰਾ ਵਿਲੱਖਣ ਹੋਣ ਤੋਂ ਇਲਾਵਾ ਵਿਕਰਾਲ ਵੀ ਹੈ। ”

ਪਰੀ ਕਥਾ ਸੋਧੋ

‘ਪਰੀ’ ਦਾ ਸ਼ਾਬਦਿਕ ਅਰਥ: ਪਰੀ ਕਥਾ ਲੋਕ ਕਥਾਵਾਂ ਦੀ ਇੱਕ ਵੰਨਗੀ ਹੈ। ਜਿਸ ਵਿੱਚ “ਕਿਸੇ ਪਰੀ, ਅਪੱਸਰਾ, ਦੇਵ, ਜਿੰਨ ਆਦਿ ਅਮਾਨਵੀ ਪਾਤਰਾਂ ਨਾਲ਼ ਸੰਬੰਧਿਤ ਪਰੰਪਰਾਗਤ ਬਿਰਤਾਂਤ ਨੂੰ ਪਰੀ ਕਥਾ ਦਾ ਨਾਂ ਦਿੱਤਾ ਗਿਆ ਹੈ।” ਪਰੀ ਕਥਾਵਾਂ ਮਨ ਦੀ ਮੌਤ ਦੀਆਂ ਕਹਾਣੀਆਂ ਹਨ ਜੋ ਸਾਨੂੰ ਪਾਰਲੌਕਿਕ ਜਗਤ ਦੀ ਸੈਰ ਕਰਵਾਉਂਦੀਆਂ ਹਨ। “ਪਰੀ ਸ਼ਬਦ ਫ਼ਾਰਸੀ ਦਾ ਹੈ ਜਿਸਦੀ ਵਿਉਂਤਪੱਤੀ ‘ਪਰੀਦਨ’ ਤੋਂ ਹੋਈ ਅਤੇ ਇਸ ਦੇ ਸ਼ਾਬਦਿਕ ਅਰਥ ਉੱਡਣ ਦੇ ਹਨ।” ਸਾਮੀ ਲੋਕਾਂ ਦਾ ਵਿਸ਼ਵਾਸ ਹੈ ਕਿ ਪਰੀ ਉਹ ਯੁਵਤੀ ਹੈ ਜੋ ਆਪਣੇ ਪਰਾਂ ਨਾਲ਼ ਆਕਾਸ਼ ਵਿੱਚ ਉੱਡ ਸਕਦੀ ਹੈ। ਅਪੱਸਰਾ ਪਰੀ ਦਾ ਹੀ ਦੂਜਾ ਨਾਉਂ ਹੈ। “ਪੱਛਮੀ ਦੇਸ਼ਾਂ ਵਿੱਚ ਫੇਅਰੀ (FAIRY) ਦੀ ਕਲਪਨਾ ਪੁਲਿੰਗ ਰੂਪ ਵਿੱਚ ਕੀਤੀ ਗਈ ਹੈ ਜਿਵੇਂ ਭੂਤ, ਪ੍ਰੇਤ, ਜਿੰਨ ਆਦਿ। ਪਰ ਭਾਰਤੀ ਲੋਕ ਕਥਾਵਾਂ ਵਿੱਚ ਪਰੀ ਦਾ ਉਪਯੋਗ ਕੇਵਲ ਫੇਅਰੀ ਮਿਸਟਰੈਸ (FAIRY MISTRESS) ਵਜੋਂ ਹੀ ਕੀਤਾ ਜਾਂਦਾ ਹੈ।” ਸੰਭਵ ਹੈ ਕਿ ਇਸ ਪਿੱਛੇ ਅਪਸਰਾ ਦੀ ਸਦ੍ਰਿਸ਼ਤਾ ਨਿਮਨ ਚੇਤਨ ਰੂਪ ਵਿੱਚ ਕੰਮ ਕਰ ਰਹੀ ਹੋਵੇ।

ਰੂਪ-ਰਚਨਾ ਸੋਧੋ

“ਪਰੀ ਕਥਾਵਾਂ ਦੀ ਰੂਪ ਰਚਨਾ ਵੱਖਰੀ ਕਿਸਮ ਦੀ ਹੈ। ਇਹਨਾਂ ਦੀ ਪਰੰਪਰਾ ਵੈਦਿਕ ਕਾਲ਼ ਨਾਲ ਜੁੜਦੀ ਹੈ। ਪਰੀ ਕਥਾਵਾਂ ਵਿੱਚ ਲੋਕ ਧਾਰਾਈ ਅੰਸ਼ ਬਾਕੀ ਕਥਾਵਾਂ ਨਾਲ਼ੋਂ ਵਧੇਰੇ ਮਾਤਰਾ ਵਿੱਚ ਮਿਲਦਾ ਹੈ।” “ਪਰੀ ਕਥਾਵਾਂ ਵਿੱਚ ਬੁਨਿਆਦੀ ਤੌਰ ’ਤੇ ਵਾਸਵਿਕਤਾ ਅਤੇ ਪਰਾ ਦਾ ਸੰਯੋਗ ਹੈ। ਇਸ ਦਾ ਮੂਲ ਤਣਾਓ ਵਾਸਤਵਿਕਤਾ ਅਤੇ ਪਰਾ ਵਿਚਲਾ ਤਨਾਓ ਹੈ ਜਾਂ ਅਸਮ ਪ੍ਰਾਕ੍ਰਿਤਕ ਤੇ ਰਿਸ਼ਤਿਆਂ ਦਾ ਤਨਾਓ।” ਹਵਾ ਵਿੱਚ ਉੱਡਣ ਵਾਲ਼ੇ ਪਊਏ, ਅਦ੍ਰਿਸ਼ਟਤਾ ਪ੍ਰਦਾਨ ਕਰਨ ਵਾਲ਼ਾ ਸੁਰਮਾ, ਤਲਿਸਮੀ ਟੋਪੀ ਅਤੇ ਸ਼ਤਰੂਆਂ ਨੂੰ ਦੰਡ ਦੇਣ ਵਾਲ਼ਾ ਡੰਡਾ ਆਦਿ ਇਸ ਅਦਭੁੱਤ ਸੰਸਾਰ ਦੀ ਕੁੱਝ ਕੁ ਪਰਾ ਸਮੱਗਰੀ ਹੈ। ਇਸ ਜਗਤ ਦੀਆਂ ਜੁਗਤੀਆਂ ਅਪੂਰਨ ਸੁੰਦਰੀਆਂ ਹਨ। ਇਸ ਸੰਸਾਰ ਦੀ ਪ੍ਰਾਕ੍ਰਿਤਕ ਸਮੱਗਰੀ ਵੀ ਵਸਤੂ ਜਗਤ ਨਾਲ਼ੋਂ ਵੱਖਰੀ ਹੈ ਜਿਵੇਂ ਨਦੀਆਂ ਨਾਲ਼ਿਆਂ ਵਿੱਚੋਂ ਪਾਣੀ ਦੀ ਥਾਂ ਦੁੱਧ, ਅੰਮ੍ਰਿਤ ਜਾਂ ਰਸ ਦਾ ਵਗਣਾ।

ਪੰਜਾਬੀ ਲੋਕ ਕਥਾਵਾਂ ਦੇ ਸੱਭਿਆਚਾਰਕ ਪ੍ਰਚਾਰ ਵਿੱਚ ਸਭ ਤੋਂ ਪਹਿਲਾਂ ਪਰੀ ਕਹਾਣੀਆਂ ਦਾ ਉਲੇਖ ਕਰਨਾ ਉੱਚਿਤ ਹੋਵੇਗਾ। ਇਨ੍ਹਾਂ ਲੋਕ ਕਥਾਵਾਂ ਵਿੱਚ ਪੇਸ਼ ਕੀਤੇ ਪਾਤਰ ਸਾਧਾਰਨ ਜੀਵਨ ਦੇ ਜਿਉਂਦੇ ਜਾਗਦੇ ਵਿਚਰਦੇ ਪਾਤਰ ਨਹੀਂ ਸਗੋਂ ਅਲੌਕਿਕ ਸਰੂਪ ਵਾਲੇ ਹੁੰਦੇ ਹਨ। ਇਨ੍ਹਾਂ ਲੋਕ ਕਥਾਵਾਂ ਵਿੱਚ ਪਰੀਆਂ, ਦੇਵਤਿਆਂ, ਜਿੰਨ ਆਦਿ ਵਰਗੇ ਅਮਾਨਵੀ ਪਾਤਰਾਂ ਦਾ ਬਿਰਤਾਂਤ ਹੁੰਦਾ ਹੈ। ਪਰੀ ਸ਼ਬਦ ਫਾਰਸੀ ਦਾ ਹੈ ਜਿਸ ਦੀ ਵਿਰਤੀ ਪ੍ਰਦੰਬ ਤੋਂ ਹੋਈ ਹੈ। ਇਸ ਦੇ ਸ਼ਾਬਦਿਕ ਅਰਥ ਉੱਡਣਾ ਹਨ। ਆਮ ਲੋਕਾਂ ਦਾ ਵਿਸ਼ਵਾਸ ਹੈ ਕਿ ਪਰੀ ਉਹ ਜੋਤੀ ਹੈ ਜੋ ਆਪਣੇ ਪਰਾਂ ਨਾਲ ਆਕਾਸ਼ ਵਿੱਚ ਉੱਡ ਸਕਦੀ ਹੈ। ਪਰੀ ਦਾ ਇਹ ਸੰਕਲਪ ਦੂਰ ਦੇ ਸੰਕਲਪ ਨਾਲ ਪੇਸ਼ ਹੈ। ਭਾਰਤੀ ਪਰੰਪਰਾ ਵਿੱਚ ਮਿਤੋ ਉਪਦੇਸ਼, ਪੰਜਤੰਤਰ ਅਜਿਹੇ ਮੂਲ ਗ੍ਰੰਥ ਹਨ, ਜੋ ਇਨ੍ਹਾਂ ਰਚਨਾਵਾਂ ਦਾ ਅਸੀਮਤ ਸੰਗ੍ਰਹਿ ਹੈ। ਸਾਮੀ ਪਰੰਪਰਾ ਵਿੱਚ ਅਲਫ ਲੈਲਾ ਵਰਗੇ ਗ੍ਰੰਥ ਅਜਿਹੀਆਂ ਘਟਨਾਵਾਂ ਦੀ ਪ੍ਰਤੀਨਿਧਤਾ ਕਰਦੇ ਹਨ ਜਿਹੜੇ ਪਰੀ ਕਥਾਵਾਂ ਨਾਲ ਸਬੰਧਤ ਹਨ। ਭਾਰਤੀ ਮੂਲ ਤੇ ਸਾਮੀ ਸੂਤ ਦੀਆਂ ਇਨ੍ਹਾਂ ਪਰੀ ਕਥਾਵਾਂ ਦਾ ਸੁਭਾਅ ਦੁੂਹਰਾ ਹੈ। ਇੱਕ ਪਾਸੇ ਬਾਹਰੀ ਤੌਰ ’ਤੇ ਇਸ ਵਿੱਚ ਅਲੌਕਿਕ ਤੇ ਜਮਾਤੀ ਪਾਤਰ ਹਨ ਤੇ ਦੂਜੇ ਪਾਸੇ ਇਨ੍ਹਾਂ ਰਾਹੀਂ ਦਿੱਤਾ ਸੰਦੇਸ਼ ਮਾਨਵੀ ਹੈ। ਸੰਭਵ ਹੀ ਇਨ੍ਹਾਂ ਪਰੀ ਕਥਾਵਾਂ ਦੀ ਹਰਮਨ ਪਿਆਰਤਾ, ਆਕਰਸ਼ਣ, ਮਨੋਰੰਜਨ ਯੁਕਤ ਕਰਨ ਲਈ ਇਨ੍ਹਾਂ ਕਥਾਵਾਂ ਦੇ ਪਾਤਰ ਅਲੌਕਿਕ ਚਿਤਰੇ ਗਏ ਹਨ। ਮਨੁੱਖ ਅੰਦਰ ਇੱਕ ਵਿਸ਼ੇਸ਼ ਕਿਸਮ ਦੀ ਅਲੌਕਿਕਤਾ ਨੂੰ ਪ੍ਰਗਟ ਕਰਨ ਲਈ ਇਨ੍ਹਾਂ ਦਾ ਬਾਹਰੀ ਵਿਹਾਰ ਅਲੌਕਿਕ ਰੱਖਿਆ ਗਿਆ ਹੈ। ਇਸ ਤਰ੍ਹਾਂ ਪਰੀ ਕਥਾਵਾਂ ਸਾਡੇ ਸੱਭਿਆਚਾਰ ਦਾ ਉਹ ਪ੍ਰਾਚੀਨ ਸਰੋਤ ਹਨ, ਜਿਨ੍ਹਾਂ ਸਮੇਂ-ਸਮੇਂ ’ਤੇ ਸੱਭਿਆਚਾਰਕ ਤੇ ਆਧੁਨਿਕ ਸਮੇਂ ਦੇ ਸਮਕਾਲੀ ਸਰੋਕਾਰਾਂ ਨਾਲ ਮਨੁੱਖ ਨੂੰ ਜੋੜਨ ਲਈ ਇੱਕ ਮਹੱਤਵਪੂਰਨ ਪ੍ਰੇਰਨਾ ਦਿੱਤੀ ਹੈ।

ਲੋਕ ਨਾਟ ਨੂੰ ਲੋਕ ਧਾਰਾ ਵਿੱਚ ਲੋਕ ਕਲਾ ਦੇ ਪ੍ਰਸੰਗ ਵਿੱਚ ਸਮਝਿਆ ਤੇ ਗ੍ਰਹਿਣ ਕੀਤਾ ਜਾਂਦਾ ਹੈ। ਕਿਸੇ ਵੀ ਕਲਾ ਦਾ ਮੁੱਢਲਾ ਲੱਛਣ ਸੁਹਜ ਸਵਾਦ ਪੈਦਾ ਕਰਨਾ ਹੈ। ਮੌਲਿਕਤਾ, ਨਵੀਨਤਾ ਤੇ ਵਿਲੱਖਣਤਾ ਸਾਹਿਤ ਕਲਾ ਦੀਆਂ ਕੁਝ ਹੋਰ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਲੋਕ ਕਲਾ ਦੇ ਖੇਤਰ ਸੁਹਜ ਸਵਾਦ ਹੈ, ਉਪਯੋਗੀ ਕਲਾ ਦਾ ਨਿਖੇੜਾ ਨਹੀਂ ਕੀਤਾ ਜਾਂਦਾ। ਇਹ ਜੀਵਨ ਵਿੱਚ ਬਹੁਤ ਸਹਿਜ ਰੂਪ ਵਿੱਚ ਰਚੀ ਹੁੰਦੀ ਹੈ। ਜੀਵਨ ਦੀਆਂ ਲੋੜਾਂ ਨਾਲ ਸਬੰਧਤ ਹੋਣ ਕਾਰਨ ਇਸ ਵਿੱਚ ਸੁਭਾਵਿਕਤਾ ਸ਼ਾਮਲ ਹੋ ਜਾਂਦੀ ਹੈ। ਲੋਕ ਕਲਾ ਦੇ ਬਹੁਤ ਸਾਰੇ ਖੇਤਰਾਂ ਜਿਵੇਂ ਨ੍ਰਿਤਕਾਰੀ, ਸੰਗੀਤਕਾਰੀ, ਚਿੱਤਰਕਾਰੀ ਦੇ ਲੱਛਣ ਲੋਕ ਨਾਚ ਦੇ ਨਾਲ, ਲੋਕ ਨਾਟ ਵੀ ਲੋਕ ਕਲਾ ਦਾ ਪ੍ਰਮੁੱਖ ਖੇਤਰ ਹੈ।

ਪਰੀ ਕਥਾਵਾਂ ਨਾਲ ਸੰਬੰਧਿਤ ਪਰੰਪਰਾਵਾਂ ਸੋਧੋ

ਪੰਜਾਬੀ ਦੀਆਂ ਪਰੀ ਕਥਾਵਾਂ ਕਈ ਪਰੰਪਰਾਵਾਂ ਤੋਂ ਆਈਆਂ ਹਨ। ਕੁੱਝ ਪਰੀ ਕਥਾਵਾਂ ਤਾਂ ਸਾਮੀ ਮੁੱਢ ਦੀਆਂ ਹਨ ਜਿਵੇਂ ਸਬਜ਼ ਪਰੀ, ਲਾਲ ਪਰੀ, ਸ਼ਾਹ ਪਰੀ ਦੀਆਂ ਕਥਾਵਾਂ। ਦੂਜੀ ਪਰੰਪਰਾ ਭਾਰਤੀ ਪਰੀ ਕਥਾਵਾਂ ਦੀ ਹੈ ਜੋ ਵੈਦਿਕ ਸੰਸਕ੍ਰਿਤੀ ਆਦਿ ਸਾਹਿਤਕ ਪਰੰਪਰਾਵਾਂ ਤੋਂ ਵਿਰਸੇ ਦੇ ਰੂਪ ਵਿੱਚ ਪ੍ਰਾਪਤ ਹੋਈਆਂ। ਤੀਜੀ ਪਰੰਪਰਾ ਲੌਕਿਕ ਹੈ। ਮੌਖਿਕ ਹੋਣ ਕਰ ਕੇ ਇਸ ਪਰੰਪਰਾ ਦੀ ਕੋਈ ਕਥਾ ਸ਼ੁੱਧ ਰੂਪ ਵਿੱਚ ਪ੍ਰਾਪਤ ਨਹੀਂ ਹੋਈ। ਪਰੀ ਕਥਾਵਾਂ ਦੀ ਵਿਲੱਖਣਤਾ ਪ੍ਰਕਿਰਤੀ ਵਿੱਚ ਪਰੀ ਨੁਹਾਰ ਨੂੰ ਲੱਭਣਾ। ਅਨਾਰਾ ਸਹਿਜ਼ਾਦੀ, ਵੈਂਗਣ ਸਹਿਜ਼ਾਦੀ, ਮਿਰਚਾਂ ਸਹਿਜ਼ਾਦੀ ਆਦਿ। ਕਥਾਵਾਂ ਅਨੁਸਾਰ ਪਰੀ ਦਾ ਵਾਸਾ ਅਨਾਰ, ਵੈਂਗਣ, ਮਿਰਚ ਆਦਿ ਵਿੱਚ ਹੈ। ਇਸਤਰੀਆਂ ਦੀ ਅਸਮ ਨਾਲ਼ ਕਾਮ ਤ੍ਰਿਪਤੀ ਦੀ ਚੇਸ਼ਟਾ ਦੀ ਪੂਰਤੀ ਲਈ ‘ਸੱਪ ਰਾਜਾ,‘ਕੁੱਤਾ ਰਾਜਾ’, ‘ਮਗਰਮੱਛ ਰਾਜਾ’ ਆਦਿ ਪਰੀ ਕਥਾਵਾਂ ਹਨ।

ਪੱਛਮੀ ਵਿਦਵਾਨਾਂ ਨੇ ਵੀ ਲੋਕ ਕਹਾਣੀ ਉੱਤੇ ਬੜਾ ਨਿੱਠ ਕੇ ਕੰਮ ਕੀਤਾ। ਇਹਨਾਂ ਵਿਦਵਾਨਾਂ ਵਿੱਚੋਂ ਪਰੌਪ ਦਾ ਨਾਂ ਬੜਾ ਮਹੱਤਵਪੂਰਨ ਹੈ। “ਪਰੀ ਕਹਾਣੀਆਂ ਵਿੱਚ ਪ੍ਰਕਾਰਜਾਂ ਦੀ ਗਿਣਤੀ ਪਰੌਪ ਨੇ ਇਕੱਤੀ ਦੱਸੀ ਹੈ।” ਪਰੀ ਕਹਾਣੀਆਂ ਦਾ ਉਦੇਸ਼ ਕੇਵਲ ਜੀਅ ਪਰਚਾਵਾ ਹੀ ਨਹੀਂ। ਇਹ ਮਨੁੱਖ ਅੰਦਰ ਉਤਸ਼ਾਹ ਵੀ ਭਰਦੀਆਂ ਹਨ। “ ਗੁੰਦਵੇਂ ਪਲਾਟ, ਅਥਾਹ ਕਲਪਨਾ ਅਤੇ ਉਤਸੁਕਤਾ ਭਰਪੂਰ ਘਟਨਾਵਾਂ ਇਹਨਾਂ ਇਹਨਾਂ ਦੀ ਲੋਕਪ੍ਰਿਯਤਾ ਦੇ ਖ਼ਾਸ ਅੰਗ ਹਨ।

ਨੀਤੀ ਕਥਾਵਾਂ ਸੋਧੋ

ਪਸ਼ੂ ਕਹਾਣੀਆਂ ਲੋਕ ਕਹਾਣੀਆਂ ਦਾ ਸਭ ਤੋਂ ਪੁਰਾਤਨ ਰੂਪ ਹੈ। ਇਹ ਸੰਸਾਰ ਦੇ ਸਭਨਾਂ ਦੇਸ਼ਾਂ ਵਿੱਚ ਪ੍ਰਚਲਿਤ ਹਨ। ਇਨ੍ਹਾਂ ਕਹਾਣੀਆਂ ਦਾ ਨਾਇਕ ਕੋਈ ਪਸ਼ੂ ਜਾਂ ਪੰਛੀ ਹੁੰਦਾ ਹੈ ਜਿਸਦਾ ਮਾਨਵੀਕਰਣ ਕੀਤਾ ਹੁੰਦਾ ਹੈ। ਭਾਵ ਉਹ ਮਨੁੱਖਾਂ ਵਾਂਗ ਸੋਚਦਾ, ਗੱਲਾਂ ਕਰਦਾ ਅਤੇ ਕਾਰਜ ਕਰਦਾ ਹੈ। ਡਾ. ਕਰਨੈਲ ਸਿੰਘ ਥਿੰਦ ਨੇ ਪਸ਼ੂ ਕਹਾਣੀਆਂ ਨੂੰ ਤਿੰਨ ਕਿਸਮਾਂ ਵਿੱਚ ਵੰਡਿਆ ਹੈ। ਹੰਤੁਕੀ ਕਹਾਣੀਆਂ (Aetiological Tales) ਪਸ਼ੂ ਮਹਾਂਕਾਵਿ (Beast Epic) ਨੀਤੀ ਕਥਾਵਾਂ (Fables) ਨੀਤੀ-ਕਥਾ ਅੰਗਰੇਜ਼ੀ ਦੇ ਸ਼ਬਦ ਫੇਬਲ (Fables) ਦਾ ਪੰਜਾਬੀ ਰੂਪ ਹੈ। ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਨੀਤੀ-ਕਥਾ ਬਾਰੇ ਲਿਖਦੇ ਹਨ, “ਨੀਤੀ ਸ਼ਬਦ ਤੋਂ ਭਾਵ ਕੁੱਝ ਵਿਸ਼ੇਸ਼ ਪ੍ਰਕਾਰ ਦੇ ਗੁਣਾਂ, ਚਾਲਾਂ ਅਤੇ ਜੁਗਤਾਂ ਤੋਂ ਹੈ ਜਿਹਨਾਂ ਦਾ ਗਿਆਨ ਕਿਸੇ ਵਿਹਾਰਕ ਜਾਂ ਸੰਕਟ ਉੱਤਮ ਜਗਤ ਨਾਲ ਚਲਾਉਣ ਦੇ ਨੇਮ ਦਰਜ ਹਨ। ਨੀਤੀ ਕਥਾਵਾਂ ਇਨ੍ਹਾਂ ਜੁਗਤਾਂ ਦਾ ਹੀ ਬਿਰਤਾਂਤਕ ਪਾਸਾਰ ਹਨ।” ਸਟੈਂਡਰਡ ਡਿਕਸ਼ਨਰੀ ਆਫ਼ ਫੋਕਲੋਰ ਅਨੁਸਾਰ “ਨੀਤੀ-ਕਥਾ, ਪਸ਼ੂ-ਕਹਾਣੀ ਦਾ ਅਜਿਹਾ ਨਿਪੁੰਨ ਰੂਪ ਹੈ ਜਿਸ ਵਿੱਚ ਪਸ਼ੂਆਂ ਨੂੰ ਮਨੁੱਖਾਂ ਦੇ ਗੁਣ ਪ੍ਰਦਾਨ ਕਰ ਕੇ ਬੜੀ ਵਿਅੰਗਮਈ ਉਕਤੀ ਦੁਆਰਾ ਮਾਨਵਜਾਤ ਨੂੰ ਨੈਤਿਕ ਸਿੱਖਿਆ ਦਿੱਤੀ ਜਾਂਦੀ ਹੈ।

ਨੀਤੀ-ਕਥਾਵਾਂ ਦੀ ਉਤਪਤੀ ਸੋਧੋ

ਨੀਤੀ ਕਥਾਵਾਂ ਦੀ ਉਤਪਤੀ ਭਾਰਤ ਵਿੱਚ ਹੋਈ ਮੰਨੀ ਜਾਂਦੀ ਹੈ ਪਰ ਪੱਛਮੀ ਵਿਦਵਾਨ ‘ਈਸਾਧ ਨੀਤੀ` ਨੂੰ ਨੀਤੀ ਕਹਾਣੀਆਂ ਦਾ ਸਭ ਤੋਂ ਪ੍ਰਾਚੀਨ ਗ੍ਰੰਥ ਮੰਨਦੇ ਹਨ। ਇਸ ਦੀ ਰਚਨਾ 620 ਈਸਵੀ ਪੂਰਬ ਦੇ ਕਰੀਬ ਯੂਨਾਨ ਦੇ ਟਾਪੂ ਸਮੋਸ ਵਿੱਚ ਈਸਪ ਦੁਆਰਾ ਹੋਈ ਪਰ ਇਨ੍ਹਾਂ ਵਿੱਚੋਂ ਚੌਥਾਈ ਹਿੱਸਾ ਕਹਾਣੀਆਂ ਮੂਲ ਭਾਰਤ ਨੀਤੀ-ਕਥਾਵਾਂ ਵਿੱਚੋਂ ਲੱਭਿਆ ਜਾ ਸਕਦਾ ਹੈ। ਭਾਰਤ ਵਿੱਚ ਨੀਤੀ ਕਥਾਵਾਂ ਦੇ ਦੋ ਗ੍ਰੰਥ ਮਿਲਦੇ ਹਨ- ਪੰਚਤੰਤਰ ਅਤੇ ਹਿਤੇਪਦੇਸ਼। ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਦੇ ਕਥਨ ਮੁਤਾਬਕ ਇਹ ਗ੍ਰੰਥ ਕਵਿਤਾ ਵਿੱਚ ਲਿਖਿਆ ਗਿਆ ਹੈ। ਜਿਸ ਨੂੰ ਵਿਸ਼ਨੂੰ ਸ਼ਰਮਾਂ ਨਾਂ ਦੇ ਵਿਦਵਾਨ ਪੰਡਤ ਨੇ ਇੱਕ ਰਾਜੇ ਦੇ ਮੂਰਖ ਪੁੱਤਰਾਂ ਨੂੰ ਰਾਜਨੀਤੀ ਦੀ ਸਿੱਖਿਆ ਦੇਣ ਲਈ ਰਚਿਆ।

ਨੀਤੀ-ਕਥਾ ਦਾ ਉਦੇਸ਼ ਸੋਧੋ

ਨੀਤੀ-ਕਥਾ ਦਾ ਉਦੇਸ਼ ਜੀਵਨ ਦੀ ਕਿਸੇ ਜੁਗਤ ਨੂੰ ਸਮਝਾਉਣਾ ਅਤੇ ਉਸ ਤੋਂ ਸਿੱਖਿਆ ਗ੍ਰਹਿਣ ਕਰਨ ਦੀ ਪੇ੍ਰਰਨਾ ਦੇਣਾ ਹੁੰਦਾ ਹੈ। ਇਹ ਸਿੱਖਿਆ ਕਿਸੇ ਪਸ਼ੂ ਪੰਛੀ ਜਾਂ ਜੜ੍ਹ ਵਸਤ ਦੁਆਰਾ ਵੀ ਦਿੱਤੀ ਜਾਂਦੀ ਹੈ। ਡਾ.ਕਰਨੈਲ ਸਿੰਘ ਥਿੰਦ ਅਨੁਸਾਰ ਨੀਤੀ-ਕਥਾ ਦਿੱਤੀ ਜਾਂਦੀ ਹੈ। ਡਾ. ਕਰਨੈਲ ਸਿੰਘ ਥਿੰਦ ਅਨੁਸਾਰ ਨੀਤੀ-ਕਥਾ ਅਜਿਹਾ ਪਰੰਪਰਾਗਤ ਬਿਰਤਾਂਤ ਹੈ। ਜਿਸ ਵਿੱਚ ਬੁੱਧਹੀਣ ਜੀਵ ਅਤੇ ਬੇਜਾਨ ਵਸਤੂ ਸਦਾਚਾਰਕ ਸਿੱਖਿਆ ਲਈ ਵਰਤ ਲਏ ਜਾਂਦੇ ਹਨ। ਜਿਵੇਂ:- ਲੂੰਮੜੀ ਅਤੇ ਕਾਂ ਦੀ ਕਹਾਣੀ ਵਿੱਚ ਗੱਲ ਤਾਂ ਲੂੰਮੜੀ ਦੀ ਚਲਾਕੀ ਦੀ ਦੱਸੀ ਗਈ ਹੈ ਕਿ ਉਸਨੇ ਝੂਠੀ ਪ੍ਰਸ਼ੰਸਾ ਕਰ ਕੇ ਕਾਂ ਪਾਸੋਂ ਪਨੀਰ ਦਾ ਟੁਕੜਾ ਹਥਿਆ ਲਿਆ ਪਰ ਅਸਲ ਵਿੱਚ ਸੰਕੇਤ ਉਹਨਾਂ ਮਨੁੱਖਾਂ ਵਲ ਕੀਤਾ ਗਿਆ ਹੈ ਜਿਹੜੇ ਖ਼ੁਸ਼ਾਮਦ ਤੇ ਚਾਪਲੂਸੀ ਦੁਆਰਾ ਦੂਜਿਆ ਨੂੰ ਮੂਰਖ ਬਣਾ ਕੇ ਆਪਣਾ ਸੁਆਰਥ ਕਢ ਲੈਂਦੇ ਹਨ। ਨੀਤੀ ਕਥਾਵਾਂ ਵਿੱਚ ਜੀਵਨ ਜੁਗਤ ਸੁਝਾਈ ਗਈ ਹੁੰਦੀ ਹੈ। ਇਨ੍ਹਾਂ ਦੀ ਸਿਆਣੇ, ਹੰਢੇ ਵਰਤੇ ਤੇ ਅਨੁਭਵੀ ਮਨੁੱਖਾਂ ਦੁਆਰਾ ਕੀਤੀ ਜਾਂਦੀ ਹੈ।

ਨੀਤੀ-ਕਥਾਵਾਂ ਪੰਜਾਬੀ ਸੱਭਿਆਚਾਰਕ ਵਿਰਸੇ ਦਾ ਭਾਗ ਸੋਧੋ

ਪੰਜਾਬ ਦੀਆਂ ਨੀਤੀ ਕਥਾਵਾਂ ਪੰਜਾਬ ਦੇ ਲੋਕਾਂ ਦੀ ਸੋਚ ਅਤੇ ਉਹਨਾਂ ਦੇ ਜੀਵਨ ਦੀਆਂ ਕਦਰਾਂ-ਕੀਮਤਾਂ ਦੀ ਪੂਰੀ ਤਰ੍ਹਾਂ ਨੁਮਾਇੰਦਗੀ ਕਰਦੀਆਂ ਹਨ। ਇਹ ਪ੍ਰਾਚੀਨ ਸਮੇਂ ਤੋਂ ਲੋਕ ਕੰਠ ਦਾ ਭਾਗ ਬਣ ਕੇ ਅੱਗੇ ਚਲਦੀਆਂ ਆਈਆਂ ਹਨ। ਮੌਖਿਕ ਪਰੰਪਰਾ ਨੇ ਇਨ੍ਹਾਂ ਨੂੰ ਪ੍ਰਵਾਨਗੀ ਦਿੱਤੀ ਹੈ। ਨੀਤੀ ਕਥਾਵਾਂ ਪੰਜਾਬੀਆਂ ਦੇ ਸੱਭਿਆਚਾਰਕ ਵਿਰਸੇ ਦਾ ਮਹੱਤਵਪੂਰਨ ਭਾਗ ਹਨ। “ਸੀ.ਲਾਇਲ.” ਦੇ ਇਹ ਸ਼ਬਦ ਪੰਜਾਬੀ ਨੀਤੀ ਕਥਾਵਾਂ ਤੇ ਪੂਰੇ ਉਤਰਦੇ ਹਨ ਕਿ “ਇਹ ਕਥਾਵਾਂ ਲੋਕਾਂ ਦੇ ਸੰਸਕ੍ਰਿਤਕ, ਇਤਿਹਾਸਕ ਬਿਰਤਾਂਤਾ ਦਾ ਸਚਿੱਤਰ ਤੇ ਲੋਕਪ੍ਰਿਯ ਸੰਸਕ੍ਰਣ ਹੋਣ ਦੇ ਨਾਲ ਉਹਨਾਂ ਦੇ ਜੀਵਨ ਚਰਿੱਤਰਾਂ ਦੀ ਲੜੀ ਦਾ ਪ੍ਰਾਚੀਨ ਰੂਪ ਹੈ।” ਭਾਰਤੀ ਜੀਵਨ ਦਾ ਇਹ ਪੱਖ ਸਦਾ ਹੀ ਅਜੇਹੀਆਂ ਕਥਾਵਾਂ ਵਿੱਚ ਉਘੜਿਆਂ ਗਿਆ ਹੈ। ਨੀਤੀ ਕਥਾਵਾਂ ਦੀ ਵਰਤੋਂ ਧਾਰਮਿਕ ਵਿਆਖਿਆ ਅਤੇ ਸਾਹਿਤਕਾਰਾਂ ਦੀਆਂ ਰਚਨਾਵਾਂ ਵਿੱਚ ਵੀ ਹੋਣ ਲੱਗ ਪਈ ਹੈ।

ਜਨੌਰ ਕਥਾਵਾਂ:- ਸੋਧੋ

ਪੰਜਾਬੀ ਲੋਕ ਕਥਾਵਾਂ ਵਿੱਚ ਦੂਜੀ ਵੰਨਗੀ ਜਨੌਰ ਕਥਾਵਾਂ ਨਾਲ ਸਬੰਧਤ ਹੈ। ਇਨ੍ਹਾਂ ਕਥਾਵਾਂ ਦਾ ਪ੍ਰਮੁੱਖ ਪਾਤਰ ਪਸ਼ੂ-ਪੰਛੀ ਹੀ ਹੁੰਦੇ ਹਨ। ਇਹ ਪਸ਼ੂ-ਪੰਛੀ ਮਨੁੱਖੀ ਸੰਸਾਰ ਨਾਲ ਸਮਾਨਤਾ ਰੱਖਣ ਦੇ ਬਾਵਜੂਦ ਵੱਖਰੀ ਨੁਹਾਰ ਵਾਲੇ ਹੁੰਦੇ ਹਨ ਪਰ ਕਥਾ ਵਿੱਚ ਕਾਰਜਸ਼ੀਲ ਪਸ਼ੂ-ਪੰਛੀ ਕਿਸੇ ਨਾ ਕਿਸੇ ਮਨੁੱਖੀ ਜੀਵਨ ਮੁੱਖ ਅਤੇ ਵਤੀਰੇ ਦੀ ਪ੍ਰਤੀਨਿਧਤਾ ਕਰਦਾ ਹੈ। ਜਨੌਰਾਂ ਨਾਲ ਸਬੰਧਤ ਇਹ ਲੋਕ ਕਥਾਵਾਂ ਦੀ ਬਹੁਤ ਪ੍ਰਾਚੀਨ ਵੰਨਗੀ ਹੈ। ਫੋਕਲੋਰ ਦੇ ਵਿਸ਼ਵਕੋਸ਼ ਅਨੁਸਾਰ ਇਹ ਲੋਕ ਕਹਾਣੀਆਂ ਦਾ ਪ੍ਰਾਚੀਨਤਮ ਰੂਪ ਹੈ। ਜਨੌਰ ਕਥਾਵਾਂ ਦੀਆਂ ਅੱਗੋਂ ਅਨੇਕਾਂ ਉਪ ਵੰਨਗੀਆਂ ਮਿਲਦੀਆਂ ਹਨ ਜਿਵੇਂ ਨੀਤੀ ਕਥਾਵਾਂ, ਪਸ਼ੂ ਪਾਤਰ ਆਦਿ। ਮਨੁੱਖੀ ਸੱਭਿਅਤਾ ਦੇ ਆਰੰਭ ਵਿੱਚ ਧਰਮ ਆਪਣੇ ਬੀਜ ਰੂਪ ਵਿੱਚ ਵਿਦਵਾਨ ਹੁੰਦਾ ਹੈ। ਸਾਡੇ ਧਾਰਮਿਕ ਪ੍ਰਤੀਕਾਂ ਵਿੱਚ ਬਹੁਤ ਸਾਰੇ ਜਾਨਵਰਾਂ ਦੇ ਤੌਰ ’ਤੇ ਪੇਸ਼ ਨਹੀਂ ਹੁੰਦੇ ਸਗੋਂ ਆਪਣੇ ਪੂਰਨ ਅਸਾਧਾਰਨ ਰੂਪ ਵਿੱਚ ਸਾਹਮਣੇ ਆਉਂਦੇ ਹਨ। ਉਦਾਹਰਣ ਵਜੋਂ ਹੰਸ ਨਾਲ ਸਬੰਧਤ ਬਹੁਤ ਸਾਰੀਆਂ ਪੰਜਾਬੀ ਵਿੱਚ ਲੋਕ ਕਥਾਵਾਂ ਹਨ। ਬਗਲੇ ਨੂੰ ਲੋਕ ਕਥਾਵਾਂ ਵਿੱਚ ਨਾਂਹ-ਪੱਖੀ ਦ੍ਰਿਸ਼ਟੀਕੋਣ ਤੋਂ ਚਿਤਰਿਆ ਗਿਆ ਹੈ ਜਿਹੜਾ ਕਿ ਚਲਾਕ ਸ਼ਿਕਾਰੀ ਦਾ ਪ੍ਰਤੀਕ ਬਣ ਕੇ ਸਾਹਮਣੇ ਆਇਆ ਹੈ। ਇਸੇ ਪ੍ਰਕਾਰ ਚਿੜੀ ਤੇ ਕਾਂ ਨਾਲ ਸਬੰਧਤ ਕਈ ਲੋਕ ਕਥਾਵਾਂ ਮਿਲਦੀਆਂ ਹਨ ਜਿਸ ਵਿੱਚ ਕਾਂ ਦਾ ਸ਼ਿਕਾਰੀ ਤੇ ਚਿੜੀ ਦੀ ਸ਼ਮੂਲੀਅਤ ਦਾ ਵਰਣਨ ਹੁੰਦਾ ਹੈ।

ਇਸੇ ਪ੍ਰਕਾਰ ਧਰਮ ਨਾਲ ਸਬੰਧਤ ਕਥਾਵਾਂ ਵਿੱਚ ਬਹੁਤ ਸਾਰੇ ਜਨੌਰਾਂ ਦਾ ਵਰਨਣ ਵੇਖਣ ਨੂੰ ਮਿਲਦਾ ਹੈ। ਉਦਾਹਰਣ ਵਜੋਂ ਗਾਂ, ਬੈਲ, ਨੰਦੀ, ਬਾਜ ਆਦਿ। ਇਸ ਪ੍ਰਕਾਰ ਇਹ ਜਨੌਰ ਕਥਾਵਾਂ ਕੇਵਲ ਜਾਨਵਰੀ ਵਿਹਾਰ ਨਾਲ ਸਬੰਧ ਨਹੀਂ ਰੱਖਦੀਆਂ ਸਗੋਂ ਇਨ੍ਹਾਂ ਦਾ ਮਾਨਵੀਕਰਨ ਹੋਇਆ ਹੁੰਦਾ ਹੈ ਤੇ ਇਸ ਮਾਨਵੀਕਰਨ ਦੀ ਪ੍ਰਕਿਰਿਆ ਵਿੱਚ ਉਹ ਕਿਸੇ ਨਾ ਕਿਸੇ ਜੀਵਨ ਮੁੱਲ ਨੂੰ ਉਜਾਗਰ ਕਰਦੀਆਂ ਹਨ। ਜੀਵਨ ਮੁੱਲ ਦਾ ਇੱਕ ਸੱਭਿਆਚਾਰ ਪਰਿਪੇਖ ਹੈ। ਟੀ.ਐਸ. ਈਲੀਅਟ ਨੇ ਸੱਭਿਆਚਾਰ ਦੇ ਸੰਕਲਪ ਨੂੰ ਦਰਸਾਉਂਦੇ ਹੋਏ ਇਸ ਨੂੰ ਇੱਕ ਜੀਵਨ ਜਾਚ ਦਾ ਨਾਂ ਦਿੱਤਾ ਹੈ। ਇਹ ਜੀਵਨ ਜਾਚ ਹੀ ਹੈ ਜਿਸ ਨੂੰ ਵੱਖ-ਵੱਖ ਪਹਿਲੂਆਂ ਤੇ ਦ੍ਰਿਸ਼ਟੀ ਬਿੰਦੂਆਂ ਤੋਂ ਇਹ ਜਨੌਰ ਕਥਾਵਾਂ ਰੂਪਮਾਨ ਕਰਦੀਆਂ ਹਨ।

ਪੰਜਾਬੀ ਲੋਕ ਕਥਾਵਾਂ ਵਿੱਚ ਆਰਤੀ ਵੰਗਨੀ ਪ੍ਰਤਿ ਕਥਾਵਾਂ ਦੀ ਹੈ। ਇਹ ਪ੍ਰਤਿ ਕਥਾਵਾਂ ਮਨੁੱਖ ਦੀ ਬਲਬਾਨਤਾ ਅਤੇ ਰਹੱਸਮਈ ਸ਼ਕਤੀਆਂ ਨੂੰ ਸੁਲਝਣ ਦੀ ਭਾਵਨਾ ਤੇ ਰਹਾਉਣ ਦੀ ਦ੍ਰਿੜ੍ਹਤਾ ਵਿੱਚ ਪੈਦਾ ਹੋਈਆਂ ਹਨ। ਇਨ੍ਹਾਂ ਪ੍ਰਤਿ ਕਥਾਵਾਂ ਦੇ ਪਾਤਰ ਭੂਤ-ਪ੍ਰੇਤ, ਦੈਂਤ, ਸਲੇਡੇ ਆਦਿ ਅਮਾਨਵੀ ਹੋਣ ਕਾਰਨ ਅੱਧ ਦੈਵੀ ਸ਼ਕਤੀਆਂ ਦੇ ਮਾਲਕ ਹੁੰਦੇ ਹਨ। ਕਿਸੇ ਵਿਗਿਆਨਕ ਮਨ ਲਈ ਤਾਂ ਇਹ ਗੱਲ ਭਰਮ ਜਾਂ ਛਲਾਵਾ ਹੋ ਸਕਦੀ ਹੈ ਪਰ ਲੋਕ ਮਨ ਲਈ ਇਨ੍ਹਾਂ ਦੀ ਹੋਂਦ ਵਾਸਤਵਿਕ ਹੁੰਦੀ ਹੈ। ਪ੍ਰਤਿ ਕਥਾਵਾਂ ਦੀ ਰਚਨਾ ਸੰਸਾਰ ਪ੍ਰਤਿ ਕਥਾਵਾਂ, ਜਨੌਰ ਕਥਾਵਾਂ, ਦੰਡ ਕਥਾਵਾਂ ਅਤੇ ਨੀਤੀ ਕਥਾਵਾਂ ਤੋਂ ਵਿਲੱਖਣ ਤੇ ਵਿਕਰਾਲ ਹੁੰਦਾ ਹੈ। ਇਹ ਪ੍ਰੇਤ ਕਥਾਵਾਂ ਮਨੁੱਖ ਦੀ ਪ੍ਰਕਿਰਤੀ ਨਾਲ ਸਦਾ ਹੀ ਲੜਾਈ ਅਤੇ ਉਸ ਉੱਤੇ ਨਿਯੰਤਰਨ ਪਾਉਣ ਦੀ ਜਗਿਆਸਾ ਵਿੱਚ ਪੈਦਾ ਹੋਈਆਂ ਹਨ। ਪ੍ਰਕਿਰਤੀ ਆਪਣੀ ਸ਼ਕਤੀ ਦਾ ਪ੍ਰਗਟਾਵਾ ਸਮੇਂ-ਸਮੇਂ ’ਤੇ ਕਰਦੀ ਹੈ ਅਤੇ ਮਨੁੱਖ ਨੂੰ ਆਪਣੀ ਸਦੀਵਤਾ ਤੇ ਬਲਵਾਨਤਾ ਨਾਲ ਮਨਾਉਣਾ ਚਾਹੁੰਦੀ ਹੈ।

ਹਕਾਇਤ:- ਸੋਧੋ

ਹਕਾਇਤ ਅਰਬੀ ਭਾਸ਼ਾ ਦਾ ਸ਼ਬਦ ਹੈ। ਇਸ ਦਾ ਕੋਸ਼ਗਤ ਅਰਥ [[ਕਹਾਣੀ]] ਜਾਂ ਸਾਖੀ ਹੈ। ਇਹ ਇੱਕ ਵਿਸ਼ੇਸ਼ ਪ੍ਰਕਾਰ ਦੀ ਕਥਾ ਵੰਨਗੀ ਲਈ ਰੂੜ ਹੋ ਗਿਆ ਹੈ। ਪਹਿਲਾ ਪਹਿਲ ਪੰਜਾਬ ਵਿੱਚ ਹਕਾਇਤ ਸ਼ਬਦ ਫ਼ਾਰਸੀ ਮੂਲ ਦੀਆਂ ਕਹਾਣੀਆਂ ਲਈ ਪ੍ਰਯੋਗ ਹੁੰਦਾ ਸੀ। ਹਕਾਇਤ ਸੰਖੇਪ ਤੇ ਇਕਹਰੀ ਘਟਨਾ ਵਾਲੀ ਕਹਾਣੀ ਹੈ, ਜਿਸ ਵਿੱਚ ਜੀਵਨ ਦੇ ਕਿਸੇ ਹਕੀਕਤ ਨੂੰ ਬਿਆਨ ਕੀਤਾ ਜਾਂਦਾ ਹੈ। ਇਸ ਪ੍ਰਕਾਰ ਦੇ ਇਕਹਰੇ ਤੇ ਸੰਖੇਪ ਘਟਨਾ ਬਾਰੇ ਲਘੂ ਕਥਾ ਲਈ ਪੰਜਾਬੀ ਵਿੱਚ ਟੋਟਕਾ, ਚੁਟਕਲਾ, ਗੱਲ, ਹਸਾਵਣੀ ਆਦਿ ਨਾਵਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਅਰਬੀ ਵਿੱਚ ਜਿਸ ਕਹਾਣੀ ਵਿੱਚ ਕੋਈ ਸਿੱਖਿਆ ਜਾਂ ਨੈਤਿਕ ਉਪਦੇਸ਼ ਦਿੱਤਾ ਜਾਂਦਾ ਸੀ, ਉਸ ਲਈ ਹਕਾਇਤ ਸ਼ਬਦ ਵਰਤਿਆ ਜਾਂਦਾ ਸੀ। ਇਸ ਲਈ ਕਈ ਵਾਰ ਹਕਾਇਤ ਦਾ ਏਕੀਕਰਨ ਨੀਤੀ ਕਥਾ ਨਾਲ ਵੀ ਕਰ ਲਿਆ ਜਾਂਦਾ ਸੀ। ਜਿਵੇਂ ਹਕਾਇਤ ਲੋਕਮਨ ਦੀਆਂ। ਪਰ ਹਕਾਇਤ ਦਾ ਘੇਰਾ ਨੀਤੀ ਕਥਾ ਨਾਲ ਵਿਸ਼ਾਲ ਹੈ। ਇਸ ਰੂਪ ਵਿੱਚ ਉਹ ਕਥਾ ਸਮਾ ਸਕਦੀ ਹੈ, ਜਿਸ ਵਿੱਚ ਕੋਈ ਸਿੱਖਿਆ ਹੋਵੇ ਇਸ ਦੇ ਉਲਟ ਨੀਤੀ-ਕਥਾ ਪਦ ਨਿਰੋਲ ਫੇਬਲ ਪ੍ਰਕਿਰਤੀ ਦੀ ਕਥਾ ਲਈ ਪ੍ਰਯੋਗ ਕੀਤਾ ਜਾਂਦਾ ਹੈ। ਪੰਜਾਬੀ ਵਿੱਚ ਰਚਿਤ ਹਕਾਇਤਾਂ ਲੋਕਮਨਾਂ ਦੀਆਂ ਸ਼ੁੱਧ ਰੂਪ ਵਿੱਚ ਨੀਤੀ ਕਥਾਵਾਂ ਹੀ ਹਨ। ਦਸਮ ਗ੍ਰੰਥ ਵਿੱਚ ਜਫ਼ਰਨਾਮਾ ਨਾਲ ਫ਼ਾਰਸੀ ਦੀਆਂ 11 ਹਕਾਇਤਾਂ ਹਕਾਯਾਤ ਦੇ ਨਾਂ ਸਿਰਲੇਖ ਹੇਠ ਦਰਜ ਹਨ। ਇਸ ਤੋਂ ਅਸੀਂ ਅਨੁਮਾਨ ਲਗਾ ਸਕਦੇ ਹਾਂ ਕਿ ਕੁਝ ਵਿਸ਼ੇਸ਼ ਉਪਦੇਸ਼ ਆਤਮਿਕ ਚਰਿਤ੍ਰ ਵੀ ਹਕਾਇਤ ਦੇ ਅੰਤਰਗਤ ਆ ਜਾਂਦੀਆਂ ਹਨ। ਫ਼ਾਰਸੀ ਦੀਆਂ ਹਕਾਇਤਾਂ ਤੋਂ ਪਤਾ ਲਗਦਾ ਹੈ, ਕਿ ਹਕਾਇਤ ਵਿੱਚ ਜੀਵਨ ਦੀ ਕੋਈ ਸਿੱਖਿਆ ਜਾਂ ਨੈਤਿਕ ਉਪਦੇਸ਼ ਹੁੰਦਾ ਹੈ। ਇਸ ਲਈ ਪੰਜਾਬੀ ਵਿੱਚ ਨੈਤਿਕਤਾ ਤੇ ਉਪਦੇਸ਼ਾਤਮਕ ਨਾਲ ਸੰਬੰਧਤ ਕਥਾਵਾਂ ਲਈ ਹਕਾਇਤ ਸ਼ਬਦ ਵਰਤਿਆ ਜਾਂਦਾ ਹੈ। ਇਸ ਲਈ ਜੋ ਕਹਾਵਤ, ਕਥਾਵਾਂ, ਅਖਾਣਾਂ ਵਾਂਗ ਪ੍ਰਸਿੱਧ ਹੋ ਗਈਆਂ ਹਨ ਤੇ ਜੋ ਜੀਵਨ ਦੀਆਂ ਸੱਚਾਈਆਂ ਨੂੰ ਪੇਸ਼ ਕਰਦੀਆਂ ਹਨ, ਉਹ ਹਕਾਇਤ ਬਣ ਗਈਆਂ ਹਨ।[4] ਪੰਜਾਬੀ ਵਿੱਚ ਬੀਰਬਲ ਅਤੇ ਸ਼ੇਖ ਚਿਲੀ ਨਾਲ ਜੁੜੀਆਂ ਕਹਾਣੀਆਂ ਬਹੁਤ ਪ੍ਰਚਲਿਤ ਹਨ|

ਹਕਾਇਤ ਜਾਂ ਟੋਟਕੇ ਵੀ ਪੰੰਜਾਬੀ ਲੋਕ ਕਹਾਣੀਆਂ ਦਾ ਇਕ ਲੋਕ ਪ੍ਰਿਯ ਰੂਪ ਹੈ। ਇਨ੍ਹਾਂ ਵਿੱਚ ਬਿਆਨ ਕੀਤੀ ਘਟਨਾ ਬਹੁਤ ਹੀ ਸੰਖੇਪ ਅਤੇ ਇਕ ਘਟਨਾ ਵਾਲੀ ਹੁੰਦੀ ਹੈ। ਕਈ ਵਾਰ ਉਸੇ ਘਟਨਾ ਨੂੰ ਵਿਭਿੰਨ ਪ੍ਰਕਾਰ ਵਿਸਥਾਰ ਦਿੱਤਾ ਜਾਂਦਾ ਹੈ। ਉਸ ਘਟਨਾ ਵਿੱਚ ਜੀਵਨ ਦੀ ਕਿਸੇ ਅਸਲੀਅਤ ਜਾਂ ਸਚਾਈ ਨੂੰ ਗਲਪ ਰੂਪ ਵਿਚ ਪੇੇਸ਼ ਕੀਤਾ ਜਾਂਦਾ ਹੈ। ਇਨ੍ਹਾਂ ਕਥਾਵਾਂ ਦੀ ਖੂਬੀ ਇਹ ਹੁੰਦੀ ਹੈ ਕਿ ਇਹ ਪਰੀ ਕਥਾਵਾਂ ਵਾਗ ਨਿਰੋਲ ਕਲਪਿਤ ਨਹੀਂ ਸਮਝੀਆਂ ਜਾਦੀਆ, ਸਗੋਂ ਬਿਲਕੁਲ ਸੱਚੀਆਂ ਜਾਂ ਜੀਵਨ ਦੀਆ ਹਕੀਕਤਾਂ ਵਾਗ ਬਿਆਨ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਹਕਾਇਤਾਂ ਜਾਂ ਟੋਟਕਿਆ ਵਿੱਚ ਇਕ ਖਾਸ ਪ੍ਰਕਾਰ ਦਾ ਨੁਕਤਾ ਜਾਂ ਵਿਚਾਰ ਹੀ ਟੋਟਕੇ ਦੀ ਜਿੰਦ- ਜਾਨ ਜਾਂ ਆਤਮਾ ਹੁੰਦੀ ਹੈ। ਕਥਾ ਦੀ ਸਾਰੀ ਸ਼ਕਤੀ ਉਸ ਦੀ ਪਕੜ ਵਿਚ ਹੁੰਦੀ ਹੈ। ਕਈ ਵਾਰੀ ਕੋਈ ਕੇਂਦਰੀ ਨੁਕਤਾ ਸੁਲਝਾ ਕੇ ਹਾਸਾ ਵੀ ਪੈਦਾ ਕੀਤਾ ਜਾਂਦਾ ਹੈ। ਨਿਰਸੰਦੇਹ ਇਹ ਕਥਾਵਾਂ ਅਦਭੁੱਤ, ਦਿਲਚਸਪ ਜਾਂ ਰੌਚਕ ਹੋਣ ਤੋਂ ਇਲਾਵਾ ਸਿੱਖਿਆਦਾਇਕ ਤੇ ਭਾਵਪੂਰਤ ਵੀ ਹੁੰਦੀਆਂ ਹਨ। ਇਸ ਕਰਕੇ ਇਸ ਵਰਗ ਦੀਆਂ ਕਹਾਣੀਆਂ ਲੋਕਾਂ ਵਿੱਚ ਬਹੁਤ ਮਕਬੂਲ ਹਨ। ਇਨ੍ਹਾਂ ਦੀ ਮਕਬੂਲੀਅਤ ਦਾ ਇਕ ਕਾਰਨ ਇਹ ਵੀ ਹੈ ਕਿ ਇਹ ਮਨੋਰੰਜਨ ਹੋਣ ਦੇ ਨਾਲ ਨਾਲ ਜੀਵਨ ਦੇ ਯਥਾਰਥਕ ਪੱਖਾਂ ਦਾ ਉਲੇਖ ਵੀ ਕਰਦੀਆਂ ਹਨ। ਇਨ੍ਹਾਂ ਕਥਾਵਾਂ ਦੇ ਮੁੱਖ ਪਾਤਰ ਬਹੁਤ ਅਨੁਭਵੀ ਅਤੇ ਜੀਵਨ ਯਥਾਰਥ ਦੀਆਂ ਸਚਾਈਆਂ ਨੂੰ ਸਮਝਣ ਤੇ ਉਨ੍ਹਾਂ ਨੂੰ ਨਜਿੱਠਣ ਵਿੱਚ ਕਮਾਲ ਦੀ ਮੁਹਾਰਤ ਰੱਖਦੇ ਹਨ।

ਬੁਝਾਰਤਾਂ ਸੋਧੋ

ਬੁਝਾਰਤਾਂ ਮੋਖਿਕ ਸਾਹਿਤ ਦਾ ਮਹਤਵਪੂਰਣ ਅੰਗ ਹੈ। [[ਬੁਝਾਰਤ]] ਸ਼ਬਦ ਜਿੰਨਾਂ ਆਸਾਨ ਹੈ, ਓਨੀ ਹੀ ਇਸ ਵਿਆਖਿਆ ਕਰਨੀ ਕਠਿਨ ਹੈ, ਕਿਉਂਕਿ ਬੁਝਾਰਤਾਂ ਵਿੱਚ ਵਿਸ਼ਾ,ਰੂਪ ਤੇ ਬਣਤਰ ਵਿੱਚ ਬਹੁਤ ਵੱਖਰਤਾਂ ਹੁੰਦੀ ਹੈ, ਕਿਉਂਕਿ ਕੋਈ ਬੁਝਾਰਤ ਇੱਕ ਸਤਰੀ ਕੋਈ ਦੋ ਜਾਂ ਸੱਤ ਸਤਰੀ ਵੀ ਹੋ ਸਕਦੀ ਹੈ। ਕੋਈ ਲੈਅਮਈ ਤੇ ਕੋਈ ਸਿਧੀ ਜਿਹੀ ਹੁੰਦੀ ਹੈ। ਕਿਸੇ ਬੁਝਾਰਤ ਵਿੱਚ ਤੁਲਨਾ ਕਿਸੇ ਵਿੱਚ ਵਿਰੋਧ ਹੁੰਦਾ ਹੈ। ਕਿਸੇ ਬੁਝਾਰਤ ਵਿੱਚ ਪੂਰਾ ਬਿੰਬ ਹੁੰਦਾ ਹੈ, ਕਿਸੇ ਵਿੱਚ ਅੰਸ਼ ਮਾਤਰ ਹੁੰਦਾ ਹੈ। ਪਰ ਇਹਨਾਂ ਗੱਲਾ ਦੇ ਬਾਵਜੂਦ ਬੁਝਾਰਤਾਂ ਵਿੱਚ ਕੁੱਝ ਸਾਂਝੇ ਤੱਤ ਹੁੰਦੇ ਹਨ, ਜੋ ਬੁਝਾਰਤਾਂ ਦੇ ਸੁਭਾਅ ਤੇ ਲੱਛਣ ਦੀ ਪਛਾਣ ਬਣਦੇ ਹਨ। ਜਿਵੇਂ ਬੁਝਾਰਤਾਂ ਵਿੱਚ ਕੋਈ ਗੱਲ ਪਰੰਪਰਾਗਤ ਢੰਗ ਨਾਲ ਪੁੱਛੀ ਗਈ ਹੁੰਦੀ ਹੈ। ਵਿਸ਼ਾ ਵਸਤੂ ਨੂੰ ਕਲਪਨਾ ਦੇ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ, ਤਾਂ ਕਿ ਗੱਲ ਸਿਧੀ ਹੀ ਸਮਝ ਨਾ ਆਵੇ। ਇਹਨਾਂ ਦੇ ਅਧਾਰ ਤੇ ਬੁਝਾਰਤਾਂ ਦੀ ਪਰਿਭਾਸ਼ਾ:-

ਪਰਿਭਾਸ਼ਾ ਸੋਧੋ

ਬੁਝਾਰਤ ਇੱਕ ਰਹੱਸਮਈ ਪ੍ਰਸ਼ਨ ਹੈ, ਜਿਸ ਵਿੱਚ ਕੋਈ ਰਹੱਸ ਲੁਕਾਇਆ ਜਾਂਦਾ ਹੈ ਤੇ ਇਹ ਰਹੱਸ ਪ੍ਰਤੀਕਮਈ ਜਾਂ ਵਿਰੋਧ ਨਾਲ ਪੇਸ਼ ਕੀਤਾ ਜਾਂਦਾ ਹੈ ਤੇ ਕਦੇ ਬਿੰਬ ਜਾਂ ਰੂਪਕਾਂ ਰਾਹੀ ਪੇਸ਼ ਕੀਤਾ ਜਾਂਦਾ ਹੈ। ਇਹ ਵਰਣਨ ਸਮੂਹਿਕ ਮਾਨਸਿਕਤਾ ਅਤੇ ਲੋਕਮਨ ਦੀ ਅਭਿਵਿਅਕਤੀ ਹੁੰਦੀ ਹੈ। ਇਸ ਤਰਾਂ ਬੁਝਾਰਤ ਉਹ ਪ੍ਰਸਨ ਹੁੰਦੇ ਹਨ। ਜਿਸ ਵਿੱਚ ਗੱਲ ਨੂੰ ਸੰਕੇਤਾਂ ਜਾਂ ਬਿੰਬਾਂ ਨਾਲ ਕਿਸੇ ਰਹੱਸ ਨੂੰ ਦੱਸਿਆ ਜਾਂਦਾ ਹੈ ਤੇ ਉਹ ਮੂਲ ਵਸਤੂ ਦੀ ਪਛਾਣ ਕਰਦੀ ਹੈ। ਮਨੁੱਖ ਨੇ ਦਲੀਲ, ਤਰਕ ਅਤੇ ਯੁਕਤੀਆਂ ਦੀਆਂ ਗੱਲਾਂ ਬੁਝਾਰਤਾਂ ਤੋਂ ਹੀ ਸਿੱਖੀਆਂ ਹਨ। ਇਸ ਤਰਾਂ ਬੁਝਾਰਤਾਂ ਮਨੁੱਖ ਦੀ ਕਲਾਤਮਿਕ ਸ਼ਕਤੀ ਨੂੰ ਵਧਾਉਣ ਵਿੱਚ ਸਹਾਇਕ ਹਨ। ਦੰਡੀ ਨੇ ਬੁਝਾਰਤ ਨੂੰ ਅਲੰਕਾਰ ਦੇ ਰੂਪ ਵਿੱਚ ਗਿਣਿਆ ਹੈ। ਅਰਸਤੂ ਦਾ ਵਿਚਾਰ ਹੈ ਕਿ ਕਿਸੇ ਗੱਲ ਜਾਂ ਵਿਆਖਿਆਨ ਲਈ ਰੂਪਕ ਨੂੰ ਲਗਾਤਾਰ ਵਰਤਿਆ ਜਾਵੇ ਤਾਂ ਬੁਝਾਰਤ ਹੋਂਦ ਵਿੱਚ ਆਉਂਦੀ ਹੈ।[5]

ਪੰਜਾਬੀ ਲੋਕ ਸਾਹਿਤ ਵਿੱਚ ਕਵਿਤਾ ਰਾਹੀਂ ਪੇਸ਼ ਕੀਤੀਆਂ ਜਾਂਦੀਆਂ ਅੜਾਉਣੀਆਂ ਨੂੰ ਬੁਝਾਰਤਾਂ ਜਾਂ ਪਹੇਲੀਆਂ ਕਿਹਾ ਜਾਂਦਾ ਹੈ। ਪਰ ਵਾਰਤਕ ਵਿੱਚ ਉਹ ਲੋੋਕ ਕਥਾਵਾਂ ਜਿਨ੍ਹਾਂ ਵਿੱਚ ਬੁਝਾਰਤਾਂ, ਅੜਾਉਣੀਆਂ ਜਾਂ ਪ੍ਰਸ਼ਨ ਦੁਆਰਾ ਸਮੱਸਿਆ ਦੱਸੀ ਗਈ ਹੋਵੇ, ਉਸ ਨੂੰ ਬੁਝਾਰਤਾਂ ਕਿਹਾ ਜਾਂਦਾ ਹੈ। ਇਨ੍ਹਾਂ ਕਥਾਵਾਂ ਦੀ ਵਿਸ਼ੇਸ਼ਤਾ ਹੈ ਕਿ ਸਾਰੀ ਕਥਾ ਸਮਾਪਤ ਹੋਣ ਉਤੇ ਗੁੰਝਲ ਖੁੱਲ੍ਹ ਜਾਂਦੀ ਹੈ ਅਤੇ ਕਥਾ ਵਿੱਚ ਪੈਦਾ ਹੋਈ ਸਮੱਸਿਆ ਦਾ ਹੱਲ ਬਹੁਤ ਦਿਲਚਸਪ ਹੁੰਦਾ ਹੈ। ਬੁਝਾਰਤ ਕਥਾਵਾਂ ਦੀ ਪਰੰਪਰਾ ਵੀ ਬਹੁਤ ਪ੍ਰਾਚੀਨ ਹੈ। ਇਹ ਕਥਾਵਾਂ ਇਕ ਪ੍ਰਕਾਰ ਦੀਆਂ ਦਿਮਾਗੀ ਕਸਰਤਵਾਂ ਹਨ। ਇਨ੍ਹਾਂ ਕਥਾਵਾਂ ਵਿੱਚ ਕੋਈ ਨਾ ਕੋਈ ਸਮਾਜਕ ਸੱਚ ਛੁਪਿਆ ਹੁੰਦਾ ਹੈ। ਬੁਝਾਰਤਾਂ ਦਾ ਉਦੇਸ਼ ਬੁੱਧੀ ਦੀ ਪ੍ਰੀਖਿਆ ਹੁੰਦੀ ਹੈ। ਇਹ ਬੁੱਧੀ ਨੂੰ ਤੀਖਣ ਕਰਦੀਆਂ ਹਨ, ਗਿਆਨ ਵਧਾਉਂਦੀਆਂ ਹਨ ਅਤੇ ਇਸ਼ਾਰਿਆਂ ਅਤੇ ਸੰਕੇਤਾਂ ਨੂੰ ਬੁੱਝਣ ਲਈ ਡੂੰਘਾ ਸੋਚਣ ਉਤੇ ਮਜਬੂਰ ਕਰਦੀਆਂ ਹਨ। ਇਹ ਲੋਕ ਮਾਨਸ ਦੀ ਅਜਿਹੀ ਮੌਖਿਕ ਅਭਿਵਿਅਕਤੀ ਹੁੰਦੀਆ ਹਨ, ਜਿਨ੍ਹਾਂ ਵਿੱਚ ਕੋਈ ਪ੍ਰਸ਼ਨ ,ਗੁੰਝਲ ਜਾਂ ਅੜਾਉਣੀ ਵੀ ਹੁੰਦੀ ਹੈ ਅਤੇ ਉਸ ਵਿੱਚ ਹੀ ਉਸ ਦੀ ਸਚਾਈ ਲੁਕੀ ਹੁੰਦੀ ਹੈ। ਸੋਚਣ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਤੇ ਮਨੋਰੰਜਨ ਦਾ ਸਾਧਨ ਬਣਦੀਆਂ ਹਨ।

ਇਸ ਵਿੱਚ ਲੋਕ ਕਥਾਵਾਂ ਦੇ ਲਗਭਗ ਸਾਰੇ ਮਹੱਤਵਪੂਰਨ ਰੂਪ ਵਿਦਮਾਨ ਹਨ। ਪੰਜਾਬ ਦੀ ਲੋਕ ਮਾਨਸਿਕਤਾ ਵਿੱਚ ਇਹ ਲੋਕ ਕਹਾਣੀਆਂ ਘਰ ਕਰ ਚੁੱਕੀਆਂ ਹਨ। ਅੱਜ ਅਸੀਂ ਇੱਕਵੀਂ ਸਦੀ ਵਿੱਚ ਪੁੱਜ ਚੁੱਕੇ ਹਾਂ। ਇਹ ਸਦੀ ਸਾਇੰਸ ਤੇ ਤਕਨਾਲੋਜੀ ਨੂੰ ਸਮਰਪਿਤ ਹੈ। ਪਰ ਫਿਰ ਵੀ ਪੰਜਾਬ ਦੇ ਪਿੰਡਾਂ ਵਿੱਚ ਬਹੁਤ ਸਾਰੇ ਬਜ਼ੁਰਗ ਮਿਲ ਜਾਂਦੇ ਹਨ, ਜਿਨ੍ਹਾਂ ਦੀ ਯਾਦਾਸ਼ਤ ਵਿੱਚ ਲੋਕ- ਕਹਾਣੀਆਂ ਦਾ ਚੌਖਾ ਭੰਡਾਰਾ ਮੌਜੂਦ ਹੈ। ਉਨ੍ਹਾਂ ਕੋਲ ਲੋਕ-ਕਹਾਣੀਆਂ ਸਣਾਉਣ ਅਤੇ ਇਨ੍ਹਾਂ ਨੂੰ ਬਣਾਉਣ ਦੀ ਜੁਗਤ ਹੈ। ਉਹ ਸਾਰੀ ਸਾਰੀ ਰਾਤ ਲੋਕ ਕਹਾਣੀਆਂ ਸੁਣਾ ਸਕਦੇ ਹਨ। ਕਹਾਣੀ ਵਿਚੋਂ ਅੱਗੇ ਕਹਾਣੀ ਉਸਾਰ ਸਕਦੇ ਹਨ। ਇਨ੍ਹਾਂ ਲੋਕ-ਕਹਾਣੀਆਂ ਵਿਚ ਪੰਜਾਬ ਅਮੀਰ ਸਭਿਆਚਾਰਕ ਵਿਰਸੇ ਦੇ ਭਰਪੂਰ ਦਰਸ਼ਨ ਹੁੰਦੇ ਹਨ।

ਹਵਾਲੇ ਸੋਧੋ

  1. ਡਾ: ਸਤਿੰਦਰ ਕੌਰ (2007). ਲੋਕਧਾਰਾ ਦਾ ਵਗਦਾ ਦਰਿਆ ਵਣਜਾਰਾ ਬੇਦੀ. ਮਨਪ੍ਰੀਤ ਪ੍ਰਕਾਸ਼ਨ. ISBN (PR) 306- 09545B-LS. {{cite book}}: Check |isbn= value: invalid character (help)
  2. ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ, ਭੁਪਿੰਦਰ ਸਿੰਘ ਖਹਿਰਾ,ਪੰਨਾ 57
  3. ਪੰਜਾਬ ਦਾ ਲੋਕ ਵਿਰਸਾ, ਭਾਗ ਪਹਿਲਾ, ਡਾ ਕਰਨਲ ਸਿੰਘ ਥਿੰਦ, ਪੰਨਾ 176
  4. ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਜਿਲਦ 3, ਪੰਨਾ 455
  5. ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਜਿਲਦ 7, ਪੰਨਾ 1803

1. ਬ੍ਰਹਮ ਜਗਦੀਸ਼ ‘ਪੰਜਾਬੀ ਸਾਹਿਤ ਦੇ ਪ੍ਰਮੁੱਖ ਰੂਪਾਕਾਰ ਸਿਧਾਂਤ ਦੇ ਵਿਕਾਸ’ ਪ੍ਰਕਾਸ਼ਕ: ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, ਸਾਲ: 2010 ਪੰਨਾ: 17

2. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ,‘ਪੰਜਾਬੀ ਲੋਕਧਾਰਾ ਵਿਸ਼ਵਕੋਸ਼’ ਪ੍ਰਕਾਸ਼ਕ: ਨੈਸ਼ਨਲ ਬੁੱਕ ਸ਼ਾਪ ਦਿੱਲੀ, ਸਾਲ: 1994 ਪੰਨਾ: 1775

3. ਡਾ. ਤਜਿੰਦਰਪਾਲ ਕੌਰ,‘ਲੋਕ ਕਹਾਣੀਆਂ ਵਿੱਚ ਸਮਾਜ-ਸੱਭਿਆਚਾਰਕ ਜੀਵਨ ਦੇ ਪੈਟਰਨਾਂ ਦੀ ਪੇਸ਼ਕਾਰੀ: ਸਿਧਾਂਤਕ ਪਰਿਪੇਖ’ ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ ਸਾਲ: 2008, ਪੰਨਾ: 18

4. ਉਹੀ ਪੰਨਾ 5. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ,‘ਪੰਜਾਬੀ ਲੋਕਧਾਰਾ ਵਿਸ਼ਵਕੋਸ਼’ ਪ੍ਰਕਾਸ਼ਕ: ਨੈਸ਼ਨਲ ਬੁੱਕ ਸ਼ਾਪ, ਦਿੱਲੀ, ਸਾਲ: 1994 ਪੰਨਾ: 1775

6. ਡਾ. ਜੋਗਿੰਦਰ ਸਿੰਘ ਕੈਰੋਂ ‘ਪੰਜਾਬੀ ਲੋਕ ਕਥਾਵਾਂ ਦਾ ਸੰਰਚਨਾਤਮਕ ਅਧਿਐਨ ਤੇ ਵਰਗੀਕਰਨ’ ਪ੍ਰਕਾਸ਼ਕ: ਪਬਲੀਕੇਸ਼ਨ ਬਿਊਰੋ ਪਜੰਾਬੀ ਯੂਨੀਵਰਸਿਟੀ, ਪਟਿਆਲਾ, ਸਾਲ: 1987 ਪੰਨਾ: 15

7. ਉਹੀ ਪੰਨਾ

8. ਡਾ.ਕਰਨੈਲ ਸਿੰਘ ਥਿੰਦ ‘ਪੰਜਾਬ ਦਾ ਲੋਕ ਵਿਰਸਾ ਭਾਗ ਪਹਿਲਾ’ ਪ੍ਰਕਾਸ਼ਕ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ ਸਾਲ: 2002, ਪੰਨਾ:164