ਭਾਰਤੀ ਪੰਰਪਰਾ ਵਿੱਚ ਫੌਕਲੋਰ ਸ਼ਬਦ ਦੀ ਥਾਂ ਲੋਕਯਾਨ ਸ਼ਬਦ ਦੀ ਸਾਰਥਕਤਾ
ਆਧੁਨਿਕ ਸੰਕਲਪ ਲੋਕਧਾਰਾ ਦੀ ਸਮੁੱਚਤਾ ਨੂੰ ਪ੍ਰਵਾਨ ਕਰਦਿਆਂ ਹੋਇਆਂ ਡਾ:ਕਰਨੈਲ ਥਿੰਦ ਲੋਕਧਾਰਾ ਸੰਕਲਪ ਦੇ ਪਿਛੋਕੜ ਵਿਚੋਂ' ਲੋਕਯਾਨ' ਸ਼ਬਦ ਦੀ ਘਾੜਤ ਕਰਦਾ ਹੈ। ਉਸ ਦੀ ਲੋਕਯਾਨ ਸ਼ਬਦ ਦੀ ਘਾੜਤ ਪੁਸਤਕ 'ਮੱਧਕਾਲੀਨ ਪੰਜਾਬੀ ਸਾਹਿਤ' ਵਿੱਚ ਦਰਜ ਹੈ, ਜਿਸ ਦਾ ਉਦਭਵ ਲੋਕਯਾਨ ਤੇ ਭਾਰਤੀ ਪਰੰਪਰਾ ਵਿਚੋਂ ਦੀ ਹੀ ਹੁੰਦਾ ਹੈ।ਉਸ ਅਨੁਸਾਰ 'ਲੋਕਯਾਨ' ਸ਼ਬਦ ਅੰਗਰੇਜ਼ੀ ਪਦ 'ਫੋਕਲੋਰ' ਦਾ ਪੰਜਾਬੀ ਪਰਿਆਈ ਨਿਸ਼ਚਿਤ ਕੀਤਾ ਗਿਆ ਹੈ। ਅੰਗਰੇਜ਼ੀ ਵਿਚ 'ਫੋਕ' ਦੇ ਅਰਥ 'ਲੋਕ', 'ਰਾਸ਼ਟਰ', 'ਜਾਤੀ', 'ਜਨ-ਸਮੂਹ ਜਾਂ ਵਰਗ ਵਿਸ਼ੇਸ਼ ਹਨ। 'ਲੋਕ' ਭਾਵਨਾ ਜਿਹੜੀ ਕਿ ਬਹੁਤੇ ਵਿਦਵਾਨਾਂ ਵੱਲੋਂ ਪੁਰਾਤਨਤਾ ਦੀ ਲਖਾਇਕ ਹੁੰਦੀ ਹੈ ਭਾਵ ਲੋਕਧਾਰਾ ਵਿੱਚ ਆਧੁਨਿਕ ਅੰਸ਼ਾਂ ਨੂੰ ਸ਼ਾਮਿਲ ਨਾ ਕਰਣ ਦੀ ਬਿਰਤੀ ਉਹਨਾਂ ਅਨੁਸਾਰ ਬਣੀ ਰਹਿੰਦੀ ਹੈ।ਪਰ ਲੋਕਧਾਰਾ ਸੰਕਲਪ ਪਰਿਵਰਤਨ ਅਰਥਾਂ ਵਿਚੋਂ ਦੀ ਪੇਸ਼ ਹੁੰਦਾ ਹੋਇਆ ਨਵੇਂ ਅਰਥਾਂ ਦਾ ਲਖਾਇਕ ਹੋ ਨਿਬੜਦਾ ਜਿਵੇਂ ਕਿ ਥਿੰਦ ਅਨੁਸਾਰ 'ਲੋਕ' ਦੀ ਭਾਵਨਾ ਨੂੰ ਕੇਵਲ ਗੰਵਾਰ, ਉਜੱਡ, ਗ਼ੈਰ-ਮੁਹੱਜ਼ਬ ਅਤੇ ਸ਼ਹਿਰੀ ਸਭਿਅਤਾ ਤੋਂ ਅਭਿੱਜ ਪਿੰਡਾਂ ਜਾਂ ਜੰਗਲਾਂ ਵਿੱਚ ਵੱਸਦੇ ਲੋਕਾਂ ਤੱਕ ਸੀਮਿਤ ਕਰ ਦੇਣਾ ਠੀਕ ਨਹੀਂ। ਇਸ ਦੇ ਟਾਕਰੇ 'ਤੇ ਸ਼ਬਦ 'ਲੋਕਤੰਤਰ' ਵਿਚ 'ਲੋਕ' ਪਦ ਜਰਮਨ ਸ਼ਬਦ 'ਫੋਕ' ਵਾਂਗ ਸਮੁੱਚੇ ਰਸ਼ਟਰ ਜਾਂ ਕੌਮ ਦਾ ਸੂਚਕ ਹੈ ਇੱੱਥੇ 'ਲੋਕ' ਦਾ ਪ੍ਰਯੋਗ ਬਹੁਤ ਹੀ ਵਿਕਸਿਤ ਰੂਪ ਵਿੱਚ ਹੋਇਆ ਹੈ। ਥਿੰਦ ਦੇ ਸ਼ਬਦਾਂ ਵਿਚ 'ਸੰਸਕ੍ਰਿਤੀ' ਅੰਗਰੇਜ਼ੀ ਸ਼ਬਦ 'ਕਲਚਰ' ਲਈ ਆਮ ਵਰਤਿਆ ਜਾਂਦਾ ਪਦ ਹੈ। ਲੋਕ ਪਦ, ਲੋਕ ਪ੍ਰਵਾਹ, ਲੋਕ-ਪੱਖ, ਲੋਕ ਸੰਗ੍ਰਹਿ, ਲੋਕਚਰਯ ਅਤੇ ਲੋਕਾਵਿਨ ਆਦਿ ਪਦ 'ਫੋਕਲੋਰ' ਦੀ ਭਾਵਨਾ ਨੂੰ ਪ੍ਰਗਟ ਕਰਦੇ ਦਰਸਾਏ ਗਏ ਹਨ,ਪਰ ਥਿੰਦ ਅਨੁਸਾਰ 'ਫੋਕਲੋਰ' ਲਈ ਯੋਗ ਅਤੇ ਉਚਿਤ ਪਦ ਲੱਭਣ ਦੀ ਲੋੜ ਬਣੀ ਰਹਿੰਦੀ ਹੈ।ਡਾ. ਐਸ.ਕੇ.ਚੈਟਰਜੀ ਦੀ ਪਰਿਭਾਸ਼ਾ ਨੂੰ ਫੋਕਲੋਰ ਦੇ ਪ੍ਰਸੰਗ ਵਿੱਚ ਪੇਸ਼ ਕਰਦਿਆ ਉਹਨਾਂ ਦਾ ਮੰਨਣਾ ਹੈ ਕਿ 'ਪਿਤ੍ਰ ਪਰੰਪਰਾਗਤ ਜੀਵਨ ਯਾਤਰਾ ਦੀ ਪੱਧਤੀ ਜਿਹਨਾਂ ਸਮਾਜਿਕ ਅਨੁਸ਼ਠਾਨਾਂ, ਵਿਸ਼ਵਾਸ, ਵਿਚਾਰਾਂ, ਤੱਥਾ ਮੌਖਿਕ ਵਾਣੀ (ਕਵਿਤਾ,ਪਹੇਲੀ,ਕਹਾਵਤ ਆਦਿ) ਦੁਆਰਾ ਆਪਣੇ ਲੌਕਿਕ ਪ੍ਰਕਾਸ਼ ਨੂੰ ਪ੍ਰਾਪਤ ਕਰਦੀ ਹੈ। ਅੰਗਰੇਜ਼ੀ ਵਿਚ 'ਫੋਕਲੋਰ' ਕਹਿੰਦੇ ਹਨ। ਇਸ ਦਾ ਭਾਰਤੀ ਸਮਾਨਾਂਤਰ ਪਦ ਅਸਾਂ 'ਲੋਕਯਾਨ' ਇਹਨਾਂ ਗੱਲਾਂ ਤੋਂ ਉਤੇਜਿਤ ਹੋ ਕੇ ਬਣਾ ਲਿਆ ਹੈ।" 'ਯਾਨ' ਦਾ ਪ੍ਰਚਲਿਤ ਅਰਥ 'ਜਾਣਾ' ਜਾਂ 'ਜਾਣ ਦੀ ਸਵਾਰੀ' ਅਥਵਾ ਵਾਹਨ ਹੈ। ਬੁੱਧ ਧਰਮ ਦੀਆਂ ਸੰਪ੍ਰਦਾਵਾਂ ਮਹਾਯਾਨ, ਹੀਨਯਾਨ ਅਤੇ ਸ੍ਰਾਵਕਯਾਨ ਉਸ ਵਾਹਨ ਦੀਆਂ ਸੂਚਕ ਹਨ, ਜਿਸ ਦੁਆਰਾ ਉਸ ਧਰਮ ਦੇ ਜਗਿਆਸੂ ਆਪਣੇ ਲਕਸ਼ ਤਕ ਪਹੁੰਚਦੇ ਸਨ। ਇਸੇ ਪ੍ਰਕਾਰ ਥਿੰਦ 'ਫੋਕਲੋਰ' ਸੰਬੰਧੀ ਮੰਨਦਾ ਹੈ ਕਿ 'ਲੋਕਯਾਨ' ਤੋਂ ਭਾਵ ਉਹ 'ਵਾਹਨ' ਹੈ ਜਿਸ ਉਪਰ ਚੜ੍ਹ ਕੇ ਲੋਕ ਆਪਣੇ ਜੀਵਨ ਦੀ ਮਾਨਸਿਕ ਤੇ ਸੰਸਕ੍ਰਿਤਿਕ ਯਾਤਰਾ ਤੈਅ ਕਰਦੇ ਹਨ। ਫੋਕਲੋਰ ਵਿਚਲੇ 'ਲੋਰ' ਤੋਂ ਭਾਵ ਉਹਨਾਂ ਦਾ ਮੰਨਣਾ ਹੈ ਕਿ 'ਲੋਰ' ਪਦ ਵੀ ਵਹਿਣ, ਗਤੀ, ਚੱਲਦੇ ਰਹਿਣ ਦੀ ਭਾਵਨਾ ਦਾ ਲਖਾਇਕ ਹੈ, ਜਿਸ ਵਿੱਚ ਲੋਕਾਂ ਦੀ ਵਿੱਦਿਆ ਜਾਂ ਲੋਕ ਗਿਆਨ ਦੀ ਸਹੀ ਪ੍ਰਤੀਨਿਧਤਾ ਕਰਨ ਦੀ ਸਮਰੱਥਾ ਮੌਜੂਦ ਹੈ ਅਤੇ ਭੂਤ ਤੇ ਵਰਤਮਾਨ ਇਸ ਵਿੱਚ ਸੰਚਿਤ ਹਨ।ਮਾਨਵ-ਸਮਾਜ ਦੇ ਇਤਿਹਾਸ ਵਿੱਚ ਜਾਂ ਕੁਝ ਵੀ ਮਨੁੱਖ ਦੇ ਆਪਣੇ ਯਤਨ ਕੋਸ਼ਿਸ਼ਾਂ, ਢੰਗ, ਤਰੀਕਿਆ ਸਦਕਾ ਖੇਤੀਬਾੜੀ, ਵਿਗਿਆਨ, ਸਾਹਿਤ ਅਤੇ ਕਲਾ ਦੇ ਭਿੰਨ-ਭਿੰਨ ਰੂਪਾਂ, ਭਾਸ਼ਾਵਾਂ ਵਿੱਚ ਉਪਲਬਧ ਹੈ, ਉਹ ਕਿਤੇ-ਨ-ਕਿਤੇ 'ਲੋਕ' ਵਿਚ ਸੁਰੱਖਿਅਤ ਹੈ। 'ਲੋਕਯਾਨ' ਮਨੁੱਖੀ ਨਸਲ ਜਿੰਨੀ ਹੀ ਪ੍ਰਾਚੀਨ ਵਸਤੂ ਹੈ ਪਰ ਇਸ ਦੀ ਭਾਵਨਾ ਨੂੰ ਠੀਕ ਰੂਪ ਵਿੱਚ ਪ੍ਰਗਟ ਕਰਨ ਵਾਲਾ ਅੰਗਰੇਜ਼ੀ ਪਦ 'ਫੋਕਲੋਰ' ਸਵਾ ਸੌ ਸਾਲ ਤੋਂ ਵੱਧ ਪੁਰਾਣਾ ਨਹੀਂ, ਲੋਕਯਾਨ ਸ਼ਾਸਤਰੀ ਆਰਚਰ ਟੇਲਰ ਨੇ ਵਿਸਤ੍ਰਿਤ ਚਰਚਾ ਪਿੱਛੋਂ ਲੋਕਯਾਨ ਸੰਬੰਧੀ ਇਹ ਪਰਿਭਾਸ਼ਾ ਦਿਤੀ ਹੈ:[1] ਲੋਕਯਾਨ ਅਜਿਹੀ ਸਮੱਗਰੀ ਹੈ ਜੋ ਪਰੰਪਰਾਗਤ ਰੂਪ ਵਿੱਚ ਪ੍ਰਾਪਤ ਹੁੰਦੀ ਹੈ। ਇਹ ਮੌਖਿਕ ਰੂਪ ਵਿੱਚ ਲੋਕ ਗੀਤਾਂ, ਲੋਕ ਕਹਾਣੀਆਂ, ਪਹੇਲੀਆਂ, ਅਖੌਤਾਂ ਤੇ ਕਈ ਹੋਰ ਰੂਪਾਂ ਵਿੱਚ ਸ਼ਬਦਾਂ ਦੁਆਰਾ ਸੁਰੱਖਿਅਤ ਕੀਤੀ ਜਾਂਦੀ ਹੈ। ਇਹ ਰੀਤੀ-ਰਿਵਾਜਾਂ ਜਾਂ ਕੰਮ-ਧੰਦਿਆਂ ਦੇ ਰੂਪ ਵੀ ਮਿਲਦੀ ਹੈ। ਇਸ ਵਿੱਚ ਪਰੰਪਰਾਗਤ ਸੰਦ, ਪਦਾਰਥਕ ਵਸਤਾਂ, ਸਵਾਸਤਿਕ ਚਿੰਨ੍ਹ (ਸ੍ਰੀ ਗਣੇਸ਼ ਆਦਿ ਦਾ ਚਿੰਨ੍ਹ), ਰੂੜ੍ਹ ਹੋ ਚੁੱਕੀਆਂ ਰੀਤਾਂ ਅਤੇ ਸੰਪ੍ਰਦਾਇਕ ਵਿਸ਼ਵਾਸ ਸ਼ਾਮਿਲ ਹਨ। ਕਰਨੈਲ ਸਿੰਘ ਥਿੰਦ ਮੰਨਦਾ ਹੈ ਕਿ ਟੇਲਰ ਦੀ ਇਹ ਪਰਿਭਾਸ਼ਾ ਲੋਕਯਾਨ ਸਮੱਗਰੀ ਸੰਬੰਧੀ ਕਾਫ਼ੀ ਭਾਵਰੂਪਤ ਹੁੰਦੀ ਹੋਈ ਵੀ ਸਰਬ ਪ੍ਰਵਾਨ ਨਹੀਂ ਹੋ ਸਕੀ। ਆਮ ਤੌਰ 'ਤੇ ਲੋਕਯਾਨ ਨੂੰ ਆਦਿਮ ਮਨੁੱਖ ਮਾਨਸ ਦੀ ਠੀਕ ਤੇ ਸਿੱਧੀ ਅਭਿਵਿਅਕਤੀ ਮੰਨ ਕੇ ਪ੍ਰਾਚੀਨ ਲੌਕਿਕ ਵਿਸ਼ਵਾਸਾਂ ਅਤੇ ਪਰੰਪਰਾਵਾਂ ਦੇ ਸਮੂਹ ਨੂੰ ਕੇਵਲ ਅਲਪ-ਸਿੱਖਿਅਤ ਵਰਗ ਤਕ ਹੀ ਸੀਮਿਤ ਕਰ ਦਿੱਤਾ ਜਾਂਦਾ ਹੈ,ਪਰ ਇਹ ਠੀਕ ਨਹੀਂ। ਲੋਕਯਾਨ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੁੰਦੀਆਂ ਹਨ ਅਤੇ ਇਹ ਉਹਨਾਂ ਲੋਕਾਂ ਵਿੱਚ ਵੀ ਵਿਦਮਾਨ ਹੁੰਦਾ ਹੈ ਜਿਹੜੇ ਸੱਭਿਆਚਾਰ ਦੀ ਉੱਚੀ ਅਵਸਥਾ 'ਤੇ ਪਹੁੰਚੇ ਹੋਏ ਹਨ। ਪ੍ਰਾਚੀਨ ਅਤੇ ਆਦਿਮ ਮਾਨਵ ਦੀ ਅਭਿਵਿਅਕਤੀ ਹੁੰਦਿਆਂ ਹੋਇਆ ਵੀ ਲੋਕਯਾਨ ਸਦਾ ਬਣਦਾ, ਵੱਟਦਾ ਅਤੇ ਵਿਕਾਸ ਕਰਦਾ ਰਹਿੰਦਾ ਹੈ। ਇਹ ਬਹੁਤ ਦੂਰ ਦੀ ਚੀਜ਼ ਨਹੀੰ,ਸਗੋਂ ਇੱਕ ਵਾਸਤਵਿਕ ਤੇ ਸਾਡੇ ਵਿੱਚ ਵਿਦਮਾਨ ਵਸਤੂ ਹੈ।
ਲੇਖਕ | ਡਾ.ਕਰਨੈਲ ਸਿੰਘ ਥਿੰਦ |
---|---|
ਪ੍ਰਕਾਸ਼ਨ | 1973 |
ਪ੍ਰਕਾਸ਼ਕ | ਰਵੀ ਸਾਹਿਤ ਪ੍ਰਕਾਸ਼ਨ |
ਹਵਾਲੇ
ਸੋਧੋ- ↑ Archer Taylor,Folklore and the study of literature,study of folklore,p.no.34