ਪ੍ਰਮੁੱਖ ਅਸਤਿਤਵਵਾਦੀ ਚਿੰਤਕ[1]

ਸੋਰੇਨ ਕਿਰਕੇਗਾਰਦ (Soren Kierkegaard ,1813-1865) ਕਿਰਕੇਗਾਰਦ ਨੂੰ ਅਸਤਿਤਵਵਾਦ ਦਾ ਪਿਤਾਮਾ ਕਰਕੇ ਜਾਣਿਆ ਜਾਂਦਾ ਹੈ। ਉਸ ਨੇ ਲਗਭਗ 25 ਕਿਤਾਬਾਂ ਦੀ ਰਚਨਾ ਕੀਤੀ ਜੋ ਕਿ ਮੂਲ ਰੂਪ ਵਿਚ ਡੈਨਿਸ਼ ਭਾਸ਼ਾ ਵਿਚ ਸਨ। ਜਿਨ੍ਹਾਂ ਵਿੱਚੋਂ ਬਹੁਤੀਆਂ ਫ਼ਰਜ਼ੀ ਨਾਮਾਂ ਹੇਠ ਲਿਖੀਆਂ ਗਈਆਂ। ਉਸ ਨੇ ਆਪਣੀ ਦਾਰਸ਼ਨਿਕ ਪਛਾਣ ਕਦੇ ਵੀ ਜ਼ਾਹਿਰ ਨਹੀਂ ਹੋਣ ਦਿੱਤੀ। ਉਹ ਆਪ ਹੀ ਅਜਿਹੇ ਧੁੰਧਲੇ ਅੰਦਾਜ਼ ਵਿਚ ਲਿਖਦਾ ਰਿਹਾ ਤਾਂ ਕਿ ਸਿੱਧੇ ਰੂਪ ਵਿਚ ਉਸ ਨੂੰ ਧਰਮ ਦੇ ਅਧਿਐਨ ਦਾ ਵਿਦਵਾਨ ਨਾ ਸਮਝਿਆ ਜਾਵੇ। ਉਹ ਆਪਣੇ ਦਾਰਸ਼ਨਿਕ ਵਿਚਾਰਾਂ ਨੂੰ ਇਸ ਪ੍ਰਕਾਰ ਛੁਪਾਉਂਦਾ ਹੈ ਕਿ ਉਸ ਦੇ ਸਵੈ ਬਾਰੇ ਪਛਾਣ ਕਰਨਾ ਅਤਿ ਕਠਿਨ ਸਾਬਤ ਹੁੰਦਾ ਹੈ। ਉਹ ਇਸ ਨੁਕਤੇ ਨੂੰ ਜ਼ਰਾ ਵੀ ਜ਼ਾਹਿਰ ਨਹੀਂ ਹੋਣ ਦੇਣਾ ਚਾਹੁੰਦਾ ਸੀ ਕਿ ਉਸ ਦੁਆਰਾ ਕੋਈ ਨਵਾਂ ਦ੍ਰਿਸ਼ਟੀਕੋਣ ਉਭਾਰਿਆ ਜਾ ਰਿਹਾ ਹੈ।

"ਕਿਰਕੇਗਾਰਦ ਹਮੇਸ਼ਾਂ ਤੋਂ ਹੀ ਆਸਾਨੀ ਨਾਲ ਪੜ੍ਹਿਆ ਜਾਣ ਵਾਲਾ ਲੇਖਕ ਨਹੀਂ ਰਿਹਾ ਕਿਉਂਕਿ ਉਹ ਬੌਧਿਕਤਾ ਦੀ ਗ਼ੈਰ-ਸਾਧਾਰਣ ਪੱਧਰੀ ਗਹਿਰਾਈ , ਵਿਅੰਗ ਅਤੇ ਅਸਪਸ਼ਟਤਾ ਨੂੰ ਇਸ ਕਦਰ ਰਲਗੱਡ ਕਰਦਾ ਹੈ ਕਿ ਉਸਦੇ ਦਾਰਸ਼ਨਿਕ ਵਿਚਾਰਾਂ ਦੀ ਨਿਸ਼ਾਨਦੇਹੀ ਕਰਨੀ ਮੁਸ਼ਕਿਲ ਹੋ ਜਾਂਦੀ ਹੈ। ਇਸਦਾ ਮੂਲ ਕਾਰਣ ਇਹ ਹੈ ਕਿ ਉਹ ਕਦੇ ਵੀ ਆਪਣੀ ਪਛਾਣ ਉਸ ਵਿਦਵਾਨ ਜਾਂ ਅਧਿਆਤਮਿਕ ਸ਼ਖ਼ਸੀਅਤ ਵਜੋਂ ਸਥਾਪਿਤ ਨਹੀਂ ਕਰਨੀ ਚਾਹੁੰਦਾ, ਜੋ ਜੀਵਨ ਨੂੰ ਨਵਾਂ ਦਰਸ਼ਨ ਜਾਂ ਧਰਮ-ਸ਼ਾਸਤਰ ਦੇ ਰਿਹਾ ਹੋਵੇ।"[2] ਇਸ ਲਈ ਆਪਣੀ ਉਮਰ ਵਿਚ ਉਹ ਆਪਣੇ ਸ਼ਹਿਰ ਤੋਂ ਬਾਹਰ ਸ਼ਾਇਦ ਹੀ ਕਿਤੇ ਜਾਣਿਆ ਪਛਾਣਿਆਂ ਜਾਂਦਾ ਹੋਵੇ। ਕਿਰਕੇਗਾਰਦ ਪੱਛਮੀ ਦਰਸ਼ਨ ਦੇ ਵੱਡੇ ਕੈਨਵਸ ਉੱਤੇ ਉਦੋਂ ਆਇਆ ਜਦੋਂ ਦੂਸਰੇ ਵਿਸ਼ਵ ਯੁੱਧ ਦੌਰਾਨ ਅਸਤਿਤਵਵਾਦ ਦਾ ਬੋਲਬਾਲਾ ਹੋਇਆ ਅਤੇ ਉਸਦੀਆਂ ਕਿਤਾਬਾਂ ਦੇ ਅੰਗਰੇਜ਼ੀ ਅਨੁਵਾਦ ਛਪਣੇ ਸ਼ੁਰੂ ਹੋਏ ਇਸ ਤੋਂ ਪੂਰਵ ਉਸਦੀ ਪੱਛਮੀ ਦਰਸ਼ਨ ਵਿਚ ਕੋਈ ਪਛਾਣ ਨਹੀਂ ਸੀ। ਇੱਥੋਂ ਤਕ ਕਿ ਉਸਦੀਆਂ ਕਿਤਾਬਾਂ ਦਾ ਪਹਿਲਾ ਅਨੁਵਾਦ ਛਪਣ ਤਕ ਬਰਤਾਨਵੀ ਫ਼ਿਲਾਸਫ਼ਰਾਂ ਵਿਚ ਉਸਦੀ ਪਛਾਣ ਸਥਾਪਿਤ ਨਹੀਂ ਹੋਈ ਸੀ। ਪਹਿਲੀ ਵਾਰ 1938 ਈ : ਵਿਚ Charles Williams ਦੀ ਸੰਪਾਦਨਾ ਸਦਕਾ ਉਸਦੇ ਕੁਝ ਲੇਖ Alexander Dru ਦੁਆਰਾ ਅਨੁਵਾਦ ਕਰਕੇ Oxford University Press ਦੁਆਰਾ The Journals of Kierkegaard 1834-1854 ਈ: ਸਿਰਲੇਖ ਹੇਠ ਛਾਪੇ ਗਏ। ਅੱਜ ਉਸਦੀਆਂ ਕਿਤਾਬਾਂ ਦੇ ਤਰਜਮੇਂ ਵਿਸ਼ਵ ਦੀਆਂ ਤਕਰੀਬਨ ਸਾਰੀਆਂ ਵਿਖਿਆਤ ਭਾਸ਼ਾਵਾਂ ਵਿਚ ਮਿਲਦੇ ਹਨ। ਉਸ ਦੀ ਦ੍ਰਿਸ਼ਟੀ ਇਤਨੀ ਕੁ ਦੂਰਦਰਸ਼ੀ ਸੀ ਕਿ ਸਮਕਾਲੀ ਸਥਿਤੀਆਂ ਨੂੰ ਸਮਝਣ ਬੁੱਝਣ ਵਿਚ ਅਤਿ-ਸਮਰਥ ਸੀ। ਉਸ ਦੁਆਰਾ ਦੱਸੀਆਂ ਗਈਆਂ ਮਨੁੱਖੀ ਮਨ ਦੇ ਦਰਪੇਸ਼ ਆਉਣ ਵਾਲੀਆਂ ਅਲਾਮਤਾਂ ਜੋ ਉਸ ਨੇ ਕਈ ਦਹਾਕੇ ਪਹਿਲਾਂ ਵਿਚਾਰੀਆਂ ਅੱਜ ਵੀ ਸਹੀ ਸਾਬਤ ਹੋ ਰਹੀਆਂ ਹਨ। ਉਸ ਦੀ ਦੀਰਘ-ਦ੍ਰਿਸ਼ਟੀ ਬਾਰੇ ਗੱਲ ਕਰਦਿਆਂ Rooger Poole ਕਹਿੰਦਾ ਹੈ ਕਿ :

ਕਿਰਕੇਗਾਰਦ ਇੱਕ ਐਸੇ ਚਿੰਤਕ ਵਜੋਂ ਉਭਰਦਾ ਹੈ ਜਿਸਦੀ ਸਮਝ ਸਾਡੇ ਤੋਂ ਅਗਲੇ ਜ਼ਮਾਨੇ ਦੀ ਹੈ ਨਾ ਕਿ ਬੀਤੇ ਦੀ। ਅਫ਼ਸਰਸ਼ਾਹੀ ਦਾ ਡਰਾਵਣਾ ਅਹਿਸਾਸ, ਅੰਤਰਰਾਸ਼ਟਰੀ ਤਾਕਤਾਂ ਦੁਆਰਾ ਵੱਡੇ ਪੱਧਰ ਉੱਪਰ ਹੋਣ ਵਾਲੀ ਆਰਥਿਕ ਧੋਖੇਬਾਜ਼ੀ ਆਦਿ , ਨਵੇਂ ਨਾਮਾਂ ਨਾਲ ਪੇਸ਼ ਹੋਣ ਵਾਲੀਆਂ ਤਾਕਤਾਂ ਦੇ ਜ਼ਿਕਰ ਹਨ ਜੋ ਕਿਰਕੇਗਾਰਦ ਨੇ ਆਪਣੀਆਂ ਰਚਨਾਵਾਂ ਵਿਚ ਅੰਕਿਤ ਕੀਤੇ।[3] ਕਿਰਕੇਗਾਰਦ ਦੀ ਮਕਬੂਲੀਅਤ ਦੇ ਅਨੇਕਾਂ ਕਾਰਣਾ ਵਿੱਚੋਂ ਇੱਕ ਇਹ ਹੈ ਕਿ ਉਸਦੀ ਦਾਰਸ਼ਨਿਕ ਵਿਚਾਰਧਾਰਾ ਉਸਤੋਂ ਪੂਰਬਲੇ ਚਿੰਤਕਾਂ ਤੋਂ ਭਿੰਨ ਹੈ ਅਤੇ ਜੀਵਨ ਨੂੰ ਇੱਕ ਭਿੰਨ ਦ੍ਰਿਸ਼ਟੀਕੋਣ ਤੋਂ ਦੇਖਦੀ ਹੈ। ਉਸਦੇ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਵਿਚ ਅਰਸਤੂ ਅਤੇ ਹੀਗਲ ਨਾਲ ਅਸਹਿਮਤੀ ਪਾਈ ਜਾਂਦੀ ਹੈ। ਕਿਰਕੇਗਾਰਦ ਹੀਗਲ ਜਾਂ ਅਰਸਤੂ ਦੀ ਤਰ੍ਹਾਂ ਸਮੂਹਿਕਤਾ ਦੇ ਦਰਸ਼ਨ ਜਿਵੇਂ ਰਾਜਨੀਤੀ, ਸਮਾਜ ਵਿਗਿਆਨ, ਇਤਿਹਾਸਕ ਚੇਤਨਾ ਆਦਿ ਉੱਤੇ ਕੇਂਦ੍ਰਿਤ ਨਹੀਂ ਹੁੰਦਾ ਬਲਕਿ ਮਨੁੱਖ ਦੇ ਵਿਅਕਤੀਤਵ ਨੂੰ ਆਪਣੇ ਚਿੰਤਨ ਦਾ ਆਧਾਰ ਬਣਾਉਂਦਾ ਹੈ। ਕਿਹਾ ਜਾ ਸਕਦਾ ਹੈ ਕਿ ਕਿਰਕੇਗਾਰਦ ਅਗਸਤਾਈਨ ਤੋਂ ਬਾਅਦ ਹੋਣ ਵਾਲਾ ਪਹਿਲਾ ਦਾਰਸ਼ਨਿਕ ਹੈ ਜਿਸ ਨੇ ਮਨੁੱਖ ਦੇ ਵਿਅਕਤੀਤਵ ਨੂੰ ਆਧਾਰ ਬਣਾ ਕੇ ਧਰਮ ਦੇ ਦਾਰਸ਼ਨਿਕ ਅਤੇ ਮਨੋਵਿਗਿਆਨਕ ਪਹਿਲੂ ਉੱਤੇ ਵਿਚਾਰ - ਚਰਚਾ ਸ਼ੁਰੂ ਕੀਤੀ। ਕਿਰਕੇਗਾਰਦ ਅਤੇ Christoph Bluily ਦੁਆਰਾ ਬਾਈਬਲ ਦੀਆਂ ਸਾਖੀਆਂ ਨਾਲ ਸੰਬੰਧਿਤ ਇੱਕ ਯਥਾਰਥਵਾਦੀ ਲਹਿਰ ਚਲਾਈ ਗਈ ਜਿਸ ਨੂੰ Biblical Realism ਕਰਕੇ ਜਾਣਿਆ ਜਾਂਦਾ ਹੈ।

 ਕਿਰਕੇਗਾਰਦ ਉਨੀਵੀਂ ਸਦੀ ਦਾ ਮੰਨਿਆ ਹੋਇਆ ਪ੍ਰਮੁੱਖ ਪ੍ਰੋਟੈਸਟੈਂਟ ਈਸਾਈ ਅਤੇ ਸੰਤ ਅਗਸਤਾਈਨ ਤੋਂ ਬਾਅਦ ਧਰਮ ਦੇ ਮਨੋਵਿਗਿਆਨ ਦਾ ਗੁੜ ਵਿਆਖਿਆਕਾਰ ਸੀ।[3]

ਉਹ ਪਹਿਲਾ ਦਾਰਸ਼ਨਿਕ ਹੈ ਜਿਸ ਨੇ ਆਪਣੀਆਂ ਲਿਖਤਾਂ ਵਿਚ ਵਿਅਕਤੀ ਦੇ ਮਨ ਨੂੰ ਅਤਿ ਨਜ਼ਦੀਕੀ ਤੋਂ ਦੇਖਦਿਆਂ ਹੋਇਆਂ The Concept of Anxiety (1844) ਨਾਮ ਦੀ ਕਿਤਾਬ ਲਿਖੀ ਜਿਸ ਵਿਚ ਉਸਨੇ Anxiety ਭਾਵ ‘ਤੌਖਲਾ' ਦੇ ਸ਼ੁੱਧ ਸਰੂਪ ਦੀ ਪਹਿਲੀ ਵਾਰ ਚਰਚਾ ਕੀਤੀ ਅਤੇ ‘ ਡਰ ' ਅਤੇ ' ਸਹਿਮ ’ ਦੇ ਅਸਤਿਤ੍ਰੀ ਭਾਵਾਂ ਨੂੰ ਧਿਆਨ ਵਿਚ ਲਿਆਂਦਾ ਜੋ ਕਿ ਅਸਤਿਤਵਵਾਦ ਦੇ ਮੂਲ ਸੰਕਲਪਾਂ ਵਿਚ ਆਉਂਦੇ ਹਨ। ਉਸ ਨੇ ਦੱਸਿਆ ਕਿ ਤੌਖਲਾ ( Anxiety ) ਦਾ ਸ਼ੁੱਧ ਭਾਵ, ਜਦ ਮਨੁੱਖੀ ਚੇਤਨਾ ਨੂੰ ਘੇਰ ਲੈਂਦਾ ਹੈ ਤਾਂ ਇਹੀ ਉਹ ਛਿਣ ਹੁੰਦਾ ਹੈ, ਜਦ ਵਿਅਕਤੀ ਆਜ਼ਾਦੀ ਦਾ ਅਨੁਭਵ ਕਰ ਸਕਦਾ ਹੈ। ਇਸ ਦੇ ਨਾਲ ਹੀ ਉਸਨੇ ਤੌਖਲਾ (Anxiety) ਅਤੇ ਪਾਪ (Sin) ਦੇ ਅੰਤਰ ਸੰਬੰਧ ਨੂੰ ਉਘਾੜਿਆ। ਜਿਸ ਬਾਰੇ ਉਸਤੋਂ 50 ਸਾਲ ਬਾਅਦ ਸਿਗਮੰਡ ਫ਼ਰਾਇਡ (Sigmund Freud) ਨੇ ਵੀ ਜ਼ਿਕਰ ਕੀਤਾ ਅਤੇ ਕਿਰਕੇਗਾਰਦ ਦੇ ਵਿਚਾਰਾਂ ਨਾਲ ਸਹਿਮਤੀ ਦਰਸਾਈ। ਉਸਨੇ ‘ਤੌਖਲਾ’ ਅਤੇ ‘ਪਾਪ' ਦਾ ਸੰਬੰਧ ਸਥਾਪਿਤ ਕਰਦਿਆਂ ਦੱਸਿਆ ਕਿ ਜਦ ਮਨੁੱਖ ਐਸੀ ਸਥਿਤੀ ਵਿਚ ਹੁੰਦਾ ਹੈ ਕਿ ਉਹ ਦੋਰਾਹੇ ਉੱਤੇ ਖੜੋ ਕੇ ਕਿਸੇ ਇੱਕ ਰਾਹ ਨੂੰ ਚੁਣਨ ਲਈ ਮਜਬੂਰ ਹੁੰਦਾ ਹੈ ਤਾਂ ਉਦੋਂ ਮਨੁੱਖ ਆਪਣੀ ਆਜ਼ਾਦੀ ਦਾ ਅਨੁਭਵ ਕਰ ਸਕਦਾ ਹੈ। ਜਿਸ ਵਿੱਚੋਂ ਉਸ ਨੇ ਕੋਈ ਸਹੀ ਫ਼ੈਸਲਾ ਲੈਣਾ ਹੈ ਜਾਂ ਪਾਪ ਦਾ ਰਸਤਾ ਚੁਣਨਾ ਹੈ। ਇਸ ਸਿਧਾਂਤ ਨੂੰ ਸਿੱਧ ਕਰਦਿਆਂ ਕਿਰਕੇਗਾਰਦ ਆਦਮ (Adam) ਦੀ ਉਦਾਹਰਣ ਦਿੰਦਾ ਹੈ ਕਿ ਜਦ ਆਦਮ ਨੇ ਉਹ ਫਲ ਖਾਧਾ ਜਿਸ ਦੀ ਉਸ ਨੂੰ ਮਨਾਹੀ ਸੀ। ਇਹ ਚੋਣ ਕਰਨ ਤੋਂ ਪਹਿਲਾਂ ਪਾਪ ਦਾ ਸੰਕਲਪ ਹੋਂਦ ਵਿਚ ਨਹੀਂ ਆਇਆ ਸੀ। ਜਿਸ ਘੜੀ ਆਦਮ ਫਲ ਨੂੰ ਖਾਣ ਜਾਂ ਨਾ ਖਾਣ ਦੀ ਸਥਿਤੀ ਦਰਮਿਆਨ ਖੜਾ ਸੀ ਤਾਂ ਉਹ ਆਪਣੀ ਆਜ਼ਾਦੀ ਦਾ ਅਨੁਭਵ ਕਰ ਰਿਹਾ ਸੀ ਜਿਸ ਵਿਚ ਉਹ ਜੋ ਚਾਹੇ ਫ਼ੈਸਲਾ ਲੈ ਸਕਦਾ ਸੀ। ਇਸ ਸਥਿਤੀ ਵਿਚ ਉਸਦੇ ਫ਼ੈਸਲਾ ਲੈਣ ਨਾਲ ਹੀ ਉਸ ਅੰਦਰ ਪਾਪ ਦਾ ਭਾਵ ਜਨਮ ਲੈਂਦਾ ਹੈ ਜਿਸ ਦਾ ਕਾਰਣ ਉਸ ਦਾ ਫਲ ਖਾਣ ਦਾ ਫੈਸਲਾ ਲੈਣਾ ਹੈ । ਜੋ ਕਿ ਉਸਨੇ ਆਪਣੀ ਇੱਛਾ ਅਨੁਸਾਰ ਲਿਆ। ਆਦਮ ਦੀ ਐਸੀ ਦੁਵੱਲੀ ਸਥਿਤੀ ਵਿਚ ਜਦ ਉਹ ਫਲ ਖਾਣ ਜਾਂ ਨਾ ਖਾਣ ਦੇ ਫ਼ੈਸਲੇ ਦੇ ਦਰਮਿਆਨ ਖੜਾ ਹੈ ਉਸ ਸਥਿਤੀ ਵਿਚ ਵੀ ਤੌਖਲੇ ਦਾ ਸ਼ੁੱਧ ਸਰੂਪ ਪਛਾਣਿਆ ਜਾ ਸਕਦਾ ਹੈ। ਇਹੀ ਉਹ ਸਥਿਤੀ ਹੈ ਜੋ ਤੌਖਲੇ ਨਾਲ ਘਿਰੀ ਹੋਈ ਹੈ ਅਤੇ ਇਹੀ ਉਹ ਸਥਿਤੀ ਹੈ ਜੋ ਆਜ਼ਾਦੀ ਦੇ ਸ਼ੁੱਧ ਅਨੁਭਵ ਨੂੰ ਮਹਿਸੂਸ ਕਰਵਾ ਸਕਦੀ ਹੈ। ਕਿਰਕੇਗਾਰਦ ਨੇ ਦੱਸਿਆ ਕਿ ਤੋਖਲੇ ਦੀ ਸਥਿਤੀ ਸਾਨੂੰ ਜੀਵਨ ਵਿਚ ਫ਼ੈਸਲੇ ਲੈਣ ਦਾ ਛਿਣ ਪ੍ਰਦਾਨ ਕਰਦੀ ਹੈ ਅਤੇ ਸਾਡੀ ਰੂਹਾਨੀ ਤਰੱਕੀ ਸਾਡੇ ਉਸ ਫ਼ੈਸਲੇ ਨੇ ਨਿਰਧਾਰਿਤ ਕਰਨੀ ਹੁੰਦੀ ਹੈ। ਇਸੇ ਪੁਸਤਕ ਵਿਚ ਕਿਰਕੇਗਾਰਦ ਨੇ ‘ਆਸਥਾ ਦੀ ਛਾਲ’ (Leap of Faith) ਦਾ ਸਿਧਾਂਤ ਦਿੱਤਾ।

ਕਿਰਕੇਗਾਰਦ ਦੀਆਂ ਲਿਖਤਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲੇ ਭਾਗ ਵਿਚ ਉਹ ਲਿਖਤਾਂ ਆਉਂਦੀਆਂ ਹਨ ਜਿਨ੍ਹਾਂ ਵਿਚ ਨਾਸਤਕ ਦ੍ਰਿਸ਼ਟੀਕੋਣ ਪਾਇਆ ਜਾਂਦਾ ਹੈ। ਇਹੋ ਜਿਹੀਆਂ ਬਹੁਤੀਆਂ ਲਿਖਤਾਂ ਉਸਨੇ ਫ਼ਰਜ਼ੀ ਨਾਮਾਂ ਹੇਠ ਲਿਖੀਆਂ। ਇਹਨਾਂ ਵਿਚ ਉਸਨੇ ਜੀਵਨ ਦੇ ਭਿੰਨ-ਭਿੰਨ ਦ੍ਰਿਸ਼ਟੀਕੋਣ ਜੋ ਸਮਕਾਲੀ ਸਥਿਤੀਆਂ ਵਿੱਚੋਂ ਲਏ ਗਏ ਹਨ ਬਾਰੇ ਚਰਚਾ ਕੀਤੀ ਅਤੇ ਇਸ ਦੀ ਅਭਿਵਿਅਕਤੀ ਪਾਠਕਾਂ ਲਈ ਦਰਸ਼ਨ ਸ਼ਾਸਤਰ ਜਗਤ ਵਿਚ ਨਵੇਂ ਆਯਾਮਾਂ ਦੀ ਆਮਦ ਸਾਬਤ ਹੋਈ। ਇਹਨਾਂ ਵਿਚ ਮਨੁੱਖੀ ਮਨ ਨੂੰ ਐਸੀਆਂ ਸਵੈ ਪੜਚੋਲ ਕਰਨ ਵਾਲੀਆਂ ਸਥਿਤੀਆਂ ਵਿਚ ਰੱਖਿਆ ਗਿਆ, ਜਿਨ੍ਹਾਂ ਵਿਚ ਮਨੁੱਖ ਦੁਆਰਾ ਆਪਣੇ ਸਵੈ ਨੂੰ ਅਸਲ ਮਾਰਗ ਤੋਂ ਭਟਕਾਉਂਣ ਵਾਲੀਆਂ ਆਪਾ ਵਿਰੋਧੀ ਧਾਰਨਾਵਾਂ ਨਾਲ ਪਛਾਣ ਕਰਾਈ ਗਈ ਹੈ। ਇਹ ਮਨੁੱਖੀ ਸਵੈ ਨੂੰ ਭਟਕਾਉਂਦੀਆਂ ਹੀ ਨਹੀਂ ਸਗੋਂ ਨਿਘਾਰ ਵੱਲ ਲੈ ਕੇ ਜਾਂਦੀਆਂ ਹਨ ਜਿਸ ਨਾਲ ਮਨੁੱਖੀ ਮਨ ਦਾ ਵਿਕਾਰੀ ਰੂਪ ਸਾਹਮਣੇ ਆਉਂਦਾ ਹੈ। ਦੂਸਰੇ ਭਾਗ ਵਿਚ ਉਹ ਲਿਖਤਾਂ ਰੱਖੀਆਂ ਜਾ ਸਕਦੀਆਂ ਹਨ ਜੋ ਧਾਰਮਿਕ (Religious) ਦ੍ਰਿਸ਼ਟੀਕੋਣ ਤੋਂ ਲਿਖੀਆਂ ਗਈਆਂ। ਇਹਨਾਂ ਰਚਨਾਵਾਂ ਵਿਚ ਉਸਨੇ ਬਾਈਬਲ ਦੀਆਂ ਸਾਖੀਆਂ ਅਤੇ ਧਰਮ ਦੇ ਜਗਿਆਸੂਆਂ ਨੂੰ ਮਨੋਵਿਗਿਆਨ ਅਤੇ ਧਰਮ-ਮਿਮਾਂਸਾ ਦੇ ਨਜ਼ਰੀਏ ਤੋਂ ਅਧਿਐਨ ਦਾ ਆਧਾਰ ਬਣਾਇਆ। ਇਹਨਾਂ ਲਿਖਤਾਂ ਵਿਚ ਉਸਨੇ ਪਾਠਕ ਜਗਤ ਦੀ ਇਸ ਪ੍ਰਕਾਰ ਮਦਦ ਕੀਤੀ ਕਿ ਆਪਣੇ ਜੀਵਨ ਵਿਚ ਈਸਾਈਅਤ ਦਾ ਅਭਿਆਸ ਕਰਨ ਵਾਲਿਆਂ ਦਾ ਅਨੁਭਵ ਈਸਾਈਅਤ ਦੇ ਸ਼ੁੱਧ ਸਰੂਪ ਨੂੰ ਪਛਾਣ ਸਕੇ। ਉਸਦੀਆਂ ਇਹ ਰਚਨਾਵਾਂ ਵੀ ਭਾਵੇਂ ਸਿੱਧੇ ਰੂਪ ਵਿਚ ਧਾਰਮਿਕ ਜੀਵਨ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਪ੍ਰੰਤੂ ਇਹਨਾਂ ਲਿਖਤਾਂ ਦੇ ਵਿਸ਼ੇ ਈਸਾਈਅਤ ਦੀ ਸਮਝ ਦੁਆਰਾ ਮਨੁੱਖੀ ਹੋਂਦ ਦੀਆਂ ਵਿਆਖਿਆਵਾਂ ਨਾਲ ਧਾਰਮਿਕ ਸਮਝ ਨੂੰ ਗਹਿਰਾਉਣ ਵਿਚ ਮਦਦ ਕਰਦੇ ਹਨ। ਆਪਣੀਆਂ ਲਿਖਤਾਂ ਵਿਚ ਉਸਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਬੁੱਧ ਈਸਾਈਅਤ ਦੇ ਅਨੁਭਵ ਲਈ ਮਨੁੱਖ ਨੂੰ ਇਸ ਦੇ ਮੂਲ ਤਕ ਪਹੁੰਚਦੇ ਹੋਏ ਧਰਮ ਦੇ ਸ਼ੁੱਧ ਸਰੂਪ ਨਾਲ ਸਾਂਝ ਸਥਾਪਿਤ ਕਰਨੀ ਪਵੇਗੀ। ਜਿਸ ਲਈ ਮਨੁੱਖ ਨੂੰ ਆਪਣੇ ਮਨ ਦੇ ਕਈ ਪੱਖ-ਪਾਤ ਇੱਕ ਪਾਸੇ ਕਰਨ ਦੀ ਬਜਾਏ, ਜਿੱਤ ਕੇ ਪਾਰ ਕਰਨੇ ਹੋਣਗੇ। ਉਸ ਮੁਤਾਬਕ ਮਨੁੱਖੀ ਅਨੁਭਵ ਜੋ ਕਿਸੇ ਸ਼ੁੱਧਤਾ ਦੀ ਤਲਾਸ਼ ਕਰਦਾ ਹੈ , ਉਸ ਨੂੰ ਪ੍ਰਤੀਪਲ ਸਵੈ ਦੀ ਪੜਚੋਲ (Continuous introspection) ਦੀ ਤਿੱਖੀਧਾਰ ਉੱਤੇ ਚਲਣਾ ਪਵੇਗਾ ਜੋ ਕਿਸੇ ਪ੍ਰਕਾਰ ਦੀ ਭੁੱਲ ਜਾਂ ਮੁਆਫ਼ੀ ਦੀ ਗੁੰਜਾਇਸ਼ ਨਹੀਂ ਦਿੰਦੀ। ਉਸ ਨੇ ਆਪਣੇ ਜੀਵਨ ਦਾ ਮੂਲ ਰਸਤਾ ਹੀ ਇਹ ਚੁਣਿਆ ਕਿ ਲੋਕ ਜੀਵਨ ਤਕ ਈਸਾਈਅਤ ਦੇ ਸ਼ੁੱਧ ਸਰੂਪ ਦੀ ਸਮਝ ਪਹੁੰਚਾਈ ਜਾਵੇ, ਜਿਸ ਨਾਲ ‘ਪਿਆਰ’ ਅਤੇ ‘ਕੁਰਬਾਨੀ'  ਦੇ ਸੰਕਲਪ ਨੂੰ ਪਛਾਣਿਆ ਜਾ ਸਕੇ ਅਤੇ ਈਸਾਈ ਧਰਮ ਦੇ ਪ੍ਰਚਾਰ-ਪ੍ਰਸਾਰ ਵਿਚ ਵਾਧਾ ਹੋਵੇ। ਉਹ ਆਪਣੀ ਇੱਕ ਪੁਸਤਕ ਵਿਚ ਲਿਖਦਾ ਹੈ:

ਮੇਰੇ ਸੁਭਾਅ ਦੇ ਅਨੁਕੂਲ ਹੈ। ਆਵਾਮ ਨੂੰ ਇਸ ਸੱਚ ਤੋਂ ਜਾਣੂ ਕਰਵਾਇਆ ਜਾਵੇ ਕਿ ਮੂਲ ਈਸਾਈਅਤ ਕੀ ਹੈ।[4]

ਕਿਰਕੇਗਾਰਦ ਨੇ ਸਮੂਹਿਕ ਚੇਤਨਾ ਦੀ ਬਜਾਏ ਵਿਅਕਤੀਗਤ ਅਨੁਭਵ ਦੀ ਗੱਲ ਛੇੜੀ ਅਤੇ ਕਿਹਾ ਕਿ ਸਾਨੂੰ ਸਵੈ ਦੀ ਪਛਾਣ ਕਰਨ ਲਈ ਧਰਮ ਦੇ ਬਾਹਰੀ ਢਾਂਚੇ ਅਤੇ ਅਯਥਾਰਥਕ ਧਾਰਨਾਵਾਂ ਨੂੰ ਆਪਣੇ ਮਨ ਵਿੱਚੋਂ ਤਿਆਗਣਾ ਪਵੇਗਾ। ਉਹ ਐਸੀਆਂ ਧਾਰਨਾਵਾਂ ਦੇ ਹੱਕ ਵਿਚ ਬਿਲਕੁਲ ਨਹੀਂ ਸੀ ਜਿਸ ਵਿਚ ਵਿਅਕਤੀ ਐਸਾ ਵਿਸ਼ਵਾਸ ਕਰੇ ਕਿ ਉਸ ਨੂੰ ਆਪਣੇ ਮਨ ਦੀਆਂ ਸਮੱਸਿਆਵਾਂ ਲਈ ਆਕਾਸ਼ ਵੱਲ ਦੇਖਣਾ ਪਵੇ ਅਤੇ ਮਨੁੱਖ ਦਾ ਯਥਾਰਥਕ ਜੀਵਨ ਤੋਂ ਧਿਆਨ ਭਟਕੇ। ਉਹ ਅਕਸਰ ਕਿਹਾ ਕਰਦਾ ਸੀ ਕਿ ਮੈਂ ਕਿਸੇ ਐਸੇ ਖ਼ਿਆਲ ਦੀ ਤਲਾਸ਼ ਵਿਚ ਹਾਂ ਜਿਸ ਲਈ ਮੈਂ ਜੀਊਂ ਸਕਾ, ਜਿਸ ਲਈ ਮੈਂ ਮਰ ਸਕਾ (The idea for which I can live or die)। ਕਿਰਕੇਗਾਰਦ ਐਸੀ ਸਥਾਪਨਾ ਨੂੰ ਮਨੁੱਖੀ ਵਿਅਕਤੀਤਵ ਦਾ ਮੂਲ ਪਛਾਣਨ ਲਈ ਪਹਿਲੀ ਸ਼ਰਤ ਮੰਨਦਾ ਹੈ। ਉਸ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ 'ਸੱਚ' ਨੂੰ ਵਿਅਕਤੀ ਦੇ ਅਸਤਿਤਵੀ ਗੁਣਾਂ ਵਿੱਚੋਂ ਹੀ ਉੱਭਰ ਕੇ ਸਾਹਮਣੇ ਆਉਣਾ ਹੋਵੇਗਾ। ਇਸ ਲਈ ਉਸਨੇ ਵਿਅਕਤੀ ਦੀ ਬਾਹਰੀ ਅਤੇ ਅੰਦਰਲੀ ਸਥਿਤੀ ਦੇ ਸੰਬੰਧ ਨੂੰ 'ਐਬਸਰਡ' ਦੱਸਿਆ।

'ਐਬਸਰਡ' ਸ਼ਬਦ ਦਾ ਆਧੁਨਿਕ ਰੂਪ ਵਿਚ ਇਸਤੇਮਾਲ ਸਭ ਤੋਂ ਪਹਿਲਾਂ ਡੈਨਿਸ਼ ਦਾਰਸ਼ਨਿਕ ਕਿਰਕੇਗਾਰਦ ਨੇ ਕੀਤਾ। ਉਸਨੇ ਈਸਾਈਅਤ ਨੂੰ ਐਬਸਰਡ ਦੱਸਿਆ, ਕਿਉਂਕਿ ਕੋਈ ਵੀ ਵਿਅਕਤੀ ਤਾਰਕਿਕ ਦ੍ਰਿਸ਼ਟੀਕੋਣ ਰਾਹੀਂ ਇਸਦੇ ਅਸਤਿਤਵ ਨੂੰ ਸਿੱਧ ਨਹੀਂ ਕਰ ਸਕਦਾ।[5]

ਕਿਰਕੇਗਾਰਦ ਦੀਆਂ ਐਸੀਆਂ ਧਾਰਨਾਵਾਂ ਵਿੱਚੋਂ ਇਸ਼ਾਰੇ ਲੈ ਕੇ ਅਲਬੇਅਰ ਕਾਮੂ ਨੇ The Myth of Sisyphus ਨਾਮ ਦੀ ਪੁਸਤਕ ਲਿਖੀ ਜਿਸ ਵਿਚ ਉਸਨੇ ਮਨੁੱਖੀ ਜੀਵਨ ਦੀ ਐਬਸਰਡਿਟੀ ਦੀ ਚਰਚਾ ਕੀਤੀ। ਉਸ ਨੇ ਬਾਰ-ਬਾਰ ਆਪਣੀਆਂ ਪੁਸਤਕਾਂ ਵਿਚ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਈਸਾਈਅਤ ਦਾ ਕੇਂਦਰੀ ਨੁਕਤਾ ਮਨੁੱਖੀ ਬੁੱਧੀ ਤੋਂ ਬਹੁਤ ਵਿਸ਼ਾਲ ਹੈ ਭਾਵ ਉਸ ਸਾਹਮਣੇ ਮਨੁੱਖੀ ਬੁੱਧੀ ਤੁੱਛ ਰਹਿ ਜਾਂਦੀ ਹੈ। ਕਿਰਕੇਗਾਰਦ ਨੇ ਦੱਸਿਆ ਕਿ ਧਰਮ ਦਾ ਕੇਂਦਰੀ ਭਾਵ ਮਨੁੱਖੀ ਮਨ ਵਿਚ ਅਨੁਭਵ ਤਾਂ ਕੀਤਾ ਜਾ ਸਕਦਾ ਹੈ ਪ੍ਰੰਤੂ ਅਕਲ ਦੀ ਕਸੌਟੀ ਉੱਤੇ ਪਰਖਿਆ ਨਹੀਂ ਜਾ ਸਕਦਾ ਕਿਉਂਕਿ ਉਹ ਬੁੱਧ ਸਰੂਪ ਧਰਮ ਵਿਚ ਆਸਥਾ ਨਾਲ ਹੀ ਮਨੁੱਖੀ ਮਨ ਵਿਚ ਪਛਾਣਿਆਂ ਜਾਂਦਾ ਹੈ। ਉਸ ਨੇ ਆਪਣੀ ਕਿਤਾਬ Fear and Trembling (1843) ਵਿਚ ਹਜ਼ਰਤ ਇਬਰਾਹਮ ਦੁਆਰਾ ਆਪਣੇ ਪੁੱਤਰ ਦੀ ਬਲੀ ਦੇਣ ਦੀ ਸਾਖੀ ਨੂੰ ਪੁਨਰ - ਵਿਚਾਰ ਅਧੀਨ ਲਿਆਉਂਦਿਆਂ ਹੋਇਆਂ ਇਸ ਵਿਸ਼ੇ ਉੱਤੇ ਚਰਚਾ ਕੀਤੀ ਕਿ ਇਬਰਾਹਮ ਦੁਆਰਾ 'ਅਨੰਤ'(Infinite) ਉੱਤੇ 'ਆਸਥਾ'(Faith) ਹੀ ਐਬਸਰਡ ਦੀ ਤਾਕਤ ਹੈ। ਕਿਰਕੇਗਾਰਦ ਕਹਿੰਦਾ ਹੈ ਜੋ ਵੀ ਉਸ ਖ਼ੁਦਾ ਉੱਤੇ ਵਿਸ਼ਵਾਸ ਕਰਦਾ ਹੈ, ਉਹ ਇੱਕ ਐਸਾ ਜੂਆ ਖੇਡਦਾ ਹੈ ਜਿਸ ਵਿਚ ਜਾਂ ਤਾਂ ਪੂਰਨ ਜਿੱਤ ਹੈ ਜਾਂ ਫਿਰ ਪੂਰਨ ਹਾਰ ਅਤੇ ਜੋ ਪੂਰਨ ਰੂਪ ਵਿਚ ਹਾਰ ਲਈ ਤਿਆਰ ਰਹਿੰਦਾ ਹੈ ਜਿੱਤ ਉਸੇ ਨੂੰ ਹੀ ਮਿਲਦੀ ਹੈ। ਉਹ ਇਸ ਵਿਰੋਧੀ ਸਥਿਤੀ ਦੀ ਵਿਆਖਿਆ ਕਰਦਾ ਹੋਇਆ ਕਹਿੰਦਾ ਹੈ ਕਿ ਭਾਵੇਂ ਮਨੁੱਖ ਆਸਥਾ ਦਾ ਜੂਆ ਖੇਡਦਾ ਜਿੱਤਣ ਲਈ ਹੀ ਹੈ ਪ੍ਰੰਤੂ ਉਸ ਨੂੰ ਪੂਰਨ ਹਾਰ ਦੀ ਤਿਆਰੀ ਵਿਚ ਹੀ ਰਹਿਣਾ ਚਾਹੀਦਾ ਹੈ। ਜਿਸ ਨੇ ਇਸ ਪੂਰਨ ਹਾਰ ਨੂੰ ਸਵੀਕਾਰ ਕਰ ਲਿਆ ਉਹੀ ਪੂਰਨ ਜਿੱਤ ਨੂੰ ਹਾਸਲ ਕਰਦਾ ਹੈ। ਇਸੇ ਲਈ ਹਜ਼ਰਤ ਇਬਰਾਹਮ ਦੁਆਰਾ ਆਪਣੇ ਪੁੱਤਰ ਦੀ ਬਲੀ ਦੇਣਾ ਜੋ ਕਿ ਉਹ ਖ਼ੁਦਾ ਦੇ ਕਹਿਣ ਉੱਤੇ ਕਰ ਰਿਹਾ ਹੈ, ਐਬਸਰਡ ਪ੍ਰਕਾਰ ਦੀ ਆਸਥਾ ਹੈ , ਭਾਵ ਮਨੁੱਖੀ ਸਮਝ ਤੋਂ ਪਰੇ(Beyond) ਦੀ ਗੱਲ ਹੈ। ਇਬਰਾਹਮ ਦੀ ਇਸ ਆਸਥਾ ਨੂੰ ਉਹ 'ਆਸਥਾ' ਦੀ ਕਾਲ (T.cap of Faith) ਕਹਿੰਦਾ ਹੈ। ਮਨੁੱਖੀ ਜੀਵਨ ਵਿਚ ਪਲ ਰਹੀ ਪ੍ਰਤੀ-ਪਲ ਦੀ ਵਿਰੋਧੀ ਸਥਿਤੀ, ਜਿਸ ਵਿਚ ਉਸ ਲਈ ਦੋ ਵਿੱਚੋਂ ਕੋਈ ਇੱਕ ਚੋਣ ਕਰਨੀ ਹੈ, ਅਤਿ ਕਠਿਨ ਸਾਬਤ ਹੁੰਦਾ ਹੈ । ਐਸੀ ਸਥਿਤੀ ਜੋ ਮਨੁੱਖੀ ਡੋਖਲੇ ਵਰਗਾ ਅਨੁਭਵ ਦਿੰਦੀ ਅਤੇ ਇਹੀ ਇਸ ਤੋਂ ਪਾਰ ਵੀ ਲੈ ਕੇ ਜਾਂਦੀ ਹੈ। ਮਨੁੱਖ ਨੈਤਿਕਤਾ ਦੀ ਚੋਣ ਅਤੇ ਧਰਮ ਵਿਚ ਆਸ ਦਰਮਿਆਨ ਆਪਣੇ ਸਹੀ ਫੈਸਲੇ ਲਈ ਲਟਕ ਰਿਹਾ ਹੈ।ਇਸੇ ਹੀ ਦਵੰਦ ਨੂੰ ਕਿਰਕੋਗਾਰਦ ਐਬਸਰਡ ਕਹਿੰਦਾ ਹੈ।

ਕਿਰਕੇਗਾਰਦ ਇਸ ਧਾਰਣਾ ਉੱਤੇ ਦ੍ਰਿੜ ਰਿਹਾ ਕਿ ਧਾਰਮਿਕ ਆਸਥਾ ਐਬਸਰਡ ਅਤੇ ਵਿਰੋਧਾਭਾਸੀ ਹੈ ਕਿਉਂਕਿ ਇਹ ਨੈਤਿਕ ਨਿਯਮਾਂ ਦੇ ਨਾਲ ਸਮਭਾਵ ਨਹੀਂ ਰੱਖਦੀ।[6]

ਈਸਾਈਅਤ ਦੇ ਸ਼ੁੱਧ ਸਰੂਪ ਉੱਪਰ ਕੇਂਦ੍ਰਿਤ ਹੁੰਦਾ ਹੋਇਆ ਉਹ ਧਰਮ ਦੇ ਬਾਹਰੀ ਰੂਪ ਦੇ ਵਿਰੋਧ ਕਰਨ ਤਕ ਚਲਾ ਜਾਂਦਾ ਹੈ। ਆਪਣੇ ਉਪਰੋਕਤ ਵਿਚਾਰ ਨੂੰ ਹੋਰ ਸਥੂਲ ਕਰਨ ਲਈ ਉਹ ਦ੍ਰਿਸ਼ਟਾਂਤ ਸਿਰਜਦਾ ਹੈ ਕਿ ਇੱਕ ਹਸਪਤਾਲ ਵਿਚ ਮਰੀਜ਼ ਮੱਖੀਆਂ ਦੀ ਤਰ੍ਹਾਂ ਮਰ ਰਹੇ ਹਨ। ਹਰ ਪ੍ਰਕਾਰ ਦੀਆਂ ਦਵਾਈਆਂ ਅਤੇ ਢੰਗ ਤਰੀਕੇ ਵਰਤ ਕੇ ਵੇਖ ਲਏ ਗਏ ਹਨ ਪਰ ਕੋਈ ਵੀ ਹੱਲ ਨਹੀਂ ਹੋ ਰਿਹਾ। ਕਿਰਕੇਗਾਰਦ ਕਹਿੰਦਾ ਹੈ ਕਿ ਅਸਲ ਵਿਚ ਹਸਪਤਾਲ ਦੀ ਇਮਾਰਤ ਵਿਚ ਜ਼ਹਿਰ ਫੈਲਿਆ ਹੋਇਆ ਹੈ ਜੋ ਮਰੀਜ਼ਾਂ ਨੂੰ ਮਾਰ ਰਿਹਾ ਹੈ ਅਤੇ ਇਸ ਮਹਾਮਾਰੀ ਤੋਂ ਬਚਣ ਦਾ ਇੱਕੋ ਹੀ ਹੱਲ ਹੈ ਕਿ ਇਮਾਰਤ ਨੂੰ ਜਲਦ ਤੋਂ ਜਲਦ ਛੱਡ ਦਿੱਤਾ ਜਾਵੇ । ਇਸੇ ਪ੍ਰਕਾਰ ਈਸਾਈਅਤ ਬਾਰੇ ਗੱਲ ਕਰਦਾ ਹੋਇਆ ਉਹ ਸਥਾਪਿਤ ਚਰਚ ਸੰਗਠਨ ਦੇ ਵਿਰੋਧੀ ਭਾਵ ਪ੍ਰਗਟ ਕਰਦਾ ਹੈ। ਇਸ ਲਈ ਉਸਦੀ ਮਕਬੂਲੀਅਤ ਸਦਾ ਇੱਕ ਰੰਗ ਨਹੀਂ ਰਹੀ । ਉਸਦੀ ਵਿਚਾਰਧਾਰਾ ਨੂੰ ਅਪਨਾਉਣ ਵਾਲਿਆਂ ਦੇ ਨਾਲ-ਨਾਲ ਉਸਦਾ ਵਿਰੋਧ ਕਰਨ ਵਾਲਿਆਂ ਦੀ ਵੀ ਕੋਈ ਕਮੀਂ ਨਹੀਂ ਸੀ । ਉਸ ਦੁਆਰਾ ਦਿੱਤੇ ਗਏ ਚਰਚ ਵਿਰੋਧੀ ਵਿਚਾਰ ਜੋ ਕਿ ਉਸ ਨੇ ਇਸਾਈਅਤ ਦੇ ਸ਼ੁੱਧ ਸਰੂਪ ਦੀ ਪਛਾਣ ਕਰਾਉਂਦਿਆਂ ਕਹੇ ਸਨ। ਉਸ ਦੇ ਵਿਰੋਧ ਦਾ ਕਾਰਣ ਬਣੇ । DLH (Danisli Lutheran Church) ਦੁਆਰਾ ਉਸ ਦਾ ਬਹੁਤ ਵਿਰੋਧ ਕੀਤਾ ਗਿਆ ਜਿਸ ਨੂੰ ਉਸਨੇ ਦੁਨੀਆ ਉੱਤੇ ਸ਼ੋਸ਼ਕ ਆਖਿਆ ਸੀ। ਉਸ ਦੇ ਚਰਚ ਪ੍ਰਤੀ ਦਿੱਤੇ ਐਸੇ ਵਿਚਾਰ ਰੂੜੀਵਾਦੀਆਂ ਦੁਆਰਾ ਬਹੁਤ ਉਭਾਰੇ ਗਏ ਅਤੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ । ਉਸ ਦੇ ਆਪਣੇ ਭਰਾ Peter Christian Kierkegaard ਨੇ ਉਸਦੇ ਸੋਚਣ ਦੇ ਤਰੀਕੇ ਅਤੇ ਸਥਾਪਿਤ ਧਰਮ ਪ੍ਰਤੀ ਉਸਦੇ ਵਿਚਾਰਾਂ ਨੂੰ ਲੈ ਕੇ ਨਰਾਜ਼ਗੀ ਜਤਾਈ। ਇੱਥੋਂ ਤਕ ਕਿ ਉਸਦੀ ਮੌਤ ਉੱਤੇ ਦਿੱਤੇ ਭਾਸ਼ਣ ਵਿਚ ਵੀ ਉਸ ਨੂੰ ਮਾਨਸਿਕ ਤੌਰ ਉੱਤੇ ਅਸੰਲਿਤ ਦੱਸਿਆ ਗਿਆ। ਕਿਰਕੇਗਾਰਦ ਦੀ ਮੌਤ ਦੇ ਦੋ ਦਹਾਕਿਆਂ ਬਾਅਦ ਤਕ ਉਸਦੀਆਂ ਲਿਖਤਾਂ ਇੱਕ ਹਨੇਰੇ ਵਿਚ ਰਹੀਆਂ ਅਤੇ ਪਾਠਕ ਜਗਤ ਤਕ ਨਹੀਂ ਪਹੁੰਚ ਪਾਈਆਂ। ਉਹ ਆਪਣੀਆਂ ਲਿਖਤਾਂ ਦੀ ਹੋਣ ਵਾਲੀ ਮਕਬੂਲੀਅਤ ਤੋਂ ਵਾਕਿਫ਼ ਸੀ ਅਤੇ ਇਹ ਜਾਣਦਾ ਸੀ ਕਿ ਇੱਕ ਦਿਨ ਉਸ ਦੀ ਵਿਚਾਰਧਾਰਾ ਦੀ ਅਸਲੀਅਤ ਪਛਾਣ ਲਈ ਜਾਵੇਗੀ। ਉਸ ਵਿਅਕਤੀ ਅੰਦਰ ਸਮੱਸਿਆਵਾਂ ਨੂੰ ਆਪਣੇ ਢੰਗ ਨਾਲ ਦੇਖਣ ਵਿਚਾਰਨ ਅਤੇ ਹੱਲ ਕਰਨ ਦੀ ਸਮਰੱਥਾ ਸੀ। ਸਭ ਤੋਂ ਵੱਡੀ ਗੱਲ ਕਿ ਆਪਣੇ ਨਵੀਨ ਦ੍ਰਿਸ਼ਟੀਕੋਣਾਂ ਤੋਂ ਮਨੁੱਖੀ ਸਮੱਸਿਆਵਾਂ ਨੂੰ ਦੇਖਦਾ ਹੋਇਆ ਉਹ ਸਨਾਤਨ ਨਾਲ ਸੰਬੰਧਿਤ ਸੀ ਅਤੇ ਲਗਾਤਾਰ ਉਸ ਨਾਲ ਆਪਣਾ ਸੰਬੰਧ ਬਣਾਉਂਦੇ ਹੋਏ ਆਪਣੀ ਚਿੰਤਾ ਵੀ ਵਿਅਕਤ ਕਰਦਾ ਰਿਹਾ।ਸਮੱਸਿਆ ਹੈ ਸੱਚ` ਦੇ ਸਰੂਪ ਦੀ ਮਨੁੱਖੀ ਜੀਵਨ ਵਿਚ ਪਛਾਣ। ਸਭ ਨੇ ਆਪਣੇ-ਆਪਣੇ ਢੰਗ ਨਾਲ ਸਮੱਸਿਆ ਦਾ ਹੱਲ ਲੱਭਿਆ ਅਤੇ ਕਿਰਕੇਗਾਰਦ ਨੇ ਉਸ ਨੂੰ ਆਪਣੇ ਨਜ਼ਰੀਏ ਤੋਂ ਸੁਝਾਉਂਦਿਆਂ ਹੋਇਆਂ 'ਆਸਥਾ' ਵਿਚ ਸ਼ਰਣ ਨੂੰ ਅੰਤਿਮ ਹੱਲ ਦੱਸਿਆ ਅਤੇ ਐਸੀ ‘ਆਸਥਾ’ ਨੂੰ ਉਸਨੇ ਐਬਸਰਡ ਕਿਹਾ।

ਐਬਸਰਡ ਦੀ ਉੱਤਮ ਉਦਾਹਰਣ ਦੇਣ ਲਈ ਕਿਰਕੇਗਾਰਦ ਇੱਕ ਨਵੀਂ ਸ਼੍ਰੇਣੀ ਤੋਂ ਜਾਣੂ ਕਰਵਾਉਂਦਿਆਂ ਕਹਿੰਦਾ ਹੈ, ਉਸ ਨੂੰ ਜੀਵੰਤ ਰੂਪ ਵਿੱਚ ਪ੍ਰਸਤੁਤ ਕਰਨਾ ਜਿਸ ਨੂੰ ਵਿਚਾਰਿਆ ਵੀ ਨਹੀਂ ਜਾ ਸਕਦਾ।[6]

ਉਸਨੇ ਆਪਣੀਆਂ ਲਿਖਤਾਂ ਵਿਚ ਦਰਸ਼ਨ-ਸ਼ਾਸਤਰ ਦੇ ਅਤਿ ਜਟਿਲ ਵਿਸ਼ਿਆਂ ਨੂੰ ਵਿਚਾਰਦਿਆਂ ਕਾਵਿਮਈ ਸ਼ੈਲੀ ਅਪਣਾਈ ਜਿਸ ਕਾਰਣ ਕਈ ਵਾਰ ਉਸ ਨੂੰ ਵਾਰਤਕ ਲਿਖਣ ਵਾਲਾ ਕਵੀ ਕਹਿਕੇ ਵੀ ਯਾਦ ਕੀਤਾ ਜਾਂਦਾ ਹੈ। ਉਸ ਨੂੰ ਕਵੀ ਵਾਂਗ ਵਿਚਾਰਦਿਆਂ Louis Mocey ਨੇ ਇੱਕ ਕਿਤਾਬ ਵੀ ਲਿਖੀ ਜੋ ਬਾਅਦ ਵਿਚ University of Pennsylvania ਤੋਂ Kierkegaard : A Kind of Poet ਸਿਰਲੇਖ ਹੇਠ ਪ੍ਰਕਾਸ਼ਿਤ ਹੋਈ। ਇਸ ਤੋਂ ਇਲਾਵਾ ਕਿਰਕੇਗਾਰਦ ਤੋਂ ਪ੍ਰਭਾਵਿਤ ਹੋਣ ਵਾਲੇ ਲੇਖਕਾਂ ਦੀ ਫ਼ਹਿਰਿਸਤ ਲੰਬੀ ਹੈ, ਜਿਨ੍ਹਾਂ ਵਿਚ ਦਾਰਸ਼ਨਿਕ, ਧਰਮ-ਸ਼ਾਸਤਰੀ ਅਤੇ ਕਵੀ ਵੀ ਸ਼ਾਮਿਲ ਹਨ ਜਿਵੇਂ ਕਿ : Titlich, Barth, WH . Auden , Albert Camtis, Franz Kafka, Jean Paul Sartre, August Stringberg , Martin Heidegger, Henrik lbsen etc. ਹਾਲ ਹੀ ਵਿਚ ਹੋਈਆਂ ਵਿਦਵਤਾ ਭਰਪੂਰ ਖੋਜਾਂ ਮੁਤਾਬਕ ਕਿਰਕੇਗਾਰਦ ਦੀਆਂ ਲਿਖਤਾਂ ਨੂੰ ਉੱਤਰ-ਆਧੁਨਿਕਤਾ ਨਾਲ ਵੀ ਜੋੜਿਆ ਜਾ ਰਿਹਾ ਹੈ ਅਤੇ ਉਸ ਨੂੰ ਉੱਤਰ - ਆਧੁਨਿਕਤਾ ਦੀਆਂ ਪਹਿਲੀਆਂ ਵਿਚਾਰ ਸ਼ਕਤੀਆਂ ਵਿਚ ਗਿਣਿਆ ਜਾ ਰਿਹਾ ਹੈ। Merold Westpal ਨੇ ਆਪਣੀ ਪੁਸਤਕ Becoming a Self : A Reading of Kierkegaard's Concluding Unscientific Postscript, (1993) ਵਿਚ ਕਿਰਕੇਗਾਰਦ ਨੂੰ ਉੱਤਰ-ਆਧੁਨਿਕਤਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ।

ਫਰੈਡਰਿਕ ਨੀਤਸ਼ੇ(Freidrich Nietzsclie,1844-1900 )

ਉਸ ਨੇ ਆਪਣੀ ਪਹਿਲੀ ਪੁਸਤਕ Birth of Tregy out of the Spirit of Music (1872) ਪ੍ਰਕਾਸ਼ਤ ਕੀਤੀ। ਆਪਣੀ ਪਹਿਲੀ ਪੁਸਤਕ ਦੇ ਪ੍ਰਕਾਸ਼ਨ ਦੇ ਨਾਲ ਹੀ ਉਹ ਸਭ ਦੀਆਂ ਨਜ਼ਰਾਂ ਵਿਚ ਆ ਚੁੱਕਾ ਸੀ। ਇਸ ਪੁਸਤਕ ਵਿਚ ਉਸਨੇ ਸ਼ਾਸਤਰੀ ਸੰਗੀਤ ਦੀ ਪਰਿਭਾਸ਼ਾ ਯੂਨਾਨੀ ਤ੍ਰਾਸਦੀ ਵਿੱਚੋਂ ਕਰਦਿਆਂ ਕਿਹਾ ਸੀ ਕਿ ਇਸ ਤ੍ਰਾਸਦੀ ਦੀ ਪੁਨਰ-ਸਿਰਜਣਾ ਹੋਵੇਗੀ ਅਤੇ ਯੂਨਾਨੀ ਸਦੀ ਦਾ ਸੰਬੰਧ ਭਵਿੱਖ ਨਾਲ ਜੋੜਿਆ। ਸਮਕਾਲੀ ਪ੍ਰਸਥਿਤੀਆਂ ਵਿਚ, ਜੋ ਯੂਰਪੀ ਨਾਟਕ ਦੀ ਸਥਿਤੀ ਹੈ, ਉਸਤੋਂ ਨੀਤਸ਼ੇ ਦੀ ਭਵਿੱਖਬਾਣੀ ਬਿਲਕੁਲ ਦਰੁਸਤ ਸਾਬਤ ਹੁੰਦੀ ਹੈ। ਉਸਨੇ ਦੱਸਿਆ ਕਿ Classical Athenian Tregdy ਵਿਚ ਕੁਝ ਇਸ ਤਰ੍ਹਾਂ ਦੇ ਤੱਤ ਹਨ ਜੋ ਸੰਸਾਰ ਦੇ ਨਿਰਾਸ਼ਾ ਅਤੇ ਅਰਥਹੀਣ ਵਰਤਾਰੇ ਨੂੰ ਲੰਘ ਕੇ ਕਿਸੇ ਐਸੇ ਧਰਾਤਲ ਉੱਤੇ ਮਨੁੱਖੀ ਹੋਂਦ ਨੂੰ ਸਥਾਪਿਤ ਕਰਦੇ ਹਨ ਜੋ ਭਾਵੇਂ ਉਦਾਸੀ ਹੀ ਦਿੰਦੇ ਹਨ ਪ੍ਰੰਤੂ ਮਨੁੱਖ ਦੇ ਜਿਉਂਦੇ ਰਹਿਣ ਲਈ ਇੱਕ ਰਸ-ਰੰਗ ਘੜ ਲੈਂਦਾ ਹੈ। ਉਸ ਨੇ ਲਿਖਿਆ ਕਿ ਯੂਨਾਨੀ ਦੁਖਾਂਤ ਦੇ ਦ੍ਰਿਸ਼ਟੀਕੋਣ ਮੁਤਾਬਕ ਯੂਨਾਨੀ ਵਿਅਕਤੀਗਤ ਅਨੁਭਵ ਨੂੰ ਵਿਸਾਰ ਚੁੱਕੇ ਹਨ । ਉਹ ਆਪਣੀ ਹੋਂਦ ਦੀ ਸਥਾਪਤੀ ਕਿਸੇ ਐਸੀ ਦੁਨੀਆ ਤੋਂ ਹੋਈ ਮੰਨਣ ਤੋਂ ਇਨਕਾਰੀ ਹਨ ਜੋ ਉਹਨਾਂ ਨੂੰ ਕਿਸੇ ਨੈਤਿਕਤਾ ਦਾ ਪਾਠ ਸਿਖਾ ਸਕੇ। ਉਹ ਮੌਤ ਤੋਂ ਬਾਅਦ ਦੇ ਕਿਸੇ ਸਵਰਗ ਵਰਗੇ ਸੁਪਨੇ ਤੋਂ ਵੀ ਆਪਣੀ ਸੋਚ ਹਟਾ ਚੁੱਕੇ ਹਨ ਜੋ ਇਸ ਜੀਵਨ ਵਿਚ ਰਾਗ ਭਰ ਸਕੇ । ਉਹ ਤਾਂ ਇਸ ਅਹਿਸਾਸ ਵਿਚ ਟਿਕ ਗਏ ਹਨ ਕਿ ਜੀਵਨ ਦਾ ਆਨੰਦ ਕੇਵਲ ਯੁੱਧ ਦੇ ਅਹਿਸਾਸ ਅਤੇ ਉਸਦੇ ਦੁਖਾਂਤ ਗਾਉਣ ਵਿਚ ਹੀ ਸਮਾਇਆ ਹੋਇਆ ਹੈ । ਉਸਨੇ Dionysian and the pollofliari ਦੀਆਂ ਦੋ ਯੂਨਾਨੀ ਮਿੱਥਾਂ ਦੇ ਦਵੰਦਾਤਮਕ ਸੁਭਾਅ ਦੇ ਟਕਰਾ ਵਿੱਚੋਂ ਜੀਵਨ ਦੀ ਹੋਂਦ ਦੇ ਅਰਥ ਤਲਾਸ਼ਣ ਦੀ ਕੋਸ਼ਿਸ਼ ਕੀਤੀ । ਉਸਨੇ ਕਿਹਾ ਕਿ ਜੀਵਨ ਦੇ ਦੋਨੋਂ ਅਹਿਸਾਸਾਂ ਦੀ ਇਸ ਟੱਕਰ ਵਿਚ ਦੋਵੇਂ ਧਿਰਾਂ ਆਪੋ-ਆਪਣੀ ਹੋਂਦ ਸਥਾਪਿਤ ਕਰਨ ਲਈ ਤਰੱਦਦ ਕਰ ਰਹੀਆਂ ਹਨ। ਮਨੁੱਖ ਅੰਦਰਲਾ ਸੰਸਾਰਕ ਅਹਿਸਾਸ ਜੋ ਪਦਾਰਥਕ ਅਤੇ ਰਸ - ਰੰਗ ਦੇ ਮੋਹ ਵਿਚ ਹੈ, ਉਹ ਆਪਣੀ ਹੋਂਦ ਸਥਾਪਿਤ ਕਰਨ ਲਈ ਕਿਸੇ ਰੱਬੀ ਖ਼ਿਆਲ ਜਾਂ ਜੀਵਨ ਦੇ ਆਦਰਸ਼ਵਾਦੀ ਰੂਪ ਨੂੰ ਨਕਾਰ ਰਿਹਾ ਹੈ। ਨੀਤਸ਼ੇ ਇਹ ਦਲੀਲ ਦਿੰਦਾ ਹੈ ਕਿ ਯੂਨਾਨੀ ਦੁਖਾਂਤ , ਕਲਾ ਦਾ ਇੱਕ ਬਹੁਤ ਉੱਚਾ ਨਮੂਨਾ ਹੈ, ਜਿਸ ਵਿਚ ਜੀਵਨ ਦੇ ਦੋਨੋਂ ਸਿਰੇ Dionysian ਅਤੇ Apolonian ਸ਼ਾਮਿਲ ਹਨ। ਇਹਨਾਂ ਦੀ ਇੱਕ ਸਤਰੰਗੀ ਪੀਂਘ ਦੇ ਰੰਗਾਂ ਵਰਗੀ ਆਪਸ ਵਿਚ ਘੁਲਣਸਾਰਤਾ ਹੈ। ਇਹ ਸੰਪੂਰਨ ਜੀਵਨ ਨੂੰ ਇੱਕ ਹੀ ਦ੍ਰਿਸ਼ ਵਿਚ ਬੰਨਣ ਦੀ ਤਾਕਤ ਰੱਖਦਾ ਹੈ ਅਤੇ ਮਨੁੱਖੀ ਸਥਿਤੀ ਨੂੰ ਉਸਦੀਆਂ ਸੰਭਾਵਨਾਵਾਂ ਸਮੇਤ ਦਰਸਾਉਂਦਾ ਹੈ। ਯੂਨਾਨੀ ਦੁਖਾਂਤ ਵਿਚ Dionysian ਭਾਗ Chorus ਦੁਆਰਾ ਪੇਸ਼ ਕੀਤਾ ਜਾਂਦਾ ਹੈ ਅਤੇ Apollonian ਭਾਗ ਰਚਨਾ ਦੇ ਸੰਵਾਦਾਂ ਦੁਆਰਾ । ਜੀਵਨ ਦੇ ਰਸ-ਰੰਗ ਵਾਲੇ Dinysian ਅਹਿਸਾਸ ਨੂੰ ਜੀਵੰਤ ਜਾਮਾ ਪਹਿਨਾਉਣ ਦਾ ਕੰਮ Apollonian ਦ੍ਰਿਸ਼ਟੀਕੋਣ ਕਰਦਾ ਹੈ। ਇਹਨਾਂ ਦੋਨਾਂ ਦੇ ਮਿਲਾਪ ਵਿੱਚੋਂ ਹੀ ਯੂਨਾਨੀ ਦੁਖਾਂਤ ਦਾ ਜਨਮ ਹੁੰਦਾ ਹੈ। ਆਪਣੀ ਉਮਰੇ ਉਸ ਨੂੰ ਸ਼ਾਪਹਾਰ (Arthur Sclhopenhauer,1788-1860) ਦੀ ਇੱਕ ਰਚਨਾ The World as will and idea (1844) ਲੱਭ ਗਈ। ਜਿਸ ਵਿਚੋਂ ਜਾਗੀ ਤੀਬਰ ਜਗਿਆਸਾ ਅਤੇ ਜੀਵਨ ਪ੍ਰਤੀ ਅਸ਼ ਭਰਿਆ ਵਤੀਰਾ ਉਸਨੇ ਆਪਣੀ Thus spoke Zarathustra A Book for all and none , (1885)ਵਿਚ ਵਰਤਿਆ । ਇਸ ਰਚਨਾ ਨੂੰ ਪੜ੍ਹਨ ਤੋਂ ਬਾਅਦ ਉਹ ਆਪ ਹੀ ਲਿਖਦਾ ਹੈ ਕਿ ਮੈਨੂੰ ਇੱਕ ਅਜਿਹਾ ਸ਼ੀਸ਼ਾ ਮਿਲ ਗਿਆ ਹੈ ਜਿਸ ਵਿਚ ਮੈਂ ਸੰਸਾਰ, ਜੀਵਨ ਅਤੇ ਆਪਣੀ ਕਿਰਤੀ ਨੂੰ ਭਿਆਨਕ ਭਵਯਤਾ ਨਾਲ ਚਿਤ ਹੋਇਆ ਦੇਖਿਆ ਹੈ। Will Durant ਆਪਣੀ ਪੁਸਤਕ The Story of Philosophy ( 1926 ) ਵਿਚ ਲਿਖਦਾ ਹੈ :

ਇਉਂ ਪ੍ਰਤੀਤ ਹੁੰਦਾ ਸੀ , ਜਿਵੇਂ ਕਿ ਸ਼ਾਪਨਹਾਰ ਵਿਅਕਤੀਗਤ ਤੌਰ ਉੱਤੇ ਮੈਨੂੰ ਹੀ ਸੰਬੋਧਨ ਕਰ ਰਿਹਾ ਸੀ ਮੈਂ ਉਸ ਦੇ ਉਤਸ਼ਾਹ ਨੂੰ ਅਨੁਭਵ ਕਰ ਰਿਹਾ ਸਾਂ ਅਤੇ ਉਹ ਮੈਨੂੰ ਆਪਣੇ ਸਾਹਮਣੇ ਦਿਸਦਾ ਪ੍ਰਤੀਤ ਹੁੰਦਾ ਸੀ। ਹਰੇਕ ਸਤਰ ਤਿਆਗ, ਸਵੈ-ਇਨਕਾਰ ਅਤੇ ਆਤਮ ਸਮਰਪਣ ਲਈ ਉੱਚੀ ਪੁਕਾਰ ਰਹੀ ਸੀ।[7]

ਉਸਦਾ ਮੂਲ ਵਿਸ਼ਵਾਸ ਸ਼ਾਪਨਹਾਰ ਦੇ ਇੱਛਾ-ਸ਼ਕਤੀ ਵਾਲੇ ਸਿਧਾਂਤ ਨਾਲ ਮਿਲਦਾ-ਜੁਲਦਾ ਹੋਣ ਉੱਤੇ ਵੀ ਇੱਕ ਵੱਖਰੀ ਸਥਿਤੀ ਇਖ਼ਤਿਆਰ ਕਰਦਾ ਹੈ। ਸ਼ਾਪਨਹਾਰ ਨੇ ਇੱਛਾ-ਸ਼ਕਤੀ ਦੁਆਰਾ ਦੁੱਖਾਂ ਤੋਂ ਮੁਕਤੀ ਪਾਉਣ ਦੀ ਕਲਪਨਾ ਕੀਤੀ ਸੀ । ਉਹ ਚਾਹੁੰਦਾ ਸੀ ਕਿ ਮਨੁੱਖ ਸਹਿਭੋਗਤਾ ਬਣੇ, ਦੂਸਰਿਆਂ ਦੇ ਦੁੱਖਾਂ ਨੂੰ ਆਪ ਜੀਵੇ ਅਤੇ ਇਸ ਤਰ੍ਹਾਂ ਜੀਵਨ ਵਿਚ ਨਿਰਮਾਣ ਦੀ ਸਥਿਤੀ ਨੂੰ ਪ੍ਰਾਪਤ ਹੋ ਸਕਦਾ ਹੈ । ਉਸਦੀ ਸਭ ਤੋਂ ਵੱਧ ਮਕਬੂਲ ਅਤੇ ਚਰਚਾ ਦਾ ਵਿਸ਼ਾ ਬਣਨ ਵਾਲੀ ਕਿਤਾਬ Thus spoke Zarathustra :A Book For All And None(1885) ਛਪਣ ਨਾਲ ਉਸਨੇ ਸਭ ਦਾ ਧਿਆਨ ਆਕਰਸ਼ਿਤ ਕੀਤਾ। ਜਿਸ ਵਿਚ ਉਸਨੇ ਮਹਾਂਮਾਨਵ (superhuman) ਦਾ ਸਿਧਾਂਤ ਪੇਸ਼ ਕੀਤਾ। ਇਸ ਕਿਤਾਬ ਦਾ ਖ਼ਿਆਲ ਉਸ ਨੂੰ ਇਸ ਤੋਂ ਪੂਰਬਲੀ ਰਚਨਾ The Gay Science (1882) ਲਿਖਦੇ ਸਮੇਂ ਆਇਆ ਸੀ। ਉਸਨੇ ਕਲਪਨਾ ਨੂੰ ਇੰਨਾ ਸ਼ਕਤੀਸ਼ਾਲੀ ਬਣਾ ਦਿੱਤਾ ਕਿ ਉਹ ਮਨੁੱਖ ਦੀਆਂ ਸੰਭਾਵਨਾਵਾਂ ਨੂੰ ਲੰਘ ਜਾਣ ਦੀਆਂ ਗੱਲਾਂ ਕਰਨ ਲੱਗਾ। ਉਸਨੇ ਪੁਸਤਕ ਦੀ ਸ਼ੁਰੂਆਤ ਵਿਚ ਦੱਸਿਆ ਕਿ Zarathustra ਇੱਕ ਉੱਚੀ ਪਹਾੜੀ ਤੋਂ ਪ੍ਰਚਾਰ ਕਰਨ ਲਈ ਉਤਰਦਾ ਹੈ ਪ੍ਰੰਤੂ ਸ਼ਹਿਰ ਦੀ ਭੀੜ ਉਸ ਦੀ ਗੱਲ ਸੁਣਨ ਦੀ ਬਜਾਇ ਇੱਕ ਮਦਾਰੀ ਵੱਲ ਚਲੀ ਜਾਂਦੀ ਹੈ ਜੋ ਰੱਸੇ ਉੱਤੇ ਤੁਰਨ ਦਾ ਕਰਤਬ ਦਿਖਾ ਰਿਹਾ ਹੈ। ਮਦਾਰੀ ਕਰਤਬ ਦਿਖਾਉਂਦਾ ਹੋਇਆ ਰੱਸੇ ਤੋਂ ਡਿੱਗ ਕੇ ਮਰ ਜਾਂਦਾ ਹੈ। Zarathustra ਉਸ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਤੁਰਦਾ ਹੈ ਅਤੇ ਜਾਂਦਾ ਹੋਇਆ ਬੋਲਦਾ ਹੈ ਕਿ ਤੈਨੂੰ ਮੈਂ ਦਫਨਾਵਾਂਗਾ ਕਿਉਂ ਜੋ ਤੂੰ ਖ਼ਤਰੇ ਨੂੰ ਆਪਣਾ ਵਿਹਾਰ ਬਣਾਇਆ ਹੈ। ਤੂੰ ਐਸੇ ਕਰਤਬ ਨੂੰ ਚੁਣਿਆ ਹੈ ਜਿਸ ਲਈ ਮੌਤ ਨੂੰ ਚੁਨੌਤੀ ਦੇਣੀ ਪੈਂਦੀ ਹੈ। ਉਸਨੇ ਕਿਹਾ ਕਿ ਭਿਆਨਕ ਰੂਪ ਜੀਵਨ ਜੀਵੋ । ਆਪਣੇ ਸ਼ਹਿਰ ਜਵਾਲਾਮੁਖੀ ਦੇ ਨਜ਼ਦੀਕ ਬਣਾਓ ਅਤੇ ਆਪਣੇ ਜਹਾਜ਼ ਅਥਾਹ ਸਮੁੰਦਰਾਂ ਵਿਚ ਠੇਲ ਦਿਓ ਜਿਨ੍ਹਾਂ ਦੇ ਕਿਨਾਰਿਆਂ ਦਾ ਪਤਾ ਨਾ ਹੋਵੇ। ਜੰਗ ਦੀ ਹਾਲਤ ਵਿਚ ਜੀਵਨ ਜੀਓ। ਇਸ ਪੁਸਤਕ ਵਿਚ ਉਸਦੇ ਵਿਚਾਰਾਂ ਨਾਲ ਵਿਸ਼ੇਸ਼ ਮਨੋਸਥਿਤੀ ਤਾਂ ਜ਼ਰੂਰ ਬਣਦੀ ਹੈ ਪ੍ਰੰਤੂ ਤਰਕਸੰਗਤ ਵਿਸ਼ਵਾਸ ਪੈਦਾ ਨਹੀਂ ਹੁੰਦਾ। ਇਹੀ ਕਾਰਣ ਹੈ ਕਿ ਚਾਹੇ ਆਸਤਕ ਹੋਵੇ ਜਾਂ ਨਾਸਤਕ, ਪਰੰਪਰਾਵਾਦੀ ਹੋਵੇ ਜਾਂ ਵਿਦਰੋਹੀ, ਸਾਰੇ ਉਸ ਦੇ ਵਿਚਾਰਾਂ ਦੀਆਂ ਉਦਾਹਰਣਾਂ ਦਿੰਦੇ ਹਨ। ਉਸਦੀ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਜਿਸ ਸੱਚ ਨੂੰ ਅਭਿਵਿਅਕਤ ਕਰਦਾ ਹੈ ਅਤੇ ਪੂਰੀ ਸ਼ਕਤੀ ਨਾਲ ਸਥਾਪਿਤ ਕਰਦਾ ਹੈ ਉਸੇ ਦੇ ਹੀ ਖ਼ਿਲਾਫ਼ ਵੀ ਓਨੀ ਹੀ ਸ਼ਿੱਦਤ ਨਾਲ ਲਿਖਦਾ ਹੈ। ਉਸਦੀ ਇਹ ਪੁਸਤਕ ਐਸੀਆਂ ਵਿਰੋਧਾਭਾਸੀ ਟਿੱਪਣੀਆਂ ਨਾਲ ਭਰੀ ਪਈ ਹੈ। ਇਸੇ ਲਈ ਉਸਨੇ ਪੁਸਤਕ ਦਾ ਉਪਨਾਮ A Book For All And None ਰੱਖਿਆ।

   ਨੀਤਸ਼ੇ ਈਸਾਈਅਤ ਦਾ ਵਿਰੋਧੀ ਸੀ। ਉਹ ਹਮੇਸ਼ਾਂ ਈਸਾਈਅਤ ਉੱਤੇ ਵਿਅੰਗ ਕਰਦਾ ਸੀ ਕਿ ਈਸਾਈ ਆਪਣੇ ਦੁਸ਼ਮਣ ਨੂੰ ਇਸ ਲਈ ਪਿਆਰ ਕਰਦਾ ਹੈ ਕਿ ਉਹ ਆਪ ਤਾਂ ਸਵਰਗ ਜਾਵੇ ਪਰ ਦੁਸ਼ਮਣ ਨੂੰ ਸਵਰਗ ਤੋਂ ਨਰਕ ਦੀ ਅੱਗ ਵਿਚ ਡਿੱਗਾ ਹੋਇਆ ਦੇਖੇ ਅਤੇ ਖ਼ੁਸ਼ ਹੋਵੇ। ਇਸੇ ਲਈ ਉਸਨੇ ਈਸਾਈਅਤ ਦੁਆਰਾ ਤਿਆਰ ਕੀਤੇ ਸਾਰੇ ਮੁੱਲ ਵਿਧਾਨਾਂ ਉੱਤੇ ਪ੍ਰਸ਼ਨ ਚਿੰਨ੍ਹ ਲਾਇਆ। ਇਸੇ ਇਵਜ਼ ਵਿਚ ਉਸਨੇ ਵਿਵਾਦਾਂ ਨੂੰ ਜਨਮ ਦੇਣ ਵਾਲੀ ਪੁਸਤਕ The Antichrisr ( 1888 ) ਲਿਖੀ। 1886 ਈ : ਵਿਚ ਉਸਦੀ ਪੁਸਤਕ Beyond Good And Evil ਪ੍ਰਕਾਸ਼ਿਤ ਹੋਈ। ਜਿਸ ਵਿਚ ਉਸਨੇ ਪਾਪ ਅਤੇ ਪੁੰਨ ਵਿਚ ਅੰਤਰ ਕਰਦਿਆਂ ਆਪਣੇ ਪੂਰਵਲੇ ਹੋ ਚੁੱਕੇ ਈਸਾਈਅਤ ਦੇ ਆਲੋਚਕਾਂ ਉੱਪਰ ਵਾਰ ਕੀਤਾ। ਉਸਨੇ ਆਪਣੇ ਤੋਂ ਪੂਰਵਲੇ ਆਲੋਚਕਾਂ ਨੂੰ ਘੋਰ ਰੂੜੀਵਾਦੀ ਦੱਸਿਆ । ਇਸ ਪ੍ਰਕਾਰ ਉਹ ਹਰ ਇੱਕ ਤਰ੍ਹਾਂ ਦੀ ਬਣੀ ਪੂਰਵ ਧਾਰਣਾ ਉੱਪਰ ਵਾਰ ਕਰਦਾ ਚਲਾ ਗਿਆ। ਉਹ ਅਸਲ ਗਿਆਨ ਦੀ ਅਵਸਥਾ ਨੂੰ ਨਿਰਧਾਰਤ ਕਰਦਾ ਹੋਇਆ ਹਰੇਕ ਦੇ ਪ੍ਰਤੀ ਇੱਕ ਖ਼ਾਸ ਤਰ੍ਹਾਂ ਦੀ ਦ੍ਰਿਸ਼ਟੀ ਸੁਝਾਉਂਦਾ ਹੈ। ਉਹ ਆਪਣੀ ਆਤਮਕਥਾ ਜੋ ਕਿ ਉਸ ਦੀ ਮੌਤ ਤੋਂ ਬਾਅਦ ਪ੍ਰਕਾਸ਼ਿਤ ਹੋਈ Ecce Homo : How One Becomes What One Is (1908) ਵਿਚ ਆਪਣੇ ਆਪ ਨੂੰ ਇੱਛਾ-ਸ਼ਕਤੀ ਨਾਲ ਭਰਿਆ ਹੋਇਆ ਬਰੂਦੀ ਦੱਸਦਾ ਹੈ। ਇਸ ਪੁਸਤਕ ਦੇ ਅਧਿਆਇ ਵੀ ਉਸਨੇ ਆਪਣੇ ਆਪ ਨੂੰ ਆਦਰਸ਼ਕ ਮਹਾਂਮਾਨਵ ਮੰਨ ਕੇ ਲਿਖੇ ਅਤੇ ਆਪਣੇ ਆਪ ਨੂੰ ਮਰ ਚੁੱਕੇ ਪਰਮਾਤਮਾ ਦਾ ਉੱਤਰ-ਅਧਿਕਾਰੀ ਕਿਹਾ। 'ਮੈਂ ਏਨਾ ਬੁੱਧੀਮਾਨ ਕਿਉਂ ਹਾਂ', 'ਮੈਂ ਇੰਨੀਆਂ ਚੰਗੀਆਂ ਕਿਤਾਬਾਂ ਕਿਉਂ ਲਿਖਦਾ ਹਾਂ’, ‘ਮੈਂ ਪ੍ਰਾਰਭਦੀ ਕਿਉਂ ਹਾਂ`, ਆਦਿ ਲੇਖ ਇਸ ਪੁਸਤਕ ਵਿਚ ਸ਼ਾਮਿਲ ਕੀਤੇ। ਉਸਨੇ ਆਪਣੇ ਆਪਾ ਪੜਚੋਲ ਕਰਨ ਦੇ ਸਿਧਾਂਤ ਉੱਤੇ ਇਸ ਪ੍ਰਕਾਰ ਪਹਿਰਾ ਦਿੱਤਾ ਕਿ ਮਨ ਦੇ ਕਿਸੇ ਪ੍ਰਕਾਰ ਦੇ ਵੀ ਪੱਖ-ਪਾਤ ਨੂੰ ਆਧਾਰ-ਭੂਮੀ ਨਹੀਂ ਦਿੱਤੀ। ਉਹ ਮਨੁੱਖ ਨਹੀਂ, ਸਗੋਂ ਸਾਰੀ ਉਮਰ ਯੁੱਧ-ਭੂਮੀ ਹੀ ਬਣਿਆ ਰਿਹਾ। ਉਹ ਵਿਚਾਰਾਂ ਦੇ ਅੰਤਰ ਯੁੱਧ ਵਿੱਚ ਹੀ ਜੁਟਿਆ ਰਿਹਾ। ਸੱਚ ਦੀ ਕੋਈ ਪ੍ਰਣਾਲੀ ਹੈ, ਇਸ ਨੂੰ ਨਕਾਰਦਿਆਂ ਉਸਨੇ ਵਿਸਫੋਟਕ ਸਥਿਤੀ ਦਾ ਆਵਾਹਣ ਕੀਤਾ ਅਤੇ ਇਸਦੇ ਵਿਰੋਧ ਵਿਚ ਧਰਮ-ਯੁੱਧ ਵਰਗੀ ਸਥਿਤੀ ਬਣਾਈ ਰੱਖੀ।

  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000009-QINU`"'</ref>" does not exist.
  2. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000A-QINU`"'</ref>" does not exist.
  3. 3.0 3.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000B-QINU`"'</ref>" does not exist.
  4. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000C-QINU`"'</ref>" does not exist.
  5. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000D-QINU`"'</ref>" does not exist.
  6. 6.0 6.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000E-QINU`"'</ref>" does not exist.
  7. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000F-QINU`"'</ref>" does not exist.