ਮੁੱਲ ਦਾ ਵਿਆਹ (ਟੱਕੇ ਦਾ ਵਿਆਹ) ਪੁੰਨ ਦੇ ਵਿਆਹ ਵਾਂਗ ਹੁੰਦਾ ਹੈ। ਇਸ ਵਿੱਚ ਮੁੰਡੇ ਦਾ ਬਾਪ ਕੁੜੀ ਦਾ ਸੌਦਾ ਕਰਦਾ ਹੈ। ਇਹ ਸੌਦਾ ਕਿਸੇ ਨਾਈ ਜਾਂ ਵਿਚੋਲੇ ਦੀ ਭੂਮਿਕਾ ਰਾਹੀਂ ਹੁੰਦਾ ਹੈ। ਜੇ ਮੁੰਡੇ ਵਾਲੇ ਪੈਸੇ ਦੇ ਕੇ ਵੀ ਪੁੰਨ ਵਾਂਗ ਹੀ ਜਨੇਤ ਲਿਆ ਕੇ ਵਿਆਹ ਕਰਨਾ ਚਾਹੁੰਦੇ ਹੋਣ ਤਾਂ ਖਰਚਾ ਮੁੰਡੇ ਵਾਲੇ ਦੇਂਦੇ ਹਨ ਜਾਂ ਫਿਰ ਕੁੜੀ ਦਾ ਮੁੱਲ ਵਧੇਰੇ ਕਰ ਲਿਆ ਜਾਂਦਾ ਹੈ, ਜਿਸ ਵਿੱਚ ਖਰਚਾ ਵੀ ਸ਼ਾਮਿਲ ਹੁੰਦਾ ਹੈ। ਮੁੱਲ ਦਾ ਵਿਆਹ ਬ੍ਰਾਹਮਣ ਤੇ ਖੱਤਰੀਆਂ ਤੋਂ ਇਲਾਵਾ ਪੰਜਾਬ ਦੀਆਂ ਬਾਕੀ ਸਾਰੀਆਂ ਜਾਤੀਆਂ ਵਿੱਚ ਪਰਚਲਿਤ ਹੈ। ਰਾਜਪੂਤ ਤਾਂ ਜਿੰਨੇ ਸਾਲ ਦੀ ਕੁੜੀ ਹੋਵੇ, ਓਨਾ ਮੁੱਲ ਪਾਉਂਦੇ ਹਨ।[1] ਅੰਗਹੀਣ ਮੁੰਡੇ ਨੂੰ ਵੀ ਪੈਸੇ ਦੇਣੇ ਪੈਂਦੇ ਹਨ। ਇਹ ਮੁੱਲ ਗੁਪਤ ਰੂਪ ਵਿੱਚ ਹੀ ਚੱਲਦਾ ਹੈ। ਹੁਣ ਵੱਟੇ ਦੇ ਵਿਆਹ ਦਾ ਰਿਵਾਜ ਕੁਝ ਘਟ ਗਿਆ ਹੈ।

ਕੁੜੀ ਵਾਲਿਆਂ ਨੂੰ ਪੈਸੇ ਦੇ ਕੇ ਜਿੱਥੇ ਮੁੰਡਾ ਵਿਆਹਿਆ ਜਾਂਦਾ ਹੈ, ਉਸ ਵਿਆਹ ਨੂੰ ਮੁੱਲ ਦਾ ਵਿਆਹ ਕਹਿੰਦੇ ਹਨ। ਕਈ ਇਲਾਕਿਆਂ ਵਿਚ ਟਕਾ ਵਿਆਹ ਵੀ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਕੁੜੀਆਂ ਨੂੰ ਜੰਮਦਿਆਂ ਮਾਰਨ ਦਾ ਰਿਵਾਜ ਸੀ। ਇਲਾਜ ਦੀਆਂ ਬਹੁਤੀਆਂ ਸਹੂਲਤਾਂ ਵੀ ਨਹੀਂ ਹੁੰਦੀਆਂ ਸਨ। ਕੁੜੀਆਂ ਦਾ ਤਾਂ ਇਲਾਜ ਹੀ ਘੱਟ ਕਰਾਇਆ ਜਾਂਦਾ ਸੀ। ਇਸ ਲਈ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਬਹੁਤ ਘੱਟ ਹੁੰਦੀਆਂ ਸਨ। ਤੁਸੀਂ ਕਿਸੇ ਪਰਿਵਾਰ ਦੇ ਪਿਛੋਕੜ ਵੱਲ ਝਾਤੀ ਮਾਰ ਲਵੋ, ਹਰ ਪਰਿਵਾਰ ਵਿਚ ਇਕ ਨਾ ਇਕ ਛੜਾ ਰਹਿ ਹੀ ਜਾਂਦਾ ਸੀ। ਇਸ ਲਈ ਕਈ ਵੇਰ ਜਦ ਮੁੰਡਾ ਜਿਆਦਾ ਉਮਰ ਦਾ ਹੁੰਦਾ ਸੀ, ਫੇਰ ਰਿਸ਼ਤਾ ਨਹੀਂ ਹੁੰਦਾ ਸੀ ਤਾਂ ਕੁੜੀ ਵਾਲਿਆਂ ਦੇ ਕਿਸੇ ਗਰੀਬ, ਲੋੜਵੰਦ ਪਰਿਵਾਰ ਨੂੰ ਪੈਸੇ ਦੇ ਕੇ ਮੁੰਡਾ ਵਿਆਹ ਲੈਂਦੇ ਸਨ। ਇਹ ਵਿਆਹ ਮੁੱਲ ਦਾ ਵਿਆਹ ਅਖਵਾਉਂਦਾ ਸੀ। ਕੁੜੀਆਂ ਅੱਜ ਵੀ ਵੇਚੀਆਂ ਜਾ ਰਹੀਆਂ ਹਨ। ਮੁੱਲ ਦੇ ਵਿਆਹ ਅੱਜ ਵੀ ਹੋ ਰਹੇ ਹਨ, ਪਹਿਲਾਂ ਨਾਲੋਂ ਘੱਟ। ਪਰ ਹੁਣ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਮਾਰਨ ਦਾ ਰਿਵਾਜ ਚੱਲ ਪਿਆ ਹੈ। ਇਸ ਲਈ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਕਾਫੀ ਘੱਟ ਹੈ ਜਿਸ ਕਰਕੇ ਆਉਣ ਵਾਲੇ ਸਮੇਂ ਵਿਚ ਮੁੱਲ ਦੇ ਵਿਆਹਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ।[2]

ਹੋਰ ਵੇਖੋ

ਸੋਧੋ

ਹਵਾਲੇ

ਸੋਧੋ
  1. ਪ੍ਰੋ. ਬਲਬੀਰ ਸਿੰਘ ਪੂਨੀ. "ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ". p. 66. {{cite web}}: |access-date= requires |url= (help); Missing or empty |url= (help)
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.