ਮੋਹਨ ਸਿੰਘ ਦੀਵਾਨਾ (17 ਮਾਰਚ 1899 - 1984) ਪੰਜਾਬੀ ਸਾਹਿਤ ਦੇ ਆਲੋਚਕ, ਪਹਿਲੇ ਇਤਿਹਾਸਕਾਰ ਅਤੇ ਕਵੀ-ਕਹਾਣੀਕਾਰ ਸਨ। ਉਹ ਪੰਜਾਬੀ ਦੇ ਸਾਹਿਤ ਦੇ ਇਤਿਹਾਸ ਦੀ ਪਹਿਲੀ ਠੇਠ ਖੋਜ ਲਈ ਜਾਣੇ ਜਾਂਦੇ ਹਨ। ਉਹਦੀ ਪੁਸਤਕ ਪੰਜਾਬੀ ਸਾਹਿਤ ਦਾ ਇਤਿਹਾਸ[1][2](1933) ਉਸਦੇ ਡਾਕਟਰੇਟ ਦੇ ਖੋਜ-ਪੱਤਰ ਤੇ ਅਧਾਰਤ ਸੀ। ਉਸਨੇ ਅੰਗਰੇਜ਼ੀ ਐਮ. ਏ., ਉਰਦੂ ਡਾਕਟਰੇਟ ਤੇ ਪੰਜਾਬੀ ਦੀ ਡੀ.ਲਿਟ ਕੀਤੀ ਹੋਈ ਸੀ। ਇਨ੍ਹਾਂ ਭਾਸ਼ਾਵਾਂ ਤੋਂ ਬਿਨਾਂ ਉਹ ਸੰਸਕ੍ਰਿਤ, ਪ੍ਰਾਕ੍ਰਿਤ, ਪਾਲੀ, ਹਿੰਦੀ, ਬੰਗਾਲੀ, ਮਰਾਠੀ, ਗੁਜਰਾਤੀ, ਫਾਰਸੀ, ਹਿਬਰੂ, ਜਰਮਨ ਤੇ ਫਰੈਂਚ ਵੀ ਜਾਣਦਾ ਸੀ। ਉਹ ਅੰਗਰੇਜ਼ੀ, ਉਰਦੂ ਅਤੇ ਹਿੰਦੀ ਵਿੱਚ 225 ਪੁਸਤਕਾਂ ਤੇ ਪੈਂਫਲਟਾਂ ਦੇ ਲੇਖਕ ਸਨ। 2013 ਵਿੱਚ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਨੇ ਉਸ ਨੂੰ ਭਾਰਤੀ ਸਾਹਿਤ ਦੇ ਉਸਰਈਆਂ ਵਿੱਚ ਸ਼ਾਮਿਲ ਕੀਤਾ ਹੈ।[3]

ਮੋਹਨ ਸਿੰਘ ਦੀਵਾਨਾ
ਜਨਮ17 ਮਾਰਚ 1899
ਜਿਲਾ ਰਾਵਲਪਿੰਡੀ, ਬਰਤਾਨਵੀ ਪੰਜਾਬ
ਮੌਤ1984 (85 ਸਾਲ)
ਵੱਡੀਆਂ ਰਚਨਾਵਾਂHistory of Panjabi Literature
ਕੌਮੀਅਤਭਾਰਤੀ
ਨਾਗਰਿਕਤਾਭਾਰਤੀ
ਸਿੱਖਿਆਸਾਹਿਤ
ਕਿੱਤਾਲੇਖਕ, ਕਵੀ
ਮੋਹਨ ਸਿੰਘ ਦੀਵਾਨਾ

ਜੀਵਨ ਵੇਰਵਾਸੋਧੋ

ਮੋਹਨ ਸਿੰਘ ਦੀਵਾਨਾ ਦਾ ਜਨਮ 17 ਮਾਰਚ 1899 ਨੂੰ ਜਿਲਾ ਰਾਵਲਪਿੰਡੀ ਵਿੱਚ ਹੋਇਆ। 1912 ਵਿੱਚ ਸੱਯਾਦ ਦੇ ਸਕੂਲ ਤੋਂ ਪੰਜਵੀਂ ਅਤੇ ਸਰਕਾਰੀ ਹਾਈ ਸਕੂਲ ਸਿਆਲਕੋਟ ਤੋਂ ਦਸਵੀਂ ਪਾਸ ਕੀਤੀ। 1916 ਵਿੱਚ ਦਿਆਲ ਸਿੰਘ ਕਾਲਜ ਲਹੌਰ ਤੋਂ ਇੰਟਰ ਕਰਕੇ ਸਰਕਾਰੀ ਕਾਲਜ ਲਾਹੌਰ ਤੋਂ ਅੰਗਰੇਜ਼ੀ ਆਨਰਜ਼ ਨਾਲ ਬੀਏ ਕਰ ਲਈ।[4]

ਸਾਹਿਤ ਇਤਿਹਾਸਕਾਰੀਸੋਧੋ

"ਡਾ. ਮੋਹਨ ਸਿੰਘ ਦੀਵਾਨਾ ਪੰਜਾਬੀ ਦਾ ਪਹਿਲਾ ਪ੍ਰਮਾਣਿਕ ਇਤਿਹਾਸਕਾਰ ਸੀ।"[5] ਡਾ. ਮੋਹਨ ਸਿੰਘ ਦੀਵਾਨਾ ਪ੍ਰਮਾਣਿਕ ਇਸ ਲਈ ਸੀ ਕਿਉਂਕਿ ਇਸ ਤੋਂ ਬਾਵਾ ਬੁੱਧ ਸਿੰਘ, ਮੀਰ ਕਿਰਾਮਤੁੱਲਾ ਅਤੇ ਮੌਲਾ ਬਖ਼ਸ਼ ਕੁਸ਼ਤਾ ਆਦਿ ਨੇ ਕੁੱਝ ਵਿਸ਼ੇਸ਼ ਕਾਰਜ ਕੀਤੇ ਸਨ। ਪਰੰਤੂ ਇਨ੍ਹਾਂ ਸਭ ਵਿਚ ਨਾਂ ਤਾਂ ਉਹ ਸੰਪੂਰਨਤਾ ਸੀ ਨਾ ਗੋਲਾਈ ਸੀ, ਜੋ ਡਾ. ਮੋਹਨ ਸਿੰਘ ਦੇ ਰਚੇ ਪੰਜਾਬੀ ਸਾਹਿਤ ਵਿਚ ਸੀ ਅਤੇ ਨਾ ਹੀ ਉਹ ਕਾਰਜ ਇਕ ਸੰਪੂਰਨ ਇਕਾਈ ਵਜੋਂ ਦੀਰਘ ਦ੍ਰਿਸ਼ਟੀਕੋਣ ਨੂੰ ਮੁੱਖ ਰੱਖ ਕੇ ਕੀਤਾ ਗਿਆ ਸੀ ਪਰੰਤੂ ਡਾ. ਮੋਹਨ ਸਿੰਘ ਨੇ ਇਨ੍ਹਾਂ ਦੀਆਂ ਪੁਸਤਕਾਂ ਵਿਚ ਅਸਾਧਾਰਨ ਪ੍ਰਬੁੱਧਤਾ ਅਤੇ ਇਕ ਪਰਪੱਕ ਤੇ ਪ੍ਰਮਾਣਿਕ ਦ੍ਰਿਸ਼ਟੀਕੋਣ ਨੂੰ ਪ੍ਰਸਤੁਤ ਕਰਨ ਦਾ ਯਤਨ ਕੀਤਾ ਹੈ। "ਡਾ. ਮੋਹਨ ਸਿੰਘ ਦੀਵਾਨਾ ਨੇ ਨਾ ਕੇਵਲ ਤੱਥਾਂ ਨੂੰ ਕਾਲ ਕ੍ਰਮ ਸਜੀਵ ਵਰਤਾਰੇ ਵਿਚ ਸੰਗਠਿਤ ਕੀਤਾ ਹੈ, ਸਗੋਂ ਪ੍ਰਮੁੱਖ ਸਾਹਿਤਕਾਰਾਂ ਅਤੇ ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ, ਉਨ੍ਹਾਂ ਦੇ ਉਥਾਨ ਤੇ ਵਿਕਾਸ ਸੰਬੰਧੀ ਲੋੜੀਂਦੇ ਸਮਾਜਿਕ, ਇਤਿਹਾਸਕ ਤੇ ਸਾਂਸਕ੍ਰਿਤਿਕ ਪਿਛੋਕੜ ਵਿਚ ਆਪਣੀਆਂ ਵਡਮੁੱਲੀਆਂ ਟਿੱਪਣੀਆਂ ਵੀ ਕੀਤੀਆਂ ਹਨ ਅਤੇ ਉਨ੍ਹਾਂ ਵਿਚ ਤੁਲਨਾਤਮਿਕ ਗਿਆਨ ਤੇ ਅਧਿਐਨ ਨੂੰ ਵੀ ਸਨਮੁੱਖ ਰੱਖਿਆ ਹੈ। ਇਨ੍ਹਾਂ ਰਚਨਾਵਾਂ ਦਾ ਮਹੱਤਵ ਜਿੱਥੇ ਇਤਿਹਾਸਕ ਹੈ ਉੱਥੇ ਚਿਰ-ਚਾਲਕ ਵੀ ਹੈ।"[6] ਡਾ. ਮੋਹਨ ਸਿੰਘ ਦੀਵਾਨਾ ਨੇ ਪਹਿਲੀ ਵਾਰ ਪੰਜਾਬੀ ਸਾਹਿਤ ਦੀ ਇਤਿਹਾਸਕ ਵਿਕਾਸ ਗਤੀ ਨੂੰ ਸਮਝਣ ਦਾ ਉੱਦਮ ਕੀਤਾ ਅਤੇ ਇਤਿਹਾਸਕਾਰੀ ਦਾ ਮਾਡਲ ਪੇਸ਼ ਕੀਤਾ ਹੈ। ਡਾ. ਹਰਿਭਜਨ ਸਿੰਘ ਭਾਟੀਆ ਦੇ ਅਨੁਸਾਰ, “ਉਸ ਪਾਸ ਸਾਹਿਤ ਇਤਿਹਾਸਕਾਰੀ ਦਾ ਸਿਧਾਂਤਕ ਚੌਖਟਾ ਮੌਜੂਦ ਸੀ, ਜਿਸ ਦੀ ਸਹਾਇਤਾ ਨਾਲ ਉਸ ਪੰਜਾਬੀ ਸਾਹਿਤ ਪ੍ਰਵਾਹ ਦੀ ਪਛਾਣ ਕਰਦੇ ਹੋਏ ਪੰਜਾਬੀ ਸਾਹਿਤ ਦੇ ਮਹਾਂ ਦ੍ਰਿਸ਼ ਨੂੰ ਉਲੀਕਿਆ। ਉਸ ਦੇ ਯਤਨਾਂ ਸਦਕਾ ਇਤਿਹਾਸਕਾਰੀ ਦੇ ਅਨੁਸ਼ਾਸਨ ਨੂੰ ਪਹਿਲੀ ਵਾਰ ਇਕ ਖ਼ੁਦਮੁਖ਼ਤਾਰ ਜਾਂ ਸੁਤੰਤਰ ਅਨੁਸ਼ਾਸਨ ਦਾ ਰੁਤਬਾ ਹਾਸਲ ਕੀਤਾ।”[7] ਉਸ ਨੇ ਆਪਣੇ ਸਾਹਿਤ ਅਧਿਐਨ ਕਾਰਜ ਵਿਚ ਬੇਸ਼ੱਕ ਪੰਜਾਬੀ ਸਾਹਿਤ ਦੇ ਇਤਿਹਾਸ ਦੇ ਆਦਿ, ਮੱਧ ਅਤੇ ਵਰਤਮਾਨ ਨੂੰ ਇਕ ਨਿਰੰਤਰਤਾ ਜਾਂ ਇਕਾਈ ਵਜੋਂ ਗ੍ਰਹਿਣ ਕਰਨ ਦਾ ਉੱਦਮ ਕੀਤਾ, ਪਰੰਤੂ ਆਦਿ ਕਾਲੀਨ ਪੰਜਾਬੀ ਸਾਹਿਤ ਦੇ ਵਿਭਿੰਨ ਪੱਖਾਂ ਦਾ ਅਧਿਐਨ ਉਸ ਦੀ ਗਿਣਨ ਯੋਗ ਪ੍ਰਾਪਤੀ ਹੈ। ਡਾ. ਮੋਹਨ ਸਿੰਘ ਦੀਵਾਨਾ ਪੂਰਵ ਨਾਨਕ ਕਾਲ ਤੋਂ ਆਧੁਨਿਕ ਕਾਲ ਨੂੰ ਆਪਣੇ ਇਤਿਹਾਸਾਂ ਵਿਚ ਹੇਠ ਲਿਖੇ ਅਨੁਸਾਰ ਸਮੋਇਆ ਹੈ:-

ਏ ਹਿਸਟਰੀ ਆਫ਼ ਪੰਜਾਬੀ ਲਿਟਰੇਚਰਸੋਧੋ

 • ਪੂਰਵ ਨਾਨਕ ਕਾਲ:- 1450 ਈ. ਤੋਂ ਪਹਿਲਾਂ
 • ਨਾਨਕ ਕਾਲ:- 1450 ਈ. ਤੋਂ 1750 ਈ. ਤਕ
 • ਪਿਛਲਾ ਮੁਗ਼ਲ ਕਾਲ:- 1700 ਈ. ਤੋਂ 1800 ਈ. ਤਕ
 • ਰਣਜੀਤ ਸਿੰਘ ਕਾਲ:- 1800 ਈ. ਤੋਂ 1850 ਈ. ਤਕ
 • ਬਰਤਾਨਵੀ ਕਾਲ:- 1850 ਈ. ਅੱਗੇ।[8]

ਐਨ ਇੰਟਰੋਡਕਸ਼ਨ ਟੂ ਪੰਜਾਬੀ ਲਿਟਰੇਚਰਸੋਧੋ

ਇਸ ਪੁਸਤਕ ਵਿਚ ਮੋਹਨ ਸਿੰਘ ਦੀਵਾਨਾ ਨੇ ਕਾਲ ਵਕਫ਼ਾ ਤਾਂ ਉਹੀ ਰੱਖਿਆ ਹੈ ਪਰੰਤੂ ਨਾਮਕਰਨ ਤਬਦੀਲ ਕਰ ਦਿੱਤਾ ਹੈ, ਜੋ ਹੇਠ ਲਿਖੇ ਅਨੁਸਾਰ ਹੈ:-

 • ਗੋਰਖ ਨਾਥ ਕਾਲ:- 1450 ਈ. ਤੋਂ ਪਹਿਲਾਂ
 • ਨਾਨਕ ਕਾਲ :- 1450 ਈ. ਤੋਂ 1700 ਈ. ਤਕ
 • ਪ੍ਰੇਮ ਸੁਮਾਰਗ ਕਾਲ:- 1700 ਈ. ਤੋਂ 1800 ਈ. ਤਕ
 • ਕਾਦਰਯਾਰ ਕਾਲ:- 1800ਈ. ਤੋਂ 1850 ਈ. ਤਕ
 • ਪਰਿਵਰਤਨ ਕਾਲ:- 1850 ਈ. ਤੋਂ ਅੱਗੇ।[9]

ਪੰਜਾਬੀ ਅਦਬ ਦੀ ਮੁਖ਼ਤਸਰ ਤਵਾਰੀਖ਼ਸੋਧੋ

ਇਸ ਪੁਸਤਕ ਵਿਚ ਡਾ. ਮੋਹਨ ਸਿੰਘ ਦੀਵਾਨਾ ਨੇ ਨਾਮਕਰਨ ਅਤੇ ਕਾਲ ਵੰਡ ਵਿਚ ਕੁੱਝ ਤਬਦੀਲੀ ਕੀਤੀ ਹੈ ਜੋ ਹੇਠ ਲਿਖੇ ਅਨੁਸਾਰ ਹੈ:-

 • ਨਾਥਾਂ ਜੋਗੀਆਂ ਦਾ ਕਾਲ:- 850 ਈ. ਤੋਂ 1540 ਈ. ਤਕ
 • ਜਗਤ ਗੁਰੂ ਨਾਨਕ ਦਾ ਅਹਿਦ:- 1540 ਈ. ਤੋਂ 1708 ਈ. ਤਕ
 • ਦੂਜਾ ਮੁਗ਼ਲਈ ਕਾਲ ਜਾਂ ਵਾਰਿਸ ਸ਼ਾਹ ਕਾਲ:- 1708 ਈ. ਤੋਂ 1800 ਈ. ਤਕ
 • ਰਣਜੀਤ ਸਿੰਘ ਕਾਲ:- 1800 ਈ. ਤੋਂ 1850 ਈ. ਤਕ
 • ਬਰਤਾਨਵੀ ਕਾਲ ਜਾਂ ਆਧੁਨਿਕ ਕਾਲ ਜਾਂ ਭਾਈ ਵੀਰ ਕਾਲ:-1850 ਈ. ਤੋਂ ਅੱਗੇ।[10]

ਡਾ. ਮੋਹਨ ਸਿੰਘ ਦੀਵਾਨਾ ਦੀ ਸਾਹਿਤ ਇਤਿਹਾਸਕਾਰੀ ਦੀ ਸਾਰਥਿਕਤਾਸੋਧੋ

 1. ਤੱਥ ਮੂਲਕ ਸਮਗਰੀ ਪੱਖੋਂ ਡਾ. ਮੋਹਨ ਸਿੰਘ ਦੀਵਾਨਾ ਦੇ ਅਗਲੇ ਇਤਿਹਾਸਕਾਰ ਉਸੇ ਦਾ ਹੀ ਅਨੁਕਰਨ ਕਰਦੇ ਦਿਖਾਈ ਦਿੰਦੇ ਹਨ। ਵਿਆਪਕ ਤੱਥ ਮੂਲਕ ਸਮਗਰੀ ਹੋਣ ਕਰਕੇ ਉਸ ਦੁਆਰਾ ਕੀਤਾ ਕਾਰਜ ਇਤਿਹਾਸਕ ਮਹੱਤਵ ਦਾ ਧਾਰਨੀ ਹੈ।
 2. ਬਰਤਾਨਵੀ ਸਾਮਰਾਜ ਜਾਂ ਗ਼ੁਲਾਮੀ ਦੇ ਦੌਰ ਵਿਚ ਉਸ ਦੁਆਰਾ ਅੰਗਰੇਜ਼ੀ ਭਾਸ਼ਾ ਵਿਚ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣਾ ਅਸਾਧਾਰਨ ਅਤੇ ਇਤਿਹਾਸਕ ਮੁੱਲ ਦੀ ਧਾਰਨੀ ਘਟਨਾ ਹੈ।
 3. ਆਪਣੇ ਇਨ੍ਹਾਂ ਕਾਰਜਾਂ ਵਿਚ ਉਹ ਇਤਿਹਾਸਕਾਰੀ ਲਈ ਇਕ ਵੱਖਰਾ, ਤਕਨੀਕੀ ਅਤੇ ਸੰਕਲਪੀ ਮੁਹਾਵਰਾ ਸਿਰਜਦਾ ਹੈ।
 4. ਆਪਣੀਆਂ ਬਹੁਤ ਸਾਰੀਆਂ ਪਹਿਲ ਕਦਮੀਆਂ ਅਤੇ ਇਤਿਹਾਸਕ ਪ੍ਰਾਪਤੀਆਂ ਦੇ ਨਾਲ-ਨਾਲ ਉਸ ਦੁਆਰਾ ਕੀਤਾ ਕਾਰਜ ਆਪਣੀਆਂ ਸੀਮਾਵਾਂ ਨੂੰ ਵੀ ਸਿਰਜਦਾ ਹੈ।[11]

ਰਚਨਾਵਾਂਸੋਧੋ

ਕਾਵਿ-ਸੰਗ੍ਰਹਿਸੋਧੋ

 • ਧੁੱਪ ਛਾਂ (1935)
 • ਨੀਲ ਧਾਰਾ (1932)
 • ਜਗਤ ਤਮਾਸ਼ਾ (1942)
 • ਨਿਰੰਕਾਰੀ ਸਾਖੀਆਂ[12](1943)
 • ਪਤਝੜ[13] (1944)
 • ਮਸਤੀ (ਪਹਿਲਾ ਭਾਗ 1946)
 • ਮਸਤੀ (1949)
 • ਸੋਮਰਸ (1954)

ਕਹਾਣੀ ਸੰਗ੍ਰਹਿਸੋਧੋ

 • ਦਵਿੰਦਰ ਬਤੀਸੀ
 • ਪਰਾਂਦੀ
 • ਰੰਗ ਤਮਾਸੇ

ਹੋਰਸੋਧੋ

 • ਜਪੁ ਨਿਰੀਖਣ ਅਤੇ ਪੰਜਾਬੀ ਭਾਖਾ ਵਿਗਿਆਨ[14]
 • ਜਤਿੰਦਰ ਸਾਹਿਤ ਸਰੋਵਰ[15]

ਹਵਾਲੇਸੋਧੋ

 1. Encyclopaedia of Indian Literature: page 811
 2. http://books.google.co.in/books/about/A_History_of_Punjabi_literature.html?id=srBjAAAAMAAJ
 3. 'ਨਿੱਕ ਸੁੱਕ, ਖੂੰਜੇ ਲੱਗਿਆ ਦੀਵਾਨਾ
 4. Dr. Mohan Singh Uberoi Diwana: Bibliography, Brief Chronological ...
 5. ਡਾ. ਹਰਿਭਜਨ ਸਿੰਘ ਭਾਟੀਆ, ਸੰਵਾਦ: ਪੁਨਰ-ਸੰਵਾਦ, ਪੰਨਾ 238
 6. ਬਿਕਰਮ ਸਿੰਘ ਘੁੰਮਣ ਤੇ ਹਰਿਭਜਨ ਸਿੰਘ ਭਾਟੀਆ, ਪੰਜਾਬੀ ਸਾਹਿਤ ਦੀ ਇਤਿਹਾਸਕਾਰੀ (ਜਿਲਦ ਦੂਜੀ), ਪੰਨਾ 44
 7. ਡਾ. ਹਰਿਭਜਨ ਸਿੰਘ ਭਾਟੀਆ, ਸੰਵਾਦ: ਪੁਨਰ-ਸੰਵਾਦ, ਪੰਨਾ 238
 8. ਡਾ. ਮੋਹਨ ਸਿੰਘ ਦੀਵਾਨਾ, ਏ ਹਿਸਟਰੀ ਆਫ਼ ਪੰਜਾਬੀ ਲਿਟਰੇਚਰ
 9. ਡਾ. ਮੋਹਨ ਸਿੰਘ ਦੀਵਾਨਾ, ਐਨ ਇੰਟਰੋਡਕਸ਼ਨ ਟੂ ਪੰਜਾਬੀ ਲਿਟਰੇਚਰ
 10. ਡਾ. ਮੋਹਨ ਸਿੰਘ ਦੀਵਾਨਾ, ਪੰਜਾਬੀ ਅਦਬ ਦੀ ਮੁਖ਼ਤਸਰ ਤਵਾਰੀਖ਼
 11. ਡਾ. ਹਰਿਭਜਨ ਸਿੰਘ ਭਾਟੀਆ, ਸੰਵਾਦ: ਪੁਨਰ-ਸੰਵਾਦ, ਪੰਨਾ 246
 12. http://webopac.puchd.ac.in/w27/Result/Dtl/w21OneItem.aspx?xC=288848
 13. http://webopac.puchd.ac.in/w27/Result/Dtl/w21OneItem.aspx?xC=290470
 14. http://webopac.puchd.ac.in/w27/Result/w27AcptRslt.aspx?AID=854282&xF=T&xD=0&nS=2
 15. Sant Singh Sekhon, Tejwant Singh Gill (2005). Sant Singh Sekhon: Selected Writings. Sahitya Akademi. p. 507.