ਚੁੱਲ੍ਹੇ ਦੀ ਸੁਆਹ ਨੂੰ ਭਸਮ ਕਹਿੰਦੇ ਹਨ। ਕਿਸੇ ਦਵਾਈ ਲਈ ਮਾਰੀ ਧਾਤ ਨੂੰ ਵੀ ਭਸਮ ਕਹਿੰਦੇ ਹਨ। ਸਾਧੂਆਂ ਦੀ ਧੂਣੀ ਦੀ ਸੁਆਹ ਨੂੰ ਵੀ ਭਸਮ ਕਹਿੰਦੇ ਹਨ। ਵਿਸ਼ਵਾਸ ਹੈ ਜਿਸ ਜਲਣ ਵਾਲੀ ਵਸਤ ਨਾਲ ਅਗਨੀ ਛੂਹ ਜਾਵੇ, ਉਹ ਪਵਿੱਤਰ ਹੋ ਜਾਂਦੀ ਹੈ। ਇਸ ਕਰਕੇ ਹੀ ਭਸਮ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਏਸ ਕਰ ਕੇ ਹੀ ਚੁੱਲ੍ਹੇ ਦੀ ਭਸਮ ਨਾਲ ਮਾਂਜੇ ਭਾਂਡੇ ਪਵਿੱਤਰ ਮੰਨੇ ਜਾਂਦੇ ਹਨ। ਸਾਧੂ-ਸੰਤ ਧੂਣੀ ਕੋਲ ਪਾਠ ਕਰਦੇ ਹਨ। ਧਾਰਮਿਕ ਰਸਮਾਂ ਕਰਦੇ ਹਨ। ਇਸ ਲਈ ਉਨ੍ਹਾਂ ਦੀ ਧੂਣੀ ਦੀ ਭਸਮ ਵਿਚ ਅਧਿਆਤਮ ਅੰਸ਼ ਹੋਣੇ ਮੰਨੇ ਜਾਂਦੇ ਹਨ। ਉਨ੍ਹਾਂ ਦੀ ਧੂਣੀ ਦੀ ਭਸਮ ਨੂੰ ਮੱਥਾ ਲਾਇਆ ਜਾਂਦਾ ਹੈ ਜਿਸ ਨਾਲ ਬੁੱਧੀ ਤੇਜ ਹੋ ਜਾਂਦੀ ਹੈ। ਦੁੱਖਦੇ ਅੰਗ ਤੇ ਭਸਮ ਨਾ ਕੇ ਅੰਗ ਠੀਕ ਹੋ ਜਾਂਦੇ ਹਨ। ਸਾਧ-ਸੰਤ ਆਪਣੇ ਸਰੀਰ ਉੱਪਰ ਭਸਮ ਮਲਦੇ ਹਨ। ਆਪਣੇ ਸ਼ਰਧਾਲੂਆਂ ਨੂੰ ਬੀਮਾਰੀਆਂ ਦੇ ਇਲਾਜ ਲਈ ਭਸਮ ਦਿੰਦੇ ਹਨ। ਟੂਣੇ ਭਸਮ ਨਾਲ ਕੀਤੇ ਜਾਂਦੇ ਹਨ। ਭਸਮ ਮਲਣ ਨਾਲ ਸਰੀਰ ਪਵਿੱਤਰ ਹੋ ਜਾਂਦਾ ਹੈ। ਸਰੀਰ ਵਿਚ ਚੰਗੇ ਗੁਣ ਪੈਦਾ ਹੁੰਦੇ ਹਨ। ਅਜੇਹੇ ਵਿਸ਼ਵਾਸ ਕੀਤੇ ਜਾਂਦੇ ਹਨ। ਹੁਣ ਲੋਕ ਪੜ੍ਹ ਗਏ ਹਨ। ਤਰਕਸ਼ੀਲ ਹੋ ਗਏ ਹਨ। ਇਸ ਲਈ ਹੁਣ ਦੀ ਪੀੜ੍ਹੀ ਭਸਮ ਨਾਲ ਜੁੜੇ ਇਨ੍ਹਾਂ ਵਿਸ਼ਵਾਸਾਂ ਵਿਚ ਵਿਸ਼ਵਾਸ ਨਹੀਂ ਕਰਦੀ।[1]

ਹਵਾਲੇ ਸੋਧੋ

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.