ਫੂਲਕੀਆ ਮਿਸਲ
ਪਟਿਆਲਾ, ਨਾਭਾ ਅਤੇ ਜੀਂਦ ਦੀਆਂ ਸਿੱਖ ਰਿਆਸਤਾਂ ਦੇ ਰਾਜ ਫੂਲਕੀਆਂ ਮਿਸਲ ਨਾਲ ਸੰਬੰਧ ਰੱਖਦੇ ਸਨ। ਇਹ ਸਿੱਖ ਹਾਕਮ ਆਪਣੇ ਆਪ ਨੂੰ ਚੌਧਰੀ ਫੁਲ ਦੀ ਅੰਸ਼ ਵਿੱਚੋਂ ਦੱਸਦੇ ਹਨ।
ਫੂਲ ਦਿ ਅੰਸ਼ ਵਿੱਚ ਚੌਧਰੀ ਰਾਮ ਸਿੰਘ ਨੇ ਗੁਰੂ ਗੋਬਿੰਦ ਸਿੰਘ ਤੌਂ ਅੰਮ੍ਰਿਤ ਛਕਿਆ ਸੀ। ਚੌਧਰੀ ਰਾਮ ਸਿੰਘ ਦੇ ਪੁੱਤਰ ਆਲਾ ਸਿੰਘ ਨੇ 1714 ਵਿੱਚ ਇਸ ਮਿਸਲ ਦੀ ਕਮਾਂਡ ਸੰਭਾਲੀ। ਉਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਮੁਗ਼ਲਾਂ ਨਾਲ ਜੂਝ ਰਿਹਾ ਸੀ। ਆਲਾ ਸਿੰਘ ਬੜਾ ਬਹਾਦਰ ਅਤੇ ਸੂਝਵਾਨ ਵਿਅਕਤੀ ਸੀ। ਆਲਾ ਸਿੰਘ ਨੇ ਪਟਿਆਲਾ ਦੇ ਆਸਪਾਸ 30 ਪਿੰਡਾਂ ਉੱਤੇ ਆਧਾਰਤ ਆਪਣਾ ਇੱਕ ਸੁਤੰਤਰ ਰਾਜ ਕਾਇਮ ਕਰ ਲਿਆ। ਮੁਗ਼ਲਾਂ, ਅਫ਼ਗ਼ਾਨੀਆਂ ਅਤੇ ਮਰਾਠਿਆਂ ਨਾਲ ਸਿਆਸੀ ਸੰਬੰਧ ਬਣਾਉਣ ਵਿੱਚ ਆਲਾ ਸਿੰਘ ਆਪਣੇ ਸਮਕਾਲੀਆਂ ਨਾਲੋਂ ਕਿਤੇ ਵੱਧ ਚਤਰ ਸੀ। 1763 ਵਿੱਚ ਬਾਬਾ ਆਲਾ ਸਿੰਘ ਨੇ ਪਟਿਆਲਾ ਕਿਲ੍ਹੇ ਦੀ ਨੀਂਹ ਰੱਖੀ। ਇਸ ਨੂੰ ਕਿਲ੍ਹਾ ਮੁਬਾਰਕ ਦਾ ਨਾਂ ਦਿੱਤਾ ਗਿਆ। ਇਸ ਦੇ ਆਸਪਾਸ ਹੀ ਮੌਜੂਦਾ ਪਟਿਆਲਾ ਸ਼ਹਿਰ ਵਸਾਇਆ ਗਿਆ। 1761 ਵਿੱਚ ਪਾਣੀਪੱਤ ਦੀ ਤੀਸਰੀ ਲੜਾਈ ਵਿੱਚ ਅਫ਼ਗਾਨੀਆਂ ਕੋਲੋਂ ਮਰਾਠਿਆਂ ਨੂੰ ਲੱਕ ਤੋੜਵੀਂ ਹਾਰ ਹੋਈ। ਉਸ ਸਮੇਂ ਪੰਜਾਬ ਦੇ ਸਿੱਖ ਮਿਸਲਦਾਰ, ਈਸਟ ਇੰਡੀਆ ਕੰਪਨੀ, ਕਾਂਗੜਾ ਦੇ ਹਿੰਦੂ ਰਾਜੇ ਆਪਣੀ-ਆਪਣੀ ਸੁਰੱਖਿਆ ਲਈ ਚਿੰਤਿਤ ਹੋ ਗਏ। ਪਰ ਅਜਿਹੇ ਸਮੇਂ ਅਹਿਮਦ ਸ਼ਾਹ ਅਬਦਾਲੀ ਦਾ ਸਾਥ ਦੇਣ ਕਾਰਨ ਬਾਬਾ ਆਲਾ ਸਿੰਘ ਨੂੰ ਅਬਦਾਲੀ ਨੇ ਇੱਕ ਨਗਾਰਾ ਅਤੇ ਸ਼ਾਹੀ ਚਿੰਨ੍ਹ ਪ੍ਰਦਾਨ ਕੀਤੇ। ਬਾਬਾ ਆਲਾ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਪੋਤੇ ਅਮਰ ਸਿੰਘ ਨੂੰ ਅਬਦਾਲੀ ਨੇ ਰਾਜਾ-ਏ-ਰਾਜਗਾਨ ਦਾ ਟਾਈਟਲ ਦਿੱਤਾ। ਉਸ ਨੂੰ ਆਪਣਾ ਸਿੱਕਾ ਜਾਰੀ ਕਰਨ ਦੀ ਵੀ ਇਜਾਜ਼ਤ ਸੀ। ਪਟਿਆਲਾ ਦੇ ਹਾਕਮਾਂ ਵੱਲੋਂ ਅਫ਼ਗ਼ਾਨੀਆਂ ਨੂੰ ਸਹਿਯੋਗ ਦਿੱਤੇ ਜਾਣ ਕਾਰਨ ਦਲ ਖਾਲਸਾ ਵਿੱਚ ਫੂਲਕੀਆਂ ਮਿਸਲ ਨੂੰ ਸ਼ਾਮਲ ਨਹੀਂ ਸੀ ਕੀਤਾ ਗਿਆ। ਦਲ ਖਾਲਸਾ ਵਿੱਚ 11 ਮਿਸਲਾਂ ਹੀ ਸ਼ਾਮਲ ਸਨ।
18ਵੀਂ ਸਦੀ ਦੇ ਅੰਤਲੇ ਸਾਲਾਂ ਵਿੱਚ ਪੰਜਾਬ ਵਿੱਚ ਰਣਜੀਤ ਸਿੰਘ ਦੇ ਉਭਾਰ ਕਾਰਨ ਫੂਲਕੀਆਂ ਰਿਆਸਤਾਂ ਦੇ ਹਾਕਮ ਬਹੁਤ ਚਿੰਤਿਤ ਹੋ ਉੱਠੇ। ਪਟਿਆਲਾ ਦੇ ਰਾਜੇ ਨੇ 1808 ਵਿੱਚ ਅੰਗਰੇਜ਼ਾਂ ਨਾਲ ਰਣਜੀਤ ਸਿੰਘ ਦੇ ਖ਼ਿਲਾਫ਼ ਆਪਣੀ ਸੁਰੱਖਿਆ ਲਈ ਸੰਧੀ ਕਰ ਲਈ। ਪਟਿਆਲਾ ਦੇ ਹਾਕਮ ਰਾਜਾ ਕਰਮ ਸਿੰਘ, ਰਾਜਾ ਨਰਿੰਦਰ ਸਿੰਘ, ਰਾਜਾ ਮਹੇਂਦਰਾ ਸਿੰਘ, ਰਾਜਾ ਰਾਜਿੰਦਰ ਸਿੰਘ, ਰਾਜਾ ਭੁਪਿੰਦਰ ਸਿੰਘ ਦੀ ਅੰਗਰੇਜ਼ ਬਹੁਤ ਇੱਜ਼ਤ ਕਰਦੇ ਸਨ। ਹਿੰਦੁਸਤਾਨ ਦੇ ਸਿਆਸੀ ਨਕਸ਼ੇ ਉੱਤੇ ਮਹਾਰਾਜਾ ਭੁਪਿੰਦਰ ਸਿੰਘ (1900-1930) ਦੇ ਸਮੇਂ ਪਟਿਆਲਾ ਦੀ ਰਿਆਸਤ ਦਾ ਖ਼ਾਸ ਮੁਕਾਮ ਸੀ।
ਰਿਆਸਤ ਨਾਭਾ
ਸੋਧੋਨਾਭਾ ਅਤੇ ਜੀਂਦ ਦੋਹਾਂ ਰਿਆਸਤਾਂ ਦਾ ਵਡੇਰਾ ਤਿਲੋਕਾ ਫੂਲ ਦਾ ਸਪੁੱਤਰ ਸੀ। ਇਹ ਦੋਹਵੇਂ ਰਿਆਸਤਾਂ ਫੂਲਕੀਆਂ ਮਿਸਲ ਦੀਆਂ ਮੈਂਬਰ ਸਨ। ਤਿਲੋਕੇ ਦੇ ਦੋ ਸਪੁੱਤਰ ਸਨ: ਗੁਰਦਿੱਤਾ ਅਤੇ ਸੁੱਖਚੈਨ। ਗੁਰਦਿੱਤਾ ਨਾਭਾ ਰਿਆਸਤ ਦਾ ਵਡੇਰਾ ਸੀ ਅਤੇ ਸੁੱਖਚੈਨ ਜੀਂਦ ਰਿਆਸਤ ਦਾ। ਗੁਰਦਿੱਤਾ 1752 ਵਿੱਚ ਅਕਾਲ ਚਲਾਣਾ ਕਰ ਗਿਆ ਅਤੇ ਉਸ ਦਾ ਪੋਤੇ ਹਮੀਰ ਸਿੰਘ ਨੇ 1755 ਵਿੱਚ ਨਾਭਾ ਰਿਆਸਤ ਦੀ ਸਥਾਪਨਾ ਕੀਤੀ। ਉਹ ਨਾਭਾ ਰਿਆਸਤ ਦਾ ਪਹਿਲਾ ਰਾਜਾ ਕਿਹਾ ਜਾ ਸਕਦਾ ਹੈ। ਰਾਜਾ ਹਮੀਰ ਸਿੰਘ ਦੀ ਮੌਤ ਤੋਂ ਬਾਅਦ ਰਾਜਾ ਜਸਵੰਤ ਸਿੰਘ 1790 ਵਿੱਚ ਨਾਭਾ ਰਿਆਸਤ ਦਾ ਹਾਕਮ ਬਣਿਆਂ। ਉਹ ਮਹਾਰਾਜਾ ਰਣਜੀਤ ਸਿੰਘ ਦਾ ਸਮੱਰਥਕ ਸੀ ਪਰ ਜੀਂਦ ਅਤੇ ਪਟਿਆਲਾ ਰਿਆਸਤਾਂ ਵਾਂਗ ਉਸ ਨੇ ਵੀ ਲਾਹੌਰ ਦੇ ਮਹਾਰਾਜੇ ਰਣਜੀਤ ਸਿੰਘ ਦੀ ਵਧਦੀ ਤਾਕਤ ਦੇ ਡਰ ਤੋਂ ਅੰਗਰੇਜ਼ਾਂ ਦੀ ਛਤਰੀ ਹੇਠਾਂ ਆਉਣ ਵਿੱਚ ਵੀ ਭਲਾ ਸਮਝਿਆ। 1880 ਵਿੱਚ ਨਾਭੇ ਦੇ ਹਾਕਮ ਨੂੰ ਅੰਗਰੇਜ਼ਾਂ ਵੱਲੋਂ ਮਹਾਰਾਜਾ ਅਤੇ ਰਾਜਾ-ਏ-ਰਾਜਗਾਨ ਦੇ ਟਾਈਟਲ ਦਿੱਤੇ ਗਏ।
ਰਿਆਸਤ ਜੀਂਦ
ਸੋਧੋਫੁੱਲ ਦੇ ਪੜਪੋਤੇ ਫੂਲਕੀਆਂ ਮਿਸਲ ਦੇ ਸੰਸਥਾਪਕ ਗਜਪੱਤ ਸਿੰਘ ਨੇ ਵੀ ਸਰਹੰਦ ਫਤਹ ਕਰਨ ਵਿੱਚ ਹਿੱਸਾ ਲਿਆ ਸੀ। ਉਸ ਨੂੰ ਜਿੱਤੇ ਹੋਏ ਇਲਾਕਿਆਂ ਵਿੱਚੋਂ ਜੀਂਦ ਅਤੇ ਸਫ਼ੀਦੋਂ ਦੇ ਇਲਾਕੇ ਹਿੱਸੇ ਵਿੱਚ ਆਏ। ਗਜਪੱਤ ਸਿੰਘ ਨੇ ਜੀਂਦ ਨੂੰ ਆਪਣਾ ਹੈੱਡਕੁਆਰਟਰ ਬਣਾ ਲਿਆ ਅਤੇ ਇੱਥੇ ਇੱਟਾਂ ਦਾ ਇੱਕ ਕਿਲ੍ਹਾ ਤਾਮੀਰ ਕਰਵਾਇਆ। 1772 ਵਿੱਚ ਮੁਗ਼ਲ ਬਾਦਸ਼ਾਹ ਸ਼ਾਹ ਆਲਮ ਨੇ ਗਜਪੱਤ ਸਿੰਘ ਨੂੰ ਰਾਜਾ ਦੀ ਉਪਾਧੀ ਦਿੱਤੀ। ਇਸ ਤੋਂ ਬਾਅਦ ਗਜਪੱਤ ਸਿੰਘ ਨੇ ਸੁਤੰਤਰ ਹਾਕਮ ਦੇ ਤੌਰ ਉੱਤੇ ਰਾਜ ਕੀਤਾ ਅਤੇ ਆਪਣੇ ਨਾਂ ਦੇ ਸਿੱਕੇ ਵੀ ਜਾਰੀ ਕੀਤੇ। ਰਾਜਾ ਗਜਪੱਤ ਸਿੰਘ ਨੇ ਆਪਣੀ ਬੇਟੀ ਬੀਬੀ ਰਾਜ ਕੌਰ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਨਾਲ ਵਿਆਹ ਦਿੱਤੀ। ਜਦੋਂ ਮਹਾਂ ਸਿੰਘ ਦਾ ਸਪੁੱਤਰ ਰਣਜੀਤ ਸਿੰਘ ਪੰਜਾਬ ਦਾ ਮਹਾਰਾਜਾ ਬਣ ਗਿਆ ਤਾਂ ਗਜਪੱਤ ਸਿੰਘ ਦੀ ਬੇਟੀ ਰਾਜਮਾਤਾ ਬਣ ਗਈ। ਇਸ ਨਾਲ ਗਜਪੱਤ ਸਿੰਘ ਦੀ ਮਹਿਮਾ ਵੀ ਵਧ ਗਈ। ਉਸ ਨੇ ਹੋਹਤਕ, ਗੋਹਾਨਾ ਅਤੇ ਹਿਸਾਰ ਦੇ ਇਲਾਕੇ ਵੀ ਜਿੱਤ ਕੇ ਜੀਂਦ ਵਿੱਚ ਸ਼ਾਮਲ ਕਰ ਲਏ। ਰਾਜਾ ਗਜਪੱਤ ਸਿੰਘ ਦੀ 1786 ਵਿੱਚ ਮੌਤ ਹੋ ਗਈ। ਗਜਪੱਤ ਸਿੰਘ ਦਾ ਸਪੁੱਤਰ ਭਾਗ ਸਿੰਘ ਇਸ ਜੀਂਦ ਦਾ ਨਵਾਂ ਹਾਕਮ ਬਣਿਆਂ। ਭਾਗ ਸਿੰਘ ਬੜਾ ਚਤਰ ਵਿਅਕਤੀ ਸੀ। 1803 ਵਿੱਚ ਉਸ ਨੇ ਮਰਾਠਿਆਂ ਦੇ ਖ਼ਿਲਾਫ਼ ਲਾਰਡ ਲੇਕ ਦੀ ਮਦਦ ਕੀਤੀ ਅਤੇ ਗੋਹਾਨਾ ਦੇ ਕਬਜ਼ੇ ਉੱਤੇ ਅੰਗਰੇਜ਼ਾਂ ਦੀ ਸਹੀ ਪੁਆ ਲਈ। ਉਸ ਨੇ ਆਪਣੇ ਭਾਣਜੇ ਰਣਜੀਤ ਸਿੰਘ ਨੂੰ ਵੀ ਇਸ ਗੱਲ ਉੱਤੇ ਰਜ਼ਾਮੰਦ ਕਰ ਲਿਆ ਕਿ ਉਹ ਅੰਗਰੇਜ਼ਾਂ ਦੇ ਖ਼ਿਲਾਫ਼ ਮਰਾਠਾ ਸਰਦਾਰ ਜਸਵੰਤ ਰਾਓ ਹੋਲਕਰ ਦੀ ਮਦਦ ਨਾ ਕਰੇ। ਅੰਗਰੇਜ਼ਾਂ ਨੇ ਭਾਗ ਸਿੰਘ ਨੂੰ ਆਪਣਾ ਸਹਿਯੋਗੀ ਅਤੇ ਵੱਡਾ ਦੋਸਤ ਤਸਲੀਮ ਕੀਤਾ। 1819 ਵਿੱਚ ਰਾਜਾ ਭਾਗ ਸਿੰਘ ਦੀ ਮੌਤ ਹੋ ਗਈ। ਫਤਿਹ ਸਿੰਘ ਰਾਜਾ ਬਣਿਆਂ। ਪਰ 1822 ਵਿੱਚ ਉਸ ਦੀ ਅਚਾਨਕ ਮੌਤ ਹੋ ਗਈ। ਹੁਣ ਸੰਗਤ ਸਿੰਘ ਰਾਜਾ ਬਣਿਆਂ ਜਿਸ ਦੀ ਉਮਰ ਸਿਰਫ਼ 11 ਸਾਲ ਸੀ। ਉਹ ਵੀ ਅੰਗਰੇਜ਼ਾਂ ਨੂੰ ਨਫ਼ਰਤ ਕਰਦਾ ਸੀ। ਅੰਗਰੇਜ਼ ਇਸ ਬਾਰੇ ਜਾਣਦੇ ਸਨ ਪਰ ਹੋਰ ਕੋਈ ਚਾਰਾ ਨਹੀਂ ਸੀ। 2 ਨਵੰਬਰ 1834 ਨੂੰ ਅਚਾਨਕ ਸੰਗਤ ਸਿੰਘ ਦੀ ਮੌਤ ਹੋ ਗਈ। ਅੰਗਰੇਜ਼ ਸੰਗਤ ਸਿੰਘ ਤੋਂ ਇੰਨੇ ਖ਼ਫ਼ਾ ਸਨ ਕਿ ਉਹਨਾਂ ਨੇ ਰਿਆਸਤ ਜੀਂਦ ਦੇ ਲੁਧਿਆਣਾ, ਮੁਦਕੀ ਆਦਿ ਦੇ 150 ਪਿੰਡਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਸਤਲੁੱਜ ਪਾਰ ਦੇ ਤਲਵੰਡੀ ਅਤੇ ਹਲਵਾਰਾ ਆਦਿ ਇਲਾਕੇ ਮਹਾਰਾਜਾ ਰਣਜੀਤ ਸਿੰਘ ਨੂੰ ਦੇ ਦਿੱਤੇ।