ਪੰਜਾਬੀ ਸਾਹਿਤ ਇਤਿਹਾਸ ਦੀਆਂ ਲੋਕ-ਰੂੜ੍ਹੀਆਂ
ਵਣਜਾਰਾ ਬੇਦੀ ਦੀ ਇਸ ਪੁਸਤਕ ਵਿੱਚ ਵੱਖ-ਵੱਖ ਵਿਸ਼ਿਆਂਂ ਨਾਲ ਸੰਬੰਧਿਤ 9 ਪਰਚੇ ਦਰਜ ਹਨ, ਜੋ ਕਿ ਵੱਖੋ ਵੱਖਰੇ ਸੈਮੀਨਾਰਾਂ ਵਿੱਚ ਪੜ੍ਹੇ ਗਏ ਹਨ। ਇਹ ਕ੍ਰਮਵਾਰ ਇਸ ਤਰ੍ਹਾਂ ਹਨ।
- ਪੰਜਾਬੀ ਸਾਹਿਤ ਦੀਆਂ ਲੋਕ ਰੂੜ੍ਹੀਆਂ(ਇਹ ਖੋਜ ਨਿਬੰਧ ਪੰਜਾਬ ਯੂਨੀਵਰਸਿਟੀ ਦੇ ਬਾਬਾ ਫ਼ਰੀਦ ਵਿਭਾਗ ਵੱਲੋਂ ਆਯੋਜਿਤ ਸੈਮੀਨਾਰ ਵਿੱਚ 1979 ਵਿੱਚ ਪੜ੍ਹਿਆ ਗਿਆ।)
- ਕਵੀਸ਼ਰੀ: ਉਥਾਨ ਤੇ ਵਿਕਾਸ
- ਪੰਜਾਬੀ ਕਾਵਿ ਰੂਪ ਤੇ ਸੰਸਕਾਰ
- ਸੱਸੀ ਪੁੰਨੂ ਇੱਕ ਲੋਕ ਸਿਰਜਿਤ ਕਥਾ
- ਮੱਧਕਾਲੀ ਕਾਵਿ ਬੋਧ
- ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਲੋਕਤੱਤ(ਇਹ ਖੋਜ ਪੱਤਰ ਗੁਰੂ ਨਾਨਕ ਅਧਿਐਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋੋਂ ਆਯੋਜਿਤ ਲੈਕਚਰਾਂ ਦੀ ਲੜੀ ਵਿੱਚ 1971 ਵਿੱਚ ਪੜ੍ਹਿਆ ਗਿਆ।)
- ਸਾਖੀ ਲੋਕ
- ਪੰਜਾਬੀ ਨਾਵਲ ਵਿੱਚ ਲੋਕ ਸਭਿਆਚਾਰ(ਇਹ ਖੋਜ ਪੱਤਰ ਪੰਜਾਬੀ ਯੂਨੀ. ਵੱਲੋਂ ਆਯੋਜਿਤ ਸੈਮੀਨਾਰ ਵਿੱਚ ਮਾਰਚ, 1978 ਵਿੱਚ ਪੜ੍ਹਿਆ ਗਿਆ)
- ਪ੍ਰੋ. ਪੂਰਨ ਸਿੰਘ ਦੀ ਕਵਿਤਾ ਵਿੱਚ ਪੰਜਾਬ(ਇਹ ਖੋਜ ਪੱਤਰ ਭਾਸ਼ਾ ਵਿਭਾਗ ਪਟਿਆਲਾ ਵੱਲੋਂ ਆਯੋਜਿਤ ਸੈਮੀਨਾਰ ਵਿੱਚ ਮਈ, 1981 ਨੂੰ ਪੜ੍ਹਿਆ ਗਿਆ।)
ਲੇਖਕ | ਸੋਹਿੰਦਰ ਸਿੰਘ ਵਣਜਾਰਾ ਬੇਦੀ |
---|---|
ਭਾਸ਼ਾ | ਪੰਜਾਬੀ |
ਪ੍ਰਕਾਸ਼ਨ | 1982 |
ਪ੍ਰਕਾਸ਼ਕ | ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ |
ਸਫ਼ੇ | 128 |
ਪੰਜਾਬੀ ਸਾਹਿਤ ਦੀਆਂ ਲੋਕ ਰੂੜ੍ਹੀਆਂ
ਸੋਧੋਇਸ ਖੋਜ ਪੱਤਰ ਵਿੱਚ ਦੱਸਿਆ ਹੈ ਕਿ ਹਰੇਕ ਜਾਤੀ ਦੇ ਸਾਹਿਤ ਦਾ ਆਧਾਰ ਕੁਝ ਵਿਸ਼ੇਸ਼ ਰੂੜ੍ਹੀਆਂ ਹੁੰਦੀਆਂ ਹਨ ਜੋ ਉਸ ਜਾਤੀ ਦੇ ਚਿਹਨ, ਚਰਿੱਤ੍ਰ, ਜੀਵਨ ਵਿਹਾਰ, ਸੰਸਕ੍ਰਿਤਿਕ-ਪਸਾਰ, ਸਾਮੂਹਿਕ ਅਨੁਭਵ ਤੇ ਆਦਰਸ਼, ਸੰਘਰਸ਼ ਅਤੇ ਲੋਕਾਂ ਦੀ ਇਤਿਹਾਸਕ ਯਾਤਰਾ ਵਿਚੋਂ ਉਭਰਦੇ ਹਨ। ਜਾਤੀ ਦਾ ਜੀਵਨ ਪ੍ਰਾਣ ਹੋਣ ਕਰਕੇ ਇਹ ਮੋਟਿਫ ਉਸ ਦੇ ਸਾਹਿਤ ਦਾ ਗੌਰਵ ਵੀ ਬਣਦੇ ਹਨ ਅਤੇ ਕਲਾਤਮਿਕ ਸ਼ਕਤੀ ਵੀ ਅਤੇ ਇਨ੍ਹਾਂ ਮੋਟਿਫਾਂ ਦੁਆਰਾ ਹੀ ਜਾਤੀ ਅਤੇ ਉਸਦੇ ਸਾਹਿਤ ਦੇ ਸਾਮੂਹਿਕ ਅਸਤਿਤਵ ਦੀ ਪਛਾਣ ਕਾਇਮ ਹੁੰਦੀ ਹੈ। ਲੋਕ ਧਾਰਾਈ ਬਿਰਤੀ ਵਾਲੀ ਸਾਮੂਹਿਕ ਮਾਨਸਿਕਤਾ ਉਪਰ ਲੋਕ ਮਨ ਦੀਆਂ ਕਾਵਿ ਵਿਤਰੀਆਂ ਦੀ ਡੂੰਘੀ ਤਾਂਘ ਹੁੰਦੀ ਹੈ। ਅਜਿਹੀ ਮਾਨਸਿਕਤਾ ਵਿੱਚ ਪੌਰਾਣਿਕ ਤੇ ਮਿਥੀਕਲ ਪ੍ਰਵਿਰਤੀ ਟੂਣਾ ਸੰਕਲਪ, ਆਤਮ ਸੀਲ ਚਿੰਤਨ, ਅਨੁਸ਼ਠਾਨਿਕ ਵਿਤਰੀ ਅਤੇ ਪ੍ਰਤਿਰੂਪ ਦ੍ਰਿਸ਼ਟੀ ਸੰਘਣੇ ਤੱਤ ਬਣਕੇ ਫੈਲੀ ਰਹਿੰਦੀ ਹੈ। ਪੰਜਾਬ ਦੀ ਸੰਸਕ੍ਰਿਤੀ ਆਪਣੇ ਪੂਰੇ ਪੱਖ ਪਸਾਰ ਵਿੱਚ ਕਿਸਾਨੀ ਸੰਸਕ੍ਰਿਤੀ ਹੋਣ ਕਰਕੇ ਮੁੱਖ ਰੂਪ ਵਿੱਚ ਲੋਕ ਸੰਸਕ੍ਰਿਤੀ ਹੈ। ਲੋਕ ਸੰਸਕ੍ਰੁਿਤੀ ਵਿੱਚ ਲੋਕ ਧਾਰਾਈ ਰੂੜ੍ਹੀਆਂ ਦੀ ਪ੍ਰਧਾਨਤਾ ਰਹਿੰਦੀ ਹੈ। ਜੋ ਜਾਤਾਂ ਤੇ ਜੀਵਨ ਵਿਹਾਰ ਮਨੋ ਭਾਵਨਾ ਸੰਕਲਪਾਂ ਤੇ ਸਿਰਜਨਾ ਵਿੱਚ ਸੰਘਣੇ ਤੱਤਾਂ ਦੇ ਰੂਪ ਵਿੱਚ ਸਮਾਈਆਂ ਰਹਿੰਦੀਆਂ ਹਨ। ਪੰਜਾਬੀ ਕਾਵਿ ਦਾ ਅਲੰਕਾਰ ਬਿੰਬ ਤੇ ਪ੍ਰਤੀਕ ਪ੍ਰਬੰਧ ਸੁਭਾ ਵਿੱਚ ਸੰਸਕ੍ਰਿਤਿਕ ਹੈ ਅਤੇ ਇਸ ਦਾ ਆਧਾਰ ਲੋਕ ਧਾਰਾਈ ਸੰਕਲਪ ਅਤੇ ਰੂੜ੍ਹੀਆਂ ਹਨ। ਪੰਜਾਬ ਦੀ ਸਾਹਿਤਕ ਮਾਨਸਿਕਤਾ ਲੋਕ ਮਨ ਵਾਲੀ ਮਾਨਸਿਕਤਾ ਰਹੀ ਹੈ। ਪੰਜਾਬੀ ਦੀ ਸਾਹਿਤਕ ਸੰਸਕ੍ਰਿਤੀ ਬੁਨਿਆਦੀ ਤੌਰ ਤੇ ਲੋਕ ਸੰਸਕ੍ਰਿਤੀ ਅਤੇ ਪੰਜਾਬੀ ਸਾਹਿਤ ਦੀਆਂ ਮੂਲ ਰੂੜ੍ਹੀਆਂ ਜਾ ਮੋਟਿਫ਼ ਜਿਨ੍ਹਾਂ ਨੂੰ ਅਪਾਰ ਬਣਾ ਕੇ ਸਾਹਿਤ ਰਚਿਆ ਜਾਂਦਾ ਹੈ, ਉਹ ਧਾਰਾ ਦੇ ਤੱਤ ਰੂੜੀਆਂ ਤੇ ਸੰਕਲਪ ਹਨ।
ਕਵੀਸ਼ਰੀ ਉਥਾਨ ਤੇ ਵਿਕਾਸ
ਸੋਧੋਕਵੀਸ਼ਰੀ ਦਾ ਪਿੱਛਾ ਭੱਟ-ਕਾਵਿ ਨਾਲ ਰਲਦਾ ਦੱਸਿਆ ਹੈ। ਕਿਉਂਕਿ ਕਬੀਲਾ ਬਿਰਤੀ ਸਮੇਂ ਕਬੀਲੇ ਦੇ ਭੱਟ ਉਸ ਕਬੀਲੇ ਦੇ ਵਿਸ਼ੇਸ਼ ਵਿਅਕਤੀਆਂ, ਸੂਰਮਿਆਂ ਤੇ ਕਰਮਯੋਗੀਆਂ ਦੀ ਮਹਿਮਾ ਵਿੱਚ ਕਵਿਤਾ ਰਚਕੇ ਸਰੋਤਿਆਂ ਵਿੱਚ ਉਤਸ਼ਾਹ ਤੇ ਕਬੀਲਾ ਭਾਵਨਾ ਉਜਾਗਰ ਹੁੰਦੀ ਸੀ। ਭੱਟਾਂ ਦੀ ਕਬੀਲਿਆਂ ਤੋਂ ਟੁੱਟ ਕੇ ਸੁਤੰਤਰ ਹੋਂਦ ਕਾਇਮ ਕਰਕੇ ਸਿੱਧੇ ਲੋਕਾਂ ਨਾਲ ਜੁੜੇ ਇਸੇ ਭੱਟਾਂ ਦੀ ਵਿਸ਼ੇਸ਼ ਵਿਅਕਤੀ ਤੋਂ ਲੋਕ ਵੱਲ ਦੀ ਯਾਤਰਾ ਕਵੀਸ਼ਰੀ ਦਾ ਉੱਥਾਨ ਹੈ। ਲੋਕ-ਧਾਰਨਾ ਅਨੁਸਾਰ ਕਾਵਿ ਕਵੀ ਦੇ ਹਿਰਦੇ ਵਿੱਚ ਸੁਤੇਸਿੱਧ ਉਪਰਲੇ ਨਛਤਰਾਂ ਤੋਂ ਉੱਤਰਦੀ ਹੈ। ਕਵੀ ਕੇਵਲ ਮਾਧਿਅਮ ਹੈ। ਕਿਸੇ ਰਚਨਾ ਦੀ ਸਿਰਜਣਾ ਵਿੱਚ ਉਹ ਸੁਚੇਤ ਰੂਪ ਵਿੱਚ ਕੁਝ ਨਹੀਂ ਕਰਦਾ। ਇਸ ਵਾਸਤੇ ਕਵੀ ਦੀ ਰਚਨਾ ਈਸ਼ਵਰੀ ਦੇਣ ਹੋਣ ਕਰਕੇ ਕਵੀਸ਼ਰੀ ਹੋਈ। ਪੰਜਾਬ ਵਿੱਚ ਕਾਵਿ ਦੀਆਂ ਤਿੰਨ ਪਰੰਪਰਾਵਾਂ ਮਨੀਆਂ ਜਾ ਸਕਦੀਆਂ ਹਨ।
- ਲੋਕ-ਕਾਵਿ ਪਰੰਪਰਾ
- ਕਵੀਸ਼ਰੀ ਪਰੰਪਰਾ
- ਸਾਹਿਤਕ ਕਾਵਿ ਪਰੰਪਰਾ
ਕਵੀਸ਼ਰੀ ਦਾ ਸਥਾਨ ਲੋਕ ਕਾਵਿ ਅਤੇ ਸਾਹਿਤਕ ਕਾਵਿ ਦੇ ਵਿਚਕਾਰ ਨਿਸ਼ਚਿਤ ਕੀਤਾ ਜਾ ਸਕਦਾ ਹੈ। ਇਸ ਵਾਸਤੇ ਕਵੀਸ਼ਰੀ ਦੀ ਪ੍ਰਕਿਰਤੀ ਅਤੇ ਤੱਤਾਂ ਨੂੰ ਸਹੀ ਪਰਿਪੇਖ ਵਿੱਚ ਸਮਝਣ ਲਈ ਇਸ ਕਾਵਿ ਨੂੰ ਇੱਕ ਪਾਸੇ ਲੋਕ-ਕਾਵਿ ਨਾਲੋਂ ਨਿਖੇੜਨਾ ਜ਼ਰੂਰੀ ਹੈ ਅਤੇ ਦੂਜੇ ਪਾਸੇ ਸਾਹਿਤਕ ਕਾਵਿ ਨਾਲੋਂ। ਲੋਕ ਕਹਾਣੀਆਂ ਵਾਂਗ ਕਵੀਸ਼ਰੀ ਦੀ ਬਣਤਰ ਵਿੱਚ ਵੀ ਕਥਾਨਕ ਰੂੜ੍ਹੀਆਂ ਦਾ ਮਹੱਤਵਪੂਰਨ ਰੋਲ ਹੈ ਅਤੇ ਕਵੀਸ਼ਰ ਆਪਣਾ ਰਚਨਾ ਵਿੱਚ ਢੁੱਕਵੀਆਂ ਕਥਾਨਕ ਰੂੜ੍ਹੀਆਂ ਲੋੜ ਅਨੁਸਾਰ ਜੋੜਕੇ ਰਚਨਾ ਨੂੰ ਕਦੇ ਲੰਮਾ ਕਰਦੇ ਕਦੇ ਘਟਾਕੇ ਸੰਜਮ-ਬਧ ਕਰਦੇ ਰਹੇ ਹਨ। ਦੂਜੀ ਗੱਲ ਸਵਾਂਗ ਦੇ ਪ੍ਰਭਾਵ ਦੀ ਹੈ। ਮੱਧਕਾਲ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਸਵਾਂਗ ਤੇ ਰਾਸਾਂ ਖੇਡਣ ਦੀ ਪ੍ਰਥਾ ਸੀ। ਕਵੀਸ਼ਰਾਂ ਨੇ ਕੁਝ ਨਵੇਂ ਛੰਦ ਵੀ ਘੜੇ ਹਨ। ਛੰਦਾਬੰਦੀ ਦੇ ਪੱਖੋਂ ਕਵੀਸ਼ਰੀ ਕਾਫ਼ੀ ਸਮ੍ਰਿੱਧ ਹੈ।
ਪੰਜਾਬੀ ਕਾਵਿ ਰੂਪਾਂ ਦੇ ਸੰਸਕਾਰ
ਸੋਧੋਇਸ ਲੇਖ ਵਿੱਚ ਦੱਸਿਆ ਗਿਆ ਹੈ ਕਿ ਪੰਜਾਬੀਆਂ ਦੀ ਕਾਵਿ ਬਿਰਤੀ ਉਸਦੀ ਕਲਾ ਬਿਰਤੀ ਵਾਂਗ ਬੁਨਿਆਦੀ ਤੌਰ ਤੇ ਲੋਕਧਾਰਾਈ ਹੈ। ਕਵਿਤਾ ਸਭਿਆਚਾਰ ਵਿਚੋਂ ਜਨਮ ਲੈਕੇ ਫਿਰ ਆਪਣੇ ਸੁਹਜ ਸਮਰਥਾ ਨਾਲ ਸਭਿਆਚਾਰ ਨੂੰ ਸਮ੍ਰਿਧੀ ਬਖਸ਼ਦੀ ਹੈ। ਕਾਵਿ ਲੋਕ ਮਨ ਦੀ ਹੀ ਇੱਕ ਕਲਾਤਮਿਕ ਅਭਵਿਅਕਤੀ ਹੈ। ਪੰਜਾਬੀ ਵਿੱਚ ਰੀਤ ਕਾਵਿ ਦੇ ਟੂਣੇ ਦੀ ਬੁਨਿਆਦੀ ਰਿਸ਼ਤਾ ਮਧਕਾਲ ਤੱਕ ਜੀਵੰਤ ਰੂਪ ਵਿੱਚ ਸੁਰਜੀਤ ਰਿਹਾ। ਰੀਤਾਂ ਮਧਕਾਲੀ ਪੰਜਾਬੀ ਜੀਵਨ ਦਾ ਗੌਰਵਮਈ ਯਥਾਰਥ ਹੋਣ ਤੋਂ ਇਲਾਵਾ ਧਾਰਮਿਕ, ਸਮਾਜਿਕ ਤੇ ਸਭਿਆਚਾਰਕ ਪਛਾਣ ਵੀ ਸਨ। ਇਨ੍ਹਾਂ ਪ੍ਰਤੀ ਸਾਮੂਹਿਕ ਪੰਜਾਬੀ ਕਾਵਿ ਪ੍ਰਤਿਭਾ ਦਾ ਜਾਗਰੂਪ ਹੋਣ ਸੁਭਾਵਿਕ ਸੀ। ਮਧਕਾਲੀ ਪੰਜਾਬੀ ਕਾਵਿ ਦੇ ਸਾਰੇ ਰੂਪ ਵਿਧਾ ਲੋਕ ਕਾਵਿ ਵਿਚੋਂ ਹੀ ਲਏ ਹਨ, ਜਿਸ ਦੀ ਇੱਕ ਮਾਤਰ ਪੁਸ਼ਟੀ ਆਦਿ ਗ੍ਰੰਥ ਵਿਚਲੇ ਰੂਪਾਂ ਤੋਂ ਹੁੰਦੀ ਹੈ। ਜੇ ਧਿਆਨ ਨਾਲ ਦੇਖੀਏ ਤਾਂ ਗੁਰਬਾਣੀ ਵਿੱਚ ਵਰਤੇ ਇਹ ਕਾਵਿ ਰੂਪ ਵੀ ਰਚਨਾ ਵਿੱਚ ਪ੍ਰਯੋਗ ਕੀਤੇ ਗਏ ਅੰਦਰਲੇ ਰੂਪਕਾਂ ਤੇ ਚਿੰਨ੍ਹਾਂ ਵਾਂਗ ਹੀ ਇੱਕ ਬਾਹਰਮੁਖੀ ਰੂਪਕ ਜਾਂ ਚਿੰਨ੍ਹ ਹਨ।
ਸੱਸੀ ਪੁਨੂੰ ਇੱਕ ਲੋਕ-ਸਿਰਜਿਤ ਕਥਾ
ਸੋਧੋਇਸ ਪਰਚੇ ਵਿੱਚ ਸੱਸੂ ਪੁਨੂੰ ਦੀ ਕਥਾ ਦੇ ਹਵਾਲੇ ਨਾਲ ਤੱਥ ਤੇ ਮਿੱਥ ਦੇ ਸੁਮੇਲ ਬਾਰੇ ਚਰਚੀ ਕੀਤੀ ਗਈ ਹੈ। ਪੰਜਾਬ ਦੀਆਂ ਪ੍ਰੀਤ ਦੰਦ ਕਥਾਵਾਂ ਸੱਸੀ ਪੁਨੂੰ, ਹੀਰ ਰਾਂਝਾ, ਸੋਹਣੀ ਮਹੀਵਾਲ, ਮਿਰਜ਼ਾ ਸਾਹਿਬਾਂ ਆਦਿ ਨੂੰ ਜਦੋਂ ਤੱਕ ਲੋਕਧਾਰਾ ਦੀ ਦ੍ਰਿਸ਼ਟੀ ਤੋਂ ਹੀ ਵਿਚਾਰ ਕੀਤੀ ਜਾਵੇ ਤਾਂ ਇਸਦਾ ਰਹੱਸ ਖੁੱਲਦਾ ਅਤੇ ਇਸ ਦੀ ਜਠੇਰੀ ਦਾ ਪਤਾ ਲੱਗਦਾ ਹੈ ਅਤੇ ਅਸਚਰਜ ਕਰ ਦੇਣ ਵਾਲੇ ਸਿੱਟੇ ਨਿੱਕਲਦੇ ਹਨ। ਸੱਸੀ ਪੁਨੂੰ ਇਸੇ ਭਾਂਤ ਦੀ ਇੱਕ ਕਥਾ ਹੈ ਜੋ ਮਿੱਥ ਤੋਂ ਵਿਕ੍ਰਿਤ ਹੋਕੇ ਦੰਦ ਕਥਾ ਬਣੀ ਹੈ। ਸੱਸੀ ਪੁਨੂੰ ਦੀ ਕਥਾ ਬੁਨਿਆਦੀ ਤੌਰ ਤੇ ਇੱਕ ਚੰਨ ਮਿੱਥ ਹੈ ਜੋ ਚੰਨ ਦੇ ਇੱਕ ਦ੍ਰਿਸ਼ਟਮਾਨ ਦੀ ਲੋਕ-ਕਲਪਨਾ ਵਿਚੋਂ ਉਪਜੀ ਨਕਲ ਹੈ। ਜਿਸ ਦੁਆਰਾ ਚੰਨ ਦੇ ਵਧਣ ਘਟਣ ਦੀ ਕਿਰਿਆ ਦੇ ਰਹੱਸਾਂ ਦਾ ਮਨੁੱਖੀ ਰਿਸ਼ਤਿਆਂ ਵਿੱਚ ਸਪਸ਼ਟੀਕਰਨ ਕੀਤਾ ਗਿਆ ਹੈ ਅਤੇ ਇਹ ਕਥਾ ਕਦੇ ਦੇਵ-ਕਥਾ ਦੇ ਰੂਪ ਵਿੱਚ ਚੰਨ ਪੂਜਕਾਂ ਵਿੱਚ ਪ੍ਰਚਲਿੱਤ ਰਹੀ। ਚੰਨ ਤੇ ਸੂਰਜ ਬਾਰੇ ਅਨੇਕਾਂ ਮਿੱਥਾਂ ਹਰ ਜਾਤੀ ਵਿੱਚ ਮਿਲਦੀਆਂ ਹਨ। ਸੱਸੀ ਪੁਨੂੰ ਦੀ ਕਹਾਣੀ ਦਾ ਰਹੱਸ ਚੰਨ ਲੋਕ ਧਾਰਾ ਦੇ ਘੋਖਿਆਂ ਹੀ ਪ੍ਰਗਟ ਹੁੰਦਾ ਹੈ। ਸੱਸੀ ਦਾ ਅਰਥ ਹੈ ਚੰਨ ਤੇ ਪੁਨੂੰ ਪੁੰਨਿਆਂ ਤੋਂ ਬਣਿਆ ਹੈ ਜਿਸਦਾ ਭਾਵ ਹੈ ਪੂਰਨਮਾਸ਼ੀ। ਪੁਰਾਣਾਂ ਵਿੱਚ ਸੋਮ-ਮਿੱਥ ਨੇ ਦਸਮ-ਗ੍ਰੰਥ ਦੇ ਸੱਸੀ ਰੂਪਾਂਤਰ ਤੱਕ ਪਹੁੰਚਣ ਵਿੱਚ ਸਦੀਆਂ ਦਾ ਪੈਂਡਾ ਤੈਅ ਕੀਤਾ ਹੈ। ਇਹ ਜਾਣਨ ਲਈ ਸਾਨੂੰ ਇੱਕ ਹੋਰ ਮਿੱਥ ਦਾ ਅਧਿਐਨ ਕਰਨਾ ਪਵੇਗਾ। ਇਹ ਪੁਰਾਣਿਕ ਮਿੱਥ ਦੀ ਦਸਮ ਗ੍ਰੰਥ ਵਿੱਚ ਕ੍ਰਿਸ਼ਨ ਅਵਤਾਰ ਬਾਣੀ ਹੇਠ ਅੰਕਿਤ ਹੈ। ਸੱਸੀ ਪੁੰਨੂ ਦੀ ਕਥਾ ਸੋਮ ਮਿੱਥ ਦਾ ਵਿਕ੍ਰਿਤ ਰੂਪ ਹੈ ਅਤੇ ਇਸ ਵਿੱਚ ਮੱਧਕਾਲੀਨ ਸਮਿਆਂ ਵਿੱਚ ਕਈ ਹੋਰ ਕਥਾਵਾਂ ਦੀਆਂ ਰੂੜ੍ਹੀਆਂ ਸਮਾਉਂਦੀਆਂ ਰਹੀਆਂ। ਇਹ ਕਥਾ ਇਤਿਹਾਸਿਕ ਸੱਚ ਨਹੀਂ ਲੋਕ ਸੱਚ ਹੈ ਜਿਸਨੂੰ ਲੋਕਮਨ ਨੇ ਸਿਰਜਿਆ।
ਮੱਧਕਾਲੀ ਪੰਜਾਬੀ ਕਾਵਿ ਬੋਧ
ਸੋਧੋਮੱਧਕਾਲੀ ਪੰਜਾਬੀ ਕਾਵਿ ਦੀ ਬੁਨਿਆਦ ਲੋਕ-ਕਾਵਿ ਉੱਤੇ ਹੀ ਰੱਖੀ ਗਈ ਹੈ। ਜਿਸ ਕਰਕੇ ਇਸ ਕਾਲ ਦੇ ਬਹੁਤੇ ਕਵੀਆਂ ਨੇ ਜਨ-ਸਧਾਰਨ ਦੇ ਨੇੜੇ ਰਹਿਣ ਲਈ ਲੋਕ-ਕਾਵਿ ਦੇ ਪੈਟਰਨ, ਰੂੜ੍ਹੀਆਂ ਅਤੇ ਜੁਗਤਾਂ ਨੂੰ ਅਚੇਤ ਤੌਰ ਤੇ ਵੀ ਅਤੇ ਸੁਚੇਤ ਰੂਪ ਵਿੱਚ ਵੀ ਅਪਣਾਇਆ ਹੈ। ਵਾਰ ਪੰਜਾਬੀ ਦਾ ਸਭ ਤੋਂ ਪਰਾਣਾ ਕਾਵਿ ਰੂਪ ਹੈ। ਮਾਵਾਂ ਯੁੱਧ ਵਿੱਚ ਜਾਂਦੇ ਪੁੱਤਰਾਂ ਦੇ ਸਿਰ ਤੋਂ ਵਾਰਨੇ ਕਰਦੀਆਂ ਹੋਈਆਂ ਉਨ੍ਹਾਂ ਦੀਆਂ ਬਲਾਵਾਂ ਆਪਣੇ ਸਿਰ ਲੈਂਦੀਆਂ ਇਹ ਰੀਤਾਂ ਹੁਣ ਤੱਕ ਪੰਜਾਬ ਦੀ ਸੰਸਕ੍ਰਿਤੀ ਦਾ ਗੌਰਵਮਈ ਅੰਗ ਹਨ ਅਤੇ ਯੁੱਧ ਵਿੱਚ ਜਾਂਦੇ ਸੂਰਮਿਆਂ ਦੀ ਉਸਤਤਿ ਵਿੱਚ ਗਾਏ ਜਾਣ ਵਾਲੇ ਲੋਕਗੀਤ ਵਾਰਨੇ ਅਖਵਾਏ ਪਰ ਦੁੱਖ ਦੀ ਗੱਲ ਇਹ ਹੈ ਕਿ ਨਾ ਤਾਂ ਪੁਰਾਣੇ ਵਾਰਨੇ ਸਾਡੇ ਤੱਕ ਪੁੱਜੇ ਹਨ ਨਾ ਹੀ ਪੁਰਾਣੀਆਂ ਵਾਰਾਂ।
ਦੂਜਾ ਪ੍ਰਧਾਨ ਕਾਵਿ ]ਸੂਫ਼ੀ ਕਾਵਿ ਹੈ। ਸੂਫ਼ੀ ਕਾਵਿ ਨੇ ਰੂਪਕ ਪੱਖ ਤੋਂ ਲੋਕ ਕਾਵਿ ਦੀਆਂ ਰੂੜ੍ਹੀਆਂ ਨੂੰ ਹੀ ਗ੍ਰਹਿਣ ਕੀਤਾ ਹੈ। ਕਈ ਕਾਫ਼ੀਆਂ ਤਾਂ ਲੋਕ ਗੀਤਾਂ ਦਾ ਭੁਲੇਖਾ ਸਿਰਜਦੀਆਂ ਹਨ। ਬਾਬਾ ਫਰੀਦ ਨੇ ਸਲੋਕਾਂ ਅਤੇ ਸ਼ਬਦਾਂ ਦੇ ਕਾਵਿ ਰੂਪ ਨੂੰ ਹੀ ਸੰਚਾਰ ਦਾ ਮਾਧਿਅਮ ਬਣਾਇਆ। ਸੂਫ਼ੀ ਕਾਵਿ ਯਾਤਰਾ ਵਿੱਚ ਸ਼ਬਦ ਤੋਂ ਕਾਫ਼ੀ ਤੱਕ ਦੇ ਸਫਰ ਦਾ ਅਧਿਐਨ ਬੜਾ ਰੋਚਕ ਸਿੱਧ ਹੋ ਸਕਦਾ ਹਾ। ਕਾਫੀ ਦਾ ਨਿਰਮਾਣ ਭਾਵੇਂ ਸੂਫੀਆਂ ਨੇ ਨਹੀਂ ਕੀਤਾ, ਪਰ ਇਸ ਲੋਕ ਕਾਵਿ ਨੂੰ ਆਪਣੀਆਂ ਭਾਵਨਵਾਂ ਤੇ ਵਿਚਾਰਾਂ ਦਾ ਮਾਧਿਅਮ ਬਣਾ ਕੇ ਇਸ ਨੂੰ ਸ਼ਿਖਰ ਤੇ ਪਹੁੰਚਾ ਦਿੱਤਾ।
ਗੁਰਮਤਿ ਕਾਵਿ ਨੂੰ ਉਸਦੀ ਵੱਖਰੀ ਪ੍ਰਕਿਰਤੀ ਕਾਰਨ ਦੂਜੇ ਕਾਵਿ ਨਾਲੋਂ ਨਖੇੜਕੇ ਬਾਣੀ ਦੀ ਸੰਗਿਆ ਦਿਤੀ ਗਈ ਹੈ, ਬਾਣੀ ਦਾ ਸੰਸਾਰ ਆਮ ਕਾਵਿ ਸੰਸਾਰ ਨਾਲ ਅਭਰਿਠ ਹੋਣ ਤੋਂ ਇਲਾਵਾ ਸ਼ੁੱਧ ਰੂਪ ਵਿੱਚ ਲੋਕਮਨ ਵਾਲਾ ਸੰਸਾਰ ਹੈ। ਬਾਣੀ ਨੂੰ ਕਾਵਿ ਨਾਲੋਂ ਤਿੰਨ ਗੱਲਾਂ ਵਿੱਚ ਨਿਖੇੜਿਆ ਜਾ ਸਕਦਾ ਹੈ।
- ਬਾਣੀ ਬ੍ਰਹਮ ਕੇਂਦਰਿਤ ਹੈ, ਕਾਵਿ ਇਸਦੇ ਮੁਕਾਬਲੇ ਵਿੱਚ ਮਨੁੱਖ ਕੇਂਦਰਿਤ।
- ਬਾਣੀ ਇਸ ਦ੍ਰਿਸ਼ਟਮਾਨ ਲੋਕ ਨੂੰ ਅਦ੍ਰਿਸ਼ਟ ਪਰਲੋਕ ਦਾ ਅਨਿੱਖੜ ਅੰਗ ਮੰਨਦੀ ਹੈ ਅਤੇ ਇਨ੍ਹਾਂ ਵਿਚਲੇ ਸੂਖਮ ਅਤੇ ਰਹੱਸਮਈ ਸੰਬੰਧ ਨੂੰ ਉਜਾਗਰ ਕਰਦੀ ਹੇ।
- ਬਾਣੀ ਦਾ ਮਹੱਤਵ, ਇਸਦਾ ਜਾਪ ਦਾ ਅਧਿਆਤਮਕ ਫਲ ਹੈ, ਕਾਵਿ ਦਾ ਨਹੀਂ। ਕਾਵਿ ਆਪਣੇ ਆਪ ਵਿੱਚ ਪੂਰਤੀ ਹੈ, ਬਾਣੀ ਕਿਸੇ ਪੂਰਤੀ ਦਾ ਸਾਧਨ।
ਸਾਡੇ ਕਿੱਸੇ ਵੀ ਸਵਾਂਗ ਚੋਂ ਵਿਗਸੇ ਹਨ। ਸਵਾਂਗ ਦੇ ਅਧਿਐਨ ਤੇ ਇ ਗੱਲ ਸਪਸ਼ਟ ਹੋ ਜਾਂਦੀ ਹੈ ਸਵਾਂਗ ਖੇਡੇ ਜਾਣ ਲਈ ਰਚੇ ਜਾਂਦੇ ਹਨ ਅਤੇ ਉਨ੍ਹਾਂ ਵਿੱਚ ਬਹੁਤੀ ਗੱਲ ਪਾਤਰਾਂ ਦੇ ਵਾਰਤਾਲਾਪ ਦੁਆਰਾ ਕੀਤੀ ਜਾਂਦੀ ਹੈ। ਕਹਾਣੀਆਂ ਦੀਆਂ ਘਟਨਾਵਾਂ ਦਾ ਵਰਣਨ ਰੰਗਾ, ਕਰਦਾ ਹੈ। ਇਸ ਵਿੱਚ ਇਹੋ ਰੂਪ ਪ੍ਰਧਾਨ ਹੈ। ਸਾਰੇ ਕਿੱਸੇ ਵਾਰਤਾਲਾਪ ਵਿੱਚ ਹਨ ਤੇ ਰੰਗੇ ਦੀ ਥਾਂ ਕਵੀ ਨੇ ਲੈ ਲਈ ਹੈ।
ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਲੋਕ-ਤੱਤ
ਸੋਧੋਲੋਕ ਤੱਤ ਕਿਸੇ ਜਾਤੀ ਦੀਆਂ ਰੀਤਾਂ, ਮਨੌਤਾਂ, ਪਰੰਪਰਾਵਾਂ ਤੇ ਵਿਸ਼ਵਾਸਾਂ ਦੇ ਉਹ ਅੰਕੁਰ ਹਨ ਜਿਨ੍ਹਾਂ ਦੀ ਰੂੜ੍ਹੀ ਉੱਤੇ ਉਸ ਜਾਤੀ ਦੀ ਲੋਕ ਸੰਸਕ੍ਰਿਤੀ ਉੱਸਰੀ ਹੁੰਦੀ ਹੈ। ਇਹ ਪਰੰਪਰਾ ਦੇ ਪ੍ਰਵਾਹ ਦੇ ਉਹ ਪੈਟਰਨ ਹਨ ਜਿਨ੍ਹਾਂ ਵਿੱਚ ਪੁਰਖਿਆਂ ਦਾ ਸਹਿਜ ਅਨੁਭਵ ਫੁਰਿਆ ਹੁੰਦਾ ਹੈ। ਲੋਕ ਤੱਤ ਸਹਿਜ ਭਾਵ ਵਿੱਚ ਹੀ ਜੀਵਨ ਪ੍ਰਵਾਹ ਤੇ ਸੰਸਕ੍ਰਿਤੀ ਵਿੱਚ ਉਪਜੇ ਹਨ। ਇਹ ਸੈਭੰਗ ਹਨ। ਇਹ ਤੱਤ ਕਿਸੇ ਮਹਾਨ ਜਾਂ ਕਲਾਧਾਰੀ ਵਿਅਕਤੀ ਦੀ ਦੇਣ ਨਹੀਂ ਹੁੰਦੇ। ਇਨ੍ਹਾਂ ਦਾ ਅੰਕੁਰ ਆਪਣੇ ਆਪ ਫੁੱਟਦਾ ਹੈ। ਇਸ ਗੱਲ ਨੂੰ ਸਪਸ਼ਟ ਕਰਨ ਲਈ ਅੰਮ੍ਰਿਤ ਤੇ ਰੱਖੜੀ ਦੀਆਂ ਰੀਤਾਂ ਵੇਖੀਆਂ ਜਾ ਸਕਦੀਆਂ ਹਨ। ਅੰਮ੍ਰਿਤ ਛਕਣ ਦੀ ਰੀਤ ਇਸਦਾ ਮੁੱਢ ਇਤਿਹਾਸਿਕ ਕਾਲ ਵਿੱਚ ਬੱਝਿਆ, ਇਹ ਲੋਕ ਰੀਤ ਨਹੀਂ ਵੈਸੇ ਅੰਮ੍ਰਿਤ ਦੀ ਰੀਤ ਪਿੱਛੇ ਇੱਕ ਪੁਰਾਣਿਕ ਸੰਕਲਪ ਮੌਜੂਦ ਹੈ।ਇਹ ਲੋਕ ਰੀਤ ਨਹੀਂ ਪਰ ਇਸ ਵਿੱਚ ਕਈ ਲੋਕ ਤੱਤ ਮੌਜੂਦ ਹਨ। ਇਸਦੇ ਮੁਕਾਹਲੇ ਰੱਖੜੀ ਦਾ ਧਾਗਾ ਬੰਨਣਾ ਲੋਕ ਰੀਤ ਹੈ। ਜੋ ਵੀਰ ਭਾਵਨਾ ਦੀ ਪ੍ਰਤੀਕ ਹੈ ਅਤੇ ਇਹ ਪੂਰਵ ਇਤਿਹਾਸ ਕਾਲ ਤੋਂ ਚੱਲੇ ਕਿਸੇ ਸੰਸਕਾਰ ਦਾ ਅੰਗ ਹੈ। ਜੀਵ ਤੇ ਬ੍ਰਹਮ ਗੁਰਬਾਣੀ ਦੇ ਮੁਲ ਵਿਸ਼ੇ ਹਨ। ਇਨ੍ਹਾਂ ਮੂਲ ਵਸਤੂਆਂ ਅਥਵਾ ਤੱਥਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਆਪਣੀ ਪ੍ਰਤਿਭਾ, ਕਲਪਨਾ, ਸਹਿਜ ਕਲਾ ਤੇ ਅਨੁਭਵ ਨਾਲ ਜੋ ਸਰੂਪ ਦਿੱਤਾ ਹੈ। ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਕਿੱਧਰੇ ਤਾਂ ਲੋਕ ਤੱਤ ਐਨਾ ਉੱਭਰਰਵਾਂ ਹੈ ਕਿ ਸਹਿਜੇ ਹੀ ਅਨੁਭਵ ਕੀਤਾ ਜਾ ਸਕਦਾ ਹੈ। ਜਿਸ ਗੁਰਮਤਿ ਲਹਿਰ ਨਾਲ ਉਹ ਜੁੜੇ ਹਨ ਉਹ ਲੋਕ ਲਹਿਰ ਸੀ ਤੇ ਉਸਦਾ ਲੋਕ ਜੀਵਨ ਨਾਲ ਲਹੂ ਮਾਸ ਦਾ ਰਿਸ਼ਤਾ ਸੀ। ਗੁਰੂ ਜੀ ਦੇ ਸਾਰੇ ਸ਼ਬਦਾਂ ਵਿੱਚ ਲੋਕ ਤੱਤ ਦੇ ਕਣ ਬਿਖਰੇ ਹੋਏ ਹਨ। ਕਈ ਲੋਕ ਸੰਕਲਪਾਂ ਦੇ ਸੁਧਰੇ ਰੂਪ ਵਿੱਚ ਉਤਪੋਤ ਹਨ। ਜੇ ਇਸ ਰਚਨਾ ਵਿੱਚ ਇਹ ਸਾਰੇ ਤੱਤ ਨਾਂ ਵੀ ਹੁੰਦੇ ਤਾਂ ਵੀ ਇਸ ਸ਼ਬਦ ਵਿੱਚ ਪੰਜਾਬੀ ਦੀ ਇੱਕ ਲੋਕ ਪ੍ਰਿਵਿਰਤੀ ਦਾ ਅਭਿਵਿਅੰਜਨ ਹੋਣ ਕਰਕੇ ਇਹ ਰਚਨਾ ਲੋਕ ਭਾਵਾਂ ਵਾਲੀ ਹੀ ਰਹਿੰਦੀ ਹੈ। ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਕਮਲ ਚਰਨਾਂ ਵਿੱਚ ਧਿਆਨ ਜੋੜਨਾ ਤੇ ਚਰਨ ਧੂੜ ਨੂੰ ਮਸਤਕ ਲਗਾਉਣਾ ਪ੍ਰੇਮ ਭਗਤੀ ਦਾ ਸਾਧਨ ਮਾਤਰ ਮੰਨਿਆ ਗਿਆ ਹੈ। ਅਨੇਕਾਂ ਤੁਕਾਂ ਵਿੱਚ ਚਰਨ ਧੂੜੀ ਦੀ ਖੈਰ ਮੰਗੀ ਹੈ। ਗੁਰੂ ਅਰਜਨ ਦੇਵ ਜੀ ਦੀ ਬਾਣੀ ਲੋਕ ਮੁਖੀ ਹੋਣ ਦੇ ਕਾਰਨ ਰੂਪ ਤੇ ਵਸਤੂ ਦੋਹਾਂ ਪੱਖਾਂ ਤੋਂ ਲੋਕ ਤੱਤ ਤੇ ਰੂੜ੍ਹੀਆਂ ਨਾਲ ਰਸੀ ਹੋਈ ਹੈ ਤੇ ਇਸ ਵਿੱਚ ਲੋਕ ਕਲਾ ਵਿਧੀਆਂ ਤੇ ਸੰਗਠਨ ਨੂੰ ਪ੍ਰਮੁੱਖ ਸਥਾਨ ਪ੍ਰਾਪਤ ਹੈ।
ਸਾਖੀ ਲੋਕ
ਸੋਧੋਸਾਖੀਆਂ ਦੀ ਰਚਨਾ ਦੰਤ ਕਥਾਵਾਂ ਦੇ ਵਾਂਗ ਹੀ ਲੋਕ ਪ੍ਰਵਾਹ ਵਿਚੋਂ ਹੋਈ। ਇਨ੍ਹਂ ਦੀ ਸਿਰਜਣਾ ਸਾਖੀਕਾਰਾਂ ਨੇ ਨਹੀਂ ਕੀਤੀ। ਸਾਖੀਕਾਰਾਂ ਨੇ ਤਾਂ ਜੋ ਕੁਝ ਲੋਕਾਂ ਵਿੱਚ ਪ੍ਰਚੱਲਿਤ ਸੀ ਉਸਨੂੰ ਕਲਮਬੱਧ ਕਰਕੇ ਸ਼ੈਲੀ ਵਿੱਚ ਅਮਰ ਕਰ ਦਿੱਤਾ।
ਲੋਕਮਨ ਦੇ ਸੱਚ ਦਾ ਆਧਾਰ ਨਾ ਤਾਂ ਵਿਗਿਆਨਿਕ ਹੁੰਦਾ ਹੈ ਅਤੇ ਨਾ ਹੀ ਵਿਵੇਕਸ਼ੀਲ। ਤੱਥਾਂ ਦਾ ਦੈਵੀਕਰਨ ਹੀ ਸਾਖੀ ਦੀ ਬੁਨਿਆਦੀ ਪ੍ਰਕਿਰਤੀ ਹੈ। ਸਾਖੀ ਨਾਇਕ ਨਾਲ ਜੁੜੀ ਮਿੱਥ ਹੀ ਸਾਖੀ ਦੇ ਚਿਹਰੇ ਮੋਹਰੇ ਨੂੰ ਗੌਰਵ ਬਖਸ਼ਦੀ ਹੈ। ਇਹੋ ਉਸਦੀ ਮੂਲ ਪਛਾਣ ਬਣਦੀ ਹੈ। ਤੱਥ ਆਪਣੇ ਆਪ ਵਿੱਚ ਕੇਵਲ ਸ਼ਰੀਰ ਹੈ, ਜਦੋਂ ਤੱਕ ਉਸ ਵਿੱਚ ਕੋਈ ਦੈਵੀ ਅੰਸ਼, ਮਿੱਥਕ ਰੂਪ ਵਿੱਚ ਨਹੀਂ ਰਲਦਾ ਉਦੋਂ ਤੱਕ ਸਾਖੀ ਹੋਂਦ ਵਿੱਚ ਨਹੀਂ ਆਉਂਦੀ। ਭਾਵੇਂ ਕਈ ਵਾਰ ਇਰ ਮਿੱਥਕ ਤੱਤ ਇਤਨਾ ਸੂਖਮ ਹੁੰਦਾ ਹੈ ਕਿ ਪਹਿਲੀ ਨਜ਼ਰੇ ਦ੍ਰਿਸ਼ਟੀਗੋਚਰ ਨਹੀਂ ਹੁੰਦਾ। ਸਾਖੀਆਂ ਵਿਚਲਾ ਇਹੋ ਮਿੱਥਕ ਸਾਖੀ ਪੁਰਸ਼ ਨੂੰ ਆਮ ਆਦਮੀ ਨਾਲੋਂ ਨਿਖੇੜਕੇ ਵਿਸ਼ੇਸ਼ ਤੇ ਆਲੋਕਿਕ ਬਣਾਉਂਦਾ ਹੈ। ਇਹ ਵੀ ਕਹਿ ਸਕਦੇ ਹਾਂ ਕਿ ਸਾਖੀ ਲੋਕ ਮਨ ਦੀ ਹੀ ਇੱਕ ਬਿਰਤਾਂਤਿਕ ਅਭਿਵਿਅਕਤੀ ਹੈ।, ਜਿਸ ਵਿੱਚ ਪਰੰਪਰਾ ਨਾਲ ਇਕਸੁਰ ਹੋਕੇ ਸਾਖੀ ਪੁਰਸ਼ ਨੂੰ ਉਸਦੀ ਬੁਨਿਆਦੀ ਪ੍ਰਕਿਰਤੀ ਦੇ ਲੱਛਣਾਂ ਦੇ ਅਨੁਕੂਲ ਇੱਕ ਦੈਵੀ ਚਰਿੱਤਰ, ਪ੍ਰਦਾਨ ਕੀਤਾ ਜਾਂਦਾ ਹੈ। ਇਹ ਸਾਰੀ ਸਿਰਜਣ ਪ੍ਰਕਿਰਿਆ ਲੋਕ ਧਾਰਾ ਦੀਆਂ ਹੋਰ ਰੂੜ੍ਹੀਆਂ ਵਾਂਗ ਅਚੇਤ ਰੂਪ ਵਿੱਚ ਇੱਕ ਸੰਸਕ੍ਰਿਤਿਕ ਪ੍ਰਕਾਰਜ ਵਾਂਗ ਹੁੰਦੀ ਹੈ। ਸਾਖੀ ਦਾ ਸੰਸਾਰ ਲੋਕ ਧਾਰਾਈ ਵਿਵੇਕ ਵਾਲਾ ਹੋਣ ਕਰਕ ਵਿਲਖਣ ਵੀ ਹੈ ਤੇ ਲੋਕਿਕ ਵੀ।
ਪੰਜਾਬੀ ਨਾਵਲ ਵਿੱਚ ਲੋਕ ਸਭਿਆਚਾਰ
ਸੋਧੋਯਥਾਰਥ ਦੀ ਪ੍ਰਵਿਰਤੀ ਅਤੇ ਨਵੇਂ ਬੋਧਾਂ ਸਦਕਾ ਅੱਜ ਨਾਵਲ ਹੀ ਸਾਹਿਤ ਦਾ ਪ੍ਰਤਿਨਿਧ ਰੂਪ ਬਣਦਾ ਜਾ ਰਿਹਾ ਹੈ। ਜਿਸ ਕਰਕੇ ਆਧੁਨਿਕ ਸਿਰਜਣ ਪ੍ਰਕਿਰਿਆ ਵਿੱਚ ਲੋਕ ਸਭਿਆਚਾਰ ਆਪਣੇ ਪੂਰੇ ਪੱਖ ਪਾਸਾਰ ਤੇ ਜਲੌਅ ਵਿੱਚ ਨਾਵਲ ਬਿੰਬ ਵਿਚੋਂ ਹੀ ਉਤਾਰਿਆ ਜਾ ਸਕਦਾ ਹੈ। ਪੰਜਾਬੀ ਨਾਵਲ ਲੋਕ ਸਭਿਆਚਾਰ ਪ੍ਰਤੀ ਕਿਤਨਾ ਕੁ ਸੁਹਿਰਦ ਰਿਹਾ ਹੈ ਅਤੇ ਇਸਦੀ ਭਾਵ-ਭੂਮੀ ਨੂੰ ਪ੍ਰਤਿਬਿੰਬਤ ਕਰਦਾ ਹੈ?
ਸੁਤੰਤਰਤਾ ਤੋਂ ਬਾਦ ਪੰਜਾਬੀ ਲੇਖਕ ਆਪਣੇ ਸਭਿਆਚਾਰਕ ਵਿਰਸੇ ਪ੍ਰਤੀ ਸੁਚੇਤ ਭਾਂਤ ਜਾਗਰੂਕ ਹੋਏ ਅਤੇ ਲੋਕ ਸਭਿਆਚਾਰ ਪ੍ਰਤੀ ਹੁਣ ਤੱਕ ਦੀ ਉਪਗਮਤਾ ਤੇ ਬੇਮੁੱਖਤਾ ਇੱਕ ਮੋਹ ਤੇ ਪਛਾਣ ਵਿੱਚ ਬਦਲਣ ਲੱਗੀ ਅਤੇ ਉਸ ਵਿੱਚ ਲੋਕ ਸਭਿਆਚਾਰ ਦੇ ਅਮੀਰ ਵਿਰਸੇ ਨੂੰ ਆਪਣੀ ਰਚਨਾ ਬੋਧ ਦਾ ਗੌਰਵਮਈ ਅੰਗ ਬਣਾਉਣ ਦੀ ਚੇਸ਼ਟਾ ਜਾਗੀ। ਪਿੰਡ ਇੱਕ ਸ਼ਕਤੀ ਤੇ ਪ੍ਰਤਿਭਾ ਬਣਕੇ ਪੰਜਾਬੀ ਗਲਪ ਵਿੱਚ ਪਸਰਨ ਲੱਗੇ। ਫਲਸਰੂਪ ਪੰਜਾਬੀ ਨਾਵਲ ਦੀ ਭੂਮੀ ਵਿੱਚ ਉਪਰਥਲੀ ਚਿੰਨ੍ਹ ਧਮਾਕੇ ਹੋਏ। ਜਿਨ੍ਹਾਂ ਨਾਲ ਪੰਜਾਬੀ ਨਾਵਲ ਨਵੀਂ ਭਾਵ-ਭੂਮੀ ਤੇ ਨਵੀਂ ਦਿਸ਼ਾ ਵਿੱਚ ਵਿਚਰਣ ਲੱਗਾ। ਇਹ ਤਿੰਨ ਨਾਵਲ ਲਹੂ ਮਿੱਟੀ, ਆਂਦਰਾਂ ਅਤੇ ਪਿਉ ਪੁੱਤ ਇੱਕ ਤਾਂ ਮਰਿਆਦਾ ਨਾਲੋਂ ਹਟਵੇਂ ਸਨ, ਦੂਜਾ ਇਨ੍ਹਾਂ ਤਿੰਨਾਂ ਦੀ ਭਾਵ-ਭੂਮੀ ਲੋਕ ਸਭਿਆਚਾਰ ਬਣੀ, ਜਿਸ ਨਾਲ ਨਾਵਲ ਦੀ ਸਹੀ ਪ੍ਰਗਤੀ ਵਿ਼ਚ ਬਦਲ ਗਈ। ਤਿੰਨਾਂ ਨਾਵਲਾਂ ਤੋਂ ਜੋ ਨਵੀਂ ਪਰੰਪਰਾ ਸ਼ੁਰੂ ਹੋਈ ਉਹ ਮਗਰੋਂ ਕਈ ਰੂਪਾਂ ਵਿੱਚ ਵਿਗਸੀ। ਨਾਵਲਕਾਰਾਂ ਨੇ ਵੀ ਬਾਅਦ ਦੇ ਨਾਵਲਾਂ ਵਿੱਚ ਇਸ ਪਰੰਪਰਾ ਨੂੰ ਸਰਜੀਤ ਰੱਖਿਆ। ਕਰਤਾਰ ਸਿੰਘ ਦੁੱਗਲ ਨੇ ਆਂਦਰਾਂ ਦੇ ਮਗਰੋਂ ਆਪਣੇ ਨਾਵਲ ਨਹੁੰ ਤੇ ਮਾਸ ਤੇ ਇੱਕ ਦਿਲ ਵਿਕਾਊ ਹੈ ਵਿੱਚ ਪੋਠੋਹਾਰ ਦੇ ਲੋਕ ਸਭਿਆਚਾਰ ਨੂੰ ਆਪਣੇ ਗਲਪ ਦਾ ਖੇਤਰ ਬਣਾਈ ਰੱਖਿਆ।
ਪੰਜਾਬੀ ਨਾਵਲਕਾਰ ਪੰਜਾਬ ਦੇ ਲੋਕ ਸਭਿਆਚਾਰ ਦੀ ਵਿਦਵਤਾ ਤੇ ਪਾਸਾਰ ਤੋਂ ਪੂਰਨਭਾਂਤ ਸੁਚੇਤ ਰਹੇ ਹਨ ਅਤੇ ਇਨ੍ਹਾਂ ਨੇ ਪੰਜਾਬ ਦੇ ਕਈ ਆਂਚਲਾਂ ਪੋਠੋਹਾਰ, ਬਾਰ, ਮਾਲਵਾ, ਮਾਝਾ, ਸ਼ਾਹਪੁਰ ਕੰਡੀ, ਆਦਿ ਦੇ ਵਿਲੱਖਣ ਸਭਿਆਚਾਰਾਂ ਨੂੰ ਗਲਪ ਬੋਧ ਵਿੱਚ ਲਿਆਉਣ ਦੀ ਚੇਸ਼ਟਾ ਕੀਤੀ ਹੈ। ਪਰ ਅਜੇ ਕਈ ਆਂਚਲ ਅਤੇ ਪਛੜੀਆਂ ਲੋਕ ਸੰਸਕ੍ਰਿਤੀਆਂ ਅਣਛੋਹੀਂਆਂ ਪਈਆਂ ਹਨ। ਪੰਜਾਬੀ ਨਾਲ ਵਿੱਚ ਲੋਕ ਸਭਿਆਚਾਰ ਦੇ ਅਨੇਕਾਂ ਪੱਖ ਪਾਸਾਰ ਤੇ ਰੂੜ੍ਹੀਆਂ ਇਤਨੇ ਉਭਰਵੇਂ ਰੂਪ ਵਿੱਚ ਪ੍ਰਾਪਤ ਹਨ ਕਿ ਇਨ੍ਹਾਂ ਦੇ ਆਧਾਰ ਉੱਪਰ ਪੰਜਾਬੀਆਂ ਦੇ ਲੋਕ ਵਿਸ਼ਵਾਸ, ਸੰਸਕਾਰਾਂ, ਤਿਉਹਾਰਾਂ, ਰੀਤਾ ਰਸਮਾਂ ਤੇ ਮਨੌਤਾਂ ਆਦਿ ਬਾਰੇ ਪੂਰਾ ਕੋਸ਼ ਤਿਆਰ ਕੀਤਾ ਜਾ ਸਕਦਾ ਹੈ।
ਪ੍ਰੋ. ਪੂਰਨ ਸਿੰਘ ਦੀ ਕਵਿਤਾ ਤੇ ਪੰਜਾਬ
ਸੋਧੋਪ੍ਰੋ. ਪੂਰਨ ਸਿੰਘ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਦਾ ਵਿਸ਼ਾ ਵਸਤੂ ਪੰਜਾਬ ਦਾ ਪ੍ਰਾਕਿਰਤਕ ਸੌਂਦਰਅ, ਸਭਿਆਚਾਰਕ ਰੂਪ ਰੰਗ ਅਤੇ ਆਚਾਰ-ਵਿਹਾਰ ਹੈ ਅਤੇ ਇਹ ਕਵਿਤਾਵਾਂ ਪ੍ਰੋ. ਪੂਰਨ ਸਿੰਘ ਦੀਆਂ ਪੰਜਾਬ ਪ੍ਰਤੀ ਭਾਵਨਾਵਾਂ ਅਤੋ ਸੋਚ ਦੀ ਪੇਸ਼ਕਾਰੀ ਪੂਰੀ ਸੁਹਿਰਦਤਾ ਨਾਲ ਕਰਨ ਕਰਕੇ ਇਸ ਦੀ ਸਮੁੱਚੀ ਕਾਵਿ ਦੀ ਮੂਲ ਪਛਾਣ ਬਣ ਜਾਂਦੀਆਂ ਹਨ।
- ਪਰੰਪਰਾ ਨਾਲ ਮੋਹ
ਇਸ ਤਰ੍ਹਾਂ ਜਦੋਂ ਉਹ ਪੰਜਾਬ ਦੇ ਮਾਲ ਡੰਗਰ ਨੂੰ ਜੀਣ ਲਈ ਅਸੀਸਾਂ ਦਿੰਦਾ ਹੈ ਤਾਂ ਹਰ ਵਾਰ ਸ਼ੁੱਧ ਰੂਪ ਵਿੱਚ ਉਸਦਾ ਪਸ਼ੂਆਂ ਪ੍ਰਤੀ ਮੋਹ ਦਾ ਲਿਖਾਇਕ ਨਹੀਂ ਹੁੰਦਾ ਸਗੋਂ ਇਸ ਲਈ ਕਿ ਉਹ ਸਾਡੀ ਸੰਸਕ੍ਰਿਤਿਕ ਪਰੰਪਰਾ ਦਾ ਹਿੱਸਾ ਬਣ ਚੁੱਕੇ ਹਨ ਅਤੇ ਸਾਡੇ ਆਨੰਦ ਵਿਨੋਦੀ ਜੀਵਨ ਵਿੱਚ ਇੱਕ ਪਾਤਰ ਹਨ। ਘੋੜੀ ਸਿਰਫ ਘੋੜੀ ਨਾ ਰਹਿਕੇ ਸਾਡੇ ਚਾਵਾਂ ਦੀ ਪ੍ਰਤੀਕ ਬਣ ਚੁੱਕੀ ਹੈ-
ਉਹ ਭੈਣਾਂ ਲਾੜੇ ਦੀਆਂ ਦਾ ਗਾ ਗਾ
ਵਾਂਗਾਂ ਦਾ ਗੁੰਦਣਾ।
ਉਹ ਘੋੜੀ ਚਿੱਟੀ ਦਾ ਨਾਜ ਤੇ ਚਾਅ ਵਿਚ
ਲਾੜੇ ਨੂੰ ਚਕ ਮੋਢੇ ਖੁਸ਼ੀ ਥੀਣਾ।
ਉਹਦੇ ਗਲ ਦੀਆਂ ਗਾਨੀਆਂ ਦਾ ਭੈਣਾਂ ਨਾਲ
ਰਲ ਮਿਲ ਗਾਵਣਾਂ।
(ਪੁਰਾਣੇ ਪੰਜਾਬ ਨੂੰ ਆਵਾਜ਼ਾਂ)
- ਲੋਕ ਸੰਸਕ੍ਰਿਤੀ ਪ੍ਰਤੀ ਭਾਵੁਕ
ਪ੍ਰੋ. ਪੂਰਨ ਸਿੰਘ ਦੇ ਵਿੱਚ ਲੋਕ ਸੰਸਕ੍ਰਿਤੀ ਦੇ ਧਾਰਨੀ ਦੇ ਮਾਨਸ ਵਾਲੀਆਂ ਪ੍ਰਵਿਰਤੀਆਂ ਪ੍ਰਬਲ ਸਨ। ਲੋਕਮਨ ਵਿਗਿਆਨੀ ਮਨ ਅੰਦਰੋਂ ਵੀ ਕਦੇ ਨਹੀਂ ਮਰਦਾ। ਕੇਵਲ ਉਹ ਅਚੇਤ ਵਿੱਚ ਚਲਾ ਜਾਂਦਾ ਹੈ। ਪਰ ਜਦੋਂ ਕੋਈ ਵਿਗਿਆਨੀ ਵੀ ਲੋਕ ਸੰਸਕ੍ਰਿਤੀ ਪ੍ਰਤੀ ਭਾਵੁਕ ਹੋ ਉਠਦਾ ਹੈ ਤਾਂ ਅਚੇਤ ਵਿੱਚ ਟਿਕੇ ਲੋਕਮਨ ਦਾ ਆਪਣੇ ਜਲੌਅ ਵਿੱਚ ਪ੍ਰਗਟ ਹੋਣਾ ਸੁਭਾਵਿਕ ਹੈ।
- ਲੋਕ ਮਨ ਦੀ ਅਭੀਵਿਅਕਤੀ
ਉਹ ਆਪਣੇ ਵਿਗਿਆਨੀ ਮਨ ਨੂੰ ਤਿਆਗਕੇ ਲੋਕਮਨ ਵਿੱਚ ਜੀਣ ਲਈ ਤਾਂਘਦਾ ਹੈ ਲੋਕ ਮਨ ਸਰਲ ਚਿੱਤ ਹੁੰਦਾ ਹੈ। ਇਹ ਮਨੁੱਖ ਨੂੰ ਉਹਦੀ ਆਤਮਿਕ-ਮਾਨਸਿਕ ਅਵਸਥਾ ਵਿੱਚ ਲੈ ਜਾਂਦਾ ਹੈ। ਇੱਕ ਮਿੱਥਕ ਸੰਸਾਰ ਵਿੱਚ ਜਿੱਥੇ ਕਲਪਨਾ ਹੀ। ਯਥਾਰਥ ਹੋ ਨਿੱਬੜਦੀ ਹੈ। ਅਜਿਹੀ ਮਾਨਸਿਕ ਸਥਿਤੀ ਵਿੱਚ ਜੋ ਆਨੰਦ ਆਉਂਦਾ ਹੈ। ਉਹ ਵਿਗਿਆਨਕ ਮਾਨਸਿਕ ਸਥਿਤੀ ਵਿੱਚ ਕਦੇ ਨਹੀਂ ਮਾਣਿਆ ਜਾ ਸਕਦਾ।
- ਪੰਜਾਬ ਦੀ ਪਛਾਣ
ਪੰਜਾਬ ਦੀ ਪੁਰਾਣੀ ਸੰਸਕ੍ਰਿਤੀ ਪਿਆਰ ਸਦਕਾ ਹੀ ਕਵੀ ਨੂੰ ਟੁੰਬਦੀ ਹੈ। ਇਸੇ ਲਈ ਉਹ ਪੰਜਾਬ ਨੂੰ ਆਵਾਜ਼ਾਂ ਮਾਰਦਾ ਹੈ। ਉਪਰੋਕਤ ਸਾਰੀ ਚਰਚਾ ਤੋਂ ਸਿੱਧ ਹੁੰਦਾ ਹੈ ਕਿ ਪ੍ਰੋ. ਪੂਰਨ ਸਿੰਘ ਪੰਜਾਬ ਦੀ ਪੁਰਾਣੀ ਵਿਨੋਦੀ ਪਰੰਪਰਾ ਅਤੇ ਲੋਕ ਸੰਸਕ੍ਰਿਤੀ ਨੂੰ ਸੁਰਜੀਤ ਵੇਖਣਾ ਚਾਹੁੰਦਾ ਸੀ ਤੇ ਪੰਜਾਬ ਨਾਲ ਸੰਬੰਧਿਤ ਕਵਿਤਾਵਾਂ ਵਿੱਚ ਲੋਕਮਨ ਦੀਆਂ ਕਈ ਪ੍ਰਵਿਰਤੀਆਂ ਆਪਣੇ ਪੂਰੇ ਜਲੌਅ ਵਿੱਚ ਵੇਖੀਆਂ ਜਾ ਸਕਦੀਆਂ ਹਨ।