ਪੰਜਾਬੀ ਸਭਿਆਚਾਰ ਵਿੱਚ ਸੱਥ

ਸੱਥ, ਪਿੰਡ ਵਿੱਚ ਉਹੋ ਥਾਂ ਹੁੰਦੀ ਹੈ, ਜਿਥੇ ਲੋੋਕੀ [1]ਆਪਣਾ ਵਿਹਲਾ ਸਮਾਂ ਲੰਘਾਉਣ ਲਈ ਆ ਕੇ  ਬਹਿੰਦੇ ਹਨ। ਗਰਮੀਆਂ ਵਿੱਚ ਲੋਕੀ ਪਿੱਪਲ ਜਾਂ ਬਰੋਟੇ ਦੀ ਛਾਂ ਹੇਠਾਂ ਬਹਿੰਦੇ ਨੇ ਤੇ ਸਿਆਲ ਵਿੱਚ ਸੱਥ ਵਿਚ ਧੂਣੀ ਤਪਾ ਕੇ ਉਹਦੇ ਦੁਆਲੇ ਬੈਠਦੇ ਨੇ। ਸੱਥ ਵਿੱਚ ਪੱਕੀਆਂ ਇੱਟਾਂ ਦਾ ਧੜਾ ਬਣਿਆ ਹੁੰਦਾ ਹੈ, ਜਿਸ ਨੂੰ ਚੌਂਤਰਾ ਆਖਿਆ ਜਾਂਦਾ ਜਾਂ ਲੱਕੜ ਦੇ ਵੱਡੇ_ਵੱਡੇ ਖੁੰਡ ਰੱਖੇ ਹੁੰਦੇ ਹਨ, ਲੋਕਾਂ ਦੇ ਬੈਠਣ ਲਈ। ਪਰ ਅੱਜ ਕੱਲ ਸੱਥ ਦਾ ਰੂਪ ਬਦਲ ਗਿਆ ਹੈ । ਪਿੰਡਾਂ ਦੇ ਲੋਕਾਂ ਨੇ ਤਖਤਪੋਸ਼ ਬਣਾ ਕੇ ਰੱਖ ਲਏ ਹਨ ਜਾਂ ਪੱਥਰ ਦੇ ਬਣੇ ਹੋਏ ਬੈਂਚ। ਪੰਜਾਬ ਦੇ ਪਿੰਡਾਂ ਵਿੱਚ ਇਸ ਸਾਂਝੀ ਥਾਂ ਨੂੰ ਕੀ ਨਾਂਵਾਂ ਨਾਲ ਉਚਾਰਿਆ ਜਾਂਦਾ ਹੈ, ਜਿਵੇਂ ਕਿ ਸੱਥ, ਚੌਪਾਲ, ਫਲ੍ਹਾਅ,ਪਰਾਂਹ ਜਾਂ ਚੁਗਾਨ, ਉਂਝ ਹੋਰ ਵੀ ਨਾਉਂ ਹਨ, ਕਿਉਂਕਿ ਲੋਕਾਂ ਦੇ ਕਹਿਣ ਮੁਤਾਬਕ ਵੀਹ ਕੋਹ ਤੇ ਬੋਲੀ ਬਦਲ ਜਾਂਦੀ ਹੈ। ਇਸ ਤਰ੍ਹਾਂ ਸੱਥ ਨਾਉਂ ਵੀ ਬਦਲ ਜਾਂਦਾ ਹੈ ।

ਸੱਥ ਤੋਂ ਭਾਵ

ਸੱਥ ਸ਼ਬਦ ਸਾਥ ਤੋਂ ਬਣਿਆ ਜਾਪਦਾ ਹੈ। ਜਿੱਥੇ ਪਿੰਡ ਦੇ ਲੋਕ ਮਿਲ ਬੈਠ ਕੇ ਵਿਹਲਾ ਸਮਾਂ ਲੰਘਾਉਂਦੇ ਹਨ । ਪਿੰਡ ਵਿੱਚ ਸੱਥ ਦਾ ਹੋਣਾ ਜ਼ਰੂਰੀ ਹੈ। ਜੇ ਸੱਥਾਂ ਨੂੰ ਪਿੰਡਾਂ ਵਿੱਚੋਂ ਮਨਫੀ ਕਰ ਦਿੱਤਾ ਜਾਵੇ ਤਾਂ ਪਿੰਡ ਸਾਹ - ਸੱਤ ਹੀਣ ਹੋ ਜਾਣਗੇ ‌। ਉਦਾਸ ਪਿੰਡ ਨੂੰ ਲੱਕਵਾ ਮਾਰ ਜਾਵੇਗਾ । ਸੱਥ ਹੱਸਦੀ ਹੈ ਤਾਂ ਪਿੰਡ ਹੱਸਦਾ ਹੈ ਸੱਥ ਧੜਕਦੀ ਹੈ ਤਾਂ ਪਿੰਡ ਦਾ ਦਿਲ ਧੜਕਦਾ ਹੈ। ਪਿੰਡ ਦੀ ਸੱਥ ਪਿੰਡ ਦੀ ਜਾਨ ਹੈ [2]


ਅਜਿਹੀ ਸੱਥ ਹੈ ਜਿਹੜੀ ਦੇ ਪ੍ਰਤੀ ਇੱਕ ਪਿੰਡ ਦੀ ਰੂਹ ,ਜਾਨ ਅਤੇ ਸ਼ਿੰਗਾਰ ਹੁੰਦੀ ਹੈ। ਸਮਕਾਲੀ ਪਰਿਪੇਖ ਵਿਚ ਇਸ ਨੂੰ ਵਿਧਾਨ ਸਭਾ ਅਤੇ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ। ਸੱਥ ਵਿੱਚ ਸਭ ਕਿਸਮ ਦੇ ਲੋਕ ਵੱਡੇ- ਛੋਟੇ ਸ਼ਾਮਲ ਹੁੰਦੇ ਹਨ ਅਤੇ ਹਿੱਸਾ ਲੈਂਦੇ ਹਨ। ਸੱਥ ਵਿੱਚ ਪਿੰਡ, ਦੇਸ਼ ਅਤੇ ਵਿਦੇਸ਼ ਤੱਕ ਦੀ ਹਰ ਚੀਜ਼, ਹਰ ਮਸਲਾ , ਹਰ ਸਮੱਸਿਆ,ਹਰ ਪੱਖ, ਹਰ ਵਰਤਾਰੇ ਅਤੇ ਹਰ ਪਹਿਲੂ ਦੀ ਚਰਚਾ ਹੀ ਨਹੀਂ ਹੁੰਦੀ ਸਗੋਂ ਛਿੜੀ ਜਾਂ ਛੇੜੀ ਗਈ ਗੱਲ ਨੂੰ ਖੂਬ ਰਿੜਕਿਆ ਜਾਂਦਾ ਹੈ। 'ਸੱਥ ' ਚ ਕਿਸੇ ਵੀ ਪੱਖ ਜਾਂ ਪਹਿਲੂ ਤੇ  ਛਿੜੀ ਚਰਚਾ ਦਾ ਕੋਈ ਨਾ ਕੋਈ ਸਿੱਟਾ ਜਾਂ ਨਤੀਜਾ  ਵੀ ਕੱਢਿਆ ਜਾਂਦਾ ਹੈ। ਸੱਥ ਦੀ ਇੱਕ ਹੋਰ ਪੱਖੋਂ ਵੀ ਅਹਿਮੀਅਤ ਹੈ, ਪਿੰਡ ਤੋਂ ਦੇਸ਼-ਵਿਦੇਸ਼ ਤੱਕ ਸੱਥ ਚੌਂ ਹਰ ਖ਼ਬਰ ਦਾ ਪਤਾ ਲੱਗ ਜਾਂਦਾ ਹੈ। ਖ਼ਬਰਾਂ ਤੇ ਤਸਬਰਾ ਵੀ ਖ਼ੂਬ ਹੁੰਦਾ ਹੈ। ਤਸਬਰੇ ਰਾਹੀਂ ਖਬਰਾਂ ਦਾ ਅਰਕ ਵੀ ਕੱਢਿਆ ਜਾਂਦਾ ਹੈ।  ਬਜ਼ੁਰਗਾਂ ਅਤੇ ਵਿਹਲੜਾਂ ਲਈ ਸੱਥ ਨਿਆਮਤ ਹੁੰਦੀ ਹੈ।

ਖੂਹ,ਟੋਭੇ ਤੇ ਸੱਥ , ਪਿੰਡ ਨੂੰ ਜ਼ਿੰਦਗੀ ਦਿੰਦੇ ਹਨ। ਇਹਨਾਂ ਨਾਲ ਹੀ ਪਿੰਡ ਦਾ ਦਿਲ ਧੜਕਦਾ ਹੈ। ਪਿੰਡ ਸਾਹ ਲੈਂਦਾ ਹੈ। ਪਿੰਡ ਦੇ ਚਿਹਰੇ ਮੋਹਰੇ ਉਤੇ ਰੋਣਕ ਹੁੰਦੀ ਹੈ। ਪਿੰਡ ਦੀ ਰੂਹ ਹਨ, ਖੂਹ ਟੋਭੇ ਤੇ ਸੱਥ।  ਜਦੋਂ ਪਿੰਡ ਦੇ ਖੂਹ ਤੋਂ ਜੋਬਨ ਪਾਣੀ ਭਰਦਾ ਹੈ ਸਵੇਰੇ ਸ਼ਾਮ ਤਾਂ ਪਿੰਡ ਟਹਿਕ ਉਠਦਾ ਹੈ। ਪਿੰਡ ਦੇ ਟੋਭੇ ਦੇ ਬਰੋਟਿਆਂ ਉਤੇ ਜਦੋਂ ਤੀਆਂ ਨੂੰ ਕੁੜੀਆਂ ਪੀਂਘਾਂ ਪਾਉਂਦੀਆਂ ਨੇ ਤਾਂ ਪਿੰਡ ਬਾਘੀਆਂ ਪਾਉਣ ਲੱਗ ਜਾਂਦਾ ਹੈ, ਤੇ ਜਦੋਂ ਸੱਥ ਵਿਚ ਸਿਆਣੇ ਬਜ਼ੁਰਗ ਜੁੜਕੇ ਬੈਠਦੇ ਨੇ ਤਾਂ ਪਿੰਡ ਸਿਆਣਪ ਦੀਆਂ ਗੱਲਾਂ ਕਰਦਾ ਨਜ਼ਰ ਆਉਣ ਲੱਗ ਪੈਂਦਾ।

                   ਸੱਥ ਵਿੱਚ ਲੱਗੀ ਰੋਣਕ ਦੇਖਣ ਵਾਲੀ ਹੁੰਦੀ ਸੀ। ਪਿੰਡ ਦੇ ਬਜ਼ੁਰਗ , ਵਿਹਲੜ, ਅਮਲੀ- ਸ਼ਮਲੀ, ਤਾਸ਼ ਖੇਡਣ ਵਾਲੇ, ਗੱਲਾਂ ਦੇ ਗਾਲੜੀ , ਮੁੰਡੇ - ਖੁੰਡੇ ਗੱਲਾਂ ਸੁਣਨ ਤੇ ਕਰਨੇ ਦੇ ਠਰਕੀ , ਘਤਿੱਤੀ- ਜੁਗਾੜੀ, ਛੜੇ- ਛਟਾਂਗ, ਬਾਰਾਂ ਪੱਤਨਾ ਦੇ ਤਾਰੂ, ਟਿੱਚਰੀ, ਨਸ਼ੱਈ, ਸਰਕਾਰੀ ਨੌਕਰੀ ਤੋਂ ਰਿਟਾਇਰ ਉਹੋ ਬੰਦੇ ਜਿਨ੍ਹਾਂ ਦੀ ਘਰੇ ਪੁੱਛ ਦੱਸ ਨਹੀਂ ਹੁੰਦੀ, ਵਿਹਲਾ ਸਮਾਂ ਗੁਜ਼ਾਰਨ ਲਈ ਆ ਜਾਂਦੇ ਨੇ । ਧਾਰਮਿਕ - ਸਿਆਸੀ ਗੱਲਾਂ ਤੋਂ ਲੈ ਕੇ ਇਸ਼ਕ ਮੁਸ਼ਕ ਦੀਆਂ ਗੱਲਾਂ ਤੱਕ ਸੱਥ ਵਿੱਚ ਪਿੰਡ ਦੇ ਲੋਕੀ ਕਰਦੇ ਨੇ।

   

     ਪਿੰਡ ਦੀ ਸੱਥ ਸਟੇਜ ਦਾ ਵੀ ਕੰਮ ਦਿੰਦੀ ਹੈ ਕਦੇ ਕਦਾਈਂ। ਜਿੱਥੇ ਰਾਸਧਾਰੀਏ ਰਾਸਲੀਲਾ ਕਰਦੇ ਨੇ, ਡਰਾਮੇ ਹੁੰਦੇ ਨੇ, ਸਿਆਸੀ ਪਾਰਟੀਆਂ ਆਪਣੇ ਜਲਸੇ ਕਰਦੀਆਂ ਨੇ। ਗਵੱਈਏ ਗਾਉਣ ਦਾ ਅਖਾੜਾ ਲਾਉਂਦੇ ਨੇ ਵਿਆਹ ਸ਼ਾਦੀ ਮੋਕੇ, ਕਵੀਸ਼ਰ ਕਵੀਸ਼ਰੀ ਦਾ ਅਖਾੜਾ ਲਾਉਂਦੇ ਨੇ, ਢੱਡ ਸਾਰੰਗੀ ਵਾਲਿਆਂ ਦੇ ਧਾਰਮਿਕ ਦੀਵਾਨ ਲੱਗਦੇ ਜੋ ਆਪਣੇ ਪ੍ਰਸੰਗਾਂ ਰਾਹੀਂ ਪਿੰਡ ਦੇ ਲੋਕਾਂ ਨੂੰ ਵਾਰਾਂ ਸੁਣਾਉਂਦੇ ਨੇ। ਜਦੋਂ ਕੋਈ ਸਰਕਾਰੀ ਅਫ਼ਸਰ, ਪਟਵਾਰੀ, ਨਾਇਬ ਕੋਰਟ, ਨਾਜ਼ਮ ਆਉਂਦਾ ਹੈ। ਉਹਦੀ ਕੁਰਸੀ ਵੀ ਸੱਥ ਵਿੱਚ ਡਹਿੰਦੀ ਹੈ। ਸੱਥ ਵਿੱਚ ਹੀ ਲੜਾਈ ਦੇ ਫੈਸਲੇ ਕੀਤੇ ਜਾਂਦੇ ਹਨ। ਕਈ ਵਾਰੀ ਸੱਥ ਕਚਹਿਰੀ ਦਾ ਵੀ ਰੂਪ ਧਾਰ ਲੈਂਦੀ ਹੈ, ਬੋਲੀ

          '' ਸੱਥ ਵਿੱਚ ਲੱਗੀ ਨ੍ਹੀਂ ਕਚਹਿਰੀ ਠਾਣੇਦਾਰ ਦੀ,

              ਵੀਰੇ ਬੈਠੇ ਸਰਦਾਰ ਕੁੜੀਓ, ਮੰਦਾ ਬੋਲਿਓ ਨਾ,

               ਰਹਿਣਾ ਖ਼ਬਰਦਾਰ ਕੁੜੀਓ।''

ਸੱਥ ਦਾ ਲੋਕ ਮਨਾ ਵਿੱਚ ਪੂਰਾ ਸਤਿਕਾਰ ਹੈ ਜਦੋਂ ਵੀ ਕੋਈ ਪ੍ਰਾਹੁਣਾ ਪਿੰਡ ਵਿੱਚ ਆਉਂਦਾ ਤਾਂ ਲੰਘਣ ਲੱਗਿਆਂ ਸੱਥ ਵਿੱਚ ਬੈਠਿਆਂ ਨੂੰ ਗੁਰ ਫਤਿਹ ਬੁਲਾ ਕੇ ਲੰਘਦਾ ਹੈ। ਪਿੰਡ ਦੀਆਂ ਕੁੜੀਆਂ- ਬੁੜੀਆਂ ਸੱਥ ਵਿੱਚੋ ਨੀਵੀਂ ਪਾ ਕੇ ਲੰਘਦੀਆਂ ਨੇ, ਤੇ ਨੂੰਹਾਂ ਘੁੰਡ ਕੱਢ ਕੇ। ਪੁਰਾਣੇ ਸਮਿਆਂ ਵਿੱਚ ਕੋਈ ਬੰਦਾ ਸੱਥ ਵਿੱਚ ਦੀ ਸਾਈਕਲ ਉਤੇ ਚੜ ਨਹੀਂ ਲੰਘਦਾ ਸੀ। ਸੱਥ ਦਾ ਪਿੰਡ ਵਿੱਚ ਕਿਸੇ ਸਮੇਂ ਧਾਰਮਿਕ ਸਥਾਨ ਜਿੰਨ੍ਹਾਂ  ਲੋਕਾਂ ਦੇ ਦਿਲਾਂ ਵਿਚ ਸਤਿਕਾਰ ਹੁੰਦਾ ਸੀ। [3]

  1. ਬਰਾੜ, ਸੁਖਮੰਦਰ ਸਿੰਘ (2015). ਪਿੰਡ ਦੀ ਸੱਥ. ਪੰਜਾਬੀ ਭਵਨ ਲੁਧਿਆਣਾ: ਚੇਤਨਾ ਪ੍ਰਕਾਸ਼ਨ. p. 9. ISBN 978-93-5112-023-0.
  2. ਬਰਾੜ, ਸੁਖਮੰਦਰ ਸਿੰਘ (2015). ਸੱਥ-ਰੌਣਕਾਂ. ਪੰਜਾਬੀ ਭਵਨ ਲੁਧਿਆਣਾ: ਚੇਤਨਾ ਪ੍ਰਕਾਸ਼ਨ. p. 9. ISBN 978-93-5112-184-8.
  3. ਬਰਾੜ, ਸੁਖਮੰਦਰ ਸਿੰਘ (2015). ਪਿੰਡ ਦੀ ਸੱਥ. ਪੰਜਾਬੀ ਭਵਨ ਲੁਧਿਆਣਾ: ਚੇਤਨਾ ਪ੍ਰਕਾਸ਼ਨ. p. 11. ISBN 978-93-5112-023-0.