ਮੁਹੰਮਦ ਜ਼ਾਹਿਰ ਸ਼ਾਹ

ਮੁਹੰਮਦ ਜ਼ਾਹਿਰ ਸ਼ਾਹ (ਪਸ਼ਤੋ: محمد ظاهرشاه‎, Persian: محمد ظاهر شاه; 16 ਅਕਤੂਬਰ 1914 – 23 ਜੁਲਾਈ 2007), ਅਫਗਾਨਿਸਤਾਨ ਦਾ ਆਖ਼ਰੀ ਬਾਦਸ਼ਾਹ ਸੀ ਜਿਸਨੇ 8 ਨਵੰਬਰ 1933 ਤੋਂ 17 ਜੁਲਾਈ 1973 ਤੱਕ ਰਾਜ ਕੀਤਾ। ਉਸ ਨੂੰ ਗੱਦੀ ਤੋਂ ਹਟਾ ਦਿੱਤਾ ਗਿਆ ਸੀ। ਉਸ ਨੇ ਬਹੁਤ ਸਾਰੇ ਦੇਸ਼ਾਂ ਨਾਲ ਦੋਸਤਾਨਾ ਸੰਬੰਧ ਸਥਾਪਤ ਕੀਤੇ, ਜਿਨ੍ਹਾਂ ਵਿੱਚ ਸ਼ੀਤ ਯੁੱਧ ਦੇ ਦੋਵੇਂ ਪਾਸਿਆਂ ਦੇ ਦੇਸ਼ ਸ਼ਾਮਲ ਸਨ, ਅਤੇ 1960 ਦੇ ਦਹਾਕੇ ਵਿੱਚ ਦੇਸ਼ ਦਾ ਆਧੁਨਿਕੀਕਰਨ ਕੀਤਾ।

ਮੈਡੀਕਲ ਇਲਾਜ ਲਈ ਇਟਲੀ ਵਿੱਚ ਰਹਿੰਦਿਆਂ ਜ਼ਾਹਿਰ ਸ਼ਾਹ ਨੂੰ 1973 ਵਿੱਚ ਉਸਦੇ ਚਚੇਰੇ ਭਰਾ ਅਤੇ ਸਾਬਕਾ ਪ੍ਰਧਾਨ ਮੰਤਰੀ ਮੁਹੰਮਦ ਦਾਉਦ ਖ਼ਾਨ ਨੇ ਰਾਜਪਲਟਾ ਕਰ ਦਿੱਤਾ ਸੀ, ਜਿਸ ਨੇ ਇੱਕ ਗਣਤੰਤਰ ਦੀ ਸਥਾਪਨਾ ਕੀਤੀ।  ਉਹ 2002 ਤਕ ਰੋਮ ਦੇ ਨੇੜੇ ਜਲਾਵਤਨੀ ਵਿੱਚ ਰਿਹਾ, ਤਾਲਿਬਾਨ ਹਕੂਮਤ ਦੇ ਅੰਤ ਤੋਂ ਬਾਅਦ ਅਫਗਾਨਿਸਤਾਨ ਪਰਤਿਆ। ਉਸ ਨੂੰ ਰਾਸ਼ਟਰ ਪਿਤਾ ਦਾ ਖ਼ਿਤਾਬ ਦਿੱਤਾ ਗਿਆ, ਜੋ ਕਿ ਉਸ ਨੇ 2007 ਵਿੱਚ ਉਸਦੀ ਮੌਤ ਤਕ ਰੱਖਿਆ ਸੀ।

ਪਰਿਵਾਰਕ ਪਿਛੋਕੜ ਅਤੇ ਸ਼ੁਰੂ ਦਾ ਜੀਵਨ

ਸੋਧੋ

ਜ਼ਾਹਿਰ ਸ਼ਾਹ ਦਾ ਜਨਮ 15 ਅਕਤੂਬਰ 1914 ਵਿੱਚ, ਕਾਬੁਲ, ਅਫਗਾਨਿਸਤਾਨ ਵਿੱਚ ਹੋਇਆ ਸੀ। ਉਹ ਮੁਹੰਮਦਜ਼ਾਈ ਸ਼ਾਹੀ ਪਰਿਵਾਰ ਦੇ ਇੱਕ ਸੀਨੀਅਰ ਮੈਂਬਰ ਅਤੇ ਸਾਬਕਾ ਬਾਦਸ਼ਾਹ ਅਮਾਨੁੱਲਾ ਖਾਨ ਦੀ ਅਫਗਾਨ ਫੌਜ ਦੇ ਮੁਖ ਕਮਾਂਡਰ, ਮੁਹੰਮਦ ਨਾਦਿਰ ਸ਼ਾਹ ਦਾ ਪੁੱਤਰ ਸੀ। 10 ਅਕਤੂਬਰ 1929 ਨੂੰ ਹਬੀਬੁਲਾ ਗਾਜ਼ੀ ਦੀ ਫਾਂਸੀ ਤੋਂ ਬਾਅਦ ਨਾਦਿਰ ਸ਼ਾਹ ਗੱਦੀ ਤੇ ਬੈਠਿਆ ਸੀ। ਮੁਹੰਮਦ ਜ਼ਾਹਿਰ ਦਾ ਪਿਤਾ, ਸਰਦਾਰ ਮੁਹੰਮਦ ਯੂਸਫ ਖਾਨ ਦਾ ਪੁੱਤਰ ਸੀ ਅਤੇ ਉਹ ਦੇਹਰਾਦੂਨ, ਬ੍ਰਿਟਿਸ਼ ਭਾਰਤ ਵਿੱਚ ਪੈਦਾ ਹੋਇਆ ਸੀ ਅਤੇ  ਉਸ ਦੇ ਪਰਿਵਾਰ ਨੂੰ ਦੂਜੀ ਅੰਗਰੇਜ਼-ਅਫਗਾਨ ਜੰਗ ਦੇ ਬਾਅਦ ਜਲਾਵਤਨ ਕਰ ਦਿੱਤਾ ਗਿਆ ਸੀ। ਨਾਦਿਰ ਸ਼ਾਹ,  ਅਮੀਰ ਦੋਸਤ ਮੁਹੰਮਦ ਖਾਨ ਸੌਤੇਲੇ ਭਰਾ ਸਰਦਾਰ ਸੁਲਤਾਨ ਮੁਹੰਮਦ ਖਾਨ ਤੇਲਾਈ ਦਾ ਉੱਤਰਅਧਿਕਾਰੀ ਸੀ। ਉਸ ਦਾ ਦਾਦਾ ਮੁਹੰਮਦ ਯਾਹੀਆ ਖਾਨ  (ਆਮਿਰ ਯਾਕੂਬ ਖਾਨ ਦਾ ਸਹੁਰਾ) ਬ੍ਰਿਟਿਸ਼ ਹਕੂਮਤ ਨਾਲ ਗੱਲਬਾਤ ਦਾ ਇੰਚਾਰਜ ਸੀ ਜਿਸ ਦਾ ਨਤੀਜਾ ਗੰਦਮਕ ਦੀ ਸੰਧੀ ਸੀ।  1879 ਦੇ ਦੌਰਾਨ ਸਰ ਲੂਈ ਕਾਵਗਨਾਰੀ ਦੀ ਹੱਤਿਆ ਦੇ ਬਾਅਦ ਬ੍ਰਿਟਿਸ਼ ਹਮਲੇ ਤੋਂ ਬਾਅਦ, ਯਾਕਬ ਖ਼ਾਨ, ਯਾਹੀਆ ਖਾਨ ਅਤੇ ਉਸਦੇ ਦੋ ਬੇਟਿਆਂ ਮੁਹੰਮਦ ਯੂਸਫ਼ ਖ਼ਾਨ ਅਤੇ ਮੁਹੰਮਦ ਆਸਿਫ਼ ਖ਼ਾਨ ਨੂੰ ਬ੍ਰਿਟਿਸ਼ ਦੁਆਰਾ ਬੰਦੀ ਬਣਾ ਲਿਆ ਗਿਆ ਅਤੇ ਬ੍ਰਿਟਿਸ਼ ਰਾਜ ਨੂੰ ਸੌਂਪ ਦਿੱਤਾ ਗਿਆ, ਜਿੱਥੇ ਉਨ੍ਹਾਂ ਨੂੰ ਜ਼ਬਰਦਸਤੀ ਰੱਖਿਆ ਗਿਆ। ਫਿਰ ਅਮੀਰ ਅਬਦੁਰ ਰਹਿਮਾਨ ਖ਼ਾਨ ਨੇ ਆਪਣੇ ਸ਼ਾਸਨ ਦੇ ਆਖ਼ਰੀ ਸਾਲ (1901) ਦੌਰਾਨ ਦੋ ਰਾਜਕੁਮਾਰਾਂ ਨੂੰ ਅਫ਼ਗਾਨਿਸਤਾਨ ਬੁਲਾ ਲਿਆ। ਅਮੀਰ ਹਬੀਬੁੱਲਾ ਦੇ ਰਾਜ ਦੌਰਾਨ ਉਨ੍ਹਾਂ ਨੂੰ ਬਾਦਸ਼ਾਹ ਦੇ ਸਾਥੀ (ਮੁਸਾਹਿਬਾਨ) ਦਾ ਖਿਤਾਬ ਪ੍ਰਾਪਤ ਹੋਇਆ।

ਜ਼ਾਹਿਰ ਸ਼ਾਹ ਨੂੰ ਕਾਬੁਲ ਦੇ ਹਬੀਬੀਆ ਹਾਈ ਸਕੂਲ ਦੀ ਰਾਜਕੁਮਾਰਾਂ ਲਈ ਇੱਕ ਵਿਸ਼ੇਸ਼ ਕਲਾਸ ਵਿੱਚ ਪੜ੍ਹਾਇਆ ਗਿਆ ਸੀ। ਉਸ ਨੇ ਫਰਾਂਸ ਵਿੱਚ ਆਪਣੀ ਸਿੱਖਿਆ ਜਾਰੀ ਰੱਖੀ ਜਿੱਥੇ ਉਸ ਦਾ ਪਿਤਾ ਕੂਟਨੀਤਿਕ ਰਾਜਦੂਤ ਦੇ ਤੌਰ ਤੇ ਕੰਮ ਕਰਦਾ ਸੀ। ਉਥੇ ਉਸਨੇ ਪਾਸਚਰ ਸੰਸਥਾਨ ਅਤੇ ਯੂਨੀਵਰਸਿਟੀ ਆਫ ਮਾਂਟਪੇਲੀਅਰ ਵਿੱਚ ਪੜ੍ਹਾਈ ਕੀਤੀ ਸੀ। ਜਦੋਂ ਉਹ ਅਫਗਾਨਿਸਤਾਨ ਵਾਪਸ ਪਰਤਿਆ ਤਾਂ ਉਸ ਨੇ ਆਪਣੇ ਪਿਤਾ ਅਤੇ ਚਾਚਿਆਂ ਨੂੰ ਦੇਸ਼ ਵਿੱਚ ਅਫਰਾਤਫ਼ਰੀ ਦੇ ਸਮੇਂ ਦੌਰਾਨ ਸਰਕਾਰ ਦੇ ਨਿਯੰਤ੍ਰਣ ਨੂੰ ਮੁੜ ਸੁਰਜੀਤ ਕਰਨ ਵਿੱਚ ਸਹਾਇਤਾ ਕੀਤੀ। ਬਾਅਦ ਵਿੱਚ ਉਸ ਨੂੰ ਇੱਕ ਇਨਫੈਂਟਰੀ ਸਕੂਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਸ ਨੂੰ ਇੱਕ ਪ੍ਰਿਵੀ ਕੌਂਸਲਰ ਨਿਯੁਕਤ ਕੀਤਾ। ਜ਼ਾਹਿਰ ਸ਼ਾਹ ਨੇ ਡਿਪਟੀ ਜੰਗੀ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਸਰਕਾਰੀ ਅਹੁਦਿਆਂ ਤੇ ਸੇਵਾ ਕੀਤੀ। ਜ਼ਾਹਿਰ ਸ਼ਾਹ ਪਸ਼ਤੋ, ਫ਼ਾਰਸੀ ਅਤੇ ਫਰਾਂਸੀਸੀ ਭਾਸ਼ਾਵਾਂ ਵਿੱਚ ਮਾਹਿਰ ਸੀ।