ਭਾਈ ਸੰਤੋਖ ਸਿੰਘ ਧਰਦਿਓ

ਭਾਈ ਸੰਤੋਖ ਸਿੰਘ ਧਰਦਿਓ ਭਾਰਤ ਦੇ ਆਜ਼ਾਦੀ ਸੰਗਰਾਮ ਦਾ ਕ੍ਰਾਂਤੀਕਾਰੀ ਦੇਸ਼ਭਗਤ ਆਗੂ ਸੀ। ਉਹ 1913 ਵਿੱਚ ਅਮਰੀਕਾ ਦੇ ਕੈਲੇਫੋਰਨੀਆ ਰਾਜ ਦੇ ਸ਼ਹਿਰ ਸਾਨਫਰਾਂਸਿਸਕੋ ਵਿਖੇ ਹੋਂਦ ਵਿੱਚ ਆਈ ਭਾਰਤੀਆਂ ਦੀ ਇਨਕਲਾਬੀ ਜਥੇਬੰਦੀ ‘ਇੰਡੀਅਨ ਐਸੋਸੀਏਸ਼ਨ ਆਫ ਦਾ ਪੈਸੇਫਿਕ ਕੋਸਟ’ ਦਾ ਬਾਨੀ ਮੈਂਬਰ ਸੀ, ਜੋ ਬਾਅਦ ਵਿਚ ‘ਹਿੰਦੀ ਐਸੋਸੀਏਸ਼ਨ’ ਤੇ ਉਸ ਤੋਂ ਬਾਅਦ ਗ਼ਦਰ ਪਾਰਟੀ ਕਹਿਲਾਈ। ਇਸ ਦੇ ਪਹਿਲੇ ਜਨਰਲ ਸਕੱਤਰ ਲਾਲਾ ਹਰਦਿਆਲ ਸਨ। ਜਦ ਉਹ ਅਮਰੀਕਾ ਛੱਡ ਗਏ ਤਾਂ ਸੰਤੋਖ ਸਿੰਘ ਧਰਦਿਓ ਨੂੰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨਾਲ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੰਭਾਲੀ ਗਈ ਸੀ। ਉਹ 1926 ਵਿੱਚ ਪੰਜਾਬ ਵਿੱਚ ਇਨਕਲਾਬੀ ਲਹਿਰ ਦੇ ਪਰਚੇ 'ਕਿਰਤੀ' ਦਾ ਵੀ ਮੋਢੀ ਸੰਪਾਦਕ ਸੀ।

ਜੀਵਨੀ ਸੋਧੋ

ਪਿੰਡ ਧਰਦਿਓ ਜ਼ਿਲ੍ਹਾ ਅੰਮ੍ਰਿਤਸਰ ਤੋਂ ਸਿੰਘਾਪੁਰ ਵਿੱਚ ਹਾਰਬਰ ਪੁਲਿਸ ਦੇ ਮੁਲਾਜ਼ਮ ਸ. ਜਵਾਲਾ ਸਿੰਘ ਰੰਧਾਵਾ ਦੇ ਘਰ 1892 ਨੂੰ ਭਾਈ ਸੰਤੋਖ ਸਿੰਘ ਦਾ ਜਨਮ ਮਾਤਾ ਰਾਮ ਕੌਰ ਦੀ ਕੁੱਖੋਂ ਹੋਇਆ। ਸਿੰਘਾਪੁਰ ਹੀ ਉਹਨਾਂ ਨੇ ਅੰਗਰੇਜ਼ੀ ਮਾਧਿਅਮ ਸਕੂਲ ਤੋਂ ਮੁੱਢਲੀ ਪੜ੍ਹਾਈ ਕੀਤੀ।[1]

ਸੰਘਰਸ਼ ਸੋਧੋ

21 ਮਾਰਚ 1913 ਵਿੱਚ, ਅੋਰੇਗੇਨ ਤੇ ਵਾਸ਼ਿੰਗਟਨ ਰਾਜਾਂ ਦੇ ਲੱਕੜੀ ਮਿੱਲ ਮਜ਼ਦੂਰਾਂ ਨੇ ‘ਹਿੰਦੀ ਐਸੋਸੀਏਸ਼ਨ ਆਫ਼ ਦੀ ਪੈਸੇਫਿਕ ਆਫ਼ ਅਮਰੀਕਾ’ ਕਾਇਮ ਕੀਤੀ ਤਾਂ ਸੰਤੋਖ ਸਿੰਘ ਇਸ ਦੇ ਕਾਰਜਕਾਰੀ ਮੈਂਬਰਾਂ ਵਿੱਚੋਂ ਇੱਕ ਸਨ। 1 ਨਵੰਬਰ 1913 ਦੇ ਪਹਿਲੇ ਗ਼ਦਰ ਪਰਚੇ ਦੇ ਇਸ਼ਤਿਹਾਰ ਤੋਂ ਸਿੱਧ ਹੁੰਦਾ ਹੈ ਕਿ ਲੋਕਾਂ ਅੰਦਰ ਅਜ਼ਾਦੀ ਦੀ ਲਹਿਰ ਨੂੰ ਪ੍ਰਚੰਡ ਕਰਨ ਲਈ ਦਿਲ ਟੁੰਬਵੇਂ ਸ਼ਬਦਾਂ ਦੀ ਵਰਤੋਂ ਕੀਤੀ ਗਈ। ‘ਸੈਨਫਰਾਂਸਿਸਕੋ ਸਾਜਸ਼ ਕੇਸ’ ਮਸ਼ਹੂਰ ਮੁਕੱਦਮੇ ਵਿੱਚ ਅਮਰੀਕਾ ਦੇ ਕਰਿਮਿਨਲ ਕੋਡ ਦੁਆਰਾ 30 ਅਪਰੈਲ 1918 ਨੂੰ ਹੋਏ ਫੈਸਲੇ ਵਿੱਚ ਭਾਈ ਸੰਤੋਖ ਸਿੰਘ ਨੂੰ 21 ਮਹੀਨੇ ਲਈ ਮੈਕਨੀਕਲ ਟਾਪੂ ਵਿੱਚ ਯੂਐੱਸਏ ਦੀ ਸੁਧਾਰ ਜੇਲ੍ਹ ਵਿੱਚ ਕੈਦ ਕੀਤਾ ਗਿਆ। ਬਾਬਾ ਭਗਤ ਸਿੰਘ ਬਿਲਗਾ ਅਨੁਸਾਰ ਇਸੇ ਦੌਰਾਨ ਭਾਈ ਸਾਹਿਬ ਨੂੰ ਤਪਦਿਕ ਦਾ ਰੋਗ ਲੱਗ ਗਿਆ।

ਲਾਲਾ ਹਰਦਿਆਲ ਦੀ 25 ਮਾਰਚ 1914 ਦੀ ਗ੍ਰਿਫ਼ਤਾਰੀ ਮਗਰੋਂ ਭਾਈ ਸੰਤੋਖ ਸਿੰਘ ਗ਼ਦਰ ਪਾਰਟੀ ਦੇ ਸੈਕਟਰੀ ਚੁਣੇ ਗਏ। ਬਾਬਾ ਸੋਹਣ ਸਿੰਘ ਭਕਨਾ ਭਾਈ ਸੰਤੋਖ ਸਿੰਘ ਦੀ ਦਿਮਾਗੀ ਸ਼ਕਤੀ ਅਤੇ ਭਾਵਨਾਵਾਂ ਦੀ ਦਿਲੋਂ ਕਦਰ ਕਰਦੇ ਸਨ। ਉਹਨਾਂ ਅਨੁਸਾਰ ਸੰਤੋਖ ਸਿੰਘ ਹੈਡਕੁਆਰਟਰ ਵਿੱਚ ਇੱਕ ਮਹਾਨ ਆਰਗੇਨਾਈਜ਼ਰ ਸੀ ਤੇ ਉਸ ਦੀ ਇਮਾਨਦਾਰੀ ਤੇ ਨੇਕ-ਨੀਤੀ ਨੇ ਉਸ ਦੇ ਸੰਪਰਕ ਵਿੱਚ ਆਏ ਹਰ ਕਿਸੇ ਵਿਅਕਤੀ ਦਾ ਦਿਲ ਜਿੱਤਿਆ। ਅਸਲ ਵਿੱਚ ਭਾਈ ਸਾਹਿਬ ਗ਼ਦਰ ਪਾਰਟੀ ਦਾ ਹੀਰਾ ਸੀ। ਜਦੋਂ ਉਹਨਾਂ ਨੂੰ ਸਤੰਬਰ 1919 ਵਿੱਚ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਤਾਂ ਮਗਰੋਂ ਗ਼ਦਰ ਪਾਰਟੀ ਦੀ ਜਥੇਬੰਦੀ ਦੇ ਖਿੰਡੇ-ਪੁੰਡੇ ਤਾਣੇਬਾਣੇ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ। ਬਾਅਦ ਵਿੱਚ ਭਾਈ ਸਾਹਿਬ ਤੇ ਰਤਨ ਸਿੰਘ ਬੱਗਾ ਨਵੰਬਰ 1922 ਦੇ ਪਹਿਲੇ ਹਫ਼ਤੇ ਮਾਸਕੋ ਪਹੁੰਚਣ ਵਿੱਚ ਸਫ਼ਲ ਹੋ ਗਏ। ਉੱਥੇ ਉਹਨਾਂ 5 ਨਵੰਬਰ ਤੋਂ 5 ਦਸੰਬਰ ਤੱਕ ਕਮਿਊਨਿਸਟ ਇੰਟਰਨੈਸ਼ਨਲ ਦੀ ਚੌਥੀ ਕਾਂਗਰਸ ਵਿੱਚ ਭਾਗ ਲਿਆ।

20 ਦਸੰਬਰ, 1925 ਦੀ ਕਾਨ੍ਹਪੁਰ ਵਿੱਚ ਕਮਿਊਨਿਸਟ ਕਾਨਫ਼ਰੰਸ ’ਚ ਹਸਰਤ ਮੋਹਾਨੀ ਦੇ ਭਾਸ਼ਣ ਦਾ ਹਵਾਲਾ ਦਿੰਦੇ ਹੋਏ ਸੰਤੋਖ ਸਿੰਘ ਨੇ ਕਿਹਾ, ‘ਕੁੱਝ ਲੋਕ ਕਮਿਊਨਸਟ ਦੇ ਨਾਂ ਤੋਂ ਡਰਦੇ ਤੇ ਅੰਗ੍ਰੇਜ਼ੀ ਸਰਕਾਰ ਦੀਆਂ ਤੋਹਮਤਾਂ, ਕਿ ਕਮਿਊਨਿਸਟ ਖ਼ੂਨ ਖਰਾਬੇ ’ਚ ਯਕੀਨ ਰੱਖਦੇ ਹਨ, ਦੇ ਅਸਰ ਹੇਠ ਹਨ ਪਰ ਸੱਚਾਈ ਇਹ ਹੈ ਕਿ ਕਮਿਊਨਿਜ਼ਮ ਉਤਪਾਦਨ ਦੇ ਸਾਧਨਾਂ ਦੇ ਕੌਮੀਕਰਨ ’ਚ ਵਿਸ਼ਵਾਸ ਰੱਖਦਾ ਹੈ। ਇਹ ਖ਼ੂਨ ਖਰਾਬੇ ’ਚ ਯਕੀਨ ਨਹੀਂ ਰੱਖਦਾ। ਸਵਰਾਜ ਜਿੱਤਣ ਲਈ ਕਾਮਿਆਂ ਦੀਆਂ ਜੀਵਨ-ਹਾਲਤਾਂ ਦੀ ਬਿਹਤਰੀ ਲਈ ਸੰਘਰਸ਼ ਕਰਨਾ ਚਾਹੀਦਾ ਹੈ।”

ਸੰਨ 1925 ਦੀ ਰਿਹਾਈ ਮਗਰੋਂ ਉਸ ਨੇ ਅੰਮ੍ਰਿਤਸਰ ਵਿੱਚ ਰਿਹਾਇਸ਼ ਰੱਖ ਲਈ। ਭਾਈ ਸੰਤੋਖ ਸਿੰਘ ਨੇ ਭਾਗ ਸਿੰਘ ਕੈਨੇਡੀਅਨ ਅਤੇ ਕਰਮ ਸਿੰਘ ਚੀਮਾ ਦੀ ਮਦਦ ਨਾਲ ਅੰਮ੍ਰਿਤਸਰ ਤੋਂ 19 ਫਰਵਰੀ, 1926 ਨੂੰ ‘ਕਿਰਤੀ’ ਦਾ ਪਹਿਲਾ ਅੰਕ ਪ੍ਰਕਾਸ਼ਿਤ ਕੀਤਾ। ਭਾਈ ਸਾਹਿਬ ਇਸ ਦੇ ਪਹਿਲੇ ਸੰਪਾਦਕ ਬਣੇ। ਭਾਈ ਸੰਤੋਖ ਸਿੰਘ ਨੇ ਲਿਖਿਆ ਕਿ ਇਹ ਅਮਰੀਕਾ, ਕੈਨੇਡਾ ਨਿਵਾਸੀ ਕਿਰਤੀ ਹਿੰਦੋਸਤਾਨੀਆਂ ਦੇ ਕੌਮੀ ਆਦਰਸ਼ ਨੂੰ ਖਲਕਤ ਦੇ ਸਾਹਮਣੇ ਲਿਆਵੇਗਾ।[2]

ਮੌਤ ਸੋਧੋ

ਭਾਈ ਸਾਹਿਬ ਨਾਲ ਪੁਲੀਸ ਹਿਰਾਸਤ ਅਤੇ ਜੇਲ੍ਹ ਅੰਦਰ ਅਣ-ਮਨੁੱਖੀ ਵਿਵਹਾਰ ਕੀਤਾ ਗਿਆ। ਬੇਸ਼ੱਕ ਤਪਦਿਕ ਦੀ ਬਿਮਾਰੀ ਕਰਾਨ ਉਹਨਾਂ ਦੀ ਸਿਹਤ ਵਿਗੜ ਚੁੱਕੀ ਸੀ। ਫਿਰ ਵੀ ਭਾਈ ਸਾਹਿਬ ਨੇ ਪਾਰਟੀ ਫ਼ੰਡਾਂ ਦੀ ਵਰਤੋਂ ਆਪਣੀ ਸਿਹਤ ਲਈ ਨਹੀਂ ਵਰਤੀ। ਉਹਨਾਂ ਦੀ ਇਮਾਨਦਾਰੀ ਬਾਰੇ ਮਾਸਟਰ ਤਾਰਾ ਸਿੰਘ ਨੇ ਲਿਖਿਆ ਹੈ ਕਿ ਭਾਈ ਸੰਤੋਖ ਸਿੰਘ ਜੀ ਕਿਹਾ ਕਰਦੇ ਸਨ ਕਿ ਇਹ ਤਾਂ ਕੌਮ ਦਾ ਧੰਨ ਹੈ। ਇਸ ਲਈ ਇੱਕ-ਇੱਕ ਪੈਸਾ ਬਚਾ ਕੇ ਰੱਖਣਾ ਚਾਹੀਦਾ ਹੈ।

ਅੰਤ ਵਿੱਚ ਉਹੀ ਹੋਇਆ ਜਿਸ ਦੀ ਉਮੀਦ ਸੀ। ਉਹਨਾਂ ਨੂੰ ਇੱਕ ਕੋਠੜੀ ਵਿੱਚੋਂ ਚੁੱਕ ਕੇ ਅੰਮ੍ਰਿਤਸਰ ਤੋਂ ਬਾਹਰ ਸਿੱਖ ਮਿਸ਼ਨਰੀ ਕਾਲਜ ’ਚ ਲਿਆਂਦਾ ਗਿਆ। ਉਹ ਮਜ਼ਦੂਰ ਤੇ ਕਿਸਾਨ ਸ਼੍ਰੇਣੀ ਨੂੰ ਸਾਮਰਾਜਵਾਦ ਤੋਂ ਬਚਾਉਣ ਲਈ ਭਾਰਤੀ ਸੁੰਤਤਰਤਾ ਤੇ ਪਰੌਲਤਾਰੀ ਜ਼ਮਹੂਰੀਅਤ ਦੇ ਉਦੇਸ਼ ਵਾਸਤੇ ਸਾਰੀ ਉਮਰ ਜੂਝਦੇ ਹੋਏ 19 ਮਈ, 1927 ਨੂੰ 33 ਵਰ੍ਹੇ ਦੀ ਨੌਜਵਾਨ ਉਮਰ ’ਚ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ।

ਹਵਾਲੇ ਸੋਧੋ

  1. ਭਾਈ ਸੰਤੋਖ ਸਿੰਘ ਧਰਦਿਓ
  2. ਹਰਦੀਪ ਸਿੰਘ ਝੱਜ (2018-06-26). "ਕਿਰਤੀ ਲਹਿਰ ਦੇ ਮੋਢੀ ਭਾਈ ਸੰਤੋਖ ਸਿੰਘ ਧਰਦਿਓ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). Archived from the original on 2018-06-27. Retrieved 2018-10-10. {{cite news}}: Cite has empty unknown parameter: |dead-url= (help)