ਫ਼ਤਿਹਪੁਰ ਸੀਕਰੀ ਪਥਰੀਲੇ ਮਹਿਰਾਬਾਂ ਵਾਲਾ ਸ਼ਹਿਰ ਇਹ ਸਮਾਰਕ ਇਤਿਹਾਸ ਹੀ ਨਹੀਂ ਸਮੋਈ ਬੈਠੇ ਸਗੋਂ ਇਹ ਤਾਂ ਬੀਤ ਚੁੱਕੇ ਸਾਡੇ ਕੁਝ ਸੁਨਹਿਰੀ ਪਲਾਂ ਦੀ ਦਾਸਤਾਨ ਵੀ ਸਾਂਭੀ ਬੈਠੇ ਹਨ ਇਹ ਸਮਾਰਕ ਸਾਡਾ ਮਾਣ ਹਨ। ਫ਼ਤਿਹਪੁਰ ਸੀਕਰੀ ਸਮਾਰਕ ਇਸਲਾਮੀ ਬਾਦਸ਼ਾਹਤ ਦੀ ਉਸ ਸ਼ਖ਼ਸੀਅਤ ਨਾਲ ਜੁੜਿਆ ਹੋਇਆ ਹੈ ਜਿਸ ਦਾ ਨਾਂ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਂਦਾ ਹੈ। ਦੀਨ-ਏ-ਇਲਾਹੀ ਚਲਾਉਣ, ਬੀਰਬਲ ਦੀਆਂ ਖਰੀਆਂ-ਖਰੀਆਂ ਸੁਣਨ ਅਤੇ ਫ਼ਤਿਹਪੁਰ ਵਸਾਉਣ ਵਾਲੇ ਬਾਦਸ਼ਾਹ ਅਕਬਰ ਨੇ ਇਹ ਸਮਾਰਕ ਬਣਵਾਇਆ ਸੀ।

ਫ਼ਤਿਹਪੁਰ ਸੀਕਰੀ ਪਥਰੀਲੇ ਮਹਿਰਾਬਾਂ ਵਾਲਾ ਸ਼ਹਿਰ

ਕਹਾਣੀ

ਸੋਧੋ

ਇਸ ਬਾਰੇ ਬੜੀ ਦਿਲਚਸਪ ਕਹਾਣੀ ਹੈ। ਕਹਿੰਦੇ ਹਨ ਕਿ ਇਹ ਸ਼ਹਿਰ ਰਾਜਪੂਤ ਰਾਜੇ ਮਹਾਰਾਣਾ ਸੰਗਰਾਮ ਸਿੰਘ ਨੇ 1500 ਈ. ’ਚ ਵਸਾਇਆ ਸੀ ਤੇ ਇਸ ਦਾ ਨਾਂ ਸੀਕਰੀਗੜ੍ਹ ਸੀ। ਅਕਬਰ ਦੇ ਰਾਜ ਦੀ ਰਾਜਧਾਨੀ ਆਗਰਾ ਸੀ। ਉਸ ਨੇ ਆਪਣੇ ਸੱਤਵੇਂ ਹਮਲੇ ਵਿੱਚ ਸੀਕਰੀਗੜ੍ਹ ਨੂੰ ਫ਼ਤਿਹ ਕਰ ਲਿਆ ਤੇ ਇਸ ਦਾ ਨਾਂ ਫ਼ਤਿਹਪੁਰ ਸੀਕਰੀ ਰੱਖ ਦਿੱਤਾ। ਇਸ ਪਹਾੜੀ ’ਤੇ ਸਲੀਮ ਚਿਸ਼ਤੀ ਨਾਂ ਦਾ ਪਹੁੰਚਿਆ ਹੋਇਆ ਸੂਫ਼ੀ ਫ਼ਕੀਰ ਸੀ। ਅਕਬਰ ਦੇ ਜੌੜੇ ਬੱਚੇ ਹੋਏ ਪਰ ਉਹ ਮਰ ਗਏ। ਅਕਬਰ ਕੋਈ ਵਾਰਿਸ ਚਾਹੁੰਦਾ ਸੀ। ਸਲੀਮ ਚਿਸ਼ਤੀ ਦੇ ਆਸ਼ੀਰਵਾਦ ਨਾਲ ਇਨ੍ਹਾਂ ਦੇ ਘਰ ਲੜਕਾ ਪੈਦਾ ਹੋਇਆ ਤੇ ਅਕਬਰ ਨੇ ਸੰਤ ਪ੍ਰਤੀ ਸਤਿਕਾਰ ਅਤੇ ਸ਼ਰਧਾ ਸਦਕਾ ਉਸ ਦਾ ਨਾਂ ਸਲੀਮ ਰੱਖਿਆ ਜੋ ਬਾਅਦ ਵਿੱਚ ਜਹਾਂਗੀਰ ਦੇ ਨਾਂ ਨਾਲ ਮਸ਼ਹੂਰ ਹੋਇਆ। ਜਦੋਂ ਸਲੀਮ ਦੋ ਸਾਲ ਦਾ ਸੀ ਤਾਂ ਅਕਬਰ ਨੇ ਆਪਣੀ ਰਾਜਧਾਨੀ ਆਗਰੇ ਤੋਂ ਬਦਲ ਕੇ ਫ਼ਤਿਹਪੁਰ ਸੀਕਰੀ ਬਣਾਉਣ ਦਾ ਫ਼ੈਸਲਾ ਕੀਤਾ। ਉਸ ਨੇ 1571 ਈ. ਵਿੱਚ ਇਸ ਸਮਾਰਕ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ। ਇਸ ਨੂੰ ਤਿਆਰ ਕਰਨ ਵਿੱਚ 15 ਸਾਲ ਲੱਗੇ। ਇਸ ਇਲਾਕੇ ਵਿੱਚ ਪਾਣੀ ਦੀ ਘਾਟ ਹੋਣ ਕਰਕੇ 1598 ਈ. ਵਿੱਚ ਅਕਬਰ ਵਾਪਸ ਆਗਰੇ ਚਲਾ ਗਿਆ।

ਇਮਾਰਤ ਸ਼ੈਲੀ

ਸੋਧੋ

ਫ਼ਤਿਹਪੁਰ ਸੀਕਰੀ ਮੁਗਲ ਇਮਾਰਤ ਸ਼ੈਲੀ ਦਾ ਮਹਾਨ ਸ਼ਾਹਕਾਰ ਹੈ। ਇੱਥੇ ਬਣਿਆ ਸਲੀਮ ਚਿਸ਼ਤੀ ਦਾ ਮਕਬਰਾ ਤੇ ਬੁਲੰਦ ਦਰਵਾਜ਼ਾ ਦੇਖਣਯੋਗ ਹਨ। ਇੱਥੋਂ ਦੀ ਇਮਾਰਤਸਾਜ਼ੀ ਵਿੱਚ ਭਾਰਤੀ ਸ਼ਿਲਪਕਾਰਾਂ ਦੀ ਕਲਾ ਨਜ਼ਰ ਆਉਂਦੀ ਹੈ। ਇਸ ਇਲਾਕੇ ਵਿੱਚ ਰੇਤਲਾ ਲਾਲ ਪੱਥਰ ਮਿਲਦਾ ਸੀ ਜਿਸ ਕਰਕੇ ਇਸ ਦੀ ਵਰਤੋਂ ਕੀਤੀ ਗਈ ਹੈ। ਇਕੱਲੀ ਸਲੀਮ ਚਿਸ਼ਤੀ ਦੀ ਦਰਗਾਹ ਬਹੁਮੁੱਲੇ ਸਫ਼ੈਦ ਪੱਥਰ ਦੀ ਬਣਾਈ ਗਈ ਹੈ। ਇਸ ਸਮਾਰਕ ਦੇ ਅੰਦਰ ਬਣੀਆਂ ਯਾਦਗਾਰਾਂ ਪ੍ਰਸਿੱਧ ਸ਼ਖ਼ਸੀਅਤਾਂ ਦੀ ਯਾਦ ਦਿਵਾਉਂਦੀਆਂ ਹੀ ਹਨ। ਇਸ ਦੇ ਨਾਲ ਹੀ ਹਜ਼ਾਰਾਂ ਕਾਮਿਆਂ ਅਤੇ ਸਾਡੇ ਵਡੇਰਿਆਂ ਦੀ ਯਾਦ ਵੀ ਤਾਜ਼ਾ ਹੋ ਜਾਂਦੀ ਹੈ। ਅਕਬਰ ਦੇ ਹਿੰਦੂ ਦਰਬਾਰੀ, ਜੋ ਆਪਣੀ ਹਾਜ਼ਰ-ਜਵਾਬੀ ਕਰਕੇ ਅੱਜ ਤੱਕ ਸਭ ਦੇ ਹਿਰਦੇ ਵਿੱਚ ਵੱਸਿਆ ਹੋਇਆ ਹੈ, ਦਾ ਇਸ ਸਮਾਰਕ ਵਿੱਚ ਛੱਜਿਆਂ ਨਾਲ ਸ਼ਿੰਗਾਰਿਆ ਘਰ ਦੇਖਣਯੋਗ ਹੈ। ਇੱਥੇ ਅਨੂਪ ਤਲਾਅ ਦੇ ਵਿਚਕਾਰ ਬੈਠ ਕੇ ਭਾਰਤ ਦਾ ਮਹਾਨ ਸੰਗੀਤਕਾਰ ਤਾਨਸੇਨ ਗਾਇਆ ਕਰਦਾ ਸੀ। ਤਲਾਅ ਦੇ ਵਿਚਕਾਰ ਉਸ ਦੇ ਬੈਠਣ ਲਈ ਬਣਿਆ ਮੰਚ ਚਾਰੇ ਪਾਸਿਆਂ ਤੋਂ ਜੁੜਿਆ ਹੋਇਆ ਹੈ। ਪੰਚ ਮਹਿਲ ਇੱਕ ਪੰਜ ਮੰਜ਼ਿਲੀ ਇਮਾਰਤ ਹੈ। ਇਸ ਦੇ ਉਪਰ ਇੱਕ ਵੱਡੀ ਗੁੰਬਦਨੁਮਾ ਛੱਤਰੀ ਬਣੀ ਹੋਈ ਹੈ। ਇਹ ਔਰਤਾਂ ਲਈ ਕਚਿਹਰੀ ਵਜੋਂ ਵਰਤੀ ਜਾਂਦੀ ਸੀ। ਪਾਚੀਸੀ ਕੋਰਟ ਵਿੱਚ ਮਹਿਲ ਦੇ ਲੋਕ ਲੁਡੋ ਵਰਗੀ ਖੇਡ ਖੇਡਦੇ ਸਨ। ਨੁੱਕੜਖਾਨਾ ਜਿਸ ਨੂੰ ਨੌਬਤਖਾਨਾ ਵੀ ਕਹਿ ਦਿੰਦੇ ਹਨ, ਨੂੰ ਢੋਲ ਲਈ ਵਰਤਿਆ ਜਾਂਦਾ ਸੀ। ਇੱਥੋਂ ਮਹਾਰਾਜੇ ਦੇ ਆਉਣ ਬਾਰੇ ਜਾਂ ਕੋਈ ਹੋਰ ਸੂਚਨਾ ਦੇਣ ਲਈ ਢੋਲ ਖੜਕਾ ਦਿੱਤਾ ਜਾਂਦਾ ਸੀ। ਅਕਬਰ ਨੇ ਆਪਣੇ ਲਈ ਵਿਸ਼ੇਸ਼ ਇਬਾਦਤਗਾਹ ਤਿਆਰ ਕਰਵਾਈ ਸੀ ਜਿੱਥੋਂ ਉਸ ਨੇ ‘ਦੀਨ-ਏ-ਇਲਾਹੀ’ ਸ਼ੁਰੂ ਕੀਤਾ। ‘ਦੀਵਾਨ-ਏ-ਆਮ’ ਆਮ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਰਾਖਵਾਂ ਸਥਾਨ ਸੀ ਤੇ ‘ਦੀਵਾਨ-ਏ-ਖ਼ਾਸ’ ਨਕਾਸ਼ੀ ਦਾ ਸੁੰਦਰ ਨਮੂਨਾ ਹੈ। ਇੱਥੇ ਬੈਠ ਕੇ ਅਕਬਰ ਆਪਣੇ ਦਰਬਾਰੀਆਂ ਅਤੇ ਹੋਰ ਭਰੋਸੇਯੋਗ ਵਿਅਕਤੀਆਂ ਨਾਲ ਸਲਾਹ-ਮਸ਼ਵਰੇ ਕਰਦਾ ਸੀ। ਇਸ ਵਰਗਾਕਾਰ ਇਮਾਰਤ ਉੱਤੇ ਚਾਰ ਛੱਤਰੀਆਂ ਹਨ। ਇਸ ਦੇ ਵਿਚਕਾਰਲੇ ਥੰਮ ਉਪਰ ਅਕਬਰ ਦੇ ਬੈਠਣ ਲਈ ਬਣੇ ਗੋਲ ਸਥਾਨ ਨੂੰ 36 ਪੱਥਰ ਦੇ ਬਣੇ ਕਮਾਨੀਦਾਰ ਨਕਾਸ਼ੀ ਭਰਭੂਰ ਬਰੈਕਟਾਂ ਨਾਲ ਸ਼ਿੰਗਾਰਿਆ ਹੋਇਆ ਹੈ। ਅਕਬਰ ਦੇ ਬੈਠਣ ਵਾਲੇ ਸਥਾਨ ਨੂੰ ਚਾਰੇ ਕੋਨਿਆਂ ਤੋਂ ਪੱਥਰ ਦੇ ਬੀਮ ਰੂਪੀ ਰਸਤਿਆਂ ਨਾਲ ਜੋੜਿਆ ਗਿਆ ਹੈ। ਅੰਦਰ ਬਣੀ ਜਾਮਾ ਮਸਜਿਦ ਸ਼ਾਇਦ ਇਸ ਸਮਾਰਕ ਦੀ ਸਭ ਤੋਂ ਪਹਿਲਾਂ ਤਿਆਰ ਹੋਈ ਇਮਾਰਤ ਹੋਵੇ ਕਿਉਂਕਿ ਇਸ ਦੇ ਉਪਰ ਤਿਆਰ ਹੋਣ ਦਾ ਸਮਾਂ ਉਕਰਿਆ ਹੋਇਆ ਹੈ ਜੋ 1571-72 ਦਾ ਬਣਦਾ ਹੈ। ਇਸ ਦੇ ਸਭ ਤੋਂ ਵੱਡੇ ਵਿਚਕਾਰਲੇ ਮਹਿਰਾਬ ’ਤੇ ਵੱਡਾ ਗੁੰਬਦ ਬਣਿਆ ਹੋਇਆ ਹੈ। ਇਸ ਦੇ ਅੰਦਰ ਚਿੱਟੇ ਸੰਗਮਰਮਰ ਦਾ ਕੰਮ ਹੋਇਆ ਹੈ। ਸੂਫ਼ੀ ਸੰਤ ਸਲੀਮ ਚਿਸ਼ਤੀ ਦੀ ਦਰਗਾਹ ’ਤੇ ਅੱਜ ਵੀ ਲੋਕ ਮਨ ਦੀਆਂ ਮੁਰਾਦਾਂ ਪੂਰੀਆਂ ਕਰਵਾਉਣ ਲਈ ਸਿਜਦਾ ਕਰਦੇ ਹਨ। ਚਿਸ਼ਤੀ ਦੀ ਮਜ਼ਾਰ ਦੇ ਚਾਰੇ ਪਾਸੇ ਚਿੱਟੇ ਸੰਗਮਰਮਰ ਦੀ ਲੱਗੀ ਜਾਲੀ ਨਾਲ ਖੰਭਣੀ ਬੰਨ੍ਹਦੇ ਤੇ ਸੁੱਖਣਾ ਸੁੱਖਦੇ ਹਨ। ਮਜ਼ਾਰ ਦੇ ਖੱਬੇ ਪਾਸੇ ਲਾਲ ਪੱਥਰ ਨਾਲ ਇੱਕ ਕਬਰ ਬਣੀ ਹੋਈ ਹੈ ਜੋ ਸਲੀਮ ਚਿਸ਼ਤੀ ਦੇ ਪੋਤੇ ਇਸਲਾਮ ਖ਼ਾਨ ਦੀ ਹੈ। ਉਹ ਜਹਾਂਗੀਰ ਦੇ ਰਾਜ ਵਿੱਚ ਮੁਗਲ ਸੈਨਾ ਦਾ ਜਰਨੈਲ ਬਣਿਆ। ਇੱਥੇ ਹੋਰ ਬਹੁਤ ਸਾਰੀਆਂ ਕਬਰਾਂ ਹਨ। ਇਨ੍ਹਾਂ ਬਾਰੇ ਦੱਸਦੇ ਹਨ ਕਿ ਇਹ ਸਲੀਮ ਚਿਸ਼ਤੀ ਪਰਿਵਾਰ ਦੇ ਮਰਦ ਮੈਂਬਰਾਂ ਦੀਆਂ ਹਨ। ਇਸ ਸੈਲਾਨੀ ਕੇਂਦਰ ਦੀ ਸਭ ਤੋਂ ਵੱਡੀ ਖਿੱਚ ‘ਬੁਲੰਦ ਦਰਵਾਜ਼ਾ’ ਹੈ। ਇਸ ਦੀ ਉਚਾਈ ਨੂੰ ਦੇਖਣ ਲਈ ਪੂਰੀ ਧੌਣ ਪਿੱਛੇ ਲਾਉਣੀ ਪੈਂਦੀ ਹੈ। 54 ਮੀਟਰ ਉੱਚੇ ਇਸ ਦਰਵਾਜ਼ੇ ਦੀ ਤਸਵੀਰ ਵੀ ਸਾਰੀਆਂ ਵਿਸ਼ਾਲ ਪੌੜੀਆਂ ਉੱਤਰ ਕੇ ਦੂਰ ਤੋਂ ਜਾ ਕੇ ਖਿੱਚਣੀ ਪੈਂਦੀ ਹੈ। ਇਹ ਦਰਵਾਜ਼ਾ 1576-77 ਵਿੱਚ ਅਕਬਰ ਵੱਲੋਂ ਗੁਜਰਾਤ ਦੀ ਮੁਹਿੰਮ ’ਚ ਸਫ਼ਲਤਾ ਪ੍ਰਾਪਤ ਕਰਕੇ ਵਾਪਸ ਸੀਕਰੀ ਪਹੁੰਚਣ ਦੀ ਖ਼ੁਸ਼ੀ ਵਿੱਚ ਬਣਵਾਇਆ ਗਿਆ। ਇਸ ਦਰਵਾਜ਼ੇ ਦੇ ਤਿੰਨ ਦੁਆਰ ਹਨ ਪਰ ਵਿਚਕਾਰਲਾ ਸਭ ਤੋਂ ਵੱਡਾ ਮੁੱਖ ਹੈ ਜਿਸ ਨੂੰ ‘ਹਾਰਸ ਸ਼ੂ ਗੇਟ’ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਦਰਵਾਜ਼ੇ ਦੇ ਲੱਕੜ ਉਪਰਲੇ ਪੱਲਿਆਂ ਨੂੰ ਅਨੇਕਾਂ ਘੋੜ ਖੁਰੀਆਂ ਨਾਲ ਸ਼ਿੰਗਾਰਿਆ ਹੋਇਆ ਹੈ। ਇਹ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅਕਬਰ ਵੀ ਘੋੜ ਖੁਰੀਆਂ ਨੂੰ ਸ਼ੁਭ ਮੰਨਦਾ ਸੀ। ਇਹ ਮਹਾਨ ਸਮਾਰਕ ਆਪਣੇ ਅੰਦਰ ਟਕਸਾਲ, ਦਫ਼ਤਰਖਾਨਾ, ਕਾਰਖਾਨਾ, ਖਜ਼ਾਨਾ ਅਤੇ ਹਕੀਮ ਰਿਹਾਇਸ਼ਾਂ ਆਦਿ ਯਾਦਗਾਰਾਂ ਵੀ ਸਾਂਭੀ ਬੈਠਾ ਹੈ।


ਹਵਾਲੇ

ਸੋਧੋ