ਵਿਕੀਪੀਡੀਆ:ਚੁਣਿਆ ਹੋਇਆ ਲੇਖ/18 ਮਈ
ਸਤਲੁਜ ਜਮੁਨਾ ਲਿੰਕ ਨਹਿਰ ਜਿਸ ਨੂੰ ਆਮ ਤੌਰ ਤੇ ਐਸ ਵਾਈ ਐਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਭਾਰਤ ਦੇ ਪੰਜਾਬ ਰਾਜ ਦੀ ਇੱਕ 214 ਕਿਲੋਮੀਟਰ ਲੰਮੀ ਤਜਵੀਜਤ ਨਹਿਰ ਹੈ ਜੋ ਸਤਲੁਜ ਅਤੇ ਜਮੁਨਾ ਦਰਿਆਂਵਾਂ ਨੂੰ ਜੋੜਨ ਲਈ ਪ੍ਰਸਤਾਵਿਤ ਹੈ। ਹਾਲਾਂਕਿ ਇਸਨੂੰ ਪੂਰਾ ਕਰਨ ਦੀ ਤਜਵੀਜ਼ ਸਿਰੇ ਨਹੀਂ ਲੱਗ ਸਕੀ ਅਤੇ ਅਤੇ ਇਸ ਬਾਰੇ ਭਾਰਤੀ ਸੁਪਰੀਮ ਕੋਰਟ ਵਿੱਚ ਕੇਸ ਚੱਲ ਪਿਆ ਸੀ। 1966 ਵਿੱਚ ਪੰਜਾਬੀ ਸੂਬਾ ਬਨਣ ਤੋਂ ਬਾਦ ਪੰਜਾਬ ਰਾਜ ਕੋਲ 105 ਲੱਖ ਏਕੜ ਰਕਬਾ ਬਚਿਆ। ਇਸ ਵਿੱਚ ਵਾਹੀ ਜੋਗ ਜ਼ਮੀਨ ਲਈ ਖੇਤੀ ਮਾਹਰਾਂ ਮੁਤਾਬਕ ਲਗਭਗ 52.5 ਮਿਲੀਅਨ ਏਕੜ ਫੁੱਟ (MAF) ਪਾਣੀ ਦੀ ਲੋੜ ਹੈ। ਵੰਡ ਸਮੇਂ ਪੰਜਾਬ ਦੇ ਦਰਿਆਵਾਂ ਕੋਲ 32.5 ਮਿਲੀਅਨ ਏਕੜ ਫੁੱਟ ਪਾਣੀ ਸੀ। ਬਾਕੀ ਰਹਿੰਦੇ 22 ਮਿਲੀਅਨ ਏਕੜ ਫੁੱਟ ਵਿਚੋਂ ਕੇਂਦਰੀ ਵੰਡ ਦੀਆਂ ਏਜੰਸੀਆਂ ਨੇ ਪੰਜਾਬ ਨੂੰ ਕੇਵਲ 5 ਮਿਲੀਅਨ ਏਕੜ ਫੁੱਟ ਨਿਰਧਾਰਿਤ ਕੀਤਾ ਹੈ। ਬਾਕੀ ਦਾ ਪਾਣੀ ਨਾਨ ਰਿਪੇਰੀਅਨ ਪ੍ਰਾਂਤ ਰਾਜਸਥਾਨ, ਹਰਿਆਣਾ, ਦਿੱਲੀ ਆਦਿ ਨੂੰ ਅਲਾਟਮੈਂਟ ਕੀਤਾ ਗਿਆ ਹੈ, ਜੋ ਕਿ ਜਮੁਨਾ ਦੇ ਬੇਸਿਨ ਜਾਂ ਰਾਜਸਥਾਨ ਦੇ ਮਾਰੂਥਲ ਵਿੱਚ ਵਰਤਿਆ ਜਾਣਾ ਹੈ। ਸਿੰਚਾਈ ਤੇ ਬਿਜਲੀ ਉਤਪਾਦਨ ਰਾਜ ਸਰਕਾਰਾਂ ਦੇ ਅਧਿਕਾਰ ਅਧੀਨ ਆਂਉਦਾ ਹੈ। ਭਾਰਤੀ ਸੰਵਿਧਾਨ ਦੇ ਆਰਟੀਕਲ 162 ਤੇ 246 (3) ਰਾਜਾਂ ਨੂੰ ਸਿੰਚਾਈ ਤੇ ਬਿਜਲੀ ਉਤਪਾਦਨ ਸੰਬੰਧੀ ਕਨੂੰਨ ਬਨਾਉਣ ਦੇ ਪੂਰਨ ਅਧਿਕਾਰ ਦੇਂਦੇ ਹਨ। ਪੰਜਾਬ ਰਾਜ ਪੁਨਰ ਗਠਨ ਸੈਕਟਰ ਵਿੱਚ ਆਰਟੀਕਲ 78, 79, 80 ਐਸੇ ਆਰਟੀਕਲ ਹਨ ਜੋ ਮੁੱਖ ਤੌਰ ਤੇ ਇਹ ਅਧਿਕਾਰ ਕੇਂਦਰ ਵੱਲ ਪਰਿਵਰਤਿਤ ਕਰ ਦੇਂਦੇ ਹਨ। ਪੂਰੇ ਭਾਰਤ ਵਿੱਚ ਪੰਜਾਬ ਹੀ ਇੱਕ ਅਜਿਹਾ ਰਾਜ ਹੈ ਜਿਸ ਦੇ ਅਧਿਕਾਰ ਇਸ ਤਰਾਂ ਪਰਿਵਰਤਿਤ ਕੀਤੇ ਗਏ ਹਨ।1966 ਤੋਂ ਹੀ ਪੰਜਾਬ ਰਾਜ ਦਾ ਇਹ ਮੁੱਦਾ ਰਿਹਾ ਹੈ ਕਿ ਆਰਟੀਕਲ 78 ਤੋਂ 80 ਸੁਧਾਰੇ ਜਾਣ ਤਾਂ ਜੋ ਰਾਜ ਦੇ ਇਸ ਸੰਬੰਧੀ ਅਧਿਕਾਰ ਦੁਬਾਰਾ ਸਥਾਪਿਤ ਕੀਤੇ ਜਾਣ।