ਲੋਕ ਕਾਵਿ
ਲੋਕ ਕਾਵਿ ਹਰਮਨ ਪਿਆਰਾ ਸਾਹਿਤ ਹੁੰਦਾ ਹੈ। ਲੋਕ ਕਾਵਿ ਦਾ ਸਥਾਨ ਲੋਕਧਾਰਾ ਅਤੇ ਵਿਸ਼ਿਸਟ ਸਾਹਿਤ ਦੇ ਵਿਚਕਾਰ ਹੁੰਦਾ ਹੈ ਕਿੰਉਕਿ ਲੋਕ ਕਾਵਿ ਦੇ ਰੂਪ ਵਿਧਾਨ ਦੀ ਜੁਗਤ ਪਰੰਪਰਾ ਦੇ ਨਿਯਮਾਂ ਦੀ ਪਾਲਣਾ ਕਰਦੀ ਹੈ,ਪਰ ਇਸਦੀ ਸਾਰ ਜੁਗਤ ਸਮੂਹਕ ਨਾ ਹੋ ਕੇ ਵਿਆਕਤੀਗਤ ਸੰਦਰਭ ਵਿੱਚ ਵਿਚਰਦੀ ਹੈ। ਲੋਕ ਕਾਵਿ ਵਿੱਚ ਲੋਕ ਗੀਤ ਨਹੀਂ ਹੁੰਦੇ, ਕਿੰਉਕਿ ਲੋਕ ਗੀਤ ਲੋਕਧਾਰਾ ਦੇ ਪਰਪੱਕ ਅਤੇ ਸ਼੍ਰੇਸਟ ਰਚਨਾ ਹੁੰਦੇ ਹਨ। ਲੋਕ ਕਾਵਿ ਛੰਤ ਪ੍ਰਧਾਨ ਸਿਰਜਣਾ ਨਹੀਂ, ਸਗੋਂ ਛੰਦ ਪ੍ਰਧਾਨ ਸਿਰਜਣਾ ਹੈ, ਇਸ ਵਿੱਚ ਲੈਅ ਤੇ ਤਾਲ ਦੀ ਵੱਧ ਮਹੱਤਤਾ ਹੁੰਦੀ ਹੈ। [1]
ਲੋਕਧਾਰਾ ਅਤੇ ਲੋਕ ਕਾਵਿ ਦਾ ਅੰਤਰ ਸਬੰਧ
ਸੋਧੋਲੋਕ ਕਾਵਿ ਲੋਕਧਾਰਾ ਦੀ ਵੰਨਗੀ ਹੁੰਦੇ ਹੋਏ ਵੀ ਇਸਦਾ ਰਿਸ਼ਤਾ ਲੋਕਧਾਰਾ ਨਾਲ ਇੰਨਾ ਸੰਘਣਾ ਨਹੀਂ ਜਿੰਨਾ ਬਾਕੀ ਵੰਨਗੀਆਂ ਦਾ ਹੈ ਕਿੰਉਕਿ ਇਹਨਾ ਦੇ ਸੁਭਾਅ ਵਿੱਚ ਅੰਤਰ ਹੈ ਜਿਵੇਂ ਲੋਕਧਾਰਾ ਸਭਿਆਚਾਰ ਪਰੰਪਰਾ ਦੀ ਪਾਲਣਾ ਕਰਦੀ ਹੈ ਲੋਕਧਾਰਾ ਦੀ ਬੁਨਿਆਦ ਦਾ ਅਰਥ ਪਰੰਪਰਾ ਹੈ। ਇਸ ਵਿੱਚ ਸਮੂਹਕ ਅਵਚੇਤਨ ਕੰਮ ਕਰ ਰਿਹਾ ਹੁੰਦਾ ਹੈ ਪਰ ਲੋਕ ਕਾਵਿ ਵਿੱਚ ਪਰੰਪਰਾਗਤ ਹੋਣਾ ਜਰੂਰਤ ਨਹੀਂ ਹੁੰਦਾ ਇਸਦੀ ਪਰੰਪਰਾ ਛੋਟੀ ਜਾਂ ਇਕ ਦੋ ਪੀੜੀਆਂ ਤੱਕ ਹੀ ਹੁੰਦੀ ਹੈ।
ਲੋਕ ਕਾਵਿ ਦੀਆਂ ਵੰਨਗੀਆ
ਸੋਧੋਖੁੱਲੇ ਕਾਵਿ ਰੂਪ
ਸੋਧੋਖੁੱਲੇ ਰੂਪਾਂ ਦੀ ਸ਼੍ਰੇਣੀ ਅਧੀਨ ਅਸੀਂ ਉਹਨਾ ਗੀਤ ਰੂਪਾਂ ਨੂੰ ਗਿਣਦੇ ਹਾਂ ਜਿੰਨਾ ਦਾ ਰੂਪ ਵਿਧਾਨ ਬੰਦ ਰੂਪਾਂ ਦੀ ਸ਼੍ਰੇਣੀ ਦੇ ਮੁਕਾਬਲੇ ਵਧੇਰੇ ਲਚਕੀਲਾ ਹੈ। ਇਸ ਸ਼੍ਰੁਣੀ ਦੇ ਗੀਤਾਂ ਵਿੱਚ ਪੁਨਰ ਸਿਰਜਣਾ ਦਾ ਅਮਲ ਬਹੁਤ ਤਿੱਖਾ ਹੁੰਦਾ ਹੈ।
ਰੂਪਾਂਤਰਨ
ਸੋਧੋਪੁਨਰ ਸਿਰਜਣਾ ਦੀ ਤੇਜੀ ਕਿਰਿਆ ਦੀ ਪਛਾਣ ਇਹਨਾਂ ਗੀਤਾਂ ਦੇ ਬਹੁਲਤਾ ਵਿੱਚ ਮਿਲਦੇ ਰੂਪਾਂਤਰ ਹਨ ਪੂਰਾ ਲੋਕਗੀਤ ਜਾਂ ਉਸਦਾ ਇਕ ਟੁਕੜਾ ਜਿਹੜਾ ਇਕ ਲੋਕ ਗੀਤਕਾਰਾਂ ਵਲੋਂ ਇਕ ਸੰਦਰਭ ਵਿੱਚ ਪ੍ਰਚਾਰਿਆ ਜਾਂਦਾ ਹੈ ਅਤੇ ਦੂਜੇ ਸੰਦਰਭ ਵਿੱਚ ਉਹ ਗੀਤ ਹੀ ਇੰਨਾ ਬਦਲ ਜਾਂਦਾ ਹੈ ਕਿ ਇਕ ਵੱਖਰਾ ਰੂਪਾਂਤਰ ਅਖਵਾ ਸਕੇ। ਇਸ ਤਰਾਂ ਇਕੋ ਲੋਕਗੀਤ ਪਾਠਾਂ ਅਤੇ ਰੂਪਾਂਤਰ ਵਿੱਚ ਪ੍ਰਚਲਤ ਹੋ ਜਾਂਦਾ ਹੈ।
ਪੁਨਰ ਸਿਰਜਣਾ
ਸੋਧੋਪੁਨਰ ਸਿਰਜਣਾ ਦੀ ਪ੍ਰਕਿਰਿਆ ਨੂੰ ਨਿਰਧਾਰਤ ਕਰਨ ਵਾਲੇ ਮੁੱਖ ਤੱਤਾਂ ਨੂੰ ਦੋ ਪੱਧਰਾਂ ਉੱਤੇ ਵਿਚਾਰਿਆ ਜਾਂਦਾ ਹੈ। 1.ਨਿਭਾਓ ਸੰਦਰਭ 2.ਗੀਤ ਰੂਪ ਦੀ ਰਚਨਾ - ਵਿਧਾਨਕ ਖੁੱਲ
1.ਨਿਭਾਓ ਸੰਦਰਭ
ਸੋਧੋਲੋਕ ਗੀਤ ਦੇ ਵਿਭਿੰਨ ਰੂਪਾਂਤਰਾਂ ਨੂੰ ਸਰੋਤਿਆਂ ਦੀ ਪ੍ਰਵਾਨਗੀ ਦੀ ਲੋੜ ਹੁੰਦੀ ਹੈ। ਇਸ ਦੇ ਨਿਭਾਓ ਵਿੱਚ ਸਰੋਤਿਆਂ ਦੀ ਹਾਜ਼ਰੀ ਹੁੰਦੀ ਹੈ। ਇਸ ਲਈ ਇਸਦੀ ਸਿਰਜਣਾ ਵਿੱਚ ਉਸਦਾ ਸਿੱਧਾ ਦਖਲ ਹੁੰਦਾ ਹੈ। ਖੁੱਲੇ ਰੂਪਾਂ ਦੀ ਸ਼੍ਰੇਣੀ ਦੇ ਬਹੁਤੇ ਗੀਤ ਵਿਆਕਤੀਗਤ ਉਚਾਰ ਦੇ ਲਖਾਇਕ ਹਨ। ਕੀਰਨਾ, ਟੱਪਾ,ਬੋਲੀ, ਸਿੱਠਣੀ,ਅਲਾਹੁਣੀ ਇਹਨਾ ਨੂੰ ਇਕੋ ਵਿਆਕਤੀ ਵਿਆਕਤੀਗਤ ਰੂਪ ਵਿੱਚ ਉਚਾਰਦਾ ਹੈ ਸਮੂਹ ਉਸਦਾ ਹੂੰਗਾਰਾ ਭਰਦਾ ਹੈ ਪਰ ਬੰਦ ਕਾਵਿ ਰੂਪਾਂ ਦੇ ਬਹੁਤੇ ਗੀਤਾਂ ਝੇੜਿਆਂ, ਸਵਾਣੀਆਂ ਆਮ ਤੌਰ 'ਤੇ ਦੋ ਜਾਂ ਦੋ ਤੋਂ ਵੱਧ ਦੀਆਂ ਜੋਟੀਆਂ ਵਿੱਚ ਗਾਉਦੀਆਂ ਹਨ ਅਤੇ ਕੁਝ ਇਕ ਸੰਸਾਰਕ ਗੀਤਾਂ ਨੂੰ ਸਮੂਹ ਵਲੋਂ ਸਮੂਹਿਕ ਰੂਪ ਵਿੱਚ ਹੀ ਗਾਇਆ ਜਾਂਦਾ ਹੈ। ਟੱਪੇ ਅਤੇ ਬੋਲੀਆਂ ਆਦਿ ਮਲਵਈ ਗੱਭਰੂਆਂ ਤੇ ਮੁਟਿਆਰਾਂ ਦੇ ਸਾਂਝੇ ਗੀਤ ਰੂਪ ਹਨ ਪਰ ਲਗਪਗ ਇਕ ਬੋਲੀ ਨੂੰ ਦੋਵੇਂ ਆਪਣੇ ਆਪਣੇ ਢੰਗ ਅਨੁਸਾਰ ਬਦਲ ਲੈਦੇਂ ਹਨ।
2. ਵਿਧਾਨਕ ਖੁੱਲ
ਸੋਧੋਇਸ ਸ਼੍ਰੇਣੀ ਦੇ ਲੋਕਗੀਤਾਂ ਦਾ ਥੀਮ ਭਾਵ ਦੀ ਇਕਾਗਰਤਾ ਦੇ ਨੇਮ ਵਿੱਚ ਗੱਠਿਆ ਹੋਇਆ ਹੁੰਦਾ ਹੈ। ਇਸ ਸ਼੍ਰੇਣੀ ਦੇ ਸਾਰੇ ਗੀਤ ਰੂਪਾਂ ਵਿੱਚ ਕਿਸੇ ਇਕ ਅਸਥਾਈ ਦੀ ਅਣਹੋਂਦ ਹੁੰਦੀ ਹੈ। ਮਲਵਈ ਬੋਲੀ ਦਾ ਸਾਰਾ ਭਾਵ "ਤੋੜੇ" ਵਿੱਚ ਹੁੰਦਾ ਹੈ ਪਰ ਤੋੜਾ ਬੋਲੀ ਤੋਂ ਬਹੁਤ ਹੱਦ ਤੱਕ ਸੁਤੰਤਰ ਹੁੰਦਾ ਹੈ। ਇਸ ਤਰਾਂ ਇਹਨਾ ਗੀਤਾਂ ਦੀ ਰੂਪ ਰਚਨਾ ਭਾਵ ਪੇਸ਼ਕਾਰੀ ਦੀ ਦਿ੍ਸ਼ਟੀ ਤੋਂ ਪੂਰਨ ਰੂਪ ਵਿੱਚ ਮੁਕਤ ਤੇ ਲਚਕੀਲੀ ਹੁੰਦੀ ਹੈ। ਇਸ ਅਧੀਨ ਆਉਦੇਂ ਬਹੁਤੇ ਗੀਤ ਰੂਪਾਂ ਦੀਆਂ ਤੁਕਾਂਤ ਰੂੜੀਆਂ ਬਣੀਆਂ ਬਣਾਈਆਂ ਪ੍ਰਾਪਤ ਹੋ ਜਾਂਦੀਆਂ ਹਨ। [2]
ਖੁੱਲੇ ਕਾਵਿ ਰੂਪ
ਸੋਧੋ1.ਕੀਰਨਾ
ਸੋਧੋਸੋਗ ਰੂਪ ਦੇ ਦੋ ਕਾਵਿ ਰੂਪ ਹਨ ਇਕ ਕੀਰਨਾ ਤੇ ਦੂਸਰਾ ਅਲਾਹੁਣੀ। ਕੀਰਨੇ ਵਿੱਚ ਸੰਬੋਧਨ ਅੰਤ ਤੇ ਹੁੰਦਾ ਹੈ। ਇਹ ਸੰਬੋਧਨ ਲੰਮੀ ਅਸਾਹ ਹੁੰਦੀ ਹੈ। ਕੀਰਨੇ ਬੋਲ ਸਮੇਂ ਅਨੁਸਾਰ ਹੀ ਘੜੇ ਜਾਂਦੇ ਹਨ। ਕੀਰਨਾ ਆਪਣੀ ਵਿਲਖਣ ਪਹਿਚਾਣ ਅੰਤਲੀ ਸੰਬੋਧਨ ਤੇ ਅਧਾਰਤਿ ਹੋਣ ਰੱਖਦਾ ਹੈ ਸ਼ਾਇਦ ਕੀਰਨਾ ਜੀਵਨ ਦੇ ਅੰਤਲੇ ਪੜਾਅ ਨਾਲ ਸਬੰਧਤ ਹੋਣ ਕਰਕੇ ਸੰਬੋਧਨ ਅੰਤ ਤੇ ਆਉਦਾ ਹੈ। ਇਹ ਕਾਵਿ ਰੂਪ ਕੋਈ ਸਕਾ-ਸਬੰਧੀ ਜਾਂ ਰਿਸ਼ਤੇਦਾਰ ਵਰਤਦਾ ਹੈ।
ਵਸਦਾ ਨਗਰ ਖੇੜਾ ਅੱਜ ਸੁੰਨਾ ਹੋ ਗਿਆ ਰੋਂਦੀ ਧੀ ਆ ਵੜੀ ਦਰਵਾਜ਼ੇ ਮੇਰਿਆ ਪੈਂਚਾਂ ਦਿਆ ਮੋਹਰੀ ਬਾਬਲਾ ਵੇ।
ਅਲਾਹੁਣੀ
ਸੋਧੋਅਲਾਹੁਣੀ ਕਿੱਤਾਕਾਰਾਂ ਸਿਆਪਾਕਾਰਾਂ ਦਾ ਕਾਵਿ ਰੂਪ ਹੈ। ਇਹਨਾਂ ਨੂੰ ਸਿੱਧਾ ਕੋਈ ਦੁੱਖ ਨਹੀਂ ਹੁੰਦਾ। ਅਲਾਹੁਣੀ ਦੀ ਪਛਾਣ ਵਾਰ- ਵਾਰ ਹਾਏ-ਹਾਏ ਤੋਂ ਹੋ ਜਾਂਦੀ ਹੈ।
ਹਾਏ ਨੀ ਬੁਢੜਾ ਮਰ ਨੀ ਗਿਆ ਮਾਸੀ ਰੰਡੀ ਕਰ ਨੀ ਗਿਆ।
ਹੇਅਰਾ
ਸੋਧੋਠਿੱਠ ਕਾਵਿ ਵਿੱਚ ਜਦੋਂ ਹੇਅਰਾ ਵਰਤਿਆ ਜਾਂਦਾ ਹੈ ਤਾਂ ਇਸਦੇ ਮੁਢਲੇ ਸੰਬੋਧਨ ਵਿੱਚ ਵਧੇਰੇ ਜੋਰ ਦਿੱਤਾ ਜਾਂਦਾ ਹੈ। ਹੇਅਰਾ ਵਿਆਹ ਸਮੇਂ ਵਰਤਿਆ ਜਾਂਦਾ ਹੈ। ਨਿਸ਼ਚਿਤ ਉਚਾਰ ਸਦੰਰਭ ਵਿੱਚ ਗਾਇਆ ਜਾਣ ਵਾਲਾ,ਰੂੜ ਰਚਨਾ ਨੇਮ ਉੱਤੇ ਉਸਰਿਆ ਦੋ ਸਤਰਾਂ ਵਾਲਾ ਅਜਿਹਾ ਸੰਬੋਧਨੀ ਕਾਵਿ ਰੂਪ ਹੈ ਜਿਸ ਵਿੱਚ ਹਰ ਠਹਿਰਾਓ ਨਾਲ ਸੰਬੋਧਨੀ ਹੇਕ ਆਉਂਦੀ ਹੈ।
ਤੈਨੂੰ ਵੀ ਮਾਰਾਂ ਸ਼ੇਰਿਆ ਚੱਕ ਕੇ ਵੇ ਵੇ ਕੋਈ ਸਿੱਟਾਂ ਕੋਠੇ ਦੇ ਉੱਤੇ ਆਈ ਬਦਲੀ ਬਰਸਗੀ ਵੇ ਤੁੰ ਫਸੇਂ ਪਨਾਲੇ ਤੇ।
ਨਿੱਕੀ ਬੋਲੀ
ਸੋਧੋਇਸ ਵਰਗ ਦੀਆਂ ਬੋਲੀਆਂ ਨੂੰ ਦੋ ਤੁਕੀਆਂ ਬੋਲੀਆਂ, ਦੋ ਸਤਰੀ ਟੋਟਕੇ ਜਾਂ ਦੁਹਰੇ ਟੱਪੇ ਵਜੋਂ ਵੀ ਜਾਣਿਆ ਜਾਂਦਾ ਹੈ। ਨਿੱਕੀ ਬੋਲੀ ਦੋ ਸਤਰੀ ਹੋਣ ਕਰਕੇ ਅਕਾਰ ਪੱਖੋਂ ਕਈ ਵਾਰ ਹੇਅਰੇ, ਦੋਹਰੇ ਜਾਂ ਸਿੱਠਣੀ ਨਾਲ ਮਿਲ ਜਾਂਦੀ ਹੈ ਪਰ ਇਸਦਾ ਅੰਤਰਕ ਰਚਨਾ ਨੇਮ ਇਹਨਾ ਤਿੰਨਾ ਤੋਂ ਮੂਲੋਂ ਵੱਖਰਾ ਹੈ।
ਸਾਉਣ ਮਹੀਨੇ ਘਾਹ ਹੋ ਗਿਆ ਰੱਜਣ ਮੱਝਾਂ ਗਈਆਂ ਤੀਆਂ ਤੀਜ ਦੀਆਂ ਵਰ੍ਹੇ ਪਿੱਛੋਂ ਨੇ ਆਈਆਂ।
ਲੰਮੀ ਬੋਲੀ
ਸੋਧੋਟੱਪਾ, ਨਿੱਕੀ ਬੋਲੀ ਤੇ ਲੰਮੀ ਬੋਲੀ ਦੇ ਸਿਰਜਣ ਤੇ ਨਿਭਾਓ ਇਕ ਦਾਇਰੇ ਨਾਲ ਸਬੰਧਤ ਹੋਣ ਕਰਕੇ ਇਕੋ ਪਰਿਵਾਰ ਦੇ ਗੀਤ ਰੂਪ ਹਨ ਇਹਨਾਂ ਦਾ ਨਾਚ ਤੇ ਗਿੱਧੇ ਨਾਲ ਅਨਿਖੜਵਾਂ ਰਿਸ਼ਤਾ ਹੈ। ਲੰਮੀ ਮਲਵਈ ਬੋਲੀ ਇਸ ਪ੍ਰਕਾਰ ਹੈ
ਪਿੰਡਾਂ ਵਿਚੋਂ ਪਿੰਡ ਸੁਣੀਂਦਾ ਪਿੰਡ ਸੁਣੀਂਦਾ ਮੋਗਾ ਉਰਲੇ ਪਾਸੇ ਢਾਬ ਸੁਣੀਂਦੀ ਪਰਲੇ ਪਾਸੇ ਟੋਭਾ ਟੋਭੇ ਤੇ ਇਕ ਸਾਧੂ ਰਹਿੰਦਾ ਸਿਰੋਂ ਸੁਣੀਂਦਾ ਰੋਡਾ ਆਉਦੀ ਦੁਨੀਆਂ ਮੱਥੇ ਟੇਕਦੀ ਬੜੀ ਸੁਣੀਦੀ ਸੋਭਾ ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ ਮਗਰੋਂ ਮਾਰਦਾ ਗੋਡਾ ਲੱਕ ਤੇਰਾ ਪਤਲਾ ਜਿਹਾ ਭਾਰ ਸਹਿਣ ਨਾ ਜੋਗਾ...
ਸਿੱਠਣੀ
ਸੋਧੋਸਿੱਠਣੀ ਵਿੱਚ ਹਾਸ ਰੰਗ ਤੇ ਵਿਅੰਗ ਹੁੰਦਾ ਹੈ ਅਤੇ ਲਾੜੇ, ਉਸਦੇ ਅੰਗ ਸਾਕਾਂ ਤੇ ਬਰਾਤੀਆਂ ਦਾ ਮਜਾਕ ਉਡਾਇਆ ਜਾਂਦਾ ਹੈ ਪਰ ਇਹਨਾ ਗੀਤਾਂ ਦਾ ਕੋਈ ਬੁਰਾ ਨਹੀਂ ਮਨਾਉਂਦਾ। ਸਿੱਠਣੀਆਂ ਵਿਆਹ ਦੇ ਮੋਕੇ ਤੇ ਧੀ ਵਾਲੀ ਧਿਰ ਵਲੋਂ ਗਾਏ ਜਾਂਦੇ ਅਜਿਹੇ ਹਾਸ ਭਰੇ ਗੀਤ ਹਨ ਜਿੰਨਾ ਵਿੱਚ ਜਾਵੀਆਂ ਨਾਲ ਠੱਠਾ ਕੀਤਾ ਜਾਂਦਾ ਹੈ। ਇਸ ਵਿੱਚ ਕਿਸੇ ਦੇ ਚਰਿੱਤਰ ਤੇ ਉਸਦੀ ਨੀਤ ਸ਼ਕਲ ਸੂਰਤ ਤੇ ਟਿਪਣੀਆਂ ਹੁੰਦੀਆਂ ਹਨ।
ਕੀ ਗੱਲ ਪੁੱਛਾਂ ਲਾੜਿਆ ਵੇ,ਕੀ ਗੱਲ ਪੁੱਛਾਂ ਵੇ ਨਾ ਤੇਰੇ ਦਾੜੀ ਭੌਦੂਆ, ਨਾ ਤੇਰੇ ਮੁੱਛਾਂ ਵੇ ਬੋਕ ਦੀ ਲਾ ਲੈ ਦਾੜੀ, ਚੂਹੇ ਦੀਆਂ ਮੁੱਛਾਂ ਵੇ..
ਪੱਤਲ ਕਾਵਿ
ਸੋਧੋਠਿੱਠ ਕਾਵਿ ਵਿੱਚ ਪੱਤਲ ਕਾਵਿ ਨੂੰ ਵੀ ਰੱਖਿਆ ਜਾਂਦਾ ਹੈ। ਪੱਤਲ ਜੰਝ ਬੰਨਣ ਤੇ ਛੁਡਾਉਣ ਲਈ ਵਰਤੇ ਜਾਣ ਵਾਲੇ ਕਾਵਿ ਦੀ ਵੰਨਗੀ ਹੈ। ਇਹ ਕਾਵਿ ਛੰਦ ਪ੍ਰਧਾਨ ਹੁੰਦਾ ਹੈ।
ਜੱਟੀਆਂ ਮੈਂ ਬੰਨੀਆਂ ਅਕਲ ਦੀਆਂ ਅੰਨੀਆ ਜੋ ਜੰਝ ਬੰਨੀ ਹਮਾਰੇ ਸੂਤ ਆਵੇ ਨੀ
ਛੰਦ ਪਰਾਗਾ
ਸੋਧੋਛੰਦ ਪਰਾਗਾ ਵਿਆਹ ਨਾਲ ਸਬੰਧਤ ਹੈ ਜੋ ਸਿਰਫ ਵਿਸ਼ੇਸ਼ ਮੋਕੇ ਤੇ ਵਿਸ਼ੇਸ਼ ਵਰਤੋਂ ਨੂੰ ਮੁੱਖ ਰੱਖ ਕੇ ਉਚਾਰਿਆ ਜਾਂਦਾ ਹੈ। ਵਿਆਹ ਸਮੇਂ ਖੱਟ ਦੇ ਮੋਕੇ ਤੇ ਲਾੜੇ ਨੂੰ ਸ਼ਗਨ ਪਾਉਣ ਲਈ ਸੁਆਣੀਆ ਨੂੰ ਅੰਦਰ ਸੱਦਿਆ ਜਾਂਦਾ ਹੈ ਸੁਆਣੀਆਂ ਲਾੜੇ ਨਾਲ ਹਾਸਾ ਠੱਠਾ ਕਰਨ ਵਜੋਂ ਛੰਦ ਸੁਣਨ ਦੀ ਪੇਸ਼ਕਸ਼ ਕਰਦੀਆਂ ਹਨ।
ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਘਿਓ ਸੱਸ ਲੱਗੀ ਅੱਜ ਤੋਂ ਮਾਂ ਮੇਰੀ,ਸਹੁਰਾ ਲੱਗੇ ਪਿਓ। [3]
ਬੰਦ ਕਾਵਿ ਰੂਪ
ਸੋਧੋਬੰਦ ਕਾਵਿ ਰੂਪਾਂ ਦੀ ਸ਼੍ਰੇਣੀ ਦੇ ਅੰਤਰਗਤ ਉਹ ਸਾਰੇ ਗੀਤ- ਰੂਪ ਆ ਜਾਂਦੇ ਹਨ। ਜਿੰਨਾ ਵਿੱਚ ਪੁਨਰ ਸਿਰਜਨਾ ਦੀ ਪ੍ਰਕਿਰਿਆ ਮੱਧਮ ਅਤੇ ਬੱਝਵੇਂ ਨੇਮਾ ਅਧੀਨ ਚਲਦੀ ਹੈ। ਇਸ ਸ਼੍ਰੇਣੀ ਦੇ ਗੀਤ - ਰੂਪਾਂ ਦੀ ਰਚਨਾ ਸਿਰਜਨਾ ਦਾ ਅਸਲ ਰੂਪ ਵਿੱਚ ਸਵੈ- ਨਿਰੰਤਰ ਨਹੀਂ ਹੁੰਦਾ। ਇਹਨਾ ਗੀਤ ਰੂਪਾਂ ਦਾ ਰਚਨਾ ਰੂਪ ਵਧੇਰੇ ਗਠਵਾਂ, ਬੰਨਵਾਂ ਅਤੇ ਸੰਜਮ ਬੱਧ ਹੁੰਦਾ ਹੈ। ਇਸ ਸ਼੍ਰੇਣੀ ਦੇ ਗੀਤ ਰੂਪਾਂ ਵਿੱਚ ਪੁਨਰ ਸਿਰਜਨਾ ਦੀ ਧੀਰੀਗਤੀ ਦੇ ਜਿੰਮੇਵਾਰ ਕੁਝ ਪ੍ਰਮੁੱਖ ਤੱਤਾਂ ਨੂੰ ਇੱਥੇ ਦੋ ਪੱਧਰਾਂ ਉੱਤੇ ਵਿਚਾਰਿਆ ਜਾਂਦਾ ਜਾਵੇਗਾ। 1.ਨਿਭਾਓ ਸੰਦਰਭ 2.ਰਚਨਾ ਵਿਧਾਨਕ ਖੁੱਲ
1. ਨਿਭਾਓ ਸੰਦਰਭ
ਸੋਧੋਬੰਦ ਕਾਵਿ ਰੂਪ ਖੁੱਲੇ ਕਾਵਿ ਰੂਪਾਂ ਦੇ ਮੁਕਾਬਲੇ ਵਧੇਰੇ ਨਿਸ਼ਚਿਤ ਹੁੰਦੇ ਹਨ। ਜਿੱਥੇ ਟੱਪਾ,ਬੋਲੀਆਂ ਆਦਿ ਨਿਭਾਓ ਸੰਦਰਭ ਦੇ ਗੀਤ -ਰੂਪ ਹਨ ਉੱਥੇ ਮਲਵਈ ਲੋਕਗੀਤ ਪੇਸ਼ਕਾਰੀ ਦੇ ਵਿਸ਼ੇਸ਼ ਸਮਾਜਕ ਸੰਦਰਭ ਨਾਲ ਸਬੰਧਤ ਹੁੰਦਾ ਹੈ- ਜਿਵੇਂ ਸੁਹਾਗ, ਘੋੜੀਆਂ ਆਦਿ ਵਿਆਹ ਦੇ ਵਿਸ਼ੇਸ਼ ਮੋਕਿਆਂ ਉੱਤੇ,ਸੰਸਕਾਰ ਗੀਤ ਵਿਸ਼ੇਸ਼ ਸੰਸਕਾਰਾਂ ਦੀ ਨਿਭਾਓ ਕਿਰਿਆ ਦੇ ਨਾਲ ਗਾਏ ਜਾਂਦੇ ਹਨ।
2.ਰਚਨਾ ਵਿਧਾਨਕ ਖੁੱਲ
ਸੋਧੋਬੰਦ ਰੂਪਾਂ ਦੀ ਸ਼੍ਰੇਣੀ ਦੇ ਗੀਤਾਂ ਵਿੱਚ ਭਾਵ ਦੀ ਪੇਸ਼ਕਾਰੀ ਦੀ ਵਿਧੀ ਦੂਜੀ ਸ਼੍ਰੇਣੀ ਦੇ ਗੀਤਾਂ ਨਾਲੋਨ ਅਸਲੋਂ ਵੱਖਰੀ ਹੁੰਦੀ ਹੈ। ਬੰਦ ਰੂਪਾਂ ਦੀ ਸ਼੍ਰੇਣੀ ਦੇ ਗੀਤਾਂ ਵਿੱਚ ਥੀਮ ਦਾ ਇਕਹਿਰਾਪਨ ਅਤੇ ਨਿਰੰਤਰਤਾ ਭਾਵ ਦੀ ਇਕਾਗਰਤਾ ਆਦਿ ਲ਼ਾਜ਼ਮੀ ਸੂਰਤਾਂ ਹੋਣ ਕਰਕੇ ਸਿਰਜਕ ਨੂੰ ਗੀਤ -ਰੂਪ ਦੇ ਵਿਧਾਨ ਦੀਆ ਕਰੜੀਆਂ ਪਾਬੰਦੀਆਂ ਦਾ ਪਾਲਣ ਕਰਨਾ ਪੈਂਦਾ ਹੈ।
ਸੁਹਾਗ
ਸੋਧੋਸੁੁਹਾਗ ਵਿਆਹ ਸਮੇਂ ਪੇਕੇ ਪਰਿਵਾਰ ਵੱਲੋਂ ਗਾਏ ਜਾਣ ਵਾਲੇ ਗੀਤਾਂ ਨੂੰ ਕਿਹਾ ਜਾਂਦਾ ਹੈ। ਸੁਹਾਗ ਕੁੜੀ ਵਾਲੇ ਪਰਿਵਾਰ ਵਿੱਚ ਵਿਆਹ ਤੋਂ ਇੱਕੀ ਦਿਨ ਜਾਂ ਹਿਆਰਾਂ ਦਿਨ ਜਾਂ ਸੱਤ ਦਿਨ ਪਹਿਲਾਂ ਗਾਏ ਜਾਣੇ ਸ਼ੁਰੂ ਹੁੰਦੇ ਹਨ। …ਇਹਨਾ ਵਿੱਚ ਜਵਾਨ ਹੋ ਰਹੀਆਂ ਕੁੜੀਆਂ ਦੀਆਂ ਆਸਾਂ, ਸੁਪਨੇ,ਚਾਵਾਂ,ਉਲਾਰਾਂ ਦਾ ਭਰਭੂਰ ਪਰਗਟਾ ਹੁੰਦਾ ਹੈ। [4]
ਘੋੜੀਆਂ
ਸੋਧੋਲੋਕ ਸਾਹਿਤ ਵਿੱਚ ਘੋੜੀਆਂ ਸ਼ਗਨਾ ਦੇ ਗੀਤ ਹਨ। ਇਹਨਾ ਨੂੰ ਜਸਗੀਤ ਵੀ ਕਹਿੰਦੇ ਹਨ। ਜਿਸ ਘਰ ਵਿੱਚ ਮੁੰਡੇ ਦਾ ਵਿਆਹ ਹੋਵੇ ਉਸ ਤੋਂ ਕੁੱਝ ਦਿਨ ਪਹਿਲਾਂ ਘੋੜੀਆਂ ਦੇ ਗੀਤ ਗਾਏ ਜਾਂਦੇ ਹਨ। ਇਹ ਕਿਸੇ ਛੰਦ ਜਾਂ ਕਿਸੇ ਤਰਜ ਤੇ ਗਾਏ ਜਾਣ ਵਾਲੇ ਗੀਤ ਨਹੀਂ ਹਨ। ਸਾਰੇ ਗੀਤਾਂ ਦੀ ਬਿਣਤਰ ਇਕੋ ਜਿਹੀ ਹੁੰਦੀ ਹੈ। [5]
ਰਾਜਾ ਤੇ ਪੁੱਛਦਾ ਗਈਏ ਸੁਣ ਮੇਰੀ ਬਾਤ ਨੂੰ, ਸੁਣ ਮੇਰੀ ਬਾਤ ਨੂੰ ਗਾਗਰ ਦੇ ਸੁੱਚੇ ਮੋਤੀ ਕਿਸਨੂੰ ਦੇਈਏ
ਬੁਝਾਰਤਾਂ
ਸੋਧੋਬੁਝਾਰਤਾਂ ਇਕ ਪ੍ਰਕਾਰ ਦਾ ਰੂਪਕ ਬਿੰਬ ਹੈ ਜਿਹੜਾ ਦੋ ਵਸਤਾਂ ਜਾਂ ਦੋ ਕਾਰਜਾਂ ਨੂੰ ਇਕ ਦੂਜੇ ਦੇ ਸਮਵਿਥ ਰਖਕੇ ਪੇਸ਼ ਕਰਦਾ ਹੈ। ਬੁਝਾਰਤਾਂ ਲੋਕ ਗੀਤ ਨਹੀਂ ਹੈ। ਬਹੁਤ ਸਾਰੀਆਂ ਬੁਝਾਰਤਾਂ ਵਿੱਚ ਭਾਵੇਂ ਤੁਕਾਂਤ ਮਿਲਦਾ ਹੈ ਪਰ ਫਿਰ ਵੀ ਇਹ ਆਪਣੀ ਵਿਸ਼ੇਸ਼ ਰੂਪ ਰਚਨਾ ਕਰਕੇ ਗਾਈਆਂ ਜਾਂਦੀਆਂ ਹਨ ਪਰ ਇਹਨਾ ਨੂੰ ਕਾਵਿ ਦੇ ਦਾਇਰੇ ਤੋਂ ਬਾਹਰ ਨਹੀਂ ਰੱਖਿਆ ਜਾ ਸਕਦਾ।
ਸਿਆਣਪ ਦਾ ਟੋਟਾ
ਸੋਧੋਅਖਾਣ ਅਤੇ ਸਿਆਣਪ ਦੇ ਕਥਨਾਂ ਵਿਚਾਲੇ ਸਪਸ਼ਟ ਲਕੀਰ ਖਿਚਣੀ ਜੇ ਅਸੰਭਵ ਨਹੀਂ ਤਾਂ ਕਠਿਨ ਜਰੂਰ ਹੈ। ਦੋਵੇਂ ਇੱਕੋ ਪ੍ਰਕਾਰ ਦੇ ਥੀਮ ਤੇ ਇੱਕੋ ਪ੍ਰਕਾਰ ਦੇ ਸਮਾਜਕ ਕਾਰਜ ਨੂੰ ਪੂਰਦੇ ਹਨ। ਇਹਨਾ ਦੀ ਭਾਸ਼ਾ ਵੀ ਬਹੁਤ ਮਿਲਦੀ ਹੈ ਇਸ ਲਈ ਇਸਨੂੰ ਅਖੋਤਾਂ,ਸਿਆਣਪਾਂ ਅਤੇ ਕਹਾਵਤਾਂ ਆਦਿ ਕਿਹਾ ਜਾਂਦਾ ਹੈ ਜਿਵੇਂ-ਸੱਪ,ਸੂਦ,ਸੁਨਿਆਰ ਤਿੰਨੇ ਕਿਸੇ ਦੇ ਯਾਰ ਨਹੀਂ[6]
ਹਵਾਲਾ
ਸੋਧੋ- ↑ ਲੋਕਧਾਰਾ,ਭਾਸ਼ਾ ਅਤੇ ਸਭਿਆਚਾਰ,ਭੁਪਿੰਦਰ ਸਿੰਘ ਖਹਿਰਾ, ਪੰਨਾ ਨਂ:41
- ↑ ਲੋਕ ਕਾਵਿ ਦੀ ਸਿਰਜਣ ਪ੍ਰਕਿਰਿਆ,ਡਾ: ਨਾਹਰ ਸਿੰਘ,ਪੰਨਾ ਨੰ: 120,121,122
- ↑ ਉਹੀ, ਪੰਨਾ ਨੰ:124 ਤੋਂ 182
- ↑ ਪੰਜਾਬ ਦਾ ਲੋਕ ਵਿਰਸਾ ਭਾਗ ਪਹਿਲਾ,ਕਰਨੈਲ ਸਿੰਘ ਥਿੰਦ
- ↑ ਬਾਲ ਵਿਸ਼ਵ ਕੋਸ਼(ਭਾਸ਼ਾ,ਸਾਹਿਤ ਤੇ ਸਭਿਆਚਾਰ),ਮਨਮੋਹਨ ਸਿੰਘ ਦਾਓ
- ↑ ਲੋਕ ਕਾਵਿ ਦੀ ਸਿਰਜਨ ਪ੍ਰਕਿਰਿਆ,ਡ:ਨਾਹਰ ਸਿੰਘ,ਪੰਨਾ ਨੰ:218