ਬਾਬਾ ਹਰਜਾਪ ਸਿੰਘ ਦਾ ਜਨਮ 26 ਮਈ 1892 ਵਿੱਚ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਾਹਿਲਪੁਰ ਵਿੱਚ ਕਰਤਾਰ ਸਿੰਘ ਦੇ ਘਰ ਹੋਇਆ। ਉਹਨਾਂ ਨੇ ਪਿੰਡ ਦੇ ਹੀ ਵਰਨੈਕੂਲਰ ਮਿਡਲ ਸਕੂਲ ਤੋਂ ਅੱਠਵੀਂ ਜਮਾਤ ਦੀ ਪੜ੍ਹਾਈ ਕੀਤੀ ਪਰ ਉਹਨਾਂ ਦੀ ਰਾਜਨੀਤਿਕ ਬੁੱਧੀ ਬਹੁਤ ਹੀ ਪ੍ਰਬਲ ਤੇ ਤੀਖਣ ਹੋਣ ਕਾਰਨ ਉਹਨਾਂ ਦਾ ਧਿਆਨ ਦੇਸ਼ ਨੂੰ ਆਜ਼ਾਦ ਕਰਾਉਣ ਵੱਲ ਖਿਚਿਆ ਗਿਆ। ਉਹ ਘਰ ਦੀ ਗਰੀਬੀ ਅਤੇ ਭੁੱਖ ਨੂੰ ਦੂਰ ਕਰਨ ਦੇ ਇਰਾਦੇ ਨਾਲ 5 ਦਸੰਬਰ 1909 ਨੂੰ ਆਪਣੀ 17 ਸਾਲ ਦੀ ਉਮਰ ਵਿੱਚ ਆਪਣੀ ਪਤਨੀ ਨੂੰ ਛੱਡ ਅਮਰੀਕਾ ਚਲੇ ਗਏ। ਪਰ ਉਥੇ ਜਾ ਕੇ ਉਹਨਾਂ ਨੇ ਕਮਾਈ ਦਾ ਲਾਲਚ ਛੱਡ ਦੇਸ਼ ਭਗਤੀ ਦਾ ਰਾਹ ਫੜ ਲਿਆ ਅਤੇ ਬਹੁਤ ਸਾਰੇ ਹਿੰਦੁਸਤਾਨੀ ਦੇਸ਼ ਭਗਤਾਂ ਨਾਲ ਸੰਪਰਕ ਕਾਇਮ ਕਰ ਲਿਆ। ਉਹ ਸ਼ੁਰੂ ਵਿੱਚ ਗਦਰ ਪਾਰਟੀ ਦੇ ਸਧਾਰਨ ਮੈਂਬਰ ਬਣਨ ਤੋਂ ਲੈ ਕੇ ਪਾਰਟੀ ਦੇ ਐਗਜ਼ੈਕੇਟਿਵ ਬੋਰਡ ਦੇ ਮੈਂਬਰ ਅਤੇ ਪ੍ਰਧਾਨ ਤੱਕ ਬਣੇ।

1927 ਵਿੱਚ ਬਾਬਾ ਹਰਜਾਪ ਸਿੰਘ ਨੇ ਗਦਰ-ਕਮਿਊਨਿਸਟ ਲਹਿਰ ਵਿੱਚ ਅਹਿਮ ਰੋਲ ਅਦਾ ਕੀਤਾ, ਜਿਸ ਦਾ ਮੁੱਖ ਦਫਤਰ ਉਸ ਸਮੇਂ ਹੈਂਡਕੋ ਵਿੱਚ ਸੀ, ਜਿੱਥੇ ਉਹ ਪ੍ਰਸਿਧ ਕਮਿਊਨਿਸਟ ਐੱਮਐੱਨ ਰਾਓ ਨੂੰ ਮਿਲੇ। 1927 ਵਿੱਚ ਅੰਮ੍ਰਿਤਸਰ ਵਿਖੇ ‘ਕਿਰਤੀ’ ਦੇ ਮੁੱਖ ਸੰਪਾਦਕ ਨੂੰ ਲੇਖ ਭੇਜਦੇ ਰਹੇ। 1928 ਵਿੱਚ ਉਹ ਮਾਸਕੋ ਤੋਂ ਗਦਰੀ ਕਰਮ ਸਿੰਘ ਧੂਤ ਦੇ ਸਾਥ ਨਾਲ ਅਫਗਾਨਿਸਤਾਨ ਰਾਹੀਂ ਭਾਰਤ ਲਈ ਚੱਲ ਪਏ ਅਤੇ ਉਹ ਹੈਦਰ ਅਲੀ ਦੇ ਨਾਂ ਨਾਲ ਜਰਮਨ ਪਾਸਪੋਰਟ ਤੋਂ ਯਾਤਰਾ ਕਰ ਰਹੇ ਸਨ, ਜਿਹੜਾ ਕਿ ਉਹਨਾਂ ਲਈ ਚਟੋਪਾਧਿਆ ਜੀ ਨੇ ਬਣਵਾਇਆ ਸੀ ਪਰ ਉਹ ਅਫਗਾਨ ਬਾਰਡਰ ਤੋਂ ਫੜੇ ਗਏ ਅਤੇ ਜਲਦੀ ਹੀ ਜਮਾਨਤ ’ਤੇ ਰਿਹਾ ਹੋ ਗਏ। ਮਾਰਚ 1930 ਵਿੱਚ ਉਹ ਲਾਲਪੁਰਾ ਪਹੁੰਚ ਗਏ। 1930 ਵਿੱਚ ਹੀ ਉਹ ਪਿੰਡਾਂ ਵਿੱਚ ਕਿਰਤੀ ਪਾਰਟੀ ਲਈ ਸਰਗਰਮੀਆਂ ਕਰਦੇ ਰਹੇ ਅਤੇ ਨੌਜਵਾਨਾਂ ਨੂੰ ਭਰਤੀ ਕਰਕੇ ਹਥਿਆਰਬੰਦ ਯੁੱਧ ਲਈ ਮਿਲਟਰੀ ਟ੍ਰੇਨਿੰਗ ਲਈ ਰੂਸ ਭੇਜਣ ਦਾ ਉਪਰਾਲਾ ਕਰਦੇ ਰਹੇ। ਉਹ 14 ਅਪਰੈਲ 1931 ਨੂੰ ਆਪਣੇ ਪਿੰਡ ਤੋਂ ਗ੍ਰਿਫਤਾਰ ਹੋ ਗਏ ਅਤੇ ਉਹਨਾਂ ਨੂੰ ਮਿੰਟਗੁਮਰੀ ਜੇਲ੍ਹ ਵਿੱਚ ਭੇਜ ਦਿੱਤਾ। ਉਨ੍ਹਾਂ ਕਈ ਸਾਲ ਜੇਲ੍ਹ ਦੀਆਂ ਸਲਾਖਾਂ ਪਿਛੇ ਕੱਟੇ। ਫਿਰ 1936-37 ਵਿੱਚ ਉਹ ਅਸੈਂਬਲੀ ਦੇ ਬਿਨਾਂ ਮੁਕਾਬਲਾ ਮੈਂਬਰ ਚੁਣੇ ਗਏ।[1]

ਹਵਾਲੇ

ਸੋਧੋ
  1. "ਗ਼ਦਰ ਪਾਰਟੀ ਦੇ ਸਿਰਮੌਰ ਆਗੂ ਬਾਬਾ ਹਰਜਾਪ ਸਿੰਘ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-10-02. Retrieved 2018-10-09.[permanent dead link]