Sukhpall kaur
ਰਸ ਦਾ ਸਰੂਪ
ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ 'ਚ ਰਸ ਬਾਰੇ ਆਚਾਰੀਆ ਭਰਤ ਦਾ ਸਭ ਤੋਂ ਪੁਰਾਣਾ 'ਰਸਸੂਤ੍ਰ' ਮਿਲਦਾ ਹੈ ਜਿਸਨੂੰ ਸਿੱਧੇ ਤੌਰ 'ਤੇ ਰਸ ਦੇ ਸਰੂਪ ਦਾ ਪ੍ਰਤਿਪਾਦਨ ਕਰਨ ਵਾਲਾ 'ਸੂਤ੍ਰ' ਕਹਿਣ ਦੀ ਬਜਾਏ ਇਸਨੂੰ ਰਸ ਦੀ ਨਿਸ਼ਾਨੀ ਅਤੇ ਰਸ ਦੀ ਅਨੁਭੂਤੀ ਕਰਵਾਉਣ ਦੀ ਪ੍ਰਕਿਰਿਆ ਵਾਲਾ ਸੂਤ੍ਰ ਕਿਹਾ ਜਾ ਸਕਦਾ ਹੈ। ਇਸ ਕਰਕੇ ਰਸ ਦੇ ਸਰੂਪ ਬਰੇ, ਬਾਅਦਲੇ ਦੋ ਪ੍ਰਮੁੱਖ ਆਚਾਰੀਆ ਮੰਮਟ ਅਤੇ ਵਿਸ਼ਵਨਾਥ ਦੇ ਮਤਾਂ ਨੂੰ ੲਿੱਥੇ ਪ੍ਰਸਤੁਤ ਕਰਨਾ ਢੁਕਵਾਂ ਜਾਪਦਾ ਹੈ।ਮੰਮਟ ਦਾ ਕਹਿਣਾ ਹੈ ਕਿ ਜਦੋਂ ਲੋਕ ਵਿੱਚ 'ਰਤੀ' (ਪ੍ਰੇਮ) ਆਦਿ ਭਾਵਾਂ ਦੇ ਜਿਹੜੇ ਕਾਰਣ ,ਕਾਰਯ ਅਤੇ ਸਹਿਕਾਰੀ (ਭਾਵ)ਹਨ(-ਨਾਇਕ-ਨਾਇਕਾ ਆਦਿ ਆਲੰਬਨ ਕਾਰਣ; ਚੰਦ੍ਰਮਾ ਦਾ ਉਚਿਤ ਹੋਣਾ, ਬਸੰਤ,ਮਨੋਹਾਰੀ ਪ੍ਰਾਕ੍ਰਿਤਿਕ ਦ੍ਰਿਸ਼ ਆਦਿ ੳਉੱਦੀਪਨ ਕਾਰਣ; ਕਟਾਕ੍ਸ਼,,ਰੋਮਾਂਚ,ਕੰਬਣਾ ਆਦਿ ਕਾਰਯ ਅਤੇ ਚਿੰਤਾ, ਖੁਸ਼ੀ ਆਦਿ ਸਹਿਕਾਰੀ ਭਾਵ), ਇਹਨਾਂ (ਭਾਵਾਂ)ਦੀ ਜਦੋਂ ਕਾਵਿ ਜਾਂ ਨਾਟਕ ਵਿੱਚ ਇੱਕ ਥਾਂ ਇੱਕਠੀ ਰਚਨਾ ਕੀਤੀ ਜਾਂਦੀ ਹੈ ਤਾਂ ਉਹ ਵਿਭਾਵ , ਅਨੁਭਾਵ,ਵਿਅਭਿਚਾਰਿ(ਸੰਚਾਰਿਤ)ਭਾਵ ਕਹਾਉਂਦੇ ਹਨ ਅਤੇ ਇਹਨਾਂ ਤਿੰਨਾਂ ਦੁਆਰਾ ਪ੍ਰਗਟ ਕੀਤਾ ਗਿਆ ਸਥਾਈਭਾਵ ਹੀ 'ਰਸ' ਕਹਾਉਂਦਾ ਹੈ। ਆਚਾਰੀਆ ਵਿਸ਼ਵਨਾਥ ਨੇ ਦੂਜੇ ਸ਼ਬਦਾਂ ਰਾਹੀਂ ਮੰਮਟ ਦੇ ਹੀ ਮਤ ਦਾ ਸਮਰਥਨ ਕਰਦੇ ਹੋਏ ਕਿਹਾ ਹੈ ਕਿ,"ਵਿਭਾਵ, ਅਨੁਭਾਵ ਅਤੇ ਸੰਚਾਰਿਭਾਵਾਂ ਦੁਆਰਾ ਅਭਿਵਿਅਕਤ ਕੀਤੇ ਜਾਂਦੇ ਹੋਏ 'ਰਤੀ' ਆਦਿ ਸਥਾਈਭਾਵ ਸਹ੍ਰਿਦਯਾਂ ਲੲੀ 'ਰਸਤਾ'(ਰਸ ਦੇ ਰੂਪ) ਨੂੰ ਪ੍ਰਾਪਤ ਕਰਦੇ ਹੋਏ 'ਰਸ' ਦੇ ਛੇ ਵਿਸ਼ੇਸ਼ਣ ਅਥਵਾ ਵਿਸ਼ੇਸ਼ਤਾਵਾਂ ਦੱਸੀਆਂ ਹਨ:-"ਰਸ-ਸੱਤ੍ਵੋਦ੍ਰੇਕਚ ; ਅਖੰਡ; ਸ੍ਵੈਪ੍ਰਕਾਸ਼ਆਨੰਦਚਿਨ੍ਮਯ; ਵੇਦ੍ਯਾਂਤਰਸ੍ਪਰਸ਼ਸ਼ੂਨਯ; ਬ੍ਰਹਮਾਸੁਆਦਸਹੋਦਰ ਅਤੇ ਲੋਕੋਤੱਰਚਮਤਕਾਰਪ੍ਰਾਣਰੂਪ -ਹੈ।"
(ੳ) ਸੱਤ੍ਵੋਦ੍ਰੇਕ :-
ਰਸ ਦੀ ਉਤਪਤੀ ਉਦੋਂ ਹੁੰਦੀ ਹੈ ਜਦੋਂ ਕਿ ਮਨ 'ਚ ਰਜੋਗੁਣ ਅਤੇ ਤਮੋਗੁਣ ਦੀ ਬਜਾਏ ਸਤੋਗੁਣ ਦਾ ਭਾਵ ਜ਼ਿਆਦਾ ਵਿਦਮਾਨ ਹੁੰਦਾ ਹੈ ਕਿਉਂਕਿ ਸਤੋਗੁਣ ਦੀ ਅਵਸਥਾ 'ਚ ਮਨੁੱਖ ਲੌਕਿਕ ਰਾਗ-ਦ੍ਵੇਸ਼ ਦੀ ਭਾਵਨਾ ਤੋਂ ਉੱਪਰ ਉੱਠ ਜਾਂਦਾ ਹੈ ਅਰਥਾਤ ਰਸ ਦੇ ਆਸੁਆਦਨ ਸਮੇਂ ਅਤੇ ਉਸ ਤੋਂ ਬਾਅਦ ਵਿਅਕਤੀ ਵੱਡੇ ਹਿਰਦੇ ਵਾਲਾ ਅਤੇ ਦੂਜਿਆਂ ਦੀ ਭਲਾਈ ਵਾਲੀ ਰੁਚੀ ਵਾਲਾ ਹੋ ਜਾਂਦਾ ਹੈ। ਰਸ ਦਾ ਆਸੁਆਦਨ ਇੰਦ੍ਰਿਆਂ ਵਾਲੀ ਉੱਤੇਜਨਾ ਤੋਂ ਰਹਿਤ ਅਤੇ ਸਾੱਤ੍ਵਿਕ ਹੁੰਦਾ ਹੈ।
(ਅ) ਅਖੰਡ:-
ਰਸ ਅਖੰਡ ਹੁੰਦਾ ਹੈ ਅਰਥਾਤ ਰਸ ਦਾ ਬੋਧ ਜਾਂ ਅਨੁਭੂਤੀ ਹੋਣ ਵੇਲੇ ਵਿਭਾਵ-ਅਨੁਭਾਵ-ਸੰਚਾਰਿਭਾਵਾਂ ਦਾ ਵੱਖ-ਵੱਖ ਅਨੁਭਾਵ ਨਾ ਹੋ ਸਾਰਿਆਂ ਦਾ ਸਹਭਾਵ ਹੋ ਜਾਂਦਾ ਹੈ ਅਰਥਾਤ ਵਿਭਾਵ ਆਦਿ ਸਾਰੇ ਭਾਵ ਰਸ ਦੇ ਨਾਲ ਮਿਲ ਕੇ ਆਪਣੀ ਸੁਤੰਤਰ ਸਥਿਤੀ ਨੂੰ ਛੱਡ ਕੇ ਉਸੇ 'ਚ ਸਮਾਂ ਜਾਂਦੇ ਹਨ ਅਤੇ ਸਾਰਿਆਂ ਦੀ ਅਨੁਭੂਤੀ ਇੱਕਠੀ (ਰਸ ਦੇ ਰੂਪ 'ਚ) ਹੋਣ ਲੱਗ ਪੈਂਦੀ ਹੈ। ਦੂਜਾ, 'ਅਖੰਡ' ਤੋਂ ਇਹ ਭਾਵ ਹੈ ਕਿ ਜਿਵੇਂ ਯੋਗੀ ਨੂੰ ਪ੍ਰਮਾਤਮਾ ਦੀ ਅਨੁਭੂਤੀ ਲਗਾਤਾਰ ਅਖੰਡ ਰੂਪ 'ਚ ਹੁੰਦੀ ਹੈ , ਉਸੇ ਤਰ੍ਹਾਂ ਸਹ੍ਰਿਦਯ ਅਤੇ ਪਾਠਕ ਨੂੰ ਜਦੋਂ ਰਸ ਦੀ ਅਨੁਭੂਤੀ ਹੁੰਦੀ ਹੈ ਤਾਂ ਉਹ ਵੀ ਆਪਣੇ ਅਟੁੱਟ ਅਤੇ ਅਖੰਡ ਰੂਪ 'ਚ ਲਗਾਤਾਰ ਹੀ ਹੁੰਦੀ ਹੈ।
(ੲ) ਸਵੈ-ਪ੍ਰਕਾਸ਼-ਆਨੰਦਮਯ-ਚਿਨ੍ਮਯ :-
ਰਸ ਦੇ ਇਸ ਵਿਸ਼ੇਸ਼ਣ ਤੇਂ ਭਾਵ ਹੈ ਕਿ ਰਸ ਦਾ ਪ੍ਰਕਾਸ਼ਨ ਜਾਂ ਅਨੁਭੂਤੀ ਸਵੈ (ਆਤਮ) ਗਿਆਨ ਦੁਆਰਾ ਹੀ ਹੁੰਦੀ ਹੈ। ਇਹ ਮਨ ਦੀ ਉਹ ਅਵਸਥਾ ਹੈ ਜਿੱਥੇ ਆਨੰਦ ਅਥਵਾ ਸੁਖ ਦੀ ਅਨੁਭੂਤੀ ਤੋਂ ਇਲਾਵਾ ਹੋਰ ਕੁਝ ਗਿਆਤ ਨਹੀਂ ਹੁੰਦਾ ਆਨੰਦ ਇੰਦ੍ਰੀਆਂ ਦੇ ਸੁਖ (ਆਨੰਦ) ਤੋਂ ਬਿਲਕੁਲ ਵੱਖਰਾ ਅਤੇ ਅਲੌਕਿਕ ਹੈ। ਇਸੇ ਲੲੀ ਰਸ ਨੂੰ ਸਵੈਪ੍ਰਕਾਸ਼ , ਆਨੰਦਮਯ ਅਤੇ ਵਿਸ਼ੁੱਧ ਬੁੱਧੀਗਿਆਨ ਤੋਂ ਯੁਕਤ ਕਿਹਾ ਜਾਂਦਾ ਹੈ।
(ਸ) ਵੇਦ੍ਯਾਂਤਰਸ੍ਪਰਸ਼ਸ਼ੂਨਯ:-
ਰਸ ਦਾ ਅਨੁਭਵ ਦੂਜੇ ਗਿਆਨ ਤੋਂ ਰਹਿਤ ਹੁੰਦਾ ਹੈ ਅਰਥਾਤ ਆਤਮਾ ਜਾਂ ਮਨ ਦੀ ਪੂਰੀ ਤਨਮਯ ਅਵਸਥਾ 'ਚ ਦੂਜੇ ਗਿਆਨ ਦੀ ਪ੍ਰਤੀਤੀ ਨਹੀਂ ਹੁੰਦੀ ਹੈ। ਸਪੱਸ਼ਟ ਸ਼ਬਦਾਂ 'ਚ ਰਸ ਦੀ ਅਨੁਭੂਤੀ ਵੇਲੇ ਸਹ੍ਰਿਦਯ ਅਤੇ ਪਾਠਕ ਆਪਣੇ - ਪਰਾਏ ਦੀ ਭਾਵਨਾ ਤੋਂ ਮੁਕਤ ਹੋ ਕੇ ਕਾਵਿ 'ਚ ਵਿਦਮਾਨ ਪ੍ਰਸੰਗ ਨਾਲ ਇੰਨਾ-ਕੂ ਮਗਨ (ਇੱਕ-ਮਿੱਕ) ਹੋ ਜਾਂਦਾ ਹੈ ਕਿ ਉਸਨੂੰ ਦੂਜੇ ਕਿਸੇ ਵੀ ਗਿਆਨ ਦਾ ਬੋਧ ਹੀ ਨਹੀਂ ਹੁੰਦਾ ਅਤੇ ਉਸ ਵੇਲੇ ਦੇਸ਼-ਕਾਲ ਦੀਆਂ ਸੀਮਾਵਾਂ ਵੀ ੳਸਨੂੰ ਪ੍ਰਭਾਵਿਤ ਨਹੀਂ ਕਰ ਪਾਉਂਦੀਆਂ ਹਨ।
(ਹ) ਬ੍ਰਹਮਾਸੁਆਦਸਹੋਦਰ :-
ਰਸ ਦੇ ਆਨੰਦ ਦੀ ਅਨੁਭੂਤੀ ਬ੍ਰਹਮ (ਰੱਬ) -ਪ੍ਰਾਪਤੀ ਦੇ ਆਨੰਦ ਵਰਗੀ ਹੁੰਦੀ ਹੈ (ਇਸੇ ਲੲੀ ਰਸ ਨੂੰ ਬ੍ਰਹਮਸੁਆਦਸਹੋਦਰ (ਸਗਾ ਭਰਾ) ਕਿਹਾ ਗਿਆ ਹੈ। ਇਹ ਇੰਦ੍ਰਿਯ (ਕਾਮਵਾਸਨਾ) ਦੇ ਆਨੰਦ ਤੋਂ ਬਿਲਕੁਲ ਵੱਖਰਾ ਚਿਦਾਨੰਦ ਦਾ ਵਿਸ਼ੇ ਹੈ ਅਰਥਾਤ ਇਹ ਆਤਮਾ ਦਾ ਵਿਸ਼ੇ ਹੈ ਇੰਦ੍ਰੀਆਂ ਦਾ ਨਹੀਂ। ਇਸੇ ਲੲੀ ਰਸ ਦੇ ਆਨੰਦ ਨੂੰ ਅਲੌਕਿਕ ਅਨੁਭੂਤੀ ਦਾ ਵਿਸ਼ੇ ਮੰਨਿਆਂ ਜਾਂਦਾ ਹੈ। ਇਹਨਾਂ ਕੁਝ ਵਰਣਿਤ ਹੋਣ 'ਤੇ ਵੀ ਰਸ ਦੇ ਆਨੰਦ ਨੂੰ ਬ੍ਰਹਮ -ਪ੍ਰਾਪਤੀ ਵਰਗਾ ਆਨੰਦ ਨਹੀਂ ਕਿਹਾ ਜਾ ਸਕਦਾ ਹੈ ਕਿਉਂਕਿ ਬ੍ਰਹਮ -ਪ੍ਰਾਪਤੀ ਦਾ ਆਨੰਦ ਹਮੇਸ਼ਾ ਰਹਿਣ ਵਾਲਾ ਹੁੰਦਾ ਹੈ ਜਦੋਂ ਕਿ ਕਾਵਿ 'ਚ ਰਹਿਣ ਵਾਲੇ ਰਸ ਦਾ ਆਨੰਦ ਅਸਥਾਯੀ ਹੈ(ਕਾਵਿ ਆਦਿ ਰਚਨਾ ਪੜ੍ਹਨ ਤੋਂ ਬਾਅਦ ਇਹ ਆਨੰਦ ਲੁਪਤ ਹੋ ਜਾਂਦਾ ਹੈ)। ਦੂਜਾ, ਬ੍ਰਹਮ -ਪ੍ਰਾਪਤੀ ਦੇ ਆਨੰਦ ਦੀ ਅਨੁਭੂਤੀ ਵੇਲੇ ਲੌਕਿਕ ਸਾਰੇ ਵਿਸ਼ੇ ਗਾਯਬ ਹੋ ਜਾਂਦੇ ਹਨ ਜਦੋਂ ਕਿ ਸਾਹਿਤਕ ਰਸ ਦਾ ਆਨੰਦ ਲੌਕਿਕ ਵਿਸ਼ੇ ਤੋਂ ਰਹਿਤ ਨਹੀਂ ਹੋ ਪਾਉਂਦਾ ਹੈ। ਅਸਲ 'ਚ, ਕਾਵਿ ਦੇ ਰਸ ਦਾ ਸੁਆਦ (ਅਨੇਕ ਤੱਤਾਂ ਨਾਲ ਬਣੇ ) ਕਾਂਜੀ ਦੇ ਸੁਆਦ ਵਰਗਾ ਹੁੰਦਾ ਹੈ ਜਿਸਨੂੰ ਜਦੋਂ ਤੱਕ ਪੀਓ ਉਹ ਸੁਆਦ ਦੇਂਦਾ ਰਹਿੰਦਾ ਹੈ ਅਤੇ ਪੀਣਾ ਬੰਦ ਕਰ ਦੇਣ 'ਤੇ ਲੁਪਤ ਹੋ ਜਾਂਦਾ ਹੈ। ਇਸ ਲੲੀ ਰਸ ਕਾਵਿ ਦਾ ਉਹ ਸੁਆਦ ਹੈ ਜਿਹੜਾ ਕਿ ਆਨੰਦ ਤੋਂ ਭਰਪੂਰ ਹੁੰਦਾ ਹੈ।
(ਕ) ਲੋਕੋੱਤਰਚਮਤਕਾਰਪ੍ਰਾਣ :-
ਕਾਵਿਤਾ ਰਸ ਦਾ ਆਨੰਦ ਲੋਕੋੱਤਰ (ਅਲੌਕਿਕ) ਚਮਤਕਾਰ (ਕਾਵਿ-ਸੌਂਦਰਯ) ਦੀ ਅਨੁਭੂਤੀ ਕਰਾਉਣ ਵਾਲਾ ਹੈ ਇਹ ਰਸ ਲੌਕਿਕ ਵਸਤੂ ਜਾਂ ਪਦਾਰਥ ਤੋਂ ਬਿਲਕੁਲ ਵੱਖਰਾ ਹੈੱ। ਕਿਹਾ ਜਾ ਸਕਦਾ ਹੈ ਕਿ ਆਚਾਰੀਆ ਵਿਸ਼ਵਨਾਥ ਦੀਆਂ ਉਕਤ ਛੇ ਵਿਸ਼ੇਸ਼ਤਾਵਾਂ ਰਾਹੀਂ ਕਾਵਿਗਤ ਰਸ ਦਾ ਸਰੂਪ ਸਪੱਸ਼ਟ ਹੋ ਜਾਂਦਾ ਹੈ ਜਿਸਦਾ ਸਮਰਥਨ ਬਾਅਦ ਦੇ ਸਾਰੇ ਆਚਾਰੀਆਂ ਅਤੇ ਕਾਵਿ-ਸ਼ਾਸਤਰ ਦੇ ਆਲੋਚਕਾਂ ਨੇ ਕੀਤਾ ਹੈ।
ਹਵਾਲਾ:-
ਪੁਸਤਕ (ਭਾਰਤੀ ਕਾਵਿ ਸ਼ਾਸਤਰ) ਲੇਖਕ (ਸ਼ੁਕਦੇਵ ਸ਼ਰਮਾ)