ਬਾਗ
ਬਾਗ ਉਸ ਫੁਲਕਾਰੀ ਨੂੰ ਕਹਿੰਦੇ ਹਨ ਜਿਹੜੀ ਰੇਸ਼ਮੀ ਧਾਗੇ ਨਾਲ ਗੂੜ੍ਹੇ ਲਾਲ/ ਨਾਭੀ ਰੰਗ ਦੇ ਖੱਦਰ ਉੱਪਰ ਸਾਰੀ ਦੀ ਸਾਰੀ ਕੱਢੀ ਹੁੰਦੀ ਹੈ। ਜੁੜਮੀ ਕਢਾਈ ਕੀਤੀ ਹੁੰਦੀ ਹੈ। ਆਮ ਤੌਰ ਤੇ ਬਾਗ ਦੋ ਰੰਗਾਂ ਵਿਚ ਕੱਢਿਆ ਜਾਂਦਾ ਹੈ। ਉਸ ਦੇ ਕਿਨਾਰਿਆਂ ਉੱਪਰ ਵੀ ਛੋਟੇ-ਛੋਟੇ ਬਰੀਕ ਤੋਪੇ ਭਰੇ ਹੁੰਦੇ ਹਨ। ਫੁਲਕਾਰੀਆਂ ਵਿਚੋਂ ਸਭ ਤੋਂ ਵਧੀਆ ਕਢਾਈ ਦਾ ਨਮੂਨਾ ਬਾਗ ਹੁੰਦਾ ਹੈ। ਬਾਗ ਗੁਲਾਬੀ, ਕ੍ਰਿਮਚੀ, ਪੀਲੇ, ਹਰੇ ਤੇ ਨੀਲੇ ਰੰਗ ਦੇ ਰੇਸ਼ਮ ਨਾਲ ਕੱਢੇ ਜਾਂਦੇ ਹਨ। ਬਾਗ ਦੀ ਕਢਾਈ ਵਿਚ ਕਈ ਕਿਸਮ ਦੇ ਨਮੂਨੇ, ਵੇਲ, ਬੂਟੇ, ਸ਼ੇਰ, ਹਿਰਨ, ਹਾਥੀ, ਮੋਰ, ਇੱਥੋਂ ਤੱਕ ਕਿ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਆਦਿ ਵੀ ਪਾਈ ਜਾਂਦੀ ਹੈ। ਬਾਗ ਨਿੱਕੀ ਜਿਹੀ ਸੂਈ ਦਾ ਕੱਢਿਆ ਹੋਇਆ ਇਕ ਬੇਮਸਾਲ ਕਮਾਲ ਹੁੰਦਾ ਹੈ। ਇਸ ਦੀ ਕਢਾਈ ਪੁੱਠੇ ਪਾਸੇ ਤੋਂ ਕੀਤੀ ਜਾਂਦੀ ਹੈ। ਪਹਿਲਾਂ ਦਾਜ ਵਿਚ ਕਈ-ਕਈ ਬਾਗ ਦਿੱਤੇ ਜਾਂਦੇ ਸਨ। ਬਾਗ ਕੱਢਣ ਲਈ ਮਹੀਨਿਆਂ ਵੱਧੀ ਸਮਾਂ ਲੱਗ ਜਾਂਦਾ ਸੀ। ਹੁਣ ਕੋਈ ਵੀ ਮੁਟਿਆਰ ਬਾਗ ਨਹੀਂ ਕੱਢਦੀ। ਬਾਗਾਂ ਦੀ ਥਾਂ ਹੁਣ ਭਾਂਤ-ਭਾਂਤ ਦੀਆਂ ਸ਼ਾਲਾਂ ਨੇ ਲੈ ਲਈ ਹੈ।[1]
ਫੁਲਕਾਰੀ ਵਾਂਗ ਬਾਗ ਵੀ ਪੰਜਾਬੀ ਵਿਰਸੇ ਦੀ ਇੱਕ ਬੜੀ ਅਨਮੋਲ ਚੀਜ਼ ਹੋਇਆ ਕਰਦਾ ਸੀ। ਅੱਜ ਇਸ ਦਾ ਬਹੁਤ ਸਾਰੇ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਹੈ। ਜਿਆਦਾਤਰ ਲੋਕ ਇੱਥੇ ਬਾਗ ਨੂੰ ਫੁੱਲਾਂ ਦਾ ਬਾਗ ਹੀ ਸਮਝਣਗੇ। ਪਰ ਬਾਗ ਵੀ ਫੁਲਕਾਰੀ ਵਰਗਾ ਹੀ ਸਿਰ ਤੇ ਲਿਆ ਜਾਣ ਵਾਲਾ ਇੱਕ ਕੱਪੜਾ ਹੁੰਦਾ ਸੀ ਜੋ ਕਿ ਫੁਲਕਾਰੀ ਨਾਲ ਬਹੁਤ ਜਿਆਦਾ ਮੇਲ ਖਾਂਦਾ ਸੀ। ਫਰਕ ਸਿਰਫ਼ ਇੰਨਾ ਹੁੰਦਾ ਹੈ ਕਿ ਫੁਲਕਾਰੀ ਦੀ ਕਢਾਈ ਕੁਝ ਹੱਦ ਤੱਕ ਵਿਰਲੀ ਹੁੰਦੀ ਹੈ ਅਤੇ ਬਾਗ ਦੀ ਕਢਾਈ ਸੰਘਣੀ ਹੁੰਦੀ ਹੈ। ਸ਼ਾਇਦ ਇਸੇ ਕਰਕੇ ਹੀ ਇਸ ਨੂੰ ਬਾਗ ਕਹਿੰਦੇ ਹਨ। ਕਿਉਂਕਿ ਫੁਲਕਾਰੀ ਦਾ ਨਾਂ ਜਿਸ ਤਰਾਂ ਫੁੱਲਾਂ ਦੀ ਕਿਆਰੀ ਤੋਂ ਫੁਲਕਾਰੀ ਬਣ ਗਿਆ ਇਸੇ ਤਰਾਂ ਹੀ ਬਾਗ ਦਾ ਨਾਂ ਵੀ ਇਸ ਦੀ ਸੰਘਣੀ ਕਢਾਈ ਕਰਕੇ ਬਾਗ ਪੈ ਗਿਆ।
ਬਾਗ ਦੀ ਕਢਾਈ ਜਿੱਥੇ ਸੰਘਣੀ ਹੁੰਦੀ ਹੈ ਉੱਥੇ ਇਸ ਦਾ ਇੱਕ ਹੋਰ ਮੁੱਖ ਪਹਿਲੂ ਇਹ ਹੈ ਕਿ ਇਸ ਦੀ ਕਢਾਈ ਪੁੱਠੇ ਪਾਸਿਉਂ ਕੀਤੀ ਜਾਂਦੀ ਸੀ ਜੋ ਕਿ ਬੜੀ ਕਠਿਨ ਹੁੰਦੀ ਸੀ। ਇੱਕ ਬਾਗ ਨੂੰ ਕਈ ਵਾਰ ਅੱਠ ਦਸ ਮਹੀਨੇ ਜਾਂ ਸਾਲ ਦਾ ਸਮਾਂ ਵੀ ਲੱਗ ਜਾਂਦਾ ਸੀ। ਬਾਗ ਦੀ ਵਰਤੋਂ ਜਿਆਦਾਤਰ ਸ਼ਗਨਾ ਵਾਲੇ ਦਿਨ ਕੀਤੀ ਜਾਂਦੀ ਸੀ। ਸੁਆਣੀਆਂ ਇਸ ਨੂੰ ਬੜੀ ਸ਼ਿੱਦਤ ਨਾਲ ਆਪਣੇ ਤੇ ਓੜਿਆ ਕਰਦੀਆਂ ਸਨ। ਇਸ ਨੂੰ ਕੁੜੀਆਂ ਆਪਣੇ ਦਾਜ ਵਿੱਚ ਵੀ ਇੱਕ ਰਸਮ ਦੇ ਤੌਰ ਤੇ ਸਹੁਰੇ ਘਰ ਲੈ ਕੇ ਜਾਇਆ ਕਰਦੀਆਂ ਸਨ।
ਬਾਗ ਦੀਆਂ ਕਈ ਕਿਸਮਾਂ ਹੋਇਆ ਕਰਦੀਆਂ ਸਨ ਅਤੇ ਲੋੜ ਮੁਤਾਬਿਕ ਇਨਾਂ ਨੂੰ ਵਰਤੋਂ ਵਿੱਚ ਲਿਆਂਦਾ ਜਾਂਦਾ ਸੀ। ਬਾਗ ਦੇ ਰੰਗਾਂ ਬਾਰੇ ਵੀ ਕਿਹਾ ਜਾਂਦਾ ਸੀ ਕਿ ਪੀਲੇ ਰੰਗ ਨੂੰ ਬਹੁਤ ਘੱਟ ਵਰਤੋਂ ਵਿੱਚ ਲਿਆਂਦਾ ਜਾਂਦਾ ਸੀ ਕਿਉਂਕਿ ਇਹ ਰੰਗ ਬਹੁਤ ਛੇਤੀ ਫਿਟ ਜਾਂਦਾ ਜਾਂ ਧੋਣ ਸਮੇਂ ਹਰ ਵਾਰੀ ਲੱਥਦਾ ਰਹਿੰਦਾ ਸੀ ਤੇ ਕਿਹਾ ਜਾਂਦਾ ਸੀ ।
ਪੱਟ ਖੱਟਾ ਧੋਵੇਂਗੀ ਤਾਂ ਰੋਵੇਂਗੀ
ਬਾਗ ਦੀ ਕਢਾਈ ਲਾਲ ਕੱਪੜੇ ‘ਤੇ ਰੰਗ ਬਰੰਗੇ ਕਢਾਈ ਵਾਲੇ ਧਾਗਿਆਂ ਨਾਲ ਢੱਕ ਕੇ ਬੜੇ ਸਲੀਕੇ ਨਾਲ ਕਢਾਈ ਕੀਤੀ ਜਾਂਦੀ ਸੀ ਜੋ ਬੜੀ ਉੱਭਰਕੇ ਦੇਖਣ ਵਾਲੇ ਦਾ ਧਿਆਨ ਆਪਣੇ ਵੱਲ ਖਿਚਦੀ ਸੀ। ਪਹਿਲੇ ਸਮਿਆਂ ਵਿੱਚ ਔਰਤਾਂ ਬਾਹਰ ਨਿਕਲਦੇ ਸਮੇਂ ਬਾਗ ਦਾ ਘੁੰਢ ਕੱਢ ਕੇ ਬਾਹਰ ਨਿਕਲਿਆ ਕਰਦੀਆਂ ਸਨ ਇਸ ਨੂੰ ਬਾਡਰ ਵਾਲਾ ਜਾਂ ਫੋਰ ਸਾਈਡਡ ਬਾਗ ਵੀ ਕਹਿੰਦੇ ਸਨ ਅਤੇ ਇਹ ਸਾਹਮਣੇ ਤੋਂ ਕਵਰ ਹੁੰਦਾ ਹੈ।
ਇਸ ਤੋਂ ਇਲਾਵਾ ਇੱਕ ਹੋਰ ਕਿਸਮ ਦੇ ਬਾਗ ਵਿੱਚ ਦੋ ਤੋਂ ਪੰਦਰਾਂ ਤੱਕ ਦੇ ਜੁਮੈਟਰੀਕਲ ਡਿਜ਼ਾਈਨ ਹੁੰਦੇ ਹਨ ਜੋ ਵੱਖਰੇ ਵੱਖਰੇ ਤਰੀਕੇ ਨਾਲ ਕੱਪੜੇ ਦੀ ਤਹਿ ਨੂੰ ਢਕ ਲੈਂਦੇ ਹਨ ।
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.