ਅਰਸਤੂ ਦੇ ਕਾਵਿ-ਸ਼ਾਸਤਰ ਦੀ ਨਵੀਂ ਪੜ੍ਹਤ

ਅਰਸਤੂ ਦੇ 'ਕਾਵਿ-ਸ਼ਾਸਤਰ' ਨੂੰ ਵਿਸ਼ਵ ਭਰ ਵਿਚ ਨਾਟ-ਸਿਧਾਂਤ ਦੀ ਆਧਾਰ ਪੁਸਤਕ ਵਜੋਂ ਸਵੀਕਾਰ ਕੀਤਾ ਜਾਂਦਾ ਹੈ। ਉਸ ਦੁਆਰਾ ਸਥਾਪਿਤ ਕੀਤੀ ਗਈ ਤ੍ਰਾਸਦੀ/ਨਾਟਕ ਦੀ ਪਰਿਭਾਸ਼ਾ ਨੂੰ ਅੱਜ ਵੀ ਇਕ ਆਦਰਸ਼ ਪਰਿਭਾਸ਼ਾ ਦੇ ਰੂਪ ਵਿਚ ਵੇਖਿਆ ਜਾਂਦਾ ਹੈ ਪਰੰਤੂ ਡਾ. ਰਾਜਿੰਦਰ ਲਹਿਰੀ ਦੀ ਪੁਸਤਕ 'ਅਰਸਤੂ ਦੇ ਕਾਵਿ-ਸ਼ਾਸਤਰ ਦੀ ਨਵੀਂ ਪੜ੍ਹਤ' ਗ੍ਰੇਸ਼ੀਅਸ ਬੁੱਕਸ (2018) ਅਰਸਤੂ ਦੁਆਰਾ ਦਿੱਤੀ ਗਈ ਇਸ ਪਰਿਭਾਸ਼ਾ ਉੱਪਰ ਕੁਝ ਗੰਭੀਰ ਪ੍ਰਸ਼ਨ ਖੜ੍ਹੇ ਕਰਦੀ ਹੈ। ਇਹ ਪੁਸਤਕ ਅਰਸਤੂ ਦੇ ਨਾਟ-ਚਿੰਤਨ ਦੀਆਂ ਸੀਮਾਵਾਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦੀ ਹੈ ਜਿਸ ਕਾਰਨ ਅਰਸਤੂ ਦੇ ਕਾਵਿ-ਸ਼ਾਸਤਰ ਨੂੰ ਮੁੜ ਤੋਂ ਵਿਚਾਰਿਆ ਜਾਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।

'ਕਾਵਿ-ਸ਼ਾਸਤਰ' ਦੇ ਆਧਾਰ ਉੱਪਰ ਆਲੋਚਕ ਦਾ ਵਿਚਾਰ ਹੈ ਕਿ ਅਰਸਤੂ ਤ੍ਰਾਸਦੀ/ਨਾਟਕ ਦੀ ਕਲਾ ਨੂੰ ਸਾਹਿਤ-ਕਲਾ ਵਾਂਗ ਹੀ ਵੇਖ ਰਿਹਾ ਸੀ, ਨਾਟ-ਕਲਾ/ਦ੍ਰਿਸ਼-ਕਲਾ ਦੇ ਰੂਪ ਵਿਚ ਨਹੀਂ ਸੀ ਵੇਖ ਰਿਹਾ ਜਦੋਂ ਕਿ ਹੁਣ ਤੱਕ ਸਮਝਿਆ ਇਹ ਜਾਂਦਾ ਰਿਹਾ ਹੈ ਕਿ ਉਹ ਨਾਟਕ ਨੂੰ ਇਕ ਦ੍ਰਿਸ਼-ਕਲਾ ਵਜੋਂ ਹੀ ਪਰਿਭਾਸ਼ਿਤ ਕਰ ਰਿਹਾ ਸੀ। ਆਲੋਚਕ ਅਨੁਸਾਰ ਇਸਦਾ ਕਾਰਨ ਇਹ ਸੀ ਕਿ ਉਹ ਆਪਣੀ ਤ੍ਰਾਸਦੀ ਦੀ ਪਰਿਭਾਸ਼ਾ, ਮਹਾਂਕਾਵਿ ਦੇ ਸੰਦਰਭ ਵਿੱਚੋਂ ਹੀ ਉਸਾਰ ਰਿਹਾ ਸੀ, ਨਾਟ-ਪੇਸ਼ਕਾਰੀ ਦੇ ਸੰਦਰਭ ਵਿੱਚੋਂ ਨਹੀਂ। ਨਾਟ-ਪੇਸ਼ਕਾਰੀ ਦੇ ਸੰਦਰਭ ਤੋਂ ਬਿਨਾਂ ਉਸਦੀ ਤ੍ਰਾਸਦੀ ਦੀ ਪਰਿਭਾਸ਼ਾ ਦ੍ਰਿਸ਼-ਕਲਾ ਨਾਲ ਨਹੀਂ ਜੁੜਦੀ ਅਤੇ ਸਾਹਿਤ-ਕਲਾ ਤੱਕ ਹੀ ਸੀਮਿਤ ਹੋ ਜਾਂਦੀ ਹੈ। ਆਲੋਚਕ ਅਨੁਸਾਰ ਅਰਸਤੂ ਦੀ ਸੋਚ ਵਿਚ ਭਾਰੂ ਵਿਚਾਰ ਇਹ ਸੀ ਕਿ ਤ੍ਰਾਸਦੀ ਅਤੇ ਕਾਮਦੀ ਦੀ ਕਲਾ ਮਹਾਂਕਾਵਿ ਵਿਚੋਂ ਹੀ ਵਿਕਸਿਤ ਹੋਈ ਹੈ ਤੇ ਦ੍ਰਿਸ਼-ਕਲਾ ਨਾਲ ਇਹ ਕਿਤੇ ਬਾਅਦ ਵਿਚ ਜੁੜੀ ਹੈ। ਇਹੋ ਕਾਰਨ ਹੈ ਕਿ ਉਸਦੇ ਨਾਟ-ਚਿੰਤਨ ਦੀ ਦਿਸ਼ਾ ਨਾਟ-ਲਿਖਤ ਤੋਂ ਨਾਟ-ਪੇਸ਼ਕਾਰੀ ਵੱਲ ਹੈ, ਨਾਟ-ਪੇਸ਼ਕਾਰੀ ਤੋਂ ਨਾਟ-ਲਿਖਤ ਵੱਲ ਨਹੀਂ। ਅਰਸਤੂ ਲਈ ਨਾਟ-ਲਿਖਤ ਪ੍ਰਾਥਮਿਕ ਹੈ ਤੇ ਉਸਦੀ ਸਿਰਜਣਾ ਲਈ ਨਾਟ-ਪੇਸ਼ਕਾਰੀ ਜਾਂ ਉਸਦੇ ਸੰਕਲਪ ਦਾ ਪਹਿਲਾਂ ਤੋਂ ਮੌਜੂਦ ਹੋਣਾ ਜ਼ਰੂਰੀ ਨਹੀਂ। ਆਲੋਚਕ ਦੀ ਧਾਰਨਾ ਹੈ ਕਿ ਉਸਦੇ ਨਾਟ-ਚਿੰਤਨ ਦਾ ਆਧਾਰ ਪਾਤਰ ਹੈ ਅਭਿਨੇਤਾ ਨਹੀਂ, ਸੰਵਾਦ ਹੈ ਅਭਿਨੈ ਨਹੀਂ ਅਤੇ ਸ੍ਰੋਤਾ ਹੈ ਦਰਸ਼ਕ ਨਹੀਂ। ਪਾਤਰ, ਸੰਵਾਦ ਅਤੇ ਸ੍ਰੋਤਾ ਤਿੰਨੋਂ ਆਧਾਰ ਉਹ ਹਨ ਜੋ ਸਾਹਿਤ-ਕਲਾ ਦੇ ਹਨ, ਨਾਟ-ਕਲਾ/ਦ੍ਰਿਸ਼-ਕਲਾ ਦੇ ਨਹੀਂ। ਅਭਿਨੇਤਾ, ਅਭਿਨੈ ਅਤੇ ਦਰਸ਼ਕ ਨਾਲ ਨਾ ਜੁੜਨ ਕਾਰਨ ਉਹ ਨਾਟਕ ਦੀ ਕਲਾ ਨੂੰ ਸਾਹਿਤ ਦੀ ਕਲਾ ਨਾਲੋਂ ਵੱਖ ਕਰਨ ਵਿਚ ਸਫ਼ਲ ਨਹੀਂ ਹੁੰਦਾ ਸਗੋਂ ਨਾਟ-ਕਲਾ ਨੂੰ ਵੀ ਮਹਾਂਕਾਵਿ ਦੀ ਕਲਾ ਵਿੱਚੋਂ ਵਿਕਸਿਤ ਹੋਈ ਸਮਝਣ ਕਾਰਨ ਸਾਹਿਤ-ਕਲਾ ਵਜੋਂ ਹੀ ਪਰਿਭਾਸ਼ਿਤ ਕਰ ਦਿੰਦਾ ਹੈ।

ਆਲੋਚਕ ਅਨੁਸਾਰ ਅਰਸਤੂ ਤ੍ਰਾਸਦੀ ਦਾ ਮੂਲ ਢਾਂਚਾ ਮਹਾਂਕਾਵਿ/ਸਾਹਿਤ ਤੋਂ ਲੈ ਲੈਂਦਾ ਹੈ ਤੇ ਬਾਅਦ ਵਿੱਚ ਇਸਨੂੰ ਦ੍ਰਿਸ਼-ਕਲਾ ਨਾਲ ਵੀ ਜੋੜਨਾ ਚਾਹੁੰਦਾ ਹੈ। ਇਸੇ ਮੂਲ ਵਿਰੋਧਤਾਈ ਕਾਰਨ ਹੀ ਉਸ ਵੱਲੋਂ ਦਰਸਾਏ ਗਏ ਤ੍ਰਾਸਦੀ ਦੇ ਤੱਤਾਂ ਵਿਚ ਵੀ ਵਿਰੋਧਾਭਾਸ ਆ ਜਾਂਦਾ ਹੈ। ਤ੍ਰਾਸਦੀ ਦੀ ਪਰਿਭਾਸ਼ਾ ਵਿਚ ਉਹ 'ਕਾਰਜ-ਵਪਾਰ' (Action) ਨੂੰ ਤ੍ਰਾਸਦੀ ਦੀ ਵਿਧੀ ਵਜੋਂ ਸਥਾਪਿਤ ਕਰਦਾ ਹੈ ਪਰੰਤੂ ਉਸਦੀ ਵਿਆਖਿਆ ਵਿਚ ਉਹ 'ਕਾਰਜ-ਵਪਾਰ' ਦੀ ਥਾਵੇਂ 'ਦ੍ਰਿਸ਼-ਵਿਧਾਨ' (Spectacle) ਨੂੰ ਵਿਧੀ ਵਜੋਂ ਪੇਸ਼ ਕਰਦਾ ਹੈ ਜਦੋਂ ਕਿ ਇਹ ਦੋਵੇਂ ਤੱਤ ਇੱਕ ਨਹੀਂ ਹਨ। ਉਪਰੋਕਤ ਵਿਸ਼ਲੇਸ਼ਣ ਦੇ ਆਧਾਰ ਉੱਪਰ ਆਲੋਚਕ ਕੁਝ ਮਹੱਤਵਪੂਰਨ ਸਿੱਟਿਆਂ ਉੱਪਰ ਪਹੁੰਚਦਾ ਹੈ :

1. ਤ੍ਰਾਸਦੀ ਦੀ ਪਰਿਭਾਸ਼ਾ ਨਾਟ-ਪੇਸ਼ਕਾਰੀ ਦੀ ਨਹੀਂ ਸਗੋਂ ਨਾਟ-ਲਿਖਤ ਦੀ ਹੈ।

2. ਤ੍ਰਾਸਦੀ ਦੀ ਨਾਟ-ਲਿਖਤ ਦੀ ਇਹ ਪਰਿਭਾਸ਼ਾ, ਇਕ ਨਾਟ-ਲਿਖਤ ਦੀ ਵੀ ਪ੍ਰਮਾਣਿਕ ਪਰਿਭਾਸ਼ਾ ਨਹੀਂ ਹੈ ਕਿਉਂਕਿ ਨਾਟ-ਲਿਖਤ ਨੂੰ ਪਰਿਭਾਸ਼ਿਤ ਕਰਨ ਵੇਲੇ ਵੀ ਅਰਸਤੂ ਨਾਟਕ ਨੂੰ ਇਕ ਸਾਹਿਤ-ਕਲਾ ਦੇ ਰੂਪ ਵਿਚ ਹੀ ਵੇਖ ਰਿਹਾ ਸੀ, ਨਾਟ-ਕਲਾ ਦੇ ਰੂਪ ਵਿਚ ਨਹੀਂ। ਨਾਟ-ਲਿਖਤ ਦੀ ਇਹ ਪਰਿਭਾਸ਼ਾ ਪੂਰੀ ਤਰ੍ਹਾਂ ਸਾਹਿਤ ਦੇ ਨੇਮਾਂ ਉੱਪਰ ਹੀ ਆਧਾਰਿਤ ਹੈ, ਨਾਟ-ਕਲਾ/ਦ੍ਰਿਸ਼-ਕਲਾ ਦੇ ਨੇਮਾਂ ਉੱਪਰ ਨਹੀਂ। ਇਹੋ ਕਾਰਨ ਹੈ ਕਿ ਅਰਸਤੂ ਆਪਣੇ ਕਾਵਿ-ਸ਼ਾਸਤਰ ਵਿਚ ਅਭਿਨੇਤਾ, ਅਭਿਨੈ ਅਤੇ ਅਭਿਨੈ ਦੇ ਨੇਮਾਂ ਦੀ ਕੋਈ ਵਿਆਖਿਆ ਪੇਸ਼ ਨਹੀਂ ਕਰਦਾ ਕਿਉਂਕਿ ਉਸਦਾ ਧਿਆਨ ਸਾਹਿਤ-ਕਲਾ ਵੱਲ ਹੀ ਸੀ, ਦ੍ਰਿਸ਼-ਕਲਾ ਵੱਲ ਨਹੀਂ ਸੀ।

ਇਵੇਂ ਇਹ ਪੁਸਤਕ ਅਰਸਤੂ ਦੇ ਕਾਵਿ-ਸ਼ਾਸਤਰ ਬਾਰੇ ਪੂਰਵ ਪ੍ਰਚਲਿਤ ਧਾਰਨਾਵਾਂ ਨੂੰ ਵਿਸਥਾਪਿਤ (deconstruct)  ਕਰਕੇ ਨਵੀਆਂ ਧਾਰਨਾਵਾਂ ਪ੍ਰਸਤੁਤ ਕਰਦੀ ਹੈ।