ਫੁੱਲ (ਗਹਿਣਾ)
ਇਸਤਰੀਆਂ ਦੇ ਸਿਰ ਦੇ ਸੋਨੇ ਦੇ ਇਕ ਗਹਿਣੇ ਨੂੰ, ਜੋ ਸੱਗੀ ਦੇ ਦੋਵੇਂ ਪਾਸੇ ਪਾਏ ਜਾਂਦੇ ਸਨ, ਫੁੱਲ ਕਹਿੰਦੇ ਹਨ। ਫੁੱਲ ਦੋ ਹੁੰਦੇ ਹਨ। ਪਹਿਲੇ ਸਮਿਆਂ ਵਿਚ ਸੱਗੀ ਫੁੱਲ ਦਾਜ ਦੇ ਮਹੱਤਵਪੂਰਨ ਗਹਿਣੇ ਹੁੰਦੇ ਸਨ। ਵਿਆਹ ਸਮੇਂ ਕੁੜੀ ਦੇ ਸਿਰ ਉੱਪਰ ਸੱਗੀ ਫੁੱਲ ਗੁੰਦ ਕੇ ਸਹੁਰੀਂ ਤੋਰਿਆ ਜਾਂਦਾ ਸੀ।
ਫੁੱਲਾਂ ਦੀ ਬਣਾਵਟ ਮੂਧੀ ਮਾਰੀ ਠੂਠੀ ਵਰਗੀ ਹੁੰਦੀ ਹੈ। ਪਰ ਫੁੱਲ ਆਕਾਰ ਵਿਚ ਸੱਗੀ ਨਾਲੋਂ ਛੋਟੇ ਹੁੰਦੇ ਹਨ। ਫੁੱਲਾਂ ਉੱਪਰ ਇਕ ਨਿੱਕੀ ਜਿਹੀ ਲੂੰਬੀ ਲੱਗੀ ਹੁੰਦੀ ਸੀ, ਜਿਸ ਵਿਚ ਨਗ ਜੜਿਆ ਹੁੰਦਾ ਹੈ। ਫੁੱਲਾਂ ਦਾ ਅੰਦਰਲਾ ਹਿੱਸਾ ਚਾਂਦੀ ਦਾ ਹੁੰਦਾ ਹੈ। ਏਸ ਅੰਦਰਲੇ ਹਿੱਸੇ ਉੱਪਰ ਲਾਖ ਲਾ ਕੇ, ਸੋਨੇ ਦੇ ਪੱਤਰੇ ਨੂੰ ਮੀਨਾਕਾਰੀ ਕਰ ਕੇ ਲਾਇਆ ਹੁੰਦਾ ਹੈ। ਫੁੱਲਾਂ ਦੇ ਅੰਦਰਲੇ ਪਾਸੇ ਕੁੰਡੇ ਲੱਗੇ ਹੁੰਦੇ ਹਨ। ਇਨ੍ਹਾਂ ਕੁੰਡਿਆਂ ਵਿਚੋਂ ਦੀ ਹੀ ਪਰਾਂਦਾ ਲੰਘਾ ਕੇ ਮੀਢੀਆਂ ਵਿਚ ਫੁੱਲ ਗੁੰਦੇ ਜਾਂਦੇ ਹਨ। ਹੁਣ ਸੱਗੀ ਤੇ ਫੁੱਲ ਪਾਉਣ ਦਾ ਰਿਵਾਜ ਬਿਲਕੁਲ ਖ਼ਤਮ ਹੋ ਗਿਆ ਹੈ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.