ਬੁਰਕੀਆਂ ਦੇਣਾ
ਰੋਟੀ ਦੇ ਇਕ ਟੁਕੜੇ ਨੂੰ, ਜੋ ਇਕੋ ਵਾਰੀ ਮੂੰਹ ਵਿਚ ਪਾਇਆ ਜਾਵੇ, ਬੁਰਕੀ ਕਹਿੰਦੇ ਹਨ। ਕਈ ਇਲਾਕਿਆਂ ਵਿਚ ਗਰਾਹੀ ਕਹਿੰਦੇ ਹਨ। ਕਿਸੇ ਦੇ ਮੂੰਹ ਵਿਚ ਬਰਕੀ ਪਾਉਣ ਨੂੰ ਬੁਰਕੀਆਂ ਦੇਣਾ ਕਹਿੰਦੇ ਹਨ। ਪਹਿਲੇ ਸਮਿਆਂ ਦੇ ਵਿਆਹਾਂ ਵਿਚ ਬੁਰਕੀਆਂ ਦੇਣ ਦੀ ਇਕ ਰਸਮ ਵੀ ਹੁੰਦੀ ਸੀ। ਲਾੜੇ ਤੇ ਲਾੜੀ ਉੱਪਰ ਪਾਣੀ ਵਾਰਨ ਦੀ ਰਸਮ ਪਿੱਛੋਂ ਜੋੜੀ ਨੂੰ ਇਕ ਕਮਰੇ ਵਿਚ ਚੜ੍ਹਦੇ ਵਾਲੇ ਪਾਸੇ ਵੱਲ ਮੂੰਹ ਕਰਕੇ ਬਿਠਾਇਆ ਜਾਂਦਾ ਸੀ। ਵਹੁਟੀ ਖੱਬੇ ਪਾਸੇ ਬੈਠਦੀ ਸੀ। ਮੁੰਡਾ ਸੱਜੇ ਪਾਸੇ ਬੈਠਦਾ ਸੀ। ਪੰਜ ਲੱਡੂ ਭੋਰੇ ਜਾਂਦੇ ਸਨ। ਮੁੰਡੇ ਦੀ ਮਾਂ ਆਪਣੇ ਪੁੱਤਰ ਤੇ ਨੂੰਹ ਦੇ ਮੂੰਹਾਂ ਵਿਚ ਭੋਰੇ ਲੱਡੂਆਂ ਦਾ ਹਿੱਸਾ ਪੰਜ ਪੰਜ ਵਾਰ ਪਾਉਂਦੀ ਸੀ। ਇਸ ਰਸਮ ਨੂੰ ਹੀ ਬੁਰਕੀਆਂ ਦੇਣਾ ਕਹਿੰਦੇ ਸਨ। ਇਹ ਇਕ ਕਿਸਮ ਦੀ ਨਵੀਂ ਜੋੜੀ ਦੀ ਘਰ ਆਉਣ ਤੇ ਸੁਆਗਤ ਦੀ ਰਸਮ ਵੀ ਸੀ। ਮਾਂ ਤੋਂ ਪਿਛੋਂ ਦੂਸਰੇ ਰਿਸ਼ਤੇਦਾਰ ਤੇ ਭਾਈਚਾਰੇ ਵਾਲੇ ਵੀ ਬੁਰਕੀਆਂ ਦਿੰਦੇ ਸਨ। ਇਸ ਰਸਮ ਸਮੇਂ ਗੀਤ ਵੀ ਗਾਏ ਜਾਂਦੇ ਸਨ। ਮਾਂ ਵੱਲੋਂ ਤੇ ਰਿਸ਼ਤੇਦਾਰਾਂ ਵੱਲੋਂ ਬੁਰਕੀਆਂ ਦੇਣ ਦੀ ਇਹ ਰਸਮ ਹੁਣ ਖ਼ਤਮ ਹੋ ਗਈ ਹੈ। ਪਰ ਅੱਜਕਲ੍ਹ ਅਨੰਦ ਕਾਰਜ ਦੀ ਰਸਮ ਤੋਂ ਪਿੱਛੋਂ ਦੁਪਹਿਰ ਦੀ ਰੋਟੀ ਲਾੜਾ ਲਾੜੀ ਤੇ ਲਾੜਾ ਲਾੜੀ ਦੇ ਪਰਿਵਾਰ ਵਾਲੇ ਇਕੱਠੇ ਖਾਂਦੇ ਹਨ। ਕਈ ਵੇਰ ਉਹ ਇਕ ਦੂਜੇ ਦੇ ਮੂੰਹ ਵਿਚ ਬੁਰਕੀਆਂ ਪਾਉਂਦੇਂ ਵੀ ਵੇਖੇ ਜਾਂਦੇ ਹਨ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.