ਮੋਰਚਾ ਜੈਤੋ ਗੁਰਦਵਾਰਾ ਗੰਗਸਰ

ਜੈਤੋ ਪੰਜਾਬ ਦਾ ਇੱਕ ਛੋਟਾ ਕਸਬਾ ਹੈ। ਕਸਬੇ ਵਿੱਚ ਇੱਕ ਕਿਲ੍ਹਾ ਹੈ। ਕਿਲ੍ਹੇ ਦੇ ਨੇੜੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਇੱਕ ਇਤਿਹਾਸਕ ਗੁਰਦੁਆਰਾ ਹੈ, ਜਿਸ ਨੂੰ ਨਾਭਾ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਨੇ ਉਸਰਵਾਇਆ ਸੀ। ਇਸ ਗੁਰਦੁਆਰਾ ਸਾਹਿਬ ਦੇ ਸਰੋਵਰ ਨੂੰ ਗੰਗਸਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਮਹਾਰਾਜਾ ਨਾਭਾ ਨੂੰ ਗਦੀਓਂ ਲਾਹਣਾ

ਸੋਧੋ

ਗੁਰਦੁਆਰਾ ਗੰਗਸਰ ਜੈਤੋ ਦਾ ਮੋਰਚਾ ਅਕਾਲੀ ਲਹਿਰ ਦਾ ਸਭ ਤੋਂ ਵੱਡਾ ਮੋਰਚਾ ਸੀ। ਕਿਉਂਕਿ ਇਸ ਮੋਰਚੇ ਵਿੱਚ ਸਿੱਖ ਪੰਥ ਨੇ ਪੰਥਕ ਏਕਤਾ, ਕੁਰਬਾਨੀ, ਜਥੇਬੰਦੀ ਤੇ ਪੰਥਕ ਜੋਸ਼ ਦੇ ਅਦੁੱਤੀ ਨਜ਼ਾਰੇ ਪੇਸ਼ ਕੀਤੇ। 1699 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸੇ ਦੀ ਸਾਜਨਾ ਤੋਂ ਹੀ ਸਿੱਖ ਪੰਥ ਜ਼ਾਲਮ ਹਮਲਾਵਰਾਂ ਤੇ ਹਾਕਮਾਂ ਦਾ ਖਾਤਮਾ ਕਰਨ ਲਈ ਸਦਾ ਹੀ ਤਿਆਰ ਰਿਹਾ ਹੈ। ਸਿੱਖ ਧਰਮ ਵਿੱਚ ਸ਼ਹੀਦੀਆਂ ਦਾ ਇਤਿਹਾਸ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਦੀ ਬੇਮਿਸਾਲ ਸ਼ਹਾਦਤ ਤੋਂ ਸ਼ੁਰੂ ਹੁੰਦਾ ਹੈ। ਜਬਰ, ਜ਼ੁਲਮ ਦੇ ਵਿਰੁੱਧ ਜਹਾਦ ਦਾ ਜੋ ਸੰਕਲਪ ਸਿੱਖ ਪੰਥ ਨੇ ਲਿਆ ਸੀ, ਉਸੇ ਹੀ ਕੜੀ ਵਿੱਚ ਇਸ ਸਦੀ ਦੇ ਤੀਸਰੇ ਦਹਾਕੇ ਵਿੱਚ ਗੰਗਸਰ ਜੈਤੋ ਦਾ ਸਾਕਾ ਵਾਪਰਿਆ, ਜਿਸ ਵਿੱਚ ਅਨੇਕ ਸਿੰਘਾਂ-ਸਿੰਘਣੀਆਂ ਨੇ ਸ਼ਹਾਦਤ ਦਾ ਜਾਮ ਪੀਤਾ। ਸਿੱਖ ਜਗਤ ਵਿੱਚ 21 ਫਰਵਰੀ ਦਾ ਦਿਨ ਸ਼ਹੀਦੀ ਦਿਵਸ ਦੇ ਤੌਰ ਤੇ ਹਰ ਸਾਲ ਮਨਾਇਆ ਜਾਂਦਾ ਹੈ। ਅਕਾਲੀ ਲਹਿਰ ਸਮੇਂ 21 ਫਰਵਰੀ 1924 ਨੂੰ ਗੁਰਦੁਆਰਾ ਗੰਗਸਰ ਜੈਤੋ ਦੀ ਜੂਹ ਵਿੱਚ ਅੰਗਰੇਜ਼ ਸਰਕਾਰ ਨੇ 500 ਸਿੰਘਾਂ ਦੇ ਸ਼ਾਂਤਮਈ ਜਥੇ ਉਂਤੇ ਗੋਲੀਆਂ ਦਾ ਮੀਂਹ ਵਰਸਾ ਕੇ ਜੋ ਸਾਕਾ ਵਰਤਾਇਆ ਸੀ, ਉਹ ਪੰਥ ਦੇ ਇਤਿਹਾਸ ਦਾ ਸਦੀਵੀ ਅੰਗ ਬਣ ਚੁਕਾ ਹੈ।

ਜੈਤੋ ਦੇ ਮੋਰਚੇ ਬਾਰੇ ਵਿਸਥਾਰ ਵਿੱਚ ਜਾਣ ਤੋਂ ਪਹਿਲਾਂ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਇਸ ਮੋਰਚੇ ਦੇ ਸ਼ੁਰੂ ਹੋਣ ਦਾ ਕਾਰਨ ਕੀ ਸੀ? ਇਸ ਸੰਬੰਧੀ ਅਲੱਗ- ਅਲੱਗ ਕਿਸਮ ਦੀਆਂ ਰਾਵਾਂ ਹਨ। ਪਰ ਸਭ ਤੋਂ ਵੱਡਾ ਕਾਰਨ ਮਹਾਰਾਜਾ ਨਾਭਾ ਨੂੰ ਗੱਦੀਓਂ ਉਤਾਰਨ ਵਿਰੁੱਧ ਸਿੱਖਾਂ ਵਿੱਚ ਫੈਲਿਆ ਹੋਇਆ ਰੋਸ ਸੀ। ਆਪਣੇ ਪਿਤਾ ਦੀ ਤਰ੍ਹਾਂ ਮਹਾਰਾਜਾ ਰਿਪੁਦਮਨ ਸਿੰਘ ਬਹੁਤ ਧਾਰਮਿਕ ਬਿਰਤੀ ਵਾਲਾ ਵਿਅਕਤੀ ਸੀ। ਇਹ ਸਿੱਖ ਪੰਥ ਨਾਲ ਪੂਰਾ ਲਗਾਓ ਰੱਖਦੇ ਸਨ। ਮਹਾਰਾਜਾ ਰਿਪੁਦਮਨ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਕਾਨ੍ਹ ਸਿੰਘ ਨਾਭਾ ਤੇ ਬਾਬਾ ਅਤਰ ਸਿੰਘ ਜੀ ਮਸਤੂਆਣਾ ਵਾਲੇ ਮਹਾਂਪੁਰਖਾਂ ਦੀ ਬਹੁਤ ਕਦਰ ਕਰਦੇ ਸਨ। ਆਪ ਦਾ ਵੀ ਸਿੱਖ ਪੰਥ ਵਿੱਚ ਬੜਾ ਮਾਣ ਤੇ ਸਤਿਕਾਰ ਸੀ। ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਨੂੰ ਮਹਾਰਾਜਾ ਰਿਪੁਦਮਨ ਸਿੰਘ ਦਾ ਸਿੱਖਾਂ ਵਿੱਚ ਹਰਮਨ ਪਿਆਰਾ ਹੋਣਾ ਤੇ ਸਿੱਖ ਆਗੂਆਂ ਨਾਲ ਮੇਲ਼-ਜੋਲ਼ ਰੱਖਣਾ ਚੰਗਾ ਨਹੀਂ ਲੱਗਦਾ ਸੀ। ਇਸ ਨੂੰ ਨਾ ਸਹਾਰਦੇ ਹੋਏ ਮਹਾਰਾਜਾ ਪਟਿਆਲਾ ਨੇ ਮਹਾਰਾਜਾ ਨਾਭਾ ਨਾਲ ਝਗੜਾ ਸ਼ੁਰੂ ਕਰ ਦਿੱਤਾ। ਅੰਗਰੇਜ਼ੀ ਸਰਕਾਰ ਪਹਿਲਾਂ ਹੀ ਕਈ ਕਾਰਨਾਂ ਕਰਕੇ ਇਨ੍ਹਾਂ ਦੇ ਖਿਲਾਫ਼ ਸੀ। ਇਸੇ ਗੱਲ ਦਾ ਲਾਭ ਉਠਾਉਂਦੇ ਹੋਏ ਮਹਾਰਾਜਾ ਪਟਿਆਲਾ ਨੇ ਮਹਾਰਾਜਾ ਨਾਭਾ ਵਿਰੁੱਧ ਕਈ ਮੁਕੱਦਮੇ ਦਾਇਰ ਕਰ ਦਿੱਤੇ। ਸਰਕਾਰ ਨੇ ਨਾਭਾ ਪਟਿਆਲਾ ਦਾ ਝਗੜਾ ਨਿਬੇੜਨ ਲਈ ਅਲਾਹਾਬਾਦ ਹਾਈਕੋਰਟ ਦੇ ਜੱਜ ਮਿਸਟਰ ਸਟੂਆਰਟ ਨੂੰ ਨੀਯਤ ਕਰ ਦਿੱਤਾ। ਮੁਕੱਦਮੇ ਦੇ ਦੌਰਾਨ ਨਾਭੇ ਦੇ ਬਹੁਤ ਸਾਰੇ ਅਹਿਲਕਾਰ ਦੂਜੇ ਧੜੇ ਨਾਲ ਮਿਲ ਗਏ, ਜਿਸ ਕਰਕੇ ਮਹਾਰਾਜਾ ਨਾਭਾ ਦਾ ਪੱਖ ਕਮਜ਼ੋਰ ਹੋ ਗਿਆ। ਮਿਸਟਰ ਸਟੂਆਰਟ ਨੇ ਫੈਸਲਾ ਮਹਾਰਾਜਾ ਨਾਭਾ ਦੇ ਵਿਰੁੱਧ ਕਰ ਦਿੱਤਾ। ਸਰਕਾਰ ਨੇ ਮਹਾਰਾਜਾ ਨਾਭਾ ਨੂੰ ਗੱਦੀ ਛੱਡਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਨੇ ਤਿਆਗ ਪੱਤਰ ਲਿਖ ਦਿੱਤਾ ਪਰ ਸਰਕਾਰ ਨੇ ਮਹਾਰਾਜਾ ਨਾਭਾ ਨੂੰ ਤਿੰਨ ਲੱਖ ਰੁਪਏ ਸਾਲਾਨਾ ਨੀਯਤ ਕਰਕੇ ਦੇਹਰਾਦੂਨ ਭੇਜ ਦਿੱਤਾ। 9 ਜੁਲਾਈ 1923 ਨੂੰ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀਓਂ ਲਾਹਿਆ ਗਿਆ, ਉਸ ਵਕਤ ਹਿੰਦੁਸਤਾਨ ਦਾ ਵਾਇਸਰਾਇ ਲਾਰਡ ਰੀਡਿੰਗ ਪੋਲੀਟੀਕਲ ਡਿਪਾਰਟਮੈਂਟ ਦਾ ਸੱਕਤਰ ਜੇ. ਪੀ. ਥਾਮਪਸਨ ਤੇ ਪੰਜਾਬ ਦੀਆਂ ਰਿਆਸਤਾਂ ਦਾ ਏਜੰਟ ਕਰਨਲ ਮਿੰਚਨ ਸੀ।

ਜਿਸ ਵੇਲੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਤਾਂ ਸਰਕਾਰ ਨੇ ਮਹੰਤਾਂ ਦਾ ਸਾਥ ਦਿੱਤਾ। ਸਿੱਖ ਰਾਜਿਆਂ ਨੇ ਵੀ ਅਕਾਲੀਆਂ ਦਾ ਸਾਥ ਨਾ ਦਿੱਤਾ। ਸਿਰਫ਼ ਤੇ ਸਿਰਫ਼ ਮਹਾਰਾਜਾ ਨਾਭਾ ਨੇ ਅਕਾਲੀ ਲਹਿਰ ਦੀ ਹਿਮਾਇਤ ਕੀਤੀ। ਜਦੋਂ ਨਨਕਾਣਾ ਸਾਹਿਬ ਕਤਲੇਆਮ ਦੇ ਖਿਲਾਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੋਸ ਦਿਨ ਮਨਾਉਣ ਹਿਤ ਕਾਲੇ ਦਸਤਾਰੇ ਸਜਾਉਣ ਦੀ ਅਪੀਲ ਜਾਰੀ ਕੀਤੀ ਤਾਂ ਮਹਾਰਾਜਾ ਨਾਭਾ ਨੇ ਆਪ ਵੀ ਕਾਲੀ ਦਸਤਾਰ ਸਜਾਈ ਤੇ ਅਰਦਾਸ ਦਿਵਸ ਤੇ ਸਰਕਾਰੀ ਛੁੱਟੀ ਵੀ ਕੀਤੀ। ਅੰਗਰੇਜ਼ ਸਰਕਾਰ ਨੂੰ ਇਸ ਨਾਲ ਬੜੀ ਤਕਲੀਫ਼ ਹੋਈ ਕਿਉਂਕਿ ਸਰਕਾਰ ਤਾਂ ਕਾਲੀ ਦਸਤਾਰ ਸਜਾਉਣ ਵਾਲਿਆਂ ਨੂੰ ਸਜ਼ਾ ਦੇ ਰਹੀ ਸੀ। ਹਾਲਾਂਕਿ ਨਵੰਬਰ 1920 ਵਿੱਚ ਜਦੋਂ ਗੁਰਦੁਆਰਾ ਰਕਾਬ ਗੰਜ ਦਿੱਲੀ ਦੀ ਢੱਠੀ ਦੀਵਾਰ ਮੁੜ ਉਸਾਰਨ ਵੇਲੇ ਸ਼ਹੀਦੀ ਜਥਾ ਦਿੱਲੀ ਲਿਜਾਣ ਦੀ ਤਾਰੀਖ ਦਾ ਐਲਾਨ ਹੋਇਆ ਤਾਂ ਮਹਾਰਾਜਾ ਨਾਭਾ ਨੇ ਵਿਚੋਲਾ ਬਣ ਕੇ ਦੀਵਾਰ ਉਸਰਵਾ ਕੇ ਸਰਕਾਰ ਨੂੰ ਮੁਸ਼ਕਲ ਵਿਚੋਂ ਕੱਢ ਲਿਆ ਪਰ ਇਸ ਦੇ ਬਾਵਜੂਦ ਨਾਭੇ ਦਾ ਮਹਾਰਾਜਾ ਸਰਕਾਰ ਦੀਆਂ ਅੱਖਾਂ ਵਿੱਚ ਰੜਕਦਾ ਸੀ।

ਪ੍ਰੋ. ਰੁਚੀ ਰਾਮ ਸਾਹਨੀ ਆਪਣੀ ਪੁਸਤਕ 'ਸ਼ਟਰਗਗਲ ਫਾਰ ਫ੍ਰੀਡਮ ਇਨ ਸਿੱਖ ਸ਼ਰਾਈਨਜ' (Struggle for reform in Sikh shrines) ਵਿੱਚ ਲਿਖਦੇ ਹਨ ਕਿ ਆਮ ਲੋਕਾਂ ਵਿੱਚ ਮਹਾਰਾਜਾ ਨਾਭਾ ਹਰਮਨ ਪਿਆਰਾ ਸੀ ਤੇ ਲੋਕ ਚਾਹੁੰਦੇ ਸਨ ਕਿ ਉਹ ਫੇਰ ਗੱਦੀ ਤੇ ਬਹਾਲ ਹੋ ਜਾਵੇ।[1] ਲੋਕਾਂ ਨੇ ਗੁਰਦੁਆਰਾ ਗੰਗਸਰ ਵਿੱਚ ਰੋਸ ਦੀਵਾਨ ਕਰਕੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ।

ਸਰਕਾਰ ਦੇ ਫੈਸਲੇ ਵਿਰੁੱਧ ਲੋਕਾਂ ਵਿੱਚ ਰੋਸ ਪੈਦਾ ਹੋ ਗਿਆ। ਥਾਂ-ਥਾਂ ਮਤੇ ਪਾਸ ਕਰਕੇ ਮਹਾਰਾਜਾ ਨਾਭਾ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਲੋਕ ਰਾਇ ਤੋਂ ਮਜਬੂਰ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਨੂੰ ਭੀ ਇਹ ਕੰਮ ਆਪਣੇ ਹੱਥ ਵਿੱਚ ਲੈਣਾ ਪਿਆ। ਸਿੱਖ ਜਨਤਾ ਇਸ ਫੈਸਲੇ ਤੋਂ ਬਹੁਤ ਬੇਚੈਨ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੀ ਵੱਖ-ਵੱਖ ਸਿੱਖ ਸੰਗਤਾਂ ਵੱਲੋਂ ਪਾਸ ਕੀਤੇ ਮਤੇ ਪੁੱਜੇ ਕਿ ਇਸ ਬਾਰੇ ਸਹੀ ਹਾਲਾਤ ਪਤਾ ਕੀਤੇ ਜਾਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਾਇਸਰਾਇ ਨੂੰ ਤਾਰ ਦਿੱਤੀ, ਜਿਸ ਦਾ ਭਾਵ ਸੀ ਕਿ "ਮਹਾਰਾਜਾ ਨਾਭਾ ਨੂੰ ਗੱਦੀਓਂ ਉਤਾਰਨ ਬਾਰੇ ਇੱਕ ਨਿਰਪੱਖ ਪੜਤਾਲੀਆ ਕਮਿਸ਼ਨ ਨੀਯਤ ਕੀਤਾ ਜਾਵੇ, ਜੋ ਸਹੀ ਹਾਲਾਤ ਜਨਤਾ ਦੇ ਸਾਹਮਣੇ ਰੱਖੇ।" ਸਰਕਾਰ ਨੇ ਕੋਈ ਤਸੱਲੀਬਖ਼ਸ਼ ਉਂਤਰ ਨਾ ਦਿੱਤਾ, ਜਿਸ ਕਰਕੇ ਲੋਕਾਂ ਨੂੰ ਨਿਸਚਾ ਹੋ ਗਿਆ ਕਿ ਮਹਾਰਾਜਾ ਨਾਭਾ ਨੂੰ ਗੱਦੀਓਂ ਉਤਾਰਿਆ ਗਿਆ ਹੈ। 5 ਅਗਸਤ, 1923 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਕੱਤਰਤਾ ਹੋਈ, ਜਿਸ ਵਿੱਚ ਮਹਾਰਾਜਾ ਨਾਭਾ ਨਾਲ ਹਮਦਰਦੀ ਦਾ ਮਤਾ ਪਾਸ ਕੀਤਾ ਗਿਆ। ਉਸ ਮਤੇ ਦਾ ਭਾਵ ਸੀ, "ਸਾਰੇ ਯੋਗ ਤੇ ਪੁਰ ਅਮਨ ਤਰੀਕਿਆਂ ਨਾਲ ਮਹਾਰਾਜਾ ਨਾਭਾ ਨਾਲ ਹੋਈ ਬੇਇਨਸਾਫ਼ੀ ਨੂੰ ਦੂਰ ਕੀਤਾ ਜਾਵੇ।" ਸੰਗਤਾਂ ਪਾਸ ਅਪੀਲ ਕੀਤੀ ਕਿ ਉਹ ਥਾਂ-ਥਾਂ ਦੀਵਾਨ ਕਰਨ, ਜਲੂਸ ਕੱਢਣ ਤੇ ਮਤੇ ਪਾਸ ਕਰਨ ਤੇ ਮਹਾਰਾਜਾ ਨਾਭੇ ਨਾਲ ਹੋਈ ਬੇਇਨਸਾਫ਼ੀ ਨੂੰ ਦੂਰ ਕਰਾਉਣ ਲਈ ਅਰਦਾਸੇ ਸੋਧਣ। ਅਕਾਲੀ ਦਲ ਨੇ ਵੀ ਇਸ ਐਲਾਨ ਦੀ ਪ੍ਰੋੜਤਾ ਕੀਤੀ। ਸਭ ਥਾਈਂ ਨਾਭਾ ਦਿਨ ਜੋਸ਼ ਨਾਲ ਮਨਾਇਆ ਗਿਆ।

ਸਰਕਾਰ ਪ੍ਰੋਪੇਗੰਡਾ ਕਰਦੀ ਸੀ ਕਿ ਆਮ ਜਨਤਾ ਵੀ ਮਹਾਰਾਜੇ ਦੇ ਵਿਰੁੱਧ ਹੈ ਪਰ ਇਹ ਗੱਲ ਠੀਕ ਨਹੀਂ ਸੀ। ਉਨ੍ਹਾਂ ਦਿਨਾਂ ਵਿੱਚ ਖ਼ਬਰਾਂ ਪਹੁੰਚਾਊ ਏਜੰਸੀਆਂ ਵੀ ਸਰਕਾਰ ਦੇ ਰਹਿਮੋ-ਕਰਮ ਤੇ ਨਿਰਭਰ ਕਰਦੀਆਂ ਸਨ। ਪਾਇਉਨੀਅਰ ਅਲਾਹਾਬਾਦ, ਸਿਵਲ ਮਿਲਟਰੀ ਗਜ਼ਟ ਲਾਹੌਰ, ਸਟੇਟਸਮੈਨ ਦਿੱਲੀ, ਰੋਜ਼ਾਨਾ ਅੰਗਰੇਜ਼ੀ ਦੇ ਅਖ਼ਬਾਰ ਅੰਗਰੇਜ਼ ਰਾਜ ਦਾ ਪੱਖ ਪੂਰੀ ਤਰ੍ਹਾਂ ਪੇਸ਼ ਕਰਦੇ ਸਨ। ਪਾਇਉਨੀਅਰ ਅਲਾਹਾਬਾਦ ਨੇ ਇਹ ਖ਼ਬਰ ਛਾਪੀ ਕਿ "ਅਕਾਲੀਆਂ ਨੇ ਜੈਤੋ ਵਿੱਚ ਗੁਰਦੁਆਰਾ ਗੰਗਸਰ ਉਂਤੇ ਜਬਰਦਸਤੀ ਕਬਜ਼ਾ ਕਰ ਲਿਆ ਹੈ।" (ਉਸ ਸਮੇਂ ਤਕ ਸਾਰੇ ਇਤਿਹਾਸਕ ਗੁਰਦੁਆਰੇ ਪੰਥਕ ਪ੍ਰਬੰਧ ਹੇਠ ਨਹੀਂ ਸੀ, ਸਗੋਂ ਬਹੁਤ ਸਾਰੇ ਅਸਥਾਨਾਂ ਤੇ ਮਹੰਤਾਂ ਜਾਂ ਪੁਜਾਰੀਆਂ ਦਾ ਕਬਜ਼ਾ ਸੀ।)

25, 26, 27 ਅਗਸਤ ਨੂੰ ਇਲਾਕੇ ਦੇ ਸੱਜਣਾਂ ਨੇ ਜੈਤੋ ਵਿੱਚ ਭਾਰੀ ਧਾਰਮਿਕ ਦੀਵਾਨ ਕਰਨ ਦਾ ਫੈਸਲਾ ਕੀਤਾ। ਨਾਭੇ ਦੀ ਨਵੀਂ ਹਕੂਮਤ ਨੇ ਇਸ ਵਿੱਚ ਵਿਘਨ ਪਾਉਣ ਦਾ ਜਤਨ ਕੀਤਾ। 25 ਅਗਸਤ ਨੂੰ ਦੀਵਾਨ ਵਿੱਚ ਸ਼ਾਮਲ ਹੋਣ ਵਾਲੇ ਆਦਮੀਆਂ ਦੇ ਪੁਲਿਸ ਨੇ ਨਾਂ ਲਿਖਣੇ ਸ਼ੁਰੂ ਕਰ ਦਿੱਤੇ। ਰਸਦਾਂ ਭੇਜਣ ਵਾਲਿਆਂ ਨੂੰ ਡਰਾਇਆ ਧਮਕਾਇਆ ਗਿਆ। ਜਦ ਪ੍ਰਬੰਧਕਾਂ ਨੇ ਇਹ ਹਾਲਾਤ ਵੇਖੇ ਤਾਂ ਉਨ੍ਹਾਂ ਨੇ ਲੰਗਰ ਲਈ ਦੀਵਾਨ ਵਿੱਚ ਅਪੀਲ ਕੀਤੀ। ਇਸ ਸਮੇਂ ਸ. ਨੰਦ ਸਿੰਘ, ਪਿੰਡ ਮੱਤਾ, ਰਿਆਸਤ ਫਰੀਦਕੋਟ ਨੇ ਐਲਾਨ ਕੀਤਾ ਕਿ ਜਿੰਨੀ ਰਸਦ ਲੋੜੀਂਦੀ ਹੋਵੇ, ਉਸ ਦਾ ਪ੍ਰਬੰਧ ਮੈਂ ਕਰਾਂਗਾ।

27 ਅਗਸਤ ਨੂੰ ਦੀਵਾਨ ਵਿੱਚ ਇਕੱਤਰ ਹੋਈ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਤੇ ਮਹਾਰਾਜਾ ਨਾਭਾ ਵਾਸਤੇ ਪ੍ਰਾਰਥਨਾ ਕਰਨ ਵਿੱਚ ਰੁੱਝ ਗਈ। ਸਰਕਾਰੀ ਕਰਮਚਾਰੀਆਂ ਵੱਲੋਂ ਪਾਠ ਤੇ ਪ੍ਰਾਰਥਨਾ ਕਰਨੋਂ ਭੀ ਰੋਕਿਆ ਗਿਆ। ਗੁਰਦੁਆਰਾ ਸਾਹਿਬ ਤੇ ਦੀਵਾਨ ਅਸਥਾਨ ਦੇ ਰਸਤੇ ਬੰਦ ਕਰ ਦਿੱਤੇ ਗਏ ਤੇ ਪ੍ਰਸ਼ਾਦਾ-ਪਾਣੀ ਅੰਦਰ ਲਿਆਉਣਾ ਬੰਦ ਕਰ ਦਿੱਤਾ ਗਿਆ। ਇਸ ਕਰਕੇ ਪਹਿਲੀ ਸਤੰਬਰ, 1923 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਗੁਰਦੁਆਰਾ ਗੰਗਸਰ (ਜੈਤੋ) ਵਿਖੇ ਇੱਕ ਜਥਾ ਕੇਵਲ ਇਸ ਲਈ ਭੇਜਿਆ ਤਾਂ ਕਿ ਧਾਰਮਿਕ ਦੀਵਾਨ ਕਰਨ ਦਾ ਹੱਕ ਰਾਖਵਾਂ ਰੱਖਿਆ ਜਾ ਸਕੇ। ਪਰ ਰਿਆਸਤ ਨਾਭਾ ਦੇ ਨਵੇਂ ਪ੍ਰਬੰਧਕਾਂ ਨੇ ਮਾਰਸ਼ਲ ਲਾਅ ਲਗਾ ਦਿੱਤਾ ਤੇ ਹਰ ਪ੍ਰਕਾਰ ਦੇ ਜਲਸੇ-ਜਲੂਸ ਬੰਦ ਕਰ ਦਿੱਤੇ। ਕੁਝ ਦਿਨ ਤਾਂ ਪੰਝੀ-ਪੰਝੀ ਅਕਾਲੀਆਂ ਦੇ ਜਥੇ ਜਾਂਦੇ ਰਹੇ, ਜਿਨ੍ਹਾਂ ਨੂੰ ਰਿਆਸਤ ਤੋਂ ਬਾਹਰ ਲਿਜਾ ਕੇ ਛੱਡ ਦਿੱਤਾ ਜਾਂਦਾ ਰਿਹਾ। ਪਰ 4 ਸਤੰਬਰ, 1923 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੈਤੋ ਮੋਰਚੇ ਨੂੰ ਆਪਣੇ ਹੱਥ ਵਿੱਚ ਲੈ ਲਿਆ। 9 ਸਤੰਬਰ ਨੂੰ ਮਹਾਰਾਜਾ ਨਾਭੇ ਦੀ ਬਹਾਲੀ ਲਈ ਜਲੂਸ ਨਿਕਲਿਆ ਤੇ ਫੇਰ ਜਲਸੇ ਹੋਣੇ ਸ਼ੁਰੂ ਹੋ ਗਏ।

ਅਖੰਡ ਪਾਠ ਖੰਡਿਤ

ਸੋਧੋ

11 ਸਤੰਬਰ ਨੂੰ 110 ਸਿੰਘਾਂ ਦਾ ਜਥਾ ਸ਼ਾਂਤਮਈ ਰਹਿਣ ਦਾ ਪ੍ਰਣ ਕਰਕੇ ਮੁਕਤਸਰ ਤੋਂ ਜੈਤੋ ਵੱਲ ਨੂੰ ਤੁਰਿਆ। 14 ਸਤੰਬਰ ਨੂੰ 102 ਸਿੰਘਾਂ ਦਾ ਜਥਾ ਫੇਰ ਜੈਤੋ ਪੁੱਜਾ। ਉਨ੍ਹਾਂ ਨੇ ਗੁਰਦੁਆਰਾ ਗੰਗਸਰ ਪਹੁੰਚ ਕੇ ਤਕਰੀਰਾਂ ਕੀਤੀਆਂ ਤੇ ਅਖੰਡ ਪਾਠ ਰੱਖ ਦਿੱਤਾ। ਗੁਰਦੁਆਰੇ ਦੇ ਬਾਹਰ ਦੀਵਾਨ ਲੱਗਦੇ ਤੇ ਅੰਦਰ ਅਖੰਡ ਪਾਠ ਹੁੰਦਾ। ਰਿਆਸਤ ਦੇ ਹਥਿਆਰਬੰਦ ਸਿਪਾਹੀਆਂ ਦੀ ਇੱਕ ਟੁਕੜੀ ਨੇ 30 ਚੁਣਵੇ ਅਕਾਲੀ ਆਗੂ ਪਾਠੀ ਭਾਈ ਇੰਦਰ ਸਿੰਘ ਸਮੇਤ ਗੁਰਦੁਆਰੇ ਦੇ ਅੰਦਰੋਂ ਫੜ ਲਏ। ਪਾਠੀ ਸਿੰਘ ਦੇ ਫੜ ਲਏ ਜਾਣ ਕਾਰਨ ਅਖੰਡ ਪਾਠ ਖੰਡਿਤ ਹੋ ਗਿਆ। ਇਸ ਤਰ੍ਹਾਂ ਸਿੰਘਾਂ ਵਿੱਚ ਵੱਡੀ ਪੱਧਰ ਤੇ ਰੋਸ ਫੈਲ ਗਿਆ। ਧਰਮ ਵਿੱਚ ਦਖਲ ਦੇਣ ਦੀ ਜਿਹੜੀ ਮੂਰਖਤਾਈ ਮਿ. ਡੰਨਿਟ ਨੇ ਅੰਮ੍ਰਿਤਸਰ ਵਿਖੇ ਦੋ ਵਾਰ ਕੀਤੀ, ਉਹੀ ਬੇਵਕੂਫੀ ਅੰਗਰੇਜ਼ ਸਰਕਾਰ ਵੱਲੋਂ ਥਾਪੇ ਨਾਭੇ ਦੇ ਹਾਕਮਾਂ ਨੇ ਕੀਤੀ।

15 ਸਤੰਬਰ ਤੋਂ ਪਿੱਛੋਂ 25-25 ਸਿੰਘਾਂ ਦਾ ਜਥਾ ਹਰ ਰੋਜ਼ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਤੋਂ ਜਾਣਾ ਸ਼ੁਰੂ ਹੋ ਗਿਆ। ਇਨ੍ਹਾਂ ਦਾ ਮਕਸਦ ਖੰਡਿਤ ਪਾਠ ਨੂੰ ਸੰਪੂਰਨ ਕਰਨਾ ਸੀ। ਇਹ ਸਿਲਸਿਲਾ ਸੱਤ ਮਹੀਨੇ ਚੱਲਦਾ ਰਿਹਾ। ਰਿਆਸਤੀ ਹਾਕਮ ਜਥਿਆਂ ਨੂੰ ਟਰੱਕਾਂ ਤੇ ਲਾਰੀਆਂ ਵਿੱਚ ਬਿਠਾ ਕੇ ਡੇਢ ਸੌ, ਦੋ ਸੌ ਕਿਲੋਮੀਟਰ ਦੂਰ ਛੱਡ ਆਉਂਦੇ ਤੇ ਇਹ ਫਿਰ ਭੁੱਖਣ-ਭਾਣੇ, ਮੁਸੀਬਤਾਂ ਝਾਖਦੇ, ਡਿੱਗਦੇ-ਢਹਿੰਦੇ ਵਾਪਸ ਮੁੜ ਆਉਂਦੇ।

12 ਅਕਤੂਬਰ 1923 ਦੇ ਦਿਨ, ਬਰਤਾਨਵੀ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਗੈਰ-ਕਾਨੂੰਨੀ ਕਰਾਰ ਦੇ ਦਿੱਤਾ ਤੇ ਛਾਪੇ ਮਾਰ ਕੇ ਅਸਰ-ਰਸੂਖ ਵਾਲੇ 59 ਅਹਿਮ ਅਕਾਲੀ ਆਗੂ ਗ੍ਰਿਫਤਾਰ ਕਰ ਲਏ। ਇਸ ਤੋਂ ਪਹਿਲਾਂ ਸਰਕਾਰ ਨੇ ਆਮ ਲੋਕਾਂ ਨੂੰ ਧਮਕੀਆਂ ਦਿੱਤੀਆਂ ਕਿ ਜੋ ਜਥਿਆਂ ਦੀ ਸੇਵਾ ਕਰੇਗਾ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅੰਮ੍ਰਿਤਸਰ ਦੇ ਸਾਰੇ ਦਰਵਾਜ਼ਿਆਂ ਉਂਪਰ ਮਸ਼ੀਨਗੰਨਾਂ ਬੀੜ ਦਿੱਤੀਆਂ ਗਈਆਂ ਅਤੇ ਖਾਸ-ਖਾਸ ਥਾਵਾਂ ਤੇ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਗਿਆ। ਸਾਰੇ ਆਗੂ ਸਬ-ਜੇਲ੍ਹ ਵਿੱਚ ਬੰਦ ਸਨ।

ਅਕਾਲੀ ਆਗੂਆਂ ਦਾ ਮੁਖੀ ਜਥਾ ਤਾਂ ਸਾਜ਼ਿਸ਼ ਕੇਸ ਵਿੱਚ ਫੜ ਕੇ ਕੈਦ ਕਰ ਲਿਆ ਗਿਆ ਸੀ, ਬਾਕੀ ਆਗੂਆਂ ਨੂੰ ਫੜਨ ਦੇ ਜਤਨ ਕੀਤੇ ਗਏ। ਸਰਕਾਰ ਨੂੰ 7 ਜਨਵਰੀ, 1924 ਨੂੰ ਸਫ਼ਲਤਾ ਪ੍ਰਾਪਤ ਹੋ ਗਈ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮੀਟਿੰਗ ਹੋ ਰਹੀ ਸੀ, ਮੀਟਿੰਗ ਵਿੱਚ ਸਰਕਾਰ ਦੇ ਕਦਮ ਨੂੰ ਧੱਕੇਸ਼ਾਹੀ ਵਾਲੀ ਕਹਿ ਕੇ ਆਲੋਚਨਾ ਕੀਤੀ ਗਈ। ਅਕਾਲੀਆਂ ਦੀਆਂ ਸੇਵਾਵਾਂ ਤੇ ਕੁਰਬਾਨੀਆਂ ਦੀ ਸ਼ਲਾਘਾ ਕੀਤੀ ਗਈ। ਅਖੰਡ ਪਾਠ ਸਾਹਿਬ ਖੰਡਤ ਕਰਨ ਨੂੰ ਸਿੱਖ ਧਰਮ ਦੀ ਤੌਹੀਨ ਮੰਨ ਕੇ ਇਸ ਦਾ ਪਛਤਾਵਾ ਕਰਨ ਲਈ 101 ਅਖੰਡ ਪਾਠ ਕਰਨ ਦਾ ਫੈਸਲਾ ਕੀਤਾ ਗਿਆ ਤੇ ਐਗਜ਼ੈਕਟਿਵ ਕਮੇਟੀ ਨੂੰ ਸਾਰੇ ਹਾਲਾਤ ਦਾ ਟਾਕਰਾ ਕਰਨ ਦੇ ਅਧਿਕਾਰ ਦਿੱਤੇ ਗਏ। ਇਸ ਤੋਂ ਪਿੱਛੋਂ 62 ਅਕਾਲੀ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ, ਦੀਵਾਨ ਵਿੱਚ ਭਾਸ਼ਣ ਦਿੱਤੇ ਤੇ ਘੰਟਾ ਘਰ ਜਾ ਕੇ ਗ੍ਰਿਫਤਾਰੀਆਂ ਦਿੱਤੀਆਂ। ਇੱਕ ਅੱਧ ਨੂੰ ਛੱਡ ਕੇ ਬਾਕੀ ਸਾਰੇ ਅਕਾਲੀ ਆਗੂਆਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਉਨ੍ਹਾਂ ਨੇ ਆਪਣੇ ਪੱਖ ਵਿੱਚ ਕੋਈ ਸਫਾਈ ਪੇਸ਼ ਨਹੀਂ ਕੀਤੀ। 55 ਸਾਲ ਤੋਂ ਵਡੇਰੀ ਉਮਰ ਵਾਲਿਆਂ ਨੂੰ ਇਕ-ਇਕ ਸਾਲ ਕੈਦ ਤੇ ਪੰਜ-ਪੰਜ ਸੌ ਰੁਪਏ ਜ਼ੁਰਮਾਨਾ ਜਾਂ ਤਿੰਨ ਮਹੀਨੇ ਦੀ ਸਖ਼ਤ ਕੈਦ। ਇਨ੍ਹਾਂ ਗ੍ਰਿਫਤਾਰੀਆਂ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਬਾਕਾਇਦਾ ਕੰਮ ਕਰਦੀ ਰਹੀ। ਸ਼੍ਰੋਮਣੀ ਕਮੇਟੀ ਦੇ ਤੀਜੇ ਜਥੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਕੱਤਰਤਾ ਕੀਤੀ। ਅੰਮ੍ਰਿਤਸਰ ਦੇ ਬਜ਼ਾਰਾਂ ਵਿੱਚ ਅਕਾਲੀ ਅਸੀਂ ਬਾਗ਼ੀ ਜਮਾਤ ਦੇ ਮੈਂਬਰ ਹਾਂ ਦੇ ਨਾਅਰੇ ਲਾਉਂਦੇ ਫਿਰਦੇ ਸਨ, ਪਰ ਉਨ੍ਹਾਂ ਨੂੰ ਕੋਈ ਫੜਦਾ ਨਹੀਂ ਸੀ।

ਪਟਿਆਲਾ ਤੇ ਫਰੀਦਕੋਟ ਰਿਆਸਤ ਵਿੱਚ ਅਕਾਲੀ ਅੰਦੋਲਨ ਦਾ ਬੜਾ ਜ਼ੋਰ ਸੀ। ਪਟਿਆਲੇ ਵਿਚੋਂ 100 ਅਕਾਲੀਆਂ ਦਾ ਜਥਾ ਆਇਆ। ਭਵਾਨੀਗੜ੍ਹ ਤੇ ਪਟਿਆਲੇ ਵਿੱਚ ਲਾਠੀਚਾਰਜ ਹੋਣ ਤੋਂ ਬਾਅਦ ਵੀ ਲੋਕਾਂ ਨੇ ਖਿੰਡਰਨ ਤੋਂ ਇਨਕਾਰ ਕਰ ਦਿੱਤਾ। ਬਰਨਾਲੇ ਵਿੱਚ ਬੜਾ ਜ਼ੋਰ ਸੀ। ਸਰਹਿੰਦ ਤੋਂ ਦੋ ਸੌ ਅਕਾਲੀ ਫੜੇ ਗਏ। ਸੁਨਾਮ ਵਿੱਚ ਜਿਨ੍ਹਾਂ ਗੁਰਦੁਆਰਿਆਂ ਵਿੱਚ ਅਰਦਾਸੇ ਹੋਏ ਸਨ, ਪੁਲਿਸ ਨੇ ਤਾਲੇ ਮਾਰ ਦਿੱਤੇ। ਇਸ ਮੋਰਚੇ ਦਾ ਗੜ੍ਹ ਨਾਭਾ (ਜੈਤੋ) ਹੀ ਸੀ। ਇਥੋਂ ਦੇ ਮੁੱਖ ਪ੍ਰਬੰਧਕ ਵਿਲਸਨ ਨੂੰ ਸਾਰੇ ਅਧਿਕਾਰ ਮਿਲੇ ਹੋਏ ਸਨ। ਉਹ ਮਰਦਾਂ ਨੂੰ ਕਤਲ ਕਰਨ ਤੇ ਇਸਤਰੀਆਂ ਨੂੰ ਮਾਰਨ ਕੁੱਟਣ ਨੂੰ ਮਾਮੂਲੀ ਗੱਲ ਸਮਝਦਾ ਸੀ। ਉਸ ਨੇ ਪੰਜ ਮਹੀਨਿਆਂ ਅਗਸਤ 1923 ਤੋਂ ਜਨਵਰੀ 1924 ਤਕ 90 ਸਿੰਘਾਂ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਤੇ 12000 ਕੋਲੋਂ ਨੇਕ ਚਲਨੀ ਦੀਆਂ ਜ਼ਮਾਨਤਾਂ ਲਈਆਂ।

੫੦੦,੫੦੦ ਸਿੰਘਾਂ ਦੇ ਜੱਥੇ

ਸੋਧੋ

ਧਾਰਮਿਕ ਦੀਵਾਨ ਇਹ ਆਖ ਕੇ ਬੰਦ ਕਰਵਾ ਦਿੱਤੇ ਗਏ ਕਿ ਇਨ੍ਹਾਂ ਦੀਵਾਨਾਂ ਵਿੱਚ ਅਕਾਲੀ ਧਾਰਮਿਕ ਗੱਲਾਂ ਨਹੀਂ, ਸਗੋਂ ਰਾਜਸੀ ਗੱਲਾਂ ਕਰਦੇ ਹਨ। ਚਾਰ ਮਹੀਨੇ ਤੋਂ ਵੱਧ ਸਮਾਂ ਜਥਿਆਂ ਵੱਲੋਂ ਜੈਤੋ ਵੱਲ ਮਾਰਚ ਕੀਤੇ ਜਾਣ ਤੇ ਗ੍ਰਿਫਤਾਰੀਆਂ ਦੇਣ ਦੇ ਬਾਵਜੂਦ ਜਦੋਂ ਕੋਈ ਨਤੀਜਾ ਨਾ ਨਿਕਲਿਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੱਦੋ-ਜਹਿਦ ਤੇਜ਼ ਕਰਨ ਦਾ ਫੈਸਲਾ ਕੀਤਾ। ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਕਿ ਜੈਤੋ ਵਿੱਚ ਅਖੰਡ ਪਾਠ ਸ਼ੁਰੂ ਕਰਨ ਵਾਸਤੇ 500 ਸਿੰਘਾਂ ਦਾ ਸ਼ਹੀਦੀ ਜਥਾ ਭੇਜਿਆ ਜਾਵੇਗਾ। ਇਸ ਜਥੇ ਨੇ 9 ਫਰਵਰੀ, 1924 ਦੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਚੱਲ ਕੇ 21 ਫਰਵਰੀ ਨੂੰ ਜੈਤੋ ਪੁੱਜਣਾ ਸੀ। ਜੈਤੋ ਵਿੱਚ ਇਸ ਜਥੇ ਦੇ ਪੁੱਜਣ ਦੀ ਤਾਰੀਖ ਨਨਕਾਣੇ ਸਾਹਿਬ ਦੇ ਸ਼ਹੀਦਾਂ ਦੀ ਤਾਰੀਖ ਨਾਲ ਮੇਲ ਕੇ 21 ਫਰਵਰੀ ਰੱਖੀ ਗਈ ਸੀ। ਇਸ ਜਥੇ ਨੂੰ ਵਿਦਾਇਗੀ ਦੇਣ ਲਈ 30,000 ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ। ਜਥੇ ਦਾ ਪਿੰਡ-ਪਿੰਡ ਵਿੱਚ ਸੁਆਗਤ ਹੋ ਰਿਹਾ ਸੀ। ਪੰਜ ਸੌ ਸਿੰਘਾਂ ਦੀ ਇਕੋ ਜਿਹੀ ਵਰਦੀ, ਸਿਰ ਤੇ ਸੁਰਮਈ ਦਸਤਾਰੇ, ਗਲ਼ ਵਿੱਚ ਪੀਲਾ ਚੋਗਾ, ਗਾਤਰੇ ਕ੍ਰਿਪਾਨ, ਤੇੜ ਕਛਹਿਰਾ ਇੱਕ ਅਦਭੁੱਤ ਨਜ਼ਾਰਾ ਪੇਸ਼ ਕਰਦੇ ਸਨ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਇੱਕ ਰਿਪੋਰਟ ਵਿੱਚ ਦਰਜ ਹੈ ਕਿ, ਜਿਥੋਂ ਜਥਾ ਲੰਘ ਕੇ ਜਾਂਦਾ, ਲੋਕ ਉਥੋਂ ਦੀ ਧੂੜ ਚੁੱਕ-ਚੁੱਕ ਕੇ ਮੱਥੇ ਨੂੰ ਲਾਉਂਦੇ। ਅਮਰੀਕਾ ਦੀ ਮਸ਼ਹੂਰ ਅਖ਼ਬਾਰ ਨਿਊਯਾਰਕ ਟਾਈਮਜ਼ ਦਾ ਨਾਮਾਨਿਗਾਰ ਮਿਸਟਰ ਜਿਮਾਦ ਵੀ ਇਸ ਜਥੇ ਦੇ ਨਾਲ ਬਰਗਾੜੀ ਤੱਕ ਗਿਆ। ਪਰ ਉਨ੍ਹਾਂ ਨੂੰ ਨਾਭਾ ਸਰਕਾਰ ਨੇ ਰਿਆਸਤ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਾ ਦਿੱਤੀ।

ਜਦੋਂ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੁੰਦਾ ਤਾਂ ਪੰਜ ਸੌ ਦੀ ਥਾਂ ਹਜ਼ਾਰਾਂ ਸਿੰਘ ਜਥੇ ਵਿੱਚ ਜਾਣ ਲਈ ਨਾਮ ਪੇਸ਼ ਕਰਦੇ। ਬੱਚੇ, ਬੁੱਢੇ, ਜੁਆਨ, ਇਸਤਰੀਆਂ, ਮਰਦ ਸਭ ਕੁਰਬਾਨ ਹੋਣ ਲਈ ਤਿਆਰ ਸਨ। ਪਰੰਤੂ ਪੰਥਕ ਆਗੂਆਂ ਦੇ ਫੈਸਲੇ ਅਨੁਸਾਰ ਬਿਰਧਾਂ, ਛੋਟੇ ਬੱਚਿਆਂ ਅਤੇ ਇਸਤਰੀਆਂ ਨੂੰ ਜਥੇ ਵਿੱਚ ਭਰਤੀ ਨਹੀਂ ਕੀਤਾ ਜਾਂਦਾ ਸੀ। ਪੰਥਕ ਜੋਸ਼ ਕਰਕੇ ਬੱਚੇ ਮਾਂ ਬਾਪ ਤੋਂ ਚੋਰੀ ਵੀ ਅੰਮ੍ਰਿਤਸਰ ਪੁੱਜਦੇ ਸਨ ਤੇ ਜਥੇ ਵਿੱਚ ਜਾਣ ਲਈ ਜ਼ਿੱਦ ਕਰਦੇ ਸਨ।

੨੧ ਫਰਵਰੀ ੧੯੨੫

ਸੋਧੋ

21 ਫਰਵਰੀ ਨੂੰ ਜਦੋਂ ਜਥਾ ਜੈਤੋ ਪੁੱਜਾ ਤਾਂ ਵਿਲਸਨ ਜੌਹਨਸਟਨ ਨੇ ਫੌਜ ਨੂੰ ਜਥੇ ਉਂਪਰ ਗੋਲੀਆਂ ਚਲਾਉਣ ਦੇ ਹੁਕਮ ਦੇ ਦਿੱਤੇ। ਪਰ ਜਥਾ ਗੁਰਦੁਆਰਾ ਟਿੱਬੀ ਸਾਹਿਬ ਵੱਲ ਵਧਦਾ ਗਿਆ। ਅੰਤ ਗੋਲੀਆਂ ਦੀ ਬੁਛਾੜ ਨੇ ਉਨ੍ਹਾਂ ਨੂੰ ਰੋਕ ਲਿਆ ਫਿਰ ਵੀ ਉਹ ਜਿਥੋਂ ਤਕ ਹੋ ਸਕਿਆ ਡਿੱਗਦੇ-ਢਹਿੰਦੇ ਅੱਗੇ ਵਧਦੇ ਗਏ ਜੋ ਜਥੇ ਨੂੰ ਵੇਖ ਰਹੇ ਸਨ, ਉਨ੍ਹਾਂ ਲੋਕਾਂ ਤੇ ਵੀ ਲਾਠੀਚਾਰਜ ਕੀਤਾ ਗਿਆ। ਦੁਨੀਆਂ ਭਰ ਦੀਆਂ ਅਖ਼ਬਾਰਾਂ ਨੇ ਇਸ ਸੰਬੰਧੀ ਖ਼ਬਰਾਂ ਛਾਪੀਆਂ। ਆਗੂਆਂ ਨੇ ਵਿਲਸਨ ਜੌਹਨਸਟਨ ਨੂੰ ਜਨਰਲ ਡਾਇਰ ਦਾ ਵਾਰਸ ਆਖਿਆ।

26 ਫਰਵਰੀ ਨੂੰ "ਸਿਵਲ ਐਂਡ ਮਿਲਟਰੀ ਗਜ਼ਟ" ਵਿੱਚ ਛਪੀ ਖ਼ਬਰ ਵਿੱਚ ਸ਼ਹੀਦਾਂ ਦੀ ਗਿਣਤੀ 18 ਤੇ ਜ਼ਖ਼ਮੀਆਂ ਦੀ 60 ਦੱਸੀ ਗਈ ਸੀ। ਜੈਤੋ ਗੋਲੀ ਕਾਂਡ ਵਿੱਚ ਕਿੰਨੇ ਸ਼ਹੀਦ ਹੋਏ ਠੀਕ ਅਨੁਮਾਨ ਨਹੀਂ ਲਗਾਇਆ ਜਾ ਸਕਦਾ।

ਅੰਗਰੇਜ਼ ਸਰਕਾਰ ਨੂੰ ਭੁਲੇਖਾ ਸੀ ਕਿ ਇਸ ਤਰ੍ਹਾਂ ਉਹ ਸਿੱਖਾਂ ਦਾ ਕਤਲੇਆਮ ਕਰਕੇ ਦਹਿਸ਼ਤ ਫੈਲਾ ਸਕੇਗੀ। ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ 13 ਅਪ੍ਰੈਲ 1919 ਦੇ ਦਿਨ ਜਲ੍ਹਿਆਂ ਵਾਲੇ ਬਾਗ ਤੇ 21 ਫਰਵਰੀ, 1921 ਦੇ ਦਿਨ ਨਨਕਾਣਾ ਸਾਹਿਬ ਵਿਖੇ ਸ਼ਹੀਦੀਆਂ ਅਤੇ ਗੁਰੂ ਕੇ ਬਾਗ ਵਿੱਚ ਸ਼ਹੀਦੀਆਂ ਤੇ ਜ਼ੁਲਮ ਦਾ ਸ਼ਿਕਾਰ ਹੋਣ ਦੇ ਬਾਵਜੂਦ ਵੀ ਇਹ ਆਪਣੀ ਜੱਦੋ-ਜਹਿਦ ਵਿੱਚ ਪਿੱਛੇ ਨਹੀਂ ਹਟੇ ਤਾਂ ਹੁਣ ਕਿਥੇ ਰੁਕਣਗੇ? ਪਰ ਜੌਹਨਸਟਨ ਇੱਕ ਵਾਰ ਸਿੱਖਾਂ ਚ ਦਹਿਸ਼ਤ ਫੈਲਾਉਣਾ ਚਾਹੁੰਦਾ ਸੀ। ਜਿਉਂ-ਜਿਉਂ ਸਰਕਾਰ ਸਿੱਖਾਂ ਉਂਪਰ ਸਖ਼ਤੀਆਂ ਕਰਦੀ, ਉਨ੍ਹਾਂ ਦਾ ਜੋਸ਼ ਵਧਦਾ ਜਾਂਦਾ ਸੀ। ਸਿਆਣਿਆਂ ਨੇ ਸਿੱਖਾਂ ਦੀ ਰਬੜ ਦੀ ਗੇਂਦ ਨਾਲ ਤੁਲਨਾ ਕੀਤੀ ਕਿ ਜਿਵੇਂ ਰਬੜ ਦੀ ਗੇਂਦ ਜਿਤਨੇ ਜ਼ੋਰ ਨਾਲ ਧਰਤੀ ਤੇ ਸੁੱਟੀ ਜਾਵੇ, ਇਹ ਉਤਨੀ ਉਂਚੀ ਭੁੜਕਦੀ ਹੈ। ਇਸ ਤਰ੍ਹਾਂ ਸਿੱਖਾਂ ਪਰ ਜਿਤਨੀਆਂ ਸਖ਼ਤੀਆਂ ਹੁੰਦੀਆਂ, ਇਹ ਉਤਨੇ ਹੀ ਜ਼ੋਰ ਨਾਲ ਉਭਰਦੇ ਤੇ ਲਹਿਰ ਤੇਜ਼ ਹੁੰਦੀ ਚਲੀ ਜਾਂਦੀ।

ਪਹਿਲੇ ਜਥੇ ਦੀ ਅਗਵਾਈ ਸ. ਊਧਮ ਸਿੰਘ ਨਾਗੋਕੇ ਨੇ ਕੀਤੀ। ਪਹਿਲੇ ਜਥੇ ਤੇ ਗੋਲੀ ਚੱਲਣ ਨਾਲ ਦਰਜਨਾਂ ਸ਼ਹੀਦੀਆਂ ਤੇ ਬੇਹਿਸਾਬ ਸਿੱਖਾਂ ਦੇ ਜ਼ਖ਼ਮੀ ਹੋਣ ਦੇ ਬਾਵਜੂਦ ਸਿੱਖਾਂ ਵਿੱਚ ਜੋਸ਼ ਵਧਦਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੂਜਾ ਜਥਾ ਭੇਜਣ ਦਾ ਐਲਾਨ ਕਰ ਦਿੱਤਾ। ਹਿੰਦੂ ਆਗੂ ਲਾਲਾ ਲਾਜਪਤ ਰਾਏ ਤੇ ਮਹਾਤਮਾ ਗਾਂਧੀ ਨੇ ਇਸ ਜਥੇ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਪਰ ਸ਼੍ਰੋਮਣੀ ਕਮੇਟੀ ਨੇ ਜਥਾ ਹਰ ਹਾਲ ਵਿੱਚ ਭੇਜਣ ਦਾ ਐਲਾਨ ਕਰ ਦਿੱਤਾ। ਸਿੱਖਾਂ ਦੇ ਹੌਂਸਲੇ ਬ-ਦਸਤੂਰ ਕਾਇਮ ਰਹੇ। ਸਿੱਖ ਨੌਜਵਾਨ ਤੇ ਬੱਚੇ ਅਕਸਰ ਇਹ ਗਾਉਂਦੇ ਸੁਣੇ ਜਾਂਦੇ ਸਨ: "ਨਾਭੇ ਜ਼ਰੂਰ ਜਾਵਾਂਗਾ, ਭਾਵੇਂ ਸਿਰ ਕਟ ਜਾਵੇ ਮੇਰਾ।"

ਜੈਤੋ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੇ ਸਿੱਖਾਂ ਵਿੱਚ ਇੱਕ ਨਵੀਂ ਰੂਹ ਭਰ ਦਿੱਤੀ। ਗੁਰਸਿੱਖਾਂ ਦੇ ਮਨ ਵਿੱਚ "ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ" ਤੇ "ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ-- ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ" ਵਾਲੀ ਅਵਸਥਾ ਹੋ ਗਈ ਸੀ। ਇੱਕ ਜਥਾ ਅਜੇ ਜਾਂਦਾ ਤੇ ਦੂਜਾ ਤਿਆਰ ਹੋ ਜਾਂਦਾ। ਇਸ ਤਰ੍ਹਾਂ ਸਿੱਖਾਂ ਦੇ ਵਾਰੀ-ਵਾਰੀ ਸੋਲ੍ਹਾਂ ਜਥੇ ਜੈਤੋ ਵੱਲ ਰਵਾਨਾ ਹੋਏ। ਸਿਰਫ਼ ਪੰਜਾਬ ਵਿੱਚ ਹੀ ਨਹੀਂ, ਪੰਜਾਬ ਤੋਂ ਬਾਹਰ ਦੇ ਸਿੱਖਾਂ ਵਿੱਚ ਵੀ ਅਥਾਹ ਜੋਸ਼ ਸੀ। ਸਿੰਘਾਂ ਦਾ ਇੱਕ ਜਥਾ ਮੋਰਚੇ ਵਿੱਚ ਭਾਗ ਲੈਣ ਲਈ ਵੈਨਕੂਵਰ ਤੋਂ ਚੱਲਿਆ। ਕੈਨੇਡਾ ਤੋਂ ਆਏ ਜਥੇ ਨੇ ਜੈਤੋ ਦੇ ਮੋਰਚੇ ਨੂੰ ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਦਾਨ ਕੀਤੀ। ਵੈਨਕੂਵਰ ਮਾਰਨਿੰਗ ਸੰਨ ਅਖ਼ਬਾਰ ਦੇ 22 ਜੁਲਾਈ ਨੂੰ ਪਹਿਲੇ ਸਫੇ ਤੇ ਇਨ੍ਹਾਂ 11 ਸਿੱਖਾਂ ਦੀ ਫੋਟੋ ਛਪੀ। ਇਕੋ ਜਿਹੇ ਜੁਆਨਾਂ ਦੀ ਤਸਵੀਰ ਦਾ ਸਿਰਲੇਖ ਸੀ- ਨਵੇਂ ਜਹਾਦ ਲਈ ਹਿੰਦੁਸਤਾਨ ਨੂੰ ਚਾਲੇ। ਇਨ੍ਹਾਂ ਦਾ ਇਰਾਦਾ ਹਿੰਦੁਸਤਾਨ ਪੁੱਜ ਕੇ ਧਾਰਮਿਕ ਅਜ਼ਾਦੀ ਲਈ ਜੰਗ ਕਰਨਾ ਸੀ। ਜਦ ਜਥਾ ਸ਼ੰਘਾਈ ਪੁੱਜਾ ਤਾਂ ਉਥੋਂ ਵੀ 13 ਸਿੰਘ ਇਨ੍ਹਾਂ ਨਾਲ ਸ਼ਾਮਲ ਹੋ ਗਏ। ਇਸ ਜਥੇ ਦਾ ਕਲਕੱਤੇ ਵਿੱਚ ਬੜਾ ਸ਼ਾਨਦਾਰ ਸਵਾਗਤ ਕੀਤਾ ਗਿਆ। ਕਲਕੱਤੇ ਤੋਂ ਚੱਲ ਕੇ ਇਹ ਜਥਾ ਪਟਨਾ ਸਾਹਿਬ, ਬਨਾਰਸ, ਅਲਾਹਾਬਾਦ, ਲਖਨਊ, ਦਿੱਲੀ ਤੇ ਸਹਾਰਨਪੁਰ ਪ੍ਰਚਾਰ ਕਰਦਾ ਹੋਇਆ 15 ਜੁਲਾਈ ਨੂੰ ਅੰਮ੍ਰਿਤਸਰ ਪੁੱਜਾ। 27 ਅਪ੍ਰੈਲ, 1925 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 101 ਸਿੰਘਾਂ ਦਾ ਸਪੈਸ਼ਲ ਜਥਾ ਜੈਤੋ ਨੂੰ ਰਵਾਨਾ ਹੋਇਆ। ਇਹ ਜਥਾ ਗੱਡੀ ਰਾਹੀਂ ਲਾਇਲਪੁਰ ਪੁੱਜਿਆ। ਇਹ ਅਜੇ ਰਸਤੇ ਵਿੱਚ ਪ੍ਰਚਾਰ ਹੀ ਕਰ ਰਿਹਾ ਸੀ ਕਿ ਪਤਾ ਲੱਗਾ ਕਿ ਸਰਕਾਰ ਨੇ ਅਖੰਡ ਪਾਠ ਸੰਬੰਧੀ ਹਰ ਤਰ੍ਹਾਂ ਦੀ ਪਾਬੰਦੀ ਉਠਾ ਲਈ ਹੈ। ਇਸ ਜਥੇ ਨੇ ਪਹਿਲਾ ਅਖੰਡ ਪਾਠ ਆਰੰਭ ਕੀਤਾ। ਦਰਅਸਲ ਇਸ ਦੌਰਾਨ ਗੁਰਦੁਆਰਾ ਐਕਟ ਬਣਨ ਦੇ ਆਸਾਰ ਪੂਰੀ ਤਰ੍ਹਾਂ ਨਜ਼ਰ ਆ ਰਹੇ ਸਨ। ਜਦ ਗੁਰਦੁਆਰਾ ਐਕਟ ਪੂਰੀ ਤਰ੍ਹਾਂ ਤਿਆਰ ਹੋ ਗਿਆ ਤਾਂ ਹਕੂਮਤ ਨੇ ਅੰਤ ਸਿੱਖਾਂ ਦੀਆਂ ਕੁਰਬਾਨੀਆਂ, ਜੋਸ਼ ਦੇ ਅੱਗੇ ਹਥਿਆਰ ਸੁੱਟ ਦਿੱਤੇ ਤੇ ਅਖੰਡ ਪਾਠ ਤੇ ਲਗਾਈਆਂ ਗਈਆਂ ਸਾਰੀਆਂ ਪਾਬੰਦੀਆਂ ਉਠਾ ਲਈਆਂ ਤੇ ਅਕਾਲੀ ਕੈਦੀਆਂ ਦੀ ਰਿਹਾਈ ਦੇ ਹੁਕਮ ਦੇ ਦਿੱਤੇ। ਇਸ ਨਾਲ ਜੈਤੋ ਵਿੱਚ 101 ਪਾਠਾਂ ਦੀ ਲੜੀ ਸ਼ੁਰੂ ਹੋ ਗਈ। ਇਹ ਸਾਰੇ ਪਾਠ 7 ਅਗਸਤ, 1925 ਦੇ ਦਿਨ ਸਮਾਪਤ ਹੋਏ।

ਜਿਸ ਸਮੇਂ ਇਹ ਸਾਰੇ ਜਥੇ ਰਿਹਾਅ ਹੋ ਕੇ ਟਿੱਬੀ ਸਾਹਿਬ ਜੈਤੋ ਪੁੱਜੇ ਤਾਂ ਉਥੇ ਅਖੰਡ ਪਾਠਾਂ ਦੀ ਸਮਾਪਤੀ ਤੋਂ ਬਾਅਦ ਫਤਹਿ ਦਾ ਸ਼ਾਨਦਾਰ ਦੀਵਾਨ ਹੋਇਆ। ਪੰਥ ਦੇ ਸਾਰੇ ਲੀਡਰ ਉਥੇ ਪੁੱਜੇ ਹੋਏ ਸਨ। ਫਤਹਿ ਦਾ ਦੀਵਾਨ ਕਰਕੇ ਸਾਰੇ ਜਥਿਆਂ ਨੂੰ ਸਪੈਸ਼ਲ ਗੱਡੀਆਂ ਰਾਹੀਂ ਅੰਮ੍ਰਿਤਸਰ ਸਾਹਿਬ ਪੁੱਜਣ ਦਾ ਹੁਕਮ ਹੋਇਆ। ਸਾਰੇ ਜਥਿਆਂ ਨੂੰ ਹਦਾਇਤਾਂ ਜਾਰੀ ਹੋ ਗਈਆਂ ਕਿ ਤਰਨ ਤਾਰਨ ਪੁੱਜਣ ਸਮੇਂ ਉਨ੍ਹਾਂ ਦੇ ਪਾਸ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਪਾਲਕੀ, ਨਿਸ਼ਾਨ ਸਾਹਿਬ ਤੇ ਉਹ ਸਾਰਾ ਸਾਮਾਨ ਹੋਣਾ ਚਾਹੀਦਾ ਹੈ, ਜੋ ਅੰਮ੍ਰਿਤਸਰ ਸਾਹਿਬ ਤੋਂ ਜਥੇ ਰਵਾਨਾ ਹੋਣ ਸਮੇਂ ਉਨ੍ਹਾਂ ਨੂੰ ਦਿੱਤਾ ਜਾਂਦਾ ਸੀ। 19 ਪਾਲਕੀਆਂ, ਇੱਕ ਸੌ ਤੋਂ ਵੱਧ ਨਿਸ਼ਾਨ ਸਾਹਿਬ ਤੇ ਬਹੁਤ ਸਾਰੀਆਂ ਕਿਰਪਾਨਾਂ ਆਦਿ ਹੋਰ ਸਾਮਾਨ ਜੋ ਖੋਹਿਆ ਗਿਆ ਸੀ, ਉਹ ਵੀ ਸਰਕਾਰ ਵੱਲੋਂ ਵਾਪਸ ਦੇ ਦਿੱਤਾ ਗਿਆ।

ਇਸ ਮੋਰਚੇ ਦੀ ਜਿੱਤ ਦੀ ਖੁਸ਼ੀ ਵਿੱਚ ਸਾਰੇ ਪਾਸੇ ਵਧਾਈ ਦੀਆਂ ਤਾਰਾਂ ਖੜਕ ਗਈਆਂ। ਜਿੱਤ ਦੀ ਖੁਸ਼ੀ ਵਿੱਚ ਬਹੁਤ ਵੱਡਾ ਜਲੂਸ ਕੱਢਿਆ ਗਿਆ।

19 ਅਗਸਤ, 1925 ਨੂੰ ਮਿਥੇ ਪ੍ਰੋਗਰਾਮ ਅਨੁਸਾਰ "ਜੇਤੂ ਫੌਜਾਂ" ਤਰਨ ਤਾਰਨ ਤੋਂ ਪੈਦਲ ਚੱਲ ਕੇ ਅੰਮ੍ਰਿਤਸਰ ਪੁੱਜੀਆਂ। ਅਗਲੇ ਦਿਨ ਉਨ੍ਹਾਂ ਨੂੰ ਸਿਰੋਪਾਉ ਤੇ ਮਾਣ-ਪੱਤਰ ਦਿੱਤੇ ਗਏ ਤੇ ਇਸ ਤਰ੍ਹਾਂ ਨਾਲ ਜੈਤੋ ਦਾ ਮੋਰਚਾ ਫਤਹਿ ਹੋ ਗਿਆ। ਰਿਹਾਅ ਹੋਏ ਸਿੰਘਾਂ ਦਾ ਥਾਂ-ਥਾਂ ਤੇ ਸੁਆਗਤ ਕੀਤਾ ਗਿਆ। ਇਹ ਪੰਥ ਦੀ ਬੜੀ ਵੱਡੀ ਜਿੱਤ ਸੀ।

ਹੋਰ ਦੇਖੋ

ਸੋਧੋ

ਮੋਰਚਾ ਗੰਗਸਰ ਜੈਤੋ

ਸਹਾਇਕ ਪੁਸਤਕਾਂ:

ਸੋਧੋ
  • ਅਕਾਲੀ ਮੋਰਚਿਆਂ ਦਾ ਇਤਿਹਾਸ ਸੋਹਨ ਸਿੰਘ ਜੋਸ਼
  • ਜੈਤੋ ਮੋਰਚੇ ਦਾ ਅੱਖੀਂ ਡਿੱਠਾ ਹਾਲ ਜਥੇਦਾਰ ਊਧਮ ਸਿੰਘ ਵਰਪਾਲ
  • ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਬਣੀ? ਡਾ. ਹਰਜਿੰਦਰ ਸਿੰਘ ਦਿਲਗੀਰ
  • ਸ਼੍ਰੋਮਣੀ ਅਕਾਲੀ ਦਲ ਡਾ. ਹਰਜਿੰਦਰ ਸਿੰਘ ਦਿਲਗੀਰ
  • ਗੁਰਦੁਆਰਾ ਸੁਧਾਰ ਅਰਥਾਤ ਅਕਾਲੀ ਲਹਿਰ ਗਿਆਨੀ ਪ੍ਰਤਾਪ ਸਿੰਘ
  • ਮਾਲਵਾ ਇਤਿਹਾਸ ਬਾਬਾ ਵਿਸਾਖਾ ਸਿੰਘ

ਹਵਾਲੇ

ਸੋਧੋ