ਮਨੁੱਖੀ ਸਰੀਰ

(ਮਨੁੱਖੀ ਸ਼ਰੀਰ ਤੋਂ ਮੋੜਿਆ ਗਿਆ)

ਮਾਸਪੇਸ਼ੀਆਂ ਸਰੀਰ ਦੇ ਇੱਕ ਬਹੁਤ ਹੀ ਵਿਚਿਤ੍ਰ ਤੇ ਜਟਿਲ ਮਸ਼ੀਨ ਦੀ ਤਰਾਂ ਹੈ। ਤੰਦਰੁਸਤੀ ਦੀ ਹਾਲਤ ਵਿੱਚ ਇਹ ਮਸ਼ੀਨ ਨਿਰਵਿਘਨ ਸਹਿਜ ਹੀ ਆਪਣਾ ਕਾਰਜ ਕਰਦੀ ਰਹਿੰਦੀ ਹੈ ਪ੍ਰੰਤੂ ਇਸ ਵਿੱਚ ਕੋਈ ਖ਼ਰਾਬੀ ਆ ਜਾਣ ਦੀ ਸੂਰਤ ਵਿੱਚ ਇਹ ਉਸ ਦਾ ਸੰਦੇਸ਼ ਕੁਝ ਲੱਛਣਾਂ ਦੇ ਰੂਪ ਵਿੱਚ ਦਿੰਦੀ ਹੈ ਜਿਵੇਂ ਕਿ ਭੁੱਖ ਨਾ ਲੱਗਣਾ, ਸਰੀਰ ਵਿੱਚ ਦੁਖਣ ਜਿਹੀ ਮਹਿਸੂਸ ਹੋਣੀ ਆਦਿ। ਇਹ ਲੱਛਣ ਸੰਕੇਤ ਹਨ ਕਿਸੇ ਬਿਮਾਰੀ ਦੇ, ਖ਼ੁਦ ਬਿਮਾਰੀ ਨਹੀਂ।ਇਨ੍ਹਾਂ ਲੱਛਣਾਂ ਦਾ ਸ੍ਰੋਤ ਭਾਵ ਬਿਮਾਰੀ ਲੱਭਣ ਲਈ ਮਨੁੱਖੀ ਸਰੀਰ ਦਾ ਮੁਢਲਾ ਗਿਆਨ ਅੱਗੇ ਵਰਨਣ ਹੈ।

ਸਰੀਰ ਦੇ ਬਾਹਰੀ ਅੰਗ

ਸੋਧੋ

  ਸਰੀਰ ਦੇ ਹਰੇਕ ਬਾਹਰੀ ਤੇ ਅੰਦਰੂਨੀ ਅੰਗ ਦਾ ਨਿਤ ਪ੍ਰਤੀ ਜੀਵਨ ਵਿੱਚ ਬਹੁਤ ਯੋਗਦਾਨ ਹੈ। ਚਿਤਰ ਵਿੱਚ ਮਨੁੱਖੀ ਸਰੀਰ ਦੇ ਬਾਹਰੀ ਅੰਗ ਦਰਸਾਏ ਗਏ ਹਨ ਜਿਨ੍ਹਾਂ ਵਿਚੌਂ ਪ੍ਰਮੁੱਖ ਹਨ, ਸਿਰ , ਚਿਹਰਾ, ਗਰਦਨ, ਮੋਢਾ, ਛਾਤੀ, ਸਤਨ , ਨਾਭੀ, ਪੇਟ, ਜਨਣ ਅੰਗ:- ਯੋਨੀ (ਇ:)- ਲਿੰਗ (ਪੁਰਸ਼), ਪੱਟ, ਗੋਡਾ, ਲੱਤ, ਅੱਡੀ, ਪੈਰ ਆਦਿ।

ਸਰੀਰ ਦੇ ਅੰਦਰੂਨੀ ਅੰਗ

ਸੋਧੋ
 
ਮਨੁੱਖੀ ਸਰੀਰ ਦੇ ਅੰਦਰੂਨੀ ਅੰਗ
ਇਸੇ ਤਰਾਂ ਸਰੀਰ ਦੇ ਮੁੱਖ ਅੰਦਰੂਨੀ ਅੰਗ ਹੇਠਾਂ ਦਿੱਤੇ ਅਨੁਸਾਰ ਹਨ:-

ਦਿਮਾਗ, ਦਿਲ, ਫੇਫ਼ੜੇ, ਜਿਗਰ, ਪਿੱਤਾ, ਮਿਹਦਾ, ਪਾਚਕ-ਗ੍ਰੰਥੀ, ਗੁਰਦੇ, ਅੰਤੜੀਆਂ, ਮਸਾਨਾ, ਬੋਨ ਮੈਰੋ, ਰਗਾਂ ਧਮਨੀਆਂ ਢਾਂਚਾ ਆਦਿ।

ਮਨੁੱਖੀ ਪਿੰਜਰ

ਸੋਧੋ
 
ਮਨੁੱਖੀ ਪਿੰਜਰ

ਪਿੰਜਰ ਸਰੀਰ ਦਾ ਉਹ ਅੰਗ ਹੈ ਜੋ ਇਸ ਨੂੰ ਸ਼ਕਲ ਪ੍ਰਦਾਨ ਕਰਦਾ ਹੈ।ਇਹ ਕਈ ਸੌ ਆਪਸ ਵਿੱਚ ਜੁੜਵੀਆਂ ਹੱਡੀਆਂ ਦਾ ਬਣਿਆ ਹੁੰਦਾ ਹੇ।ਇਕ ਬਾਲਗ ਮਨੁੱਖ ਦਾ ਪਿੰਜਰ ੨੦੬ ਹੱਡੀਆ ਦਾ ਜੋੜ ਹੁੰਦਾ ਹੈ। [1] ਇਨ੍ਹਾਂ ਵਿੱਚ ਸਭ ਤੌਂ ਲੰਬੀ ਅਤੇ ਤਾਕਤਵਰ ਹੱਡੀ ਪੱਟ ਦੀ ਹੁੰਦੀ ਹੈ ਜਿਸਨੂੰ ਫੀਮਰ (en:femur) ਕਹਿੰਦੇ ਹਨ, ਤੇ ਸਭ ਤੌਂ ਛੋਟੀ ਹੱਡੀ ਨੂੰ ਓਸੀਕਲਸ(en:ossicles) ਕਹਿੰਦੇ ਹਨ ਜੋ ਕੰਨ ਵਿੱਚ ਮੌਜੂਦ ੩ ਹੱਡੀਆਂ ਵਿੱਚੋਂ ੧ ਹੈ।

ਬਣਤਰ

ਸੋਧੋ
 
ਮਨੁੱਖੀ ਪਿੰਜਰ ਤੇ ਇਸ ਦੇ ਮੁੱਖ ਅੰਗ

ਬਣਤਰ ਮੁਤਾਬਕ ਹੱਡੀਆਂ ਨੂੰ ੪ ਭਾਗਾਂ ਵਿੱਚ ਵੰਡਿਆ ਗਿਆ ਹੈ- ਲੰਬੀ ਹੱਡੀ, ਛੋਟੀ ਹੱਡੀ, ਪੱਧਰੀ ਹੱਡੀ ਅਤੇ ਬਿਨਾ ਕਿਸੇ ਖ਼ਾਸ ਆਕਾਰ ਵਾਲੀ ਹੱਡੀ| ਹੱਡੀਆਂ ਅੰਦਰ ਲਹੂ ਨਾੜੀਆਂ,ਨਾੜੀ ਕੋਸ਼ਕਾਵਾਂ ਤੇ ਜਿੰਦਾ ਹੱਡੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਇੱਕ ਕੈਲਸ਼ੀਅਮ ਤੇ ਫਾਸਫੋਰਸ ਦੇ ਸਖ਼ਤ ਮਾਦੇ ਦਾ ਬਾਹਰੀ ਕਵਚ ਚੜਿਆ ਹੁੰਦਾ ਹੈ ਜੋ ਇਨ੍ਹਾਂ ਦੀ ਸੁਰੱਖਿਆ ਲਈ ਹੈ।

ਪਿੰਜਰ ਦੇ ਕਾਰਜ

ਸੋਧੋ

ਮਨੁੱਖੀ ਪਿੰਜਰ ਦੇ ਮੁੱਖ 6 ਕੰਮ ਹਨ।

ਆਸਰਾ

ਸੋਧੋ

ਪਿੰਜਰ ਦਾ ਮੁੱਖ ਕਰਤਵ ਸਰੀਰ ਨੂੰ ਆਸਰਾ ਜਾਂ ਢਾਂਚਾ ਪ੍ਰਦਾਨ ਕਰਨਾ ਹੈ ਜੋ ਸਰੀਰ ਦਾ ਅਧਾਰ ਹੈ ਤੇ ਇਸ ਦੀ ਸ਼ਕਲ ਨੂੰ ਬਣਾਈ ਰੱਖਦਾ ਹੈ। ਇਹ ਦਿਲ ਵਰਗੇ ਕੋਮਲ ਅੰਗਾਂ ਦੀ ਚੋਟ ਲਗਣ ਤੋਂ ਰੱਖਿਆ ਵੀ ਕਰਦਾ ਹੈ, ਪਸਲੀਆ ਤੋਂ ਬਿਨਾਂ ਦਿਲ ਜ਼ਿੰਦਾ ਵੀ ਨਹੀਂ ਰਹਿ ਸਕਦਾ।

ਹਰਕਤ

ਸੋਧੋ

ਹੱਡੀਆਂ ਵਿਚਲੇ ਜੋੜ ,ਸਰੀਰ ਦੇ ਅੰਗਾਂ ਨੂੰ ਹਿਲਜੁਲ ਜਾਂ ਹਰਕਤ ਪ੍ਰਦਾਨ ਕਰਦੇ ਹਨ। ਕੁਝ ਜੋੜਾਂ ਦੀ ਹਰਕਤ ਦੁਸਰਿਆਂ ਨਾਲੋਂ ਬਹੁਤ ਵਿਸ਼ਾਲ ਹੁੰਦੀ ਹੈ ਜਿਵੇਂ ਕਿ ਚੂਲੇ ਦੇ ਗੇਂਦ ਤੇ ਉਸ ਦਾ ਖੋੜ ਵਰਗੇ ਜੋੜ ਜਾਂ ਗੋਡੇ ਦੇ ਕਬਜੇ ਵਰਗੇ ਜੋੜ ਦੀ ਹਰਕਤ ਗਿੱਚੀ ਦੇ ਇੱਕ ਧੁਰੇ ਜੋੜਾਂ ਨਾਲੋਂ ਕਿਤੇ ਜਿਆਦਾ ਹੁੰਦਾ ਹੈ। ਇਹ ਹਰਕਤ ਪਿੰਜਰ ਨਾਲ ਜੁੜੀਆਂ ਮਾਸ ਪੇਸ਼ੀਆਂ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ।ਮਾਸ ਪੇਸ਼ੀਆਂ, ਹੱਢੀਆਂ ਦੇ ਜੋੜ ਤੇ ਨਸ ਪ੍ਰਬੰਧਣ ਦਾ ਤਾਲ-ਮੇਲ ਪੂਰੇ ਸਰੀਰ ਦਾ ਮਸ਼ੀਨਸਾਜੀ ਤੰਤਰ ਹੈ।

ਸੁਰੱਖਿਆ

ਸੋਧੋ

ਪਿੰਜਰ ਕਈ ਜੀਵਨ-ਦਾਈ ਅੰਗਾਂ ਦਾ ਰੱਖਿਅਕ ਹੈ।

  • ਖੋਪੜੀ ਦਿਮਾਗ,ਅੱਖਾਂ ਤੇ ਅੰਦਰਲੇ ਕੰਨਾਂ ਦੀ ਰੱਖਿਆ ਕਰਦੀ ਹੈ।
  • ਕੰਗਰੋੜ ( ਪਿੱਠ ਦੀ ਹੱਡੀ) , ਮੇਰੂਦੰਡ ਤੇ ਉਸ ਨਾਲ ਜੁੜਿਆਂ ਨਸਾਂ ਦੀ ਰੱਖਿਆ ਕਰਦੀ ਹੈ।
  • ਪਸਲੀਆਂ ਤੇ ਛਾਤੀ ਦੀ ਹੱਡੀ ਦਾ ਪਿੰਜਰਾ ਫੇਫ਼ੜੇ, ਦਿਲ ਤੇ ਉਸ ਦੇ ਲਹੂ ਪਾਤਰਾਂ ਦੀ ਰੱਖਿਆ ਕਰਦਾ ਹੈ।
  • ਜੀਵ ਹੰਸਲੀ ਤੇ ਸਪੈਕੁਲਾ ਮੋਢੇ ਦੇ ਜੋੜ ਦੀ ਰੱਖਿਆ ਕਰਦੇ ਹਨ।
  • ਚਪਣੀ ਤੇ ਅਲਨਾ( ਅਗਲੀ ਬਾਂਹ ਦੀ ਅੰਦਰਲੀ ਹੱਡੀ) ਗੋਡੇ ਦਾ ਜੋੜ ਤੇ ਅਰਕ ਦੇ ਜੋੜ ਦੀ ਰੱਖਿਆ ਕਰਦੇ ਹਨ।
  • ਕਾਰਪਲ ਤੇ ਟਾਰਸਲ ਵੀਣੀ ਤੇ ਗਿੱਟੇ ਦੇ ਜੋੜਾਂ ਦੀ ਰੱਖਿਆ ਕਰਦੇ ਹਨ।

ਭੰਡਾਰਣ

ਸੋਧੋ

ਹੱਡੀਆਂ ਆਪਣੇ ਵਿੱਚ ਕੈਲਸ਼ੀਅਮ ਦਾ ਭੰਡਾਰਣ ਕਰਕੇ ਰੱਖਦੀਆਂ ਹਨ ਹੱਡੀਆ ਅੰਦਰ ਦਾ ਬੋਨਮੈਰੋ ਲੋਹੇ ਵਰਗੇ ਖਣਿਜ ਦਾ ਭੰਡਾਰ ਹਨ।ਇਹ ਦੋਵੇਂ ਖਣਿਜ ,ਖਣਿਜਾਂ ਦੀ ਉਸਾਰੂ ਕਿਰਿਆ (ਉਰਜਾ ਵਿੱਚ ਬਦਲਣ ਦੀ ਕਿਰਿਆ) ਵਿੱਚ ਸਹਾਈ ਹੁੰਦੇ ਹਨ।

ਹਾਰਮੋਨਜ਼ ਦਾ ਨਿਯੰਤ੍ਰਣ

ਸੋਧੋ

ਹੱਡੀਆ ਦੀਆ ਕੋਠੜੀਆਂ ਇੱਕ ਔਸਟੋਕੈਲਸਿਨ ਨਾਂ ਦਾ ਹਾਰਮੋਨ ਛੱਡਦੀਆਂ ਹਨ ਜੋ ਖੂਨ ਵਿੱਚ ਸ਼ੱਕਰ ਦੇ ਮਾਦੇ ਤੇ ਚਰਬੀ ਦੇ ਜਮਾਵੜੇ ਨੂੰ ਨਿਯਮਿਤ ਕਰਦਾ ਹੈ। ਔਸਟੋਕੈਲਸਿਨ ਇੰਸੂਲਿਨ ਦੀ ਮਿਕਦਾਰ ਤੇ ਸੰਵੇਦਨਸ਼ੀਲਤਾ ਦੋਵਾਂ ਵਿੱਚ ਵਾਧਾ ਕਰਦਾ ਹੈ।

ਲਹੂ ਕੋਠੜੀਆਂ ਦੀ ਪੈਦਾਵਾਰ

ਸੋਧੋ

ਹੱਡੀਆਂ ਵਿਚਲਾ ਬੋਨਮੈਰੋ ਹੈਮਟੋਪੋਇਸਿਸ ਰਾਹੀਂ ਲਹੂ ਕੋਠੜੀਆਂ ਦੇ ਪੁੰਗਰਣ ਤੇ ਹੌਂਦ ਵਿੱਚ ਆਣ ਦਾ ਸ੍ਰੋਤ ਹੈ।

ਪਿੰਜਰ ਦੀਆਂ ਬੀਮਾਰੀਆਂ

ਸੋਧੋ

ਹੱਡੀਆਂ ਦੀ ਘਣਤਾ (BMD) ਦਾ ਘਟਣਾ ਇੱਕ ਮੁਖ ਬਿਮਾਰੀ ਹੈ ਜੋ ਉਮਰ ਦੇ ਢਲਣ ਨਾਲ ਹੁੰਦੀ ਹੈ।ਇਸ ਨਾਲ ਹੱਡੀਆਂ ਭੁਰਭੁਰੀਆਂ ਤੇ ਕਮਜੋਰ ਹੋ ਜਾਂਦੀਆਂ ਹਨ ਅਤੇ ਟੁੱਟਣ ਦਾ ਖ਼ਤਰਾ ਵੱਧ ਜਾਂਦਾ ਹੈ।ਇਸਤਰੀਆਂ ਵਿੱਚ ਮਾਹਵਾਰੀ ਬੰਦ ਹੋਣ ਤੌਂ ਬਾਦ ਇਹ ਅਕਸਰ ਪਾਈ ਜਾਂਦੀ ਹੈ।[2] ਹਾਰਮੋਨਲ ਅਨਿਯਮਿਤਾਵਾਂ ਕਾਰਨ ਜਾਂ ਸਿਗਰਟ, ਸਟੀਰਾਇਡ ਦਵਾਈਆਂ ਆਦਿ ਦੀ ਵਰਤੋਂ ਕਾਰਨ ਇਹ ਪੁਰਸ਼ਾਂ ਵਿੱਚ ਵੀ ਹੋ ਜਾਂਦੀ ਹੈ। ਜੀਵਨ ਅੰਦਾਜ਼ ਵਿੱਚ ਬਦਲਾਅ ਤੇ ਦਵਾਈਆਂ ਨਾਲ ਇਸ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਖਾਧ ਪਦਾਰਥਾਂ ਵਿੱਚ ਕੈਲਸ਼ੀਅਮ ਤੇ ਵਿਟਾਮਿਨ ਡੀ ਦੇ ਸ੍ਰੋਤਾਂ ਦੀ ਵਰਤੋਂ ਕਰਕੇ ਇਸ ਬਿਮਾਰੀ ਨੂੰ ਟਾਲਿਆ ਜਾ ਸਕਦਾ ਹੈ।ਇਸ ਦਾ ਇਲਾਜ ਬਾਈਫਾਸਫੋਨੇਟਸ ਰਸਾਇਣ ਤੇ ਹੋਰ ਦਵਾਈਆਂ ਨਾਲ ਕੀਤਾ ਜਾਂਦਾ ਹੈ।

ਜੋੜ ਤੋਂ ਕੀ ਭਾਵ ਹੈ

ਸੋਧੋ

ਹੱਡੀਆਂ ਆਪਸ ਵਿੱਚ ਜੋੜਾਂ ਰਾਹੀਂ ਜੁੜੀਆਂ ਹੁੰਦੀਆ ਹਨ। ਦੋ ਹੱਡੀਆਂ ਵਿਚਕਾਰ ਜੋੜ ਵਾਲੀ ਜਗਾਹ 'ਤੇ ਇੱਕ ਝਿੱਲੀ ਹੁੰਦੀ ਹੈ ਜਿਸ ਵਿੱਚ ਮੌਜ਼ੂਦ ਤਰਲ ਰਗੜ ਤੋਂ ਬਚਾਉਂਦਾ ਹੈ| ਜੋੜ ਕਈ ਪ੍ਰਕਾਰ ਦੇ ਹਨ ਜਿਵੇਂ ਉਂਗਲ, ਗੋਡੇ, ਕੂਹਣੀ, ਮੋਢੇ ਦਾ ਜੋੜ(knuckle joint),ਚੂਲੇ ਦਾ ਜੋੜ(ball & socket joint) ਆਦਿ।ਇਹ ਜੋੜ ਹੱਡੀਆਂ ਨੂੰ ਹਿਲਜੁਲ ਦੇ ਸਮਰੱਥ ਵੀ ਕਰਦੇ ਹਨ ਤੇ ਉਸ ਤੇ ਬੰਦਸ਼ ਵੀ ਲਗਾਂਦੇ ਹਨ। ਪੱਟ (ਫੀਮਰ) ਅਤੇ ਬਾਂਹ (ਹਿਊਮਰਸ) ਦੀ ਹੱਡੀ ਵਿੱਚ ਮੌਜੂਦ ਬੋਨ ਮੈਰੋ ਖੂਨ ਸੈੱਲ ਬਣਾਓੁਣ ਵਿੱਚ ਸਹਾਈ ਹੁੰਦਾ ਹੈ|

ਪਾਚਨ ਪ੍ਰਣਾਲੀ

ਸੋਧੋ
 
ਮਨੁਖ ਦਾ ਪਾਚਨ ਤਂਤਰ

ਅਸੀਂ ਜੋ ਕੁਝ ਵੀ ਮੂੰਹ ਚ ਪਾਉਂਦੇ ਹਾਂ, ਉਹ ਲਾਰ ਨਾਲ ਮਿਲਦਾ ਹੈ ਅਤੇ ਕਾਫ਼ੀ ਸਮਾਂ ਚਿੱਥਦੇ ਹਾਂ। ਫਿਰ ਇਹ ਭੋਜਨ ਨਲੀ ਰਾਹੀਂ ਪੇਟ ਵਿੱਚ ਪਹੁੰਚਦਾ ਹੈ। ਇੱਥੇ ਭੋਜਨ ਦੀ ਕਿਰਿਆ ਹੁੰਦੀ ਹੈ ਅਤੇ ਇਹ ਊੁਰਜਾ ਵਿੱਚ ਤਬਦੀਲ ਹੁੰਦਾ ਹੈ। ਫਿਰ ਇਹ ਖੂਨ ਸੰਚਾਰ ਵਾਲੇ ਝਿੱਲੀਦਾਰ ਅੰਗ ਵਾਲਵ ਰਾਹੀਂ ਹੋ ਕੇ ਛੋਟੀਆਂ ਅੰਤੜੀਆਂ ਤਕ ਪਹੁੰਚਦਾ ਹੈ। ਫਿਰ ਇਹ ਚੱਕਰ ਕੱਟਦਾ ਹੋਇਆ ਅਨੇਕਾਂ ਕਿਰਿਆਵਾਂ ਦੇ ਬਾਅਦ ਊਰਜਾ ਵਿੱਚ ਤਬਦੀਲ ਹੋਣ ਤੇ ਉੂਰਜਾ ਨੂੰ ਪਾਚਨ ਗ੍ਰੰਥੀ ਤੋਂ ਖੂਨ ਰਾਹੀਂ ਵੱਖ-ਵੱਖ ਭਾਗਾਂ ਤਕ ਪਹੁੰਚਦਾ ਹੈ। ਇਸ ਤਰ੍ਹਾਂ ਤਰਲ ਵਿੱਚ ਤਬਦੀਲ ਹੋਈ ਊਰਜਾ ਤੋਂ ਬਾਅਦ ਜੋ ਫੋਕਟ ਪਦਾਰਥ ਹੁੰਦੇ ਹਨ, ਉਹ ਗੁਰਦੇ ਵਿੱਚ ਪਹੁੰਚਦੇ ਹਨ ਅਤੇ ਮਲ-ਮੂਤਰ ਰਾਹੀਂ ਸਰੀਰ ਤੋਂ ਬਾਹਰ ਆ ਜਾਂਦੇ ਹਨ। ਸਾਡੀ ਪਾਚਨ ਪ੍ਰਣਾਲੀ ਪੂਰਾ ਚੱਕਰ ਕੱਟਣ ਅਤੇ ਵਾਧੂ ਪਦਾਰਥ ਬਾਹਰ ਕੱਢਣ ਚ 24 ਘੰਟੇ ਦਾ ਸਮਾਂ ਲੈਂਦੀ ਹੈ। ਪੇਟ ਭੋਜਨ ਨੂੰ ਊਰਜਾ ਚ ਤਬਦੀਲ ਕਰਨ ਲਈ 4 ਘੰਟੇ, ਛੋਟੀਆ ਅੰਤੜੀਆਂ ਚਾਰ ਘੰਟੇ, ਵੱਡੀਆਂ ਅੰਤੜੀਆਂ ਅੱਠ ਘੰਟੇ ਅਤੇ ਪਾਚਨ ਪ੍ਰਣਾਲੀ 8 ਘੰਟੇ, ਇਸ ਤਰ੍ਹਾਂ ਸਰੀਰ ਦੇ ਇਹ ਭਾਗ ਲੋੜੀਂਦੀ ਉੂਰਜਾ ਲੈਣ ਤੋਂ ਬਾਅਦ ਵਾਧੂ ਪਦਾਰਥਾਂ ਨੂੰ ਬਾਹਰ ਕੱਢਣ ਤਕ 24 ਘੰਟੇ[3] ਦਾ ਸਮਾਂ ਲੈਂਦੇ ਹਨ। ਹਰੇਕ ਭੋਜਨ ਸਖ਼ਤ ਜਾਂ ਤਰਲ ਦੇ ਰੂਪ ਵਿੱਚ ਹੋਣ ਕਾਰਨ ਪਾਚਨ ਵਿੱਚ ਵੱਖਰਾ ਸਮਾਂ ਲੈਂਦਾ ਹੈ। ਸਰੀਰ ਵਿੱਚ ਮੌਜੂਦ ਤੇਜ਼ਾਬੀ ਮਾਦਾ ਭੋਜਨ ਕਿਰਿਆ ਵਿੱਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ|

ਸਾਹ ਤੰਤਰ

ਸੋਧੋ
 
ਮਨੁੱਖੀ ਸਾਹ ਪ੍ਰਣਾਲੀ

ਸਾਹ-ਪ੍ਰਣਾਲੀ ਵਿੱਚ ਸਾਹ-ਨਾਲੀ, ਦੋ (ਸੱਜੀ ਤੇ ਖੱਬੀ) ਮੁੱਖ ਸਾਹ-ਨਾਲੀਆਂ ਅਤੇ ਦੋ ਫੇਫੜੇ ਆਉਂਦੇ ਹਨ। ਫੇਫੜਿਆਂ ਅੰਦਰ ਸਾਹ-ਨਾਲੀਆਂ ਦੀਆਂ ਛੋਟੀਆਂ-ਛੋਟੀਆਂ ਸ਼ਾਖ਼ਾਵਾਂ ਹੁੰਦੀਆਂ ਜਾਂਦੀਆਂ ਹਨ ਜੋ ਆਖ਼ਰ ਵਿੱਚ ਹਵਾ ਨਾਲੀਆਂ ਵਿੱਚ ਖੁੱਲ੍ਹਦੀਆਂ ਹਨ।

ਜਦ ਅਸੀਂ ਸਾਹ, ਅੰਦਰ ਖਿੱਚਦੇ ਹਾਂ ਤਾਂ ਆਕਸੀਜਨ ਫੇਫੜਿਆਂ ਵਿੱਚ ਦਾਖ਼ਲ ਹੁੰਦੀ ਹੈ ਜਿੱਥੋਂ ਇਹ ਖ਼ੂਨ ਵਿੱਚ ਰਲ ਕੇ ਸਰੀਰ ਦੇ ਸੈੱਲਾਂ ਤੇ ਤੰਤੂਆਂ ਤੱਕ ਪੁੱਜਦੀ ਹੈ। ਖ਼ੂਨ ਵਿਚਲੀ ਕਾਰਬਨ ਡਾਇਆਕਸਾਈਡ ਫੇਫੜਿਆਂ ’ਚੋਂ ਹੀ ਸਾਹ ਦੁਆਰਾ ਬਾਹਰ ਕੱਢੀ ਜਾਂਦੀ ਹੈ। ਗੈਸਾਂ ਦੀ ਇਸ ਅਦਲਾ-ਬਦਲੀ ਤੋਂ ਇਲਾਵਾ, ਸਾਹ ਰਾਹੀਂ ਸਰੀਰ ਦੇ ਕਈ ਹੋਰ ਫਾਲਤੂ ਪਦਾਰਥ ਬਾਹਰ ਕੱਢੇ ਜਾਂਦੇ ਹਨ। ਆਵਾਜ਼ ਪੈਦਾ ਕਰਨ ਲਈ ਹਵਾ ਵੀ ਸਾਹ ਪ੍ਰਣਾਲੀ ਹੀ ਉਪਲਬਧ ਕਰਵਾਉਂਦੀ ਹੈ।

ਮਨੁੱਖੀ ਮੂਤਰਣ ਤੰਤਰ

ਸੋਧੋ
'ਮਨੁੱਖੀ ਮੂਤਰਣ ਤੰਤਰ'
 
1. ਮਨੁੱਖੀ ਮੂਤਰਣ ਤੰਤਰ: 2. ਗੁਰਦਾ, 3.ਗੁਰਦੇ ਦੀ ਪੇਟੀ, 4. ਮੂਤਰ ਨਲੀ, 5. ਮਸਾਨਾ, 6. ਮੂਤਰ ਰਾਹ. (ਖੱਬੀ ਸਾਈਡ ਸਾਹਮਣਿਓਂ ਚਾਕ ਦ੍ਰਿਸ਼ ਵਿਚ)

7. ਊਪਰੀ ਗੁਰਦਾ ਗ੍ਰੰਥੀ
ਨਾੜੀਆਂ: 8. ਗੁਰਦੇ ਦੀ ਲਹੂ ਨਾੜੀ ਤੇ ਰਗ , 9. ਹੇਠਲੀ ਰਗ, 10. ਪੇਟ ਦੀ ਲਹੂ ਨਾੜੀ , 1 1. ਆਮ ਇਲਿਆਕ ਨਾੜੀ ਤੇ ਰਗ

ਪਾਰਦਰਸ਼ੀ ਦ੍ਰਿਸ਼ ਵਿਚ: 12. ਗੁਰਦਾ, 13. ਵੱਡੀ ਅੰਤੜੀ, 14. ਕਮਰਬੰਦ ਹੱਡੀ
ਪਛਾਣਕਰਤਾ
MeSHD018594
TA98A01.0.00.000
TA296
FMA20394
ਸਰੀਰਿਕ ਸ਼ਬਦਾਵਲੀ

ਮੂਤਰਣ ਤੰਤਰ ਜਾਂ ਪ੍ਰਣਾਲੀ ਅੰਗਾਂ ਦਾ ਇੱਕ ਅਜਿਹਾ ਤੰਤਰ ਹੈ ਜੋ ਮੂਤਰ ਪੈਦਾ, ਭੰਡਾਰ ਅਤੇ ਇਸ ਦਾ ਨਿਕਾਸ ਕਰਦਾ ਹੈ।ਮਨੁੱਖਾਂ ਦੇ ਮੂਤਰਣ ਤੰਤਰ ਵਿੱਚ ਦੋ ਗੁਰਦੇ,ਦੋ ਮੂਤਰਣ ਨਾਲੀਆਂ,ਮਸਾਨਾ ਤੇ ਮੂਤਰ ਰਾਹ, ਮੁੱਖ ਅੰਗ ਹੁੰਦੇ ਹਨ।ਇਸਤਰੀ ਤੇ ਪੁਰਸ਼ ਵਰਗ ਦੇ ਮੂਤਰਣ ਤੰਤਰ ਲਗਭਗ ਇਕੋ ਜਿਹੇ ਹਨ,ਕੇਵਲ ਅੰਤਰ ਮੂਤਰ ਰਾਹ ਦੀ ਲੰਬਾਈ ਦਾ ਹੈ।

ਗੁਰਦੇ

ਸੋਧੋ

ਗੁਰਦੇ ,ਰਵਾਂਹ ਜਾਂ ਲੋਬੀਆ ਦੀ ਸ਼ਕਲ ਦੇ ਅੰਗ ਹਨ ਜੋ ਪੇਟ ਵਿੱਚ ਪਸਲੀਆਂ ਦੇ ਪਿੰਜਰ ਥੱਲੇ, ਰੀੜ ਦੀ ਹੱਡੀ ਦੇ ਲੰਬਰ(lumber) ਹਿੱਸੇ ਕੋਲ, ਪਾਚਣ ਪ੍ਰਣਾਲੀ ਦੇ ਅੰਗਾਂ ਦੀ ਛਾਇਆ ਵਿੱਚ ਸਥਿਤ ਹਨ।ਗੁਰਦੇ 1.25 ਲਿਟਰ ਪ੍ਰਤੀ ਮਿੰਟ ਲਹੂ (ਹਿਰਦੇ ਦੀ ਕੁੱਲ ਲਹੂ ਪੂਰਤੀ ਦਾ 25%) ਆਪਣੀਆਂ ਲਹੂ ਨਾੜੀਆਂ ਰਾਹੀਂ ਲੈ ਲੈਂਦੇ ਹਨ ਜਿਨ੍ਹਾਂ ਨੂੰ ਇਹ ਸਮੱਗਰੀ ਪੇਟ ਦੀਆਂ ਲਹੂ ਨਾੜੀਆਂ ਦਵਾਰਾ ਮਿਲਦੀ ਹੈ।ਇਹ ਇਸ ਲਈ ਜ਼ਰੂਰੀ ਹੈ , ਕਿਉਂਕਿ ਗੁਰਦਿਆਂ ਦਾ ਮੁੱਖ ਕਰਤਵ ਤਾਂ ਲਹੂ ਨੂੰ ,ਇਸ ਵਿਚੌਂ ਪਾਣੀ ਵਿੱਚ ਘੁਲਣਸ਼ੀਲ ਰੱਦੀ ਪਦਾਰਥ ਛਾਣ ਕੇ, ਸਾਫ਼ ਕਰਨਾ ਹੈ।ਇਸ ਤੌਂ ਇਲਾਵਾ ਗੁਰਦੇ ਈਲੈਕਟਰੋਲਾਈਟਸ (ਸੋਡੀਅਮ,ਪੋਟਾਸ਼ੀਅਮ,ਕੈਲਸ਼ੀਅਮ ਆਦਿ) ਦਾ ਨਿਯੰਤਰਣ ਕਰ ਕੇ ਇਸ ਦੇ ਤਿਜਾਬੀ ਜਾਂ ਖਾਰੇ ਹੋਣ ਦੇ ਸੁਭਾਅ(PH Value) ਵਿੱਚ ਸੰਤੁਲਨ ਪੈਦਾ ਕਰਦੇ ਹਨ, ਮੂਤਰ ਨੂੰ ਸੰਘਣਾ ਕਰਦੇ ਹਨ ਤੇ ਅਖੀਰ ਵਿੱਚ ਆਪਣੇ ਮੂਤਰਨਲੀ ਸਿਰੇ ਵਾਲੇ ਜੋੜ ਰਾਹੀਂ ਮੂਤਰ ਨੂੰ ਮਸਾਨੇ ਵਲ ਧਕੇਲ ਦਿੰਦੇ ਹਨ।

ਮਸਾਨਾ,ਪਰੋਸਟੇਟ ਤੇ ਮੂਤਰ ਰਾਹ

ਸੋਧੋ
 
ਗੁਦਾ ਮਸਾਨਾ ਪਰੋਸਟੇਟ ਤੇ ਮੂਤਰ ਰਾਹ

ਇਕ ਮਰਦ ਦੇ ਮੂਤਰ ਤੰਤਰ ਵਿੱਚ ਮਸਾਨੇ ਤੌੰ ਬਾਦ ਮੂਤਰ ਰਾਹ ਦੁਆਲੇ ਪਰੋਸਟੇਟ ਗ੍ਰੰਥੀ ਇੱਕ ਮਹੱਤਵ ਪੂਰਨ ਅੰਗ ਹੈ ਜੋ ਗੁਦਾ ਤੇ ਮਸਾਨੇ ਦੇ ਵਿਚਾਲੇ ਸਥਿਤ ਹੁੰਦਾ ਹੈ।ਮਸਾਨੇ ਤੋਂ ਮੂਤਰ ਦੇ ਨਿਕਾਸ ਲਈ ਪਰੋਸਟੇਟ ਇੱਕ ਟੂਟੀ ਜਾਂ ਵਾਲਵ ਦਾ ਕੰਮ ਕਰਦਾ ਹੈ, ਇਸ ਦੇ ਛੋਟ ਛੋਟੇ ਮੁਲਾਇਮ ਪੱਠੇ ,ਸਮੇਂ ਸਮੇਂ ਮੂਤਰ ਦੇ ਨਿਕਾਸ ਕਰਨ ਵਿੱਚ ਮਦਦ ਕਰਦੇ ਹਨ। ਜਦ ਕਿ ਪਰੋਸਟੇਟ ਮਰਦਾਂ ਦੇ ਪ੍ਰਜਨਣ ਤੰਤਰ ਦਾ ਵੀ ਮੁਖ ਹਿੱਸਾ ਹੈ। ਇਸਤ੍ਰੀਆਂ ਦੀ ਪਰੋਸਟੇਟ ਗ੍ਰੰਥੀ ਅਲੱਗ ਸ਼ਕਲ ਦੀ ਹੁੰਦੀ ਹੈ ਤੇ ਉਸ ਨੂੰ ਸਕਿਨਜ਼ ਗਲੈਂਡ(Skene’s Gland) ਕਿਹਾ ਜਾਂਦਾ ਹੈ।

ਰੋਗ ਰੋਧਕ ਤੰਤਰ

ਸੋਧੋ

ਸਾਡੇ ਸਰੀਰ ਅੰਦਰ ਬਕਾਇਦਾ ਇੱਕ ਰੋਗ-ਰੋਧਕ ਸਿਸਟਮ (ਇਮਿਊਨ ਸਿਸਟਮ) ਹੈ ਜਿਸਦਾ ਕੰਮ ਹੀ ਸਾਨੂੰ ਬੀਮਾਰੀਆਂ ਤੋਂ ਬਚਾ ਕੇ ਰੱਖਣ ਦਾ ਹੈ ਜੋ ਕਿ ਨਿਰੰਤਰ ਕਾਰਜਸ਼ੀਲ ਰਹਿੰਦਾ ਹੈ।[4] ਆਓ ਅਸੀਂ ਆਪਣੇ ਇਮਿਊਨ ਸਿਸਟਮ ਦੇ ਕੰਮ ਕਰਨ ਦਾ ਤਰੀਕਾ ਸਮਝਣ ਦੀ ਕੋਸ਼ਿਸ ਕਰੀਏ। ਸਾਡੇ ਵਾਤਾਵਰਣ ਵਿੱਚ ਹਰ ਸਮੇਂ ਅਨੇਕਾਂ ਜੀਵਾਣੂ ਹੁੰਦੇ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਮਨੁੱਖੀ ਸਰੀਰ ਅੰਦਰ ਬਿਮਾਰੀ ਪੈਦਾ ਕਰਨ ਦੇ ਸਮਰੱਥ ਹੁੰਦੇ ਹਨ, ਜਿਨ੍ਹਾਂ ਨੂੰ ਰੋਗਾਣੂ ਕਿਹਾ ਜਾਂਦਾ ਹੈ। ਸਾਡਾ ਇਮਿਊਨ ਸਿਸਟਮ ਕਿਸੇ ਵੀ ਰੋਗਾਣੂ ਦੇ ਹਮਲੇ ਤੋਂ ਸੁਰੱਖਿਆ ਤਿੰਨ ਪੜਾਵਾਂ ਵਿੱਚ ਪ੍ਰਦਾਨ ਕਰਦਾ ਹੈ। ਇਮਿਊਨ ਸਿਸਟਮ ਦੀ ਇਨ੍ਹਾਂ ਤਿੰਨਾਂ ਪੜਾਵਾਂ ਵਿੱਚ ਸੁਰੱਖਿਆ ਪ੍ਰਦਾਨ ਕਰਨ ਦੀ ਕਾਰਜ-ਵਿਧੀ ਇਸ ਤਰ੍ਹਾਂ ਹੈ।

ਪਹਿਲੇ ਚਰਣ (ਪੜਾਅ) ਦਾ ਬਚਾਓ

ਸੋਧੋ

ਜਦੋਂ ਵੀ ਕਿਸੇ ਰੋਗਾਣੂ ਦਾ ਸਰੀਰ ’ਤੇ ਹਮਲਾ ਹੁੰਦਾ ਹੈ ਤਾਂ ਇਸਦਾ ਮੁਕਾਬਲਾ ਕਰਨ ਲਈ ਮੁਢਲੇ ਤੌਰ ’ਤੇ ਸੁਰੱਖਿਆ ਵਜੋਂ ਸਾਡੀ ਚਮੜੀ (Skin) ਅਤੇ ਸਰੀਰ ਅੰਦਰਲੀਆਂ ਰੇਸ਼ੇਦਾਰ ਝਿੱਲੀਆਂ (Mucus Membrane) ਸਹਾਈ ਹੁੰਦੀਆਂ ਹਨ। ਚਮੜੀ ਖੁਦ ਇੱਕ ਸਥੂਲ ਢਾਲ ਦੀ ਤਰ੍ਹਾਂ ਹੈ ਜੋ ਸਾਡੇ ਅੰਦਰਲੇ ਅਤਿ ਜ਼ਰੂਰੀ ਅੰਗਾਂ ਲਈ ਸੁਰੱਖਿਆ ਕਵਚ ਹੈ। ਇਸਦੇ ਵਿੱਚੋਂ ਰਿਸਣ ਵਾਲੇ ਪਦਾਰਥ (ਚਿਕਨਾਹਟ ਤੇ ਪਸੀਨਾ) ਤੇਜ਼ਾਬੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਹ ਤੇਜ਼ਾਬੀ ਮਾਦਾ ਰੋਗਾਣੂ-ਨਾਸ਼ਕ ਹੁੰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿੱਚ “ਲਾਈਜ਼ੋਜਾਈਮ (Lysozyme)” ਨਾਂ ਦਾ ਇੱਕ ਪਦਾਰਥ ਪਾਇਆ ਜਾਂਦਾ ਹੈ ਜੋ ਰੋਗਾਣੂਆਂ ਨੂੰ ਖ਼ਤਮ ਕਰਨ ਦੀ ਸ਼ਕਤੀ ਰੱਖਦਾ ਹੈ। ਸੰਨ 1922 ਵਿੱਚ Alexander Flemming ਜਦੋਂ ਬੈਕਟੀਰੀਆ ਉੱਪਰ ਖੋਜ ਕਰ ਰਿਹਾ ਸੀ ਤਾਂ ਅਚਾਨਕ ਉਸਨੂੰ ਛਿੱਕ ਆ ਗਈ। ਛਿੱਕ ਨਾਲ ਉਸਦੇ ਨੱਕ ਦਾ ਨਜ਼ਲਾ ਜਦੋਂ ਸਾਹਮਣੇ ਪਈ ਬੈਕਟੀਰੀਆ ਦੀ ਕਲਚਰ-ਪਲੇਟ ਵਿੱਚ ਡਿੱਗਿਆ ਤਾਂ ਇਹ ਵੇਖ ਕੇ ਉਸਦੀ ਹੈਰਾਨੀ ਦੀ ਹੱਦ ਨਾ ਰਹੀ ਕਿ ਸਾਰੇ ਬੈਕਟੀਰੀਆ ਮਰ ਚੁੱਕੇ ਸਨ। ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਉਸਨੇ ਨੱਕ ਦੇ ਨਜ਼ਲੇ ਦੀ ਪੜਤਾਲ ਤੋਂ ਇਹ ਪਤਾ ਲਗਾਇਆ ਕਿ ਕੁਦਰਤੀ ਤੌਰ ’ਤੇ ਹੀ ਸਾਡੇ ਸਰੀਰਕ ਰਿਸਾਵਾਂ ਵਿੱਚ ਇਹ ਬੈਕਟੀਰੀਆ-ਵਿਰੋਧੀ ਪਦਾਰਥ ਪਾਇਆ ਜਾਂਦਾ ਹੈ ਜਿਸਦਾ ਨਾਮ ਉਸਨੇ “ਲਾਈਜ਼ੋਜ਼ਾਈਮ” ਰੱਖ ਦਿੱਤਾ। ਇਹ ਲਾਈਜ਼ੋਜ਼ਾਈਮ ਤੇ ਤੇਜ਼ਾਬੀ ਮਾਦਾ ਕੁਦਰਤ ਨੇ ਮਨੁੱਖੀ ਸਰੀਰ ਦੇ ਹਰ ਉਸ ਦੁਆਰ ‘ਤੇ ਰੱਖਿਆ ਹੋਇਆ ਹੈ ਜਿੱਥੋਂ ਦੀ ਵੀ ਕੋਈ ਰੋਗਾਣੂ ਪ੍ਰਵੇਸ਼ ਕਰ ਸਕਦਾ ਹੈ। ਜਿਵੇਂ ਕਿ ਮੂੰਹ, ਅੱਖਾਂ, ਨੱਕ, ਕੰਨ, ਗੁੱਦਾ ਤੇ ਜਣਨ ਅੰਗਾਂ ਵਿਚ। ਅਗਰ ਕੋਈ ਰੋਗਾਣੂ ਮੂੰਹ ਰਾਹੀਂ ਸਰੀਰ ਦੇ ਅੰਦਰ ਦਾਖਲ ਹੋ ਜਾਵੇ ਤਾਂ ਬੁਲ੍ਹਾਂ ਤੋਂ ਲੈ ਕੇ ਗੁੱਦਾ ਤੱਕ ਉਸਨੂੰ ਅਣਸੁਖਾਵੇਂ ਮਹੌਲ ਵਿੱਚੋਂ ਗੁਜ਼ਰਨਾ ਪੈਂਦਾ ਹੈ। ਸਭ ਤੋਂ ਪਹਿਲਾਂ ਮੂੰਹ ਦੇ ਥੁੱਕ ਵਿਚਲੇ ਲਾਈਜ਼ੋਜ਼ਾਈਮ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸਤੋਂ ਅੱਗੇ ਟਾਂਸਿਲ ਹਨ ਜੋ ਇਸ ਪ੍ਰਵੇਸ਼ ਦੁਆਰ ’ਤੇ ਦੋ ਗਾਰਡ ਬਣਕੇ ਗਲ਼ੇ ਦੇ ਦੋਨਾਂ ਪਾਸੇ ਖੜ੍ਹੇ ਹਨ ਅਤੇ ਰੋਗਾਣੂ ਨੂੰ ਅੰਦਰ ਜਾਣ ਤੋਂ ਪਹਿਲਾਂ ਹੀ ਦਬੋਚ ਲੈਂਦੇ ਹਨ। ਅਗਰ ਫਿਰ ਵੀ ਕੋਈ ਰੋਗਾਣੂ ਇਨ੍ਹਾਂ ਪੜਾਵਾਂ ਨੂੰ ਪਾਰ ਕਰ ਕੇ ਮਿਹਦੇ ਤੱਕ ਪਹੁੰਚਦਾ ਹੈ ਤਾਂ ਓਥੇ HCl ਤੇਜ਼ਾਬ ਉਸਨੂੰ ਖਤਮ ਕਰਨ ਲਈ ਤਿਆਰ ਬੈਠਾ ਹੈ। ਉਸ ਤੋਂ ਅੱਗੇ ਅੰਤੜੀਆਂ ਵਿੱਚ ਵੀ ਟਾਂਸਿਲ ਵਰਗੀਆਂ ਲਿੰਫ਼ਨੋਡਸ ਉਸਨੂੰ ਮਾਰ ਮੁਕਾਉਂਦੀਆਂ ਹਨ। ਹੁਣ ਅਗਰ ਕੋਈ ਜ਼ਹਿਰੀਲਾ ਪਦਾਰਥ ਜਾਂ ਰੋਗਾਣੂ ਅੰਤੜੀਆਂ ਤੱਕ ਬਚ ਵੀ ਜਾਂਦਾ ਹੈ ਤਾਂ ਬੰਦੇ ਨੂੰ ਦਸਤ ਲੱਗ ਜਾਂਦੇ ਹਨ ਜਿਸ ਵਿੱਚ ਵਹਿ ਕੇ ਉਹ ਸਰੀਰ ਵਿੱਚੋਂ ਬਾਹਰ ਆ ਜਾਂਦਾ ਹੈ। ਇਹ ਵੀ ਇੱਕ ਕੁਦਰਤੀ ਪ੍ਰਕਿਰਿਆ ਹੈ। ਇਸੇ ਤਰ੍ਹਾਂ ਅਗਰ ਕੋਈ ਰੋਗਾਣੂ ਨੱਕ ਰਾਹੀਂ ਸਰੀਰ ਅੰਦਰ ਦਾਖਲ ਹੋਣ ਲੱਗੇ ਤਾਂ ਰਸਤੇ ਵਿੱਚ ਨੱਕ ਦੇ ਵਾਲ, ਐਡੀਨਾਈਡ ਗਿਲਟੀਆਂ ਅਤੇ ਸਾਹ ਨਾਲੀ ਦੀ ਝਿੱਲੀ ਦਾ ਰਿਸਾਓ ਇਸ ਪ੍ਰਕਾਰ ਦਾ ਹੈ ਕਿ ਉਸਨੂੰ ਬਾਹਰ ਕੱਢਣ ਦੇ ਸਮਰੱਥ ਹਨ (ਛਿੱਕ, ਖਾਂਸੀ ’ਤੇ ਬਲਗ਼ਮ ਦੇ ਰਾਹੀਂ)। ਇਹੀ ਬਚਾਓ ਪ੍ਰਣਾਲੀ ਸਰੀਰ ਦੇ ਬਾਕੀ ਦੇ ਪ੍ਰਵੇਸ਼-ਦੁਆਰਾਂ ’ਤੇ ਵੀ ਪਾਈ ਜਾਂਦੀ ਹੈ।

ਦੂਜੇ ਚਰਣ ਦਾ ਬਚਾਓ

ਸੋਧੋ

ਅਗਰ ਕੋਈ ਤਾਕਤਵਰ ਰੋਗਾਣੂ ਮੂੰਹ ਤੋਂ ਅੰਤੜੀਆਂ ਤੱਕ ਦੇ ਬਚਾਓ ਨੂੰ ਪਾਰ ਕਰਦਾ ਹੋਇਆ ਲਹੂ-ਪ੍ਰਣਾਲੀ ਤੱਕ ਪਹੁੰਚ ਜਾਂਦਾ ਹੈ ਤਾਂ ਫਿਰ ਦੂਜੇ ਦਰਜੇ ਦਾ ਬਚਾਓ-ਅਮਲਾ ਆਪਣੀ ਡਿਊਟੀ ਸੰਭਾਲਦਾ ਹੈ। ਸਾਡੇ ਲਹੂ ਵਿੱਚ ਚਿੱਟੇ ਕਣ (W.B.C.) ਇਸ ਕੰਮ ਲਈ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦਾ ਕੰਮ ਦਾਖਲ ਹੋਏ ਰੋਗਾਣੂ ਨੂੰ ਜਾਂ ਤਾਂ ਨਿਗਲ ਜਾਣ (Phagocytosis) ਦਾ ਹੈ ਜਾਂ ਫਿਰ ਆਪਣੇ ਜਹਿਰੀਲੇ ਰਸਾਓ ਨਾਲ ਮਾਰ-ਮੁਕਾਉਣ ਦਾ। ਇਨ੍ਹਾਂ ਚਿੱਟੇ ਕਣਾਂ ਦੀ ਗਿਣਤੀ ਕਿਸੇ ਵੀ ਤਾਕਤਵਰ ਰੋਗਾਣੂ ਦੇ ਲਹੂ-ਪ੍ਰਣਾਲੀ ਵਿੱਚ ਦਾਖਲ ਹੋਣ ਤੋਂ ਕੁਝ ਸਮੇਂ ਬਾਅਦ ਹੀ ਵਧ ਜਾਂਦੀ ਹੈ। ਬਹੁਗਿਣਤੀ ਵਿੱਚ ਹਮਲਾ ਕਰ ਕੇ ਇਹ ਰੋਗਾਣੂਆਂ ਦੀ ਵਧ ਰਹੀ ਗਿਣਤੀ ਦਾ ਸਾਹਮਣਾ ਕਰਦੇ ਹਨ। ਇਸ ਮੁਕਾਬਲੇ ਦੌਰਾਨ ਕੁਝ ਚਿੱਟੇ ਕਣ ਖੁਦ ਵੀ ਮਾਰੇ ਜਾਂਦੇ ਹਨ। ਕਿਸੇ ਵੀ ਇਨਫੈਕਸ਼ਨ ਹੋਣ ’ਤੇ ਬੁਖਾਰ ਹੋ ਜਾਣਾ ਵੀ ਇਸੇ ਬਚਾਓ-ਪੜਾਅ ਦਾ ਇੱਕ ਹਿੱਸਾ ਹੈ, ਜਿਸ ਨੂੰ ਕਿ ਅਸੀਂ ਬਿਮਾਰੀ ਸਮਝ ਲੈਂਦੇ ਹਾਂ ਅਤੇ ਤੁਰੰਤ ਬੁਖਾਰ ਦੀ ਦਵਾਈ ਖਾ ਕੇ ਬੁਖਾਰ ਉਤਾਰ ਲੈਣ ਨੂੰ ਅਕਲਮੰਦੀ ਸਮਝ ਬੈਠਦੇ ਹਾਂ। ਅਸਲ ਵਿੱਚ ਇਨਫੈਕਸ਼ਨ ਦੌਰਾਨ ਜੋ ਬੁਖਾਰ ਆਉਂਦਾ ਹੈ ਉਹ ਸਾਡਾ ਦੁਸ਼ਮਣ ਨਹੀਂ ਸਗੋਂ ਦੋਸਤ ਹੈ। ਬੁਖਾਰ ਚੜ੍ਹਨ ਦਾ ਇੱਕ ਖ਼ਾਸ ਮਕਸਦ ਹੁੰਦਾ ਹੈ। ਬੁਖਾਰ ਚੜ੍ਹਨ ਭਾਵ ਸਰੀਰ ਦਾ ਤਾਪਮਾਨ ਜ਼ਿਆਦਾ ਹੋਣ ਨਾਲ ਰੋਗਾਣੂਆਂ ਦੀ ਕਾਰਜ-ਸ਼ਕਤੀ ਕਮਜ਼ੋਰ ਹੁੰਦੀ ਹੈ ਅਤੇ ਉਹ ਜਲਦੀ ਖ਼ਤਮ ਹੋ ਜਾਂਦੇ ਹਨ। ਪਰ ਅਸੀਂ ਫਟਾਫਟ ਬੁਖਾਰ ਦੀ ਗੋਲੀ ਖਾ ਕੇ ਕੁਦਰਤ ਦੇ ਇਸ ਬਚਾਓ ਤਰੀਕੇ ਵਿੱਚ ਵਿਘਨ ਪਾ ਦਿੰਦੇ ਹਾਂ। ਜਿਸਦੇ ਨਾਲ ਰੋਗ ਹੋਰ ਵੀ ਗੁੰਝਲਦਾਰ ਬਣ ਜਾਂਦਾ ਹੈ।

ਤੀਜੇ ਚਰਣ ਦਾ ਬਚਾਓ

ਸੋਧੋ

ਅਗਰ ਕੋਈ ਮਹਾਂ ਬਲੀ ਰੋਗਾਣੂ ਚਿੱਟੇ ਕਣਾਂ ਤੋਂ ਵੀ ਬਚ ਜਾਂਦਾ ਹੈ ਅਤੇ ਉਸਦਾ ਪ੍ਰਜਣਨ ਹੋਣ ਨਾਲ ਉਸਦੀ ਗਿਣਤੀ ਵਧਦੀ ਹੀ ਜਾਂਦੀ ਹੈ ਤਾਂ ਇਸ ਸਥਿਤੀ ਵਿੱਚ ਇਮਿਊਨ ਸਿਸਟਮ ਦਾ ਤੀਜੇ ਦਰਜੇ ਦਾ ਬਚਾਓ ਹਰਕਤ ਵਿੱਚ ਆਉਂਦਾ ਹੈ। ਚਿੱਟੇ ਕਣਾਂ ਵਿੱਚੋਂ ਹੀ ਇੱਕ ਖਾਸ ਕਿਸਮ ਦੇ ਸੈੱਲ ਹੁੰਦੇ ਹਨ ਜਿਨ੍ਹਾਂ ਨੂੰ B-Lymphocytes ਕਿਹਾ ਜਾਂਦਾ ਹੈ। ਉਹ ਆਮ ਕਣਾਂ ਦੀ ਤਰ੍ਹਾਂ ਰੋਗਾਣੂ ਨੂੰ ਨਿਗਲਦੇ ਨਹੀਂ ਹਨ ਬਲਕਿ ਉਹ ਹਮਾਲਵਰ ਰੋਗਾਣੂ ਦੀ ਬਣਤਰ ਅਤੇ ਸੁਭਾਅ ਨੂੰ ਸਮਝਣ ਉਪਰੰਤ ਆਪਣੇ ਵਿੱਚੋਂ ਖਾਸ ਉਸੇ ਰੋਗਾਣੂ ਦੀਆਂ ਵਿਰੋਧੀ ਐਂਟੀਬੌਡੀਜ਼ ਛੱਡਦੇ ਹਨ। ਜੋ ਕਿ ਰੋਗਾਣੂ ’ਤੇ ਸਿੱਧਾ ਵਾਰ ਕਰਦੀਆਂ ਹਨ ਤੇ ਉਸਨੂੰ ਨਕਾਰਾ ਬਣਾ ਕੇ ਰੱਖ ਦਿੰਦੀਆਂ ਹਨ। ਨਾ ਸਿਰਫ ਉਹ ਵਰਤਮਾਨ ਰੋਗਾਣੂ ਦਾ ਹੀ ਵਿਰੋਧ ਕਰਦੀਆਂ ਹਨ ਬਲਕਿ ਮਰੀਜ਼ ਦੇ ਖੂਨ ਵਿੱਚ ਉਹ ਉਸਦੇ ਠੀਕ ਹੋ ਜਾਣ ਤੋਂ ਬਾਅਦ ਵੀ ਲੋੜੀਂਦੀ ਮਾਤਰਾ ਵਿੱਚ ਹਾਜ਼ਰ ਰਹਿੰਦੀਆਂ ਹਨ ਤਾਂ ਜੋ ਭਵਿੱਖ ਵਿੱਚ ਇਸ ਨਸਲ ਦੇ ਕਿਸੇ ਹੋਰ ਰੋਗਾਣੂ ਦੇ ਹਮਲੇ ਹੋਣ ਤੋਂ ਤੁਰੰਤ ਬਾਅਦ ਉਸਦਾ ਕਿਨਾਰਾ ਕਰ ਦਿੱਤਾ ਜਾਵੇ। ਇਸ ਤਰ੍ਹਾਂ ਇਹ ਐਂਟੀਬੌਡੀਜ਼ ਉਮਰ ਭਰ ਲਈ ਸਾਨੂੰ ਅਜਿਹੇ ਬੈਕਟੀਰੀਆ ਤੋਂ ਸੁਰੱਖਿਅਤ ਰੱਖਦੀਆਂ ਹਨ।

ਸਰੀਰਕ ਕੰਬਣੀ

ਸੋਧੋ

ਮਨੁੱਖੀ ਸਰੀਰ ਦਾ ਤਾਪਮਾਨ 37 ਡਿਗਰੀ ਸੈਂਟੀਗਰੇਡ ਜਾਂ 98.4 ਡਿਗਰੀ ਫਾਰਨਹੀਟ ਹੁੰਦਾ ਹੈ। ਜਦੋਂ ਸਾਡੇ ਆਲੇ-ਦੁਆਲੇ ਦਾ ਤਾਪਮਾਨ 65 ਡਿਗਰੀ ਫਾਰਨਹੀਟ ਤੋਂ ਘਟ ਜਾਵੇ ਤਾਂ ਸਾਡਾ ਸਰੀਰ ਠੰਢ ਲੱਗਣ ਕਾਰਨ ਕੰਬਣ ਲੱਗ ਜਾਂਦਾ ਹੈ। ਸਾਡਾ ਸਰੀਰ ਘਟੇ ਹੋਏ ਤਾਪਮਾਨ ਦਾ ਬਿਜਲੲੀ ਸੰਦੇਸ਼ ਦਿਮਾਗ਼ ਨੂੰ ਭੇਜਦਾ ਹੈ। ਦਿਮਾਗ਼ ਮਾਸਪੇਸ਼ੀਆਂ ਨੂੰ ਸੰਦੇਸ਼ ਭੇਜ ਕੇ ਸੁੰਗੜਣ ਲਈ ਪ੍ਰੇਰਿਤ ਕਰਦਾ ਹੈ। ਮਾਸਪੇਸ਼ੀਆਂ ਵਾਰ-ਵਾਰ ਸੁੰਗੜਣ ਤੇ ਫੈਲਣ ਲੱਗਦੀਆਂ ਹਨ। ਇਸ ਨੂੰ ਕਾਂਬਾਂ ਕਹਿੰਦੇ ਹਨ। ਇਸ ਸਮੇਂ ਭੋਜਨ ਦਾ ਆਕਸੀਕਰਨ ਹੋ ਕਿ ਤਾਪ ਪੈਦਾ ਹੁੰਦਾ ਹੈ। ਇਹ ਤਾਪ ਸਰੀਰ ਨੂੰ ਗਰਮ ਕਰਨ ਵਿੱਚ ਸਹਾਇਤਾ ਕਰਦਾ ਹੈ ਜਿਸ ਕਾਰਨ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ ਤੇ ਕੰਬਣੀ ਹਟ ਜਾਂਦੀ ਹੈ।

ਸਰੀਰਕ ਗੰਧ

ਸੋਧੋ

ਗੰਧ ਪੈਦਾ ਕਰਨ ਲਈ ਬੈਕਟੀਰੀਆ ਜ਼ਿੰਮੇਵਾਰ ਹੁੰਦੇ ਹਨ। ਸਾਡੇ ਸਰੀਰ ਦੀ ਚਮੜੀ ਦੇ ਇੱਕ ਵਰਗ ਇੰਚ ’ਤੇ 20 ਮਿਲੀਅਨ ਬੈਕਟੀਰੀਆ ਰਹਿੰਦੇ ਹਨ। ਲਗਪਗ 80 ਤੋਂ 100 ਜਾਤੀਆਂ ਉੱਲੀਆਂ ਦੀਆਂ ਰਹਿੰਦੀਆਂ ਹਨ। ਚਮੜੀ ਦੇ ਇੱਕ ਵਰਗ ਇੰਚ ਵਿੱਚ 650 ਪਸੀਨਾ ਗ੍ਰੰਥੀਆਂ ਹੁੰਦੀਆਂ ਹਨ। ਗਰਮੀਆਂ ਵਿੱਚ ਪਸੀਨਾ ਆਉਣ ਕਰਕੇ ਚਮੜੀ ’ਤੇ ਪਸੀਨਾ, ਧੂੜ ਦੇ ਕਣ ਅਤੇ ਚਮੜੀ ਦੇ ਮਰੇ ਹੋਏ ਸੈੱਲ ਹੁੰਦੇ ਹਨ ਤੇ ਬੈਕਟੀਰੀਆ ਦੇ ਵਾਧੇ ਲਈ ਚੰਗਾ ਵਾਤਾਵਰਣ ਤਿਆਰ ਕਰਦੇ ਹਨ। ਕੁਝ ਬੈਕਟੀਰੀਆ ਚਮੜੀ ਦੇ ਮਰੇ ਹੋਏ ਸੈੱਲਾਂ ਨੂੰ ਖਾਂਦੇ ਹਨ। ਕੁਝ ਪਸੀਨੇ ਨੂੰ ਖਾਂਦੇ ਹਨ। ਵੱਖ ਵੱਖ ਤਰ੍ਹਾਂ ਦੇ ਬੈਕਟੀਰੀਆ ਵੱਖ ਵੱਖ ਤਰ੍ਹਾਂ ਦੀ ਗੰਧ ਪੈਦਾ ਕਰਦੇ ਹਨ। ਇਹ ਉੱਡਣਸ਼ੀਲ ਹੈ। ਇਸ ਦੀ ਗੰਧ ਤੇਜ਼ ਹੁੰਦੀ ਹੈ।

  • ਬਰੈਵੀਬੈਕਟੀਰੀਅਮ ਲਾਇਨਸ ਚਮੜੀ ਦੇ ਮਰੇ ਹੋਏ ਸੈੱਲਾਂ ਨੂੰ ਖਾਂਦੇ ਹਨ ਅਤੇ ਗਲੇ ਹੋਏ ਅੰਗ ਵਰਗੀ ਗੰਧ ਪੈਦਾ ਕਰਦੇ ਹਨ।
  • ਸਟੈਫੀਲੋਕੋਕਸ ਐਪੀਡਰਮੀਡੀਜ਼ ਅਤੇ ਬੈਸਿਲਸ ਸਬਟਿਲਿਸ ਬੈਕਟੀਰੀਆ ਪਸੀਨੇ ਵਿਚਲੇ ਲਿਉਸਾਈਨ ਅਤੇ ਅਮਾਈਨੋਐਸਿਡ ਨੂੰ ਖਾਂਦੇ ਹਨ ਅਤੇ ਗੈਸੀ ਆਇਸੋਵੈਲਰਿਕ ਐਸਿਡ ਪੈਦਾ ਕਰਦੇ ਹਨ।

ਹਵਾਲੇ

ਸੋਧੋ
  1. We’re Born With 270 Bones. As Adults We Have 206 Lary Miller dec 9,2007 Archived 2012-10-27 at the Wayback Machine., Ground report retrieved on oct 20,2012
  2. Assessment of fracture risk and its application to screening for postmenopausal osteoporosis. Report of a WHO Study Group., World Health Organization technical report series 843: 1–129. PMID 7941614.
  3. [1], ਮਾਇਓ ਕਲੀਨਿਕ ਹੈਲਥ, ਡਾਈਜੈਸਟਿਵ ਸਿਸਟਮ retrieved on 08-09-2012.
  4. "ਮੈਡੀਕਲ ਸਾਇੰਸ ਬੁਲੰਦੀ ਵੱਲ..ਲੇਖਕ ਡਾ. ਮਨਦੀਪ ਕੌਰ ਦੇ ਧੰਨਵਾਦ ਸਹਿਤ". [2]. ਅਗਸਤ,੨੦੧੦. Archived from the original on 2016-03-07. Retrieved ਸਤੰਬਰ ੦੯, ੨੦੧੨. {{cite web}}: Check date values in: |accessdate= and |date= (help); External link in |publisher= (help); Unknown parameter |dead-url= ignored (|url-status= suggested) (help)