ਪੱਤਲ਼ ਕਾਵਿ, ਜਾਂ ਜੰਞ ਕਾਵਿ, ਪੰਜਾਬੀ ਕਵਿਤਾ ਦੀ ਇੱਕ ਕਿਸਮ ਹੈ। ਇਹ ਛੰਦਾਬੰਦੀ ਵਿੱਚ ਰਚੀ ਗਈ ਉਹ ਰਚਨਾ ਹੁੰਦੀ ਹੈ ਜੋ ਬਰਾਤੀਆਂ ਲਈ ਪਰੋਸੇ ਗਏ ਭੋਜਨ ਨੂੰ ਲੜਕੀ ਪੱਖ ਦੀਆਂ ਔਰਤਾਂ ਵੱਲੋਂ ਬੰਨ੍ਹਣ ਜਾਂ ਬੱਧੀ ਰੋਟੀ ਨੂੰ ਛੁਡਾਉਣ ਲਈ ਬਰਾਤੀਆਂ ਵਿੱਚੋਂ ਕਿਸੇ ਇੱਕ ਵੱਲੋਂ ਗਾਈ ਜਾਂਦੀ ਹੈ।[1] ਜੰਞ ਬੰਨ੍ਹਣ ਅਤੇ ਛੁਡਾਉਣ ਦਾ ਰਿਵਾਜ ਜ਼ਿਆਦਾਤਰ ਮਾਲਵੇ ਵਿੱਚ ਹੀ ਰਿਹਾ ਹੈ। ਇਸ ਕਰ ਕੇ ਜੰਞ ਕਾਵਿ ਜਾਂ ਪੱਤਲ਼ ਕਾਵਿ ਦੀ ਰਚਨਾ ਜ਼ਿਆਦਾਤਰ ਇੱਥੋਂ ਦੇ ਕਵੀਆਂ ਅਤੇ ਕਵੀਸ਼ਰਾਂ ਨੇ ਹੀ ਕੀਤੀ ਹੈ।

ਇਹ ਪੰਜਾਬੀ ਲੋਕ ਸਾਹਿਤ ਦਾ ਇੱਕ ਅਹਿਮ ਅਤੇ ਲੋਕਪ੍ਰਿਯ ਰੀਤ-ਮੁਖੀ ਕਾਵਿ-ਰੂਪ ਹੈ। ਪੱਤਲ ਅਥਵਾ ਜੰਞ ਵੀ ਇੱਕ ਅਜਿਹੀ ਰੀਤ-ਮੁਖੀ ਕਾਵਿ-ਰੂਪ ਹੈ। ਅੱਜ-ਕੱਲ੍ਹ ਪੱਤਲ ਕਾਵਿ ਲਿਖਿਆ ਅਤੇ ਪੜ੍ਹਿਆ ਜਾਣਾ ਬੰਦ ਹੋ ਗਿਆ ਹੈ ਕਿਉਂਕਿ ਹੁਣ ਵਿਆਹ ਸਮੇਂ ਔਰਤਾਂ ਵੱਲੋਂ ਜੰਞ ਨਹੀਂ ਬੰਨੀ ਜਾਂਦੀ ਅਤੇ ਨਾ ਹੀ ਕੋਈ ਕਵੀ ਜੰਞ ਛੁਡਾਉਂਦਾ ਹੈ। ਭਾਵੇਂ ਹੁਣ ਵੀ ਇਕਾ-ਦੁੱਕਾ ਪੱਤਲ਼ਕਾਰ ਜੀਵਤ ਹਨ ਪਰ ਹੁਣ ਇਹ ਵਿਧਾ ਲਗਭਗ ਖ਼ਤਮ ਹੋ ਗਈ ਹੈ। ਇਸ ਲਈ ਇਸ ਖ਼ਜ਼ਾਨੇ ਨੂੰ ਸਾਂਭਣ ਦੀ ਜ਼ਰੂਰਤ ਹੈ।

ਇਤਿਹਾਸ ਸੋਧੋ

ਇਸ ਕਾਵਿ ਰੂਪ ਦਾ ਪ੍ਰਚਲਣ ਮਨੁੱਖੀ ਜੀਵਨ ਦੇ ਕਬੀਲਾਦਾਰੀ ਯੁੱਗ ਦੀ ਯਾਦ ਦਿਵਾਉਂਦਾ ਹੈ ਜਦੋਂ ਵਿਰੋਧੀ ਕਬੀਲੇ ਜਾਦੂ ਮੰਤਰ ਅਤੇ ਟੂਣੇ ਟਾਮਣ ਨਾਲ਼ ਇੱਕ ਦੂਜੇ ਨੂੰ ਅਧੀਨ ਕਰਨ ਵਿੱਚ ਵਿਸ਼ਵਾਸ ਰੱਖਦੇ ਸਨ। ਪੁਰਾਣੇ ਸਮੇਂ ਵਿੱਚ ਜਦੋਂ ਖਾਣ-ਪੀਣ ਲਈ ਬਰਤਨਾਂ ਦੀ ਘਾਟ ਹੁੰਦੀ ਸੀ ਤਾਂ ਪੱਤਲ਼ਾਂ ਅਰਥਾਤ ਦਰੱਖ਼ਤਾਂ ਦੇ ਪੱਤਿਆਂ ਦੀਆਂ ਥਾਲ਼ੀਆਂ ਬਣਾ ਕੇ ਬਰਾਤੀਆਂ ਲਈ ਖਾਣਾ ਪਰੋਸਿਆ ਜਾਂਦਾ ਸੀ। ਇਸ ਕਰ ਕੇ ਇਸ ਨੂੰ ਪੱਤਲ਼ ਕਾਵਿ ਕਿਹਾ ਜਾਂਦਾ ਹੈ।

ਰਚਨਾ ਸੋਧੋ

ਸ਼ੁਰੂ ਵਿੱਚ ਮੇਲ਼ ਅਤੇ ਬਰਾਤੀਆਂ ਦੋਵਾਂ ਵੱਲੋਂ ਪੱਤਲ ਦਾ ਵਰਤਿਆ ਜਾਣ ਵਾਲ਼ਾ ਲੋਕ-ਕਾਵਿ ਰੂਪ ਹੀ ਪ੍ਰਚਲਿਤ ਰਿਹਾ। “ਔਰਤ ਮਨ ਵਿੱਚ ਗੀਤ ਗਾਉਣ ਦੇ ਕੁਦਰਤੀ ਸ਼ੌਕ ਅਤੇ ਮੁਹਾਰਤ ਕਾਰਨ ਜ਼ਨਾਨੀ ਪੱਤਲ ਦਾ ਲੋਕ-ਰੂਪ ਮੂੰਹੋਂ-ਮੂੰਹ ਹੁਣ ਤਕ ਪ੍ਰਚਲਿਤ ਰਿਹਾ। ਇਸ ਦੇ ਵਿਪਰੀਤ ਮਰਦਾਵੀਂ ਪੱਤਲ਼ ਦਾ ਲੋਕ-ਰੂਪ ਬਹੁਤ ਪਹਿਲਾਂ ਹੀ ਲੁਪਤ ਹੋ ਗਿਆ। ਕਿਉਂ ਜੋ ਮਰਦਾਂ ਵਿੱਚ ਕਵੀਸ਼ਰੀ ਨੂੰ ਇੱਕ ਕਿੱਤੇ ਵਜੋਂ ਅਪਣਾਉਣ ਦੀ ਰੂੜ੍ਹੀ ਕਾਰਨ ਕਵੀ-ਜਨ ਪੱਤਲ ਰਚਨਾ ਕਰਨ ਲੱਗ ਪਏ ਅਤੇ ਜਿਹੜੇ ਕਵੀਸ਼ਰ ਆਪ ਰਚਨਾ ਨਹੀਂ ਸਨ ਕਰ ਸਕਦੇ, ਇਹ ਗਾਉਣ ਲਈ ਕਵੀਆਂ ਪਾਸੋਂ ਪੱਤਲ ਰਚਨਾ ਦੀ ਮੰਗ ਕਰਨ ਲੱਗੇ। ਪੱਤਲ ਕਾਵਿ ਦੀ ਇਸ ਜ਼ੋਰਦਾਰ ਮੰਗ ਕਾਰਨ ਹਰ ਕਵੀ ਇਸ ਦੀ ਰਚਨਾ ਕਰਨ ਲੱਗਾ। ਇਸ ਬਾਰੇ ਗੁਰਦੇਵ ਸਿੰਘ ਭੱਟੀ ਆਪਣੀ ‘ਹੁਸਨ ਭਰੀ ਪੱਤਲ’ ਵਿੱਚ ਲਿਖਦਾ ਹੈ: ਦੋ ਹਜ਼ਾਰ ਅੱਠ ਮੇਂ ਉਮਰ ‘ਠਾਰਾਂ’ ਸਾਲ ਦੀ ਹੈ, ਛੁੱਟ ਗਈ ਪੱਤਲ ਲੱਗੋ ਛਕਣ ਛਕੌਣ ਜੀ। ”

ਪੱਤਲ ਬੰਨ੍ਹਣ ਅਤੇ ਛੁਡਾਉਣਾ ਸੋਧੋ

ਆਪਣੇ ਵਰਤਮਾਨ ਸਰੂਪ ਵਿੱਚ ਜੰਞ ਬੰਨ੍ਹਣ ਅਤੇ ਖੋਲ੍ਹਣ ਦੀ ਰਸਮ ਕਦੋਂ ਸ਼ੁਰੂ ਹੋਈ ਇਸ ਬਾਰੇ ਨਿਸ਼ਚਿਤ ਰੂਪ ਵਿੱਚ ਕੁੱਝ ਨਹੀਂ ਕਿਹਾ ਜਾ ਸਕਦਾ। ਲੋਕ ਵਿਸ਼ਵਾਸ ਅਨੁਸਾਰ ਪੱਤਲ ਕਾਵਿ ਦੀ ਪ੍ਰਾਚੀਨਤਾ ਦਾ ਸੰਬੰਧ ਮਹਾਂ ਕਾਵਿਕ ਯੁੱਗ ਦੀ ਸ਼ੁਰੂਆਤ ਨਾਲ ਜੋੜਿਆ ਜਾਂਦਾ ਹੈ। ਇਸ ਸੰਦਰਭ ਵਿੱਚ ਰਾਮ ਸਿੰਘ ਸਿੱਧੂ ਵੱਲੋਂ ਜੋ ਪੱਤਲ ਦੀ ਰਚਨਾ ਕੀਤੀ ਗਈ ਹੈ ਉਸ ਦੇ ਇੱਕ ਬੰਦ ਵਿੱਚੋਂ ਵੀ ਇਸ ਦੀ ਪ੍ਰਾਚੀਨਤਾ ਦਾ ਸੰਬੰਧ ਉਜਾਗਰ ਹੁੰਦਾ ਹੈ: ਸੀਤਾ ਵਰੀ ਰਾਮ ਧਨੁਸ਼ ਤੋੜ ਕੇ, ਉੱਥੇ ਜੰਨ ਬੱਧੀ ਨਾਰੀਆਂ ਨੇ ਜੋੜ ਕੇ, ਲਛਮਣ ਜਤੀ ਨੇ ਛਡਾਈ ਜੰਨ ਨੀ, ਜਨਕਪੁਰੀ ਵਿੱਚ ਹੋ ਗਈ ਧੰਨ ਧੰਨ ਨੀ।

ਪੱਤਲ ਬੰਨ੍ਹਣ ਤੇ ਛੁਡਾਉਣ ਦੀ ਤਰੀਕਾ ਸੋਧੋ

ਵਣਜਾਰਾ ਬੇਦੀ ਅਨੁਸਾਰ “ਜਦੋਂ ਜੰਞ ਰੋਟੀ ਖਾਣ ਲੱਗਦੀ ਹੈ ਤਾਂ ਕੰਨਿਆ ਦੀਆਂ ਸਖ਼ੀਆਂ ਸਹੇਲੀਆਂ, ਅਥਵਾ ਕੰਨਿਆ ਪੱਖ ਦੀਆਂ ਕੁੱਝ ਤੀਵੀਆਂ ਗੀਤ ਗਾ ਕੇ ਇਹ ਭੁਲਾਵਾ ਪਾਉਂਦੀਆਂ ਹਨ ਕਿ ਉਹਨਾਂ ਨੇ ਭੋਜਨ ਨੂੰ ਬੰਨ੍ਹ ਦਿੱਤਾ ਹ। ਇਸ ਤਰ੍ਹਾਂ ਉਹ ਬਰਾਤ ਨੂੰ ਖਾਣ ਤੋਂ ਵਰਜਦੀਆਂ ਹਨ। ਫਿਰ ਵਰ ਪੱਖ ਵੱਲੋਂ ਕੋਈ ਗੱਭਰੂ ਜਵਾਬੀ ਗੀਤ ਗਾਉਂਦਾ ਹੈ ਜਿਸ ਵਿੱਚ ਵਰ ਧਿਰ ਵਾਲਿਆਂ ਵੱਲੋਂ ਗਾਈ ਪੱਤਲ ਵਿੱਚ ਉਠਾਏ ਪ੍ਰਸ਼ਨਾਂ ਤੇ ਸ਼ੰਕਿਆਂ ਦਾ ਉੱਤਰ ਦਿੱਤਾ ਜਾਂਦਾ ਹੈ ਕਿ ਉਹ ਨੇ ਬੱਧੇ ਭੋਜਨ ਨੂੰ ਖੋਲ੍ਹ ਦਿੱਤਾ ਹੈ ਅਤੇ ਬਰਾਤ ਰੋਟੀ ਖਾ ਸਕਦੀ ਹੈ।” ਇਸ ਰੋਟੀ ਨੂੰ ਖੱਟੀ ਰੋਟੀ ਵੀ ਕਹਿੰਦੇ ਹਨ ਕਿਉਂਕਿ ਇਸ ਵਿੱਚ ਖਾਣ ਲਈ ਖੱਟੀਆਂ ਅਤੇ ਚਟਪਟੀਆਂ ਚੀਜ਼ਾਂ, ਚਟਣੀ ਤੇ ਦਹੀਂ ਭਿੱਜੀਆਂ ਪਕੌੜੀਆਂ ਦੀ ਬੂੰਦੀ ਬਣਾਈ ਗਈ ਹੁੰਦੀ ਹੈ ਜਿਸ ਬਾਰੇ ਕੁੜੀਆਂ ਗੀਤਾਂ ਵਿੱਚ ਆਖ ਰਹੀਆਂ ਹੁੰਦੀਆਂ ਹਨ: ਬਾਪੂ ! ਬੂੰਦੀ ਆਈ ਐ, ਚੁੱਪ ਕਰ ਭੈੜਿਆ ਮਸਾਂ ਥਿਆਈ ਐ।

ਅਹਿਮੀਅਤ ਸੋਧੋ

ਪੰਜਾਬੀ ਜੀਵਨ ਵਿੱਚ ਇਸ ਰਸਮ ਦੀ ਬਹੁਤ ਅਹਿਮੀਅਤ ਰਹੀ ਹੈ ਕਿਉਂਕਿ ਇਸ ਰਸਮ ਨਾਲ ਜਿੱਥੇ ਇੱਕ ਪਾਸੇ ਬੁੱਧੀ ਚਤੁਰਤਾ ਦੀ ਪ੍ਰੀਖਿਆ ਅਤੇ ਵਿਆਹ ਵਿੱਚ ਸ਼ਾਮਿਲ ਬਰਾਤੀਆਂ ਅਤੇ ਮੇਲੀਆਂ ਗੇਲੀਆਂ ਦਾ ਮਨੋਰੰਜਨ ਹੋ ਜਾਂਦਾ ਹੈ ਉੱਥੇ ਦੂਜੇ ਪਾਸੇ ਸ਼ਾਦੀ ਦਾ ਮਾਹੌਲ ਅਪਣੱਤ ਅਤੇ ਨਿੱਘ ਭਰਪੂਰ ਬਣ ਜਾਂਦਾ ਹੈ, ਜਿਹੜਾ ਦੋ ਅਨਜਾਣੇ ਪਰਿਵਾਰਾਂ ਨੂੰ ਰਿਸ਼ਤੇ ਦੀ ਇੱਕ ਪੱਕੀ ਪੀਡੀ ਗੰਢ ਵਿੱਚ ਬੰਨ੍ਹਣ ਲਈ ਸਹਾਇਕ ਬਣਦਾ ਹੈ। ਲੈ ਕੇ ਰਾਮ ਗੋਪਾਲ ਦਾ ਬੰਨ੍ਹਾਂ ਜੰਞ ਮੈਂ ਆਪ, ਖੋਲ੍ਹੇ ਬਿਨਾਂ ਜੇ ਖਾਉਗੇ ਖਾਣਾ ਦੇਊ ਸਰਾਪ, ਤੁਲਸੀ ਪੂਜਣ ਮੈਂ ਚੱਲੀ ਸੱਠ ਸਹੇਲੀਆਂ ਨਾਲ਼, ਜਾਂਞੀਓ ਤੁਹਾਨੂੰ ਬੰਨ੍ਹ ਦਿੱਤਾ ਬੰਨ੍ਹ ਤੇ ਥੋਡੇ ਥਾਲ।

ਹਵਾਲੇ ਸੋਧੋ

  1. ਗੁਰਦੇਵ ਸਿੰਘ ਸਿੱਧੂ, ਪੱਤਲ ਕਾਵਿ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ, ਪੰਨਾ 3

1. ਹਰਨੇਕ ਸਿੰਘ ਢੋਟ, ਪੱਤਲ ਕਾਵਿ ਲੋਕ ਧਾਰਕ ਅਧਿਐਨ, ਅਮਰਜੀਤ ਸਾਹਿਤ ਪ੍ਰਕਾਸ਼ਨ, ਪਟਿਆਲ਼ਾ, ਪੰਨਾ 9 2. ਗੁਰਦੇਵ ਸਿੰਘ ਸਿੱਧੂ, ਪੱਤਲ ਕਾਵਿ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲ਼ਾ, ਪੰਨਾ 4-5 3. ਪਿਆਰਾ ਸਿੰਘ ਪਦਮ, ਪੰਜਾਬੀ ਜੰਞਾਂ, ਪਿਆਰਾ ਸਿੰਘ ਪਦਮ ਪਬਲੀਕੇਸ਼ਨ, ਪਟਿਆਲ਼ਾ, ਪੰਨਾ 15 4. ਡਾ. ਰਾਜਵੰਤ ਕੌਰ ਪੰਜਾਬੀ, ਵਿਆਹ ਦੇ ਲੋਕਗੀਤ: ਵਿਭਿੰਨ ਪਰਿਪੇਖ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, ਪੰਨਾ 84 5. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਪੰਜਾਬੀ ਲੋਕ-ਧਾਰਾ ਵਿਸ਼ਵ ਕੋਸ, ਪੰਨਾ 1664 6. ਗਿਆਨੀ ਗੁਰਦਿੱਤ ਸਿੰਘ, ਵਿਆਹ ਦੀਆਂ ਰਸਮਾਂ, ਸਾਹਿਤ ਪ੍ਰਕਾਸ਼ਨ, ਚੰਡੀਗੜ੍ਹ, ਪੰਨਾ 106 7. ਪ੍ਰੋ. ਜੀਤ ਸਿੰਘ ਜੋਸ਼ੀ, ਪੰਜਾਬੀ ਅਧਿਐਨ ਤੇ ਅਧਿਆਪਨ ਬਦਲਦੇ ਪਰਿਪੇਖ, ਵਾਰਿਸ ਸ਼ਾਹ ਫ਼ਾਉਂਡੇਸ਼ਨ, ਅੰਮ੍ਰਿਤਸਰ, ਪੰਨਾ 227