ਗ਼ਦਰ ਪਾਰਟੀ

ਭਾਰਤੀ ਕ੍ਰਾਂਤੀਕਾਰੀ ਦਲ

ਗ਼ਦਰ ਪਾਰਟੀ [: ग़दर पार्टी (ਦੇਵਨਾਗਰੀ), غدر پارٹی (ਨਸਤਾਲੀਕ਼)]; ਗੁਲਾਮ ਭਾਰਤ ਨੂੰ ਅੰਗਰੇਜ਼ਾਂ ਤੋਂ ਆਜਾਦ ਕਰਾਉਣ ਦੇ ਉਦੇਸ਼ ਨਾਲ ਬਣਾਇਆ ਇੱਕ ਸੰਗਠਨ ਸੀ। ਇਸਨੂੰ ਅਮਰੀਕਾ ਅਤੇ ਕਨੇਡਾ[1] ਦੇ ਭਾਰਤੀਆਂ ਨੇ 25 ਜੂਨ 1913 ਵਿੱਚ ਬਣਾਇਆ ਸੀ। ਇਸਨੂੰ ਪ੍ਰਸ਼ਾਂਤ ਤਟ ਦੀ ਹਿੰਦੀ ਐਸੋਸੀਏਸ਼ਨ (Hindi Association of the Pacific Coast) ਵੀ ਕਿਹਾ ਜਾਂਦਾ ਸੀ। ਇਹ ਪਾਰਟੀ ਗ਼ਦਰ ਨਾਮ ਦਾ ਪੱਤਰ ਵੀ ਕੱਢਦੀ ਸੀ ਜੋ ਉਰਦੂ ਅਤੇ ਪੰਜਾਬੀ ਵਿੱਚ ਛਪਦਾ ਸੀ। ਪਹਿਲਾ ਵਿਸ਼ਵ ਯੁੱਧ ਦੇ ਛਿੜਦੇ ਹੀ ਜਦੋਂ ਭਾਰਤ ਦੇ ਹੋਰ ਦਲ ਅੰਗਰੇਜ਼਼ਾਂ ਨੂੰ ਸਹਿਯੋਗ ਦੇ ਰਹੇ ਸਨ ਗ਼ਦਰੀਆਂ ਨੇ ਅੰਗਰੇਜ਼਼ੀ ਰਾਜ ਦੇ ਵਿਰੁੱਧ ਜੰਗ ਘੋਸ਼ਿਤ ਕਰ ਦਿੱਤੀ।ਭਾਈ ਰਤਨ ਸਿੰਘ ਅਤੇ ਭਾਈ ਸੰਤੋਖ ਸਿੰਘ ਅਮਰੀਕਾ ਤੋਂ ਅਗਸਤ 1922 ਵਿੱਚ ਤੁਰ ਕੇ 24 ਸਤੰਬਰ 1922 ਨੂੰ ਮਾਸਕੋ ਪਹੁੰਚੇ। ਉਹਨਾਂ ਨੇ ਮਈ 1923 ਤੱਕ ਉੱਥੇ ਠਹਿਰ ਕੇ ਸਮਾਜਵਾਦੀ ਰਾਜ ਪ੍ਰਬੰਧ ਬਾਰੇ ਜਾਣਕਾਰੀ ਹਾਸਲ ਕੀਤੀ। ਨਵੀਂ ਵਿਚਾਰਧਾਰਾ ਨਾਲ ਜੁੜ ਕੇ ਲਏ ਫੈਸਲੇ ਅਨੁਸਾਰ ਭਾਈ ਰਤਨ ਸਿੰਘ ਨੇ ਅਮਰੀਕਾ ਅਤੇ ਹੋਰ ਮੁਲਕਾਂ ਵਿਚੋਂ ਗਦਰੀਆਂ ਨੂੰ ਮਾਸਕੋ ਦੀ ਪੂਰਬੀ ਯੂਨੀਵਰਸਿਟੀ ਵਿੱਚ ਸਿੱਖਿਆ ਪ੍ਰਾਪਤੀ ਲਈ ਭੇਜਣ ਅਤੇ ਭਾਈ ਸੰਤੋਖ ਸਿੰਘ ਨੇ ਹਿੰਦੁਸਤਾਨ ਜਾ ਕੇ ਨਵੇਂ ਵਿਚਾਰਾਂ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਓਟ ਲਈ।[2]

ਗ਼ਦਰ ਦੀ ਗੂੰਜ, ਗ਼ਦਰੀ ਵੀਰਾਂ ਦੀਆਂ ਰਾਸ਼ਟਰਵਾਦੀ ਅਤੇ ਸਮਾਜਵਾਦੀ ਲਿਖਤਾਂ ਦੀ ਇੱਕ ਪਹਿਲੀ ਪ੍ਰਕਾਸ਼ਨਾ ਜਿਸ ਤੇ 1913 ਵਿੱਚ ਪਾਬੰਦੀ ਲਾ ਦਿੱਤੀ ਗਈ ਸੀ

ਸ਼ਬਦ ਉਤਪਤੀਸੋਧੋ

ਗ਼ਦਰ ਅਰਬੀ ਤੋਂ ਬਣਿਆ ਉਰਦੂ ਸ਼ਬਦ ਹੈ ਜਿਸਦਾ ਅਰਥ ਹੈ-ਬਗਾਵਤ ਜਾਂ ਵਿਦਰੋਹ। ਜਿਵੇਂ ਕਿ ਪਾਰਟੀ ਦੇ ਸੰਸਥਾਪਕਾਂ ਵਿਚੋਂ ਇਕ, ਕਰਤਾਰ ਸਿੰਘ ਸਰਾਭਾ ਨੇ ਗ਼ਦਰ ਅਖਬਾਰ ਦੇ ਪਹਿਲੇ ਅੰਕ ਵਿੱਚ ਲਿਖਿਆ ਸੀ: “ਅੱਜ ਵਿਦੇਸ਼ੀ ਧਰਤੀ ਤੇ ‘ਗਦਰ’ ਸ਼ੁਰੂ ਹੁੰਦਾ ਹੈ, ਪਰ ਸਾਡੇ ਦੇਸ਼ ਦੀ ਜ਼ਬਾਨ ਵਿਚ, ਬ੍ਰਿਟਿਸ਼ ਰਾਜ ਵਿਰੁੱਧ ਲੜਾਈ। ਸਾਡਾ ਨਾਂ ਕੀ ਹੈ? ਗ਼ਦਰ। ਸਾਡਾ ਕੰਮ ਕੀ ਹੈ? ਗ਼ਦਰ। ਇਨਕਲਾਬ ਕਿੱਥੇ ਹੋਏਗਾ? ਭਾਰਤ ਵਿਚ। ਉਹ ਸਮਾਂ ਜਲਦੀ ਆਵੇਗਾ ਜਦੋਂ ਰਾਈਫਲਾਂ ਅਤੇ ਖੂਨ ਕਲਮਾਂ ਅਤੇ ਸਿਆਹੀ ਦੀ ਜਗ੍ਹਾ ਲੈਣਗੇ। ਸੰਸਥਾ ਦਾ ਨਾਮ ਮੁੱਖ ਤੌਰ ਤੇ ਇਸਦੇ ਮੈਂਬਰਾਂ ਦੁਆਰਾ "ਗ਼ਦਰ ਪਾਰਟੀ" ਦਿੱਤਾ ਗਿਆ ਸੀ।

ਗ਼ਦਰ ਲਹਿਰ ਦੀਆਂ ਖਾਸੀਅਤਾਂਸੋਧੋ

ਇਨਕਲਾਬੀ ਸਿਆਸਤਸੋਧੋ

ਗ਼ਦਰ ਲਹਿਰ ਇੱਕ ਅਜਿਹੀ ਲਹਿਰ ਸੀ ਜਿਸ ਨੇ ਪਹਿਲੀ ਵਾਰ ਅੰਗਰੇਜ਼ ਸਾਮਰਾਜ ਸਾਹਮਣੇ ਇਨਕਲਾਬੀ ਸਿਆਸੀ ਬਦਲ ਪੇਸ਼ ਕੀਤਾ। ਇਸ ਨੇ ਅੰਗਰੇਜ਼ ਸਾਮਰਾਜ ਨੂੰ ਬਦਲਣ ਅਤੇ ਲੋਕ-ਪੱਖੀ ਨਿਜ਼ਾਮ ਤੇ ਭਵਿੱਖ ਨੂੰ ਸਿਰਜਣ ਦਾ ਸੁਪਨਾ ਸਾਹਮਣੇ ਲਿਆਂਦਾ। ਇਸ ਸੁਪਨੇ ਨੂੰ ਸੰਪੂਰਨ ਕਰਨ ਲਈ ਗ਼ਦਰੀਆਂ ਨੇ ਸਿਆਸੀ ਪਾਰਟੀ ਦੀ ਉਸਾਰੀ ਤੇ ਸਿਆਸਤ ਦੀ ਮਹੱਤਤਾ ਨੂੰ ਸਮਝਿਆ। ਗ਼ਦਰੀਆਂ ਦੀ ਇਸ ਸਮਝ ਨੇ ਉਹਨਾਂ ਨੂੰ ਗੁਲਾਮੀ ਦਾ ਤੀਬਰ ਅਹਿਸਾਸ ਕਰਵਾਇਆ ਤੇ ਆਜ਼ਾਦੀ ਲਈ ਸਿਆਸੀ ਚੇਤਨਾ ਦੀ ਜ਼ਰੂਰਤ ਵੱਲ ਜ਼ੋਰ ਦੇਣ ਦੇ ਰਾਹ ਤੋਰਿਆ|ਗ਼ਦਰ ਪਾਰਟੀ ਵੱਲੋਂ ਭਾਰਤ ਵਿੱਚ ਰੂਸ ਵਰਗੀ ਕ੍ਰਾਂਤੀ ਲਿਆਉਣ ਦਾ ਆਪਣਾ ਨਿਸ਼ਾਨਾ ਮਿਥਿਆ ਅਤੇ ਰੂਸੀ ਇਨਕਲਾਬ ਦੇ ਸਿਧਾਂਤ ਨੂੰ ਸਮਝਣ ਅਤੇ ਅਧਿਐਨ ਕਰਨ ਦਾ ਫੈਸਲਾ ਲਿਆ।[3]ਗ਼ਦਰ ਪਾਰਟੀ ਨੇ ਭਾਰਤ ਵਿੱਚ ਗ਼ਦਰ ਕਰਕੇ ਅੰਗਰੇਜ਼ਾਂ ਦਾ ਤਖਤਾ ਪਲਟ ਦੇਣ ਦੀ ਕੋਸ਼ਿਸ਼ ਕੀਤੀ ਉਹ ਕੋਸ਼ਿਸ਼ ਅਸਫਲ ਰਹੀ। ਪਰ ਇਸ ਉਪਰਾਲੇ ਨੇ ਪੰਜਾਬ ਦੀ ਮਾਨਸਿਕਤਾ ਵਿਚ ਅਜਿਹਾ ਖਮੀਰ ਪੈਦਾ ਕੀਤਾ ਜਿਸ ’ਚੋਂ ਰੌਲਟ ਐਕਟ ਵਿਰੋਧੀ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਮੁਜ਼ਾਰਾ ਅੰਦੋਲਨ ਅਤੇ ਹੋਰ ਕਈ ਕਿਸਾਨ ਤੇ ਮਜ਼ਦੂਰ ਅੰਦੋਲਨ ਪੈਦਾ ਹੋਏ।[4]

ਇਹ ਕੇਵਲ ਸਿੱਖ ਲਹਿਰ ਨਹੀਂ ਸੀਸੋਧੋ

ਗ਼ਦਰੀਆਂ ਵਿੱਚ ਬਹੁ-ਗਿਣਤੀ ਸਿੱਖਾਂ ਦੀ ਹੋਣ ਕਰਕੇ ਇਹ ਭੁਲੇਖਾ ਪੈਣਾ ਕੁਦਰਤੀ ਹੈ ਕਿ ਗ਼ਦਰ ਲਹਿਰ ਕੇਵਲ ‘ਸਿੱਖ ਲਹਿਰ’ ਸੀ। ਇਸ ਨੁਕਤੇ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਗ਼ਦਰੀਆਂ ਦੀ ਸਿਆਸਤ ਨੂੰ ਸਮਝਿਆ ਜਾਵੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤੇ ਗ਼ਦਰੀ ਪੰਜਾਬੀ, ਸਿੱਖ, ਅੰਮ੍ਰਿਤਧਾਰੀ, ਜੱਟ-ਸਿੱਖ, ਨਾਮਕੱਟੇ ਫੌਜੀ, ਕਿਸਾਨ ਆਦਿ ਸਨ। ਪਰ ਇਸ ਤੋਂ ਵੀ ਵੱਧ ਉਹ ਇਨਕਲਾਬੀ ਸਨ। ਗ਼ਦਰੀਆਂ ਦੀ ਸ਼ਨਾਖ਼ਤ ਇਨਕਲਾਬੀਆਂ ਦੇ ਤੌਰ ’ਤੇ ਹੋਣੀ ਚਾਹੀਦੀ ਹੈ ਨਾ ਕਿ ਉਹਨਾਂ ਨੂੰ ਕਿਸੇ ਧਰਮ, ਇਲਾਕਾ ਜਾਂ ਜਾਤ ਆਦਿ ਨਾਲ ਜੋੜ ਕੇ ਵੇਖਿਆ ਜਾਣਾ ਚਾਹੀਦਾ ਹੈ। ‘ਗ਼ਦਰੀ’ ਅਤੇ ‘ਇਨਕਲਾਬੀ’ ਸਮਾਨਾਰਥੀ ਸ਼ਬਦ ਬਣ ਗਏ ਹਨ। ਇਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਗ਼ਦਰੀਆਂ ਦੀ ਜ਼ਿੰਦਗੀ ਦਾ ਇੱਕੋ-ਇੱਕ ਮਕਸਦ ਅੰਗਰੇਜ਼ ਸਾਮਰਾਜ ਦੀ ਗੁਲਾਮੀ ਤੋਂ ਛੁਟਕਾਰਾ ਪਾਉਣਾ ਸੀ। ਇਸ ਮਕਸਦ ਨੂੰ ਪੂਰਾ ਕਰਨ ਲਈ ਉਹਨਾਂ ਆਪਣੇ ਤਨ, ਮਨ ਤੇ ਧਨ ਦੀ ਪਰਵਾਹ ਨਹੀਂ ਸੀ ਕੀਤੀ। ਸੋ, ਗ਼ਦਰੀਆਂ ਨੂੰ ਕਿਸੇ ਵਿਸ਼ੇਸ਼ ਧਰਮ ਜਾਂ ਜਾਤ ਨਾਲ ਜੋੜ ਕੇ ਵੇਖਣਾ ਉਹਨਾਂ ਦੀਆਂ ਬੇਮਿਸਾਲ ਕੁਰਬਾਨੀਆਂ ਨੂੰ ਬੇਹੱਦ ਘੱਟ ਕਰ ਕੇ ਵੇਖਣਾ ਹੈ।

ਸਾਮਰਾਜੀ ਲੁੱਟ ਤੋਂ ਤੰਗਸੋਧੋ

ਗ਼ਦਰੀ ਆਪਣੇ ਮੁਲਕ ਦੀ ਸਾਮਰਾਜੀ ਲੁੱਟ ਤੋਂ ਤੰਗ ਆ ਕੇ ਪਰਦੇਸੀਂ ਗਏ ਸਨ। ਆਪਣੇ ਘਰ ਦੀ ਘੋਰ ਗਰੀਬੀ ਤੇ ਪਰਦੇਸ ਵਿਚਲੇ ਨਸਲਵਾਦ ਨੇ ਉਹਨਾਂ ਨੂੰ ਦੂਹਰੀ ਗੁਲਾਮੀ ਦਾ ਅਹਿਸਾਸ ਕਰਵਾਇਆ ਸੀ। ਇਸ ਦੂਹਰੀ ਗੁਲਾਮੀ ਨੂੰ ਖ਼ਤਮ ਕਰਨ ਲਈ ਉਹਨਾਂ ਨੇ ਸਿਰ ਤਲੀ ’ਤੇ ਰੱਖੇ ਸਨ। ਉਹ ਮੌਤ ਤੋਂ ਬੇਪਰਵਾਹ ਹੋ ਕੇ ਇਨਕਲਾਬੀ ਸਿਆਸਤ ਦੇ ਮੈਦਾਨ ਵਿੱਚ ਕੁੱਦੇ ਸਨ। ਇਸ ਸਿਆਸਤ ਵਿੱਚੋਂ ਹੀ ‘ਹਿੰਦੀ ਐਸੋਸੀਏਸ਼ਨ ਆਫ਼ ਪੈਸੇਫਿਕ ਕੋਸਟ’ ਨਾਂ ਦੀ ਜਥੇਬੰਦੀ ਦਾ ਜਨਮ ਹੋਇਆ ਸੀ। ਇਸ ਜਥੇਬੰਦੀ ਨੇ ਆਪਣੇ ਸਿਆਸੀ ਵਿਚਾਰਾਂ ਨੂੰ ਫੈਲਾਉਣ ਲਈ ‘ਗ਼ਦਰ’ ਅਖ਼ਬਾਰ ਦੀ ਪ੍ਰਕਾਸ਼ਨਾ ਕੀਤੀ ਸੀ। ਇਸ ਅਖ਼ਬਾਰ ਦੇ ਨਾਂ ’ਤੇ ਹੀ ‘ਗ਼ਦਰ ਪਾਰਟੀ’ ਦਾ ਨਾਂ ਪ੍ਰਚੱਲਿਤ ਹੋ ਗਿਆ ਸੀ।

ਧਾਰਮਿਕ ਵਿਰਸੇ ਤੋਂ ਪ੍ਰੇਰਨਾਸੋਧੋ

ਮੁਲਕ ਦੀ ਹੋ ਰਹੀ ਬੇਇੰਤਹਾ ਲੁੱਟ ਨੂੰ ਖ਼ਤਮ ਕਰਨ ਲਈ ਗ਼ਦਰੀ ਆਪਣੇ ਧਾਰਮਿਕ ਇਨਕਲਾਬੀ ਵਿਰਸੇ ਦਾ ਸਹਾਰਾ ਵੀ ਲੈਂਦੇ ਹਨ। ਉਹ ਸਮਝਦੇ ਸਨ ਕਿ ਪੰਜਾਬ ਦੇ ਸਾਧਾਰਨ ਲੋਕ ਅਜੇ ਸਿਆਸੀ ਤੌਰ ’ਤੇ ਪੂਰਨ ਚੇਤੰਨ ਨਹੀਂ ਹਨ। ਇਨ੍ਹਾਂ ਨੂੰ ਜੇਕਰ ਸਿਆਸੀ ਚੇਤਨਾ ਦੇਣੀ ਹੈ ਤਾਂ ਸਿੱਖ ਧਰਮ ਦੀ ਇਨਕਲਾਬੀ ਵਿਰਾਸਤ ਨੂੰ ਨਾਲ ਲੈ ਕੇ ਤੁਰਨਾ ਹੋਵੇਗਾ। ਇਹ ਗ਼ਦਰੀਆਂ ਦੀ ਬਿਲਕੁਲ ਦਰੁਸਤ ਤੇ ਪ੍ਰਗਤੀਸ਼ੀਲ ਸੋਚ ਸੀ। ਪਰ ਗ਼ਦਰ ਲਹਿਰ ਦਾ ਮਕਸਦ ਸਿੰਘ ਸਭਾ ਲਹਿਰ ਜਾਂ ਉਸ ਵੇਲੇ ਚੱਲੀਆਂ ਧਾਰਮਿਕ ਪੁਨਰ ਜਾਗਰਨ ਦੀਆਂ ਲਹਿਰਾਂ ਵਾਂਗ ਸਿੱਖ ਧਰਮ ਦੀ ਪੁਨਰ-ਸਥਾਪਤੀ ਨਹੀਂ ਸੀ। ਗ਼ਦਰ ਲਹਿਰ ਦਾ ਨਿਸ਼ਾਨਾ ਬਿਲਕੁਲ ਸਪਸ਼ਟ ਸੀ। ਇਹ ਨਿਸ਼ਾਨਾ ਅੰਗਰੇਜ਼ ਹਕੂਮਤ ਨੂੰ ਭਾਰਤ ਵਿੱਚੋਂ ਹਥਿਆਰਬੰਦ ਯੁੱਧ ਰਾਹੀਂ ਖ਼ਤਮ ਕਰਕੇ ਇਥੇ ਭਾਰਤੀ ਲੋਕਾਂ ਦੀ ਸੱਤਾ ਨੂੰ ਸਥਾਪਤ ਕਰਨਾ ਸੀ। ਇਹੋ ਕਾਰਨ ਹੈ ਕਿ ਆਪਣੇ ਆਪ ਨੂੰ ਸੱਚੇ-ਸੁੱਚੇ ਸਿੱਖ ਕਹਾਉਣ ਦੇ ਨਾਲ-ਨਾਲ ਉਹ ਹਿੰਦੁਸਤਾਨੀ ਕਹਾਉਣ ਦੇ ਚਾਹਵਾਨ ਹਨ। ਗ਼ਦਰੀਆਂ ਦੀ ਇਹੋ ਚਾਹਤ ਉਹਨਾਂ ਨੂੰ ਧਰਮ-ਨਿਰਪੱਖ ਸਿਆਸਤ ਵੱਲ ਤੋਰਦੀ ਹੈ। ਗ਼ਦਰੀਆਂ ਦੀਆਂ ਲਿਖਤਾਂ ਵਿੱਚ ਕਿਤੇ ਵੀ ਧਾਰਮਿਕ ਕੱਟੜਪੁਣੇ ਜਾਂ ਧਾਰਮਿਕ ਵਲਗਣਾਂ ਵਿੱਚ ਘਿਰੇ ਹੋਣ ਦੇ ਸਬੂਤ ਨਹੀਂ ਮਿਲਦੇ। ਇਸ ਦੇ ਉਲਟ ਉਹ ਆਪਣੀ ਸਿਆਸਤ ਧਰਮ ਨਿਰਪੱਖਤਾ ਨੂੰ ਅਪਣਾ ਕੇ ਧਾਰਮਿਕ ਕੱਟੜਪੁਣੇ ਦਾ ਸਖ਼ਤ ਵਿਰੋਧ ਕਰਦੇ ਹਨ।

ਧਰਮ ਹਰੇਕ ਦਾ ਨਿੱਜੀ ਮਸਲਾਸੋਧੋ

ਗ਼ਦਰੀਆਂ ਦੀ ਸਿਆਸਤ ਉਹਨਾਂ ਗਰੀਬ ਸਿੱਖਾਂ ਦੇ ਹੱਕ ਵਿੱਚ ਭੁਗਤਦੀ ਸੀ ਜੋ ਕਿਰਤ ਕਰਦੇ ਸਨ ਤੇ ਵੰਡ ਕੇ ਛਕਦੇ ਸਨ ਅਤੇ ਕਿਰਤੀ ਲੋਕਾਂ ਦੇ ਰਾਜ ਲਈ ਨਾਮ ਜਪ ਕੇ ਆਤਮਿਕ ਸ਼ਕਤੀ ਪ੍ਰਾਪਤ ਕਰਦੇ ਸਨ। ਗ਼ਦਰੀ ਬਾਬਿਆਂ ਵਿੱਚੋਂ ਜੋ ਅੰਮ੍ਰਿਤਧਾਰੀ ਸਨ ਉਹ ਵੀ ਧਰਮ ਨੂੰ ਹਰੇਕ ਦਾ ਨਿੱਜੀ ਮਸਲਾ ਮੰਨਦੇ ਸਨ। ਉਹਨਾਂ ਵੱਲੋਂ ਪਾਰਟੀ ਦੇ ਸੰਵਿਧਾਨ ਅਨੁਸਾਰ ਧਾਰਮਿਕ ਬਹਿਸਾਂ ਕਰਨ ਦੀ ਆਗਿਆ ਨਹੀਂ ਸੀ ਦਿੱਤੀ ਗਈ। ਗ਼ਦਰੀਆਂ ਦੀ ਧਰਮ ਨਿਰਪੱਖਤਾ ਦਾ ਪਤਾ ਇਸ ਗੱਲ ਤੋਂ ਵੀ ਸਹਿਜੇ ਹੀ ਲੱਗ ਜਾਂਦਾ ਹੈ ਕਿ ਪਾਰਟੀ ਦੇ ਅਹੁਦੇਦਾਰਾਂ ਦੀ ਚੋਣ ਵਿੱਚ ਹਿੰਦੂ ਤੇ ਮੁਸਲਮਾਨਾਂ ਨੂੰ ਪੂਰੀ ਅਹਿਮੀਅਤ ਦਿੱਤੀ ਗਈ। ਪਾਰਟੀ ਦੇ ਪਹਿਲੇ ਜਨਰਲ ਸਕੱਤਰ ਲਾਲਾ ਹਰਦਿਆਲ ਜੀ, ਖ਼ਜ਼ਾਨਚੀ ਪੰਡਤ ਕਾਸ਼ੀ ਰਾਮ ਜੀ ਅਤੇ ਆਰਗੇਨਾਈਜ਼ਿੰਗ ਸਕੱਤਰ ਕਰੀਮ ਬਖ਼ਸ਼ ਤੇ ਮੁਨਸ਼ੀ ਰਾਮ ਜੀ ਸਨ।

ਸੰਪੂਰਨ ਸਵਰਾਜ ਲਈ ਪਹਿਲੀ ਸਿਆਸੀ ਲਹਿਰਸੋਧੋ

 
ਗ਼ਦਰ ਦੀ ਗੂੰਜ ਰਸਾਲੇ ਦੇ ਦੂਸਰੇ ਸੰਸਕਰਣ ਦਾ ਮੁੱਖ ਪੰਨਾ ਜਿਸ ਵਿੱਚ ਭਾਰਤਮਾਤਾ ਨੂੰ ਗੁਲਾਮੀ ਦੀਆਂ ਜੰਜੀਰਾਂ ਵਿਚੋਂ ਨਿਕਾਲਣ ਲਈ ਸਸ਼ੱਸਤਰ ਜਦੋਜਹਿਦ ਦਾ ਆਗਾਜ਼ ਦਰਸਾਇਆ ਹੈ।

ਆਧੁਨਿਕ ਦੌਰ ਵਿੱਚ ਚੱਲੀਆਂ ਵੱਖ-ਵੱਖ ਸਿਆਸੀ ਲਹਿਰਾਂ ਵਿੱਚੋਂ ਗ਼ਦਰ ਲਹਿਰ ਇੱਕੋ-ਇੱਕ ਪਹਿਲੀ ਲਹਿਰ ਹੈ ਜਿਸ ਨੇ ਸਭ ਤੋਂ ਪਹਿਲਾਂ ਸੰਪੂਰਨ ਸਵਰਾਜ ਦਾ ਨਾਅਰਾ ਦਿੱਤਾ। ਗ਼ਦਰੀਆਂ ਦੇ ਸੰਪੂਰਨ ਸਵਰਾਜ ਦੀ ਸਿਆਸਤ ਤਤਕਾਲੀਨ ਕਾਂਗਰਸ ਪਾਰਟੀ ਦੀ ਸੋਧਵਾਦੀ ਸਿਆਸਤ ਦੀ ਨਿਖੇਧੀ ਕਰਦੀ ਸੀ। ਗ਼ਦਰੀ ਸਮਝਦੇ ਸਨ ਕਿ ਆਦਰਸ਼ਵਾਦੀ ਤੇ ਸੁਧਾਰਵਾਦੀ ਸਿਆਸਤ ਦੀ ਆਪਣੀ ਸੀਮਾ ਹੁੰਦੀ ਹੈ। ਉਹ ਚੇਤੰਨ ਸਨ ਕਿ ਗਾਂਧੀਵਾਦੀ ਸਿਆਸਤ ਦੀਆਂ ਸੀਮਾਵਾਂ ਨੂੰ ਸਮਝ ਕੇ ਇਸ ਦੇ ਸਮਾਨਾਂਤਰ ਇੱਕ ਸਾਰਥਕ ਤੇ ਜੁਝਾਰੂ ਸਿਆਸਤ ਨੂੰ ਉਸਾਰਨ ਦੀ ਲੋੜ ਹੈ। ਗ਼ਦਰ ਲਹਿਰ ਦੀ 1914-15 ਦੀ ਅਸਫ਼ਲਤਾ ਤੋਂ ਬਾਅਦ ਅਤੇ 1917 ਦੇ ਬਾਲਸ਼ਵਿਕ ਇਨਕਲਾਬ ਉਪਰੰਤ ਤਾਂ ਗ਼ਦਰ ਪਾਰਟੀ ਦੀ ਸਿਆਸਤ ਵਿੱਚ ਬੁਨਿਆਦੀ ਤਬਦੀਲੀ ਵਾਪਰੀ ਸੀ।

ਕਿਰਤੀ ਲੋਕਾਂ ਦੀ ਲਹਿਰਸੋਧੋ

ਹੁਣ ਇਹ ਯਰਕਾਊ ਅਤਿਵਾਦੀ ਸਿਆਸਤ ਨੂੰ ਤਿਲਾਂਜਲੀ ਦੇ ਕੇ ਇਨਕਲਾਬੀ ਸਿਆਸਤ ਰਾਹੀਂ ਸਮਾਜ ਦੀ ਬੁਨਿਆਦੀ ਤਬਦੀਲੀ ਵੱਲ ਅਗਰਸਰ ਹੋ ਗਈ ਸੀ। ਪਾਰਟੀ ਲੀਡਰਾਂ ਨੇ ਅੰਨ੍ਹੇ ਜਜ਼ਬੇ ਨੂੰ ਤਿਆਗ ਕੇ ਆਤਮ ਸ਼ਕਤੀ ਨੂੰ ਪਛਾਣਦਿਆਂ ਕਿਰਤੀ ਲੋਕਾਂ ਦੇ ਸੰਗਠਨ ਨੂੰ ਪ੍ਰਮੁੱਖਤਾ ਦੇਣੀ ਸ਼ੁਰੂ ਕਰ ਦਿੱਤੀ ਸੀ। ਗ਼ਦਰੀ ਸਿਆਸਤ ਨੇ ਕਿਰਤੀ-ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਆਪਣੀ ਸਿਆਸਤ ਦੀਆਂ ਵਾਗਾਂ ਸਮਾਜਵਾਦੀ ਇਨਕਲਾਬ ਵੱਲ ਮੋੜ ਲਈਆਂ ਸਨ। ਹੁਣ ਗ਼ਦਰੀਆਂ ਨੂੰ ਸਮਝ ਆ ਚੁੱਕੀ ਸੀ ਕਿ ਦੁਸ਼ਮਣ ਕੇਵਲ ਅੰਗਰੇਜ਼ ਸਾਮਰਾਜ ਹੀ ਨਹੀਂ ਹੈ ਬਲਕਿ ਦੇਸ਼ ਵਿਚਲੇ ਸਰਮਾਏਦਾਰ, ਸ਼ਾਹੂਕਾਰ, ਰਜਵਾੜੇ ਆਦਿ ਵੀ ਕਿਰਤੀਆਂ ਤੇ ਕਿਸਾਨਾਂ ਦੇ ਦੁਸ਼ਮਣ ਹਨ। ਗ਼ਦਰੀਆਂ ਦੀ ਸਿਆਸਤ ਵਿੱਚ ਆਈ ਇਸ ਤਬਦੀਲੀ ਦੇ ਸਿੱਟੇ ਵਜੋਂ ਇਸ ਦਾ ਵਿਚਾਰਧਾਰਕ ਵਿਰੋਧ ਕਾਂਗਰਸ ਨਾਲ ਪੈਦਾ ਹੁੰਦਾ ਹੈ। ਗ਼ਦਰੀ ਸਿਆਸਤ ਤਤਕਾਲੀਨ ਕਾਂਗਰਸ ਪਾਰਟੀ ਨੂੰ ਧਨੀ ਲੋਕਾਂ ਦਾ ਟੋਲਾ ਕਹਿੰਦੀ ਹੈ|

ਗ਼ਦਰੀ ਕਵਿਤਾਸੋਧੋ

ਗ਼ਦਰੀ ਕਵਿਤਾ ਦੀਆਂ ਇਹ ਸਤ੍ਹਰਾਂ ਗ਼ਦਰੀ ਸਿਆਸਤ ਦੇ ਪੂਰਨ ਸਵਰਾਜ ਦੀ ਸੁਤੰਤਰਤਾ ਤੋਂ ਸਮਾਜਵਾਦੀ ਸਿਆਸਤ ਵੱਲ ਵਧਣ ਦੀਆਂ ਪ੍ਰਤੀਕ ਹਨ। ਹੁਣ ਇਹ ਲਹਿਰ ਕਿਰਤੀ-ਕਿਸਾਨਾਂ ਨੂੰ ‘ਪੰਚਾਇਤੀ ਰਾਜ’ ਸਥਾਪਤ ਕਰਨ ਲਈ ਚੇਤਨ ਕਰਨ ਲੱਗੀ ਸੀ। ਹੁਣ ਇਸ ਦੇ ਦੁਸ਼ਮਣ ਅੰਗਰੇਜ਼ ਹਾਕਮਾਂ ਦੇ ਨਾਲ-ਨਾਲ ਸਾਮਰਾਜ ਦੇ ਦਲਾਲ ਸਰਮਾਏਦਾਰ ਵੀ ਸਨ। ਗ਼ਦਰੀ ਸਿਆਸਤ ਅੰਦਰੂਨੀ ਤੇ ਬਹਿਰੂਨੀ ਦੁਸ਼ਮਣਾਂ ਦਾ ਸਫ਼ਾਇਆ ਕਰਕੇ ਸਹੀ ਮਾਅਨਿਆਂ ਵਿੱਚ ਪੰਚਾਇਤੀ ਲੋਕ ਰਾਜ ਸਥਾਪਤ ਕਰਨ ਦੀ ਚਾਹਵਾਨ ਸੀ। ਗ਼ਦਰੀ ਜਾਣਦੇ ਸਨ ਕਿ ਇਸ ਸੁਪਨੇ ਦੀ ਪੂਰਤੀ ਕੇਵਲ ਗੱਲਾਂ ਕਰਕੇ ਹੀ ਸੰਭਵ ਨਹੀਂ ਹੋ ਸਕਣੀ ਸਗੋਂ ਲੋਕਪੱਖੀ ਸਿਆਸਤ ਨੂੰ ਅਮਲ ਵਿੱਚ ਢਾਲ ਕੇ ਹੀ ਸੰਭਵ ਹੋ ਸਕਦੀ ਹੈ। ਇਹ ਸਿਆਸਤ ਸਿਰ ਦੀ ਮੰਗ ਕਰਦੀ ਹੈ। ਗ਼ਦਰੀ ਸਿਰ ਦੀ ਬਾਜ਼ੀ ਲਾਉਣ ਤੋਂ ਕਦੇ ਪਿੱਛੇ ਨਾ ਹਟੇ। ਉਹ ਆਪਣੇ ਸੱਚੇ-ਸੁੱਚੇ ਕਿਰਦਾਰ, ਕੁਰਬਾਨੀ ਤੇ ਸਿਦਕਦਿਲੀ ਕਰਕੇ ਅੱਜ ਵੀ ਯਾਦ ਕੀਤੇ ਜਾਂਦੇ ਹਨ।

ਕਵਿਤਾਸੋਧੋ

ਡੇਰਾ ਆਣ ਅਮਰੀਕਾ ਦੇ ਵਿਚ ਲਾਇਆ , ਹਰਿਦਿਆਲ ਹੋਰੀਂ ਮੇਹਰਵਾਨ ਹੋਏ
ਪਾਜ ਖੋਲਿਆ ਕੁੱਲ ਫਰਗੀਆ ਦਾ , ਦਰਸ਼ਨ ਗਦਰ ਅਖਬਾਰ ਦੇ ਆਣ ਹੋਏ।
ਅਸੀਂ ਦੇਸ ਦਾ ਛੱਡ ਖਿਆਲ ਦਿੱਤਾ , ਤਾਹੀਓ ਦੋਸਤੋ ਕੰਮ ਵੈਰਾਨ ਹੋਏ।
ਗੋਰੇ ਗੱਲ ਕੀ ਅਸਾ ਦੇ ਹੈਨ ਅੱਗੇ , ਲੜਨ ਮਰਨ ਦੇ ਜਦੋਂ ਧਿਆਨ ਹੋਏ।
ਚਲੋ ਦੇਸ ਨੂੰ ਚੱਲੀਏ ਜੁਧ ਕਰਨੇ , ਇਹੋ ਆਖ਼ਰੀ ਬਚਨ ਫ਼ਰਮਾਨ ਹੋਏ।
ਗਿੱਦੜ ਪਿਛਾਂਹ ਤੇ ਜਾਣਗੇ ਸ਼ੇਰ ਅਗੇ , ਜਦੋਂ ਬਿਗਲ ਲੜਾਈ ਦੇ ਆਣ ਹੋਏ।

( ਇਹ ਕਵਿਤਾ 10 ਮਾਰਚ 1914 ਦੇ ਗਦਰ ਦੇ ਅੰਕ ਸਫਾ 113 ਵਿੱਚ ਛਪੀ ਸੀ।)

ਗ਼ਦਰੀ ਮੈਂਬਰਸੋਧੋ

ਇਨ੍ਹਾਂ ਗ਼ਦਰੀ ਸਿਆਸਤਦਾਨ ਹਨ ਜਿਹਨਾਂ ਦੇ ਪਰਸੁਆਰਥ ਤੇ ਤਿਆਗਮਈ ਜੀਵਨ ਤੋਂ ਅਜੋਕੀ ਅਗਾਂਹਵਧੂ ਸਿਆਸਤ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ। ਜਦੋਂ ਅਸੀਂ ਖੱਬੇ-ਪੱਖੀ ਸਿਆਸਤ ਦੀ ਇਤਿਹਾਸਕ ਗਤੀਸ਼ੀਲਤਾ ’ਤੇ ਨਜ਼ਰ ਮਾਰਦੇ ਹਾਂ ਤਾਂ ਨਤੀਜੇ ਨਿਰਾਸ਼ਾਜਨਕ ਹੀ ਨਿਕਲਦੇ ਹਨ।

ਗ਼ਦਰੀ ਸਿਆਸਤਸੋਧੋ

ਗ਼ਦਰੀ ਸਿਆਸਤ ਦੀ ਵਿਰਾਸਤ ਨੂੰ ਅਗਾਂਹ ਲੈ ਜਾਣ ਵਾਲੀ ਸਿਆਸਤ ਉਹ ਸਿੱਟੇ ਨਾ ਕੱਢ ਸਕੀ ਜੋ ਗ਼ਦਰੀਆਂ ਨੇ ਕਦੇ ਸੋਚੇ ਸਨ। ਅਜੋਕੇ ਵਿਸ਼ਵੀਕਰਨ ਦੇ ਦੌਰ ਵਿੱਚ ਜਦੋਂ ਹਿੰਦੁਸਤਾਨ ਇੱਕ ਵਾਰ ਫੇਰ ਨਵ-ਸਾਮਰਾਜੀ ਨੀਤੀਆਂ ਵਿੱਚ ਬੁਰੀ ਤਰ੍ਹਾਂ ਫਸ ਚੁੱਕਾ ਹੈ, ਇਸ ਵੇਲੇ ਭਾਰਤ ਦੀ ਲੋਕ-ਪੱਖੀ ਸਿਆਸਤ ਪੂਰੀ ਤਰ੍ਹਾਂ ਹਾਸ਼ੀਏ ’ਤੇ ਚਲੀ ਗਈ ਹੈ। ਅੱਜ ਜਦੋਂ ਪੂਰੀ ਦੁਨੀਆ ਵਿੱਚ ਪੂੰਜੀਵਾਦੀ ਸੰਕਟ ਦੇ ਸਿੱਟੇ ਵਜੋਂ ਲੋਕ-ਪੱਖੀ ਸਿਆਸਤ ਦੇ ਉਭਾਰ ਲਈ ਜ਼ਮੀਨ ਤਿਆਰ ਹੋ ਰਹੀ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਹਿੰਦੁਸਤਾਨ ਦੀ ‘ਲੋਕ-ਪੱਖੀ’ ਸਿਆਸਤ ਲੋਕਾਂ ਤੋਂ ਦੂਰ ਹੋ ਕੇ ਕਿਉਂ ਖੜੀ ਹੈ। ਅਨੇਕਾਂ ਧੜਿਆਂ ਵਿੱਚ ਵੰਡੀ ਲੋਕ-ਪੱਖੀ ਸਿਆਸਤ ਗ਼ਦਰੀਆਂ ਦੀ ਸਿਆਸਤ ਤੋਂ ਕੋਈ ਸਾਰਥਕ ਸਬਕ ਨਾ ਸਿੱਖਦੀ ਨਜ਼ਰ ਆ ਰਹੀ ਹੈ। ਲੋਕ-ਪੱਖੀ ਸਿਆਸਤ ਦੀ ਲਗਪਗ ਅਣਹੋਂਦ ਵਰਗੀ ਸਥਿਤੀ ਵੇਖ ਕੇ ਤਾਂ ਲੱਗਦਾ ਹੈ ਕਿ ਗ਼ਦਰੀਆਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਗ਼ਦਰ ਲਹਿਰ ਦੀਆਂ ਅਜੇ ਕਈ ਹੋਰ ਜਨਮ-ਸ਼ਤਾਬਦੀਆਂ ਦੀ ਲੋੜ ਪਵੇਗੀ।ਅਜੋਕੇ ਸਮੇਂ ਗ਼ਦਰੀ ਵਿਰਾਸਤ ਦੇ ਅਹਿਮ ਮੁੱਲਾਂ ਨੂੰ ਬਦਲਵੀਂ ਸਿਆਸਤ ਦੇ ਰੂਪ ਵਿੱਚ ਵਿਕਸਤ ਕਰਨ ਲਈ ਪ੍ਰੇਰਨਾ ਸਰੋਤ ਸਮਝਣਾ ਚਾਹੀਦਾ ਹੈ। ਇਹ ਕਿਸੇ ਵੀ ਸਮਾਜ ਦੇ ਗ਼ਲਬੇ ਨੂੰ ਪਰ੍ਹੇ ਕਰਨ ਲਈ ਸੰਘਰਸ਼ ਦੀ ਕਾਮਯਾਬੀ ਲਈ ਜ਼ਰੂਰੀ ਹੈ। ਹਰ ਸਮੇਂ ਲੋਕਾਂ ਦੀ ਤਾਕਤ ਨੂੰ ਸੰਘਰਸ਼ਾਂ ਵਿੱਚ ਇਨਕਲਾਬੀ ਚੇਤਨਤਾ ਦਾ ਰੰਗ ਚਾੜ੍ਹਨ ਤੋਂ ਉੱਪਰ ਉੱਠ ਕੇ ਬਦਲਵੀਂ ਰਾਜਨੀਤੀ ਦਾ ਨਕਸ਼ਾ ਲੋਕਾਂ ਦੇ ਸਨਮੁੱਖ ਰੱਖਣਾ ਜ਼ਰੂਰੀ ਹੁੰਦਾ ਹੈ। ਗ਼ਦਰੀ ਬਾਬਿਆਂ ਨੇ ਜਿਵੇਂ ਆਪਣੇ ਟੀਚਿਆਂ ਵਿੱਚ ਰੱਖਿਆ ਸੀ ਅਤੇ ਬਾਅਦ ਵਿੱਚ ਭਗਤ ਸਿੰਘ ਹੋਰਾਂ ਨੇ ਸਮਾਜ ਦੀ ਕਾਇਆ-ਕਲਪ ਲਈ ਸਮਾਜਵਾਦੀ ਮਾਡਲ ਦਾ ਨਕਸ਼ਾ ਲੋਕਾਂ ਅੱਗੇ ਪੇਸ਼ ਕੀਤਾ ਸੀ। ਦਰਅਸਲ, ਗ਼ਦਰ ਪਾਰਟੀ ਨੇ ਗ਼ਦਰੀ ਬਾਬਿਆਂ ਵੱਲੋਂ ਮੁੱਦਿਆਂ ਉੱਪਰ ਆਧਾਰਿਤ ਹਕੀਕੀ ਰਾਜਨੀਤੀ ਪੇਸ਼ ਕਰਨ ਦਾ ਕਾਰਜ ਕੀਤਾ। ਅੱਜ ਦੇ ਸਮਾਜ ਦੇ ਹਾਲਾਤ ਦਾ ਵਿਸ਼ਲੇਸ਼ਣ ਕਰਨਾ ਅਤੇ ਇਸ ਵਿੱਚ ਸੰਘਰਸ਼ਸ਼ੀਲ ਹਿੱਸਿਆਂ ਨੂੰ ਸਵੈ-ਵਿਸ਼ਲੇਸ਼ਣ ਦੀ ਪ੍ਰਕਿਰਿਆ ਵਿੱਚ ਸ਼ਾਮਿਲ ਹੋਣਾ ਪਵੇਗਾ। ਵਾਤਾਵਰਣ ਉੱਪਰ ਅੰਦੋਲਨ, ਦਲਿਤਾਂ ਦੇ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਮਸਲਿਆਂ ਉੱਪਰ ਸੰਘਰਸ਼, ਧਾਰਮਿਕ ਤੇ ਸੱਭਿਆਚਾਰਕ ਤੌਰ ’ਤੇ ਘੱਟ ਗਿਣਤੀਆਂ ਨਾਲ ਵਿਤਕਰੇ ਦਾ ਸਵਾਲ ਆਦਿ ਕਈ ਕਿਸਮ ਦੀਆਂ ਨਵੀਆਂ ਸਮਾਜਿਕ ਲਹਿਰਾਂ ਸੰਘਰਸ਼ ਸਦਕਾ ਆਪਣਾ ਰਾਹ ਤਲਾਸ਼ਣ ਲੱਗੀਆਂ ਹਨ।[5]

2 ਮਾਰਚ 1915ਸੋਧੋ

ਦੇਸ਼ ਦੀ ਅਜ਼ਾਦੀ ਵਾਸਤੇ ਚੱਲੀ ਗਦਰ ਲਹਿਰ ਦਾ ਪ੍ਰਭਾਵ ਵਿਦੇਸ਼ਾਂ ਵਿੱਚ ਵੀ ਫੌਜੀ ਪਲਟਨਾਂ ਤੇ ਪਿਆ।ਸਤੰਬਰ 1914 ਵਿੱਚ ਜਦ ਵਿਦੇਸ਼ਾਂ ਤੋਂ ਗਦਰੀ ਬਾਬੇ ਹਿੰਦ ਨੂੰ ਆਉਣ ਲੱਗੇ ਤਾਂ ਸਿੰਗਾਪੁਰ ਦੇ ਗੁਰਦੁਆਰੇ ਵਿੱਚ ਜਾ ਕੇ ਉਥੋਂ ਦੇ ਵੱਸਦੇ ਭਾਰਤੀਆਂ ਤੇ ਉਥੇ ਆਉਂਦੇ ਫੌਜੀਆਂ ਨੂੰ ਗਦਰ ਕਰਨ ਲਈ ਪ੍ਰੇਰਦੇ। ਉਥੇ ਮੁਸਲਮਾਨਾਂ ਦੀਆਂ ਪੰਜਵੀਂ ਨੇਟਿਵ ਲਾਈਟ ਬਟਾਲੀਅਨ ਤੇ ਮਲਾਇਆ ਰਿਆਸਤੀ ਗਾਇਡ ਨਾਮੀ ਪਲਟਨਾਂ ਸਨ। ਇਨਾਂ ਤੋਂ ਇਲਾਵਾ 36ਵੀਂ ਸਿੱਖ ਬਟਾਲੀਅਨ ਦੀ ਇਕ ਟੁਕੜੀ,ਤੋਪਖਾਨੇ ਦੀਆਂ ਕੁਝ ਟੁੱਕੜੀਆਂ, ਇਕ ਗੋਰਾ ਪਲਟਨ ਤੇ ਸਿੰਘਾਪੁਰ ਦੇ ਗੋਰਿਆਂ ਦੀ ਇਕ ਵੰਲਟੀਅਰ ਕੋਰ ਸੀ। ਇਹਨਾਂ ਪਲਟਨਾਂ ਵਿੱਚ ਚੇਤ ਸਿੰਘ, ਤਰਲੋਕ ਸਿੰਘ, ਸੁੰਦਰ ਸਿੰਘ ਤੇ ਹਰਨਾਮ ਸਿੰਘ ਗਦਰ ਅਖ਼ਬਾਰ ਤੇ ਹੋਰ ਸਾਹਿਤ ਵੰਡਦੇ ਸਨ। ਉਥੇ ਵਿਦਰੋਹ ਨੂੰ ਵੇਖਦਿਆਂ ਮਲਾਇਆ ਰਿਆਸਤੀ ਗਾਇਡ ਪਲਟਨ ਨੂੰ ਪੀਨਾਂਗ ਬਦਲ ਦਿੱਤਾ ਤੇ 36ਵੀਂ ਸਿੱਖ ਪਲਟਨ ਤੋਂ ਹਥਿਆਰ ਰੱਖਵਾ ਲਏ ਗਏ। ਇਸ ਦੇ ਬਾਵਜੂਦ ਪੰਜਵੀਂ ਲਾਈਟ ਪਲਟਨ ਦੇ ਜੁਝਾਰੂਆਂ ਨੇ ਫੈਸਲਾ ਕੀਤਾ, ਕਿ 15 ਫ਼ਰਵਰੀ, 1915 ਦੀ ਸ਼ਾਮ ਨੂੰ ਜਦ ਅਫਸਰਾਂ ਨੇ ਖਾਣੇ ਲਈ ਮੇਜ ਤੇ ਬੈਠਣਾ ਹੈ ,ਉਸ ਵੇਲੇ ਬਗਾਵਤ ਕਰਨੀ ਹੈ। ਅਚਾਨਕ ਉਨਾਂ ਨੂੰ 15 ਫਰਵਰੀ ਦੀ ਸਵੇਰ ਵੇਲੇ ਅਗਲੇ ਦਿਨ 16 ਨੂੰ ਹਾਂਗਕਾਂਗ ਜਾਣ ਦਾ ਹੁਕਮ ਸੁਣਾ ਦਿੱਤਾ।ਸ਼ਾਮ ਤੱਕ ਹਥਿਆਰ ਜਮਾਂ ਕਰਵਾਉਣ ਲਈ ਕਿਹਾ ਗਿਆ। ਦੁਪਹਿਰ ਸਮੇਂ ਜਦ ਉਹ ਅਸਲਾ ਜਮਾ ਕਰ ਰਹੇ ਸਨ ਤਾਂ ਮੌਕਾ ਵੇਖ ਕੇ ਉਨਾਂ ਅੰਗਰੇਜ਼ ਅਫਸਰ ਨੂੰ ਗੋਲੀ ਮਾਰ ਦਿੱਤੀ, ਫਿਰ ਹੋਈ ਇਸ ਬਗਾਵਤ ਵਿੱਚ 8 ਅੰਗਰੇਜ਼ ਅਫਸਰ,9 ਫੌਜੀ,ਇਕ ਔਰਤ ਤੇ 16 ਸ਼ਹਿਰੀ ਮਾਰੇ ਗਏ,ਬੈਰਕ ਤੇ ਕਬਜ਼ਾ ਕਰ ਲਿਆ। 17 ਫ਼ਰਵਰੀ ਨੂੰ ਅੰਗਰੇਜ਼ਾਂ ਦਾ ਹੋਰ ਜੰਗੀ ਜ਼ਹਾਜ ਪਹੁੰਚ ਗਿਆ ਜਿਸ ਦੇ ਸਿਪਾਹੀਆਂ ਨੇ ਸ਼ਾਮ ਤੱਕ 422 ਬਾਗੀ ਗਿਰਫਤਾਰ ਕਰ ਲਏ। 2 ਮਾਰਚ 1915 ਨੂੰ ਪੰਜਵੀਂ ਨੇਟਿਵ ਲਾਈਟ ਬਟਾਲੀਅਨ ਦੇ ਫੌਜੀਆਂ ਹਵਾਲਦਾਰ ਸੁਲੈਮਾਨ, ਕਸੂਲਾ, ਰੁਕਨਦੀਨ, ਇਮਤਿਆਜ਼ ਅਲੀ, ਲਾਇਸ ਨਾਇਕ ਅਬਦੁਲ ਹਜਾਰ ਤੇ ਕੁੱਝ ਹੋਰਾਂ ਨੂੰ ਮੌਤ ਦੀ ਸ਼ਜਾ ਦਿੱਤੀ ਗਈ। ਫੜੇ ਕੁਲ ਬਾਗੀਆਂ ਵਿੱਚੋਂ 41 ਨੂੰ ਕੋਰਟ ਮਾਰਸ਼ਲ ਕਰਕੇ ਗੋਲੀਆਂ ਨਾਲ ਉਡਾ ਦਿੱਤਾ ਗਿਆ। 125 ਨੂੰ ਕੈਦ ਦੀਆਂ ਸ਼ਜਾਵਾਂ ਦਿੱਤੀਆਂ ਗਈਆਂ।

ਹੋਰ ਦੇਖੋਸੋਧੋ

  1. http://www.ghadarmemorial.net/ghadarpartyhistory.htm
  2. http://iref.homestead.com/GadarParty.html
  3. http://www.bhagatsinghthind.com/gadarcourage.html Archived 2014-04-03 at the Wayback Machine.

ਹਵਾਲੇਸੋਧੋ

I'm reading gadri babe koun san by ajmer singh.pdf on Scribd. Check it out: https://www.scribd.com/book/324321934

  1. Law, Steve. "Oregon marks ties with।ndia revolutionaries". https://joomlakave.com (in ਅੰਗਰੇਜ਼ੀ (ਬਰਤਾਨਵੀ)). Archived from the original on 2019-03-29. Retrieved 2019-03-29. {{cite web}}: External link in |website= (help); Unknown parameter |dead-url= ignored (help)
  2. ਗੁਰਦੇਵ ਸਿੰਘ ਸਿੱਧੂ (2018-11-06). "ਜਦ ਪੰਜਾਬ ਰੂਸ ਨੂੰ ਧਾਵੇ ....... - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). Retrieved 2018-11-06. {{cite news}}: Cite has empty unknown parameter: |dead-url= (help)
  3. ਚਰੰਜੀ ਲਾਲ ਕੰਗਣੀਵਾਲ (2018-07-17). "ਕਿਰਤੀ ਕਿਸਾਨ ਪਾਰਟੀ: ਸਥਾਪਨਾ ਤੇ ਮਹੱਤਵ - Tribune Punjabi". Tribune Punjabi. Retrieved 2018-10-09. {{cite news}}: Cite has empty unknown parameter: |dead-url= (help)
  4. ਸਵਰਾਜਬੀਰ. "ਗ਼ਦਰ ਪਾਰਟੀ, ਅਤੀਤ ਤੇ ਸਮਕਾਲ". Tribuneindia News Service (in ਅੰਗਰੇਜ਼ੀ). Retrieved 2020-12-20. {{cite news}}: Cite has empty unknown parameter: |dead-url= (help)
  5. ਡਾ. ਕੁਲਦੀਪ ਸਿੰਘ (2018-10-27). "ਸਾਡੇ ਸਮਿਆਂ 'ਚ ਗ਼ਦਰੀ ਵਿਰਾਸਤ ਦੀ ਅਹਿਮੀਅਤ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). Retrieved 2018-11-05. {{cite news}}: Cite has empty unknown parameter: |dead-url= (help)