[1]ਫਰੈਂਡਿਕ ਜੇਮਸਨ: ਸਾਹਿਤ

ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ

ਫਰੈਂਡਿਕ ਜੇਮਸਨ ਨੂੰ ਆਮ ਤੌਰ ' ਤੇ ਸਮਕਾਲੀ ਮਾਰਕਸਵਾਦੀ ਚਿੰਤਨ ਅਤੇ ਸਾਹਿਤ ਸਭਿਆਚਾਰਕ ਆਲੋਚਨਾ ਦਾ ਸੱਭ ਤੋਂ ਪ੍ਰਮੁੱਖ ਹਸਤਾਖਰ ਮੰਨਿਆ ਜਾਂਦਾ ਹੈ । ਉਸਦੀਆਂ ਲਿਖਤਾਂ ਦਾ ਘੇਰਾ ਬੜਾ ਵਿਸ਼ਾਲ ਹੈ ਜਿਨ੍ਹਾਂ ' ਚ ਉਸਨੇ ਸਾਹਿਤਕ ਤੇ ਸਭਿਆਚਾਰਕ ਪਾਠਾਂ ਦੇ ਵਿਸ਼ਲੇਸ਼ਣ ਰਾਹੀਂ ਆਪਣੀ ਨਵ - ਮਾਰਕਸਵਾਦੀ ਸਿਧਾਂਤਕ ਪੋਜੀਸ਼ਨ ਵਿਕਸਤ ਕੀਤੀ । ਇਸਦੇ ਨਾਲ ਨਾਲ ਉਸਨੇ ਆਪਣੇ ਸਮੇਂ ਦੀਆਂ ਉਲਟ / ਵਿਰੋਧੀ ਸਿਧਾਂਤਕ ਪੋਜੀਸ਼ਨਾਂ ਦੀ ਸਮੀਖਿਆ ਸਥਾਪਿਤ ਕਰਦਿਆਂ ਵੱਡ ਆਕਾਰੀ ਲਿਖਤਾਂ ਰਾਹੀਂ ਆਪਣੇ ਵਿਚਾਰ ਪ੍ਰਗਟਾਏ ਅਤੇ ਵਰਤਾਰਿਆਂ ਬਾਰੇ ਆਪਣੀ ਸਮਝ ਨੂੰ ਸੁਦ੍ਰਿੜ ਤੇ ਸੁਰੱਖਿਅਤ ਕੀਤਾ । ਬਹੁ - ਤਿੰਨ ਸਿਰਜਣਾਤਮਕ ਵਰਤਾਰਿਆਂ ਉੱਤੇ ਧਿਆਨ ਕੇਂਦਰਿਤ ਕਰਨ ਅਤੇ ਬਹੁਵਿਧਾਈ ਲੇਖਕ ਹੋਣ ਦੇ ਨਾਤੇ ਉਸਨੇ ਕਈ ਸਿਧਾਂਤਕ - ਸਿਰਜਣਾਤਮਕ ਪ੍ਰਵਚਨਾਂ ਨੂੰ ਆਪਣੇ ਪ੍ਰੋਜੈਕਟਾਂ ਅਤੇ ਦ੍ਰਿਸ਼ਟੀਕੋਣਾਂ ' ਚ ਆਤਮਸਾਤ ਕੀਤਾ । ਜੇਮਸਨ ਨੇ ਕਈ ਸਮਕਾਲੀ ਵਿਚਾਰ ਚਰਚਾਵਾਂ ਅਤੇ ਸੰਵਾਦਾਂ ' ਚ ਹਿੱਸਾ ਲੈਂਦਿਆਂ ਬਹੁਪ੍ਰਕਾਰੀ ਅਤੇ ਬਹੁਪ੍ਰਕਾਰਜੀ ਸਭਿਆਚਰਕ ਪਾਠਾਂ ਦਾ ਭਰਵਾਂ ਵਿਸ਼ਲੇਸ਼ਣ ਪ੍ਰਸਤੁਤ ਕੀਤਾ ਹੈ । ਇਨਾਂ ਵਿਚ ਬਿਰਤਾਂਤ ਸਾਹਿਤ ਤੋਂ ਲੈ ਕੇ , ਵੀਡੀਓ ਫਿਲਮਾਂ ਅਤੇ ਭਵਨ ਨਿਰਮਾਣ ਕਲਾ ਦੇ ਨਾਲ ਨਾਲ ਉਤਰ ਆਧੁਨਿਕਤਾ ਦੇ ਬਹੁਭਾਵੀ , ਬਹੁਅਰਥੀ ਵਿਸਤ੍ਰਿਤ ਪਾਸਾਰ ਸ਼ਾਮਿਲ ਹਨ ।

    ਇਸ ਤਰੀਕੇ ਨਾਲ ਜੇਮਸਨ ਦੀਆਂ ਲਿਖਤਾਂ ਨੂੰ ਸਮੁੱਚਤਾ ‘ ਚ ਦੇਖਦਿਆਂ ਇਹ ਪਤਾ ਲਗਦਾ ਹੈ ਕਿ ਸਿਧਾਂਤਕ ਤੌਰ ' ਤੇ ਭਾਵੇਂ ਕਿ ਉਹ ਕਈ ਤਰ੍ਹਾਂ ਦੇ ਪਾਠਾਂ ਨੂੰ ਕਈ ਤਰ੍ਹਾਂ ਪੜ੍ਹਦਾ ਹੈ ਪਰ ਸਾਪੇਖੀ ਰੂਪ ‘ ਚ ਉਸ ਵਿਚ ਇਕਜੁੱਟਤਾ ਤੇ ਲੈਅ ਦਿਖਾਈ ਦਿੰਦੀ ਹੈ । ਉਸ ਦੀਆਂ ਪੜ੍ਹਤਾਂ ਦੇ ਸਿਧਾਂਤਕ ਪਾਸਾਰਾਂ ਦਾ ਖੇਤਰ ਬੜਾ ਲੰਮਾ ਚੌੜਾ ਤੇ ਵਿਸ਼ਾਲ ਹੈ ਜਿਸ ' ਚ ਸੰਰਚਨਾਵਾਦ ਤੋਂ ਲੈ ਕੇ ਉਤਰਸੰਰਚਨਾਵਾਦ ਤੱਕ ਅਤੇ ਮਨੋਵਿਸ਼ਲੇਸ਼ਣ ਤੋਂ ਉਤਰਆਧੁਨਿਕਵਾਦ ਤੱਕ ਅਤੇ ਫਿਰ ਇਹ ਮਾਰਕਸਵਾਦੀ ਸਾਹਿਤਕ ਸਿਧਾਂਤਾਂ ਅਤੇ ਸਭਿਆਚਾਰਕ ਸਿਧਾਂਤਕਤਾ ਤੱਕ ਫੈਲ ਜਾਂਦਾ ਹੈ । ਪਰ ਇਸ ਸਭ ਦਰਮਿਆਨ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਮਾਰਕਸਵਾਦ ਜੇਮਸਨ ਦਾ ਮੁੱਖ ਬਿਰਤ ਬਣਿਆ ਰਹਿੰਦਾ ਹੈ । ਇਹ ਬਿਰਤਾਂਤ ਵਿਚਾਰਧਾਰਾ ਦੇ ਵਿਆਖਿ ਸ਼ਾਸਤਰ ਅਤੇ ਯੂਟੋਪੀਆ ਦੀ ਦੁਵੱਲਤਾ ਨੂੰ ਅੰਗੀਕਾਰ ਕਰ ਕੇ ਸਭਿਆਚਾਰ ਪਾਠਾਂ ਦੀ ਵਿਚਾਰਧਾਰਕ ਆਲੋਚਨਾ ਘੜ੍ਹਦਾ ਹੈ । ਇੰਝ ਇਨ੍ਹਾਂ ਯੂਟੋਪੀਆ ਰਾਹੀਂ ਵਰਤਮਾਨ ਸਮਾਜ ਲਈ ਚੰਗੇ ਜਗਤ ਦੇ ਦ੍ਰਿਸ਼ਟੀਕੋਣ ਦੀ ਸੰਕਲਪ ਆਲੋਚਨਾ ਪੈਦਾ ਹੁੰਦੀ ਹੈ । ਇਸ ਤਰ੍ਹਾਂ ਮਾਰਕਸਵਾਦੀ ਸਿਧਾਂਤਕਾ ਅਰਨੈਸਟ ਬਲੋਖ਼ ਦੇ ਪ੍ਰਭਾਵ ਅਧੀਨ ਜੇਮਸਨ ਨੇ ਨਵ - ਮਾਕਰਸਵਾਦੀ ਸਭਿਆਚਾਰਕ ਸਿਧਾਂਤ ਦਾ ਵਿਆਖਿਆ ਸ਼ਾਸਤਰ ਅਤੇ ਯੂਟੋਪੀਆਈ ਵਿਚਾਰ ਦਾ ਵਿਵੇਚਨ ਵਿਕਸਤ ਕੀਤਾ ਹੈ ।

             ਜੇਮਸਨ ਦੀ ਸਾਹਿਤ ਪ੍ਰਤੀ ਆਲੋਚਨਾਤਮਕ ਪਹੁੰਚ ਅਤੇ ਪੜ੍ਹਨ ਵਿਧੀ ‘ ਤੇ ਜੌਰਜ ਲੁਕਾਚ ਦੇ ਇਤਿਹਾਸਕ ਨਾਵਲ ਅਤੇ ਯਥਾਰਥਵਾਦ ਬਾਰੇ ਸੰਕਲਪਾਂ ਅਤੇ ਵਿਚਾਰਾਂ ਦਾ ਖ਼ਾਸਾ ਪ੍ਰਭਾਵ ਰਿਹਾ । ਭਾਵੇਂ ਕਿ ਜੇਮਸਨ ਨੇ ਲੁਕਾਰ ਵੱਲੋਂ ਆਧੁਨਿਕਵਾਦ ਵਿਰੁਧ ਛੇੜੇ ਵਿਵਾਦ ਅਤੇ ਬਹਿਸ ( ਪੋਲੈਮਿਕਸ ) ਨੂੰ ਕਦੇ ਸਵਿਕਾਰ ਨਹੀਂ ਕੀਤਾ ਪਰ ਸਮਕਾਲੀ ਪੂੰਜੀਵਾਦ ' ਚ ਸਭਿਆਚਾਰ ਵਿਆਖਿਆ ਨੂੰ ਮੰਨਣ ਵਾਲੇ ਲੁਕਾਰ ਵੱਲੋਂ ਪੇਸ਼ ਕੀਤੇ ਵਰਗੀਕਰਣਾਂ ਦਾ ਸਹੀ ਇਸਤੇਮਾਲ ਜ਼ਰੂਰ ਕੀਤਾ । ਇੰਝ ਜੇਮਸਨ ਦੀਆਂ ਲਿਖਤਾਂ ਦੀ ਹੀਗਲੀਅਨ ਪਛਾਣ ਇਹ ਬਣਦੀ ਹੈ ਕਿ ਉਹ ਸਭਿਆਚਾਰਕ ਪਾਠਾਂ ਦਾ ਇਤਿਹਾਸ ' ਚ ਪ੍ਰਸੰਗੀਕਰਣ ਕਰਦਿਆਂ ਹੀਗਲੀਅਨ ਵਰਗੀਕਰਣਾਂ ਨੂੰ ਇਤਿਹਾਸਕ ਸਮਿਆਂ ‘ ਚ ਸਥਿਤ ਕਰਦਾ ਹੈ ।

        ਜੇਮਸਨ ਜਦੋਂ ਆਪਣੀ ਦਵੰਦਾਤਮਕ ਅਤੇ ਵਿਰੋਧ ਵਿਕਾਸੀ ਆਲੋਚਨਾ ਦੀ ਪ੍ਰਕਿਰਿਆ ਰਾਹੀਂ ਪਾਠਾਂ ਦਾ ਠੋਸ ਵਿਸ਼ਲੇਸ਼ਣ ਅਤੇ ਸੂਖਮ ਜਾਂਚ ਕਰ ਰਿਹਾ ਹੁੰਦਾ ਹੈ ਤਾਂ ਉਸ ਪਿੱਛੇ ਵਰਗਾਂ ਅਤੇ ਵਿਧੀਆਂ ਨੂੰ ਸਹਿਜ ਸੁਭਾਅ ਫਰੋਲਣ ਵਾਲੀ ਉਸ ਦੀ ਸੋਚ ਵੀ ਸ਼ਾਮਿਲ ਹੁੰਦੀ ਹੈ । ਉਸ ਦੀ ਅਧਿਐਨ ਵਿਧੀ ਸੁਝਾਉਂਦੀ ਹੈ ਕਿ ਵਰਗ , ਇਤਿਹਾਸਕ ਵੱਥ ਨੂੰ ਸਪੱਸ਼ਟ ਕਰਦੇ ਹਨ , ਇਸ ਲਈ ਇਨ੍ਹਾਂ ਨੂੰ ਉਸ ਇਤਿਹਾਸਕ ਵਾਤਾਵਰਣ ‘ ਚ ਰੱਖ ਕੇ ਪੜ੍ਹਨਾ ਚਾਹੀਦੈ ਜਿਸ ਵਿਚੋਂ ਇਹ ਪੈਦਾ ਹੋਏ ਹੁੰਦੇ ਹਨ । ਇਸ ਲਈ ਜੇਮਸਨ ਦੀ ਦਵੰਦਾਤਮਕ ਆਲੋਚਨਾ ਵਿੱਚ ਉਹ ਸੂਝ ਨਿਹਿਤ ਹੈ ਜੋ ਵਰਗਾਂ ਅਤੇ ਵਿਧੀਆਂ ਨੂੰ ਬਿੰਬਤ ਕਰਦੀ ਹੈ । ਉਸ ਅਨੁਸਾਰ ਸਹਿ - ਸਬੰਧਕ ਅਤੇ ਇਤਿਹਾਸਕ ਸੋਚ - ਵਿਧੀ ਅਧਿਐਨ ਦੇ ਉਦੇਸ਼ ਨੂੰ ਇਤਿਹਾਸਕ ਵਾਤਾਵਰਣ ‘ ਚ ਪ੍ਰਸੰਗਿਕ ਅਤੇ ਨਿੱਗਰ ਬਣਾਉਂਦੀ ਹੈ । ਜੇਮਸਨ ਦੀ ਵਿਸ਼ਲੇਸ਼ਣ ਵਿਧੀ ਵਿਚਲਾ ਯੂਟੋਪੀਅਨ - ਵਿਚਾਰ ; ਸਾਹਿਤ , ਦਰਸ਼ਨ ਅਤੇ ਹੋਰ ਸਭਿਆਚਾਰਕ ਪਾਠਾਂ ਦੇ ਮੌਜੂਦਾ ਯਥਾਰਥ ਨੂੰ ਸਮਝਣ ਅਤੇ ਸੰਭਵ ਵਿਕਲਪਾਂ ਰਾਹੀਂ ਯੂਟੋਪੀਆਈ ਆਸ ਦੀ ਤਲਾਸ਼ ਦਾ ਆਧਾਰ ਬਣਦਾ ਹੈ । ਇਸ ਨਾਲ ਹੀ ਉਸ ਦੇ ਵਿਸ਼ਲੇਸ਼ਣ ਪਿੱਛੇ ਉਹ ਸਮੁੱਚੀ ਜੁੜਵੀਂ ਸੋਚ ਵੀ ਪਈ ਹੁੰਦੀ ਹੈ ਜੋ ਸਭਿਆਚਾਰਕ ਅਧਿਐਨਾਂ ਲਈ ਵਿਧੀਵਤ ਚੌਖਟਾ ਅਤੇ ਇਤਿਹਾਸ ਸਿਧਾਂਤ ਪੇਸ਼ ਕਰਦੀ ਹੈ ਜਿਸ ਅੰਦਰ ਦਵੰਦਾਤਮਕ ਅਤੇ ਵਿਰੋਧ ਵਿਕਾਸੀ ਆਲੋਚਨਾ ਆਪਣਾ ਕਾਰਜ ਕਰਦੀ ਹੋਈ ਮੈਲ਼ ਸਕੇ । ਇਸ ਸਾਰੀਆਂ ਹੋਂਦ ਵਿਧੀਆਂ ਅਤੇ ਵਿਵੇਕੀ ਪੱਖ ਜੇਮਸਨ ਦੀਆਂ ਲਿਖਤਾਂ ' ਚ ਕਾਰਜਸ਼ੀਲ ਹਨ ਪਰ ਇਨ੍ਹਾਂ ਵਿਚ ਸਮੁੱਚੀਕਰਣ ( totalizing ) ਵਾਲਾ ਪ੍ਰਮੁੱਖ ਤੇ ਵਿਵਾਦੀ ਪੱਖ ਜ਼ਿਆਦਾ ਪ੍ਰਤੱਖ ਰੂਪ ‘ ਚ ਦੇਖਿਆ ਜਾ ਸਕਦਾ ਹੈ ।

     ਜੇਮਸਨ ਦੀ ਸਿਧਾਂਤਕ ਸੂਝ ਅਤੇ ਵਿਚਾਰਧਾਰਕ ਸਮਝ ਸੱਭ ਤੋਂ ਵੱਧ ਵਿਧੀਵਤ ਢੰਗ ਨਾਲ ‘ The Political Unconscious ' ਵਿਚ ਪੇਸ਼ ਹੋਈ ਹੈ । ਇਸ ਲਿਖਤ ' ਚ ਜੇਮਸਨ ਦੀ ਸਾਹਿਤ ਸਭਿਆਚਾਰਕ ਅਧਿਐਨ ਵਿਧੀ , ਸਾਹਿਤ ਰੂਪਾਂ ਦੇ ਇਤਿਹਾਸ ਦੀ ਸੂਚੀਬੱਧ ਕਾਲਕ੍ਰਮਿਕਤਾ ਅਤੇ ਸਬਜੈਕਟੀਵਿਟੀ ਦੀਆਂ ਵਿਧੀਆਂ ਤੇ ਰੂਪਾਂ ਦਾ ਇਤਿਹਾਸ ਉਵੇਂ ਉਵੇਂ ਪੇਸ਼ ਹੋਇਆ ਹੈ ਜਿਵੇਂ ਜਿਵੇਂ ਉਹ ਸਭਿਆਚਾਰਕ ਅਤੇ ਮਾਨਵੀ ਅਨੁਭਵਾਂ ਦੇ ਦੌਰਾਂ ਵਿਚੋਂ ਲੰਘਿਆ । ਇੰਝ ਜੇਮਸਨ ਨੇ ਮਾਰਕਸਵਾਦੀ ਸਾਹਿਤਕ ਆਲੋਚਨਾ ਨੂੰ ਸਮੁੱਚੇ ਰੂਪ ‘ ਚ ਵੱਧ ਸ਼ਮੂਲੀਅਤ ( all - inclusive ) ਵਾਲੇ ਸਿਧਾਂਤਕ ਚੌਖਟੇ ਵਜੋਂ ਸਥਾਪਿਤ ਕਰਨ ਦਾ ਯਤਨ ਕਰਦਿਆਂ ਭਿੰਨ ਭਿੰਨ ਤਰ੍ਹਾਂ ਦੀਆਂ ਬੇਮੇਲ ਬੇਜੋੜ ਅਤੇ ਸਪੱਧਾਭਾਵੀ ( competitive ) ਪਹੁੰਚਾਂ ਨੂੰ ਇਸ ਸਿਧਾਂਤ ਮਾਡਲ ‘ ਚ ਸ਼ਾਮਿਲ ਕੀਤਾ । ਉਹ ਸਾਹਤਿਕ ਰੂਪਾਂ ਦੇ ਇਤਿਹਾਸ ਦੀ ਰੂਪ ਰੇਖਾ ( over view ) ਪੇਸ਼ ਕਰਦਿਆਂ ਵਿਚਾਰਧਾਰਾ ਅਤੇ ਯੂਟੋਪੀਆ ਦਾ ਦੋਹਰਾ ਵਿਆਖਿਆ ਸ਼ਾਸਤਰ ( ( double hermeneutics ) ਉਸਾਰ ਕੇ ਇਸ ਸਿੱਟੇ ' ਤੇ ਪਹੁੰਚਦਾ ਹੈ ਕਿ ਯੂਟੋਪੀਅਨ ਪਲਾਂ ਨੂੰ ਸੁਰੱਖਿਅਤ ਕਰਦਾ ਵਿਚਾਰਧਾਰਕ ਕਰੀਟੀਕ ਹੀ ਸਾਹਿਤਕ ਸਭਿਆਚਾਰਕ ਵਿਆਖਿਆ ਅਤੇ ਵਿਸ਼ੇਲਸ਼ਣ ਦਾ ਸਹੀ ਮਾਰਕਸਵਾਦੀ ਪੈਂਤੜਾ ਹੈ ।

      ਜੇਮਸਨ ਜਦੋਂ ‘ ਸਭਿਆਚਾਰਕ ਪ੍ਰਬਲ ' ਦੇ ਸੰਕਲਪ ਨੂੰ ਖੋਲ੍ਹਦਾ ਹੈ ਤਾਂ ਉਸ ਅਨੁਸਾਰ ਇਹ ਸੰਕਲਪ ਸਥਾਨਕ ਵੱਖਰਤਾਵਾਂ ਨੂੰ ਮਿਟਉਣ ਤੋਂ ਇਲਾਵਾ ਸਥਾਨਕ ਭਿੰਨਤਾਵਾਂ ਨੂੰ ਬਚਾਉਂਦਾ ਵੀ ਹੈ । ਇਹ ਭਿੰਨਤਾਵਾਂ ਨੂੰ ਉਹ ਥਾਂ ਦਿੰਦਾ ਹੈ ਜੋ ਮਹਿਜ਼ ਮਾਨਸਿਕ ਦੋਫਾੜਤਾ ਵਾਲੀ ਵੱਖਰਤਾ ਦੀ ਉਪਜ ਨਹੀਂ ਹੈ । ਉਤਰ - ਆਧੁਨਿਕ ਨੂੰ ਨਵੇਂ ਸਭਿਆਚਾਰਕ ਪ੍ਰਬਲ ਵਜੋਂ ਦੇਖਦਿਆਂ ਜੇਮਸਨ ਦਾ ਕਹਿਣਾ ਹੈ ਕਿ ਇਹ ਸਾਡੇ ਸਮਿਆਂ ਦਾ ਪ੍ਰਬਲ ਸਭਿਆਚਾਰਕ ਰੂਪ ਹੈ । ਉਂਝ ਜੇ ਸੰਖੇਪਤਾ ‘ ਚ ਹਰ ਸਤੱਰ ' ਤੇ ਦੇਖੀਏ ਤਾਂ ਇਹ ਪ੍ਰਬਲ ਰੂਪ ਬਹੁਵੰਦਤਾ।ਬਹੁਭਿੰਨਤਾ ( heterogeneity ) ਦਾ ਪ੍ਰਬੰਧਨ ਕਰਦਾ ਹੈ । ਭਾਵ ਮੌਜੂਦ ਵੰਨਸੁਵੰਨਤਾ ਨੂੰ ਇੱਕ ਸੰਯੋਜਿਤ ਪ੍ਰਬੰਧ ਵਿੱਚ ਬੰਨ੍ਹਦਾ ਹੈ । ਇਸਦਾ ਸੱਭ ਤੋਂ ਵਧੀਆ ਉਦਾਹਰਣ ਨਾਵਲ ਹੈ ਜੋ ਕਈ ਪਾਤਰਾਂ ਦੇ ਅੰਤਰ ਸੰਬੰਧਿਤ ਬਿਰਤਾਂਤਾਂ ‘ ਚ ਇਕੋ ਵੇਲੇ ਤਾਲ ਮੇਲ ਹੀ ਨਹੀਂ ਬਿਠਾਉਂਦਾ ਬਲਕਿ ਉਨ੍ਹਾਂ ਦੇ ਕਈ ਨਿੱਜੀ ਵਿਚਾਰਾਂ ਵਿੱਚ ਦੂਜਿਆਂ ਦੇ ਵਿਚਾਰਾਂ ਦਾ ਰਲ਼ਾਅਵੀ ਪੈਦਾ ਕਰਦਾ ਹੈ । ਇਸ ਪ੍ਰਕਿਰਿਆ ਵਿਚ ਇਹ ਆਪਣੇ ਆਪ ਕਈ ਕਾਲ ਪੱਧਰਾਂ ' ਤੇ ਹੁਣਵੀਆਂ ਘਟਨਾਵਾਂ ਦੇ ਰੂਪਾਂ ' ਚ ਲੰਮੇਰੇ ਇਤਿਹਾਸ ਦਾ ਹਿੱਸਾ ਬਣ ਜਾਂਦਾ ਹੈ । ਵਸਤੂ / ਵੱਥ ਦੀ ਬਜਾਏ ਰੂਪ ਦਾ ਮਸਲਾ ਹੋ ਜਾਣ ਕਾਰਣ ‘ ਸਭਿਆਚਾਰਕ ਪ੍ਰਬਲਾ ਤਿੰਨ ਧਿਰੀ ਵਿਆਖਿਆ ਦੀ ਸਕੀਮ ਦੇ ਤੀਜੇ ਦਿੱਸਹਦੇ ਵੱਲ ਇਸ਼ਾਰਾ ਕਰਦਾ ਹੈ । ' The Political Unconscious ' ਵਿਚ ਜੇਮਸਨ ਉਤਪਾਦਨ ਵਿਧੀ ਜਾਂ ਸਭਿਆਚਾਰਕ ਇਨਕਲਾਬ ਦੇ ਰੂਪ ਵਿੱਚ ਮੋੜਵੀਂ ਕਾਰਵਾਈ ਦਾ ਐਲਾਨ ਕਰਦਾ ਹੈ । ਇਸਦੀ ਵਿਆਖਿਆ ਕਰਦਿਆਂ ਉਹ ਪਹਿਲੇ ਦੋ ਦਿਸਹੱਦੇ ਭਾਵ ਪ੍ਰਤੀਕਕ ਕਰਮ ( Symbolic ) ਉੱਤੇ ਵਿਚਾਰਧਾਰਕ ( Ideologeme ) ਨੂੰ ਐਨ ਉਲਟ ਦਿੰਦਾ ਹੈ ਅਤੇ ਵਸਤੂ / ਵੱਥ ਦੀ ਬਜਾਏ ਰੂਪ ' ਤੇ ਧਿਆਨ ਕੇਂਦ੍ਰਿਤ ਕਰਦਾ ਹੈ ਪਰ ਉਹ ਅਜਿਹਾ ਇਸ ਢੰਗ ਨਾਲ ਕਰਦਾ ਹੈ ਕਿ ' ਰੂਪ ' ਆਪਣੇ ਹੀ ਢੰਗ ਨਾਲ ਵਸਤੂ / ਵੱਥ ਦਾ ਰੂਪ ਲੈ ਲੈਂਦਾ ਹੈ । ਇਸ ਤਰ੍ਹਾਂ ਉਤਰ ਆਧੁਨਿਕ ਦੇ ਸੰਕਲਪ ਨੂੰ ' ਨਵ - ਸਭਿਆਚਾਰਕ ਪ੍ਰਬਲ ਦੇ ਰੂਪ ' ਚ ਪੇਸ਼ ਕਰਨ ਤੋਂ ਸਪੱਸ਼ਟ ਹੁੰਦਾ ਹੈ ਕਿ ਜੇਮਸਨ ਸ਼ਾਇਦ ਸਾਡੇ ਸਮਿਆਂ ਦੇ ਇਤਿਹਾਸ ਵਿਚ ਸਭਿਆਚਾਰਕ ਇਨਕਲਾਬ ਦੀ ਸਮਝ ਨੂੰ ਵਿਚਾਰਦਾ ਅਤੇ ਇਸਦੀ ਵਿਆਖਿਆ ਪੇਸ਼ ਕਰਦਾ ਹੈ ।

       ਇੰਝ ਕਰਦਿਆਂ ਜੇਮਸਨ ਭਵਨ ਨਿਰਮਾਣ ਕਲਾ , ਫਿਲਮਾਂ ਅਤੇ ਅਭਾਸੀ ਕਲਾਵਾਂ ਵਰਗੀਆਂ ਬਾਅਦ ‘ ਚ ਆਈਆਂ ਨਵੀਆਂ ਸ਼ੈਲੀਆਂ ਦੇ ਵਿਕਾਸ ਦੀ ਵਿਆਖਿਆ ਕਰਦਾ ਹੈ । ਇਸ ਤਰ੍ਹਾਂ ਪਹਿਲਾਂ ਜਿਸਨੂੰ ਰੂਪ ਸਮਝਿਆ ਜਾਂਦਾ ਸੀ ਹੁਣ ਉਸ ਨੇ ਵਸਤੂ ਦਾ ਰੂਪ ਧਾਰ ਲਿਆ ਹੈ । ਇੰਝ ਰੂਪ ਦਾ ਸਮੱਸਿਆਕਾਰ ਇਸ ਦੌਰਾਨ ਉੱਚੇ ਪੱਧਰਾਂ ' ਤੇ ਵਿਸਥਾਪਿਤ ਕਰ ਦਿੱਤਾ ਗਿਆ । ‘ The Political Unconscious ’ ਵਿਚ ਜੇਮਸਨ ਸੁਝਾਅ ਦਿੰਦਾ ਹੈ ਕਿ ਰੂਪ ਵਿਧਾ ਇਸ ਪ੍ਰਕਿਰਿਆ ‘ ਚ ਸੱਭ ਤੋਂ ਸਾਧਾਰਣ ਅਤੇ ਪਹੁੰਚਸ਼ੀਲ ਪ੍ਰਦਰਸ਼ਨ ਪੇਸ਼ ਕਰਦੀ ਹੈ ਜਿਸ ਵਿੱਚ ਇਹ ਕਿਸੇ ਯੁੱਗ ਦੀਆਂ ਪ੍ਰਬਲ ਚਿੰਤਾਵਾਂ ਅਤੇ ਆਦਰਸ਼ਾਂ ਨੂੰ ਜ਼ਮੀਨ ਪ੍ਰਦਾਨ ਕਰਦੀ ਹੈ । ਇਹ ਉਨ੍ਹਾਂ ਯੁੱਗਾਂ ਅਤੇ ਦੌਰਾਂ ' ਤੇ ਪੂਰੀ ਤਰ੍ਹਾਂ ਢੁੱਕਦਾ ਹੈ ਜਿਨ੍ਹਾਂ ਨੂੰ ਅਸੀਂ ਅੱਜ ਕੱਲ੍ਹ ਯਥਾਰਥਵਾਦ ਅਤੇ ਆਧੁਨਿਕਵਾਦ ਕਹਿੰਦੇ ਹਾਂ । ਜੇਮਸਨ ਇਸ ਰੁਝਾਨ ਬਾਰੇ ਇਸ ਲਿਖਤ ‘ ਚ ਬੜੇ ਸਹੀ ਢੰਗ ਨਾਲ ਵਿਆਖਿਆ ਕਰਦਾ ਹੈ । ਪਰ ਜਦੋਂ ਉਤਰ ਆਧੁਨਿਕਵਾਦ ਦੀ ਆਮਦ ਹੁੰਦੀ ਹੈ ਤਾਂ ਕੋਈ ਵੀ ਇਕ ਰੂਪ ਵਿਧਾ ਆਪਣੇ ਬੱਲਬੂਤੇ ਇਤਿਹਾਸਕ ਸਥਿਤੀ ਨੂੰ ਦਰਜ ਕਰਨ ਦੇ ਯੋਗ ਨਹੀਂ ਰਹਿੰਦੀ । ਇੰਝ ਰੂਪ ਵਿਧਾ ਇਕ ਪ੍ਰਵਰਗਕੈਟੇਗਰੀ ਵਜੋਂ ਆਪਣੀ ਉਪਯੋਗਤਾ ਗਵਾਅ ਬਹਿੰਦੀ ਹੈ । ਕੁਝ ਤਾਂ ਇਸ ਕਰਕੇ ਕਿ ਕੋਈ ਇਤਿਹਾਸਕ ਸਥਿਤੀ ਆਪਣੇ ਸਮਿਆਂ ' ਚ ਹੋਰ ਗੁੰਝਲਦਾਰ ਹੋ ਨਿਬੜਦੀ ਹੈ ਪਰ ਜ਼ਿਆਦਾ ਇਸ ਕਰਕੇ ਕਿ ਕੋਈ ਰੂਪ ਵਿਧਾ ਹੋਰ ਸੀਮਤ ਹੋ ਜਾਣ ਕਾਰਣ ਇਸਦੇ ਕੋਡ ਕਠੋਰਤਾ ਨਾਲ ਸਖ਼ਤ , ਸਥਿਰ ਅਤੇ ਨਿਯੰਤਰਤ ਹੋਣ ਲਗਦੇ ਹਨ । ਪਿਛਲੇ ਸਮਿਆਂ ' ਚ ਛਪੇ ਵਿਗਿਆਨਕ ਗਲਪ ਦੀ ਵੱਧ , ਵਿਚਾਰ ' ਤੇ ਵੱਧ ਅਤੇ ਕਿਸੇ ਸਦਾਚਾਰਕ ਅਮੂਰਤ ਸ਼ਕਤੀ ' ਤੇ ਘੱਟ ਮਨੁੱਸਰ ਕਰਦੀ ਹੈ । ਜੇਮਸਨ ਇਥੇ ਪ੍ਰਸਿੱਧ ਪੱਛਮੀ ਚਿੰਤਕਾਂ ਦੈਲਿਊਜ਼ ਅਤੇ ਗੁਆਤਰੇ ਦੁਆਰਾ ਦਿੱਤੇ ਸੰਕਲਪਾਂ ਦੀ ਵਰਤੋਂ ਕਰਦਾ ਲਿਖਦਾ ਹੈ ਕਿ ਇਹ ਬਿਰਤਾਂਤ ਕਥਾ ਦੀਆਂ ਲਘੂ ਘਟਨਾਵਾਂ ਨੂੰ ਖਿੱਚ ਧੂਅ ਕੇ ਜੋੜਨ ਦਾ ਜ਼ੋਖ਼ਿਮ ਬਣ ਜਾਂਦਾ ਹੈ । ਉਤਰ ਆਧੁਨਿਕਵਾਦ ਵਿਚ ਇਤਿਹਾਸ ਸਥਿਤੀ ਦੀ ਪ੍ਰਤੀਨਿੱਧਤਾ ਦਾ ਕਾਰਜ ਆਪਣੇ ਆਪ ਹੀ ਰੂਪ ਵਿਧਾਈ ਪ੍ਰਣਾਲੀ ' ਤੇ ਚੌਫਾਲ ਢਹਿ ਪੈਂਦਾ ਹੈ । ਇਸਦਾ ਭਾਵ ਹੈ ਕਿ ਆਲੋਚਕ ਵਜੋਂ ਸਾਰੀਆਂ ਰੂਪ ਵਿਧਾਵਾਂ ਨੂੰ ਇਕੋ ਵੇਲੇ ਪੜ੍ਹਨਾ ਪੈਂਦਾ ਹੈ ਅਤੇ ਇਹ ਦੇਖਣਾ ਪੈਂਦਾ ਹੈ ਕਿ ਇਹ ਮੇਲ ਮਿਲਾਓ ਸਮੁੱਚੇ ਰੂਪ ' ਚ ਕਿਵੇਂ ਕਾਰਜਸ਼ੀਲ ਰਹਿੰਦਾ ਹੈ । ਜੇਮਸਨ ਅਨੁਸਾਰ ਰੂਪ ਵਿਧਾ ਪ੍ਰਣਾਲੀ ਵਿਧਾ ਦੀ ਆਲੋਚਨਤਾਤਮ ਉਪਯੋਗਤਾ ਨੂੰ ਬਚਾਅ ਲੈਂਦੀ ਹੈ ਪਰ ਇਹ ਸਾਰਾ ਕੁਝ ਇਸਨੂੰ ਹੋਰ ਉੱਚੇ ਪੱਧਰ ( meta level ) ਤੇ ਉਤਾਂਹ ਲੈ ਜਾਂਦਾ ਹੈ । ”

       ‘ ਸਭਿਆਚਾਰਕ ਪ੍ਰਬਲ ' ਦੇ ਸੰਕਲਪ ਨੂੰ ਸੰਗਿਆਨਾਤਮਕ ਸਮੁੱਚੀਕਰਣ ਨਾਲ ਜੋੜ ਕੇ ਇਕ ਭੁੰਬਲਭੂਸਾ ਪੈਦਾ ਹੋਇਆ ਹੈ । ਇਸ ਸੰਬੰਧ ' ਚ ਸਿਮਨ ਡੂਰਿੰਗ ਦੁਆਰਾ 1987 ‘ ਚ ਲਿਖਿਆ ਲੇਖ Postmodernism or Post Colonialism ' ਦੇਖਿਆ ਜਾ ਸਕਦਾ ਹੈ । ਇਹ ਆਪਣੇ ਆਪ ਵਿੱਚ ਪਹਿਲੀ ਤਰ੍ਹਾਂ ਦੀ ਪੈਰਾਡਿਕਮੈਟਿਕ ਸ਼ਿਕਾਇਤ ਹੈ ਕਿ ਇਹ ਜਗਤ ਉਵੇਂ ਦਾ ਉਤਰ ਆਧੁਨਿਕ ਨਹੀਂ ਜਿਸ ਤਰ੍ਹਾਂ ਦਾ ਜੇਮਸਨ ਮੰਨਦਾ ਹੈ । ਉਸ ਦਾ ਵਿਚਾਰ ਹੈ ਕਿ ਅਕਸਰ ਤੀਜੇ ਘਿਸੇ ਪਿਟੇ ( clichéd ) ਦ੍ਰਿਸ਼ਟੀਕੋਣ ਕਿਤੇ ਕਿਤੇ ਪਰ ‘ ਕੱਲੇ ਕਾਰੇ ਰੂਪ ' ਚ ਸਾਹਮਣੇ ਆਉਂਦੇ ਰਹਿੰਦੇ ਹਨ ਜੋ ਅਸਲ ਗਲੋਬਲ ਰਾਜਨੀਤੀ ਤੋਂ ਪੂਰੀ ਤਰ੍ਹਾਂ ਅਣਜਾਣ ਅਤੇ ਅਵੇਸਲੇ ਹੁੰਦੇ ਹਨ । ਉਹ ਕਹਿੰਦਾ ਹੈ ਜੇ ਕਿਸੇ ਨੇ ਉਤਰ ਆਧੁਨਿਕਵਾਦ ਬਾਰੇ ਜੇ ਨਹੀਂ ਸੁਣਿਆਂ , ਸਮਝਿਆ ਜਾਂ ਜਾਇਆਂ ਤਾਂ ਇਹ ਐਨ ਦੂਜੀ ਗੱਲ ਹੈ ਲੇਕਿਨ ਉਤਰ ਆਧੁਨਿਕਵਾਦ ਨੂੰ ਸੰਕਲਪ ਵਜੋਂ ਕੋਈ ਸਾਰਵਭੌਮਿਕ ਪਛਾਣ ਦਰਕਾਰ ਨਹੀਂ ਕਿਉਂਕਿ ਇਹ ਆਪਣੇ ਆਪ ' ਚ ਹੀ ਜਗਤ ਦਾ ਸੰਕਲਪ ਹੈ । ਉੱਤਰ - ਆਧੁਨਿਕਤਾ ਦੇ ਇਸ ਕਿਸਮ ਦੇ ਸੰਕਲਪ ਦੇ ਸਵਿਕਾਰ ਦੀ ਪ੍ਰੇਰਣਾ , ਵਿਚਾਰ ਚਰਚਾ ਦੀ ਵਿਸ਼ਲੇਸ਼ਣੀ ਤਾਕਤ ਤੇ ਸੰਵਾਦ - ਬਿਰਤੀ ਤੋਂ ਮਿਲਦੀ ਹੈ ਨਾ ਕਿ ਕਿਸੇ ਦਸਤਾਵੇਜ਼ੀ ਅਨੁਭਵ ਆਧਾਰਿਤ ਸਬੂਤਾਂ ‘ ਤੋਂ । ਉਤਰ ਆਧੁਨਿਕਤਾ ਇਕ ਸ਼ਕਤੀ ਖੇਤਰ ਹੈ ਜਿਸ ਵਿਚ ਵਿਭਿੰਨ ਤਰ੍ਹਾਂ ਦੀਆਂ ਸਭਿਆਚਾਰਕ ਮਨੋਵੇਗੀ ਤਰੰਗਾਂ ਮਿਲਦੀਆਂ ਹਨ , ਜਿਸ ਬਾਰੇ ਰੇਮੰਡ ਵਿਲੀਅਮ ਦਾ ਕਹਿਣਾ ਹੈ ਕਿ ਸਭਿਆਚਾਰਕ ਉਤਪਾਦਨਾਂ ਦੇ ਅਵਿਸ਼ੇਸ਼ੀ ਅਤੇ ਉਭਰਵੇਂ ਸਭਿਆਚਰਕ ਰੂਪਾਂ ਨੂੰ ਆਪਣੀ ਰਾਹੇ ਤੁਰਦੇ ਰਹਿਣਾ ਚਾਹੀਦਾ ਹੈ ।

     ਜੇਮਸਨ ਆਪਣੇ ਵਿਸ਼ਲੇਸ਼ਣ ‘ ਚ ਉਤਰ ਆਧੁਨਿਕ ਸਭਿਆਚਾਰ ਨੂੰ ਸਮਾਜ ਦੇ ਪੜਾਵਾਂ ਦੇ ਸਿਧਾਂਤ ਦੇ ਚੌਖਟੇ ਵਿਚ ਸਥਿਤ ਕਰਦਾ ਹੈ ਜੋ ਪੂੰਜੀਵਾਦੀ ਵਿਕਾਸ ਦੇ ਪੜਾਵਾਂ ਬਾਰੇ ਨਵਮਾਰਕਸਵਾਦੀ ਮਾਡਲ ' ਤੇ ਆਧਾਰਿਤ ਹੈ । ਉਹ ਇਹ ਵਿਚਾਰ ਦਿੰਦਾ ਹੈ ਕਿ ਉਤਰ ਆਧੁਨਿਕਵਾਦ ਪੂੰਜੀਵਾਦ ਦਾ ਹੀ ਨਵਾਂ ਪੜਾਅ ਹੈ । ਉਸਦਾ ਦਾਅਵਾ ਹੈ ਕਿ ਉਤਰ ਆਧੁਨਿਕਤਾਵਾਦ ਦੇ ਹਰ ਸਿਧਾਂਤ ' ਚ ਇਤਿਹਾਸ ਦਾ ਯੁੱਗੀਕਰਣ ( periodization ) ਨਿਹਿਤ ਹੈ । ਅੱਜ ਇਸ ਨਵ - ਬਹੁਕੌਮੀ ਪੂੰਜੀਵਾਦ ' ਚ ਅੰਤਰੀਵੀ ਜਾਂ ਬਾਹਰੀ ਰੂਪ ਰਾਹੀਂ ਕੋਈ ਨ ਕੋਈ ਰਾਜਨੀਤਕ ਪੈਂਤੜਾ ਕਾਰਜਸ਼ੀਲ ਹੁੰਦਾ ਹੀ ਹੈ । ਅਰਨੈਸਟ ਬਲੋਖ਼ ਦੇ ਯੁੱਗੀਕਰਣ ਦੇ ਮਾਡਲ ਦੇ ਆਧਾਰ ' ਤੇ ਜੇਮਸਨ ਇਹ ਦਾਅਵਾ ਕਰਦਾ ਹੈ ਕਿ ਪੂੰਜੀਵਾਦ ਅੰਦਰ ਮੂਲ ਰੂਪ ' ਚ ਤਿੰਨ ਸਮੇਂ ਕਾਰਜਸ਼ੀਲ ਰਹੇ ਹਨ ਅਤੇ ਹਰ ਸਮਾਂ ਆਪਣੇ ਪੂਰਵਲੇ ਪੜਾਅ ਦਾ ਦਵੰਦਾਤਮਕ ਅਤੇ ਵਿਰੋਧ ਵਿਕਾਸੀ ਵਿਸਤਾਰ ਹੀ ਹੈ ਜਿਵੇਂ ਬਾਜ਼ਾਰ ਪੂੰਜੀਵਾਦ ਦਾ ਪੜਾਅ , ਏਕਾਧਿਕਾਰ ਪੜਾਅ , ਸਾਮਰਾਜਵਾਦ ਦਾ ਪੜਾਅ ਅਤੇ ਹੁਣਵਾਂ ਉਤਰ ਉਦਯੋਗਵਾਦ ਦਾ ਪੜਾਅ । ਇਸਨੂੰ ਬਹੁਕੌਮੀ ਪੂੰਜੀਵਾਦ ਵੀ ਕਿਹਾ ਜਾ ਸਕਦਾ ਹੈ । ਸਮਾਜ ਦੇ ਇਨਾਂ ਰੂਪਾਂ ਦੇ ਨਾਲ ਨਾਲ ਕਈ ਸਭਿਆਚਾਰਕ ਰੂਪ ਵੀ ਸਾਹਮਣੇ ਆਏ ਜਿਵੇਂ ਯਥਾਰਥਵਾਦ , ਆਧੁਨਿਕਵਾਦ ਅਤੇ ਉਤਰ ਆਧੁਨਿਕਵਾਦ।

       ਜੇਮਸਨ ਦੀ ਦੀ ਕਿਤਾਬ ‘ Signatures of the Visible ' ਵਿਚ ਮਹੱਤਵਪੂਰਣ ਲੇਖ ਹੈ ' The Existence of Italy ' । ਇਸ ਵਿਚ ਵੀ ਉਤਰ ਆਧੁਨਿਕਵਾਦ ਅਤੇ ਸਭਿਆਚਾਰਕ ਮੋੜ ਦੇ ਇਸ ਸਮੱਸਿਆਕਾਰ ਨੂੰ ਵਿਕਸਤ ਕੀਤਾ ਗਿਆ ਹੈ । ਇਸ ਤਰ੍ਹਾਂ ਇਸ ਸਾਰੀ ਚਰਚਾ ' ਚ ਫਰੈਡਰਿਕ ਜੇਮਸਨ ਸੰਯੋਜਕ ਅਤੇ ਸਰਬਗਰਾਹੀ ਮਾਰਕਸਵਾਦੀ ਸਭਿਆਚਾਰਕ ਸਿਧਾਂਤਕਾਰ ਅਤੇ ਸਾਹਿਤ ਆਲੋਚਕ ਵਜੋਂ ਉਭਰਦਾ ਹੈ । ਉਹ ਅਜਿਹੇ ਮਾਰਕਸਵਾਦੀ ਸਿਧਾਂਤਨੂੰ ਵਿਕਸਤ ਅਤੇ ਸਥਾਪਿਤ ਕਰਦਾ ਹੈ , ਜਿਸ ਅੰਦਰ ਕਾਰਜਸ਼ੀਲ ਰਾਜਨੀਤਕ ਅਤੇ ਸਭਿਆਚਾਰਕ ਪਾਠਾਂ ਦਾ ਹੈਰਾਨੀ ਭਰਪੂਰ ਵਿਭਿੰਨਤਾਵਾਂ ਵਾਲਾ ਅਤੇ ਯੂਟੋਪੀਅਨ ਪਲਾਂ ਨੂੰ ਵਿਆਖਿਆਉਣ ਵਾਲਾ ਵਿਸ਼ਲੇਸ਼ਣ ਪਿਆ ਹੈ । ਉਸਦੀਆਂ ਲਿਖਤਾਂ ਦੇ ਪਾਸਾਰਾਂ ਵਿੱਚ ਪਾਪੂਲਰ ਸਭਿਆਚਾਰਾਂ , ਭਵਨ ਨਿਰਮਾਣ ਕਲਾਵਾਂ , ਪੇਂਟਿੰਗਾਂ ਨਾਲ ਸਬੰਧਿਤ ਸਾਹਿਤ ਤੇ ਸਿਧਾਂਤਾਂ ਅਤੇ ਹੋਰ ਅਜਿਹੇ ਪਾਠਾਂ ਦਾ ਸਾਹਿਤਕ ਵਿਸ਼ਲੇਸ਼ਣ ਅਤੇ ਵਿਆਖਿਆਵਾਂ ਹੀ ਸ਼ਾਮਿਲ ਹਨ । ਇੰਝ ਇਨ੍ਹਾਂ ਨੂੰ ਪ੍ਰਮਾਣਿਕ ਜਾਂ ਸਿੱਕੇਬੰਦ ( canonical ) ਸਾਹਿਤ ਅਧਿਐਨਾਂ ਨੂੰ ਵਿਸਥਾਪਿਤ ਕਰਨ ਵਾਲੇ ਅਤੇ ਸਭਿਆਚਾਰਕ ਅਧਿਐਨਾਂ ਦੀ ਲਹਿਰ ਦੇ ਮਹੱਤਵਪੂਰਨ ਅੰਸ਼ ਵਜੋਂ ਦੇਖਿਆ ਜਾ ਸਕਦਾ ਹੈ।

  1. ਡਾ. ਗੁਰਮੀਤ ਸਿੰਘ, ਡਾ.ਸੁਰਜੀਤ ਸਿੰਘ (2020). ਸੱਭਿਆਚਾਰ ਅਤੇ ਲੋਕਧਾਰਾ: ਵਿਸ਼ਵ ਚਿੰਤਨ. ਲੁਧਿਆਣਾ: ਚੇਤਨਾ ਪ੍ਰਕਾਸ਼ਨ. pp. 73–86. ISBN 978-93-89997-73-6.