10/15 ਕੁ ਫੁੱਟ ਲੰਮੀ ਤੇ 5/6 ਕੁ ਫੁੱਟ ਚੌੜੀ ਸਣ ਨੂੰ ਕੱਤ ਕੇ ਦਰੀ ਦੀ ਤਰ੍ਹਾਂ ਬਣਾਈ, ਖੇਤੀ ਦੇ ਕੰਮਾਂ ਵਿਚ ਕੰਮ ਆਉਣ ਵਾਲੇ ਇਕ ਖੇਤੀ ਵਸਤ ਨੂੰ ਪੱਟੀ ਕਹਿੰਦੇ ਹਨ। ਕਈ ਇਲਾਕਿਆਂ ਵਿਚ ਪੱਖਲੀ ਕਹਿੰਦੇ ਹਨ। ਆਮ ਤੌਰ 'ਤੇ ਪੱਟੀ ਦੀ ਲੰਬਾਈ, ਚੌੜਾਈ ਨਾਲੋਂ ਤਿੰਨ ਗੁਣਾ ਹੁੰਦੀ ਸੀ। ਕਈ ਪੱਟੀਆਂ ਸਣ ਦੀ ਥਾਂ ਬੱਕਰੀਆਂ ਦੇ ਵਾਲਾਂ ਦੀਆਂ, ਘੋੜੀਆਂ, ਬਲਦਾਂ, ਮੱਝਾਂ, ਗਾਈਆਂ ਆਦਿ ਪਸ਼ੂਆਂ ਦੀਆਂ ਪੂਛਾਂ ਦੇ ਵਾਲਾਂ ਦੀਆਂ ਕੱਤ ਕੇ ਵੀ ਬਣਾਈਆਂ ਜਾਂਦੀਆਂ ਸਨ। ਇਨ੍ਹਾਂ ਪੱਟੀਆਂ ਨੂੰ ਖਾਹੇ ਦੀਆਂ ਪੱਟੀਆਂ ਕਹਿੰਦੇ ਸਨ। ਇਹ ਪੱਟੀਆਂ ਬੈਠਣ ਦੇ ਕੰਮ ਨਹੀਂ ਆਉਂਦੀਆਂ ਸਨ ਕਿਉਂ ਜੋ ਇਨ੍ਹਾਂ ਦੇ ਕੱਤੇ ਹੋਏ ਵਾਲ ਵੀ ਬੈਠਣ ਵਾਲਿਆਂ ਨੂੰ ਚੁੱਭਦੇ ਸਨ। ਇਨ੍ਹਾਂ ਪੱਟੀਆਂ ਦੀ ਕੀੜੇ ਲੱਗਣ ਤੋਂ ਬਚਾਉਣ ਲਈ ਸੰਭਾਲ ਵੀ ਜ਼ਿਆਦਾ ਕਰਨੀ ਪੈਂਦੀ ਸੀ।[1]

ਪੱਟੀ ਦੀ ਵਰਤੋਂ, ਪੱਟੀ ਨੂੰ ਗੱਡੇ ਵਿਚ ਲਾ ਕੇ ਖੜ੍ਹੀਆਂ ਵਿਚ ਲੱਗੀ ਫਸਲ ਨੂੰ ਪਿੜ ਵਿਚ ਢੋਣ ਲਈ, ਪਿੜ ਵਿਚ ਪਈ ਤੂੜੀ ਨੂੰ ਤੇਜ ਹਨ੍ਹੇਰੀ ਵਿਚ ਉੱਡਣ ਤੋਂ ਬਚਾਉਣ ਲਈ, ਪਿੜ ਵਿਚ ਬਣਾਏ ਬੋਹਲ ਨੂੰ ਢਕਣ ਲਈ, ਪਿੜ ਵਿਚੋਂ ਘਰ ਦਾਣੇ ਢੋਣ ਲਈ, ਤੂੜੀ ਘਰ ਢੋਣ ਲਈ, ਫਸਲ ਮੰਡੀ ਵੇਚਣ ਲਈ, ਵਿਆਹਾਂ ਜਾਂ ਹੋਰ ਸਮਾਗਮਾਂ ਸਮੇਂ ਗੱਡੇ ਵਿਚ ਸਵਾਰੀਆਂ ਦੇ ਬੈਠਣ ਲਈ ਕੀਤੀ ਜਾਂਦੀ ਸੀ। ਵਿਆਹਾਂ ਅਤੇ ਹੋਰ ਸਮਾਗਮਾਂ ਵਿਚ ਬੈਠਣ ਲਈ ਪੱਟੀ ਨੂੰ ਹੇਠਾਂ ਵੀ ਵਿਛਾਇਆ ਜਾਂਦਾ ਸੀ।

ਪੱਟੀ ਬਣਾਉਣ ਲਈ ਪਹਿਲਾਂ ਗਰਨਿਆਂ ਵਿਚੋਂ ਕੱਢੀ ਸਣ ਦੀਆਂ ਚੂੜੀਆਂ ਬਣਾਈਆਂ ਜਾਂਦੀਆਂ ਸਨ। ਫੇਰ ਜੂੜੀਆਂ ਨੂੰ ਪਾਣੀ ਵਿਚ ਚੰਗੀ ਤਰ੍ਹਾਂ ਭਿਉਂ ਕੇ, ਥਾਪੀ ਨਾਲ ਕੁੱਟ ਕੇ, ਸਾਰੀ ਮੈਲ ਕੱਢੀ ਜਾਂਦੀ ਸੀ। ਫੇਰ ਜੂੜੀਆਂ ਨੂੰ ਧੁੱਪੇ ਸੁਕਾਇਆ ਜਾਂਦਾ ਸੀ। ਸੁੱਕੀ ਹੋਈ ਸਣ ਨੂੰ ਚਰਖੇ ਦੇ ਮੋਟੇ ਤਕਲੇ ਨਾਲ ਕੱਤ ਕੇ ਗਲੋਟੇ ਬਣਾਏ ਜਾਂਦੇ ਸਨ। ਫੇਰ ਦੋ ਗਲੋਟਿਆਂ ਦੀਆਂ ਤੰਦਾਂ ਨੂੰ ਇਕ ਬਣਾ ਕੇ ਤੱਕਲੇ ਨਾਲ ਕੱਤਿਆ ਜਾਂਦਾ ਸੀ। ਏਸ ਤਰ੍ਹਾਂ ਪੱਟੀ ਬਣਾਉਣ ਲਈ ਰੱਸੀ ਤਿਆਰ ਕੀਤੀ ਜਾਂਦੀ ਸੀ।

ਪੱਟੀ ਬਣਾਉਣ ਲਈ ਅੱਡਾ ਧਰਤੀ ਵਿਚ ਕੀਲੇ ਗੱਡ ਕੇ ਉਸ ਤਰ੍ਹਾਂ ਹੀ ਬਣਦਾ ਸੀ ਜਿਵੇਂ ਦਰੀਆਂ ਬਣਾਉਣ ਵਾਲਾ ਅੱਡਾ ਬਣਦਾ ਸੀ। ਫਰਕ ਸਿਰਫ ਐਨਾ ਸੀ ਕਿ ਪੱਟੀ ਬਣਾਉਣ ਵਾਲਾ ਅੱਡਾ ਲੰਬਾਈ ਅਤੇ ਚੌੜਾਈ ਵਿਚ ਵੱਡਾ ਹੁੰਦਾ ਸੀ। ਜਿੰਨੀ ਲੰਮੀ ਚੌੜੀ ਪੱਟੀ ਬਣਾਉਣੀ ਹੁੰਦੀ ਸੀ, ਅੱਡਾ ਉਸ ਤੋਂ 2 ਕੁ ਫੁੱਟ ਲੰਮਾ ਅਤੇ 2 ਕੁ ਫੁੱਟ ਚੌੜਾ ਬਣਾਇਆ ਜਾਂਦਾ ਸੀ। ਪੱਟੀ ਦੇ ਬਣਾਏ ਅੱਡੇ ਉਪਰ ਪੱਟੀ ਦਾ ਤਾਣਾ ਵੀ ਦਰੀ ਦੇ ਤਾਣੇ ਦੀ ਤਰ੍ਹਾਂ ਤਣਿਆ ਜਾਂਦਾ ਸੀ। ਤਾਣੇ ਦੇ ਦੋਵੇਂ ਪਾਸੇ ਦੀਆਂ ਦੋਵੇਂ ਕੰਨੀਆਂ ਰੱਸੇ ਦੀਆਂ ਪਾਈਆਂ ਜਾਂਦੀਆਂ ਸਨ ਤਾਂ ਜੋ ਪੱਟੀ ਕੰਨੀਆਂ ਤੋਂ ਮਜ਼ਬੂਤ ਰਹੇ |

ਤਾਣੇ ਉਪਰ ਘੋੜੀ ਰੱਖ ਕੇ ਪੱਟੀ ਦੀ ਬੁਣਾਈ ਉਸ ਤਰ੍ਹਾਂ ਹੀ ਕੀਤੀ ਜਾਂਦੀ ਸੀ ਜਿਸ ਤਰ੍ਹਾਂ ਦਰੀਆਂ ਦੀ ਬੁਣਾਈ ਕੀਤੀ ਜਾਂਦੀ ਸੀ। ਜਦ ਪੱਟੀ ਬਣ ਜਾਂਦੀ ਸੀ ਤਾਂ ਪੱਟੀ ਨੂੰ ਅੱਡੇ ਦੇ ਸਿਰਿਆਂ ਦੇ ਤਾਣੇ ਨੂੰ ਕੱਟਕੇ ਅੱਡੇ ਤੋਂ ਉਤਾਰ ਲੈਂਦੇ ਸਨ। ਸਿਰਿਆਂ ਉਪਰ ਜਿਹੜਾ ਤਾਣਾ ਵਚਿਆ ਹੁੰਦਾ ਸੀ, ਉਸ ਤਾਣੇ ਨੂੰ ਕੱਟਕੇ ਉਸ ਦੀ ਥਾਂ ਪੱਟੀ ਦੇ ਚਾਰੇ ਪਾਸਿਆਂ ਨਾਲ ਰੱਸਾ ਲਾ ਦਿੱਤਾ ਜਾਂਦਾ ਸੀ ਜਿਸ ਨਾਲ ਪੱਟੀ ਨੂੰ ਹੋਰ ਮਜ਼ਬੂਤੀ ਮਿਲ ਜਾਂਦੀ ਸੀ। ਇਸ ਤਰ੍ਹਾਂ ਪੱਟੀ/ਪੱਖਲੀ ਬਣਦੀ ਸੀ। (ਹੋਰ ਵਿਸਥਾਰ ਲਈ ਵੇਖੋ ਦਰੀਆਂ ਬੁਣਨ ਵਾਲਾ ਅੱਡਾ)।

ਹੁਣ ਕੋਈ ਵੀ ਪੱਟੀ ਨਹੀਂ ਬਣਾਉਂਦਾ। ਪੱਟੀ ਦਾ ਕੰਮ ਹੁਣ ਪਲਾਸਟਿਕ ਦੇ ਬਣਿਆ ਕੱਪੜਿਆਂ ਤੋਂ ਲਿਆ ਜਾਂਦਾ ਹੈ। ਜਾਂ ਖਾਦ ਦੀਆਂ ਖਾਲੀ ਬੋਰੀਆਂ ਨੂੰ ਸਿਉਂ ਕੇ ਉਨ੍ਹਾਂ ਤੋਂ ਪੱਟੀ ਦਾ ਕੰਮ ਲਿਆ ਜਾਂਦਾ ਹੈ।[2]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.