ਮੇਰਾ ਪਿੰਡ (ਕਿਤਾਬ)

ਗਿਆਨੀ ਗੁਰਦਿੱਤ ਸਿੰਘ ਦੁਆਰਾ ਲਿਖੀ ਕਿਤਾਬ

ਮੇਰਾ ਪਿੰਡ (ਅੰਗਰੇਜੀ: My Village) ਗਿਆਨੀ ਗੁਰਦਿੱਤ ਸਿੰਘ ਦੀ ਸਰਲ ਸੁਭਾਵਕ ਪੰਜਾਬੀ ਵਿੱਚ ਲਿਖੀ, 1961 ਵਿੱਚ ਪਹਿਲੀ ਵਾਰ ਛਪੀ ਕਿਤਾਬ ਦਾ ਨਾਮ ਹੈ ਜੋ ਕਿ ਬਹੁਤ ਮਕਬੂਲ ਹੋਈ।[1] ਇਸ ਕਿਤਾਬ ਵਿੱਚ ਉਹਨਾਂ ਪੇਂਡੂ ਜੀਵਨ ਦੀ ਜੀਵੰਤ ਝਲਕ ਪੇਸ਼ ਕੀਤੀ ਹੈ। ਮੇਰਾ ਪਿੰਡ ਨੂੰ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦਾ ਕੋਸ਼ ਕਿਹਾ ਜਾ ਸਕਦਾ ਹੈ। ਇਸ ਦੀ ਬੋਲੀ, ਸ਼ੈਲੀ ਨਿਵੇਕਲੀ ਹੈ ਅਤੇ ਇਹ ਪੇਂਡੂ ਲੋਕਾਂ ਦੀਆਂ ਮਨੌਤਾਂ, ਆਰਥਕ ਤੰਗੀਆਂ, ਵਹਿਮਾਂ-ਭਰਮਾਂ ਤੇ ਲੋਪ ਹੋ ਰਹੇ ਪੱਖਾਂ ਦੀ ਰੌਚਿਕ ਪਰ ਪ੍ਰਮਾਣਿਕ ਪੇਸ਼ਕਾਰੀ ਹੈ।[2]

ਮੇਰਾ ਪਿੰਡ
ਲੇਖਕਗਿਆਨੀ ਗੁਰਦਿੱਤ ਸਿੰਘ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਦਿਹਾਤੀ ਪੰਜਾਬ ਦੀ ਲੋਕ ਧਾਰਾ
ਪ੍ਰਕਾਸ਼ਕਸਾਹਿੱਤ ਪ੍ਰਕਾਸ਼ਨ, ਚੰਡੀਗੜ੍ਹ
ਪ੍ਰਕਾਸ਼ਨ ਦੀ ਮਿਤੀ
1961 ਪਹਿਲਾ ਅਡੀਸ਼ਨ, 2023 ਵਿੱਚ 19ਵੀਂ ਅਡੀਸ਼ਨ
ਮੀਡੀਆ ਕਿਸਮਪ੍ਰਿੰਟ
ਸਫ਼ੇ479

ਕਿਤਾਬ ਬਾਰੇ

ਸੋਧੋ

ਪੂਰੀ ਪੁਸਤਕ ਦੋ ਭਾਗਾਂ ਵਿਚ ਵੰਡੀ ਹੋਈ ਹੈ। ਪਹਿਲੇ ਭਾਗ ਵਿਚ ‘ਮੇਰੇ ਪਿੰਡ ਦਾ ਮੂੰਹ ਮੱਥਾ’, ‘ਮੇਰੇ ਵੱਡੇ ਵਡੇਰੇ’, ‘ਮੇਰਾ ਬਚਪਨ’, ‘ਮੇਰੇ ਪਿੰਡ ਦਾ ਆਂਢ-ਗੁਆਂਢ, ‘ਕੰਮ ਧੰਦੇ ਤੇ ਆਹਰ ਪਾਹਰ’, ‘ਮੇਰੇ ਪਿੰਡ ਦੇ ਇਸ਼ਟ’, ‘ਸੰਤਾਂ ਸਾਧਾਂ ਲਈ ਸ਼ਰਧਾ’, ‘ਹਾੜ੍ਹਾਂ ਦੇ ਦੁਪਹਿਰੇ’, ‘ਸਿਆਲਾਂ ਦੀਆਂ ਧੂਣੀਆਂ’, ‘ਮੇਰੇ ਪਿੰਡ ਦੇ ਗਾਲ੍ਹੜੀ’, ‘ਭਾਂਤ ਸੁਭਾਂਤੀ ਦੁਨੀਆਂ’, ‘ਵਹਿਮ ਭਰਮ’, ‘ਤਿੱਥ ਤਿਉਹਾਰ’, ‘ਤੀਆਂ’, ‘ਵੰਗਾਂ ਤੇ ਮਹਿੰਦੀ’, ‘ਤੀਆਂ ਦਾ ਗਿੱਧਾ’ ਤੇ ‘ਤ੍ਰਿੰਝਣ’ ਬਾਰੇ ਗਿਆਨੀ ਜੀ ਨੇ ਸਵਿਸਤਾਰ ਲਿਖਿਆ ਹੈ। ਪੁਸਤਕ ਦੇ ਦੂਜੇ ਭਾਗ ਵਿਚ ‘ਜਨਮ ਸਮੇਂ ਦੀਆਂ ਰੀਤਾਂ’, ‘ਮੁੰਡੇ ਦੀ ਛਟੀ’, ‘ਵਿਆਹ ਸ਼ਾਦੀ ਦੀ ਤਿਆਰੀ’, ‘ਵਿਆਹ’, ‘ਬਾਬਲ ਤੇਰਾ ਪੁੰਨ ਹੋਵੇ’, ‘ਢੋਲਕ ਗੀਤ’, ‘ਦਿਉਰ ਭਾਬੀ’, ‘ਲਾਵਾਂ ਤੇ ਫੇਰੇ’, ‘ਕੁੜੀ ਦੀ ਵਿਦਾਈ’, ‘ਨਾਨਕ-ਛੱਕ ਦਾ ਗਿੱਧਾ’, ‘ਮਰਨ ਸਮੇਂ ਦੀਆਂ ਰਸਮਾਂ’ ਤੇ ‘ਸਿਆਪਾ’ ਸਿਰਲੇਖਾਂ ਤਹਿਤ ਗਿਆਨੀ ਜੀ ਨੇ ਪੇਂਡੂ ਸੱਭਿਆਚਾਰ ਦੇ ਕਮਾਲ ਦੇ ਬਿੰਬ ਦਿਖਾਏ ਹਨ।

ਕਿਤਾਬ ਵਿਚੋਂ ਕੁਝ ਟਿੱਪਣੀਆਂ

ਸੋਧੋ

‘ਮੇਰੇ ਪਿੰਡ ਦੇ ਗਾਲੜ੍ਹੀ’ ਲੇਖ ਵਿਚੋਂ ਗਿਆਨੀ ਜੀ ਦੀ ਪ੍ਰਭਾਵਸ਼ਾਲੀ ਲਿਖਤ ਦੀਆਂ ਕੁਝ ਸਤਰਾਂ ਇਥੇ ਇਸ ਤਰ੍ਹਾਂ ਹਨ:

-ਕਹਿੰਦੇ ਖੋਤੀ ਥਾਣੇਦਾਰ ਦਾ ਬੋਝਾ ਸੁੱਟ ਆਈ, ਦੂਜੀਆਂ ਖੋਤੀਆਂ ਵਿਚ ਈ ਨਾ ਰਲੇ। ਅਖੇ ਹਮਾਰਾ ਇਨ੍ਹਾਂ ਨਾਲ ਕੀ ਮੇਲ! ਜਿਹੜੇ ਆਦਮੀ ਸ਼ਹਿਰ ਜਾ ਕੇ ਬਰਫ਼ ਘੋਲ ਕੇ ਦੋ ਹਰੇ ਬੱਤੇ (ਸੋਡੇ ਦੀਆਂ ਬੋਤਲਾਂ) ਤੇ ਕਿਸੇ ਤੰਦੂਰ (ਹੋਟਲ) ਤੋਂ ਦੋ ਡੰਗ ਤੜਕਵੀਂ ਦਾਲ ਖਾ ਆਉਣ, ਉਹ ਪਿੰਡਾਂ ਵਾਲਿਆਂ ਨੂੰ ਭਲਾ ਕਿਵੇਂ ਪਸੰਦ ਰੱਖਣ।
-ਪਹਿਲਾਂ ਤਾਂ ਇਹ ਮਹਾਨ ਫਿਲਾਸਫਰ ਕੂੰਦੇ (ਬੋਲਦੇ) ਈ ਨਹੀਂ, ਪਰ ਜੇ ਕਿਧਰੇ ਮਿਹਰ ਦੇ ਘਰ ਆ ਜਾਣ ਤਾਂ ਸ਼ਹਿਰ ਦੀਆਂ ਗੱਲਾਂ ਖੂਬ ਮਚਕਾ ਮਚਕਾ ਕੇ ਕਰਦੇ ਹਨ।
-ਸ਼ਹਿਰ ਦੀਆਂ ਕੀ ਗੱਲਾਂ ਨੇ ਹਰਨਾਮ ਸਿੰਹਾਂ, ਨਿਰੇ ਸੁਰਗ ਦੇ ਟੁਕੜੇ ਈ ਨੇ, ਸਿਆਣੇ ਕੋਈ ਕਮਲੇ ਨਹੀਂ, ਉਨ੍ਹਾਂ ਐਵੇਂ ਥੋੜ੍ਹੇ ਕਿਹੈ¸
-ਖਾਈਏ ਕਣਕ, ਭਾਵੇਂ ਹੋਏ ਜ਼ਹਿਰ,
ਵਸੀਏ ਸ਼ਹਿਰ, ਭਾਵੇਂ ਹੋਏ ਕਹਿਰ।

ਹਵਾਲੇ

ਸੋਧੋ
  1. "ਮੇਰਾ ਪਿੰਡ". ਸਾਹਿੱਤ ਪ੍ਰਕਾਸ਼ਨ. Archived from the original on 2012-02-08. Retrieved ਨਵੰਬਰ 14, 2012.
  2. ਗਿਆਨੀ ਗੁਰਦਿੱਤ ਸਿੰਘ ਨੂੰ ਯਾਦ ਕਰਦਿਆਂ…[permanent dead link]