ਲੋਕ ਧਰਮ ਪੁਸਤਕ ਵਿਚ ਵਣਜਾਰਾ ਬੇਦੀ ਨੇ ਲੋਕ ਧਰਮ ਦੀ ਉਤਪਤੀ, ਵੱਖ ਵੱਖ ਰੂਪਾਂ ਤੇ ਖੇਤਰਾਂ ਵਿਚ ਇਸਦਾ ਵਿਸਥਾਰ ਤੇ ਮਾਨਤਾ ਬਾਰੇ ਚਰਚਾ ਕੀਤੀ ਗਈ ਹੈ । ਮਨੁੱਖ ਦੇ ਆਤਮਸ਼ੀਲ ਚਿੰਤਨ ਨਾਲ ਮਨੁੱਖੀ ਮਨ ਦੀ ਬਣੀ ਮਾਨਸਿਕ ਸਥਿਤੀ ਤੇ ਉਸ ਸਥਿਤੀ ਵਿੱਚ ਮਨੁੱਖ ਪ੍ਰਕਿਰਤੀ ਨੂੰ ਵੱਖ ਵੱਖ ਰੂਪਾਂ ਵਿਚ ਦੇਖਦਾ ਤੇ ਸਮਝਦਾ ਹੈ ਜਿਸ ਤੋਂ ਬਾਅਦ ਵਿੱਚ ਧਰਮ ਹੋਂਦ ਵਿਚ ਆਉਂਦਾ ਹੈ ।ਪ੍ਰਕਿਰਤੀ ਦੇ ਚੰਗੇ ਮਾੜੇ ਪ੍ਰਭਾਵਾਂ ਸਦਕਾ ਉਹ ਪ੍ਰਕਿਰਤੀ ਪੂਜਾ ਵੱਖ ਵੱਖ ਵਿਧੀਆਂ ਰਾਹੀਂ ਕਰਦਾ ਹੈ। ਵਣਜਾਰਾ ਬੇਦੀ ਇਹਨਾਂ ਪ੍ਰਕਿਰਤੀ ਪੂਜਾਵਾਂ ਵਿਚ ਗ੍ਰਹਿ ਧਰਤੀ ਸੂਰਜ ਸ਼ਨਿਚਰ ਸ਼ੁੱਕਰ ਮੰਗਲ ਬ੍ਰਹਿਸਪਤੀ ਆਦਿ ਦਾ ਵਿਵਰਣ ਦਿੰਦਾ ਹੈ । ਨਛਤਰ ਪੂਜਾ ਤੇ ਸ਼ੁਭ ਅਸ਼ੁਭ ਨਛਤਰਾਂ ਬਾਰੇ ਜਾਣਕਾਰੀ । ਇਸ ਦੇ ਨਾਲ ਹੀ ਧਰਤੀ ਉਪਰ ਮੌਜੂਦ ਵਸਤਾਂ ਨਾਲ ਸਬੰਧਤ ਪੂਜਾ,ਪਿਤਰ ਪੂਜਾ, ਗਰਾਮ ਦਿਉਤਿਆਂ,ਦੇਵੀ ਪੂਜਾ,ਪੌਰਾਣਿਕ ਵਿਅਕਤੀਆਂ ਦੀ ਪੂਜਾ ਅਤੇ ਟੋਟਮ(ਗੋਤਰ ਚਿੰਨ੍ਹ ਦੀ ਪੂਜਾ) ਦੀ ਜਾਣਕਾਰੀ ਪੇਸ਼ ਕੀਤੀ ਹੈ।

ਲੋਕ ਧਰਮ
ਲੇਖਕਸੋਹਿੰਦਰ ਸਿੰਘ ਵਣਜਾਰਾ ਬੇਦੀ
ਪ੍ਰਕਾਸ਼ਨਮਈ,2000
ਪ੍ਰਕਾਸ਼ਕਨੈਸ਼ਨਲ ਬੁੱਕ ਸ਼ਾਪ,ਦਿੱਲੀ
ਸਫ਼ੇ136

ਲੋਕ ਧਰਮ ਸੋਧੋ

ਲੋਕਧਾਰਾ ਦਾ ਇਕ ਅਹਿਮ ਪੱਖ ਲੋਕ ਧਰਮ ਹੈ।[1] ਵਣਜਾਰਾ ਬੇਦੀ ਅਨੁਸਾਰ ਲੋਕ ਧਰਮ ਚਿੰਤਨ ਤੋਂ ਵੱਖਰਾ ਨਹੀਂ ਹੁੰਦਾ।ਧਰਮ ਨਾਲ ਹਮੇਸ਼ਾ ਰਹੱਸਮਈ ਸ਼ਕਤੀਆਂ ਜੁੜੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਵਿਗਿਆਨ ਦੀ ਥਾਂ ਮਾਨਸਿਕ ਭਾਵਨਾਵਾਂ ਤੇ ਤਰਕ ਦੀ ਥਾਂ ਉਪਯੋਗਤਾ ਦੀ ਪੱਧਰ ਉੱਤੇ ਵਿਚਾਰਨਾ ਵੀ ਲਾਜ਼ਮੀ ਹੁੰਦਾ ਹੈ।[2] ਸ਼ਾਸਤਰੀ ਧਰਮ ਲੋਕ ਧਰਮ ਵਿੱਚੋਂ ਹੀ ਉਪਜਦਾ ਹੈ। ਇਸ ਕਰਕੇ ਲੋਕ ਧਰਮ ਨੂੰ ਸ਼ਾਸਤਰੀ ਧਰਮ ਦਾ ਪੂਰਬਲਾ ਰੂਪ ਕਿਹਾ ਜਾ ਸਕਦਾ ਹੈ, ਜਿਵੇਂ ਵਿਸ਼ਿਸ਼ਟ ਸਾਹਿਤ ਦਾ ਪੂਰਬਲਾ ਰੂਪ ਲੋਕ ਸਾਹਿਤ ਹੁੰਦਾ ਹੈ।

ਧਰਮ ਇਕ ਅਜਿਹੀ ਜੀਵਨ ਜਾਂਚ ਹੈ ਜੋ ਯਥਾਰਥ ਦੇ ਨਾਲ ਨਾਲ ਰਹੱਸਮਈ ਸ਼ਕਤੀਆਂ ਵਿੱਚ ਵੀ ਵਿਸ਼ਵਾਸ ਰੱਖਦੀ ਹੈ ਤੇ ਇਸ ਲੋਕ ਤੋਂ ਅਗਲੇ ਲੋਕ ਤੱਕ ਪਸਰੀ ਹੋਈ ਹੈ।[3]

ਆਤਮਸ਼ੀਲ ਚਿੰਤਨ ਸੋਧੋ

ਧਰਮ ਕਈ ਪੜਾਵਾਂ ਵਿੱਚੋਂ ਗੁਜਰਦਾ ਹੈ ਜਿਸਦਾ ਪਹਿਲਾ ਪੜਾਅ ਆਤਮਸ਼ੀਲ ਚਿੰਤਨ ਦਾ ਪੜਾਅ ਹੈ। ਇਸ ਪੜਾਅ 'ਤੇ ਮਨੁੱਖ ਅਨੁਭਵ ਕਰਦਾ ਹੈ ਕਿ ਹਰ ਸੰਜੀਵ ਨਿਰਜੀਵ ਵਸਤੂ ਵਿੱਚ ਆਤਮਾ ਨਿਵਾਸ ਕਰਦੀ ਹੈ। ਇਸੇ ਧਾਰਨਾ ਵਿੱਚੋਂ ਪਿਤਰ ਪੂਜਾ ਤੇ ਦੇਵਤਿਆਂ ਦੀ ਪੂਜਾ ਦਾ ਸੰਕਲਪ ਸਾਹਮਣੇ ਆਉਂਦਾ ਹੈ। ਮਨੁੱਖ ਨੇ ਆਤਮਸ਼ੀਲ ਚਿੰਤਨ ਰਾਹੀਂ ਆਪਣੇ ਅੰਦਰ ਤੇ ਪ੍ਰਕਿਰਤੀ ਵਿੱਚ ਇਕ ਸਾਂਝੀ ਸ਼ਕਤੀ ਦਾ ਅਨੁਭਵ ਕੀਤਾ ਜਿਸ ਤੋਂ ਲੋਕ ਧਰਮ ਪੈਦਾ ਹੁੰਦਾ ਹੈ।

ਲੋਕ ਧਰਮ ਦੀ ਉਤਪਤੀ ਸੋਧੋ

ਮਿਥਕ ਕਥਾ ਦੀ ਹੋਂਦ ਧਰਮ ਤੋਂ ਪੂਰਬਲੀ ਅਵਸਥਾ ਵਿੱਚ ਕਾਇਮ ਹੋਈ ਅਤੇ ਧਰਮ ਮਿਥਕ ਕਥਾ ਦੇ ਗਰਭ ਵਿੱਚੋਂ ਨਿੰਮਿਆ।[4] ਇਸ ਕਰਕੇ ਕੁਦਰਤ ਨੂੰ ਲੈ ਕੇ ਪਹਿਲਾਂ ਮਨੁੱਖ ਅੰਦਰ ਇਕ ਮਿੱਥ ਬਣੀ ਇਸ ਮਿੱਥ ਦੇ ਸਹਾਰੇ ਕੁਦਰਤ ਨੂੰ ਸਮਝਦਿਆਂ ਉਸਦਾ ਮਾਨਵੀਕਰਨ ਤੇ ਦੈਵੀਕਰਨ ਕੀਤਾ ਤੇ ਕੁਦਰਤ ਦੀ ਕਰੋਪੀ ਤੋਂ ਬਚਣ ਲਈ ਉਹ ਉਸ ਨੂੰ ਰਝਿਆਉਣ ਤੇ ਪਤਿਆਉਣ ਦੇ ਵੱਖ ਵੱਖ ਢੰਗ ਤਰੀਕੇ ਕੱਢਦਾ ਹੈ ਜਿਸ ਤੋਂ ਲੋਕ ਧਰਮ ਹੋਂਦ ਵਿੱਚ ਆਉਂਦਾ ਹੈ। ਜਿਸ ਦਿਨ ਮਨੁੱਖ ਅਨੁਭਵ ਕਰਦਾ ਹੈ ਕਿ ਪ੍ਰਕਿਰਤੀ ਦੀ ਹਰ ਵਸਤੂ ਵਿੱਚ ਕੋਈ ਆਤਮ ਤੱਤ ਹੈ ਉਸ ਦਿਨ ਮਿੱਥ ਹੋਂਦ ਵਿੱਚ ਆਈ। ਜਿਸ ਦਿਨ ਉਸਨੇ ਆਤਮ ਤੱਤ ਦਾ ਦੈਵੀਕਰਨ ਕਰਕੇ ਪੂਜਿਆ ਤੇ ਅਰਾਧਿਆ ਉਸ ਦਿਨ ਧਰਮ ਹੋਂਦ ਵਿੱਚ ਆਇਆ।

ਲੋਕ ਧਰਮ ਤੇ ਸ਼ਾਸਤਰੀ ਧਰਮ ਸੋਧੋ

ਲੋਕ ਧਰਮ ਨੂੰ ਸਮਝਣ ਲਈ ਅਸੀਂ ਲੋਕ ਧਰਮ ਤੇ ਸ਼ਾਸਤਰੀ ਧਰਮ ਵਿੱਚ ਅੰਤਰ ਕਰਕੇ ਦੇਖਦੇ ਹਾਂ, ਜਿਵੇਂ:- 1) ਲੋਕ ਧਰਮ ਸਮੂਹਿਕ ਧਾਰਮਿਕ ਮਾਨਸਿਕਤਾ ਹੁੰਦੀ ਹੈ ਜਦੋਂ ਕਿ ਸ਼ਾਸਤਰੀ ਧਰਮ ਦਾ ਅਰੰਭ ਮਹਾਂਪੁਰਖ ਨਾਲ ਹੁੰਦਾ ਹੈ। 2) ਲੋਕ ਧਰਮ ਵਿੱਚ ਨਵੀਂਆਂ ਰੂੜੀਆਂ ਪ੍ਰਵੇਸ਼ ਕਰਦੀਆਂ ਰਹਿੰਦੀਆਂ ਹਨ ਜਦੋਂ ਕਿ ਸ਼ਾਸਤਰੀ ਧਰਮ ਵਿੱਚ ਕੋਈ ਤਬਦੀਲੀ ਨਹੀਂ ਵਾਪਰਦੀ। 3) ਲੋਕ ਧਰਮ ਦੀ ਪ੍ਰੰਪਰਾ ਮੌਖਿਕ ਹੁੰਦੀ ਹੈ। ਸ਼ਾਸਤਰੀ ਧਰਮ ਦਾ ਆਧਾਰ ਲਿਖਤੀ ਗ੍ਰੰਥ ਹੁੰਦਾ ਹੈ। 4) ਲੋਕ ਧਰਮ ਵਿੱਚ ਇਸ ਸੰਸਾਰ ਨੂੰ ਮੁੱਖ ਰੱਖਿਆ ਜਾਂਦਾ ਹੈ, ਸਵੈ ਰੱਖਿਆ ਤੇ ਸਵੈ ਇੱਛਾਵਾਂ ਨੂੰ ਪਹਿਲ ਦਿੱਤੀ ਜਾਂਦੀ ਹੈ । ਸ਼ਾਸਤਰੀ ਧਰਮ ਵਿੱਚ ਅਗਲੇ ਜਨਮ ਵਿੱਚ ਸੁੱਖ ਸਹੂਲਤਾਂ ਲਈ ਕਰਮਕਾਂਡ ਕੀਤੇ ਜਾਂਦੇ ਹਨ। 5) ਲੋਕ ਧਰਮ ਵਿੱਚ ਅਨੁਸ਼ਠਾਨਾਂ ਨੂੰ ਗ੍ਰਹਿਣ ਕਰਨ ਉਤੇ ਜੋਰ ਦਿੱਤਾ ਜਾਂਦਾ ਹੈ। ਸ਼ਾਸਤਰੀ ਧਰਮ ਵਿੱਚ ਦਰਸ਼ਨ ਨੂੰ ਸਮਝਣ ਉਤੇ ਜੋਰ ਦਿੱਤਾ ਜਾਂਦਾ ਹੈ। 6)ਲੋਕ ਧਰਮ ਵਿੱਚ ਭੌਤਿਕ ਵਸਤੂਆਂ ਤੇ ਸੁੱਖ ਭੋਗਣ ਵੱਲ ਯਾਤਰਾ ਹੁੰਦੀ ਹੈ। ਸ਼ਾਸ਼ਤਰੀ ਧਰਮ ਵਿੱਚ ਆਤਮਾ ਤੋਂ ਪ੍ਰਮਾਤਮਾ ਵੱਲ ਯਾਤਰਾ ਹੁੰਦੀ ਹੈ ।

ਅਨੁਸ਼ਠਾਨ ਸੋਧੋ

ਅਨੁਸ਼ਠਾਨ ਰਹੁ ਰੀਤਾਂ ਤੇ ਪੂਜਾ ਵਿਧੀਆਂ ਹੁੰਦੀਆਂ ਹਨ। ਇਹ ਧਰਮ ਤੇ ਜਾਤੀ ਦੀਆਂ ਆਪੋ ਆਪਣੀਆਂ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਪ੍ਰਮੁੱਖ ਅਨੁਸ਼ਠਾਨ : ਆਰਤੀ ਉਤਾਰਨਾ,ਵਰਤ ਰੱਖਣੇ,ਤੀਰਥ ਇਸ਼ਨਾਨ,ਕਥਾ ਮਹਾਤਮ,ਚਰਨ ਧੂੜੀ ਮੱਥੇ ਲਗਾਉਣੀ,ਨੌਂ ਗ੍ਰਹਿ ਪੂਜਾ ਆਦਿ ।

ਪੂਜਾ ਵਿਧੀਆਂ ਸੋਧੋ

ਇਸ ਵਿਚ ਪ੍ਰਾਰਥਨਾ,ਚੜਾਵਾ,ਚਿਰਾਗ ਬਾਲਣਾ,ਮਿੱਟੀ ਕੱਢਣਾ,ਸੁੱਖਾਂ ਸੁੱਖਣਾ,ਚੌਂਕੀਆਂ ਭਰਨਾ,ਜਗਰਾਤਾ ਕੱਢਣਾ,ਇਸ਼ਟ ਦੀ ਆਰਤੀ,ਬਲੀ ਦੇਣਾ,ਵਰਤ ਰੱਖਣੇ ਆਦਿ ਪੂਜਾ ਵਿਧੀਆਂ ਹਨ,ਜਿਹਨਾਂ ਵਿੱਚੋਂ ਪ੍ਰਾਰਥਨਾ ਨੂੰ ਮੁੱਖ ਸਥਾਨ ਪ੍ਰਾਪਤ ਹੈ ।

ਪ੍ਰਕਿਰਤੀ ਪੂਜਾ ਸੋਧੋ

ਮਨੁੱਖ ਨੇ ਪ੍ਰਕਿਰਤੀ ਨੂੰ ਜਿਉਂ ਜਿਉਂ ਹੀ ਦੇਖਣਾ ਤੇ ਸਮਝਣਾ ਸ਼ੁਰੂ ਕੀਤਾ ਤਾਂ ਉਸ ਨੂੰ ਪ੍ਰਕਿਰਤੀ ਆਪਣੇ ਵਰਗੇ ਕੰਮ ਕਰਦੀ ਤੇ ਸਾਂਹ ਲੈਂਦੀ ਪ੍ਰਤੀਤ ਹੋਈ। ਇਸ ਲਈ ਉਹ ਪ੍ਰਕਿਰਤੀ ਦਾ ਮਾਨਵੀਕਰਨ ਕਰਦਾ ਹੈ ਪਰ ਜਦੋਂ ਉਹ ਪ੍ਰਕਿਰਤੀ ਦੇ ਦੋ ਰੂਪਾਂ ਮਿਹਰਬਾਨ ਤੇ ਵਿਕਰਾਲ ਤੋਂ ਜਾਣੂ ਹੁੰਦਾ ਹੈ ਤਾਂ ਉਹ ਪਹਿਲੇ ਰੂਪ ਵਿਚ ਪ੍ਰਕਿਰਤੀ ਦਾ ਜਸ ਗਾਉਂਦਾ ਹੈ ਜਿਸ ਵਿਚ ਉਹ ਗਰਮੀ ਵਿਚ ਠੰਡੀਆਂ ਹਵਾਵਾਂ ਤੇ ਮੀਂਹ ਦਾ ਅਨੰਦ ਮਾਣਦਾ ਹੈ। ਦੂਸਰੇ ਵਿਕਰਾਲ ਰੂਪ ਵਿਚ ਉਹ ਹੜ੍ਹ,ਤੂਫਾਨ ਆਦਿ ਤੋਂ ਘਬਰਾ ਕੇ ਪ੍ਰਕਿਰਤੀ ਨੂੰ ਆਪਣੇ ਤੋਂ ਤਾਕਤਵਰ ਤੇ ਪਰਾ ਭੌਤਿਕ ਚੀਜ ਕਲਪ ਲੈਂਦਾ ਹੈ ਤੇ ਆਪਣੇ ਆਪ ਨੂੰ ਉਸ ਦੇ ਮੁਕਾਬਲੇ ਤੁਛ ਸਮਝਦਾ ਹੈ। ਇਸ ਦੌਰਾਨ ਹੀ ਉਹ ਵੱਖ ਵੱਖ ਪ੍ਰਕਿਰਤੀ ਰੂਪਾਂ ਦੀ ਪੂਜਾ ਕਰਦਾ ਹੈ, ਜਿਵੇਂ :- ਗ੍ਰਹਿ ਪੂਜਾ,ਧਰਤੀ ਪੂਜਾ,ਸੂਰਜ ਦਿਉਤਾ,ਸ਼ਨਿਚਰ ਗ੍ਰਹਿ,ਸ਼ੁੱਕਰ ਗ੍ਰਹਿ,ਮੰਗਲ ਗ੍ਰਹਿ,ਬ੍ਰਹਿਸਪਤੀ ਗ੍ਰਹਿ ਆਦਿ ਦੀ ਪੂਜਾ ਕਰਦਾ ਹੈ ।

ਨਛਤਰ ਪੂਜਾ ਸੋਧੋ

ਨਛਤਰ ਅਸਮਾਨ ਉੱਤੇ ਬਿਖਰੇ ਗ੍ਰਹਿ ਦੇ ਸਮੂਹ ਹਨ ਜਿਹਨਾਂ ਵਿੱਚੋਂ ਚੰਨ ਨੂੰ ਲੰਘਣਾ ਪੈਂਦਾ ਹੈ। ਇਹ ਗਿਣਤੀ ਵਿਚ 27 ਮੰਨੇ ਜਾਂਦੇ ਹਨ।[5] ਕੁਝ ਨਛਤਰ ਸ਼ੁਭ ਮੰਨੇ ਜਾਂਦੇ ਹਨ ਤੇ ਕੁਝ ਅਸ਼ੁਭ ਮੰਨੇ ਜਾਂਦੇ ਹਨ। ਜਿਹਨਾਂ ਵਿੱਚੋਂ ਮੂਲ ਨਛਤਰ ਨੂੰ ਸਭ ਤੋਂ ਨਹਿਸ ਮੰਨਿਆ ਜਾਂਦਾ ਹੈ ।

ਪਿਤਰ ਪੂਜਾ ਸੋਧੋ

ਪਿਤਰ ਪੂਜਾ ਆਪਣੇ ਵੱਡੇ ਵਡੇਰਿਆਂ ਦੀ ਯਾਦ ਵਿਚ ਕੀਤੀ ਜਾਂਦੀ ਹੈ ਜੋ ਇਸ ਸੰਸਾਰ ਤੋਂ ਚਲੇ ਜਾਂਦੇ ਹਨ ਭਾਵ ਜਿਹਨਾਂ ਦੀ ਮੌਤ ਹੋ ਜਾਂਦੀ ਹੈ। ਮਨੁੱਖੀ ਮਨ ਦੀ ਮਿੱਥ ਅਨੁਸਾਰ ਵੱਡੇ ਵਡੇਰੇ ਮਰਨ ਤੋਂ ਬਾਅਦ ਹੋਰ ਸ਼ਕਤੀਸ਼ਾਲੀ ਹੋ ਜਾਂਦੇ ਹਨ।ਉਨ੍ਹਾਂ ਦੀ ਇਸ ਸ਼ਕਤੀ ਦੀ ਮਿਹਰ ਨੂੰ ਪਾਉਣ ਖਾਤਰ ਹੀ ਮਨੁੱਖ ਪਿਤਰ ਪੂਜਾ ਕਰਦਾ ਹੈ। ਪਿਤਰ ਦੋ ਤਰ੍ਹਾਂ ਦੇ ਹੁੰਦੇ ਹਨ : 1) ਧਰਮਾਤਮਾ (ਕਲਿਆਣੀ)- ਜੋ ਕੁਲ ਕੁਟੰਭ ਦਾ ਕਲਿਆਣ ਚਾਹੁੰਦੇ ਹਨ । 2) ਦੁਸ਼ਟ ਤੇ ਦੋਖੀ - ਜੋ ਦੁੱਖ ਦਲਿੱਦਰ ਤੇ ਰੋਗ ਫੈਲਾਉਂਦੇ ਹਨ । ਪੰਜਾਬ ਵਿੱਚ ਪਿਤਰ ਪ੍ਰਤੀ ਜੋ ਵਿਹਾਰ ਹੈ ਉਹ ਤ੍ਰੈ ਪੱਖਾ ਹੈ - 1) ਸੰਤੁਸ਼ਟੀ ਤੇ ਟਹਿਲ ਸੇਵਾ 2) ਪਤਿਆਉਣਾ 3) ਪੂਜਾ ਅਰਚਾ ਕਰਨੀ । ਪਿਤਰ ਪੂਜਾ ਤੇ ਜਠੇਰਾ ਪੂਜਾ ਵਿੱਚ ਅੰਤਰ ਸਿਰਫ ਐਨਾ ਕੁ ਹੈ ਕਿ ਪਿਤਰ ਪੂਜਾ ਦਾ ਸੰਬੰਧ ਇਕ ਪਰਿਵਾਰ ਨਾਲ ਹੈ ਜਦੋਂ ਕਿ ਜਠੇਰਾ ਪੂਜਾ ਕਬੀਲੇ ਜਾਂ ਗੋਤ ਨਾਲ ਸਬੰਧਤ ਹੈ ।

ਗਰਾਮ ਦਿਉਤੇ ਸੋਧੋ

ਇਹਨਾਂ ਗਰਾਮ ਦਿਉਤਿਆਂ ਦੇ ਸਥਾਨ ਨੂੰ ਦੇਹਰ ਕਿਹਾ ਜਾਂਦਾ ਹੈ । ਇਹ ਦਿਉਤੇ ਆਪਣੇ ਆਪਣੇ ਅਧਿਕਾਰ ਖੇਤਰ ਅਨੁਸਾਰ ਪਿੰਡ ਦੇ ਲੋਕਾਂ ਦੀ ਰੱਖਿਆ ਕਰਦੇ ਹਨ। ਇਹ ਦਿਉਤੇ ਗਿਣਤੀ ਵਿੱਚ ਚਾਰ ਹਨ : 1) ਭੂਮੀਆ - ਭੂਮੀਆ ਪਿੰਡ ਦੀ ਸਾਰੀ ਭੂਮੀ ਵਿੱਚ ਫੈਲਿਆ ਹੁੰਦਾ ਹੈ। ਇਸ ਦਾ ਅਧਿਕਾਰ ਖੇਤਰ ਬਾਕੀ ਗਰਾਮ ਦਿਉਤਿਆਂ ਤੋਂ ਵੱਡਾ ਹੁੰਦਾ ਹੈ । 2) ਖੇੜਾ ਦਿਉਤਾ - ਇਹ ਪਿੰਡ ਦਾ ਰੱਖਿਅਕ ਹੈ । 3) ਖੇਤਰਪਾਲ - ਇਸ ਦਾ ਅਧਿਕਾਰ ਖੇਤਰ ਪਿੰਡ ਦੇ ਖੇਤ ਹਨ । 4) ਸੀਮਾ ਦਿਉਤਾ - ਇਸ ਦਾ ਅਧਿਕਾਰ ਸੀਮਾ ਦੇ ਅੰਦਰ ਹੁੰਦਾ ਹੈ ਤੇ ਬਦਰੂਹਾਂ, ਰੋਗ ਅਤੇ ਬੀਮਾਰੀਆਂ ਫੈਲਾਉਣ ਵਾਲੀ ਖੋਰੂ ਸ਼ਕਤੀ ਨੂੰ ਸੀਮਾਂ ਤੋਂ ਦੂਰ ਰੱਖਣਾ ਹੈ ।

ਟੋਟਮ (ਗੋਤਰ ਚਿੰਨ੍ਹ ਦੀ ਪੂਜਾ) ਸੋਧੋ

ਆਤਮਸ਼ੀਲ ਚਿੰਤਨ ਤੋਂ ਧਰਮ ਹੋਂਦ ਵਿਚ ਆਇਆ । ਟੋਟਮ ਵਾਦ ਨੂੰ ਧਾਰਮਿਕ ਜੀਵਨ ਦਾ ਪ੍ਰਾਥਮਿਕ ਰੂਪ ਮੰਨਿਆ ਜਾਂਦਾ ਹੈ ।[6]'ਟੋਟਮ ਕਈ ਪਦਾਰਥਕ ਵਸਤੂ ਪੌਦਾ ਜਾਂ ਜਾਨਵਰ ਹੁੰਦਾ ਹੈ ਜਿਸ ਦੇ ਅਧਾਰ ਉੱਤੇ ਕੋਈ ਕਬੀਲਾ ਸੰਗਠਿਤ ਹੁੰਦਾ ਹੈ । ਇਸ ਲਈ ਟੋਟਮ ਪ੍ਰਾਚੀਨ ਸਮਾਜਕ ਸੰਸਥਾ ਤੋਂ ਉਸ ਕਬੀਲੇ ਦੇ ਹਰੇਕ ਪ੍ਰਾਣੀ ਦਾ ਟੋਟਮ ਨਾਲ ਰਹੱਸਮਈ ਸਬੰਧ ਮੰਨਿਆ ਜਾਂਦਾ ਹੈ ।[7] ਟੋਟਮ ਜਾਨਵਰ ਜਾਂ ਪੌਦੇ ਆਦਿ ਨੂੰ ਮਾਰਨਾ,ਖਾਣਾ ਜਾਂ ਨੁਕਸਾਨ ਪਹੁੰਚਾਣ ਬਾਰੇ ਕੁਝ ਮਨਾਹੀਆਂ ਦਾ ਪਾਲਣ ਕਰਨਾ ਪੈਂਦਾ ਹੈ ।[8] ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਕੋਈ ਵੀ ਟੋਟਮ ਕਿਸੇ ਖਾਸ ਕਬੀਲੇ ਤੇ ਭਾਈਚਾਰੇ ਦੀ ਪ੍ਰਤੀਨਿਧਤਾ ਕਰਦਾ ਹੈ । ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਜਰੂਰੀ ਨਹੀਂ ਕਿ ਕੋਈ ਗੋਤ ਜਿਸ ਜਾਨਵਰ ਜਾਂ ਪੌਦੇ ਅਥਵਾ ਪਦਾਰਥਕ ਵਸਤੂ ਵਿਚ ਸ਼ਰਧਾ ਰੱਖੇ ਉਹ ਟੋਟਮ ਹੀ ਹੋਵੇ। ਕਈ ਜਾਨਵਰ, ਪੰਛੀਆਂ ਜਾਂ ਦਰੱਖ਼ਤਾਂ ਪ੍ਰਤੀ ਸਾਡੀ ਸ਼ਰਧਾ ਟੋਟਮ ਪ੍ਰਭਾਵ ਹੇਠ ਨਹੀਂ ਹੁੰਦੀ ਸਗੋਂ ਇਹਨਾਂ ਪਿੱਛੇ ਕੋਈ ਮਿੱਥਕ ਧਾਰਮਿਕ ਭਾਵਨਾ ਹੋ ਸਕਦੀ ਹੈ ,ਜਿਵੇਂ :- ਚੂਹਾ ਭਾਵੇਂ ਗਣੇਸ਼ ਦੀ ਸਵਾਰੀ ਹੋਣ ਕਰਕੇ ਪਵਿੱਤਰ ਹੈ ਪਰ ਉਸ ਨੂੰ ਮਾਰਨ ਦੀ ਕੋਈ ਮਨਾਹੀ ਨਹੀਂ ।

ਹਵਾਲੇ ਸੋਧੋ

  1. ਸੋਹਿੰਦਰ ਸਿੰਘ ਵਣਜਾਰਾ ਬੇਦੀ, ਲੋਕ ਧਰਮ, ਨੈਸ਼ਨਲ ਬੁੱਕ ਸ਼ਾਪ ਦਿੱਲੀ,9
  2. ਸੋਹਿੰਦਰ ਸਿੰਘ ਵਣਜਾਰਾ ਬੇਦੀ, ਲੋਕ ਧਰਮ, ਨੈਸ਼ਨਲ ਬੁੱਕ ਸ਼ਾਪ ਦਿੱਲੀ,9
  3. ਸੋਹਿੰਦਰ ਸਿੰਘ ਵਣਜਾਰਾ ਬੇਦੀ, ਲੋਕ ਧਰਮ, ਨੈਸ਼ਨਲ ਬੁੱਕ ਸ਼ਾਪ ਦਿੱਲੀ,9
  4. ਸੋਹਿੰਦਰ ਸਿੰਘ ਵਣਜਾਰਾ ਬੇਦੀ, ਲੋਕ ਧਰਮ, ਨੈਸ਼ਨਲ ਬੁੱਕ ਸ਼ਾਪ ਦਿੱਲੀ,11
  5. ਸੋਹਿੰਦਰ ਸਿੰਘ ਵਣਜਾਰਾ ਬੇਦੀ,ਲੋਕ ਧਰਮ,ਨੈਸ਼ਨਲ ਬੁੱਕ ਸ਼ਾਪ,ਦਿੱਲੀ ਪੰਨਾ 52
  6. ਸੋਹਿੰਦਰ ਸਿੰਘ ਵਣਜਾਰਾ ਬੇਦੀ,ਲੋਕ ਧਰਮ,ਨੈਸ਼ਨਲ ਬੁੱਕ ਸ਼ਾਪ,ਦਿੱਲੀ ਪੰਨਾ 130
  7. ਸੋਹਿੰਦਰ ਸਿੰਘ ਵਣਜਾਰਾ ਬੇਦੀ,ਲੋਕ ਧਰਮ,ਨੈਸ਼ਨਲ ਬੁੱਕ ਸ਼ਾਪ,ਦਿੱਲੀ ਪੰਨਾ 131
  8. ਸੋਹਿੰਦਰ ਸਿੰਘ ਵਣਜਾਰਾ ਬੇਦੀ ,ਲੋਕ ਧਰਮ,ਨੈਸ਼ਨਲ ਬੁੱਕ ਸ਼ਾਪ,ਦਿੱਲੀ ਪੰਨਾ 131