ਪੰਜਾਬੀ ਸੱਭਿਆਚਾਰ ਅਤੇ ਮਨੋਵਿਗਿਆਨ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਸੱਭਿਆਚਾਰ :ਸ਼ਾਬਦਿਕ ਅਰਥ
ਸੋਧੋਸੱਭਿਆਚਾਰ ਅੰਗਰੇਜੀ ਭਾਸ਼ਾ ਦੇ ਸ਼ਬਦ 'ਕਲਚਰ’ਦਾ ਸਮਾਨਾਰਥੀ ਹੈ।ਹਿੰਦੀ ਵਿਦਵਾਨ ਇਸ ਲਈ ਸੰਸਕ੍ਰਿਤ ਸ਼ਬਦ ਦੀ ਵਰਤੋਂ ਕਰਦੇ ਹਨ। ਪੰਜਾਬੀ ਵਿੱਚ ਡਾ.ਟੀ. ਆਰ ਵਿਨੋਦ ਨੇ ਇਸ ਲਈ ਸੰਸਕ੍ਰਿਤ ਸ਼ਬਦ ਵਰਤਿਆ ਹੈ।ਸੱਭਿਆਚਾਰ ਮੂਲ ਰੂਪ ਵਿੱਚ ਦੋ ਸ਼ਬਦਾਂ ਸਭਿਅ ਅਤੇ ਆਚਾਰ (ਸਭਿਅ+ਆਚਾਰ) ਦੇ ਸੁਮੇਲ ਤੋਂ ਹੋਂਦ ਗ੍ਰਹਿਣ ਕਰਦਾ ਹੈ।ਸਭਿਅ,ਸ ਅਤੇ ਭੈਅ(ਸ+ਭੈਅ) ਦਾ ਸੁਮੇਲ ਹੈ। ਇਸ ਵਿੱਚ ‘ਸ’ ਦਾ ਅਰਥ ਇੱਛਤ/ਚੰਗਾ ਹੈ ਅਤੇ ਭੈਅ ਨੂੰ ਨਿਯਮ/ ਵਿਉਂਤ/ ਤਰਤੀਬ ਅਤੇ ਅਨੁਸ਼ਾਸ਼ਨ ਦੇ ਅਰਥਾਂ ਵਿੱਚ ਲਿਆ ਜਾਂਦਾ ਹੈ। ਆਚਾਰ ਅੱਗੋਂ (ਆ+ਚਾਰ) ਦਾ ਸੰਯੋਜਨ ਹੈ ਜਿਸ ਵਿੱਚ ਆ ਤੋਂ ਭਾਵ ਵੱਡਾ ਵਿਆਪਕ ਹੈ ਅਤੇ ਇਸਦੇ ਪਿਛੋਕੜ ਵਿੱਚ ਚਰ ਸ਼ਬਦ ਮੌਜੂਦ ਹੈ। ਇਹ ਚਾਲ-ਚਲਨ ਦੀ ਦ੍ਰਿਸ਼ਟੀ ਨਾਲ ਸੰਬੰਧਿਤ ਹੈ। ਇਸ ਤਰ੍ਹਾਂ ਆਚਾਰ ਤੋਂ ਭਾਵ ਵਰਤੋਂ-ਵਿਹਾਰ ਅਤੇ ਚਾਲ-ਚਲਣ ਤੋਂ ਹੈ।[1]
ਪਰਿਭਾਸ਼ਾ
ਸੋਧੋਈ.ਬੀ. ਟਾਇਲਰ ਅਨੁਸਾਰ,"ਸੱਭਿਆਚਾਰ ਜਾਂ ਸਭਿਅਤਾ ਆਪਣੇ ਮਾਨਵ ਜਾਤੀ-ਵਿਗਿਆਨਕ ਅਰਥਾਂ ਵਿੱਚ ਅਜਿਹਾ ਜਟਿਲ ਸਮੁੱਚ ਹੈ,ਜਿਸ ਵਿੱਚ ਗਿਆਨ,ਵਿਸ਼ਵਾਸ਼,ਕਲਾ,ਨੈਤਿਕਤਾ,ਕਾਨੂੰਨ,ਰੀਤੀ-ਰਿਵਾਜ ਅਤੇ ਹੋਰ ਸਭ ਸਮਰੱਥਾਵਾਂ ਅਤੇ ਆਦਤਾਂ ਆ ਜਾਂਦੀਆ ਹਨ,ਜਿਹੜੀਆਂ ਮਨੁੱਖ, ਸਮਾਜ ਦੇ ਇੱਕ ਮੈਂਬਰ ਹੋਣ ਦੇ ਨਾਤੇ,ਗ੍ਰਹਿਣ ਕਰਦਾ ਹੈ।"[2]
ਪ੍ਰੋ.ਗੁਰਬਖ਼ਸ਼ ਸਿੰਘ ਫ਼ਰੈਕ ਅਨੁਸਾਰ, “ਸੱਭਿਆਚਾਰ ਇੱਕ ਜੁੱਟ ਅਤੇ ਜਟਿਲ ਸਿਸਟਮ ਹੈ,ਜਿਸ ਵਿੱਚ ਕਿਸੇ ਮਨੁੱਖੀ ਸਮਾਜ ਦੇ ਨਿਸ਼ਚਿਤ ਇਤਿਹਾਸਕ ਪੜਾਅ ਉੱਤੇ ਪ੍ਰਚੱਲਿਤ ਕਦਰਾਂ-ਕੀਮਤਾਂ ਅਤੇ ਉਹਨਾਂ ਨੂੰ ਪ੍ਰਗਟ ਕਰਦੇ ਮਨੁੱਖੀ ਵਿਹਾਰ ਦੇ ਪੈਟਰਨ ਅਤੇ ਪਦਾਰਥਕ ਅਤੇ ਬੌਧਕ ਵਰਤਾਰੇ ਸ਼ਾਮਲ ਹਨ।”[3]
ਮਨੋਵਿਗਿਆਨ
ਸੋਧੋਮਨੋਵਿਗਿਆਨ ਦੀ ਸਭ ਤੋਂ ਸਾਧਾਰਨ ਤੇ ਸੰਖੇਪ ਪਰਿਭਾਸ਼ਾ ਇਹ ਹੈ, “ਮਨ ਸੰਬੰਧੀ ਵਿਗਿਆਨ ਮਨੋ-ਵਿਗਿਆਨ ਹੈ।”ਮਨੋ-ਵਿਗਿਆਨ ਨੂੰ ਮਨ-ਸੰਬੰਧੀ ਵਿਗਿਆਨ ਕਹਿਣ ਨਾਲ ਇਹ ਸਪੱਸ਼ਟ ਨਹੀਂ ਹੁੰਦਾ ਕਿ ਮਨ ਸ਼ਬਦ ਦਾ ਪ੍ਰਯੋਗ ਕਿਸ ਅਰਥ ਵਿੱਚ ਕੀਤਾ ਗਿਆ ਹੈ। ਇਸ ਲਈ ਅਰਥ ਦੀ ਸਪੱਸ਼ਟਤਾ ਅਤੇ ਪਰਿਭਾਸ਼ਾ ਦੀ ਸੁਬੋਧਤਾ ਲਈ ਮਨੋ-ਵਿਗਿਆਨ ਨੂੰ ਮਾਨਸਿਕ ਅਨੁਭਵਾਂ ਜਾਂ ਕਾਰਜਾਂ ਦਾ ਵਿਗਿਆਨ ਕਹਿਣਾ ਚਾਹੀਦਾ ਹੈ।ਮਨੁੱਖ ਦੇ ਮਨ ਵਿੱਚ, ਹਰ ਵੇਲੇ ਕੋਈ ਨਾ ਕੋਈ ਵਿਚਾਰ ਚਲਦੇ ਹੀ ਰਹਿੰਦੇ ਹਨ,ਇੱਛਾਵਾਂ ਤੇ ਚੇਸ਼ਟਾਵਾਂ ਉਠਦੀਆਂ ਹੀ ਰਹਿੰਦੀਆਂ ਹਨ,ਅੱਡ-ਅੱਡ ਪ੍ਰਕਾਰ ਦੀਆਂ ਕਈ ਅਨੁਭੂਤੀਆਂ ਉਹ ਅਨੁਭਵ ਕਰਦਾ ਹੀ ਰਹਿੰਦਾ ਹੈ।ਇਹਨਾਂ ਸਭ ਵਿਚਾਰਾਂ,ਇੱਛਾਵਾਂ ਅਤੇ ਅਨੁਭੂਤੀਆਂ ਦੀ ਪੜਤਾਲ ਅਤੇ ਵਿਆਖਿਆ ਕਰਨ ਵਾਲੇ ਵਿਗਿਆਨ ਨੂੰ ਮਨੋ-ਵਿਗਿਆਨ ਕਹਿੰਦੇ ਹਨ।ਮਨੋ-ਵਿਗਿਆਨ ਇੱਕ ਵਿਅਕਤੀ ਦੇ ਮਨ ਅਰਥਾਤ ਮਾਨਸਿਕ ਅਨੁਭਵ ਜਾਂ ਵਰਤਾਰਿਆਂ ਦਾ ਅਧਿਐਨ ਨਹੀਂ ਹੈ। ਇੱਕ ਵਿਅਕਤੀ ਦੇ ਮਨ ਦੇ ਅਧਿਐਨ ਦੇ ਆਧਾਰ ਉੱਤੇ ਕਿਸੇ ਵਿਗਿਆਨ ਦੀ ਉਸਾਰੀ ਸੰਭਵ ਵੀ ਨਹੀਂ ਹੈ। ਮਾਨਸਿਕ ਵਰਤਾਰਿਆਂ ਦੇ ਅਧਿਐਨ ਨੂੰ ਵਿਗਿਆਨ ਦਾ ਰੂਪ ਦੇਣ ਲਈ ਦੂਜੇ ਵਿਅਕਤੀਆਂ ਤੇ ਪ੍ਰਾਣੀਆਂ ਦੇ ਮਨ ਨੂੰ ਖੜ੍ਹਨਾਂ ਅਤੇ ਸਮਝਣਾ ਵੀ ਲੋੜੀਦਾ ਹੈ।[4]
ਸੱਭਿਆਚਾਰ ਅਤੇ ਮਨੋਵਿਗਿਆਨ
ਸੋਧੋਆਧੁਨਿਕ ਯੁੱਗ ਵਿੱਚ ਜੀਵਨ ਦਾ ਕੋਈ ਵੀ ਪੱਖ ਅਜਿਹਾ ਨਹੀਂ ਜਿਹੜਾ ਮਨੋਵਿਗਿਆਨ ਤੋਂ ਪ੍ਰਭਾਵਿਤ ਨਾ ਹੋਇਆ ਹੋਵੇ। ਅਸੀ ਸਾਰੇ ਜਾਣਦੇ ਹਾਂ ਕਿ ਮਨੋਵਿਗਿਆਨ ਨੇ ਧਰਮ,ਦਰਸ਼ਨ,ਇਤਿਹਾਸ ਆਦਿ ਦੇ ਖੇਤਰਾਂ ਵਾਂਗ ਸਾਹਿਕ ਅਤੇ ਸੱਭਿਆਚਾਰ ਦੇ ਖੇਤਰਾਂ ਉੱਤੇ ਵੀ ਡੂੰਘੇ ਅਤੇ ਵਿਸ਼ਾਲ ਪ੍ਰਭਾਵ ਪਾਏ ਹਨ। ਜਿਸ ਢੰਗ ਨਾਲ ਪਹਿਲੇ ਸਾਹਿਤ ਅਤੇ ਸੱਭਿਆਚਾਰ ਦਾ ਅਧਿਐਨ ਕੀਤਾ ਜਾਂਦਾ ਸੀ,ਉਸਦੇ ਮੁਕਾਬਲੇ ਮਨੋਵਿਗਿਆਨ ਨੇ ਅਸਲੋਂ ਹੀ ਨਵੀਂ ਵਿਧੀ ਦਾ ਨਿਰਮਾਣ ਕੀਤਾ ਹੈ। ਇਸੇ ਕਰਕੇ ਕਹਿੰਦੇ ਹਨ ਕਿ ਮਨੋਵਿਗਿਆਨ ਨੇ ਸਾਹਿਤ ਅਤੇ ਸੱਭਿਆਚਾਰ ਨੂੰ ਨਿਰਖਣ-ਪਰਖਣ ਦੇ ਢੰਗਾਂ ਨੂੰ ਅੰਦਰੋਂ ਬਾਹਰੋਂ ਬਦਲ ਦਿੱਤਾ ਹੈ। ਮਨੋਵਿਗਿਆਨ ਨੇ ਮਨੁੱਖੀ ਮਨ ਅਤੇ ਉਸ ਰਾਹੀਂ ਸੱਭਿਆਚਾਰਕ ਵਰਤਾਰਿਆਂ ਦੇ ਅਧਿਐਨ ਲਈ ਜਿਹੜੀ ਵਿਧੀ ਦਾ ਨਿਰਮਾਣ ਕੀਤਾ ਹੈ,ਉਸਨੂੰ ਮਨੋਵਿਸ਼ਲੇਸ਼ਣ ਵਿਧੀ ਕਹਿੰਦੇ ਹਨ।ਫ਼ਰਾਇਡ ਦੀ ਵਡਮੁੱਲੀ ਦੇਣ ਇਸ ਗੱਲ ਵਿੱਚ ਨਹੀਂ ਕਿ ਉਹ ਸੱਭਿਆਚਾਰ ਬਾਰੇ ਕੀ ਕਹਿੰਦਾ ਹੈ। ਸਗੋਂ ਇਸ ਗੱਲ ਵਿੱਚ ਹੈ ਕਿ ਉਸਨੇ ਹੀ ਪਹਿਲੀ ਵਾਰ ਪ੍ਰਮਾਣਿਕ ਢੰਗ ਦੱਸਿਆ ਹੈ ਕਿ ਮਨੁੱਖੀ ਮਨ ਸੱਭਿਆਚਾਰ ਤੋਂ ਕਿਵੇਂ ਅਤੇ ਕਿਤਨਾ ਪ੍ਰਭਾਵਿਤ ਹੁੰਦਾ ਹੈ ਅਤੇ ਮੋੜਵੇਂ ਰੂਪ ਵਿੱਚ ਕਿਵੇਂ ਪ੍ਰਭਾਵਿਤ ਕਰਦਾ ਹੈ ਅਰਥਾਤ ਉਸਨੇ ਸੱਭਿਆਚਾਰਕ ਮਨੁੱਖ ਦੇ ਅਚੇਤ ਮਨ ਵਿੱਚ ਸਾਡੀ ਝਾਤ ਪੁਆਈ ਹੈ।ਫ਼ਰਾਇਡ ਨੇ ਸੱਭਿਆਚਾਰ ਨੂੰ ਤਾਂ ਬਾਹਰੋਂ ਦੇਖਿਆ ਪਰ ਮਨੁੱਖੀ ਮਨ ਦਾ ਅੰਦਰੋਂ ਅਧਿਐਨ ਕੀਤਾ ਅਤੇ ਇਹ ਦੱਸਣ ਦਾ ਯਤਨ ਕੀਤਾ ਕਿ ਮਨੁੱਖ ਆਪਣੇ ਅਚੇਤ ਮਨ ਨਾਲ ਚਲਾਇਆ ਚੱਲਦਾ ਹੈ। ਸਾਹਿਤ ਮਨੁੱਖ ਦੀ ਆਪਣੀ ‘ਮੈਂ’ ਦੀ ਹੀ ਗੂੰਜ ਹੁੰਦਾ ਹੈ ਅਤੇ ਮਨੁੱਖ ਦਾ ਅਚੇਤ ਮਨ ਹੀ ਉਸਦੇ ਸੱਭਿਆਚਾਰ ਨੂੰ ਜੀਵਨ ਰੱਖਣ ਵਿੱਚ ਸਹਾਈ ਹੁੰਦਾ ਹੈ।[5]
ਪੰਜਾਬੀ ਸੱਭਿਆਚਾਰ ਵਿੱਚ ਚੇਤੰਨਤਾ ਦਾ ਆਰੰਭ
ਸੋਧੋਸੱਭਿਆਚਾਰ ਦੇ ਅਧਿਐਨ ਦੀ ਸੰਭਾਵਨਾ ਪਿਛਲੇ ਕੁੱਝ ਦਹਾਕਿਆਂ ਵਿੱਚ ਹੀ ਉਜਾਗਰ ਹੋਈ ਹੈ। ਪੰਜਾਬੀਆਂ ਵਿੱਚ ਆਪਣੇ ਸੱਭਿਆਚਾਰ ਬਾਰੇ ਚੇਤੰਨਤਾ ਹੋਰ ਵੀ ਮਗਰੋਂ ਅਤੇ ਪੜਾਅ –ਪੜਾਅ ਕਰਕੇ ਆਈ ਹੈ ਭਾਵੇਂ ਪੰਜਾਬੀਆਂ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਵਿਗਾੜ ਕੇ ਪੇਸ਼ ਕਰਨ ਦਾ ਅਤੇ ਪੰਜਾਬੀਆਂ ਨੂੰ ਸੱਭਿਆਚਾਰ ਤੋਂ ਸੱਖਣੇਂ ਕਹਿਣ ਦਾ ਕੰਮ ਵੀ ਅੰਗਰੇਜਾਂ ਨੇ ਆਪਣੇ ਸਮਾਜੀ ਹਿੱਤਾਂ ਦੇ ਅਧੀਨ ਕੀਤਾ,ਪਰ ਇਹ ਵੀ ਸੱਚ ਹੈ ਕਿ ਕੁੱਝ ਸਰਵੇਖਣਾਂ ਦੀ ਸ਼ਕਲ ਵਿੱਚ ਐਸਾ ਕੰਮ ਵੀ ਅੰਗਰੇਜਾਂ ਨੇ ਹੀ ਕੀਤਾ ਜਿਹੜਾ ਸਾਡੀ ਸੱਭਿਆਚਾਰਕ ਵਿੱਲਖਣਤਾ ਦੀ ਪਛਾਣ ਦਾ ਅਤੇ ਪੰਜਾਬੀ ਸੱਭਿਆਚਾਰ ਦੇ ਅਧਿਐਨ ਦਾ ਮੁੱਢ ਬਣਿਆ। ਸੋ ਪ੍ਰਤੱਖ ਤੌਰ 'ਤੇ ਸਾਡਾ ਸੱਭਿਆਚਾਰ ਸੰਬੰਧੀ ਅਧਿਐਨ ਅਜੇ ਲੋਕਯਾਨ ਦੇ ਖੇਤਰ ਤੋਂ ਅੱਗੇ ਨਹੀਂ ਤੁਰਿਆ।ਮਨੋਵਿਗਿਆਨ ਦੀ ਦ੍ਰਿਸ਼ਟੀ ਤੋਂ ਅਸੀ ਅਜੇ ਆਪਣੇ ਸੱਭਿਆਚਾਰ ਦਾ ਅਧਿਐਨ ਕਰਨਾ ਹੈ।[6]
ਸੱਭਿਆਚਾਰ ਦਾ ਮਨੁੱਖੀ ਮਨ ਨਾਲ ਸੰਬੰਧ
ਸੋਧੋਸੱਭਿਆਚਾਰ ਦਾ ਮਨੁੱਖੀ ਮਨ ਨਾਲ ਵਿਸ਼ੇਸ਼ ਅਤੇ ਸਿੱਧਾ ਸੰਬੰਧ ਹੁੰਦਾ ਹੈ,ਇਹੀ ਕਾਰਨ ਹੈ ਕਿ ਇਸ ਖੇਤਰ ਨੇ ਮਨੋਵਿਗਿਆਨੀਆਂ ਨੂੰ ਪ੍ਰਭਾਵਿਤ ਕੀਤਾ ਹੈ। ਜੋ ਅਸੀ ਸਿੱਖਦੇ ਪੜਦੇ ਹਾਂ,ਸਾਡਾ ਸੱਭਿਆਚਾਰ ਉਸਨੂੰ ਆਪਣੇ ਹੀ ਢੰਗ ਨਾਲ ਆਪਣੇ ਵਿੱਚ ਸਮੋ ਲੈਂਦਾ ਹੈ। ਸਮੋਣ ਦਾ ਇਹ ਢੰਗ,ਮਾਤਰਾ ਅਤੇ ਪੱਧਰ ਹਰ ਇੱਕ ਸੱਭਿਆਚਾਰ ਦਾ ਵੱਖਰਾ ਹੂੰਦਾ ਹੈ।ਜਿਸਦੇ ਚਲਾਏ ਅਸੀ ਚਲਦੇ ਹਾਂ। ਇਸੇ ਕਰਕੇ ਕਹਿੰਦੇ ਹਨ ਕਿ ਸਭ ਕੁੱਝ ਗੁਆਉਣ ਤੋਂ ਬਾਅਦ ਵੀ ਵਿਅਕਤੀ ਕੋਲ ਉਸਦਾ ਉਸਦਾ ਸੱਭਿਆਚਾਰ ਬਚ ਜਾਂਦਾ ਹੈ।ਉਹ ਅਸਲ ਵਿੱਚ ਸਾਡਾ ਆਪਣਾ ਨਹੀਂ ਹੁੰਦਾ ਤੇ ਜੋ ਕੁੱਝ ਸਾਡਾ ਆਪਣਾ ਹੈ ਉਹ ਖੋਹਿਆ ਜਾ ਹੀ ਨਹੀਂ ਸਕਦਾ ਹੈ।ਸੱਭਿਆਚਾਰ ਸਾਡੀ ਚੇਤਨਾ ਅੰਦਰ ਸਾਡੀ ਚੇਤਨਾ ਦੀ ਰੱਖਿਆ ਕਰਨ ਵਾਲੀ ਚੇਤਨਾ ਹੁੰਦੀ ਹੈ।ਇਹ ਧੁਰ ਅੰਦਰਲੀ ਚੇਤਨਾ ਹੀ ਸਾਨੂੰ ਜੀਵਨ ਸ਼ਕਤੀ ਪ੍ਰਦਾਨ ਕਰਦੀ ਹੈ।ਇਹੀ ਚੇਤਨਾ ਸਾਨੂੰ ਹਾਰਨ ਦੇ ਬਾਵਜੂਦ ਹਾਰਨ ਨਹੀਂ ਦਿੰਦੀ।[7]
ਪੰਜਾਬੀ ਸੱਭਿਆਚਾਰ ਦੇ ਅਧਿਐਨ ਲਈ ਮਨੋਵਿਗਿਆਨਕ ਸਿਧਾਂਤ
ਸੋਧੋਪੰਜਾਬੀ ਸੱਭਿਆਚਾਰ ਦੇ ਅਧਿਐਨ ਵਿੱਚ ਕਈ ਸਿਧਾਂਤ ਮਨੋਵਿਗਿਆਨ ਦੇ ਸਾਮਾਨਯ ਪਹਿਲੂਆਂ ਨਾਲ ਜੁੜੇ ਹੋਏ ਹਨ। ਇਹ ਸਿਧਾਂਤ ਮਨੁੱਖੀ ਮਨ ਦਾ ਅਧਿਐਨ ਉਸਦੇ ਵਿਵਹਾਰ, ਆਚਰਨ ਤੇ ਸਰੀਰਕ ਕਰਮਾਂ ਰਾਹੀਂ ਕਰਦੇ ਹਨ। ਸੱਭਿਆਚਾਰ ਦਾ ਅਧਿਐਨ ਮਨੋਵਿਗਿਆਨ ਦੇ ਸਿਧਾਤਾਂ ਦੀ ਲੋਅ ਵਿੱਚ ਸੱਭਿਆਚਾਰਕ ਮਾਨਸਿਕ ਅਨੂਭਵਾਂ,ਵਰਤਾਰਿਆਂ ਜਾਂ ਪ੍ਰਵਿਰਤੀਆਂ ਦੇ ਪ੍ਰਸੰਗ ਵਿੱਚ ਕੀਤਾ ਜਾਂਦਾ ਹੈ।ਇਸਦੀ ਸ਼ੁਰੂਆਤ ਹਰਬਰਟ ਸਪੈਂਸਰ,ਸਿੰਗਮੰਡ ਫ਼ਰਾਇਡ,ਕਾਰਲ ਵਿਦਵਾਨਾਂ ਨੇ ਕੀਤੀ। ਸਭ ਤੋਂ ਪਹਿਲਾਂ ਹਰਬਰਟ ਸਪੈਂਸਰ ਨੇ ਜੀਵ ਵਿਗਿਆਨਿਕ ਵਿਧੀਆਂ ਰਾਹੀਂ ਸੱਭਿਆਚਾਰ ਮਾਨਸਿਕ ਵਰਤਾਰਿਆਂ ਨੂੰ ਸਮਝਣ ਦਾ ਯਤਨ ਕੀਤਾ। ਉਸਨੇ ਇਸ ਕਾਰਜ ਵਿੱਚ ਮੁੱਖ ਤੌਰ 'ਤੇ ਡਾਰਵਿਨ ਦੇ ਸਿਧਾਤਾਂ ਨੂੰ ਮਾਨਸਿਕ ਵਰਤਾਰਿਆਂ ਤੇ ਲਾਗੂ ਕਰਦਿਆਂ ਸਪੈਂਸਰ ਇਸ ਗੱਲ ਤੇ ਜੋਰ ਦਿੰਦਾ ਹੈ ਕਿ ਮਨੁੱਖ ਆਪਣੇ ਜੀਵਨ ਤਜ਼ਰਬੇ ਰਾਹੀਂ ਕੁੱਝ ਮਾਨਸਿਕ ਲੱਛਣ ਗ੍ਰਹਿਣ ਕਰਦਾ ਹੈ,ਜਿਹੜੇ ਉਸਦੀ ਹੋਂਦ ਲਈ ਸਹਾਈ ਹੁੰਦੇ ਹਨ। ਅਤੇ ਪੀੜ੍ਹੀ-ਦਰ-ਪੀੜ੍ਹੀ ਚਲਦੇ ਹਨ।ਗਿਆਨ ਦੇ ਸਮੁੱਚੇ ਖੇਤਰ ਵਿੱਚ ਮਾਨਸਿਕ ਪ੍ਰਕਿਰਿਆ ਨੂੰ ਸੱਭਿਆਚਾਰ ਤੋਂ ਵੱਖ ਕਰਨਾ ਸੰਭਵ ਨਹੀਂ ਹੈ ਕਿਉਂਕਿ ਜੇ ਮਨੋਵਿਗਿਆਨ ਰਾਹੀਂ ਸੱਭਿਆਚਾਰ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਇਸ ਦਾ ਅੰਤ ਫ਼ਰਾਇਡ ਕਾਮ ਪ੍ਰਵਿਰਤੀ ਦੇ ਪਾਸਾਰ ਰਾਹੀਂ ਕਰਦਾ ਹੈ।ਸਿਗਮੰਡ ਫ਼ਰਾਇਡ ਨੇ ਇਸ ਸਿਧਾਂਤ ਅਧੀਨ ਸੁਫ਼ਨਿਆਂ ਨੂੰ ਅਚੇਤ ਮਨ ਦੇ ਦੱਬੇ ਹੋਏ ਵਿਚਾਰ ਵਜੋਂ ਪਰਖਿਆ ਅਤੇ ਮਿੱਥਾਂ ਦੇ ਅਧਿਐਨ ਲਈ ਪ੍ਰਯੋਗ ਕੀਤਾ। ਇਸ ਸਿਧਾਂਤ ਦੇ ਅੰਤਰਗਤ ਸੀ.ਜੀ,ਜੁੰਗ ਨੇ ਮਨੋਵਿਸ਼ਲੇਸ਼ਣਵਾਦ ਨੂੰ ਪ੍ਰਤੀਕਾਤਮਕ ਵਰਤਾਰੇ ਨਾਲ ਜੋੜ ਕੇ ਪੇਸ਼ ਕੀਤਾ।ਇਸ ਸੰਬੰਧੀ ਡਾ. ਜਸਵੰਤ ਸਿੰਘ ਨੇਕੀ ਦੀ ਧਾਰਨਾ ਹੈ,ਕਿ ਡਾ.ਯੁੰਗ ਨੇ ਮਨੋਵਿਸ਼ਲੇਸ਼ਣ ਰਾਹੀਂ ਇਹ ਸਿੱਧ ਕੀਤਾ ਕਿ ਮਾਨਵ- ਵਿਸ਼ਵਾਸ਼,ਸੁਪਨ-ਸਾਮੱਗਰੀ ਤੇ ਮਨੋਰੋਗ-ਚਿੰਨ੍ਹ ਵੀ ਸਮੂਹਿਕ ਅਵਚੇਤਨ ਵਿੱਚ ਪਏ ਪ੍ਰਾਚੀਨ ਸੰਸਕਾਰਾਂ ਆਦਿ-ਕਾਲੀ ਵਿਸ਼ਵਾਸਾਂ ਤੇ ਏਹੋ ਜੇਹੇ ਦੂਸਰੇ ਸਾਹਿਤਕ ਤੱਤਾਂ ਉੱਪਰ ਹੀ ਉਸਰਦੇ ਹਨ,ਜਿਹਨਾਂ ਵਿੱਚ ਧਰਮ,ਰਾਸ਼ਟਰ,ਰਸਮਾਂ,ਰਹੁ-ਰੀਤਾਂ,ਕਰਮਕਾਂਡ,ਕਲਾਤਮਕ ਪ੍ਰਤੀਕ ਆਦਿ ਸਭ ਸ਼ਾਮਿਲ ਰਹਿੰਦੇ ਹਨ।ਇਹਨਾਂ ਪੌਰਾਣਿਕ ਤੱਤਾਂ ਨੂੰ ਯੁੱਗ ਨੇ ਆਦਿਮ ਪ੍ਰਤਿਰੂਪ ਦਾ ਨਾਮ ਦਿੱਤਾ।ਯੁੰਗ ਦੇ ਸਿਧਾਂਤ ਮੁਤਾਬਕ ਚੇਤਨ ਨਿੱਜੀ ਅਚੇਤਨ ਵਿੱਚੋਂ ਨਿਖੜਦਾ ਹੈ ਤੇ ਨਿੱਜੀ ਅਚੇਤਨ ਸਮੂਹਿਕ ਅਵਚੇਤਨ ਵਿੱਚੋਂ। ਸਾਡੇ ਸੁਪਨਿਆਂ,ਕਲਾਤਮਕ ਪ੍ਰਤੀਕਾਂ, ਮਨੋਰੋਗ ਚਿੰਨ੍ਹਾਂ,ਮਿਥਿਹਾਸਕ ਕਥਾਵਾਂ ਤੇ ਲੋਕ-ਪਰੰਪਰਕ ਪਰੀ-ਕਹਾਣੀਆਂ ਆਦਿ ਵਿਚਾਲੇ ਇੱਕ ਬੁਨਿਆਦੀ ਸਾਂਝ ਹੈ। ਇਹਨਾਂ ਸਭਨਾਂ ਦੀਆਂ ਜੜ੍ਹਾਂ ਸਮੂਹਿਕ ਅਚੇਤਨ ਵਿੱਚ ਹੁੰਦੀਆਂ ਹਨ,ਜਿੱਥੋਂ ਦੇ ਆਦਿਮ-ਪ੍ਰਤਿਰੂਪਾਂ ਦੀ ਸਾਂਝ ਕਾਰਨ ਇਹਨਾਂ ਦੀਆਂ ਨੁਹਾਰਾਂ ਵਿੱਚ ਵੀ ਸਾਂਝ ਭਾਸਦੀ ਹੈ।[8]
ਪੰਜਾਬੀ ਸੱਭਿਆਚਾਰ ਦੇ ਮਨੋਵਿਗਿਆਨਿਕ ਆਧਾਰ
ਸੋਧੋਪ੍ਰਾਕਿਤੀ ਪ੍ਰਤੀ ਸੁਨੇਹ
ਸੋਧੋਇਹ ਆਮ ਧਾਰਣਾ ਹੈ ਕਿ ਸੱਭਿਆਚਾਰ ਦਾ ਵਿਕਾਸ ਪ੍ਰਕਿਤਿਕ ਮਨੁੱਖ ਤੋਂ ਸਮਾਜਿਕ ਮਨੁੱਖ ਬਣਨ ਦੀ ਪ੍ਰਕਿਆ ਦਾ ਨਤੀਜਾ ਹੈ।ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਹਰ ਥਾਂ ਪ੍ਰਕਿਤੀ ਨਾਲ ਮਨੁੱਖ ਦੇ ਸੰਘਰਸ਼ ਵਿੱਚੋਂ ਹੀ ਸੱਭਿਆਚਾਰ ਨੇ ਜਨਮ ਲਿਆ ਹੈ।ਪੰਜਾਬ ਦਾ ਪੌਣ ਪਾਣੀ ਸੁਹਾਵਣਾ,ਧਰਤੀ ਉਪਜਾਊ,ਇਲਾਕਾ ਕੁਦਰਤੀ ਨਜਾਰਿਆਂ ਨਾਲ ਭਰਪੂਰ ਅਤੇ ਖੁੱਲ੍ਹੇ-ਖਲਾਸੇ ਸੁਭਾਅ ਵਾਲਾ ਹੈ। ਇਸ ਸਥਿਤੀ ਦਾ ਨਤੀਜਾ ਇਹ ਨਿਕਲਿਆ ਹੈ ਕਿ ਪੰਜਾਬੀਆਂ ਦੇ ਮਨ ਵਿੱਚ ਪ੍ਰਕ੍ਰਿਤੀ ਪ੍ਰਤਿ ਵਿਰੋਧ ਦੀ ਥਾਂ ਸਨੇਹ ਅਤੇ ਸਤਿਕਾਰ ਦੀ ਭਾਵਨਾ ਹੈ।ਜੇਕਰ ਪੰਜਾਬੀਆਂ ਦੀ ਪ੍ਰਕ੍ਰਿਤੀ ਪ੍ਰਤੀ ਸੁਨੇਹ ਦੀ ਭਾਵਨਾ ਉਜਾਗਰ ਕਰਨੀ ਹੋਵੇ ਤਾਂ ਕਹਿ ਸਕਦੇ ਹਾਂ ਕਿ ਪੰਜਾਬੀਆਂ ਨੂੰ ਪਾਣੀਆਂ ਨਾਲ ਅਥਾਹ ਮੁਹੱਬਤ ਹੈ ਇਸੇ ਕਰਕੇ ਇਹਨਾਂ ਦੇ ਅਤਿ ਨਿੱਘੇ ਅਨੁਭਵ ਅਤੇ ਡੂੰਘੇ ਦੁਖਾਂਤ ਵੀ ਦਰਿਆਵਾਂ ਦੇ ਕਿਨਾਰੇ ਤੇ ਵਾਪਰੇ ਹਨ।[9]
ਪੰਜਾਬੀਆਂ ਦੀ ਚੇਤਨਾ ਦਾ ਆਧਾਰ ਧਰਮ
ਸੋਧੋਪੰਜਾਬੀਆਂ ਦੀ ਚੇਤਨਾ ਦਾ ਆਧਾਰ ਵਿਗਿਆਨ ਨਹੀਂ,ਧਰਮ ਹੈ। ਇਸਦਾ ਇੱਕ ਕਾਰਨ ਤਾਂ ਪੰਜਾਬੀਆਂ ਦਾ ਖੇਤੀਬਾੜੀ ਨਾਲ ਜੁੜੇ ਹੋਣਾ ਹੈ।ਦੂਜਾ ਕਾਰਨ ਇਹ ਵੀ ਹੈ ਕਿ ਪੰਜਾਬੀ ਅਤਿ ਭਾਵੁਕ ਹੋਣ ਕਾਰਨ ਕਿਸੇ ਗੁੰਝਲਦਾਰ ਸੋਚ ਦਾ ਧਾਰਣੀ ਨਹੀਂ।ਇਹ ਦੋਸ਼ ਜਾਂ ਗੁਣ ਦੀ ਗੱਲ ਨਹੀਂ,ਇਹ ਉਸਦੀ ਸੱਭਿਆਚਾਰਕ ਸਥਿਤੀ ਹੈ। ਇਹ ਹੈਰਾਨੀ ਦੀ ਗੱਲ ਨਹੀਂ ਕਿ ਪੰਜਾਬ ਨੇ ਪਿਛਲੇ ਦਹਾਕਿਆਂ ਵਿੱਚ ਜਿਤਨੇ ਚਿੰਤਕ ਜਾਂ ਵਿਗਿਆਨੀ ਪੈਦਾ ਕੀਤੇ ਹਨ (ਜਿਵੇਂ ਪ੍ਰਿੰ. ਜੇਧ ਸਿੰਘ,ਪ੍ਰੋ.ਪੂਰਨ ਸਿੰਘ,ਡਾ.ਬਲਵੀਰ ਸਿੰਘ)ਉਹ ਉਪਰੋਕਤ ਕਾਰਨ ਕਰਕੇ ਆਪਣਾ ਖੇਤਰ ਛੱਡ ਕੇ ਧਰਮ ਵਾਲੇ ਪਾਸੇ ਆਉਂਦੇ ਹਨ।ਪੰਜਾਬੀਆਂ ਦੇ ਕਾਲਜ ਸਕੂਲ ਕਮਜੋਰ ਹਨ।ਪਰ ਉਹਨਾਂ ਦੇ ਗੁਰਦੁਆਰੇ ਸਦਾ ਚਹਿਲ ਪਹਿਲ ਦੇ ਕੇਂਦਰ ਬਣੇ ਰਹੇ ਹਨ ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਧਰਮ ਦੇ ਖੇਤਰ ਵਿੱਚ ਵੀ ਪੰਜਾਬੀ ਕਿਸੇ ਬੰਧਨ ਜਾਂ ਰੋਕ ਨੂੰ ਸਵੀਕਾਰ ਨਹੀਂ ਕਰਦਾ।ਕਰਦਾ ਉਹੀ ਹੈ ਜੋ ਉਸ ਦੀ ਮਰਜੀ ਹੋਵੇ,ਪਰ ਬਾਦ ਵਿੱਚ ਅਰਦਾਸ ਵਿੱਚ ਭੁੱਲ ਬਖਸ਼ਾ ਲੈਂਦਾ ਹੈ।ਪੰਜਾਬੀ ਰੱਬ ਨਾਲ ਵੀ ਖੁੱਲ੍ਹ ਕੇ ਆਪਣੇ ਮਨ ਦੀ ਗੱਲ ਕਰ ਲੈਂਦਾ ਹੈ।[10]
ਵਿਆਹ ਪਿੱਛੇ ਮਨੋਵਿਗਿਆਨਿਕ ਕਾਰਨ
ਸੋਧੋਪੰਜਾਬ ਵਿੱਚ ਵਿਆਹ ਸਮੇਂ ਲਾੜੇ ਨਾਲ ਸੰਬੰਧਿਤ ਸਾਰੀਆਂ ਰਸਮਾਂ-ਰੀਤਾਂ ਅਸਲ ਵਿੱਚ ਉਸ ਜੋਧੇ-ਰਾਜਕੁਮਾਰ ਦੀ ਨਕਲ ਹਨ ਜਿਹੜਾ ਕਲਗੀ ਸਜਾ ਕੇ, ਛੱਤਰ ਝੁਲਵਾ ਕੇ, ਸ਼ਾਹੀ ਲਿਬਾਸ ਵਿੱਚ ਤਲਵਾਰ ਪਹਿਨ ਕੇ, ਘੋੜੇ ਉੱਤੇ ਚੜ੍ਹ ਕੇ,ਨਗਾਰੇ ਨਾਲ ਅਹਿਲਕਾਰਾਂ,ਵਜੀਰਾਂ ਦਰਬਾਰੀਆਂ ਨਾਲ ਦੂਜੇ ਰਾਜੇ ਉੱਤੇ ਹਮਲਾ ਕਰਨ ਜਾਂਦਾ ਹੈ। ਅੱਗੋਂ ਦੂਜੇ ਰਾਜੇ(ਲੜਕੀ ਦੇ ਪਿਤਾ ਕੋਲ ਦੋ ਹੀ ਰਾਹ ਹਨ ਜਾਂ ਈਨ ਮੰਨੇ ਜਾਂ ਯੁੱਧ ਕਰੇ। ਲੜਕੀ ਦਾ ਪਿਤਾ ਰਾਜਾ ਆਪਣੇ ਅਹਿਲਕਾਰਾਂ(ਸਾਕ-ਸੰਬੰਧੀਆਂ)ਨਾਲ ਆਪਣੇ ਰਾਜ ਦੀ ਹੱਦਾਂ ਤੋਂ ਬਾਹਰ ਆ ਕੇ ਈਨ ਮੰਨਣ ਦੀਆਂ ਰਸਮਾਂ ਪੂਰੀਆਂ ਕਰਦਾ ਹੈ।ਆਪਣੀ ਵਫਾਦਾਰੀ ਅਤੇ ਅਧੀਨਗੀ ਵਜੋਂ ਉਹ ਜੇਤੂ ਰਾਜਕੁਮਾਰ ਨੂੰ ਆਪਣੀ ਧੀ ਦਾ ਡੋਲਾ ਦੇਣ ਦਾ ਰਸਮ ਅਦਾ ਕਰਦਾ ਹੈ।ਦਾਜ ਅਤੇ ਸ਼ਗਨ ਹਮਲਾਵਰ ਫੌਜ ਦੀ ਨੁਕਸਾਨ-ਪੂਰਤੀ,ਨਜਰਾਨੇ ਅਤੇ ਆਪਣੀ ਅਧੀਨਗੀ ਮੰਨਣ ਦੀ ਗਵਾਹੀ ਹਨ। ਈਨ ਮੰਨਣ ਵਾਲੇ (ਲੜਕੀ ਵਾਲੇ) ਜੇਤੂਆਂ(ਬਾਰਾਤੀਆਂ)ਦੀ ਟਹਿਲ ਸੇਵਾ ਕਰਦੇ ਹਨਨ ਅਤੇ ਆਪਣੇ ਆਪ ਨੂੰ ਨੀਵਾਂ ਸਵੀਕਾਰ ਕਰਨ ਲਈ ਉਹਨਾਂ ਤੋਂ ਮਗਰੋਂ(ਬਚਿਆ ਹੋਇਆ-ਜੂਠ) ਭੋਜਨ ਖਾਂਦੇ ਹਨ[11]
ਹਾਰ ਸ਼ਿੰਗਾਰ ਪ੍ਰਤੀ ਮਾਨਸਿਕਤਾ
ਸੋਧੋਪੰਜਾਬ ਵਿੱਚ ਔਰਤਾਂ ਦੇ ਹਾਰ ਸ਼ਿੰਗਾਰ ਪਿੱਛੇ ਵੀ ਮਨੋਵਿਗਿਆਨਕ ਕਾਰਨ ਹਨ। ਸਜੀਆਂ ਹੋਈਆਂ ਦੇਵੀਆਂ ਪੰਜਾਬੀ ਔਰਤਾਂ ਦੇ ਆਦਰਸ਼ ਹਨ।ਔਰਤਾਂ ਚਮਕਦੀ ਧਾਤ ਦੇ ਗਹਿਣੇ ਉੱਥੇ ਹੀ ਪਹਿਨਦੀਆਂ ਹਨ ਜਿੱਥੇ ਨਬਜ਼ ਧੜਕਦੀ ਪਰਖੀ ਜਾ ਸਕਦੀ ਹੋਵੇ। ਗਹਿਣਿਆਂ ਨਾਲ ਹਾਰ ਸ਼ਿੰਗਾਰ ਕਰਨ ਪਿੱਛੇ ਭਾਵਨਾ ਭੁਤਾਂ –ਪ੍ਰੇਮਾਂ ਤੋਂ ਬਚਣ ਦੀ ਹੁੰਦੀ ਹੈ।ਉਦਾਹਰਨ ਨਵੇਂ ਜੰਮੇ ਬੱਚੇ ਦੇ ਮੰਜੇ ਥੱਲੇ ਲੋਹਾ ਰੱਖਣਾ ਅਤੇ ਰੌਸ਼ਨੀ ਆਦਿ ਦਾ ਪ੍ਰਬੰਧ ਭੂਤਾਂ ਪ੍ਰੇਤਾਂ ਤੋਂ ਬਚਾਉ ਲਈ ਹੀ ਕੀਤਾ ਜਾਂਦਾ ਹੈ।ਅਤੇ ਛਿਲੇ ਵਾਲੇ ਕਮਰੇ ਵਿੱਚ ਝਾੜੂ ਨਹੀਂ ਰੱਖਿਆ ਜਾਂਦਾ ਤਾਂ ਕਿ ਕਿਧਰੇ ਆਉਣ ਵਾਲੇ ਬੱਚੇ ਦੇ ਭਾਗਾਂ ਦਾ ਹੁੰਝਾ ਹੀ ਨਾ ਫਿਰ ਜਾਵੇ।[12]
ਰਿਸ਼ਤਾ ਨਾਤਾ-ਪ੍ਰਬੰਧ ਪਿੱਛੇ ਮਾਨਸਿਕਤਾ
ਸੋਧੋਰਿਸ਼ਤਾ ਨਾਤਾ-ਪ੍ਰਬੰਧ ਪੰਜਾਬੀ ਸੱਭਿਆਚਾਰ ਦਾ ਇੱਕ ਹੋਰ ਨਿਵੇਕਲਾ ਪੱਖ ਹੈ। ਸਾਂਝੀ ਟੱਬਰਦਾਰੀ ਵਿੱਚ ਹਰ ਇੱਕ ਰਿਸ਼ਤੇ ਦਾ ਵੱਖਰਾ ਨਾਂ ਅਤੇ ਉਸ ਨਾਲ ਜੁੜੇ ਹੋਏ ਵੱਖਰੇ ਫਰਜ਼ ਹਨ।ਜਨਮ,ਵਿਆਹ ਅਤੇ ਮਰਨ ਸਮੇਂ ਹਰ ਇੱਕ ਰਿਸ਼ਤੇਦਾਰ ਦੇ ਫਰਜ਼ ਸਪ੍ਸ਼ਟ ਨਿਰਧਾਰਿਤ ਹੋਏ ਹੁੰਦੇ ਹਨ।ਹਰ ਇੱਕ ਰਿਸ਼ਤੇ ਦੀ ਵੱਖਰੀ ਮਿਠਾਸ,ਰਸ ਅਤੇ ਸੁਆਦ ਹੈ।ਜੀਵਨ ਵਿੱਚ ਰਿਸ਼ਤੇ ਪਾਲਦਿਆਂ,ਰੀਤਾਂ-ਰਿਵਾਜਾਂ ਪੂਰਦਿਆਂ ਸ਼ਗਨ ਪੂਰੇ ਕਰਦਿਆਂ ਵਿਅਕਤੀ ਨੂੰ ਮਾਨਸਿਕ ਤਸੱਲੀ ਮਿਲਦੀ ਹੈ।ਦਾਦਕੇ ਅਤੇ ਨਾਨਕੇ ਪੰਜਾਬੀ ਸੱਭਿਆਚਾਰ ਵਿੱਚ ਸਾਰੇ ਰਿਸ਼ਤੇ ਨਾਤਿਆਂ ਦੀਆਂ ਚੂਲਾਂ ਹਨ।ਨਾਨਕੇ ਇਸ ਕਰਕੇ ਚੰਗੇ ਲਗਦੇ ਹਨ ਕਿਉਂਕਿ ਉਹਨਾਂ ਵਿੱਚ ਮਾਂ ਦੀ ਆਦਰ ਦਾ ਨਿੱਘ,ਪਿਆਰ ਅਤੇ ਸਤਿਕਾਰ ਹੁੰਦਾ ਹੈ ਅਤੇ ਉੱਥੋ ਹੀ ਮਨੁੱਖ ਨੂੰ ਸ਼ਕਤੀ ਮਿਲਦੀ ਹੈ।ਸ਼ਰੀਕਾ ਵੀ ਪੰਜਾਬੀ ਸੱਭਿਆਚਾਰ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ।ਸ਼ਰੀਕੇ ਨਾਲ ਰਿਸ਼ਤੇ ਵਿੱਚ ਪਿਆਰ ਅਤੇ ਨਫ਼ਰਤ ਦੋਵੇਂ ਹੁੰਦਾ ਹਨ।ਸ਼ਰੀਕੇ ਸਾਹਮਣੇ ਆਪਣੀ ਅਣਖ ਬਣਾਈ ਰੱਖਣ ਲਈ ਪੰਜਾਬੀ ਸਭ ਕੁੱਝ ਕਰਨ ਲਈ ਤਿਆਰ ਹੁੰਦਾ ਹੈ।ਅਤੇ ਵਿਗੜ ਜਾਣ ਉੱਤੇ ਵੀ ਸਭ ਕੁੱਝ ਕਰਨ ਲਈ ਤਿਆਰ ਹੁੰਦਾ ਹੈ।[13]
ਪ੍ਰੇਮੀ ਜਾਂ ਅਸ਼ਕ ਦੀ ਮਾਨਸਿਕਤਾ
ਸੋਧੋਪ੍ਰੇਮੀ ਜਾਂ ਆਸ਼ਕ ਪੰਜਾਬੀ ਸੱਭਿਆਚਾਰ ਦੀ ਕੇਂਦਰੀ ਸਖ਼ਸੀਅਤ ਹੈ।ਆਸ਼ਕ ਅਜਿਹੀ ਮਨੁੱਖੀ ਸਖਸ਼ੀਅਤ ਦਾ ਪ੍ਰਤੀਨਿਧ ਰੂਪ ਹੈ,ਜੋ ਸਥਾਪਿਤ ਸਾਮਾਜਿਕ ਪ੍ਰਬੰਧ ਦੇ ਰਿਸ਼ਤਾ-ਪ੍ਰਬੰਧ ਵਿੱਚ ਪ੍ਰਚੱਲਿਤ ਮਰਦ ਇਸਤਰੀ ਦੇ ਮਰਯਾਦਾਬੱਧ ਰਿਸ਼ਤੇ ਦੀ ਥਾਂ ਨਵਾਂ ਰਿਸ਼ਤਾ ਸਿਰਜਣ ਲਈ ਕਿਰਿਆਸ਼ੀਲ ਹੁੰਦਾ ਹੈ।ਲਗਭਗ ਸਾਰੀਆਂ ਪ੍ਰੇਮ-ਕਹਾਣੀਆਂ ਵਿੱਚ ਪ੍ਰੇਮੀ ਪ੍ਰੇਮਿਕਾ ਕਿਸੇ ਨਾ ਕਿਸੇ ਪੱਧਰ ਤੇ ਪ੍ਰਚੱਲਿਤ ਮਰਯਾਦਾ ਨੂੰ ਤੋੜਦੇ ਗਏ ਹਨ।ਆਸ਼ਕ ਜਿਹੜਾ ਕਿ ਨਵੇਂ ਮਨੁੱਖੀ ਰਿਸ਼ਤੇ ਦਾ ਪ੍ਰਤੀਕ ਹੈ।ਮਰਦ ਇਸਤਰੀ ਸੰਬੰਧਾਂ ਨੂੰ ਜਮਾਤੀ ਸਮਾਜ ਵਿੱਚ ਪੈਸੇ ਦੀ ਥਾਂ ਮਨੁੱਖੀ ਸਾਂਝ ਅਤੇ ਪਿਆਰ ਤੇ ਆਧਾਰਿਤ ਕਰਦਾ ਹੈ। ਮਨੁੱਖੀ ਰਿਸ਼ਤੇ ਨੂੰ ਮਨੁੱਖੀ ਗੁਣਾਂ ਉੱਤੇ ਆਧਾਰਿਤ ਕਰਨ ਲਈ ਕਿਉਂਕਿ ਆਸ਼ਕ ਨੂੰ ਪ੍ਰਚੱਲਿਤ ਮਰਯਾਦਾ ਦੀ ਉਲੰਘਣਾ ਕਰਨੀ ਪੈਂਦੀ ਹੈ,ਇਸੇ ਕਰਕੇ ਆਸ਼ਕੀ ਨੂੰ ਅਤਿ ਮੁਸ਼ਕਿਲ ਕਾਰਜ ਮੰਨਿਆ ਜਾਂਦਾ ਹੈ।ਪੰਜਾਬ ਵਿੱਚ ਪ੍ਰੇਮ-ਕਥਾਵਾਂ ਦੇ ਪ੍ਰਚੱਲਿਤ ਹੋਣ ਦਾ ਕਾਰਨ ਇਹ ਵੀ ਹੈ ਕਿ ਇਹ ਦੁਖਾਂਤ ਹਨ।ਪ੍ਰੇਮੀ ਅਸਫਲ ਰਹਿੰਦੇ ਹਨ ਪਰ ਉਹਨਾਂ ਦੀ ਅਸਫਲਤਾ ਰਾਹੀਂ ਉਹਨਾਂ ਦੇ ਮਾਨਵੀ ਗੁਣਾਂ ਦੀ ਤਸਦੀਕ ਕੀਤੀ ਹੁੰਦੀ ਹੈ। ਪਰ ਜਿਸ ਕਾਵਿ ਵਿੱਚ ਵਿਰਲਾਪ ਦੀ ਸੁਰ ਉੱਚੀ ਹੈ ਉਹ ਕਾਵਿ ਪੰਜਾਬੀਆਂ ਨੂੰ ਵਧੇਰੇ ਭਾਉਂਦਾ ਹੈ। ਵਾਰਸ਼ ਸ਼ਾਹ ਤੋਂ ਲੈ ਕੇ ਸ਼ਿਵ ਕੁਮਾਰ ਬਟਾਲਵੀ ਤਕ ਦੇ ਕਾਵਿ ਵਿੱਚ ਸਾਹਿਤ ਦੀਆਂ ਉਹੀ ਵੰਨਗੀਆਂ ਅਤੇ ਰਚਨਾਵਾਂ ਹਰਮਨ ਪਿਆਰੀਆਂ ਹੋਈਆਂ ਹਨ,ਜਿਹਨਾਂ ਵਿੱਚ ਵਿਰਲਾਪ ਦੀ ਸੁਰ ਉੱਚੀ ਹੈ। ਇਹੀ ਕਾਰਨ ਹੈ ਕਿ ਪੰਜਾਬੀਆਂ ਨੇ ਇਹਨਾਂ ਕਵੀਆਂ ਨੂੰ ਰੱਜ ਕੇ ਗਾਇਆ ਹੈ। ਇਹ ਕਵੀ ਹੀ ਪੰਜਾਬੀ ਸੱਭਿਆਚਾਰ ਦੇ ਪ੍ਰਮਾਣਿਕ ਬੁਲਾਰੇ ਹਨ।[14]
ਕਾਮੁਕਤਾ ਪ੍ਰਤੀ ਮਾਨਸਿਕਤਾ
ਸੋਧੋਡੂੰਘੇ ਮਨੋਵਿਗਿਆਨਕ ਅਰਥਾਂ ਵਿੱਚ ਇਸਤਰੀ-ਪੁਰਸ਼ ਦਰਮਿਆਨ ਹੋਏ ਸੰਭੋਗ ਦੇ ਮਹਿਜ ਸਿੱਟੇ ਵਜੋਂ ਜਨਮੇਂ ਬੱਚੇ(ਮਨੁੱਖ) ਦੀ ਸਮੁੱਚੀ ਹੋਂਦ ਕਾਮ ਦੀ ਊਰਜਾ ਨਾਲ ਉਤ ਪ੍ਰੋਤ ਹੈ। ਕਾਮ ਦੀ ਸ਼ਕਤੀ ਉਹ ਧੁਰਾ ਹੈ ਜਿਸ ਦੁਆਲੇ ਸਮੁੱਚਾ ਜੀਵ-ਸੰਸਾਰ ਚਲ ਜਾਂ ਘੁੰਮ ਰਿਹਾ ਹੈ। ਜੀਵਨ-ਵ੍ਰਿਤੀ ਦੇ ਰੂਪ ਵਿੱਚ ਸਮੁੱਚੇ ਜੀਵ ਸੰਸਾਰ ਅੰਦਰ ਕਾਮ ਦਾ ਪ੍ਰਬੰਧ ਏਨਾ ਸੁਭਾਵਕ,ਪ੍ਰਬਲ ਅਤੇ ਵਿਆਪਕ ਹੈ ਕਿ ਸ੍ਵੈ-ਰੱਖਿਆ,ਪੇਟ-ਭੁੱਖ,ਬੱਚੇ ਪੈਦਾ ਕਰਨਾ,ਕੁਟੰਬ ਪਾਲਣ ਅਤੇ ਸਮੂਹ ਰੱਖਿਆ ਜਿਹੀਆ ਪ੍ਰਵੁਰਤੀਆਂ ਵੀ ਸਿੱਧੇ ਜਾਂ ਅਸਿੱਧੇ ਢੰਗ ਨਾਲ ਇਸ ਦੇ ਅੰਤਰਗਤ ਹੀ ਵਿਚਾਰੀਆ ਜਾ ਸਕਦੀਆਂ ਹਨ।ਡਾ. ਜਗਜੀਵਨ ਸਿੰਘ ਅਨੁਸਾਰ,ਮੁੱਢਲੇ ਸਰੀਰਕ ਪੱਧਰ ਤੇ ਮਨੁੱਖੀ ਕਾਮ ਵੀ ਹੋਰ ਜਾਨਵਰਾਂ ਵਰਗੀ ਨਿਰੋਲ ਪ੍ਰਵਿਰਤੀਮੂਲਕ ਅਰਥਾਤ ਉਪਯੋਗੀ ਅਤੇ ਸੁਖਵਾਦੀ ਰੁਚੀਆਂ ਵਾਲੀ ਆਪਮੁਹਾਰੀ ਸਰੀਰਕ ਕਿਰਿਆ ਹੁੰਦੀ ਹੈ।ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੰਜਮੀ ਅਤੇ ਉਦਾਤੀਕ੍ਰਿਤ ਰੂਪ ਵਿੱਚ ਮਨੁੱਖੀ ਕਾਮ ਜਾਨਵਰਾਂ ਨਾਲੋਂ ਉੱਚੇ ਦਰਜੇ ਦੀ ਕਿਰਿਆ ਹੈ ਪਰ ਆਪਹੁਦਰੇ ਅਤੇ ਵਿਗੜੇ ਹੋਏ ਰੂਪ ਵਿੱਚ ਇਹ ਜਾਨਵਰਾਂ ਤੋਂ ਵੀ ਨਿਘਰੀ ਹੋਈ ਹਾਲਤ ਨੂੰ ਪੇਸ਼ ਕਰਦਾ ਹੈ।ਜਿਵੇਂ ਅੱਲੜ ਜਵਾਨੀ ਦੇ ਕਾਮੁਕ ਜੋਸ਼ ਵਿੱਚ ਵਿਆਹ ਤੋਂ ਪਹਿਲਾਂ ਹੀ ਕਿਸੇ ਲੜਕੇ ਲੜਕੀ ਵੱਲੋਂ ਕਾਮੁਕ ਇੱਛਾਵਾਂ ਦੀ ਪੂਰਤੀ ਕਰਨਾ,ਪਤੀ ਪਤਨੀ ਵੱਲੋਂ ਗੈਰ ਮਰਦ ਔਰਤ ਨਾਲ ਸੰਬੰਧ ਬਣਾਉਣ ਅਤੇ ਕਿਸੇ ਮਰਦ ਵੱਲੋਂ ਔਰਤ ਵੇਸ਼ਵਾ ਨਾਲ ਸੰਬੰਧ ਬਣਾਉਣ ਅਤੇ ਕਿਸੇ ਮਰਦ ਵੱਲੋਂ ਔਰਤ ਵੇਸ਼ਵਾ ਨਾਲ ਬਲਾਤਕਾਰ ਸੰਭੋਗ ਕਰਨਾ ਆਦਿ ਅਜਿਹੇ ਸਭ ਪ੍ਰਕਾਰ ਦੇ ਆਵੇਗਮਈ ਸਰੀਰਕ ਸੈਕਸ ਦਾ ਧਰਾਤਲ ਇੱਕ ਤਰ੍ਹਾਂ ਨਾਲ ਪਸ਼ੂ ਜਗਤ ਨਾਲੋਂ ਵੀ ਨੀਵੇਂ ਪੱਧਰ ਦਾ ਹੁੰਦਾ ਹੈ।[15]
ਨਿਸ਼ਕਰਸ਼
ਸੋਧੋਪੰਜਾਬੀ ਮਾਨਸਿਕਤਾ ਅੰਦਰ ਗੁਲਾਮੀ ਦੇ ਅਹਿਸਾਸ ਤੋ ਮੁਕਤ ਹੋਣ ਦੀ ਪ੍ਰਬਲ ਰੁਚੀ,ਅਨਿਆਂ ਅਤੇ ਧੱਕੇ ਵਿਰੁੱਧ ਨਾਬਰੀ ਪ੍ਰਗਟਾਉਣ ਦਾ ਜ਼ਜ਼ਬਾ,ਅਣਖ,ਜੁਝਾਰੂਪਣ ਜੋਸ਼ ਅਤੇ ਸੂਰਬੀਰਤਾ ਦੇ ਭਾਵ,ਸ੍ਵੈ-ਮਾਣ ਨਾਲ ਜੀਊਣ ਦੀ ਤੀਬਰ ਲੋਚਾ,ਰਮਤੇਪਣ ਦੀ ਬਿਰਤੀ,ਖੁਲਾਸਾਪਣ ਅਤੇ ਕਿਸੇ ਦੀ ਟੈਂਅ(ਈਨ) ਨਾ ਮੰਨਣ ਦੀ ਜੇ ਪ੍ਰਵਿਰਤੀ ਹੈ ਇਹ ਆਦਿ-ਕਾਲ ਤੋਂ ਯੁੱਧਾਂ ਦਾ ਅਖਾੜਾ ਬਣੀ ਪੰਜ ਦਰਿਆਵਾਂ ਦੀ ਧਰਤੀ ਉੱਪਰ ਸਿਰਜੇ ਸੰਘਰਸ਼ਸ਼ੀਲ ਇਤਿਹਾਸ ਦਾ ਮਹਿਜ ਪਰਿਵਾਸ ਹੈ।ਇਤਿਹਾਸਕ ਵਿਰਸੇ ਦੇ ਤਾਤਵਿਕ ਪ੍ਰਭਾਵ ਸਦਕਾ ਡਰਕੇ ਅਤੇ ਬੇਪਤ ਹੋ ਕੇ ਜਿਊਣਾ ਪੰਜਾਬੀਆਂ ਦੀ ਆਦਤ ਨਹੀਂ। ਜਿਸਨੂੰ ਅਸੀ ਬਦਲਵੇਂ ਸੰਕਲਪੀ ਅਰਥਾਂ ਵਿੱਚ ਪੰਜਾਬੀ ਸੱਭਿਆਚਾਰ ਦੀ ਮੂਲ ਪਛਾਣ,ਅਰਥਾਤ ਪੰਜਾਬੀਆਂ ਦੀ ਭਾਵਨਾ ਦਾ ਨਾਂ ਦਿੰਦੇ ਹਾਂ,ਉਹ ਦਰਅਸਲ ਪੰਜਾਬੀ ਮਨ ਦੇ ਸਮੂਹਿਕ ਆਪੇ ਦਾ ਹੀ ਦੂਜਾ ਨਾਂ ਹੈ। ਪੰਜਾਬੀਆਂ ਦੇ ਅਵਚੇਤਨੀ ਸੰਵੇਦਨਸ਼ੀਲ ਅਹਿਸਾਸਾਂ ਅੰਦਰ ਆਪਣੀ ਜਨਮ-ਭੂਮੀ,ਆਪਣੇ ਵਤਨ,ਦਰਿਆਵਾਂ,ਦਰਿਆਵਾਂ ਵਰਗੇ ਖੁੱਲੇ –ਡੁੱਲ੍ਹੇ ਲੋਕਾਂ,ਲੋਕ ਨਾਇਕਾਂ,ਵਿਰਸੇ ਆਦਿ ਪ੍ਰਤੀ ਜੋ ਮੋਹਭਰੀ ਅਤੇ ਪੱਕੀ-ਪੀਢੀ ਭਾਵੁਕ ਸਾਂਝ,ਪਕੜ ਅਤੇ ਚਿਤ-ਬਿਰਤੀ ਹੈ ਉਸਦੇ ਪ੍ਰਮਾਣਿਕ ਅਤੇ ਉੱਚੇ-ਸੁੱਚੇ ਲਿਸ਼ਕਾਰੇ ਅਤੇ ਪ੍ਰਗਟਾਵੇ ਦਾ ਨਾਂ ਪੰਜਾਬੀਅਤ ਹੈ।ਸੁਚੇਤ ਆਚਾਰ-ਵਿਵਹਾਰ ਅਧੀਨ ਮਨੁੱਖ ਦੀ ਸਮੂਹਿਕ ਸੋਚਧਾਰਾ ਵਿਚਲੇ ਅਜਿਹੇ ਅਹਿਸਾਸ ਬੇਸ਼ਕ ਦਬੇ ਰਹਿੰਦੇ ਹਨ ਪਰ ਅਵਚੇਤਨੀ ਪ੍ਰਵਾਹ ਵਿੱਚ ਇਹ ਨਿਰੰਤਰ ਪ੍ਰਕਾਰਜਸ਼ੀਲ ਰਹਿੰਦੇ ਹਨ।
ਹਵਾਲੇ
ਸੋਧੋ- ↑ ਸਿੰਘ, ਡਾ.ਜਸਵਿੰਦਰ (2012). ਪੰਜਾਬੀ ਸੱਭਿਆਚਾਰ ਪਛਾਣ ਚਿੰਨ੍ਹ. ਗਰੇਸ਼ੀਅਸ ਬੁੱਕਸ. p. 2. ISBN 978-93-80906-67-6.
- ↑ ਫ਼ਰੈਕ, ਗੁਰਬਖ਼ਸ਼ ਸਿੰਘ. ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ. ਵਾਰਿਸ਼ ਸ਼ਾਹ ਫ਼ਾਉਂਡੇਸ਼ਨ,ਅੰਮ੍ਰਿਤਸਰ. p. 18.
- ↑ ਫ਼ਰੈਕ, ਗੁਰਬਖ਼ਸ਼ ਸਿੰਘ. ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ. ਵਾਰਿਸ਼ ਸ਼ਾਹ ਫਾਉਡੇਸ਼ਨ,ਅੰਮ੍ਰਤਸਰ. p. 23.
- ↑ ਪਟੇਲ, ਪ੍ਰੋ.ਨਿਤਿਆਨੰਦ. ਮਨੋਵਿਗਿਆਨ ਦੀ ਰੂਪ-ਰੇਖਾ. ਲਾਹੌਰ ਬੁੱਕ ਸ਼ਾਪ,ਲੁਧਿਆਣਾ. pp. 5, 6.
- ↑ ਅਰਸ਼ੀ, ਸੰਪਾ.ਗੁਰਚਰਨ ਸਿੰਘ. ਪੰਜਾਬੀ ਸੱਭਿਆਚਾਰ ਅਤੇ ਰੰਗਮੰਚ. ਪੰਜਾਬੀ ਅਕਾਦਮੀ ਦਿੱਲੀ. p. 109.
- ↑ ਫ਼ਰੈਕ, ਗੁਰਬਖ਼ਸ਼ ਸਿੰਘ. ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ. ਵਾਰਿਸ਼ ਸ਼ਾਹ ਫ਼ਾਉਂਡੇਸ਼ਨ,ਅੰਮ੍ਰਿਤਸਰ. p. 11.
- ↑ ਅਰਸ਼ੀ, ਗੁਰਚਰਨ ਸਿੰਘ. ਪੰਜਾਬੀ ਸੱਭਿਆਚਾਰ ਅਤੇ ਰੰਗਮੰਚ. ਪੰਜਾਬੀ ਅਕਾਦਮੀ ਦਿੱਲੀ. p. 110.
- ↑ ਸਿੰਘ, ਦੀਵਾਨ (1995). ਮਨੋਵਿਗਿਆਨ ਤੇ ਜੀਵਨ.
- ↑ ਅਰਸ਼ੀ, ਸੰਪਾ.ਗੁਰਚਰਨ ਸਿੰਘ. ਪੰਜਾਬੀ ਸੱਭਿਆਚਾਰ ਅਤੇ ਰੰਗਮੰਚ. ਪੰਜਾਬੀ ਅਕਾਦਮੀ ਦਿੱਲੀ. p. 111.
- ↑ ਉਹੀ. p. 113.
- ↑ ਉਹੀ. p. 115.
- ↑ ਉਹੀ. p. 116.
- ↑ ਉਹੀ. p. 117.
- ↑ ਉਹੀ. p. 119.
- ↑ ਸਿੰਘ, ਡਾ.ਜਗਜੀਵਨ. ਸੱਭਿਆਚਾਰ ਦੇ ਮੂਲ ਆਧਾਰ. pp. 86, 87.