ਸਿੰਘ ਸਭਾ ਲਹਿਰ ਦੇ ਕੁੱਝ ਵਿਸ਼ੇਸ਼ ਪੱਖ - ਜਤਿੰਦਰ ਪੂਨੀਆਂ

ਪੰਜਾਬ ਦੇ ਧਾਰਮਿਕ ਅਤੇ ਸਮਾਜ ਸੁਧਾਰਕ ਅੰਦੋਲਨਾਂ ਵਿਚੋਂ ਸਿੰਘ ਸਭਾ ਅੰਦੋਲਨ ਇਕ ਮੱਹਤਵਪੂਰਣ ਅੰਦੋਲਨ ਸੀ। ਇਸ ਅੰਦੋਲਨ ਦੀ ਇਕ ਮੁੱਖ਼ ਵਿਸ਼ੇਸ਼ਤਾ ਇਹ ਸੀ ਕਿ ਇਸਦਾ ਸੰਗਠਨ ਲੋਕਤੰਤਰੀ ਸਿਧਾਂਤ ਅਨੁਸਾਰ ਕੀਤਾ ਗਿਆ ਸੀ। ਸਿੰਘ ਸਭਾ ਲਹਿਰ ਦੀ ਨੀਂਹ 1873 ਈ: ਵਿੱਚ (ਗੁਰੁ ਕੇ ਬਾਗ) ਅਮ੍ਰਿੰਤਸਰ ਵਿਖੇ ਰੱਖੀ ਗਈ ਸੀ। ਇਸ ਲਹਿਰ ਨੇ ਸਿੱਖਾਂ ਵਿੱਚ ਇਕ ਨਵਾਂ ਉਤਸ਼ਾਹ ਪੈਦਾ ਕੀਤਾ। ਇਸ ਲਈ ਇਸਨੂੰ ਸਿੱਖ ਇਤਿਹਾਸ ਵਿੱਚ ਇਕ ਮੱਹਤਵਪੂਰਣ ਮੋੜ ਮੰਨਿਆ ਜਾਂਦਾ ਹੈ।

ਲਹਿਰ ਦੀ ਉਤਪਤੀ ਦੇ ਕਾਰਨ

ਇਸ ਲਹਿਰ ਦੀ ਉਤਪਤੀ ਦੇ ਕਈ ਕਾਰਨ ਸਨ। 19ਵੀਂ ਸਦੀ ਵਿੱਚ ਸਿੱਖ ਤਰ੍ਹਾਂ-ਤਰ੍ਹਾਂ ਦੇ ਵਹਿਮਾਂ-ਭਰਮਾਂ ਤੇ ਵਿਸ਼ਵਾਸ ਕਰਨ ਲੱਗ ਪਏ ਸਨ ਜਿਸ ਕਾਰਨ ਧਰਮ ਵਿੱਚ ਸੁਧਾਰ ਦੀ ਲੋੜ ਮਹਿਸੂਸ ਕੀਤੀ ਗਈ। ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਤੋਂ ਬਾਅਦ ਈਸਾਈ ਧਰਮ ਜ਼ੋਰ ਫੜਨ ਲੱਗਾ। ਬਹੁਤ ਸਾਰੇ ਸਿੱਖ ਵੀ ਇਸ ਧਰਮ ਦੇ ਪ੍ਰਭਾਵ ਹੇਠ ਆ ਗਏ। ਜਿਸ ਕਾਰਨ ਸਿੱਖ ਮੱਤ ਦੀ ਰੱਖਿਆ ਲਈ ਜਰੂਰੀ ਕਦਮ ਉਠਾਉਣ ਬਾਰੇ ਸੋਚਿਆ ਜਾਣ ਲੱਗਾ। ਅੰਗਰੇਜ਼ੀ ਹਕੂਮਤ ਨੇ ਪੰਡਿਤ ਸ਼ਰਧਾ ਰਾਮ ਫਿਲੌਰੀ ਨੂੰ ਸਿੱਖਾਂ ਦਾ ਇਤਿਹਾਸ ਲਿਖਣ ਦਾ ਕਾਰਜ ਸੌਂਪਿਆ। ਪੰਡਿਤ ਸ਼ਰਧਾ ਰਾਮ ਦੇ ਸਿੱਖ ਧਰਮ ਬਾਰੇ ਵਿਚਾਰ ਚੰਗੇ ਨਹੀਂ ਸਨ। ਉਸਨੇ ਕਈ ਭਾਸ਼ਾਂਵਾਂ ਵਿੱਚ ਸਿੱਖ ਗੁਰੂਆਂ ਅਤੇ ਸਿੱਖ ਗ੍ਰੰਥਾਂ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ। ਸਿੱਖ ਇਸਨੂੰ ਬਰਦਾਸ਼ਤ ਨਾ ਕਰ ਸਕੇ ਅਤੇ ਧਰਮ ਦੀ ਰੱਖਿਆ ਲਈ ਵਿਚਾਰ-ਵਟਾਂਦਰਾ ਕਰਨ ਲਈ ਅਮ੍ਰਿੰਤਸਰ ਵਿੱਚ ਕੁੱਝ ਪ੍ਰਸਿੱਧ ਮਾਣਯੋਗ ਸਿੱਖਾਂ ਨੇ ਮੀਟਿੰਗ ਕੀਤੀ। ਇੱਥੇ ਹੀ ਸਿੰਘ ਸਭਾ ਦੀ ਸਥਾਪਨਾ ਦਾ ਫੈਸਲਾ ਹੋਇਆ।

ਮੁੱਢ ਕਿੱਥੋਂ ਬੱਝਾ ?

ਸਿੰਘ ਸਭਾ ਲਹਿਰ ਦਾ ਜਨਮ ਅਸਲ ਵਿੱਚ ਜੁਲਾਈ 1873 ਵਿੱਚ ਹੀ ਬੱਝ ਗਿਆ ਸੀ। 1873 ਈ: ਦੇ ਆਰੰਭ ਵਿੱਚ ਅਮ੍ਰਿੰਤਸਰ ਮਿਸ਼ਨ ਦੇ ਚਾਰ ਸਿੱਖ ਵਿਦਿਆਰਥੀ ਅਤਰ ਸਿੰਘ, ਸੰਤੋਖ ਸਿੰਘ, ਸਾਧੂ ਸਿੰਘ ਅਤੇ ਆਇਆ ਸਿੰਘ ਨੇ ਈਸਾਈ ਮੱਤ ਦੇ ਪ੍ਰਭਾਵ ਹੇਠ ਈਸਾਈ ਬਣਨ ਦੀ ਇੱਛਾ ਜ਼ਾਹਿਰ ਕੀਤੀ। ਜਦ ਸਿੱਖਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬਹੁਤ ਦੁਖੀ ਹੋਏ। ਵਕਤ ਸਿਰ ਪਤਾ ਲੱਗ ਜਾਣ ਕਾਰਨ ਮੁਖੀ ਸਿੱਖਾਂ ਨੇ ਉਨ੍ਹਾਂ ਵਿਦਿਆਰਥੀਆਂ ਨੂੰ ਬੜੀ ਮੁਸ਼ਕਲ ਨਾਲ ਸਮਝਾ ਬੁਝਾ ਕੇ ਈਸਾਈ ਬਣਨ ਤੋਂ ਰੋਕ ਲਿਆ। ਉਸ ਤੋਂ ਬਾਅਦ ਪੰਡਿਤ ਸ਼ਰਧਾ ਰਾਮ ਫਿਲੌਰੀ ਨੇ ਸਿੱਖ ਧਰਮ ਵਿਰੋਧੀ ਭਾਸ਼ਣ ਦੇ ਕੇ ਜ਼ਖਮਾਂ ਤੇ ਲੁਣ ਛਿੜਕਣ ਦਾ ਕੰਮ ਕੀਤਾ। ਉਹਨਾਂ ਦਾ ਪ੍ਰਚਾਰ ਜ਼ੋਰ ਫੜ ਗਿਆ। ਇਸ ਤੇ ਕੁੱਝ ਸਿੰਘਾਂ ਰਲ਼ ਪੰਡਿਤ ਜੀ ਦੇ ਨਾਸਤਕ ਮਤੇ ਤੇ ਗੁਰਮਤਿ ਨਿੰਦਾ ਦੇ ਪ੍ਰਸ਼ਨਾਂ ਦੇ ਉਤਰ ਦੇਣੇ ਸ਼ੁਰੂ ਕੀਤੇ ਤਾਂ ਪੰਡਿਤ ਹੋਰੀਂ ਮੈਦਾਨ ਛੱਡ ਕੇ ਚੱਲਦੇ ਬਣੇ। ਇਹਨਾਂ ਸੱਜਣਾਂ ਦੇ ਉੱਦਮ, ਕੰਮ ਤੇ ਪ੍ਰੇਮ ਨਾਲ ਸੰਗਤ ਦੀ ਜਾਗ ਖੁੱਲ੍ਹੀ।

ਸਿੰਘ ਸਭਾ ਦੀ ਸਥਾਪਨਾ

ਸਿੰਘ ਸਭਾ ਦੀ ਸਥਾਪਨਾ 1873 ਈ: ਵਿੱਚ ਅਮਿੰ੍ਰਤਸਰ ਵਿਖੇ ਹੋਈ। 1 ਅਕਤੂਬਰ 1873 ਈ: ਵਿੱਚ ਦੁਸਹਿਰੇ ਦੇ ਦਿਨ ਮੰਜੀ ਸਾਹਿਬ ਨਾਮੀ ਅਸਥਾਨ ਤੇ ਸਿੰਘ ਸਭਾ ਦੇ ਉਦਘਾਟਨ ਲਈ ਇੱਕ ਸਭਾ ਬੁਲਾਈ ਗਈ। ਇਸ ਵਿੱਚ ਸਿੱਖ ਪੁਜਾਰੀਆਂ, ਗ੍ਰੰਥੀਆਂ, ਗਿਆਨੀਆਂ, ਮਹੰਤਾਂ ਅਤੇ ਕੁੱਝ ਮੰਨੇ-ਪ੍ਰਮੰਨੇ ਸਰਦਾਰਾਂ ਨੇ ਭਾਗ ਲਿਆ।

ਨਿਯਮ

ਕੁੱਝ ਬਹਿਸ ਮਗਰੋਂ ਸਿੰਘ ਸਭਾ ਦੇ ਕੰਮ ਕਾਜ ਨੂੰ ਠੀਕ ਢੰਗ ਨਾਲ ਚਲਾਉਣ ਲਈ ਨਿਯਮ ਬਣਾਏ ਗਏ। ਸੂਬੇ ਦੇ ਸਾਰੇ ਭਾਗਾਂ ਵਿੱਚੋਂ ਸਿੰਘ ਸਭਾ ਦੇ ਮੈਂਬਰ ਬਣ ਸਕਦੇ ਸਨ। ਉਸਨੂੰ ਸਭਾ ਵੱਲ੍ਹ ਵਫ਼ਾਦਾਰ ਹੋਣ ਅਤੇ ਸਿੱਖ ਸੰਪਰਦਾ ਦੀ ਸੇਵਾ ਕਰਨ ਦੀ ਸਹੁੰ ਵੀ ਖਾਣੀਂ ਪੈਂਦੀ ਸੀ। ਹਰ ਮੈਂਬਰ ਲਈ ਜ਼ਰੂਰੀ ਸੀ ਕਿ ਉਹ ਸਿੱਖ ਮੱਤ ਅਤੇ ਗੁਰੂਆਂ ਦੇ ਉਪਦੇਸ਼ਾਂ ਤੇ ਵਿਸ਼ਵਾਸ਼ ਰੱਖਦਾ ਹੋਵੇ। ਉਸਨੂੰ ਹਰ ਮਹੀਨੇ ਕੁੱਝ ਚੰਦਾ ਵੀ ਦੇਣਾ ਪੈਂਦਾ ਸੀ। ਸ਼ੁਰੂ ਵਿੱਚ ਅਮਿੰਤਸਰ ਸਿੰਘ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ 95 ਸੀ ਜੋ ਬਾਅਦ ਵੱਧਦੀ ਗਈ। ਇਸ ਤੋਂ ਇਲਾਵਾ ਨਿਯਮ ਇਹ ਸਨ:

1 ਸਿੱਖ ਧਰਮ ਦੇ ਨਿਯਮਾਂ ਨੂੰ ਪ੍ਰਗਟ ਕਰਨਾ 'ਤੇ ਥਾਂ-ਥਾਂ 'ਤੇ ਇਸ ਸ਼੍ਰੇਸ਼ਟ ਧਰਮ ਦਾ ਪ੍ਰਚਾਰ ਕਰਨਾ।

2 ਜਿਨ੍ਹਾਂ ਪੋਥੀਆਂ ਕਿਤਾਬਾਂ ਵਿੱਚ ਇਸ ਧਰਮ ਦੀ ਵਡਿਆਈ ਪਾਈ ਜਾਂਦੀ ਹੈ ਉਨ੍ਹਾਂ ਨੂੰ ਛਪਵਾ ਕੇ ਪ੍ਰਗਟ ਕਰਨਾ।

3 ਸੰਪ੍ਰਦਾਇ ਬਾਣੀ ਨੂੰ ਪ੍ਰਗਟ ਕਰਨਾ ਅਤੇ ਉਨ੍ਹਾਂ ਤਰੀਖਾਂ ਤੇ ਮਜ਼ਹਬੀ ਪੋਥੀਆਂ ਨੂੰ ਜਿਵੇਂ ਜਨਮ ਸਾਖੀ ਅਤੇ ਗੁਰੁ ਪ੍ਰਣਾਲੀ ਆਦਿ ਜਿਨ੍ਹਾਂ ਵਿੱਚ ਕਿਸੇ ਤਰ੍ਹਾਂ ਦਾ ਕੁੱਝ ਸੰਸਾ ਹੈ ਅਸਲੋਂ ਕਢਾ ਕੇ ਅੱਗਾ ਪਿੱਛਾ ਵੇਖ ਕੇ ਸ਼ੁੱਧ ਕਰਨਾ।

4 ਕਿਸੇ ਦੂਜੇ ਮਤ ਦੇ ਵਿਰੁੱਧ ਕਹਿਣਾ, ਬੋਲਣਾ ਅਥਵਾ ਲਿਖਣਾਂ ਸ੍ਰੀ ਗੁਰੁ ਸਿੰਘ ਸਭਾ ਦਾ ਕੰਮ ਨਹੀਂ।

5 ਸ੍ਰੀ ਗੁਰੁ ਸਿੰਘ ਸਭਾ ਵਿੱਚ ਕੋਈ ਗੱਲ ਸਰਕਾਰ ਦੇ ਵਿਰੁੱਧ ਨਹੀਂ ਕੀਤੀ ਜਾਵੇਗੀ।

6 ਪੰਜਾਬੀ ਜ਼ੁਬਾਨ ਦੁਆਰਾ ਇਲਮ ਮੁਰਵਜ਼ ਦੀ ਉਨੱਤੀ ਕਰਨੀ ਅਤੇ ਇਸ ਉਦੇਸ਼ ਨਾਲ ਅਖ਼ਬਾਰਾਂ ਤੇ ਰਸਾਲੇ ਕੱਢਣੇ।

7 ਜੋ ਧਰਮ ਸਿੱਖ ਧਰਮ ਦੇ ਵਿਰੋਧੀ ਹਨ ਜਾਂ ਜਿਨ੍ਹਾਂ ਇਸ ਧਰਮ ਦੇ ਵਿਰੁੱਧ ਕਿਹਾ, ਸੁਣਿਆ ਜੋ ਲੋਕ ਸਿੱਖ ਤਖਤ ਤੋਂ ਖਾਰਿਜ ਹਨ ਜਾਂ ਜੋ ਲੋਕ ਸਰਕਾਰ ਦੇ ਵੱਧ ਨਜ਼ਦੀਕ ਹਨ, ਸਿੰਘ ਸਭਾ ਦੇ ਮੈਂਬਰ ਨਹੀਂ ਬਣ ਸਕਦੇ ਪਰ ਜਦ ਇਨ੍ਹਾਂ ਵਿੱਚੋਂ ਕੋਈ ਪਿਛਲੀ ਕੀਤੀ ਤੋਂ ਤਨਖ਼ਾਹ ਲੁਆਵੇ ਤੇ ਅੱਗੇ ਵਾਸਤੇ ਸਭਾ ਦੀ ਰਾਇ ਹੋ ਜਾਵੇ ਤਾਂ ਮਿਲ ਸਕਦੇ ਹਨ।

8 ਵੱਡੇ ਮਰਤਬੇ ਵਾਲੇ ਬਹਾਦਰ ਵਿਦਿਆ ਸ਼ਾਖ ਦੇ ਮੈਂਬਰ ਬਣ ਸਕਦੇ ਹਨ। ਜਦ ਪੱਕੀ ਤਰ੍ਹਾਂ ਮਾਲੂਮ ਹੋ ਜਾਵੇ ਕਿ ਕੁੱਝ ਲੋਕ ਜੋ ਹਰ ਧਰਮ ਨਾਲ ਸੰਬੰਧ ਰੱਖਦੇ ਹਨ ਉਹ ਸਿੱਖ ਧਰਮ ਤੇ ਪੰਜਾਬੀ ਜ਼ੁਬਾਨ ਦੇ ਖ਼ੈਰ ਖ਼ਵਾਹ ਹਨ, ਉਹ ਸਿੰਘ ਸਭਾ ਦੇ ਮੈਂਬਰ ਬਣ ਸਕਦੇ ਹਨ।

9 ਖ਼ੈਰ ਖ਼ਵਾਹੀ ਕੌਮ ਫਰਮਾਂਬਰਦਾਰੀ, ਸਰਕਾਰੀ ਸਿੱਖ ਧਰਮ ਨਾਲ ਪਿਆਰ ਅਤੇ ਤਰੱਕੀ ਕਰਨਾ ਆਦਿ।

ਇਹ ਨਿਯਮਾਵਲੀ ਸਿੰਘ ਸਭਾ ਲਹਿਰ ਦੇ ਅੰਤ ਤੱਕ ਚਲਦੀ ਰਹੀ।

ਉਦੇਸ਼

ਸਿੰਘ ਸਭਾ ਦੇ ਮੁੱਖ ਉਦੇਸ਼ ਇਹ ਸਨ:

1 ਸਿੱਖ ਧਰਮ ਦੀ ਪਵਿੱਤਰਤਾ ਨੂੰ ਮੁੜ ਸੁਰਜੀਤ ਕਰਨਾ।

2 ਸਿੱਖ ਧਰਮ ਅਤੇ ਇਤਿਹਾਸ ਸੰਬੰਧੀ ਪੁਸਤਕਾਂ ਲਿਖਾਉਣੀਆਂ ਅਤੇ ਪ੍ਰਕਾਸ਼ਿਤ ਕਰਵਾਉਣੀਆਂ।

3 ਸਿੱਖ ਧਰਮ ਛੱਡ ਦੇਣ ਵਾਲ਼ਿਆਂ ਨੂੰ ਇਸ ਧਰਮ ਵਿੱਚ ਵਾਪਿਸ ਲਿਆਉਣਾ।

4 ਪੰਜਾਬੀ ਭਾਸ਼ਾ ਵਿੱਚ ਗਿਆਨ ਦਾ ਪ੍ਰਚਾਰ ਕਰਨਾ ਅਤੇ ਪੰਜਾਬੀ ਭਾਸ਼ਾ ਵਿੱਚ ਸਮਾਚਾਰ ਪੱਤਰਾਂ ਅਤੇ ਪੱਤਰਕਾਵਾਂ ਜਾਰੀ ਕਰਨਾਂ।

5 ਉੱਚ ਵਰਗ ਦੇ ਲੋਕਾਂ ਨੂੰ (ਅੰਗਰੇਜ਼ਾਂ ਨੂੰ) ਸਿੱਖਾਂ ਦੇ ਸਿੱਖਿਆ ਸੰਬੰਧੀ ਪ੍ਰੋਗਰਾਮਾਂ ਤੋਂ ਜਾਣੂੰ ਕਰਵਾਉਣਾ ਅਤੇ ਉਨ੍ਹਾਂ ਦਾ ਸਹਿਯੋਗ ਪ੍ਰਾਪਤ ਕਰਨਾ।

ਸਿੰਘ ਸਭਾ ਲਹਿਰ ਕਮੇਟੀ

ਸਿੰਘ ਸਭਾ ਦੀ ਕਾਰਜ ਪਾਲਿਕਾ ਕਮੇਟੀ ਹੁੰਦੀ ਸੀ। ਇਸ ਕਮੇਟੀ ਵਿੱਚ ਇਕ ਪ੍ਰਧਾਨ, ਸਕੱਤਰ ਅਤੇ ਕੁੱਝ ਹੋਰ ਮੈਂਬਰ ਹੁੰਦੇ ਸਨ। ਕੁੱਝ ਦੇਰ ਬਾਅਦ ਪ੍ਰਧਾਨ ਅਤੇ ਸਕੱਤਰ ਦੇ ਇਲਾਵਾ ਮੀਤ ਪ੍ਰਧਾਨ, ਸਹਾਇਕ ਸਕੱਤਰ, ਗਿਆਨੀ ਉਪਦੇਸ਼ਕ ਖਜ਼ਾਨਚੀ ਅਤੇ ਲਾਇਬ੍ਰੇਰੀਅਨ ਨੂੰ ਵੀ ਕਾਰਜ ਪਾਲਿਕਾ ਦੇ ਅਹੁਦੇਦਾਰਾਂ ਦੇ ਰੂਪ ਵਿੱਚ ਚੁਣਿਆ ਜਾਣ ਲੱਗਾ। ਅੰਮ੍ਰਿਤਸਰ ਵਿੱਚ ਸਿੰਘ ਸਭਾ ਦੇ ਪ੍ਰਧਾਨ ਸ: ਠਾਕਰ ਸਿੰਘ ਸੰਧਾਵਾਲੀਆ ਅਤੇ ਪਹਿਲੇ ਸਕੱਤਰ ਗਿਆਨੀ ਗਿਆਨ ਸਿੰਘ ਸਨ।

ਵਿਕਾਸ

ਅੰਮ੍ਰਿਤਸਰ ਸਿੰਘ ਸਭਾ ਦੀ ਸਥਾਪਨਾ ਤੋਂ ਬਾਅਦ ਇਸਦੀ ਸਫ਼ਲਤਾ ਤੋਂ ਉਤਸ਼ਾਹਿਤ ਹੁੰਦੇ ਹੋਏ ਸਿੱਖਾਂ ਨੇ ਹੌਲੀ-ਹੌਲੀ ਪੰਜਾਬ ਦੇ ਵੱਖ-ਵੱਖ ਭਾਗਾਂ ਵਿੱਚ ਬਹੁਤ ਸਾਰੀਆਂ ਸਿੰਘ ਸਭਾਵਾਂ ਸਥਾਪਿਤ ਕਰ ਦਿੱਤਿਆਂ। ਲਾਹੌਰ ਵਿਖੇ ਸਿੰਘ ਸਭਾ ਦੀ ਸਥਾਪਨਾ 1879 ਈ: ਵਿੱਚ ਹੋਈ, ਜਿਸਦਾ ਸਿਹਰਾ ਪ੍ਰੋ: ਭਾਈ ਗੁਰਮੁਖ ਸਿੰਘ ਦੇ ਸਿਰ ਹੈ।

ਭਾਈ ਗੁਰਮੁਖ ਸਿੰਘ ਹੋਰਾਂ ਦਾ ਜਨਮ 1849 ਈ: ਨੂੰ ਗਰੀਬ ਮਾਪਿਆਂ ਦੇ ਘਰ ਕਪੂਰਥਲਾ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਬਸਾਵਾ ਸਿੰਘ ਕਪੂਰਥਲਾ ਦੇ ਰਾਜਾ ਨਿਹਾਲ ਸਿੰਘ ਦੇ ਲਾਂਗਰੀ ਸਨ। ਰਾਜਾ ਨਿਹਾਲ ਸਿੰਘ ਦੀ ਮੌਤ ਪਿਛੋਂ ਬਸਾਵਾ ਸਿੰਘ ਨੇ ਕੰਵਰ ਬਿਕਰਮਜੀਤ ਸਿੰਘ ਦੇ ਘਰ ਨੌਕਰੀ ਕਰ ਲਈ। ਕੰਵਰ ਨੇ ਹੀ ਬਾਲਕ ਗੁਰਮੁਖ ਦੀ ਵਿੱਦਿਆ ਦਾ ਉਚਿੱਤ ਪ੍ਰਬੰਧ ਕੀਤਾ । ਵੱਡਾ ਹੋਣ ਤੇ ਗੁਰਮੁਖ ਸਿੰਘ ਨੇ ਸਿੱਖ ਧਰਮ ਵਿੱਚ ਸੁਧਾਰ ਕਰਨ ਦੇ ਯਤਨ ਆਰੰਭ ਕਰ ਦਿੱਤੇ। ਉਨ੍ਹਾਂ ਦੇ ਯਤਨਾਂ ਸਦਕਾ ਹੀ ਲਾਹੌਰ ਓਰੀਐਂਟਲ ਕਾਲਜ ਵਿੱਚ ਪੰਜਾਬੀ ਭਾਸ਼ਾ ਵਿਸ਼ੇ ਦੇ ਰੂਪ ਵਿੱਚ ਚਾਲੂ ਕੀਤੀ ਗਈ ਅਤੇ ਉਹ ਆਪ ਪੰਜਾਬੀ ਭਾਸ਼ਾ ਦੇ ਅਧਿਆਪਕ ਨਿਯੁਕਤ ਹੋਏ। ਉਨ੍ਹਾਂ ਨੇ ਅਮਿੰ੍ਰਤਸਰ ਅਤੇ ਕੰਵਰ ਬਿਕਰਮਜੀਤ ਸਿੰਘ ਦੀ ਵਡਮੁੱਲੀ ਸਹਾਇਤਾ ਕੀਤੀ। 1879 ਈ: ਵਿੱਚ ਉਨ੍ਹਾਂ ਨੇ ਆਪਣੀ ਹੀ ਅਗ਼ਵਾਈ ਅਧੀਨ ਲਾਹੌਰ ਸਿੰਘ ਸਭਾ ਦੀ ਸਥਾਪਨਾ ਕੀਤੀ। ਪੰਜਾਬ ਲੈਫਟੀਨੈਂਟ ਗਵਰਨਰ ਸਰ ਰਾਬਰਟ ਐਗਰਟਨ ਨੂੰ ਇਸ ਸਭਾ ਦਾ ਸਰਪ੍ਰਸਤ ਬਣਾਇਆ ਗਿਆ। 1880 ਈ: ਵਿੱਚ ਗੁਰਮੁਖ ਸਿੰਘ ਨੇ ਗੁਰਮੁਖੀ ਅਖ਼ਬਾਰ ਵਿਦਿਆਚਾਰਕ ਪੰਜਾਬ 1880 ਈ: ਰਸਾਲਾ ਸੁਧਾਰਕ 1886 ਈ: ਅਤੇ ਖਾਲਸਾ ਗ਼ਜ਼ਟ 1886 ਈ: ਪ੍ਰਕਾਸ਼ਿਤ ਕਰਕੇ ਆਰੰਭ ਕੀਤੇ। ਇਸ ਤੋਂ ਬਿਨਾਂ ਇਕ ਹੋਰ ਪੱਤਰ 1895 ਈ: ਵਿੱਚ ਸਿੰਘ ਸਭਾ ਲਾਹੌਰ ਵਲੋਂ ਕੱਢਿਆ ਗਿਆ।

ਇਸ ਤੋਂ ਬਿਨਾ ਉਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਭਾਗਾਂ ਦੀ ਯਾਤਰਾ ਕੀਤੀ। ਉਨ੍ਹਾਂ ਦੇ ਯਤਨਾਂ ਦੇ ਸਿੱਟੇ ਵਜੋਂ ਪ੍ਰਾਂਤ ਦੇ ਬਹੁਤ ਸਾਰੇ ਨਗਰਾਂ ਅਤੇ ਸਿੱਖ ਮਤ ਦੇ ਕੇਂਦਰੀ ਅਸਥਾਨਾਂ ਵਿਖੇ ਸਿੰਘ ਸਭਾਵਾਂ ਕਾਇਮ ਹੋ ਗਈਆਂ। ਕੁੱਝ ਹੀ ਵਰ੍ਹਿਆਂ ਬਾਅਦ ਸਿੰਘ ਸਭਾਵਾਂ ਦੀ ਗਿਣਤੀ 36-37 ਤੱਕ ਪੁੱਜ ਗਈ। ਅਮ੍ਰਿੰਤਸਰ ਸਿੰਘ ਸਭਾ ਅਤੇ ਲਾਹੌਰ ਸਿੰਘ ਸਭਾ ਦੀ ਆਪਸੀ ਫੁੱਟ ਕਾਰਨ ਸਿੰਘ ਸਭਾ ਲਹਿਰ ਦੀ ਤਰੱਕੀ ਵਿੱਚ ਕੁੱਝ ਰੁਕਾਵਟ ਆ ਗਈ। 1902 ਈ: ਵਿੱਚ ਚੀਫ ਖਾਲਸਾ ਦੀਵਾਨ ਦੀ ਸਥਾਪਨਾ ਨਾਲ ਸਿੰਘ ਸਭਾਵਾਂ ਦੀ ਇਸ ਕੇਂਦਰੀ ਸੰਸਥਾ ਅਧੀਨ ਏਕਤਾ ਸਥਾਪਤ ਹੋ ਗਈ। ਅੰਤ ਸਿੰਘ ਸਭਾ ਲਹਿਰ ਦੇ ਵਿਕਾਸ ਕਈ ਮੁੜ ਰਾਹ ਖੁੱਲ੍ਹ ਗਿਆ। 1920 ਈ: ਤੱਕ ਸਿੰਘ ਸਭਾਵਾਂ ਦੀ ਗਿਣਤੀ 105 ਤੱਕ ਪੁੱਜ ਗਈ।

ਸਫਲਤਾਵਾਂ

ਸਮਾਜਿਕ ਖੇਤਰ ਵਿੱਚ: ਸਿੰਘ ਸਭਾ ਨੇ ਸਮਾਜਿਕ ਖੇਤਰ ਵਿੱਚ ਕਈ ਅਹਿਮ ਕੰਮ ਕੀਤੇ। ਇਸ ਅੰਦੋਲਨ ਦੇ ਪ੍ਰਚਾਰਕਾਂ ਨੇ ਛੂਆ-ਛਾਤ, ਜਾਤੀ ਪ੍ਰਥਾ ਅਤੇ ਦੂਜੀਆਂ ਬੁਰਾਈਆਂ ਦਾ ਖੰਡਨ ਕਰਕੇ ਸਮਾਜਿਕ ਏਕਤਾ ਦਾ ਪ੍ਰਚਾਰ ਕੀਤਾ। ਲਾਹੌਰ ਸਿੰਘ ਸਭਾ ਵਿੱਚ ਬਹੁਤ ਸਾਰੇ ਮੱਧ ਸ਼੍ਰੇਣੀ ਅਤੇ ਨੀਵੀਆਂ ਜਾਤੀਆਂ ਦੇ ਲੋਕ ਸ਼ਾਮਲ ਹੋਏ। ਅਮ੍ਰਿੰਤਸਰ ਸਿੰਘ ਸਭਾ ਹਰਮਨ ਪਿਆਰੀ ਸੰਸਥਾ ਨਾ ਬਣ ਸਕੀ ਅਤੇ ਲਾਹੌਰ ਸਿੰਘ ਸਭਾ ਦੀ ਲੋਕ ਪ੍ਰਿਅਤਾ ਵੱਧਦੀ ਗਈ। ਸਿੰਘ ਸਭਾ ਦੇ ਯਤਨਾਂ ਦੇ ਫਲਸਰੂਪ ਪੰਜਾਬ ਦੇ ਕਈ ਨਗਰਾਂ ਵਿੱਚ ਹਸਪਤਾਲ ਖੋਲ੍ਹੇ ਗਏ ਜਿੱਥੇ ਗਰੀਬ ਰੋਗੀਆਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਸੀ। ਪੰਥ ਦੇ ਯਤੀਮ ਬੱਚਿਆਂ ਦੇ ਪਾਲਣ-ਪੋਸ਼ਣ ਲਈ ਗੁਜਰਾਂਵਾਲਾ ਅਤੇ ਦੂਜੇ ਸ਼ਹਿਰਾਂ ਵਿੱਚ ਯਤੀਮਖਾਨੇ ਖੋਲ੍ਹੇ ਗਏ। ਅਮ੍ਰਿੰਤਸਰ ਵਿੱਚ ਸ: ਸੁੰਦਰ ਸਿੰਘ ਮਜੀਠੀਆ ਨੇ ਕੇਂਦਰੀ ਖਾਲਸਾ ਯਤੀਮਖਾਨਾ ਸਥਾਪਿਤ ਕੀਤਾ। ਪਿੱਛੋਂ ਅਮ੍ਰਿੰਤਸਰ ਵਿਖੇ ਇੱਕ ਅੱਧ ਆਸ਼ਰਮ ਵੀ ਖੋਲ੍ਹਿਆ ਗਿਆ। ਸ: ਸਾਧੂ ਸਿੰਘ ਨੇ ਅਮਿੰ੍ਰਤਸਰ ਵਿੱਚ ਲੜਕੀਆਂ ਲਈ ਖ਼ਾਲਸਾ ਦਸਤਕਾਰੀ ਸਕੂਲ ਦੀ ਸਥਾਪਨਾ ਕੀਤੀ।

ਧਾਰਮਿਕ ਖੇਤਰ: ਸਿੰਘ ਸਭਾ ਦੇ ਯਤਨਾਂ ਦੇ ਫਲਸਰੂਪ ਲੋਕ ਆਪਣੇ ਧਰਮ ਦੇ ਅਸਲੀ ਅਸੂਲਾਂ ਤੋਂ ਵਾਕਿਫ਼ ਹੋਏ। ਲੋਕ ਬ੍ਰਾਹਮਣ ਮਤ ਪ੍ਰਭਾਵ ਅਧੀਨ ਕਈ ਤਰ੍ਹਾਂ ਦੇ ਵਹਿਮਾਂ-ਭਰਮਾਂ ਅਤੇ ਝੂਠੇ ਰੀਤੀ ਰਿਵਾਜ਼ਾਂ ਵਿੱਚ ਯਕੀਨ ਕਰਨ ਲੱਗ ਪਏ ਸਨ। ਸਿੱਖ ਧਰਮ ਦੇ ਵਾਸਤਵਿਕ ਸਿਧਾਤਾਂ ਅਤੇ ਸਿੱਖ ਗੁਰੂਆਂ ਦੇ ਉਪਦੇਸ਼ਾਂ ਦਾ ਗਿਆਨ ਕਰਵਾਇਆ ਗਿਆ। ਆਰੰਭ ਵਿੱਚ ਪਿੰਡ ਦੇ ਲੋਕਾਂ ਨੇ ਸਿੰਘ ਸਭਾ ਲਹਿਰ ਦਾ ਵਿਰੋਧ ਕੀਤਾ ਕਿਉਂ ਕਿ ਉਹ ਇਸ ਦੇ ਅਸਲੀ ਵਿਚਾਰਾਂ ਨੂੰ ਸਮਝ ਨਹੀਂ ਸਕੇ ਸਨ। ਲੇਕਿਨ ਸਿੰਘ ਸਭਾ ਦੇ ਪ੍ਰਚਾਰਕਾਂ ਨੇ ਆਪਣੇਂ ਵਿਚਾਰਾਂ ਨੂੰ ਕਿਸਾਨਾਂ ਤੱਕ ਪੁਚਾਣ ਲਈ ਸਿੱਖ ਸੈਨਿਕਾਂ ਦੀ ਸਹਾਇਤਾ ਨਾਲ ਇੱਕ ਰੈਜੀਮੈਂਟ ਤੋਂ ਗਾਇਕਾਂ ਦੀ ਮੰਡਲੀ ਕਾਇਮ ਕੀਤੀ ਜੋ ਪਿੰਡਾ ਵਿੱਚ ਜਾ ਕੇ ਸਿੱਖ ਧਰਮ ਦਾ ਪ੍ਰਚਾਰ ਕਰਨ ਲੱਗੇ। ਇਸ ਤਰ੍ਹਾਂ ਹੌਲੀ-ਹੌਲੀ ਪਿੰਡਾਂ ਵਿੱਚ ਵੀ ਸਿੰਘ ਸਭਾ ਨੂੰ ਆਪਣੇਂ ਸਿਧਾਂਤਾਂ ਦਾ ਪ੍ਰਚਾਰ ਕਰਨ ਵਿੱਚ ਸਫਲਤਾ ਪ੍ਰਾਪਤ ਹੋਣ ਲੱਗੀ।

ਸਿੰਘ ਸਭਾ ਦੀ ਸਥਾਪਨਾ ਨਾਲ ਸਿੱਖ ਧਰਮ ਦੀ ਰੱਖਿਆ ਹੋਈ ਅਤੇ ਸਿੱਖਾਂ ਨੇ ਈਸਾਈ ਅਤੇ ਸਿੱਖਾਂ ਮਤਾਂ ਨੂੰ ਅਪਨਾਉਣਾਂ ਬੰਦ ਕਰ ਦਿੱਤਾ। ਇਸ ਅੰਦੋਲਨ ਤੋਂ ਪਹਿਲਾਂ ਈਸਾਈ ਪ੍ਰਚਾਰਕਾਂ ਅਤੇ ਮਿਸ਼ਨਰੀ ਸਕੂਲਾਂ ਦੀ ਸਿੱਖਿਆ ਦੇ ਪ੍ਰਭਾਵ ਹੇਠ ਸਿੱਖ ਧਰਮ ਛੱਡ ਕੇ ਸਿੱਖ ਲੋਕ ਈਸਾਈ ਧਰਮ ਵੱਲ੍ਹ ਖਿੱਚੇ ਜਾਣ ਲੱਗ ਪਏ ਸਨ। ਕਈਆਂ ਦਾ ਝੁਕਾਅ ਹਿੰਦੂ ਅਤੇ ਮੁਸਲਿਮ ਧਰਮਾਂ ਵੱਲ੍ਹ ਵੀ ਹੋਣ ਲੱਗਾ ਸੀ। ਸਿੰਘ ਸਭਾ ਦੇ ਪ੍ਰਚਾਰਕਾਂ ਨੇ ਬੜੇ ਜੋਸ਼ ਨਾਲ ਸਿੱਖ ਧਰਮ ਦਾ ਪ੍ਰਚਾਰ ਕੀਤਾ ਅਤੇ ਈਸਾਈ ਮਤ, ਹਿੰਦੂ ਮਤ ਤੇ ਮੁਸਲਿਮ ਮਤ ਦਾ ਖੰਡਨ ਕੀਤਾ। ਉਨ੍ਹਾਂ ਦੇ ਪ੍ਰਚਾਰ ਵਜੋਂ ਸਿੱਖ ਲੋਕਾਂ ਵਿੱਚ ਆਪਣੇਂ ਧਰਮ, ਗੁਰੂਆਂ ਅਤੇ ਗ੍ਰਥਾਂ ਲਈ ਵਿਸ਼ੇਸ਼ ਭਾਵਨਾਂਵਾਂ ਜਾਗ ਉੱਠੀਆਂ ਅਤੇ ਉਹ ਸਿੱਖ ਮਤ ਉੱਤੇ ਦ੍ਰਿੜਤਾ ਨਾਲ ਵਿਸ਼ਵਾਸ਼ ਰੱਖਣ ਲੱਗ ਪਏ। ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਸਿੱਖ ਪ੍ਰਚਾਰਕਾਂ ਨੂੰ ਵਿਸ਼ੇਸ਼ ਪ੍ਰਕਾਰ ਦੀ ਸਿਖਲਾਈ ਦਿੱਤੀ ਜਾਣ ਲੱਗ ਪਈ ਅਤੇ ਉਹ ਬੜੇ ਉਤਸ਼ਾਹ 'ਤੇ ਨਿਸ਼ਕਾਮ ਢੰਗ ਨਾਲ ਸਿੱਖ ਧਰਮ ਦਾ ਪ੍ਰਚਾਰ ਕਰਨ ਲੱਗੇ । ਪੰਜਾਬ ਅਤੇ ਦੂਜੇ ਪ੍ਰਾਤਾਂ ਵਿੱਚ ਥਾਂ-ਥਾਂ 'ਤੇ ਗੁਰਦੁਆਰੇ ਸਥਾਪਿਤ ਕੀਤੇ ਗਏ। ਇਸ ਦੇ ਸਿੱਟੇ ਵਜੋਂ ਸਿੱਖ ਧਰਮ ਸਾ ਅਦੁਭੁੱਤ ਵਿਕਾਸ ਹੋਇਆ।

ਸਿੱਖਿਆ ਦੇ ਖੇਤਰ ਵਿੱਚ: ਸਿੱਖਿਆ ਦਾ ਪ੍ਰਚਾਰ ਕਰਨਾ ਵੀ ਸਿੰਘ ਸਭਾ ਦੇ ਮੁੱਖ ਉਦੇਸ਼ਾਂ ਵਿੱਚੋਂ ਇਕ ਸੀ। ਖੁਸ਼ਕਿਸਮਤੀ ਨਾਲ ਜਲਦੀ ਨਾਲ ਹੀ ਸਿੰਘ ਸਭਾ ਵਿੱਚ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਸ਼ਾਮਲ ਹੋ ਗਏ ਸਨ ਅਤੇ ਉਨ੍ਹਾਂ ਦੇ ਯਤਨਾਂ ਸਦਕਾ ਨਾ ਕੇਵਲ ਪੰਜਾਬੀ ਭਾਸ਼ਾ ਦਾ ਪ੍ਰਚਾਰ ਹੋਇਆ ਸਗੋਂ ਸਿੱਖ ਵਿਦਿਆਰਥੀਆਂ ਨੂੰ ਧਰਮ ਅਨੁਸਾਰ ਸਿੱਖਿਆ ਦੇਣ ਲਈ ਥਾਂ-ਥਾਂ ਖਾਲਸਾ ਸਕੂਲ ਤੇ ਕਾਲਜ ਵੀ ਖੋਲ੍ਹੇ ਗਏ। ਜਿਵੇਂ ਕਿ 1877 ਈ: ਵਿੱਚ ਭਾਈ ਗੁਰਮੁਖ ਸਿੰਘ ਨੇ ਲਾਹੌਰ ਓਰੀਐਂਟਲ ਕਾਲਜ ਵਿੱਚ ਪੰਜਾਬੀ ਭਾਸ਼ਾ ਚਾਲੂ ਕਰਾਈ ਅਤੇ ਆਪ ਉਹ ਅਧਿਆਪਕ ਨਿਯੁਕਤ ਹੋਏ। ਬਾਬਾ ਖੇਮ ਸਿੰਘ ਬੇਦੀ ਨੇ ਗੁਰਮੁਖੀ ਸਕੂਲਾਂ ਦੀ ਸਥਾਪਨਾਂ ਦਾ ਕੰਮ ਆਰੰਭ ਕੀਤਾ। ਇਸ ਤੋਂ ਪਹਿਲਾਂ ਸਿੱਖ ਵਿਦਿਆਰਥੀ ਆਮ ਤੌਰ 'ਤੇ ਮੰਦਰਾਂ ਮਸੀਤਾਂ ਜਾਂ ਈਸਾਈ ਮਿਸ਼ਨਰੀ ਸਕੂਲਾਂ ਵਿੱਚ ਸਿਖਿਆ ਪ੍ਰਾਪਤ ਕਰਦੇ ਸਨ। ਪਰ ਇਹਨਾਂ ਸਕੂਲਾਂ ਵਿੱਚ ਆਪਣੇਂ ਧਰਮ ਦੇ ਸਿਧਾਂਤਾਂ ਅਨੁਸਾਰ ਪੰਜਾਬੀ ਭਾਸ਼ਾ ਵਿੱਚ ਸਿਖਿਆ ਪ੍ਰਾਪਤ ਕਰਨ ਲੱਗੇ ।

1892 ਈ: ਵਿੱਚ ਅਮ੍ਰਿੰਤਸਰ ਵਿਖੇ ਖਾਲਸਾ ਕਾਲਜ ਦੀ ਨੀਂਹ ਰੱਖੀ ਗਈ। ਹੌਲ਼ੀ-ਹੌਲ਼ੀ ਪੰਜਾਬ ਦੇ ਵੱਖ-ਵੱਖ ਭਾਗਾਂ ਵਿੱਚ ਖਾਲਸਾ ਸਕੂਲਾਂ ਅਤੇ ਕਾਲਜਾਂ ਦਾ ਜਾਲ ਵਿਛਾ ਦਿੱਤਾ ਗਿਆ । ਸਿੰਘ ਸਭਾ ਨੇ ਇਸਤਰੀ ਸਿੱਖਿਆ ਵੱਲ੍ਹ ਵੀ ਬਹੁਤ ਧਿਆਨ ਦਿੱਤਾ।

ਸਿੱਖ ਕੰਨਿਆ ਮਹਾਂਵਿਦਿਆਲਿਆ ਫ਼ਿਰੋਜ਼ਪੁਰ, ਖਾਲਸਾ ਭੁਜੰਗ ਸਕੂਲ ਕੇਰੋਂ ਅਤੇ ਵਿੱਸਿਆ ਭੰਡਾਰ ਭਸੌੜ ਕੰਨਿਆ ਵਿਦਿਆਲਿਆ ਸਨ ਜੋ ਸਭ ਤੋ ਪਹਿਲਾਂ ਸਿੰਘ ਸਭਾ ਦੇ ਪ੍ਰਭਾਵ ਵਿੱਚ ਸਥਾਪਿਤ ਹੋਏ। ਸਿੰਘ ਸਭਾ ਦੇ ਪ੍ਰਭਾਵ ਅਧੀਨ ਹੀ ਦੂਜੇ ਨਗਰਾਂ ਵਿੱਚ ਵੀ ਅਜਿਹੇ ਕਨਿੰਆ ਵਿਦਿਆਲੇ ਕਾਇਮ ਹੋਏ। ਸਿੰਘ ਸਭਾ ਦੇ ਯਤਨਾਂ ਨਾਲ ਹੀ ਪੰਜਾਬੀ ਪੁਸਤਕਾਂ ਛਾਪਣ ਜਾਂ ਛਪਵਾਉਣ ਦਾ ਕੰਮ ਵੀ ਜ਼ੋਰਾਂ ਨਾਲ ਆਰੰਭ ਹੋਇਆ । ਨਾਭੇ ਦੇ ਰਾਜਾ ਹੀਰਾ ਸਿੰਘ ਦੇ ਸਹਿਯੋਗ ਨਾਲ ਲਾਹੌਰ ਵਿੱਚ ਖਾਲਸਾ ਪ੍ਰਿਟਿੰਗ ਪ੍ਰੈਸ ਦੀ ਸਥਾਪਨਾ ਕੀਤੀ ਗਈ। ਛੇਤੀ ਪਿੱਛੋਂ ਲਾਹੌਰ ਅਤੇ ਅਮ੍ਰਿਤਸਰ ਵਿੱਚ ਕਈ ਹੋਰ ਪ੍ਰੈਸ ਖੋਲ੍ਹੇ ਗਏ। ਉਨ੍ਹਾਂ ਵਿੱਚ ਅਨੇਕਾਂ ਪੰਜਾਬੀ ਪੁਸਤਕਾਂ ਤੇ ਅਖ਼ਬਾਰ ਪ੍ਰਕਾਸ਼ਿਤ ਹੋਏ।

ਰਾਜਨੀਤਿਕ ਖ਼ੇਤਰ ਵਿੱਚ: ਭਾਵੇਂ ਸਿੰਘ ਸਭਾ ਬ੍ਰਿਟਿਸ਼ ਸਰਕਾਰ ਦਾ ਵਿਰੋਧ ਕਰਨ ਦੇ ਪੱਖ ਵਿੱਚ ਨਹੀਂ ਸੀ ਅਤੇ ਇਸ ਵਿੱਚ ਬਹੁਤ ਸਾਰੇ ਬ੍ਰਿਟਿਸ਼ ਕਰਮਚਾਰੀ ਵੀ ਸ਼ਾਮਿਲ ਕੀਤੇ ਗਏ ਸਨ ਪਰ ਫਿਰ ਵੀ ਇਸਨੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕੁੱਝ ਨਾ ਕੁੱਝ ਕੰਮ ਜ਼ਰੂਰ ਕੀਤਾ। ਸਿੰਘ ਸਭਾ ਦੇ ਪ੍ਰਚਾਰ ਦੇ ਫਲਸਰੂਪ ਸਿੱਖਾਂ ਦੀਆਂ ਭਾਵਨਾਂਵਾਂ ਜਾਗ ਉਠੀਆਂ ਅਤੇ ਹੌਲ਼ੀ-ਹੌਲ਼ੀ ਉਹ ਆਪਣੇ ਰਾਜਨੀਤਿਕ ਅਧਿਕਾਰਾਂ ਦੀ ਮੰਗ ਕਰਨ ਲੱਗੇ। ਉਸ ਸਮੇਂ ਜਦੋਂ ਕਿ ਅਕਾਲੀ ਦਲ ਦਾ ਜਨਮ ਨਹੀਂ ਹੋਇਆ ਸੀ, ਸਿੰਘ ਸਭਾ ਅਤੇ ਬਾਅਦ ਵਿੱਚ ਚੀਫ਼ ਖਾਲਸਾ ਦੀਵਾਨ ਸਿੱਖਾਂ ਦੀ ਇੱਕੋ ਇੱਕ ਸੰਸਥਾ ਸੀ ਜੋ 47-48 ਵਰ੍ਹਿਆਂ ਤੱਕ ਸਿੱਖਾਂ ਦੀ ਅਗਵਾਈ ਕਰਦੀ ਰਹੀ । ਬ੍ਰਿਟਿਸ਼ ਸਰਕਾਰ ਵੱਲ੍ਹ ਸਦਭਾਵਨਾ ਦਾ ਵਿਹਾਰ ਰੱਖਦੇ ਹੋਏ ਸ਼ਾਤੀਪੂਰਣ ਢੰਗ ਨਾਲ ਧਾਰਮਿਕ ਤੇ ਸਮਾਜਿਕ ਸੁਧਾਰਾਂ ਦਾ ਪ੍ਰਚਾਰ ਕਰਦੇ ਹੋਏ ਸਿੰਘ ਸਭਾ ਨੇ ਸਿੱਖਾਂ ਵਿੱਚ ਅਜਿਹੀਆਂ ਭਾਵਨਾਂਵਾਂ ਪੈਦਾ ਕਰ ਦਿੱਤੀਆਂ ਜਿਨ੍ਹਾਂ ਨੇ ਬਾਅਦ ਵਿੱਚ ਉਨ੍ਹਾਂ ਨੂੰ ਆਪਣੇਂ ਰਾਜਨੀਤਿਕ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਲਈ ਮਜਬੂਰ ਕਰ ਦਿੱਤਾ । ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਸਿੰਘ ਸਭਾ ਦੇ ਯਤਨਾਂ ਦੇ ਫ਼ਲਸਰੂਪ ਹੀ ਬਾਅਦ ਵਿੱਚ ਸਿੱਖਾਂ ਦੀ ਪ੍ਰਸਿੱਧ ਰਾਜਨੀਤਿਕ ਪਾਰਟੀ ਅਕਾਲੀ ਦਲ ਦਾ ਜਨਮ ਹੋਇਆ। ਇਸ ਪਾਰਟੀ ਨੇ ਸਿੱਖਾਂ ਦੇ ਅਧਿਕਾਰਾਂ ਨੂੰ ਪ੍ਰਾਪਤ ਕਰਨ ਲਈ ਘੋਰ ਸੰਘਰਸ਼ ਕੀਤਾ ।

ਸਿੰਘ ਸਭਾ ਨੇ ਪਟਿਆਲਾ, ਜੀਂਦ, ਨਾਭਾ, ਕਪੂਰਥਲਾ, ਫਰੀਦਕੋਟ ਰਿਆਸਤਾਂ ਦੇ ਸਿੱਖ ਹਾਕਮਾਂ ਦੇ ਅਧਿਕਾਰਾਂ ਦੀ ਰੱਖਿਆ ਦਾ ਪ੍ਰਚਾਰ ਕੀਤਾ । ਜਦ ਕਦੀ ਬ੍ਰਿਟਿਸ਼ ਸਰਕਾਰ ਉਨ੍ਹਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਦਿੰਦੀ ਸੀ ਤਾਂ ਸਿੱਖ ਸਮਾਚਾਰ ਪੱਤਰ ਅਜਿਹੀ ਨੀਤੀ ਦੀ ਨਿੰਦਿਆ ਕਰਦੇ ਹੋਏ ਬ੍ਰਿਟਿਸ਼ ਸਰਕਾਰ ਨੂੰ ਅਪੀਲ ਕਰਦੇ ਸਨ ਕਿ ਉਨ੍ਹਾਂ ਦੇ ਸੰਧੀ ਅਧਿਕਾਰਾਂ ਦਾ ਸਤਿਕਾਰ ਕੀਤਾ ਜਾਵੇ । ਇਹ ਵੀ ਨਹੀਂ ਭੁੱਲਣਾਂ ਚਾਹੀਦਾ ਕਿ ਕਈ ਸਿੱਖ ਹਾਕਮਾਂ ਵੀ ਸਿੰਘ ਸਭਾ ਦੇ ਕਾਰਜਾਂ ਵਿੱਚ ਮਹੱਤਵਪੂਰਣ ਹਿੱਸਾ ਪਾਇਆ ਸੀ।

Start a discussion with Gurtej

ਗੱਲਬਾਤ ਸ਼ੁਰੂ ਕਰੋ