ਪੰਜਾਬੀ ਸਾਹਿਤ ਆਲੋਚਨਾ

ਪੰਜਾਬੀ ਆਲੋਚਨਾ ਦੇ ਆਰੰਭ, ਵਿਕਾਸ ਅਤੇ ਸਰੂਪ ਸੰਬੰਧੀ ਚਰਚਾ ਕਾਫ਼ੀ ਸਮੇਂ ਤੋਂ ਚੱਲੀ ਆ ਰਹੀ ਹੈ। ਪੰਜਾਬੀ ਆਲੋਚਨਾ ਨੂੰ ਆਧਾਰ ਬਣਾ ਕੇ ਉਸਦੇ ਕਿਸੇ ਇੱਕ ਪੱਖ ਕਿਸੇ ਖਾਸ ਵਿਚਾਰਧਾਰਾ ਜਾਂ ਕਿਸੇ ਇੱਕ ਆਲੋਚਨਾ ਨੂੰ ਆਧਾਰ ਬਣਾ ਕੇ ਪੰਜਾਬੀ ਚਿੰਤਨ ਜਗਤ ਦਾ ਹਿੱਸਾ ਬਣਦੀ ਰਹੀ ਹੈ। ਪੰਜਾਬੀ ਆਲੋਚਨਾ ਦੇ ਆਰੰਭ ਨੂੰ ਦੇਖਣ ਸਮੇਂ ਸਮੱਸਿਆ ਇਹ ਆਉਂਦੀ ਹੈ ਕਿ ਉਸ ਸਮੇਂ ਸਾਹਿਤ ਇਤਿਹਾਸ ਅਤੇ ਸਾਹਿਤ ਆਲੋਚਨਾ ਆਪਸ ਵਿੱਚ ਰਲਗੱਡ ਸਨ। ਇਸ ਕਾਰਨ ਪੰਜਾਬੀ ਆਲੋਚਨਾ ਦਾ ਆਰੰਭ ਪੰਜਾਬੀ ਸਾਹਿਤ ਦੇ ਆਰੰਭ ਦੇ ਨਾਲ ਹੀ ਜੋੜ ਦਿੱਤਾ ਜਾਂਦਾ ਹੈ। ਬਹੁਤ ਸਾਰੇ ਆਲੋਚਕ ਇਸ ਤੱਥ ਨੂੰ ਸਵੀਕਾਰ ਨਹੀਂ ਕਰਦੇ ਕਿਉਂਕਿ ਇਨ੍ਹਾਂ ਦੀ ਧਾਰਨਾ ਇਹ ਹੈ ਕਿ ਇਹ ਸਿਰਫ਼ ਭਾਵਕ ਕਿਸਮ ਦੇ ਪ੍ਰਤਿਕਰਮ ਸਨ। ਜਿਹਨਾਂ ਵਿੱਚੋਂ ਆਲੋਚਕ ਨਾਮ ਦੀ ਕੋਈ ਚੀਜ਼ ਨਹੀਂ ਸੀ। ਉਸ ਸਮੇਂ ਪੰਜਾਬੀ ਆਲੋਚਨਾ ਵਿੱਚ ਜੀਵਨ ਆਦਰਸ਼, ਰਾਗਾਂ ਦੀ ਤਰਤੀਬ, ਪੁਰਾਤਨ ਸਾਹਿਤ ਸੰਭਾਲ ਖੋਜ, ਸਿਰਜਣ ਪ੍ਰਕਿਰਿਆ ਦਾ ਦ੍ਰਿਸ਼ਟੀਕੋਣ ਆਦਿ ਕੁੱਝ ਪ੍ਰਮੁੱਖ ਪੱਖਾਂ ਨੂੰ ਲੈ ਕੇ ਸਾਹਿਤਕ ਨੇਮ ਵਿਧਾਨ ਸਿਰਜਣ ਦੇ ਪ੍ਰਯਤਨ ਹੋਏ ਮਿਲਦੇ ਹਨ।[1]

ਪੰਜਾਬੀ ਆਲੋਚਨਾ ਸੰਬੰਧੀ ਪ੍ਰਚਲਿਤ ਰਾਵਾਂ ਸੋਧੋ

ਆਧੁਨਿਕ ਪੰਜਾਬੀ ਸਾਹਿਤ ਦੇ ਹੋਰ ਰੂਪਾਂ ਜਿਵੇਂ ਨਾਵਲ, ਨਾਟਕ ਤੇ ਕਹਾਣੀ ਵਾਂਗ ਪੰਜਾਬੀ ਆਲੋਚਨਾ ਦੇ ਮੁੱਢ ਦਾ ਮਸਲਾ ਵੀ ਖਾਸਾ ਉਲਝਿਆ ਹੋਇਆ ਹੈ। ਇਸ ਉਲਝਣ ਦੇ ਤਿੰਨ ਪ੍ਰਮੁੱਖ ਕਾਰਨ ਹਨ: ਵਿਰਸੇ ਨੂੰ ਪ੍ਰਾਚੀਨਤਮਕ ਸਿੱਧ ਕਰਨ ਦੀ ਲੋਚਾਂ, ਪਰਖ ਦੇ ਪੈਮਾਨਿਆਂ ਦੀ ਘਾਟ ਤੇ ਮੂੰਹ ਮੁਲਾਜੇ ਜਾਂ ਵਿਅਕਤੀ ਪੂਜਾ ਦੀ ਭਾਵਨਾਂ ਇੰਨ੍ਹਾਂ ਤਿੰਨਾਂ ਕਾਰਣਾਂ ਸਦਕਾ ਪੰਜਾਬੀ ਆਲੋਚਨਾ ਦੇ ਉਦਭਵ ਸੰਬੰਧੀ ਪ੍ਰਸਪਰ ਵਿਰੋਧੀ ਰਾਵਾਂ ਪੈਦਾ ਹੋਈਆਂ ਹਨ। ਪਹਿਲੀ ਰਾਇ ਪੰਜਾਬੀ ਆਲੋਚਨਾ ਦੇ ਮੁੱਢ ਬਹੁਤ ਪਿਛਾਂਹ ਅਰਥਾਤ ਮੱਧਕਾਲ ਤੱਕ ਲੈ ਕੇ ਜਾਂਦੀ ਹੈ। ਦੂਸਰੀ ਰਾਇ ਪੰਜਾਬੀ ਆਲੋਚਨਾ ਦਾ ਬਾਨੀ ਤੇ ਸੰਚਾਲਕ ਦੱਸਦੀ ਹੈ। ਪੰਜਾਬੀ ਆਲੋਚਨਾ ਦੇ ਜਨਮ ਸੰਬੰਧੀ ਕਈ ਕਿਸਮ ਦੇ ਮਤਭੇਦ ਪ੍ਰਚਲਿਤ ਰਹੇ ਹਨ। ਜਿੱਥੇ ਪਹਿਲੀ ਰਾਇ ਵਿਰਸੇ ਪ੍ਰਤਿ ਉਪਭਾਵਕਤਾ ਦੀ ਹੱਦ ਤੱਕ ਸਦਭਾਵੀ ਰੁਚੀ ਵਿਚੋਂ ਪੈਦਾ ਹੁੰਦੀ ਹੈ ਉੱਥੇ ਤੀਸਰੀ ਰਾਇ ਇਤਿਹਾਸਕ ਦ੍ਰਿਸ਼ਟੀ ਨੂੰ ਮਨੋਵਿਸਾਰਦੀ ਅਤੇ ਵਿਅਕਤੀ ਪੂਜਾ ਦੀ ਭਾਵਨਾ ਤੋਂ ਪ੍ਰੇਰਿਤ ਜਾਪਦੀ ਹੈ। ਕੁਝ ਵਿਦਵਾਨ ਐਸੇ ਵੀ ਹਨ। ਜਿਹੜੇ ਇੰਨਾਂ ਤਿੰਨਾਂ ਰਾਵਾਂ ਦਾ ਮਿਲਗੋਡਾ ਬਣਾ ਕੇ ਵਿੱਚ ਵਿਚਾਲੇ ਵਾਲਾ ਰਸਤਾ ਅਖਤਿਆਰ ਕਰਦੇ ਹਨ। ਪਹਿਲੀ ਰਾਇ ਮੱਧਕਾਲ ਵਿੱਚੋਂ ਪੰਜਾਬੀ ਆਲੋਚਨਾ ਦੇ ਆਦਿ ਕਾਲ ਨੂੰ ਢੂੰਡਦੀ ਹੋਈ ਵੀਂਹਵੀ ਸਦੀ ਦੇ ਮੁੱਢ ਤੋਂ ਪਹਿਲਾਂ ਇਸਦੇ ਬਕਾਇਦਾ ਵਿਕਾਸ ਨੂੰ ਦਰਸਾਉਂਦੀ ਹੈ।[2]

ਪੰਜਾਬੀ ਆਲੋਚਨਾ ਦਾ ਜਨਮ ਸੋਧੋ

ਪੰਜਾਬੀ ਆਲੋਚਨਾ ਦੇ ਜਨਮ ਮੱਧਕਾਲੀਨ ਪੰਜਾਬੀ ਸਾਹਿਤ ਤੋਂ ਮੰਨਦੇ ਹਨ। ਉਹਨਾਂ ਅਨੁਸਾਰ ਇਸਦਾ ਮੁੱਢ ਲਗਭਗ ਪੰਜ ਸੌ ਸਾਲ ਪਹਿਲਾਂ ਪੰਜਾਬੀ ਸਾਹਿਤ ਦੇ ਮੋਢੀ ਅਤੇ ਉਸਰੱਈਏ ਗੁਰੂ ਨਾਨਕ ਸਾਹਿਬ ਦੀ ਪਾਵਨ ਰਚਨਾ ਨਾਲ ਪੰਦਰਵੀਂ ਸਦੀ ਵਿੱਚ ਬੱਝ ਗਿਆ ਸੀ, ਜਿਸਦਾ ਆਧਾਰ ਉਹਨਾਂ ਵੱਲੋਂ ਬਾਬਾ ਫਰੀਦ ਸਾਹਿਬ ਦੀ ਰਚਨਾ ਉੱਪਰ ਦਿੱਤੀਅ ਗਈਆਂ ਕਾਵਿ-ਟਿੱਪਣੀਆਂ ਹਨ:

ਤਨ ਤਪੇ ਤਨੂਰ ਜਿਊ ਬਾਲਣ ਹਡ ਬਲੰਨਿ
ਪੇਰੀ ਥਕਾਂ ਸਿਰ ਜੁਲਾਂ ਜੇ ਮੂ ਪਿਰੀ ਮਿਲੰਨਿ।

ਗੁਰੂ ਨਾਨਕ ਦੇਵ ਜੀ ਨੇ ਬਾਬਾ ਫਰੀਦ ਜੀ ਦੇ ਵਿਚਾਰ ਨੂੰ ਪੜਚੋਲਿਆ ਅਤੇ ਆਪਣੀ ਰਾਇ ਇਸ ਸ਼ਲੋਕ ਵਿੱਚ ਦਿੱਤੀ: ਇਸੇ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਫਰੀਦ ਜੀ ਦੇ ਇਸ ਸ਼ਲੋਕ ਉੱਤੇ ਵੀ ਟਿੱਪਣੀ ਕੀਤੀ ਸੀ:

ਫਰੀਦਾ ਰਤੀ ਰਤ ਨਾ ਨਿਕਲੇ, ਜੇ ਤਨੁ ਚੀਰੈ ਕੋਇ
ਜੋ ਤਨ ਰਤੇ ਰਬ ਸਿਉ, ਤਿਨ ਤਨਿ ਰਤੁ ਨਾ ਹੋਇ।

ਪੰਜਾਬੀ ਆਲੋਚਨਾ ਦਾ ਪਹਿਲਾ ਪੜਾਅ ਸੋਧੋ

ਕੁਝ ਆਲੋਚਕ ਇਹਨਾਂ ਟਿੱਪਣੀਆਂ ਨੂੰ ਹੀ ਆਲੋਚਨਾ ਮੰਨਦੇ ਹਨ, ਪਰ ਇਸ ਵਿੱਚ ਸਾਹਿਤਕ ਆਲੋਚਨਾ ਵਾਲੀ ਕੋਈ ਗੱਲ ਨਹੀਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਤੋਂ ਪਹਿਲਾਂ ਦੀ ਗੁਰੂ-ਬਾਣੀ ਅਤੇ ਭਗਤ ਦੀ ਬਾਣੀ ਦਾ ਸੰਕਲਨ ਕੀਤਾ। ਇਹ ਸੰਕਲਨ ਹੀ ਪੰਜਾਬੀ ਆਲੋਚਨਾ ਮਹੱਤਵ ਪ੍ਰਾਪਤੀ ਹੈ। ਵਿਰਸੇ ਪ੍ਰਤਿ ਉਪਭਾਵੁਕਤਾ ਦੀ ਹੱਦ ਤੱਕ ਸਦਭਾਵੀ ਰੁਚੀ ਸਦਕਾ ਉਹਨਾਂ ਨੇ ਗੁਰਬਾਣੀ ਵਿਚਲੇ ਵਾਦ-ਵਿਵਾਦ, ਟੀਕਾ, ਟਿੱਪਣੀ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ, ਕਿੱਸਾਕਾਰਾਂ ਦੇ ਭਾਵੁਕ ਤੇ ਕਾਵਿਕ ਪ੍ਰਤਿਕਰਮਾਂ ਅਤੇ ਪੁਰਾਤਨ ਵਾਰਤਕ ਵਿਚਲੇ ਪ੍ਰਸ਼ਨ ਉੱਤਰਾਂ ਦੇ ਆਧਾਰ ਉੱਪਰ ਸਾਹਿਤ ਆਲੋਚਨਾ ਦੀ ਪ੍ਰਥਾ ਨੂੰ ਚੋਖੀ ਪੁਰਾਣੀ ਦੱਸਿਆ ਹੈ। ਵੇਦਾਂ ਨੂੰ ਪੰਜਾਬੀ ਵਿੱਚ ਲਿਖੇ ਸਿੱਧ ਕਰਨਾ ਅਤੇ ਆਧੁਨਿਕ ਸਾਹਿਤ ਰੂਪਾਂ ਜਿਵੇਂ ਨਾਵਲ, ਨਾਟਕ, ਇਕਾਂਗੀ, ਨਿਬੰਧ ਅਤੇ ਨਿੱਕੀ ਕਹਾਣੀ ਆਦਿ ਦੀਆਂ ਬੁਨਿਆਦੀ ਰੀਤੀਆਂ ਨੂੰ ਪੁਰਾਤਨ ਸਾਹਿਤ ਵਿੱਚ ਢੂੰਡਣਾ ਇਸ ਗੱਲ ਦਾ ਸਬੂਤ ਹੈ ਕਿ ਸਾਡੇ ਵਿਦਵਾਨ ਸਿਧਾਂਤਕ ਤੇ ਇਤਿਹਾਸਕ ਸੂਝ ਦੇ ਆਧਾਰ ਉੱਪਰ ਕੋਈ ਵਸਤੂਭਾਵੀ ਸਿੱਟਾ ਕੱਢਣ ਦੀ ਬਜਾਏ ਭਾਵੁਕਤਾ ਅਤੇ ਸ਼ਰਧਾਮੂਲਕ ਬਿਰਤੀ ਦਾ ਸ਼ਿਕਾਰ ਹੋ ਜਾਂਦੇ ਹਨ। ਪੰਜਾਬੀ ਆਲੋਚਨਾ ਦੇ ਉਦਭਵ ਸੰਬੰਧੀ ਬਹੁਤੇ ਭਰਮ-ਭੁਲੇਖਿਆਂ ਦੇ ਉਤਪੰਨ ਹੋਣ ਦਾ ਇੱਕ ਕਾਰਣ, ਇਹ ਵੀ ਹੈ ਕਿ ਪੰਜਾਬੀ ਵਿਦਵਾਨ ਆਲੋਚਨਾ ਸ਼ਬਦ ਨੂੰ ਅੱਜ ਤੱਕ ਵੀ ਨਿੰਦਿਆਂ ਜਾਂ ਪ੍ਰਸ਼ੰਸਾਂ ਮੂਲਕ ਬਿਰਤੀ ਜਾਂ ਕਿਸੇ ਵਿਚਾਰ ਨੂੰ ਸਵੀਕਾਰਣ ਜਾਂ ਅਸਵੀਕਾਰਣ ਦੀ ਰੁਚੀ ਮਨੁੱਖ ਦੀ ਸੋਚਸ਼ੀਲ ਬਿਰਤੀ ਕਾਰਣ ਆਦਿ ਕਾਲ ਤੋਂ ਹੀ ਚਲੀ ਆ ਰਹੀ ਹੈ। ਇਹ ਬਿਰਤੀ ਸਿਰਜਨ ਕਾਰਜ ਸਮੇਂ ਵੀ ਕਾਰਜਸ਼ੀਲ ਰਹਿੰਦੀ ਹੈ। ਅਰਥਾਤ ਸਾਹਿਤਕਾਰ ਆਪਣੀ ਜੀਵਨ ਦ੍ਰਿਸ਼ਟੀ ਅਤੇ ਸਾਹਿਤ ਦ੍ਰਿਸ਼ਟੀ ਦੇ ਆਧਾਰ ਉੱਪਰ ਵਸਤੂ ਜਗਤ ਵਿਚੋਂ ਬਹੁਤ ਕੁਝ ਗ੍ਰਹਿਣ ਕਰਦਾ ਅਤੇ ਤਿਆਗਦਾ ਹੈ ਪ੍ਰੰਤੂ ਇਸ ਬਿਰਤੀ ਨੂੰ ਆਲੋਚਨਾ ਦੇ ਬਦਲ ਵਜੋਂ ਗ੍ਰਹਿਣ ਨਹੀਂ ਕੀਤਾ ਜਾ ਸਕਦਾ।[3]

ਪੰਜਾਬੀ ਆਲੋਚਨਾ ਦਾ ਦੂਜਾ ਪੜਾਅ ਸੋਧੋ

ਪੰਜਾਬੀ ਆਲੋਚਨਾ ਦਾ ਅਗਲਾ ਮਹੱਤਵਪੂਰਨ ਪੜਾਅ ਵਾਸਤਵ ਵਿੱਚ ਅੰਗਰੇਜ਼ਾਂ ਦੇ ਪੰਜਾਬ ਵਿੱਚ ਆਉਣ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ। ਜਿਸ ਕਰਕੇ ਪੰਜਾਬੀ ਆਲੋਚਨਾ ਦਾ ਵਿਕਾਸ ਇਸ ਸਮੇਂ ਵਿੱਚ ਹੀ ਹੋਇਆ ਇਸਦੇ ਦੋ ਕਾਰਨ ਹਨ:

 • ਪਹਿਲੀ ਵੇਰ ਕਿਸੇ ਉੱਨਤ ਕੌਮ ਦੀ ਸਾਹਿਤ ਪਰੰਪਰਾ ਅਤੇ ਆਲੋਚਨਾ ਦੇ ਵਿਕਸਤ ਰੂਪਾਂ ਨਾਲ ਸਾਡਾ ਪਰਿਚਯ ਸੰਭਵ ਹੋਇਆ। ਸਾਹਿਤ ਨੂੰ ਜੀਵਨ ਨਾਲ ਸੰਬੰਧਿਤ ਕਰਕੇ ਅਧਿਐਨ ਕਰਨ ਦੀ ਪ੍ਰਵਿਰਤੀ ਦਾ ਰੂਪ ਆਰੰਭ ਹੁੰਦਾ ਹੈ। ਵੱਖ-ਵੱਖ ਖੇਤਰਾਂ ਵਿੱਚ ਵਿਗਿਆਨ ਦੇ ਪ੍ਰਵੇਸ਼ ਕਰਨ ਦੀ ਬਦੌਲਤ ਸਮੁੱਚੀ ਸੋਚ-ਵਿਧੀ ਅਧਿਕ ਤਰਕਸੰਗਤ ਅਤੇ ਬੌਧਿਕ ਹੋਣ ਵਲ ਰੁਚਿਤ ਹੋਣ ਕਰਕੇ ਆਲੋਚਨਾ ਦੇ ਵਿਕਸਤ ਸੁਭਾਅ ਦਾ ਨਿਸ਼ਚਿਤ ਹੋਣਾ ਸੰਭਵ ਹੋਇਆ। ਅੰਗਰੇਜ਼ੀ ਵਿੱਦਿਆ ਪ੍ਰਣਾਲੀ ਅਧੀਨ ਪੱਛਮ ਦੀਆਂ ਦਾਰਸ਼ਨਿਕ ਪਰੰਪਰਾਵਾਂ ਨਾਲ ਸਾਡੀ ਸਾਂਝ ਦਾ ਆਰੰਭ ਹੋਇਆ।
 • ਸਾਹਿਤ-ਅਧਿਐਨ ਸਾਧਾਰਨ ਪਾਠਸ਼ਾਲਾਵਾਂ, ਮਸੀਤਾਂ ਗੁਰਦੁਆਰਿਆਂ ਅਤੇ ਧਰਮਸ਼ਾਲਾਵਾਂ ਵਿਚੋਂ ਨਿਕਲ ਕੇ ਸਕੂਲਾਂ ਕਾਲਜਾਂ ਵਿੱਚ ਸੁਭਾਵਕ ਸੀ। ਚਿੰਤਨ ਵਿੱਚ ਅਨੁਸ਼ਾਸਨ ਦੀ ਪ੍ਰਵਿਰਤੀ ਪੱਛਮ ਦੇ ਵਿਗਿਆਨ ਅਤੇ ਦਰਸ਼ਨ ਦੇ ਅਧੀਨ ਇੱਕ ਵਿਸ਼ੇਸ਼ ਦਿਸ਼ਾ ਵਿੱਚ ਵਿਕਸਿਤ ਹੋਣੀ ਆਰੰਭ ਹੋਈ।

ਇਹਨਾਂ ਦੋਹਾਂ ਕਾਰਣਾਂ ਤੋਂ ਇਲਾਵਾ ਕੁੱਝ ਕਾਰਣ ਹੋਰ ਵੀ ਹਨ। ਪਹਿਲਾਂ ਸਾਡੀਆਂ ਵਿਦਿਅਕ ਜਾਂ ਅਕਾਦਮਿਕ ਜ਼ਰੂਰਤਾਂ ਅਤੇ ਦੂਸਰਾ ਸੰਕਟਸ਼ੀਲ ਸਥਿਤੀ ਜਾਂ ਸੱਭਿਆਚਾਰਕ ਅਸੰਤੁਲਨ। ਇਸ ਸੰਕਟ ਸਥਿਤੀ ਵਿੱਚ ਹੋਂਦ ਨੂੰ ਸੁਰੱਖਿਅਤ ਜਾਂ ਬਰਕਰਾਰ ਰੱਖਣ ਦੀ ਵੱਡੀ ਜ਼ਰੂਰਤ ਸੀ। ਭਾਈ ਵੀਰ ਸਿੰਘ ਪਹਿਲੇ ਸਾਹਿਤਕਾਰ ਹਨ, ਜਿਹਨਾਂ ਨੇ ਜਨਮਸਾਖੀ ਤੋਂ ਬਾਅਦ ਦੀ ਪਰੰਪਰਾ ਦਾ ਪੁਨਰ ਵਿਸ਼ਲੇਸ਼ਣ ਕਰਕੇ ਖੋਜ ਅਤੇ ਸੰਪਾਦਨਾ ਦੀ ਵਿਗਿਆਨਿਕ ਤਰਕਸ਼ੀਲ ਤੇ ਬੌਧਿਕ ਅਧਾਰਾਂ ਦੀ ਪਰੰਪਰਾ ਨੂੰ ਜਨਮ ਦਿੱਤਾ। ਭਾਈ ਵੀਰ ਸਿੰਘ ਗੁਰੂ ਕਾਵਿ ਦੇ ਸਾਹਿਤ-ਸਿਧਾਤਾਂ ਨੂੰ ਸਥਾਪਤ ਕਰਨ ਲਈ ਯਤਨਸ਼ੀਲ ਰਹੇ ਹਨ। ਭਾਈ ਵੀਰ ਸਿੰਘ ਦੇ ਨਾਲ ਹੀ ਬਾਵਾ ਬੁੱਧ ਸਿੰਘ ਨੇ ‘ਹੰਸ ਚੋਰਾ’ ‘ਕੋਇਲ ਕੂ’ ਅਤੇ ‘ਬੰਬੀਹਾ ਬੋਲ’ ਅਤੇ ਮੌਲਾ ਬਖਸ਼ ਕੁਸ਼ਭਾ ਨੇ ‘ਪੰਜਾਬ ਦੇ ਹੀਰੇ’ ਆਦਿ ਪੁਸਤਕਾਂ ਰਾਹੀਂ ਪੰਜਾਬੀ ਆਲੋਚਨਾਂ ਦੇ ਵਿਕਾਸ ਦੇ ਮੁੱਢਲੇ ਪੜਾਵਾਂ ਨੂੰ ਹੋਰ ਸਮਰਿੱਧ ਕੀਤਾ। ਇਸ ਤੋਂ ਛੁੱਟ ਪ੍ਰੋਫੈਸਰ ਪੂਰਨ ਸਿੰਘ ਨੇ ਪੱਛਮੀ ਸਾਹਿਤ, ਦਰਸ਼ਨ, ਸੰਸਕ੍ਰਿਤੀ ਅਤੇ ਸਭਿਅਤਾ ਨਾਲ ਭਰਪੂਰ ਸਖਸ਼ੀਅਤ ਵਾਲੇ ਸਿਰਜਣਾਤਮਕ ਸਾਹਿਤਕਾਰ ਹੋਣ ਦੇ ਨਾਲ-ਨਾਲ ਸਾਹਿਤ ਪ੍ਰਤਿ ਮੌਲਿਕ ਚਿੰਤਨ ਧਾਰਨ ਕਰਨ ਵਾਲੇ ਚਿੰਤਨ ਹੋਣ ਦਾ ਮਾਣ ਪ੍ਰਾਪਤ ਕੀਤਾ। ਪੂਰਨ ਸਿੰਘ ਦੇ ਲਈ ਉੱਤਮ ਮਿਲਾ ਕੇ ਉਸਦਾ ਕਾਵਿ ਸਿਧਾਂਤ ਰੁਮਾਂਟਿਕ ਆਦਰਸ਼ਵਾਦੀ, ਅਧਿਆਤਮਕ, ਪ੍ਰਭਾਵਵਾਦੀ, ਪ੍ਰਭਾਵਵਾਦੀ, ਪ੍ਰਸ਼ੰਸਾਤਮਕ ਅਤੇ ਤੁਲਨਾਤਮਕ ਵਿਧੀ ਦੀ ਸਥਾਪਨਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹਨਾਂ ਕੁਝ ਕੁ ਵਿਅਕਤੀਗਤ ਆਲੋਚਕਾਂ ਤੋਂ ਬਾਅਦ ਪੰਜਾਬੀ ਵਿੱਚ ਇੱਕ ਮਹੱਤਵਪੂਰਨ ਦੌਰ ਪੰਜਾਬੀ ਸਾਹਿਤ ਦੇ ਇਤਿਹਾਸਾਂ ਦੇ ਲਿਖੇ ਜਾਣ ਨਾਲ ਸ਼ੁਰੂ ਹੁੰਦਾ ਹੈ। ਡਾ. ਮੋਹਨ ਸਿੰਘ ਦੀਵਾਨਾ, ਡਾ. ਗੋਪਾਲ ਸਿੰਘ ਦਰਦੀ, ਡਾ. ਸੁਰਿੰਦਰ ਸਿੰਘ ਕੋਹਲੀ ਅਤੇ ਬਾਅਦ ਵਿੱਚ ਪ੍ਰੋ. ਕਿਰਪਾਲ ਸਿੰਘ ਕਸੇਲ ਅਤੇ ਪਰਮਿੰਦਰ ਸਿੰਘ ਨੇ ਪੰਜਾਬੀ ਸਾਹਿਤ ਦੇ ਇਤਿਹਾਸਾਂ ਦੀ ਸਾਹਿਤ ਸੰਬੰਧੀ ਸਮੁੱਚੀ ਦ੍ਰਿਸ਼ਟੀ ਨੂੰ ਕਈ ਨਵੀਆਂ ਦਿਸ਼ਾਵਾਂ ਅਤੇ ਆਧਾਰ ਪ੍ਰਦਾਂਲ ਕੀਤੇ। ਪਹਿਲੀ ਵੇਰ ਸਾਹਿਤ ਦਾ ਰੂਪ ਅਤੇ ਵਸਤੂ ਦੇ ਆਧਾਰ ਤੇ ਵਰਗੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਾਹਿਤ ਦੇ ਇਤਿਹਾਸਾਂ ਵਿੱਚ ਮੱਧਕਾਲੀਨ ਪੰਜਾਬੀ ਸਾਹਿਤ ਨੂੰ ਕਿੱਸਾ ਕਾਵਿ ਵਾਰ ਕਾਵਿ, ਸੂਫੀ ਕਾਵਿ, ਆਦਿ ਕਾਵਿ-ਧਾਰਾਵਾਂ ਅਧੀਨ ਵੰਡਿਆ ਗਿਆ। ਅਜਿਹੇ ਵਰਗੀਕਰਨ ਦਾ ਇਹ ਸਿੱਟਾ ਨਿਕਲਿਆ ਕਿ ਸਾਹਿਤ ਨੂੰ ਇੱਕ ਨਿਰੰਤਰ ਗਤੀਸ਼ੀਲ ਪਰੰਪਰਾ ਵਜੋਂ ਸਮਝਣ ਦੇ ਯਤਨ ਆਰੰਭ ਹੋਏ ਜਿਸ ਨਾਲ ਬਾਹਰਮੁਖੀ ਦ੍ਰਿਸ਼ਟੀਕੋਣ ਤੋਂ ਸਾਹਿਤ ਦਾ ਵਿਸ਼ਲੇਸ਼ਣ ਕਰਨ ਦੀ ਰੁਚੀ ਵਿਕਸਿਤ ਹੋਈ।[4]

ਪੰਜਾਬੀ ਸਾਹਿਤ ਸਮੀਖਿਆ ਦੇ ਇਤਿਹਾਸ ਵਿੱਚ ਅਗਲੇ ਦੋ ਦਹਾਕੇ ਅਸਲ ਵਿੱਚ ਸੰਤ ਸਿੰਘ ਸੇਖੋਂ ਤੇ ਪ੍ਰੋ. ਕਿਸ਼ਨ ਸਿੰਘ ਦੇ ਹਨ ਸੰਤ ਸਿੰਘ ਸੇਖੋਂ ਦੀ ਰਚਨਾ ‘ਸਾਹਿਤਿਆਰਥ ਦੇ 1957 ਈ. ਵਿੱਚ ਪ੍ਰਕਾਸ਼ਨ ਨਾਲ ਪੰਜਾਬੀ ਸਾਹਿਤ ਆਲੋਚਨਾ ਦੇ ਇਤਿਹਾਸ ਵਿੱਚ ਇੱਕ ਵੱਡੀ ਤਬਦੀਲੀ ਵਾਪਰਦੀ ਹੈ। ਅਤਰ ਸਿੰਘ ਦੀ ਪੁਸਤਕ ਦ੍ਰਿਸ਼ਟੀਕੋਣ (1964) ਅਤੇ ਪ੍ਰੋ. ਕਿਸ਼ਨ ਸਿੰਘ ਦੀ ਪੁਸਤਕ ਸਾਹਿਤ ਦੇ ਸੋਮੇ (1967) ਦੇ ਪ੍ਰਕਾਸ਼ਨ ਨਾਲ ਇਹ ਆਲੋਚਨਾ ਪ੍ਰਣਾਲੀ ਆਪਣੇ ਪਛਾਣ ਚਿੰਨ੍ਹ ਘੜਦੀ ਹੈ। ਸੇਖੋਂ ਧਾਰਮਿਕ ਅਧਿਆਤਮਕ ਪ੍ਰਸੰਸਾਵਾਦੀ ਅਤੇ ਰੁਮਾਂਟਿਕ ਬਿਰਤੀ ਦਾ ਤਿਆਗ ਕਰਕੇ ਸਾਹਿਤ ਰਚਨਾਵਾਂ ਨੂੰ ਸਮਾਜਕ ਇਤਿਹਾਸਕ ਸੰਦਰਭ ਵਿੱਚ ਰੱਖਕੇ ਵਾਚਣਾ ਆਰੰਭ ਕਰਦਾ ਹੈ। ਸੰਤ ਸਿੰਘ ਸੇਖੋਂ ਨੇ ਪਹਿਲੀ ਵਾਰ ਸਾਹਿਤ ਨੂੰ ਇੱਕ ਨਿਰੰਤਰ ਗਤੀਸ਼ੀਲ ਵਿਕਾਸਸ਼ੀਲ, ਸਜਿੰਦ ਆਂਸਿਕ ਪ੍ਰਕਿਰਿਆ ਤੇ ਪਰੰਪਰਾ ਵਾਂਗ ਗ੍ਰਹਿਣ ਕਰਨ ਤੇ ਮੁੱਲਾਂਕਣ ਕਰਨ ਦੀ ਵਿਧੀ ਦਾ ਆਰੰਭ ਕੀਤਾ। ਸੇਖੋਂ ਵਲੋਂ ਮਾਰਕਸਵਾਦੀ ਦਰਸ਼ਨ ਨੂੰ ਆਧਾਰ ਬਣਾਉਣ ਦੇ ਕਾਰਨ ਹੀ ਪਹਿਲੀ ਵੇਰ ਪੰਜਾਬੀ ਵਿੱਚ ਸਿਧਾਂਤ ਬੱਧ ਆਲੋਚਨਾ ਦਾ ਆਰੰਭ ਹੋਇਆ। ਸੰਤ ਸਿੰਘ ਸੇਖੋਂ ਵਾਂਗ ਪ੍ਰੋ. ਕਿਸ਼ਨ ਸਿੰਘ ਵੀ ਮਾਰਕਸਵਾਦੀ ਵਿਚਾਰਧਾਰਾ ਪ੍ਰਤਿ ਪ੍ਰਤਿਬੱਧ ਆਲੋਚਕ ਹੈ। ਪ੍ਰੋ. ਕਿਸ਼ਨ ਸਿੰਘ ਦੀ ਆਲੋਚਨਾ ਦਾ ਪਹਿਲਾ ਬੁਨਿਆਦੀ ਨੁਕਤਾ ਹੈ, ਉਹ ਮੱਧਕਾਲੀਨ ਪੰਜਾਬੀ ਸਾਹਿਤ ਨੂੰ ਉਸਦੇ ਧਾਰਮਿਕ ਮੁਹਾਵਰੇ ਦੇ ਅਰਥਾਂ ਤੱਕ ਸੀਮਤ ਨਹੀਂ ਕਰਦਾ ਸਗੋਂ ਮੱਧਕਾਲੀਨ ਪੰਜਾਬ ਦੇ ਇਤਿਹਾਸਕ, ਆਰਥਿਕ, ਸੰਸਕ੍ਰਿਤਕ ਤੇ ਬੁਨਿਆਦੀ ਵਿਰੋਧਾਂ ਤੇ ਸੰਘਰਸ਼ਾਂ ਨੂੰ ਇਸ ਧਾਰਮਿਕ ਸ਼ਬਦਾਵਲੀ ਵਿੱਚ ਪ੍ਰਗਟ ਹੋਈ ਸਵੀਕਾਰ ਕਰਦਾ ਹੈ ਉਸਦੀ ਸਮੁੱਚੀ ਆਲੋਚਨਾ ਸ਼ੁੱਧ ਗੁਰਬਾਣੀ ਤੇ ਕਿੱਸਾ ਕਾਵ ਦੇ ਬੁਨਿਆਦੀ ਸੰਕਲਪਾਂ ਦੇ ਧਾਰਮਿਕ ਮੁਹਾਵਰੇ ਨੂੰ ਆਪਣੀ ਆਲੋਚਨਾ ਦਾ ਆਧਾਰ ਬਣਾਉਂਦੀ ਹੈ। ਇਸ ਲਈ ਕਿਸ਼ਨ ਸਿੰਘ ਅਨੁਸਾਰ ਗੁਰਬਾਣੀ ਜਾਂ ਸੂਫੀ ਕਾਵਿ ਦੇ ਸਰਲ ਅਰਥ ਹੀ ਇਹਨਾਂ ਕਾਵਿ-ਧਾਰਾਵਾਂ ਦੇ ਅਸਲੀ ਅਰਥ ਨਹੀਂ, ਸਗੋਂ ਉਹ ਪ੍ਰਮਾਤਮਾ ਬ੍ਰਹਮ ਗਿਆਨੀ ਆਦਿ ਧਾਰਮਿਕ ਸੰਕਲਪਾਤਮਕ ਸ਼ਬਦਾਵਲੀ ਦੇ ਪਿੱਛੇ ਸਮਾਜਿਕ ਮਨੁੱਖੀ ਵਸਤੂ ਨੂੰ ਆਪਣੀ ਆਲੋਚਨਾ ਦਾ ਆਧਾਰ ਬਣਾਉਂਦਾ ਹੈ। ਇਉਂ ਮੱਧਕਾਲੀਨ ਪੰਜਾਬੀ ਸਾਹਿਤ ਉਸ ਲਈ ਇਸਲਾਮੀ ਜਾਗੀਰਦਾਰੀ ਬਣਤਰ ਦੇ ਵਿਰੋਧ ਵਿੱਚ ਪੰਜਾਬੀਅਤ ਦੀ ਬਗ਼ਾਵਤ ਨੂੰ ਮਹਾਨ ਤੇ ਪੰਜਾਬੀ ਕੇ ਕਲਾਸਕੀ ਸਾਹਿਤ ਦੇ ਅੰਤਰਗਤ ਰੱਖਿਆ ਜਾਂਦਾ ਹੈ।[5] ਨਜ਼ਮ ਹੁਸੈਨ ਸੱਯਦ ਦੀ ਆਲੋਚਨਾ ਵਿਧੀ, ਵਿਧੀ ਮਾਡਲ ਤੇ ਵਿਚਾਰ ਮਾਡਲ ਇੱਕ ਸੰਤੁਲਨ ਸਥਾਪਤੀ ਦੇ ਆਹਰ ਵਿੱਚ ਨਜ਼ਰ ਪੈਂਦੀ ਹੈ ਸੇਧਾਂ ਪੁਸਤਕ ਵਿੱਚ ਉਹ ਹਰ ਵਿਧੀ ਤੇ ਵਿਚਾਰ ਨੂੰ ਆਪਣੇ ਸੱਭਿਆਚਾਰ ਦੇ ਮੂਲ ਸੁਭਾਅ ਅਤੇ ਲਹਿਜੇ ਅਨੁਸਾਰ ਢਾਲ ਲੈਂਦਾ ਹੈ। ਮਾਰਕਸਵਾਦੀ ਵਿਚਾਰਧਾਰਾ ਤੋਂ ਇਲਾਵਾ ਪਾਠ-ਮੂਲਕ, ਚਿੰਨ੍ਹ ਵਿਗਿਆਨ ਅਤੇ ਅੰਤਰਗਤ ਅਧਿਐਨ - ਵਿਧੀਆਂ ਸੱਯਦ ਦੁਆਰਾ ਵਰਤੋਂ ਤੋਂ ਪਿੱਛੋਂ ਬੋਝਲ ਅਤੇ ਨਿਰਵਿਵੇਕ ਪ੍ਰਤੀਤ ਨਹੀਂ ਹੁੰਦੀਆਂ। ਲਫਜ਼ਾਂ ਨੂੰ ਚਿੰਨ੍ਹਾਂ ਦੀ ਪੱਧਰ ਉੱਪਰ ਉਤਾਰ ਕੇ ਉਹਨਾਂ ਦਾ ਵਿਸ਼ਲੇਸ਼ਣ ਕਰਨਾ ਹੀ ਉਸਦੀ ਪ੍ਰਾਪਤੀ ਹੈ। ਸਾਰੀ ਪੁਸਤਕ ਵਿੱਚ ਉਹ ਕੋਡਾਂ ਦੀ ਸਾਲਮ ਸਬੂਦੀ ਹੋਂਦ ਨੂੰ ਪ੍ਰਵਾਨ ਕਰਨ ਦੀ ਬਜਾਏ ਉਹਨਾਂ ਵਿਚਲੇ ਸੰਦੇਸ਼ ਨੂੰ ਆਪਣੀ ਵਿਚਾਰਧਾਰਾ ਦੇ ਰੁੱਖ ਫੈਲਾਅ ਕੇ ਨਿਸ਼ਚਿਤਤਾ ਅਤੇ ਉਲਾਰ ਦਾ ਸ਼ਿਕਾਰ ਹੁੰਦੀ ਹੈ। ਕ੍ਰਿਸ਼ਨ ਦੀ ਅਧਿਐਨ ਵਿਧੀ “ਮਤਲਬਾਂ” ਮਗਰ ਜਾਂਦੀ ਹੈ ਅਤੇ ਸੱਯਦ ਅਤੇ ਕਥਾਵਾਂ ਵਿਚਲੀ ਹਰ ਨਿੱਕੀ ਨੰਨੀ ਘਟਨਾਂ “ਨਿਸ਼ਾਨ” ਸਿੱਧ ਕਰਦਾ ਹੈ। ਦੋਵੇਂ ਮੱਧਕਾਲੀਨ ਸਾਹਿਤ ਵਿੱਚੋਂ ਅਰਥ ਕੱਢਦੇ ਨਹੀਂ ਸਗੋਂ ਉਸ ਵਿੱਚ ਮਰਜ਼ੀ ਦੇ ਅਰਥ ਪਾਉਂਦੇ ਹਨ। ਇਨ੍ਹਾਂ ਤਿੰਨਾਂ ਤੋਂ ਪਿੱਛੋਂ ਮਾਰਕਸਵਾਦੀ ਆਲੋਚਨਾ ਦੇ ਖੇਤਰ ਵਿੱਚ ਉਭਰਣ ਵਾਲੇ ਵਿਦਵਾਨ ਮਿਸਾਲ ਵਜੋਂ ਡਾ. ਰਵਿੰਦਰ ਰਵੀ, ਡਾ. ਗੁਰਬਖਸ਼ ਸਿੰਘ ਫਰੈਂਕ, ਡਾ. ਤੇਜਵੰਤ ਸਿੰਘ ਗਿੱਲ, ਡਾ. ਕੇਸਰ ਸਿੰਘ ਕੇਸਰ, ਡਾ. ਟੀ.ਆਰ.ਵਿਨੋਦ ਆਦਿ ਜਿੱਥੇ ਇਸ ਆਲੋਚਨਾ ਦੀਆਂ ਕੁੱਝ ਰੂੜ੍ਹੀਆਂ ਦਾ ਅਨੁਕਰਣ ਕਰਦੇ ਹਨ। ਉੱਥੇ ਨਾਲ ਹੀ ਨਾਲ ਪੱਛਮ ਵਿੱਚ ਵਿਕਸਿਤ ਹੋ ਅਨੁਕਰਣ ਕਰਦੇ ਹਨ। ਉੱਥੇ ਨਾਲ ਹੀ ਨਾਲ ਪੱਛਮ ਵਿੱਚ ਵਿਕਸਿਤ ਹੋ ਰਹੇ ਮਾਰਕਸਵਾਦੀ ਸੁਹਜ ਸ਼ਾਸਤਰ ਦੇ ਆਧਾਰਾਂ ਦੀ ਸਹਾਇਤਾ ਨਾਲ ਸਿਧਾਂਤਕ ਚੌਖਟੇ ਨੂੰ ਨਵਾਂ ਰੂਪ ਵੀ ਦੇਂਦੇ ਹਨ। ਇਹ ਚਿੰਤਕ ਆਪਦੇ ਤੋਂ ਪੂਰਵਲੀ ਮਾਰਕਸਵਾਦੀ ਆਲੋਚਨਾ ਦੀਆਂ ਸੀਮਾਵਾਂ ਤੇ ਉਲਾਰਾ ਨੂੰ ਪਛਾਣ ਕੇ ਉਸ ਵਿੱਚ ਸੰਵਾਦ ਵੀ ਰਚਾਉ਼ਦੇ ਹਨ। ਪੱਛਮੀ ਗਿਆਨ ਵਿਗਿਆਨ ਦੇ ਆਤੰਕ ਤੋਂ ਲਾਭੇ ਵਿਚਰ ਕੇ ਉਸਦਾ ਸੰਤੁਲਿਤ ਦ੍ਰਿਸ਼ਟੀ ਵਿੱਚ ਲੇਖਾ-ਜੋਖਾ ਕਰਨਾ ਇਨ੍ਹਾਂ ਦੀ ਵਰਣਨਯੋਗ ਪ੍ਰਾਪਤੀ ਹੈ। ਇਹ ਚਿੰਤਕ ਪੰਜਾਬੀ ਸੱਭਿਆਚਾਰ ਦੀਆਂ ਅੰਦਰੂਨੀ ਲੋੜਾਂ ਮੁਤਾਬਕ ਮੌਲਿਕ ਚਿੰਤਨ ਮਾਡਲ ਨੂੰ ਉਸਾਰਨਾ ਆਪਣਾ ਮਕਸਦ ਦੱਸਦੇ ਹਨ। ਮਿਸਾਲ ਵਜੋਂ ਡਾ. ਤੇਜਵੰਤ ਸਿੰਘ ਗਿੱਲ, ਡਾ. ਰਵਿੰਦਰ ਸਿੰਘ ਰਵੀ ਦੀਆਂ ਧਾਰਨਾਵਾਂ ਵਿਚੋਂ ਗੁਜ਼ਰ ਕੇ ਇਸ ਤੱਥ ਦੀ ਪੁਸ਼ਟੀ ਹੋ ਜਾਂਦੀ ਹੈ। ਡਾ. ਰਵਿੰਦਰ ਸਿੰਘ ਰਵੀ ਅਤੇ ਡਾ. ਗੁਰਬਖਸ ਸਿੰਘ ਫਰੈਂਕ ਵਲੋਂ ਆਪਣੇ ਤੋਂ ਪੂਰਵਲੀ ਮਾਰਕਸਵਾਦੀ ਆਲੋਚਨਾ ਨੂੰ ਅਖਾਉਤੀ ਮਾਰਕਸਵਾਦੀ ਆਲੋਚਨਾ ਆਖਦੇ ਹੋਏ ਇਸ ਵਿਚਲੀਆਂ ਵਿਰੋਧਤਾਈਆਂ ਨੂੰ ‘ਬੇਮੇਲ’ ਅਤੇ ਅਪ੍ਰਾਪਤੀਆਂ ਨੂੰ ਨਿਰਾਸ਼ਜਨਕ ਆਖਦੇ ਹਨ। ਡਾ. ਰਵਿੰਦਰ ਸਿੰਘ ਰਵੀ ਨੇ ਤਾਂ ਇੱਥੋਂ ਤੱਕ ਇਹ ਵੀ ਲਿਖਿਆ ਹੈ ਕਿ ਇਸ ਸਮੀਖਿਆ ਦਾ ਬੱਸ “ਮੁਹਾਵਰਾ ਹੀ ਮਾਰਕਸਵਾਦੀ” ਹੈ। ਇਸ ਦੀ ਵਸਤੂ ਮੂਲ ਰੂਪ ਵਿੱਚ “ਅਕਾਦਮਿਕ ਜਾਂ ਪ੍ਰਭਾਵਵਾਦੀ ਕਿਸਮ ਦੀ ਆਲੋਚਨਾ ਵਾਂਗ ਆਦਰਸਵਾਦੀ ਅਤੇ ਰੋਮਾਂਟਿਕ ਹੀ ਹੈ, ਅਤੇ ਇਸ ਤੋਂ ਵੀ ਵੱਧ “ਇਸ ਆਲੋਚਨਾ ਨੇ ਮਾਰਕਸਵਾਦ ਨੂੰ ਇੱਕ ਵਿਗਿਆਨ ਵਜੋਂ ਗ੍ਰਹਿਣ ਕਰਨ ਦੀ ਥਾਂ ਅਧਿਕਤਰ ਵਸਤੂ ਰਹਿਤ ਮੁਹਾਵਰੇ ਵਜੋਂ ਅਪਣਾਇਆ।[6] ਇਸ ਤੋਂ ਪਹਿਲੇ ਕਿ ਅਸੀਂ ਅਠਵੇਂ ਦਹਾਕੇ ਦੀ ਆਲੋਚਕ ਦਾ ਜ਼ਿਕਰ ਕਰੀਏ ਛੇਵੇਂ ਦਹਾਕੇ ਦੇ ਅੰਤ ਉੱਪਰ ਪੰਜਾਬੀ ਆਲੋਚਨਾ ਪਰੰਪਰਾ ਵਿੱਚ ਪ੍ਰਵੇਸ਼ ਕੀਤੇ ਅਤੇ ਖਾਸਾ ਚਰਚਿਤ ਅਤੇ ਗਤੀਸ਼ੀਲ ਰਹੇ ਵਿਦਵਾਨ ਡਾ. ਅਤਰ ਸਿੰਘ ਦਾ ਜ਼ਿਕਰ ਖਾਸਾ ਜ਼ਰੂਰੀ ਹੈ। ਉਸਦੀ ਪ੍ਰਥਮ ਪੁਸਤਕ ਕਾਵਿ ਅਧਿਐਨ 1959 ਵਿੱਚ ਆਈ, ਦੂਸਰੀ ਦ੍ਰਿਸ਼ਟੀਕੋਣ 1964, ਤੀਸਰੀ ਸਮਦਰਸ਼ਨ 1975 ਵਿੱਚ ਅਤੇ ਚੌਥੀ ਸਾਹਿਤ ਸੰਵੇਦਨਾ 1984 ਵਿੱਚ। ਨਿਰਸੰਦੇਹ, ਉਸਨੇ ਪੰਜਾਬੀ ਚਿੰਤਨ ਪਰੰਪਰਾ ਨੂੰ ਆਤਮਸਾਤ ਕਰਕੇ ਪੰਜਾਬੀ ਚਿੰਤਨ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ ਸੀ, ਡਾ. ਅਤਰ ਸਿੰਘ ਨੇ ਚਿੰਤਨ ਕਾਰਜ ਵਿੱਚ ਸਾਧਾਰਨ ਬੁੱਧ ਤੋਂ ਲੈ ਕੇ ਮਾਰਕਸਵਾਦੀ, ਸੁਹਜਵਾਦੀ, ਸੰਰਚਨਾ ਆਧਾਰਿਤ, ਰੂਪਵਾਦੀ ਅਤੇ ਤੁਲਨਾਤਮਕ ਅਧਿਐਨ ਵਿਧੀਆਂ ਦਾ ਵੱਖ-ਵੱਖ ਵਿੱਚ ਪ੍ਰਯੋਗ ਹੋਇਆ ਹੈ। ਉਹ ਵੱਖ-ਵੱਖ ਸਮਿਆਂ ਵਿੱਚ ਪ੍ਰਚਲਿਤ ਅਧਿਐਨ ਵਿਧੀਆਂ ਦਾ ਹੀ ਅਨੁਸਰਣ ਕਰਦਾ ਹੈ। ਉਸਦੀ ਆਲੋਚਨਾ ਵਿਧੀ ਬਹੁਤ ਸਾਰੇ ਅਧਿਆਏਤਾਵਾਂ ਦੀ ਅਧਿਐਨ ਵਿਧੀ ਨਾਲ ਮੇਲ ਖਾਂਦੀ ਹੈ। ਇਕੋ ਵੇਲੇ ਬਹੁਤ ਸਾਰਿਆਂ ਵਰਗਾਂ ਹੋਣ ਦੇ ਆਧਾਰ ਉੱਪਰ ਹੀ ਉਸਦੀ ਅਧਿਐਨ ਵਿਧੀ ਦੀ ਵੱਖਰਤਾ ਨੂੰ ਪਛਾਣਿਆ ਜਾ ਸਕਦਾ ਹੈ। ਇਸ ਨੁਕਤੇ ਵਿੱਚ ਹੀ ਉਸਦੀ ਪ੍ਰਾਪਤੀ ਤੇ ਸੀਮਾ ਦਾ ਰਹੱਸ ਨਿਹਿਤ ਹੈ।

ਵੀਂਹਵੀਂ ਸਦੀ ਦਾ ਅੱਠਵਾਂ ਦਹਾਕਾ ਸੋਧੋ

ਅੱਠਵੇਂ ਦਹਾਕੇ ਦੀ ਪੰਜਾਬੀ ਆਲੋਚਨਾ ਤੋਂ ਪੂਰਵ ਦੋ ਰੁਝਾਣ ਹੋਰ ਵੀ ਸਾਹਮਣੇ ਆਉਂਦੇ ਹਨ। ਪਹਿਲਾਂ, ਭਾਰਤੀ ਕਾਵਿ-ਸ਼ਾਸਤਰ ਦੇ ਨੇਮਾਂ ਨੂੰ ਸਿਧਾਂਤਕ ਪੱਧਰ ਉੱਪਰ ਸਮਝਣਾ ਅਤੇ ਉਸਦੀ ਵਿਹਾਰਕ ਅਧਿਐਨ ਸਮੇਂ ਵਰਤੋਂ ਕਰਨੀ। ਅਜਿਹੇ ਰੁਝਾਣ ਦਾ ਪ੍ਰਮੁੱਖ ਪ੍ਰਵਕਤਾ ਡਾ. ਪ੍ਰੇਮ ਪ੍ਰਕਾਸ਼ ਸਿੰਘ ਹੈ ਜੋ 1963 ਵਿੱਚ ਭਾਰਤੀ ਕਾਵਿ ਸ਼ਾਸਤਰ ਪੁਸਤਕ ਦੇ ਪ੍ਰਕਾਸ਼ਨ ਵਿੱਚ ਸਾਮ੍ਹਣੇ ਆਉਂਦਾ ਹੈ। ਉਹ ਆਪਣੀ ਇਸ ਸ਼ਾਸਤਰੀ ਸੂਝ ਨੂੰ ਵਿਚਾਰਦਾ ਹੋਇਆ ਭਾਰਤੀ ਦੇ ਨਾਲ-ਨਾਲ ਪੱਛਮੀ ਕਾਵਿ ਸ਼ਾਸਤਰ ਦੇ ਸੋਮਿਆਂ ਨੂੰ ਵੀ ਫਰੋਲਣਾ ਆਰੰਭ ਕਰਦਾ ਹੈ। ਇਸ ਵਿਚੋਂ ਹੀ ਕਾਵਿ ਦੇ ਤੱਤ ਪੁਸਤਕ ਦਾ ਜਨਮ ਹੁੰਦਾ ਹੈ। ਜਿਸ ਵਿੱਚ ਥੋੜ੍ਹੀ ਬਹੁਤ ਸਿਖਲਾਈ ਪ੍ਰਾਪਤ ਕਰਕੇ ਲੰਮਾ ਸਮਾਂ ਵਿਦਵਾਨ ‘ਕਾਵਿਕਲਾ’ ਦੀ ਪਰਖ ਕਰਦੇ ਰਹੇ ਹਨ। ਹੁਣ ਤੱਕ ਦੇ ਬਹੁਤ ਸਾਰੇ ਅਕਾਦਮਿਕ ਅਧਿਐਨ ਵਿੱਚੋਂ ਇਸ ਪ੍ਰਕਾਰ ਦੇ ਸਮੀਖਿਆ ਵਿਚਹਾਰ ਦੇ ਨਕਸ਼ ਪਛਾਣੇ ਜਾ ਸਕਦੇ ਹਨ। ਦੂਸਰਾ ਰੁਝਾਣ ‘ਪ੍ਰਯੋਗਵਾਦੀ ਆਲੋਚਨਾ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜਿਸਦਾ ਪ੍ਰਮੁੱਖ ਪ੍ਰਵਕਤਾ ਜਸਵੀਰ ਸਿੰਘ ਆਹਲੂਵਾਲੀਆ ਹੈ। ਉਸਦੇ ਸਿਧਾਂਤਕ ਆਧਾਰਾਂ ਦੀ ਸਾਰਥਕਤਾ ਸਾਹਵੇਂ ਪ੍ਰਸ਼ਨ ਚਿੰਨ੍ਹ ਲਗਾ ਕੇ ਡਾ. ਅਤਰ ਸਿੰਘ ਸਤਵੇਂ ਦਹਾਕੇ ਦੇ ਸ਼ੁਰੂ ਵਿੱਚ ਉਸ ਨਾਲ ਤਿੱਖਾ ਸੰਵਾਦ ਰਚਾਉਂਦਾ ਹੈ। ਡਾ. ਆਹਲੂਵਾਲੀਆ ਸੇਖੋਂ ਦੇ ਪ੍ਰਭਾਵ ਅਧੀਨ ਮਾਰਕਸਵਾਦ ਦੇ ਸਿਧਾਂਤਕ ਆਧਾਰਾਂ ਨੂੰ ਸਪਸ਼ਟ ਕਰਨ ਤੋਂ ਆਪਣੀ ਗੱਲ ਆਰੰਭਦਾ ਹੈ। ਫਿਰ ਪ੍ਰਯੋਗਵਾਦ ਦੇ ਸਿਧਾਂਤਕ ਆਧਾਰਾਂ ਤੇ ਪਛਾਣ ਚਿੰਨ੍ਹਾਂ ਨੂੰ ਅਗਰਭੂਮੀ ਵਿੱਚ ਲਿਆਉਂਦਾ ਹੈ ਅਤੇ ਨਾਲ ਮਾਰਕਸਵਾਦੀ ਅਧਿਐਨ ਵਿਧੀ ਦੁਆਰਾ ਪੈਦਾ ਕੀਤੀ ਮਕਾਨੀਕਅਤਾ ਉੱਪਰ ਤਿੱਖੇ ਹਮਲੇ ਕਰਦਾ ਹੈ। ਆਪਣੇ ਸਿਧਾਂਤਕ ਅਤੇ ਵਿਚਾਰਧਾਰਕ ਆਧਾਰਾਂ ਤੋਂ ਨਿਰੰਤਰ ਫੇਰ ਬਦਲ ਸਦਕਾ ਅਧਿਐਨ ਵਿਧੀ ਦੇ ਪੱਖ ਤੋਂ ਉਹ ਡਾ. ਅਤਰ ਸਿੰਘ ਦੀ ਅਧਿਐਨ ਵਿਧੀ ਦੇ ਆਸ-ਪਾਸ ਹੀ ਵਿਚਰਦਾ ਦਿਖਾਈ ਦਿੰਦਾ ਹੈ। ਵੀਹਵੀਂ ਸਦੀ ਦੇ ਅਠਵੇਂ ਦਹਾਕੇ ਵਿੱਚ ਸਾਹਿਤ ਦੀ ਸਮਾਜਕਤਾ ਦੀ ਪਛਾਣ ਜਾਂ ਵਿਆਖਿਆ ਦਾ ਸਰੋਕਾਰ ਪੰਜਾਬੀ ਚਿੰਤਕਾਂ ਦੇ ਚਿੰਤਨ ਦੇ ਏਜੰਡੇ ਦੀ ਪਿੱਠਭੂਮੀ ਵਿੱਚ ਚਲਾ ਜਾਂਦਾ ਹੈ ਅਤੇ ਅਗਰਭੂਮੀ ਵਿੱਚ ਆ ਜਾਂਦੀ ਹੈ। ਸਾਹਿਤ ਦੀ ਸਾਹਿਤਕਤਾ ਇਸਦੇ ਤਿੰਨ ਮੁੱਖ ਕਾਰਣ ਪ੍ਰਤੀਤ ਹੁੰਦੇ ਹਨ: ਪਹਿਲਾਂ ਕੁਝ ਨਵਾਂ ਪੇਸ਼ ਕਰਨ ਦੀ ਇੱਛਾ ਦੂਸਰਾ ਪਰੰਪਰਾ ਵਿੱਚ ਪ੍ਰਚਲਿਤ ਆਲੋਚਨਾ ਵਿਹਾਰ ਦਾ ਵਿਰੋਧ ਅਤੇ ਤੀਸਰਾ ਪੱਛਮੀ ਚਿੰਤਨ ਤੇ ਸੋਚਧਾਰਾ ਦਾ ਪ੍ਰਭਾਵ ਇਹ ਪ੍ਰਭਾਵ ਪੱਛਮ ਵਿੱਚ ਗਿਆਨ ਦੇ ਵਿਸਫੋਟ ਸਦਕਾ ਮੁਲਕ ਦੀ ਰਾਜਧਾਨੀ ਰਾਹੀਂ ਪੰਜਾਬ ਵਿੱਚ ਅਪੜਿਆ। ਸੋ ਇਹ ਦਹਾਕਾ ਪੱਛਮੀ ਚਿੰਤੱਨ ਵਿੱਚ ਅੰਤਰਕ੍ਰਿਆ ਦਾ ਦਹਾਕਾ ਹੈ ਜਿਹੜੇ ਨੌਵੇਂ ਦਹਾਕੇ ਦੇ ਅੱਧ ਤੱਕ ਫੈਲਿਆ ਨਜ਼ਰੀ ਪੈਂਦਾ ਹੈ। ਇਸ ਰੁਝਾਣ ਦਾ ਪ੍ਰਮੁੱਖ ਪ੍ਰਵਕਤਾ ਡਾ. ਹਰਿਭਜਨ ਸਿੰਘ ਜੋ “ਸਾਹਿਤਕਤਾ” ਨੂੰ ਸਾਹਿਤ ਅਧਿਐਨ ਦੇ ਕੇਂਦਰੀ ਸਰੋਕਾਰ ਵਜੋਂ ਅਗਰਭੂਮੀ ਵਿੱਚ ਲਿਆਉਂਦਾ ਹੈ। ਇਸ ਅੰਤਰਕ੍ਰਿਆ ਵਿੱਚ ਉਹ ਪੰਜਾਬੀ ਸਾਹਿਤ ਚਿੰਤਨ ਵੀ ਵਹਿ ਤੁਰਦੇ ਹਨ ਜਿਹੜੇ ਪਿਛਲੇ ਦੋ ਦਹਾਕਿਆਂ ਵਿੱਚ ਪੂਰੀ ਤਰ੍ਹਾਂ ਸੇਖੋਂ ਸਮੀਖਿਆ ਤੇ ਆਦਰਸ਼ ਦੇ ਅਨੁਗਾਮੀ ਰਹੇ ਹਨ।[7]

ਵੀਂਹਵੀਂ ਸਦੀ ਦਾ ਨੌਵਾਂ ਦਹਾਕਾ ਸੋਧੋ

ਵੀਹਵੀਂ ਸਦੀ ਦੇ ਨੌਵੇਂ ਦਹਾਕੇ ਦੇ ਪੰਜਾਬੀ ਸਾਹਿਤ ਚਿੰਤਕ ਮਾਰਕਸਵਾਦੀ ਆਲੋਚਨਾ ਦੀਆਂ ਵਿਰੋਧਤਾਵਾਂ ਤੇ ਅਪ੍ਰਾਪਤੀਆਂ ਤੋਂ ਵੀ ਸੁਚੇਤ ਦਿਖਾਈ ਦੇਂਦੇ ਹਨ ਅਤੇ ਰੂਪਵਾਦੀ ਸਰੰਚਨਾਵਾਦੀ ਸਮੀਖਿਆ ਦੀਆਂ ਸੀਮਾਵਾਂ ਤੋਂ ਵੀ ਆਪਣੀ ਸਿਧਾਂਤਕ ਸੂਝ ਨੂੰ ਅਜੇ ਇਨ੍ਹਾਂ ਵਿਹਾਰ ਵਿੱਚ ਮੁਕੰਮਲ ਰੂਪ ਵਿੱਚ ਸਾਖਸ਼ਾਤ ਕਰਨਾ ਹੈ। ਡਾ. ਤੇਜਵੰਤ ਸਿੰਘ ਗਿੱਲ ਦੀਆਂ 1994 ਤੋਂ 1995 ਵਿੱਚ ਪ੍ਰਕਾਸ਼ਿਤ ਦੋ ਪੁਸਤਕਾਂ ਪਾਸ਼: ਜੀਵਨ ਤੇ ਰਚਨਾ ਅਤੇ ਸੁਰਜੀਤ ਪਾਤਰ-ਜੀਵਨ ਤੇ ਰਚਨਾ ਵਿਚੋਂ, ਡਾ. ਜੋਗਿੰਦਰ ਸਿੰਘ ਦੀ ਸਾਹਿਤ ਦੇ ਸਿੰਕਦਰ ਵਿਚੋਂ ਪੰਜਾਬੀ ਚਿੰਤਨ ਦੀ ਵਿਹਾਰ ਅਧਿਏਤ ਰੂਪਵਾਦੀ ਦ੍ਰਿਸ਼ਟੀ ਤੋਂ ਅਗਾਂਹ ਸਰਕ ਕੇ ਸਾਹਿਤ ਕਿਰਨਾ ਵਿੱਚ ਪੇਸ਼ ਜਟਿਲ ਦ੍ਰਿਸ਼ਟੀ, ਇਤਿਹਾਸ, ਜਾਤੀ, ਪਰਿਵਾਰਕ, ਭਾਈਚਾਰਕ ਤੇ ਲੋਕਧਾਰਾਈ ਸਰੋਕਾਰਾਂ ਨੂੰ ਖੋਲ੍ਹ ਫਰੋਲ ਰਹੇ ਹਨ। ਅਗੋਂ ਇਹ ਸਰੋਕਾਰ ਆਰਥਿਕ ਰਾਜਸੀ, ਸੱਤਾਧਾਰੀ, ਧਾਰਮਿਕ ਤੇ ਵਿਚਾਰਧਾਰਕ ਦਵੰਦਾਂ ਨਾਲ ਕਿਵੇਂ ਟੱਕਰਦੇ ਹਨ ਇਸ ਸਭ ਕੁਝ ਦਾ ਵਿਸ਼ਲੇਸ਼ਣ ਮੁਲਾਂਕਣ ਕਰਨ ਵਿੱਚ ਰਚਿਤ ਹੋ ਰਹੇ ਹਨ। ਆਪਣੇ ਤੋਂ ਪੂਰਵਲੀ ਸਮੁੱਚੀ ਪੰਜਾਬੀ ਸਮੀਖਿਆ ਨਾਲ ਇੱਕ ਸੰਬਾਦ ਦਾ ਨਾਤਾ ਸਥਾਪਤ ਕਰਦੇ ਹੋਏ ਅੰਤਰਮੁੱਖਤਾ ਵਿਅਕਤੀਵਾਦ, ਗੁਟਬੰਦੀ, ਵਿਵੇਕਹੀਨਤਾ, ਭਾਸ਼ਾ ਵਿਗਿਆਨ, ਸਮਾਜ ਸ਼ਾਸਤਰ ਤੇ ਸਹੀ ਤੇ ਨਵੀਨ ਗਿਆਨ ਦੀ ਘਾਟ, ਅਰਾਜਕਤਾ ਅਤੇ ਇਤਿਹਾਸਿਕ ਦਾਰਸ਼ਨਿਕ ਆਧਾਰ ਦੀ ਅਣਹੋਂਦ ਆਦਿ ਨੁਕਤਿਆਂ ਨੂੰ ਇਸ ਦੀਆਂ ਸੀਮਾਵਾਂ ਦੱਸਦੇ ਹਨ। ਕਿਸੇ ਵੀ ਪ੍ਰਕਾਰ ਦੇ ਪੱਛਮੀ ਚਿੰਤਨ ਨੂੰ ਸਿਰਫ਼ ਇੱਕ ਫੈਸਨ ਵਜੋਂ ਗ੍ਰਹਿਣ ਕਰਨ ਦੀ ਥਾਂ ਉਸਦੀ ਅਸਲੀਅਤ ਆਪਣੇ ਸੱਭਿਆਚਾਰ ਅਨੁਸਾਰ ਸਾਰਥਕਤਾ ਅਤੇ ਵਿਚਾਰਧਾਰਕ ਪ੍ਰਮਾਣਕਤਾ ਦੀ ਗੱਲ ਵੀ ਇਨ੍ਹਾਂ ਦਹਾਕਿਆਂ ਵਿੱਚ ਨਿੱਠ ਕੇ ਤੁਰੀ ਹੈ। ਇਸ ਸੰਦਰਭ ਵਿੱਚ ਡਾ. ਰਵਿੰਦਰ ਰਵੀ ਦੀ ਪੁਸਤਕ ਅਮਰੀਕਾ ਦੀ ਨਵੀਂ ਆਲੋਚਨਾ ਪ੍ਰਣਾਲੀ ਵਧੇਰੇ ਧਿਆਨ ਖਿੱਚਦੀ ਹੈ। ਅੰਤਿਮ ਦਹਾਕੇ ਵਿੱਚ ਪ੍ਰਕਾਸ਼ਿਤ ਦੋ ਪੁਸਤਕਾਂ ਸੰਰਚਨਾਵਾਦ ਦੇ ਆਰ ਪਾਰ (ਡਾ. ਗੁਰਬਚਨ) ਅਤੇ ਪੱਛਮੀ ਕਾਵਿ ਸ਼ਾਸਤਰ ਤੋਂ ਇਸ ਗੱਲ ਦੀ ਟੋਰ ਪ੍ਰਾਪਤ ਹੁੰਦੀ ਹੈ ਕਿ ਹੁਣ ਅਸੀਂ ਪੱਛਮੀ ਚਿੰਤਨ ਨੂੰ ਬਕਾਇਦਾ ਪਰੰਪਰਾ ਦੀ ਪੱਧਰ ਉੱਪਰ ਗ੍ਰਹਿਣ ਕਰਕੇ ਉਸ ਵਿਚਲੀ ਨਿਰੰਤਰਤਾ ਦੀ ਪਛਾਣ ਵਿੱਚ ਰੁਚਿਤ ਹੋ ਰਹੇ ਹਾਂ ਪੱਛਮੀ ਚਿੰਤਕਾਂ ਦਾ ‘ਪ੍ਰਭਾਵ’ ਕਈ ਵਾਰ, ‘ਅਨੁਵਾਦ’ ਦੀ ਪੱਧਰ ਉੱਪਰ ਵੀ ਪਹੁੰਚ ਜਾਂਦਾ ਹੈ। ਗ੍ਰਾਮਸ਼ੀ, ਬੈਜਾਮਿਨ, ਅਡੋਰਨੇ, ਲੁਕਾਚ, ਟੈਰੀ ਈਗਲਟਨ, ਫਰੈਡਰਿਕ ਜੇਮਸਨ, ਰੇਮੰਡ ਵਿਲੀਅਮਜ਼, ਰੋਲਾਂ ਬਾਰਤ ਅਤੇ ਕੁਝ ਚਿੰਨ੍ਹ ਵਿਗਿਆਨੀ ਇਸ ਦਹਾਕੇ ਵਿੱਚ ਪੈਦਾ ਹੋ ਰਹੇ ਪੰਜਾਬੀ ਚਿੰਤਨ ਦੀ ਆਧਾਰ ਭੂਮੀ ਬਣੇ ਦਿਖਾਈ ਦਿੰਦੇ ਹਨ।

ਅੱਜ ਸਾਹਿਤ ਦੇ ਅਧਿਐਨ ਲਈ ਸਿਧਾਂਤਕ ਪੱਧਰ ਉੱਪਰ ਜਿਹਨਾਂ ਨੁਕਤਿਆਂ ਬਲ ਦਿੱਤਾ ਜਾ ਰਿਹਾ ਹੈ ਉਹ ਇਹ ਹਨ ਕਿ ਸਾਹਿਤ ਰਚਨਾ/ਰਚਨਾਵਾਂ ਨੂੰ ਇੱਕ ਜਟਿਲ ਪ੍ਰਬੰਧ ਵਜੋਂ ਗ੍ਰਹਿਣ ਕੀਤਾ ਜਾਵੇ, ਉਹਨਾਂ ਦੇ ਸਰਲ ਅਰਥ ਨੂੰ ਅਸਲੀ ਵਸਤੂ ਦੇ ਪ੍ਰਗਟਾਵੇ ਦਾ ਕੇਵਲ ਇੱਕ ਮੁਹਾਂਦਰਾ ਸਵੀਕਾਰ ਕੀਤਾ ਜਾਵੇ ਅਤੇ ਇਸ ਮੁਹਾਂਦਰੇ ਨੂੰ ਚਿੰਨ੍ਹਾਂ ਪ੍ਰਬੰਧ ਵਿਚੋਂ ਪ੍ਰਗਟ ਹੋ ਰਹੇ ਗਹਿਨ ਅਰਥ ਪ੍ਰਬੰਧ ਅਥਵਾ ਮਨੁੱਖੀ ਵਸਤੂ ਨੂੰ ਖੋਜਿਆ ਜਾਵੇ। ਇਨ੍ਹਾਂ ਦੋਵਾਂ ਦਹਾਕਿਆਂ ਵਿੱਚ ਅਜੇ ਵੀ ਸੇਖੋਂ ਤੇ ਕਿਸ਼ਨ ਸਿੰਘ ਦੀਆਂ ਧਾਰਨਾਵਾਂ ਕਿਸੇ ਨਾ ਕਿਸੇ ਰੂਪ ਵਿੱਚ ਚਿੰਤਕ ਦੀ ਸਮੀਖਿਆ ਨੂੰ ਮਾਡਲ ਤੇ ਆਦਰਸ਼ ਵਜੋਂ ਗ੍ਰਹਿਣ ਕਰਨ ਵਾਲਾ ਡਾ. ਤੇਜਵੰਤ ਸਿੰਘ ਗਿੱਲ ਕਿਸੇ ਵੀ ਹੋਰ ਚਿੰਤਕ ਨੂੰ ਮਾਰਕਸਵਾਦੀ ਮੰਨਣ ਤੋਂ ਇਨਕਾਰੀ ਦਿੱਸਦਾ ਹੈ। ਉਹ ਨਜ਼ਮ ਹੁਸੈਨ ਸੱਯਦ ਅਤੇ ਸੇਰੇਬਰੀਆਕੋਣ ਵਰਗੇ ਚਿੰਤਕਾਂ ਦੀ ਇਤਿਹਾਸਕ ਦੇਣ ਨੂੰ ਮੰਨਣ ਤੋਂ ਇਨਕਾਰੀ ਹੈ। ਪਿਛਲੇ ਅਰਥਾਤ ਨੌਵੇਂ ਦਹਾਕੇ ਵਿੱਚ ਹੀ ਡਾ. ਰਵਿੰਦਰ ਰਵੀ ਨੇ ਪ੍ਰੋ. ਕਿਸ਼ਨ ਸਿੰਘ ਨੂੰ ਆਪਣਾ ਸਮੀਖਿਆ ਆਦਰਸ਼ ਬਣਾਇਆ ਅਤੇ ਮੱਧਕਾਲੀਨ ਸਾਹਿਤ ਸੰਬੰਧੀ ਸ਼ਬਦਾਂ ਦੀ ਹੇਰ ਫੇਰ ਨਾਲ ਪ੍ਰੋ. ਕਿਸ਼ਨ ਸਿੰਘ ਵਾਲੀਆਂ ਧਾਰਨਾਵਾਂ ਨੂੰ ਹੀ ਦੁਹਰਾਇਆ। ਉਸ ਵੀ ਇਸ ਪਰੰਪਰਾ ਵਿਚੋਂ ਅਰਥ ਕੱਢਣ ਦੀ ਥਾਵੇਂ ਇਸ ਵਿੱਚ ਮਨਭਾਉਂਦੇ ਅਰਥ ਭਰਣ ਦੇ ਆਹਾਰ ਵਿੱਚ ਰੁੱਝਿਆ ਰਿਹਾ।[8]

ਅੰਤ ਵਿੱਚ ਸੋਧੋ

ਪਿਛਲੇ ਦਹਾਕਿਆਂ ਤੋਂ ਤੁਰੀਆਂ ਆਉਂਦੀਆਂ ਧਾਰਨਾਵਾਂ ਤੇ ਪ੍ਰਤੀਮਾਨ ਵਰਤਮਾਨ ਪੰਜਾਬੀ ਆਲੋਚਨਾ ਦੇ ਚੇਤਨ-ਅਵਚੇਤਨ ਵਿਚੋਂ ਦਿੱਸ ਆਉਂਦੇ ਹਨ ਪਰੰਤੂ ਵਰਤਮਾਨ ਵਿੱਚ ਬੌਧਿਕ ਪ੍ਰੇਰਨਾਵਾਂ ਨਾਲ ਜੁੜਨ ਦੀ ਤੀਬਰ ਭੀਖਣ ਲੋਚਾ ਵੀ ਦਿਖਾਈ ਦੇ ਰਹੀ ਹੈ। ਪੰਜਾਬੀ ਦਾ ਵਧੇਰੇ ਚਿੰਤਨ ਜਾਂ ਸਲੇਬਸ ਮੁੱਖ ਹੈ ਜਾਂ ਉਪਾਧੀ ਪ੍ਰਾਪਤ ਕਰਨ ਦੀ ਮਜ਼ਬੂਰੀ ਵਿੱਚੋ ਨਿਕਲਿਆ ਹੋਇਆ ਵਧੇਰੇ ਪੁਸਤਕਾਂ ਉਚੇਰੇ ਅਹੁਦੇ ਦੀ ਪ੍ਰਾਪਤੀ ਲਈ ਇੰਟਰਵਿਊ ਦੇਣ ਤੋਂ ਰਤਾ ਕੁ ਪਹਿਲਾਂ ਹੀ ਪ੍ਰਕਾਸ਼ਿਤ ਹੁੰਦੀਆਂ ਹਨ। ਅਹੁਦਾ, ਤਰੱਕੀਆਂ ਅਤੇ ਵੱਧ ਤੋਂ ਵੱਧ ਧੰਨ ਕਮਾਉਣ ਦੀ ਲਾਲਸਾ ਅਗਰਭੂਮੀ ਵੱਲ ਲਗਾਤਾਰ ਸਰਕਦੀ ਆ ਰਹੀ ਹੈ ਅਤੇ ਉਚੇਰੇ ਅਕਾਦਮਿਕ ਉਦੇਸ਼ ਤੇ ਆਦਰਸ਼ ਬਣਾਉਣ ਦੀਆਂ ਗੱਲਾਂ ਤੇ ਨਕਸ਼ ਪੱਧਮ ਪੈ ਰਹੇ ਹਨ। ਪੰਜਾਬੀ ਆਲੋਚਨਾ ਦੇ ਪਾਠਕ ਦੀ ਗਿਣਤੀ ਦੇ ਅਧਿਆਪਕ ਤੇ ਵਿਦਿਆਰਥੀ ਹਨ। ਪਾਠਕ-ਵਰਗ ਵੀ ਬੁਨਿਆਦੀ ਤੌਰ 'ਤੇ ਮੱਧਵਰਗੀ ਵਿਦਿਆਰਥੀਆਂ ਦਾ ਹੈ ਜਿਹਨਾਂ ਦਾ ਉਦੇਸ਼ ਵੀ ਆਲੇ-ਦੁਆਲੇ ਪ੍ਰਤੀ ਸਮਝ ਨੂੰ ਤਿੱਖਾ ਕਰਨ ਦੀ ਬਜਾਏ ਫਟਾ ਫਟ ਡਿਗਰੀਆਂ ਤੇ ਅਸਾਮੀਆਂ ਪ੍ਰਾਪਤ ਕਰਨਾ ਹੈ। ਪ੍ਰਕਾਸ਼ਕ ਨੇ ਹਰ ਪ੍ਰਕਾਰ ਦੀ ਕਿੱਤੇ ਦੀ ਇਮਾਨਦਾਰੀ ਤੋਂ ਪਿੱਠ ਕੀਤੀ ਹੋਈ ਹੈ। ਉਸ ਦੀ ਦਿਲਚਸਪੀ ਵਿਕਣਯੋਗ ਮਾਲ ਨੂੰ ਛਾਪਣ ਦੀ ਹੈ ਇਸੇ ਲਈ ਆਲੋਚਨਾ ਦੇ ਨਾਂ ਹੇਠ ਛਪ ਰਿਹਾ ਬਹੁਤ ਕੁਝ ਜਾਂ ਘਟੀਆ ਨਕਲ ਦੇ ਪੱਧਰ ਦਾ ਹੈ ਜਾਂ ਦੁਹਰਾਮਈ। ਅਕਸਰ ਆਲੋਚਨਾ ਦੀ ਦਿਲਚਸਪੀ ਫੌਰੀ ਤਰੱਕੀਆਂ ਹਾਸਲ ਕਰਨ ਵਿੱਚ ਹੌਣ ਸਦਕਾ ਵੱਡੇ ਅਹੁਦਿਆਂ ਉੱਪਰ ਬੈਠੇ ਹੋਏ ਬੌਣੇ ਮਹਾਂਪੁਰਸ਼ਾਂ ਦਾ ਸਾਹਿਤ ਵਧੇਰੇ ਗੌਲਿਆ ਜਾ ਰਿਹਾ ਹੈ। ਅਸੀਂ ਕੁਝ ਹੀ ਵਰ੍ਹਿਆਂ ਪਿੱਛੋਂ 21 ਵੀ ਸਦੀ ਅੰਦਰ ਪ੍ਰਵੇਸ਼ ਕਰ ਰਹੇ ਹਾਂ। ਹੁਣ ਜ਼ਰੂਰਤ ਇਕੋ ਵੇਲੇ ਸਿਰਜੇ ਜਾ ਰਹੇ ਆਲੋਚਨਾ ਪਾਠਾਂ ਦੇ ਧੁਰ ਅੰਦਰ ਤੱਕ ਉੱਤਰ ਕੇ ਉਹਨਾਂ ਦੀ ਤਹਿ ਹੇਠ ਕਾਰਜਸ਼ੀਲ ਨੇਮਾਂ ਦੀ ਪਛਾਣ ਕਰਨ ਦੀ ਵੀ ਹੈ ਉਹਨਾਂ ਨੇਮਾਂ ਰਾਹੀਂ ਆਲੋਚਕਾਂ ਦੀ ਵਿਸ਼ਵਦ੍ਰਿਸ਼ਟੀ ਤੇ ਵਿਚਾਰਧਾਰਾ ਦੀ ਪ੍ਰਮਾਣਿਕਤਾ ਪਛਾਣ ਕਰਨ ਦੀ ਵੀ ਅਤੇ ਸਮਾਜਸ਼ਾਸਤਰੀ ਦ੍ਰਿਸ਼ਟੀ ਨਾਲ ਉਪਰੋਕਤ ਵਸਤੂ ਸਥਿਤੀ ਦੀ ਰੌਸ਼ਨੀ ਵਿੱਚ ਐਸੇ ਇਕੱਠੇ ਕਰਨ ਦੀ ਵੀ ਜਿਹਨਾਂ ਰਾਹੀਂ ਸਾਨੂੰ 20 ਵੀਂ ਸਦੀ ਦੇ ਪੰਜਾਬੀ ਚਿੰਤਨ ਦੀ ਅਸਲ ਤਸਵੀਰ ਦਿਖਾਈ ਦੇ ਸਕੇ।[9]

ਹਵਾਲੇ ਸੋਧੋ

 1. ਪੰਜਾਬੀ ਆਲੋਚਨਾ ਸਰੂਪ ਅਤੇ ਸੰਭਾਵਨਾਵਾਂ(ਭੂਮਿਕਾ)=ਸੰਪਾਦਕ-ਸਤਿਨਾਮ ਸਿੰਘ ਸੰਧੂ
 2. ਪੱਛਮੀ ਕਾਵਿ ਦੇ ਸਿਧਾਂਤ=ਸੰਪਾਦਕ, ਡਾ.ਜਸਵਿੰਦਰ ਸਿੰਘ,ਡਾ. ਹਰਿਭਜਨ ਸਿੰਘ ਭਾਟੀਆ,ਪੰਨਾ ਨੰ.108
 3. ਪੰਜਾਬੀ ਆਲੋਚਨਾ ਸਰੂਪ ਅਤੇ ਸੰਭਾਵਨਾਵਾਂ(ਭੂਮਿਕਾ)=ਸੰਪਾਦਕ-ਸਤਿਨਾਮ ਸਿੰਘ ਸੰਧੂ,ਪੰਨਾ ਨੰ.29,30
 4. ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ=ਲੇਖਕ,ਡਾ.ਹਰਿਭਜਨ ਸਿੰਘ ਭਾਟੀਆ,ਪੰਨਾ ਨੰ.32,33
 5. ਪੰਜਾਬੀ ਆਲੋਚਨਾ ਸਰੂਪ ਅਤੇ ਸੰਭਾਵਨਾਵਾਂ(ਭੂਮਿਕਾ)=ਸੰਪਾਦਕ-ਸਤਿਨਾਮ ਸਿੰਘ ਸੰਧੂ,ਪੰਨਾ ਨੰ.36,37
 6. ਪੱਛਮੀ ਕਾਵਿ ਦੇ ਸਿਧਾਂਤ=ਸੰਪਾਦਕ, ਡਾ.ਜਸਵਿੰਦਰ ਸਿੰਘ,ਡਾ. ਹਰਿਭਜਨ ਸਿੰਘ ਭਾਟੀਆ,ਪੰਨਾ ਨੰ.113,114
 7. ਪੱਛਮੀ ਕਾਵਿ ਦੇ ਸਿਧਾਂਤ=ਸੰਪਾਦਕ, ਡਾ.ਜਸਵਿੰਦਰ ਸਿੰਘ,ਡਾ. ਹਰਿਭਜਨ ਸਿੰਘ ਭਾਟੀਆ,ਪੰਨਾ ਨੰ.116
 8. ਪੱਛਮੀ ਕਾਵਿ ਦੇ ਸਿਧਾਂਤ=ਸੰਪਾਦਕ, ਡਾ.ਜਸਵਿੰਦਰ ਸਿੰਘ,ਡਾ. ਹਰਿਭਜਨ ਸਿੰਘ ਭਾਟੀਆ,ਪੰਨਾ ਨੰ.119
 9. ਪੰਜਾਬੀ ਆਲੋਚਨਾ ਸਰੂਪ ਅਤੇ ਸੰਭਾਵਨਾਵਾਂ(ਭੂਮਿਕਾ)=ਸੰਪਾਦਕ-ਸਤਿਨਾਮ ਸਿੰਘ ਸੰਧੂ,ਪੰਨਾ ਨੰ.45,46