'ਵਾਰਿਸ' ਗੁਰਮੁਖੀ ਦੇ
ਵਾਰਿਸ ਗੁਰਮੁਖੀ ਦੇ ਇੱਕ ਮੁਹਿੰਮ, ਇੱਕ ਪਹਿਲ ਕਦਮੀਂ ੲੇ ਜਿਸ ਰਾਹੀਂ ਲੋਕਾਂ ਨੂੰ ਸ਼ੁੱਧ ਪੰਜਾਬੀ ਲਿਖਣ ਲਈ ਪ੍ਰੇਰਨ ਦੇ ਯਤਨ ਕੀਤੇ ਜਾ ਰਹੇ ਨੇ । ਅਸੀਂ ਸਮਝਦੇ ਆਂ ਕਿ ਜਿੱਥੇ ਕਿਤੇ ਵੀ ਪੰਜਾਬੀ ਗ਼ਲਤ ਲਿਖੀ ਹੋਵੇ ਉਸਨੂੰ ਠੀਕ ਕਰਕੇ ਲਿਖਣਾ ਸਾਡਾ ਫ਼ਰਜ਼ ੲੇ ।
ਇਸ ਇਸ ਮੁਹਿੰਮ ਨੂੰ ਸ਼ੁਰੂ ਕਰਨ ਦਾ ਕਾਰਨ ਇਹ ਹੈ ਕਿ ਪੰਜਾਬ ਵਿੱਚ ਰਹਿਣ ਵਾਲੇ ਜਾਂ ਪੰਜਾਬੀ ਬੋਲਣ ਵਾਲੇ ਬਹੁਤਾਤ ਲੋਕ ਅਜਿਹੇ ਨੇ ਜੋ ਪੰਜਾਬੀ ਲਿਖਣ ਵਿੱਚ ਬਹੁਤ ਗ਼ਲਤੀਆਂ ਕਰਦੇ ਨੇ। ਇੱਥੋਂ ਤੱਕ ਕਿ ਅੱਜਕਲ੍ਹ ਦੇ ਨਵੇਂ ਲੇਖਕਾਂ ਦੀਆਂ ਰਚਨਾਵਾਂ ਵਿੱਚ ਵੀ ਕਈ ਗ਼ਲਤੀਆਂ ਵੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਦੀਆਂ ਰਚਨਾਵਾਂ ਕਈ ਹੋਰ ਲੋਕਾਂ ਨੇ ਪੜ੍ਹ ਕੇ ਉੱਥੋਂ ਸਿੱਖਣਾ ਹੁੰਦਾ। ਕਈ ਵਾਰ ਰਸਤਿਆਂ, ਕੰਧਾਂ ਤੇ ਲੱਗੇ ਪੰਜਾਬੀ ਦੇ ਬੋਰਡਾਂ ਉੱਤੇ ਸਾਰੀ ਪੰਜਾਬੀ ਗ਼ਲਤ ਲਿਖੀ ਹੁੰਦੀ , ਕਈ ਵਾਰ ਤਾਂ ਅਰਥ ਦਾ ਅਨਰਥ ਹੋ ਜਾਂਦਾ।
ਇਸ ਲਈ ਇਸ ਦਾ ਕੋਈ ਨਾ ਕੋਈ ਹੱਲ ਕਰਨਾ ਜ਼ਰੂਰੀ ਸੀ।
ਇਸ ਮੁਹਿੰਮ ਦਾ ਮਕਸਦ ਹੈ ਪੰਜਾਬ ਦੇ ਉਨ੍ਹਾਂ ਲੋਕਾਂ ਨੂੰ ਸ਼ੁੱਧ ਪੰਜਾਬੀ ਨਾਲ ਜੋੜਨਾ ਜੋ ਪੰਜਾਬੀ ਬੋਲਦੇ, ਪੜ੍ਹਦੇ ਤੇ ਲਿਖਦੇ ਤਾਂ ਹਨ ਪਰ ਲਿਖਤੀ ਰੂਪ ਵਿੱਚ ਬਹੁਤ ਗ਼ਲਤੀਆਂ ਕਰਦੇ ਹਨ ਅਤੇ ਉਨ੍ਹਾਂ ਬੱਚਿਆਂ ਨੂੰ ਸ਼ੁੱਧ ਪੰਜਾਬੀ ਲਿਖਣ ਪ੍ਰਤੀ ਜਾਗਰੂਕ ਕਰਨਾ ਜਿਨ੍ਹਾਂ ਦੇ ਹੱਥ ਪੰਜਾਬ ਦਾ ਭਵਿੱਖ ਹੈ।