ਰਾਜਾ ਪੋਰਸ (ਅੰਗ੍ਰੇਜੀ :Porus, ਰਾਜਾ ਪੁਰੂ ਜਾਂ ਰਾਜਾ ਪਾਰਸ) ਪੌਰਵ ਰਾਸ਼ਟਰ ਦਾ ਰਾਜਾ ਸੀ। ਜਿਨ੍ਹਾਂ ਦਾ ਸਾਮਰਾਜ ਪੰਜਾਬ ਵਿੱਚ ਜਿਹਲਮ ਅਤੇ ਚਨਾਬ ਨਦੀਆਂ ਤੱਕ ਫੈਲਿਆ ਹੋਇਆ ਸੀ। ਉਸਦੀ ਰਾਜਧਾਨੀ ਅਜੋਕੇ ਵਰਤਮਾਨ ਸ਼ਹਿਰ ਲਾਹੌਰ ਦੇ ਕੋਲ ਸਥਿਤ ਰਹੀ ਹੋਵੇਗੀ। ਉਹ ਆਪਣੀ ਬਹਾਦੁਰੀ ਲਈ ਪ੍ਰਸਿੱਧ ਸੀ।[3]

ਰਾਜਾ ਪੁਰੂਸ਼ੋਤਮ
ਪੋਰਸ
ਪੋਰਸ (ਹਾਥੀ ਉੱਤੇ) ਅਤੇ ਸਿਕੰਦਰ (ਘੋੜੇ ਉੱਤੇ) ਦੀ ਸਿੱਕੇ ਉੱਤੇ ਲੜਨ ਵਾਲੀ ਤਸਵੀਰ
ਸ਼ਾਸਨ ਕਾਲ340–317 ਬੀਸੀਈ
ਪੂਰਵ-ਅਧਿਕਾਰੀਰਾਜਾ ਬਮਨੀ
ਵਾਰਸਮਾਲੇਕਤੂ
ਜਨਮ21 ਜੁਲਾਈ 356 ਬੀਸੀਈ
ਪੌਰਵ ਰਾਸ਼ਟਰ
ਮੌਤਅੰ. 321 – ਅੰ. 315 ਬੀਸੀਈ
ਪੰਜਾਬ
ਸ਼ਾਹੀ ਘਰਾਣਾPaurava / Puru tribe[1][2]
ਪਿਤਾਰਾਜਾ ਬਮਨੀ
ਮਾਤਾਰਾਣੀ ਅਨੁਸੂ੍ਈਆ
ਧਰਮਇਤਿਹਾਸਕ ਵੈਦਿਕ ਧਰਮ
ਸਿਕੰਦਰ ਪੋਰਸ ਦੇ ਅੱਗੇ ਝੁਕਿਆ ਹੋਇਆ।

ਸਿਕੰਦਰ ਯੂਨਾਨ ਦਾ ਰਹਿਣ ਵਾਲਾ ਸੀ ਜੋ ਪੂਰੀ ਦੁਨੀਆਂ ਨੂੰ ਫਤਹਿ ਕਰਨ ਦਾ ਸੁਪਨਾ ਲੈ ਕੇ ਆਪਣੇ ਦੇਸ਼ ਤੋਂ ਤੁਰਿਆ। ਪੇਸ਼ਾਵਰ ਤੇ ਟੈਕਸਲਾ ਦੀਆਂ ਰਿਆਸਤਾਂ ਨੂੰ ਫਤਹਿ ਕਰ ਕੇ ਅੱਗੇ ਉਸ ਦਾ ਪਿੜ ਪੰਜਾਬ ਦੇ ਲੱਜਪਾਲ ਪੁੱਤਰ ਨਾਲ ਪੈ ਗਿਆ। ਇਸ ਪੰਜਾਬੀ ਪੁੱਤਰ ਦਾ ਨਾਂ ਪੋਰਸ ਸੀ। ਇਹ ਵਾਕਿਆ ਈਸਾ ਪੂਰਬ ਦਾ ਹੈ। ਰਾਜਾ ਪੋਰਸ ਨੇ ਸਿਕੰਦਰ ਨੂੰ ਏਨਾ ਔਖਾ ਵਕਤ ਦਿਖਾਇਆ ਕਿ ਉਹ ਅੱਗੇ ਤੁਰਨ ਦੇ ਕਾਬਿਲ ਨਾ ਰਿਹਾ।

ਜਿਸ ਵਕਤ ਸਿਕੰਦਰ ਨੇ ਟੈਕਸਲਾ ਦੀ ਰਿਆਸਤ ਨੂੰ ਜਿੱਤ ਲਿਆ ਤਾਂ ਉਸ ਨੇ ਪੰਜਾਬ ਦੀ ਰਿਆਸਤ ਪਾਰਾਵਤ ਦੇ ਰਾਜਾ ਪੋਰਸ ਨੂੰ ਸੁਨੇਹਾ ਭੇਜਿਅ- ‘ਮੇਰਾ ਇਸਤਕਬਾਲ ਤੂੰ ਟੈਕਸਲਾ ਆ ਕੇ ਕਰ, ਜਾਂ ਫਿਰ ਆਪਣੀ ਰਿਆਸਤ ਮੇਰੇ ਹਵਾਲੇ ਕਰ ਕੇ ਮੇਰੀ ਹੁਕਮਰਾਨੀ ਦਾ ਐਲਾਨ ਕਰ।’ ਪੰਜਾਬ ਦੇ ਗ਼ੈਰਤਮੰਦ ਪੁੱਤਰ ਨੇ ਜਵਾਬ ਦਿੱਤਾ ਜਿਹੜਾ ਤਾਰੀਖ ਦਾ ਹਿੱਸਾ ਬਣ ਗਿਆ- ‘ਸਿਕੰਦਰ ਮੈਂ ਤੇਰਾ ਇਸਤਕਬਾਲ ਜ਼ਰੂਰ ਕਰਾਂਗਾ, ਪਰ ਤਲਵਾਰ ਨਾਲ ਤੇ ਇਹ ਤਲਵਾਰ ਹੀ ਮੇਰੇ ਮੁਲਕ ਦੀ ਕਿਸਮਤ ਦਾ ਫੈਸਲਾ ਕਰੇਗੀ।’

ਰਾਜਾ ਪੋਰਸ ਦੀ ਰਿਆਸਤ ਦਾ ਨਾਂ ਪਾਰਾਵਤ ਸੀ ਜੋ ਦਰਿਆ ਜਿਹਲਮ ਤੇ ਚਨਾਬ ਦੇ ਦਰਮਿਆਨੀ ਇਲਾਕੇ ਵਿਚ ਸੀ। ਪੋਰਸ ਬੜੀ ਅਮੀਰ ਰਿਆਸਤ ਦਾ ਮਾਲਕ ਸੀ ਤੇ ਉਹ ਲੰਮੇ-ਚੌੜੇ ਇਲਾਕੇ ‘ਤੇ ਹੁਕਮਰਾਨੀ ਕਰ ਰਿਹਾ ਸੀ। ਲਹਿੰਦੇ ਪੰਜਾਬ ਦੇ ਮੌਜੂਦਾ ਜ਼ਿਲ੍ਹਾ ਗੁਜਰਾਤ, ਮੰਡੀ ਬਹਾਊਦੀਨ, ਸਰਗੋਧਾ ਤੇ ਕੁਝ ਇਲਾਕਾ ਝੰਗ ਦਾ ਇਸ ਦੀ ਰਿਆਸਤ ਵਿਚ ਸ਼ਾਮਿਲ ਸੀ।

ਪੋਰਸ ਜਿਹਲਮ ਨੇੜੇ ਇਕ ਪਿੰਡ ਵਿਚ ਪੈਦਾ ਹੋਇਆ। ਇਸ ਜਨਮ ਮਿਤੀ ਬਾਰੇ ਕੋਈ ਢੁਕਵੀਂ ਜਾਣਕਾਰੀ ਨਹੀਂ ਮਿਲ ਸਕੀ। ਪੋਰਸ ਹਿੰਦੂ ਧਰਮ ਨੂੰ ਮੰਨਣ ਵਾਲਾ ਸੀ। ਪੋਰਸ ਦਾ ਕੱਦ 7 ਫੁੱਟ 4 ਇੰਚ ਸੀ। ਉਹ ਬੜਾ ਹੀ ਖੂਬਸੂਰਤ ਤੇ ਰੋਅਬ ਵਾਲਾ ਜਵਾਨ ਸੀ। ਇਸ ਮਜ਼ਬੂਤ ਜਿਸਮਾਨੀ ਅਜ਼ਾ ਦੇ ਮਾਲਕ ਪੰਜਾਬੀ ਪੁੱਤਰ ਦਾ ਹਕੂਮਤੀ ਦੌਰ 317 ਈਸਾ ਪੂਰਬ ਦਾ ਹੈ। ਰਾਜਾ ਪੋਰਸ ਨੂੰ ਪੋਰੋ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਜੰਗ-ਏ-ਜਿਹਲਮ (326 ਈਸਾ ਪੂਰਬ) ਜੁਲਾਈ ਮਹੀਨੇ ਲੜੀ ਗਈ। ਲਹਿੰਦੇ ਪੰਜਾਬ ਦੇ ਮੌਜੂਦਾ ਜ਼ਿਲ੍ਹੇ ਮੰਡੀ ਬਹਾਊਦੀਨ ਤੋਂ 10 ਕਿਲੋ ਮੀਟਰ ਦੂਰ ਨਿਕਾਸਾ ਨਾਂ ਦੇ ਪਿੰਡ ਜਿਸ ਦਾ ਮੌਜੂਦਾ ਨਾਂ ਮੌਂਗ ਹੈ, ਸਿਕੰਦਰ ਤੇ ਪੋਰਸ ਦੀਆਂ ਫ਼ੌਜਾਂ ਵਿਚਾਲੇ ਮੈਦਾਨ-ਏ-ਜੰਗ ਬਣਿਆ। ਪੋਰਸ ਦੀਆਂ ਫ਼ੌਜਾਂ ਜਿਹਲਮ ਦਰਿਆ ਦੇ ਪੂਰਬੀ ਕੰਢੇ ਅਤੇ ਸਿਕੰਦਰ ਦੀਆਂ ਪੱਛਮੀ ਕੰਢੇ ‘ਤੇ ਕਸਬਾ ਹਰਨਪੁਰ ਕੋਲ ਮੌਜੂਦ ਸਨ। ਇਥੇ ਮੈਂ ਸਿਕੰਦਰ ਤੇ ਪੋਰਸ ਦੀਆਂ ਫ਼ੌਜਾਂ ਦਾ ਵੇਰਵਾ ਸਾਂਝਾ ਕਰਨਾ ਜ਼ਰੂਰੀ ਹੈ- ਪੋਰਸ ਦੀਆਂ ਫ਼ੌਜਾਂ: 30000 ਪੈਦਲ ਸੈਨਿਕ, 4000 ਘੋੜ ਸਵਾਰ, 200 ਹਾਥੀ, 1000 ਰੱਥ; ਸਿਕੰਦਰ ਦੀਆਂ ਫ਼ੌਜਾਂ: 15000 ਪੈਦਲ ਸੈਨਿਕ, 3000 ਘੋੜ ਸਵਾਰ, 80 ਹਾਥੀ, ਰੱਥ ਕੋਈ ਨਹੀਂ

ਸਿਕੰਦਰ ਨੇ ਹਰਨਪੁਰ ਨੇੜੇ ਜਲਾਲਪੁਰ ਦੇ ਮੁਕਾਮ ਤੋਂ ਜਿਹਲਮ ਨੂੰ ਪਾਰ ਕੀਤਾ ਤੇ ਮੌਜੂਦਾ ਪਿੰਡ ਮੌਂਗ ਪੁੱਜਾ। ਪੋਰਸ ਦੇ ਜਾਸੂਸ ਦਰਿਆ ‘ਤੇ ਪੂਰੀ ਨਿਗਰਾਨੀ ਰੱਖ ਰਹੇ ਸਨ। ਇਸ ਜਾਸੂਸ ਦਸਤੇ ਨੇ ਸਿਕੰਦਰ ਨੂੰ ਦਰਿਆ ਪਾਰ ਕਰਦੇ ਵੇਖ ਲਿਆ। ਇਸ ਦਸਤੇ ਦੀ ਕਮਾਨ ਪੋਰਸ ਦੇ 19 ਸਾਲਾ ਪੁੱਤਰ ਦੇ ਹੱਥ ਸੀ। ਸਿਕੰਦਰ ਦੇ ਦਰਿਆ ਪਾਰ ਕਰਦਿਆਂ ਹੀ ਦੋਹਾਂ ਧਿਰਾਂ ਵਿਚ ਤਕੜੀ ਝੜਪ ਹੋਈ। ਇਸ ਵਿਚ ਸਿਕੰਦਰ ਦਾ ਪਿਆਰਾ ਘੋੜਾ ਬੋਸੀ ਪੌਲਿਸ ਮਾਰਿਆ ਗਿਆ ਜਿਸ ਦੀ ਯਾਦ ਵਿਚ ਉਸ ਨੇ ਫਾਲੀਆ ਸ਼ਹਿਰ ਆਬਾਦ ਕੀਤਾ ਜੋ ਹੁਣ ਮੰਡੀ ਬਹਾਊਦੀਨ ਜ਼ਿਲ੍ਹੇ ਦਾ ਤਹਿਸੀਲ ਹੈੱਡਕੁਆਰਟਰ ਹੈ। ਇਸ ਜੰਗ ਵਿਚ ਸਿਕੰਦਰ ਆਪ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਮੂੰਹ ਪਰਨੇ ਡਿੱਗ ਪਿਆ ਤੇ ਉਸ ਨੂੰ ਉਸ ਦੇ ਸੈਨਿਕਾਂ ਨੇ ਚੁਕਿਆ। ਇਸ ਲੜਾਈ ਵਿਚ ਪੋਰਸ ਦਾ ਜਵਾਨ ਪੁੱਤਰ ਮਾਰਿਆ ਗਿਆ।

ਇਸ ਤੋਂ ਬਾਅਦ ਬਕਾਇਦਾ ਜੰਗ ਸ਼ੁਰੂ ਹੋਈ। ਜੰਗ ਦੌਰਾਨ ਪੋਰਸ ਆਪਣੇ ਵੱਡੇ ਹਾਥੀ ‘ਤੇ ਸਵਾਰ ਸੀ। ਜਦੋਂ ਸਿਕੰਦਰ ਨੇ ਪੋਰਸ ਨੂੰ ਪਹਿਲੀ ਵਾਰ ਤੱਕਿਆ ਤਾਂ ਉਸ ਨੇ ਤਾਰੀਖੀ ਗੱਲ ਕੀਤੀ- ‘ਅੱਜ ਮੇਰੇ ਸਾਹਮਣੇ ਇਹੋ ਜਿਹਾ ਜਵਾਨ ਮੌਜੂਦ ਹੈ ਜਿਹੜਾ ਮੇਰੀ ਹਿੰਮਤ, ਹੌਸਲੇ ਤੇ ਸ਼ਾਨ ‘ਤੇ ਪੂਰਾ ਉਤਰਦਾ ਹੈ। ਮੈਨੂੰ ਅੱਜ ਪੋਰਸ ਦੇ ਬਹਾਦਰ ਸਿਪਾਹੀਆਂ ਤੇ ਵਹਿਸ਼ੀ ਹਾਥੀਆਂ ਦਾ ਮੁਕਾਬਲਾ ਕਰਨਾ ਪਵੇਗਾ।’

ਤਾਰੀਖ ਗਵਾਹ ਹੈ ਕਿ ਇਹ ਜੰਗ ਪਿਛਲੀਆਂ ਜੰਗਾਂ ਤੋਂ ਵੱਧ ਖੂਨੀ ਸੀ। ਇਸ ਦੀ ਵਜ੍ਹਾ ਇਹ ਸੀ ਕਿ ਇਸ ਵਿਚ ਖੂੰਖਾਰ ਹਾਥੀ ਸ਼ਾਮਿਲ ਸਨ। ਸਭ ਤੋਂ ਵੱਡੀ ਝੜਪ ਅੱਠ ਘੰਟੇ ਦੀ ਹੋਈ। ਸਿਕੰਦਰ ਦੀਆਂ ਫ਼ੌਜਾਂ ਦਾ ਵੱਡਾ ਹਿੱਸਾ ਤਬਾਹ ਹੋ ਗਿਆ। ਪੋਰਸ ਨੂੰ ਇਸ ਜੰਗ ਵਿਚ ਨੌਂ ਜ਼ਖ਼ਮ ਲੱਗੇ। ਸਭ ਤੋਂ ਵੱਡਾ ਜ਼ਖ਼ਮ ਉਸ ਦੇ ਸੱਜੇ ਮੋਢੇ ‘ਤੇ ਲੱਗਾ। ਦੋਹੀਂ ਪਾਸੇ ਬੜੀ ਤਬਾਹੀ ਹੋਈ, ਪਰ ਕੋਈ ਵੀ ਹਾਰ ਮੰਨਣ ਲਈ ਤਿਆਰ ਨਹੀਂ ਸੀ। ਹਬਸ਼ੀ ਅਹਿਦਨਾਮੇ ਵਿਚ ਯੂਨਾਨੀ ਫ਼ੌਜਾਂ ਦਾ ਹਸ਼ਰ ਇੰਜ ਲਿਖਿਆ ਹੈ- ‘ਸਿਕੰਦਰ ਦੇ ਫ਼ੌਜੀ ਕੁੱਤਿਆਂ ਵਾਂਗ ਉਚੀ ਉਚੀ ਰੋ ਰੋ ਕੀਰਨੇ ਪਾ ਰਹੇ ਸਨ। ਉਹ ਹਥਿਆਰ ਸੁੱਟ ਕੇ ਪੋਰਸ ਨਾਲ ਮਿਲਣ ਦੀ ਖਾਹਿਸ਼ ਰੱਖਦੇ ਸਨ। ਜਦੋਂ ਸਿਕੰਦਰ ਨੂੰ ਪਤਾ ਲੱਗਾ ਉਹ ਫੌਰਨ ਉਨ੍ਹਾਂ ਕੋਲ ਗਿਆ ਅਤੇ ਉਨ੍ਹਾਂ ਦਾ ਮਾਣ ਵਧਾਇਆ, ਪਰ ਸੱਚੀ ਗੱਲ ਇਹ ਹੈ ਕਿ ਸਿਕੰਦਰ ਆਪ ਵੀ ਥੱਕ ਗਿਆ ਸੀ। ਢਿੱਡੋਂ ਉਹ ਵੀ ਚਾਹੁੰਦਾ ਸੀ ਕਿ ਜੰਗ ਕਿਸੇ ਨਾ ਕਿਸੇ ਤਰ੍ਹਾਂ ਮੁੱਕ ਜਾਵੇ।’

‘ਹਿਸਟਰੀ ਆਫ ਦਿ ਜਿਊਸ’ ਵਿਚ ਯਹੂਦੀ ਇਤਿਹਾਸਕਾਰ ਜੋਸਫ ਬਿਨ ਗੋਰੀਆਨ ਲਿਖਦਾ ਹੈ, ‘ਜੰਗ ਏਨੀ ਤੇਜ਼ ਤੇ ਖਤਰਨਾਕ ਸੀ ਕਿ ਇਸ ਵਿਚ ਸਿਕੰਦਰ ਦੀਆਂ ਫ਼ੌਜਾਂ ਦਾ ਚੋਖਾ ਹਿੱਸਾ ਤਬਾਹ ਹੋ ਗਿਆ। ਸਿਕੰਦਰ ਦੇ ਫ਼ੌਜੀਆਂ ਦੀ ਇਹ ਸੋਚ ਬਣ ਗਈ ਸੀ ਕਿ ਅਸੀਂ ਸਾਰੇ ਸਿਕੰਦਰ ਨਾਲ ਬਗ਼ਾਵਤ ਕਰ ਕੇ ਪੋਰਸ ਦੀਆਂ ਫ਼ੌਜਾਂ ਵਿਚ ਸ਼ਾਮਿਲ ਹੋ ਜਾਈਏ।’

ਹਬਸ਼ੀ ਅਹਿਦਨਾਮੇ ਦੇ ਮੁਤਾਬਿਕ ਜਦੋਂ ਜੰਗ ਬਹੁਤਾ ਜ਼ੋਰ ਫੜ ਗਈ ਫਿਰ ਸਿਕੰਦਰ ਸੰਘ ਪਾੜ ਕੇ ਬੋਲਿਆ, ‘ਓ ਹਿੰਦੋਸਤਾਨ ਦੇ ਰਾਜਿਆ! ਓ ਪੰਜਾਬ ਦੇ ਰਾਜਿਆ! ਮੈਂ ਤੇਰੀ ਤਾਕਤ ਦਾ ਅੰਦਾਜ਼ਾ ਲਾ ਲਿਆ ਹੈ। ਅਸੀਂ ਆਪਣੇ ਫ਼ੌਜੀ ਨਾ ਮਰਵਾਈਏ। ਅਸੀਂ ਜੰਗ ਬੰਦ ਕਰ ਕੇ ਦੋਵੇਂ ਆਪਸ ਵਿਚ ਲੜਦੇ ਹਾਂ।’


ਇਹ ਗੱਲ ਸਿਕੰਦਰ ਨੇ ਉਸ ਸਮੇਂ ਕੀਤੀ ਜਦੋਂ ਉਸ ਨੂੰ ਆਪਣੀਆਂ ਫ਼ੌਜਾਂ ਦੀ ਇਸ ਗੱਲ ਦਾ ਯਕੀਨ ਹੋ ਗਿਆ ਕਿ ਸਿਕੰਦਰ ਨੂੰ ਫੜ ਕੇ ਪੋਰਸ ਦੇ ਹਵਾਲੇ ਕਰ ਦਿੱਤਾ ਜਾਵੇ। ਜਦੋਂ ਸਿਕੰਦਰ ਨੂੰ ਆਪਣੀਆਂ ਫ਼ੌਜਾਂ ਦੇ ਖਿਆਲਾਂ ਦਾ ਪਤਾ ਲੱਗਾ, ਉਸ ਵਕਤ ਸਿਕੰਦਰ ਨੇ ਪੋਰਸ ਨੂੰ ਜੰਗਬੰਦੀ ਦੀ ਪੇਸ਼ਕਸ਼ ਕੀਤੀ, ਜਾਂ ਫਿਰ ਪੋਰਸ ਨੂੰ ਆਹਮੋ-ਸਾਹਮਣੇ ਲੜਨ ਲਈ ਆਖਿਆ।

ਇਰਾਨੀ ਸ਼ਾਇਰ ਫਿਰਦੌਸੀ ਨੇ ਆਪਣੀ ਕਿਤਾਬ ‘ਸ਼ਾਹਨਾਮਾ ਇਸਲਾਮ’ ਵਿਚ ਸਿਕੰਦਰ ਅਤੇ ਪੋਰਸ ਦੀ ਲੜਾਈ ਦਾ ਜ਼ਿਕਰ ਇਨ੍ਹਾਂ ਅਲਫਾਜ਼ ਨਾਲ ਕੀਤਾ ਹੈ, ‘ਜਦੋਂ ਜੰਗ ਵਿਚ ਬੜੀ ਤਬਾਹੀ ਤੇ ਖ਼ੂਨ-ਖਰਾਬਾ ਹੋਇਆ ਤਾਂ ਸਿਕੰਦਰ ਨੇ ਉਚੀ ਆਵਾਜ਼ ਨਾਲ ਪੋਰਸ ਨੂੰ ਆਖਿਆ, ‘ਐ ਪੰਜਾਬ ਦੇ ਵੱਡੇ ਇਨਸਾਨ! ਸਾਡੀਆਂ ਫ਼ੌਜਾਂ ਲੜਦੀਆਂ ਲੜਦੀਆਂ ਥੱਕ ਗਈਆਂ ਨੇ। ਜੰਗਲੀ ਦਰਿੰਦੇ ਹਾਥੀ, ਫ਼ੌਜਾਂ ਦੀਆਂ ਖੋਪੜੀਆਂ ਲਿਤਾੜ ਰਹੇ ਨੇ। ਘੋੜਿਆਂ ਦੇ ਪੌੜ ਸਿਪਾਹੀਆਂ ਦੀਆਂ ਲੱਤਾਂ ਭੰਨ ਰਹੇ ਨੇ। ਅਸੀਂ ਦੋਵੇਂ ਬਹਾਦਰ ਇਨਸਾਨ ਹਾਂ ਤੇ ਅਸੀਂ ਇਕ ਦੂਜੇ ਦੇ ਮੁਤਾਬਿਕ ਜ਼ਹੀਨ ਤੇ ਜ਼ਬਰਦਸਤ ਹਾਂ, ਫਿਰ ਅਸੀਂ ਆਪਣੀਆਂ ਫ਼ੌਜਾਂ ਕਿਉਂ ਮਰਵਾ ਰਹੇ ਹਾਂ।’

ਜਦੋਂ ਇਸ ਖੂਨੀ ਜੰਗ ਦਾ ਕੋਈ ਸਿੱਟਾ ਨਾ ਨਿਕਲਿਆ ਤਾਂ ਫਿਰ ਸਿਕੰਦਰ ਦਾ ਸੁਲ੍ਹਾ ਵੱਲ ਧਿਆਨ ਗਿਆ। ਇਸ ਸਾਰੀ ਕਹਾਣੀ ਬਾਰੇ ਆਰੀਅਨ ਲਿਖਦਾ ਹੈ ਕਿ ਸਿਕੰਦਰ ਨੇ ਆਪਣਾ ਆਦਮੀ ਸੁਲ੍ਹਾ ਲਈ ਪੋਰਸ ਕੋਲ ਭੇਜਿਆ। ਸੁਨੇਹਾ ਲੈ ਕੇ ਆਉਣ ਵਾਲੇ ਨੂੰ ਪੋਰਸ ਨੇ ਗੁੱਸੇ ਵਿਚ ਤੀਰ ਮਾਰਿਆ, ਪਰ ਉਹ ਆਦਮੀ ਬਚ ਗਿਆ। ਪੋਰਸ ਸੁਲ੍ਹਾ ਵਾਲੇ ਪਾਸੇ ਨਹੀਂ ਸੀ, ਬਲਕਿ ਜੰਗ ਲਈ ਬਜਿਦ ਸੀ। ਆਖਰ ਸਿਕੰਦਰ ਨੇ ਇਕ ਐਸੇ ਬੰਦੇ ਦਾ ਪਤਾ ਕਰਾਇਆ ਜਿਹੜਾ ਪੋਰਸ ਦਾ ਬੜਾ ਕਰੀਬੀ ਸੱਜਣ ਸੀ। ਇਸ ਬੰਦੇ ਦਾ ਨਾਂ ਮਿਰੋਜ਼ ਸੀ। ਸਿਕੰਦਰ ਨੇ ਇਸ ਨੂੰ ਸੁਲ੍ਹਾ ਲਈ ਪੋਰਸ ਕੋਲ ਭੇਜਿਆ। ਪੋਰਸ ਦੇ ਇਸ ਬੇਲੀ ਨੇ ਉਸ ਨੂੰ ਸਮਝਾਇਆ। ਆਖਰ ਗੱਲ ਸੁਲ੍ਹਾ-ਸਫਾਈ ‘ਤੇ ਮੁੱਕ ਗਈ। ਇਕ ਸਾਂਝੇ ਮੁਕਾਮ ‘ਤੇ ਪੋਰਸ ਆਪਣੇ ਬੇਲੀ ਨਾਲ ਸਿਕੰਦਰ ਨੂੰ ਮਿਲਣ ਲਈ ਮੰਨ ਗਿਆ। ਜਦੋਂ ਸਿਕੰਦਰ ਤੇ ਪੋਰਸ ਪਹਿਲੀ ਵਾਰ ਆਹਮੋ-ਸਾਹਮਣੇ ਹੋਏ ਤਾਂ ਸਿਕੰਦਰ ਪੋਰਸ ਨੂੰ ਵੇਖ ਕੇ ਹੈਰਾਨ ਹੋ ਗਿਆ। ਸਿਕੰਦਰ ਦਾ ਕੱਦ 5 ਫੁੱਟ 5 ਇੰਚ ਸੀ ਅਤੇ ਪੋਰਸ ਦਾ 7 ਫੁੱਟ 4 ਇੰਚ। ਪੋਰਸ ਦੀ ਖਾਸੀਅਤ ਤੇ ਕੱਦ ਨੂੰ ਵੇਖ ਕੇ ਸਿਕੰਦਰ ਘਬਰਾ ਗਿਆ ਤੇ ਫੌਰਨ ਗੱਲ ਕਰਨ ਵਿਚ ਪਹਿਲ ਕੀਤੀ ਤੇ ਆਪਣਾ ਹੱਥ ਅੱਗੇ ਵਧਾਇਆ। ਸਿਕੰਦਰ ਆਖਣ ਲੱਗਾ- ‘ਮੈਂ ਜੰਗਬੰਦੀ ਚਾਹੁੰਦਾ ਹਾਂ। ਤੁਹਾਡੀਆਂ ਹਰ ਤਰ੍ਹਾਂ ਦੀਆਂ ਸ਼ਰਤਾਂ ਦਾ ਇਹਤਰਾਮ ਵੀ ਕਰਾਂਗਾ। ਅਸੀਂ ਦੋਵੇਂ ਇਕ ਦੂਸਰੇ ਲਈ ਕੀ ਕਰ ਸਕਦੇ ਹਾਂ?’

ਰਾਜਾ ਪੋਰਸ ਬੜੇ ਮਜ਼ਬੂਤ ਇਰਾਦੇ ਅਤੇ ਪੱਕੇ ਕਿਰਦਾਰ ਨਾਲ ਸਿਕੰਦਰ ਵੱਲ ਵੇਖਦਾ ਰਿਹਾ ਤੇ ਆਖਣ ਲੱਗਾ, ‘ਉਹ ਸਭ ਕੁਝ ਜੋ ਇਕ ਬਾਦਸ਼ਾਹ ਦੂਜੇ ਬਾਦਸ਼ਾਹ ਲਈ ਕਰ ਸਕਦਾ ਹੈ’, ਪਰ ਪੱਛਮੀ ਤੇ ਯੂਰਪੀ ਲਿਖਾਰੀਆਂ ਨੇ ਪੋਰਸ ਬਾਰੇ ਬੜੇ ਗਲਤ ਤੇ ਮਨਘੜਤ ਫਿਕਰੇ ਘੜੇ- ‘ਦੱਸ ਤੇਰੇ ਨਾਲ ਕੀ ਸਲੂਕ ਕੀਤਾ ਜਾਵੇ’ ਜੋ ਗ਼ਲਤ ਹੈ। ਪੋਰਸ ਕੋਈ ਜੰਗੀ ਕੈਦੀ ਨਹੀਂ ਸੀ, ਜਿਹੜਾ ਸਿਕੰਦਰ ਦੇ ਦਰਬਾਰ ਵਿਚ ਪੇਸ਼ ਕੀਤਾ ਗਿਆ ਸੀ, ਬਲਕਿ ਇਹ ਸੁਲ੍ਹਾ ਬਰਾਬਰੀ ਦੀ ਬੁਨਿਆਦ ‘ਤੇ ਹੋਈ ਸੀ। ਇਕ ਸਾਲਸੀ ਕਿਰਦਾਰ ਮੌਜੂਦ ਸੀ, ਬਲਕਿ ਪੋਰਸ ਨੇ ਸਿਕੰਦਰ ਨੂੰ ਨਾ ਤਾਂ ਕੋਈ ਯਕੀਨ-ਦਹਾਨੀ ਅਤੇ ਨਾ ਹੀ ਕੋਈ ਆਜਜ਼ੀ ਵਿਖਾਈ। ਪੋਰਸ ਨੇ ਸਿਕੰਦਰ ਸਾਹਮਣੇ ਪੰਜਾਬ ਦੀ ਗ਼ੈਰਤ ਉਸੇ ਤਰ੍ਹਾਂ ਕਾਇਮ ਰੱਖੀ, ਜਿਵੇਂ ਆਧੁਨਿਕ ਦੌਰ ਵਿਚ ਭਗਤ ਸਿੰਘ ਨੇ ਪੰਜਾਬੀ ਗ਼ੈਰਤ ਨੂੰ ਅੰਗਰੇਜ਼ਾਂ ਸਾਹਮਣੇ ਕਾਇਮ ਰੱਖਿਆ। ਬਰਾਬਰੀ ਦੀ ਬੁਨਿਆਦ ‘ਤੇ ਹੋਈ ਸੁਲ੍ਹਾ ਦੇ ਦੋ ਨੁਕਤੇ ਬੜੇ ਸਾਫ ਸਨ:

ਪਹਿਲਾ ਇਹ ਕਿ ਸਿਕੰਦਰ ਨੇ ਰਿਆਸਤ ‘ਤੇ ਪੋਰਸ ਦਾ ਹੱਕ ਮੰਨ ਲਿਆ। ਦੂਸਰਾ ਇਹ ਕਿ ਪੋਰਸ ਨੇ ਸਿਕੰਦਰ ਨੂੰ ਆਪਣੀ ਰਿਆਸਤ ਵਿਚੋਂ ਸਹੀ ਸਲਾਮਤ ਨਿਕਲ ਜਾਣ ਦੀ ਯਕੀਨ-ਦਹਾਨੀ ਕਰਵਾਈ।

ਸੁਲ੍ਹਾ ਤੋਂ ਬਾਅਦ ਸਿਕੰਦਰ ਤੇ ਪੋਰਸ ਇਕ ਦੂਜੇ ਦੇ ਬੇਲੀ ਬਣ ਗਏ। ਜੰਗ ਤੋਂ ਬਾਅਦ ਪੋਰਸ ਦੀ ਹਕੂਮਤ ਕਾਇਮ ਰਹੀ। ਸਿਕੰਦਰ ਨੇ ਜੰਗਬੰਦੀ ਤੋਂ ਬਾਅਦ ਪੋਰਸ ਦੀ ਰਿਆਸਤ ਵਿਚ ਇਕ ਮਹੀਨਾ ਗੁਜ਼ਾਰਿਆ। ਪੋਰਸ ਨੇ ਉਸ ਦਾ ਪੂਰਾ ਖਿਆਲ ਰੱਖਿਆ। ਸਿਕੰਦਰ ਜਦੋਂ ਪੋਰਸ ਦੀ ਰਿਆਸਤ ਤੋਂ ਅੱਗੇ ਵਧਣ ਲਈ ਤੁਰ ਪਿਆ ਤਾਂ ਉਸ ਨੇ ਕੁਝ ਹੋਰ ਇਲਾਕੇ ਪੋਰਸ ਨੂੰ ਦੇ ਦਿੱਤੇ ਜਿਹੜੇ ਪੋਰਸ ਦੀ ਰਿਆਸਤ ਦਾ ਹਿੱਸਾ ਨਹੀਂ ਸਨ। ਇਹ ਇਲਾਕੇ ਮਿਲਣ ਨਾਲ ਪੋਰਸ ਦੀ ਰਿਆਸਤ ਹੋਰ ਵੱਡੀ ਤੇ ਮਜ਼ਬੂਤ ਹੋ ਗਈ। ਇਨ੍ਹਾਂ ਇਲਾਕਿਆਂ ਦਾ ਰਕਬਾ ਪੋਰਸ ਦੀ ਆਪਣੀ ਰਿਆਸਤ ਤੋਂ ਵੱਡਾ ਸੀ। ਇਹ ਇਲਾਕਾ ਖਾਹਰੀਆਂ, ਲਾਲਾ ਮੂਸਾ, ਜਲਾਲਪੁਰ, ਮਰਾਲਾ, ਬਿਮਬਰ ਤੇ ਮੁਸਤਮਲ ਸੀ।

ਲੇਖ ਵਿਚ ਮੁਹੰਮਦ ਅਜ਼ਹਰ ਵਿਰਕ

ਅਵਤਾਰ ਸਿੰਘ ਔਲਖ

ਹਵਾਲੇ

ਸੋਧੋ
  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Kosambi
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Hermann
  3. http://www.livius.org/articles/person/porus/